Home rss national punjabi2ਰਾਸ਼ਟਰੀ ਖ਼ਬਰਾਂ ਐੱਫਬੀਆਈ ਦੇ ਸਾਰੇ ਏਜੰਟਾਂ ਦੀ ਜਾਣਕਾਰੀ ਚੋਰੀ ਕਰਨ ਦਾ ਹੈਕਰਾਂ ਨੇ ਕੀਤਾ...

ਐੱਫਬੀਆਈ ਦੇ ਸਾਰੇ ਏਜੰਟਾਂ ਦੀ ਜਾਣਕਾਰੀ ਚੋਰੀ ਕਰਨ ਦਾ ਹੈਕਰਾਂ ਨੇ ਕੀਤਾ ਦਾਅਵਾ, ਜਾਂਚ ਸ਼ੁਰੂ

4
0

Source :- BBC PUNJABI

ਐੱਫਬੀਆਈ

ਅਮਰੀਕੀ ਜਾਂਚ ਏਜੰਸੀ ਐੱਫਬੀਆਈ ਉਸ ਦੇ ਏਜੰਟਾਂ ਦੀ ਨਿੱਜੀ ਜਾਣਕਾਰੀ ਚੋਰੀ ਕਰਨ ਦੇ ਦਾਅਵੇ ਦੀ ਜਾਂਚ ਕਰ ਰਹੀ ਹੈ।

ਦਰਅਸਲ, ਇੱਕ ਸਾਈਬਰ ਅਪਰਾਧੀ ਗਰੁੱਪ ਨੇ ਐੱਫਬੀਆਈ ਦੇ ਸਾਰੇ ਕਰਮਚਾਰੀਆਂ ਦੀ ਸੰਵੇਦਨਸ਼ੀਲ ਜਾਣਕਾਰੀ ਚੋਰੀ ਕਰਨ ਦਾ ਦਾਅਵਾ ਕੀਤਾ ਹੈ। ਇਨ੍ਹਾਂ ਕਰਮਚਾਰੀਆਂ ਦੀ ਗਿਣਤੀ ਲਗਭਗ 38 ਹਜ਼ਾਰ ਦੱਸੀ ਜਾ ਰਹੀ ਹੈ।

ਗਰੁੱਪ ਸ਼ਾਈਨੀ ਹੰਟਰਜ਼ ਦਾ ਕਹਿਣਾ ਹੈ ਕਿ ਉਸ ਕੋਲ ਹਰ ਏਜੰਟ ਦਾ ਨਾਮ, ਅਹੁਦਾ, ਬੈਜ ਨੰਬਰ ਅਤੇ ਨਿੱਜੀ ਜਾਣਕਾਰੀ ਹੈ, ਜਿਸ ਵਿੱਚ ਘਰ ਦਾ ਪਤਾ, ਫ਼ੋਨ ਨੰਬਰ ਅਤੇ ਜੀਵਨ ਸਾਥੀ ਬਾਰੇ ਜਾਣਕਾਰੀ ਸ਼ਾਮਲ ਹੈ।

ਯੂਕੇ ਦੇ ਨੈਸ਼ਨਲ ਸਾਈਬਰ ਸਿਕਿਓਰਿਟੀ ਸੈਂਟਰ ਦੇ ਸਾਬਕਾ ਮੁਖੀ ਪ੍ਰੋਫੈਸਰ ਸਿਆਰਨ ਮਾਰਟਿਨ ਕਹਿੰਦੇ ਹਨ ਕਿ ਜੇ ਇਹ ਦਾਅਵਾ ਸਹੀ ਨਿਕਲਦਾ ਹੈ, ਤਾਂ ਡਾਟਾ ਚੋਰੀ ਦੇ ਮਾਮਲਿਆਂ ਵਿੱਚ ਇਹ “ਸਭ ਤੋਂ ਗੰਭੀਰ ਘਟਨਾਵਾਂ ਵਿੱਚੋਂ ਇੱਕ” ਹੋਵੇਗੀ।

ਦੂਜੇ ਪਾਸੇ, ਐਕਸ ਉੱਤੇ ਪੋਸਟ ਕੀਤੇ ਇੱਕ ਬਿਆਨ ਵਿੱਚ ਐੱਫਬੀਆਈ ਨੇ ਕਿਹਾ ਕਿ ਉਸ ਨੂੰ ਇਸ ਦਾਅਵੇ ਬਾਰੇ ਜਾਣਕਾਰੀ ਹੈ ਅਤੇ ਏਜੰਸੀ “ਇਸ ਮਾਮਲੇ ਦੀ ਸਰਗਰਮੀ ਨਾਲ ਅਤੇ ਸਖ਼ਤੀ ਨਾਲ ਜਾਂਚ ਕਰ ਰਹੀ ਹੈ।”

ਸ਼ਾਈਨੀ ਹੰਟਰਜ਼ ਦਾ ਦਾਅਵਾ ਕਿੰਨਾ ਗੰਭੀਰ?

ਸ਼ਾਈਨੀ ਹੰਟਰਜ਼ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਪਿਛਲੇ ਸੋਮਵਾਰ ਰਾਤ ਨੂੰ ਐੱਫਬੀਆਈ ਦੇ ਸਰਵਰਾਂ ਵਿੱਚ ਸੰਨ੍ਹ ਲਾਈ ਸੀ। ਉਨ੍ਹਾਂ ਨੇ ਮੰਗਲਵਾਰ ਨੂੰ ਚੋਰੀ ਕੀਤੇ ਡਾਟਾ ਦੇ ਨਮੂਨੇ ਅਤੇ ਸਕਰੀਨਸ਼ਾਟ ਪੱਤਰਕਾਰਾਂ ਨਾਲ ਸਾਂਝੇ ਕੀਤੇ।

ਬੀਬੀਸੀ ਨੇ ਇਸ ਡਾਟੇ ਦਾ ਇੱਕ ਛੋਟਾ ਹਿੱਸਾ ਦੇਖਿਆ ਹੈ, ਜੋ ਪਹਿਲੀ ਨਜ਼ਰ ਵਿੱਚ ਅਸਲੀ ਜਾਪਦਾ ਹੈ।

ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਕੁਝ ਡਾਟਾ ਵਿੱਚ ਅਧਿਕਾਰੀਆਂ ਦੀਆਂ ਨੌਕਰੀ ਸਬੰਧੀ ਜ਼ਿੰਮੇਵਾਰੀਆਂ ਦੀ ਜਾਣਕਾਰੀ ਸ਼ਾਮਲ ਹੈ। ਇਸ ਵਿੱਚ ਚੀਨੀ ਜਾਸੂਸਾਂ, ਰੂਸੀ ਖੁਫੀਆ ਏਜੰਸੀਆਂ ਅਤੇ ਨਸ਼ਾ ਤਸਕਰੀ ਗਿਰੋਹਾਂ ਖ਼ਿਲਾਫ਼ ਕੀਤੇ ਜਾ ਰਹੇ ਸੰਵੇਦਨਸ਼ੀਲ ਕੰਮ ਦੀ ਜਾਣਕਾਰੀ ਵੀ ਸ਼ਾਮਲ ਹੈ।

ਸ਼ਾਈਨੀ ਹੰਟਰਜ਼ ਗਰੁੱਪ ਕੀ ਹੈ?

ਸ਼ਾਈਨੀ ਹੰਟਰਜ਼ ਹੈਕਰਾਂ ਦਾ ਇੱਕ ਕੌਮਾਂਤਰੀ ਗਰੁੱਪ ਹੈ। ਇਸ ਦੀ ਸ਼ੁਰੂਆਤ ਫਰਾਂਸ ਵਿੱਚ ਹੋਈ ਮੰਨੀ ਜਾਂਦੀ ਹੈ। ਇਹ ਗਰੁੱਪ ਕਈ ਵੱਡੇ ਸਾਈਬਰ ਹਮਲਿਆਂ ਲਈ ਜ਼ਿੰਮੇਵਾਰ ਰਿਹਾ ਹੈ।

ਗਰੁੱਪ ਦਾ ਦਾਅਵਾ ਹੈ ਕਿ ਉਸ ਨੇ ਐੱਫਬੀਆਈ ਵੱਲੋਂ ਵਰਤੇ ਜਾਂਦੇ ਓਰੇਕਲ ਦੇ ਕਲਾਊਡ ਭੰਡਾਰਨ ਪ੍ਰਬੰਧ ਵਿੱਚ ਇੱਕ ਕਮਜ਼ੋਰੀ ਲੱਭੀ ਅਤੇ ਇਸ ਦੀ ਮਦਦ ਨਾਲ ਐੱਫਬੀਆਈ ਜੌਬਜ਼, ਐੱਫਬੀਆਈ ਬੀਸਟ, ਐੱਫਬੀਆਈ ਮੈਡਲਿੰਕ ਅਤੇ ਐੱਫਬੀਆਈ ਬਿਕਸ ਸਣੇ ਕਈ ਪ੍ਰਬੰਧਾਂ ਵਿੱਚ ਦਾਖ਼ਲ ਹੋ ਗਿਆ।

ਡਾਰਕ ਵੈੱਬ ਉੱਤੇ ਆਪਣੇ ਸੰਦੇਸ਼ ਵਿੱਚ ਗਰੁੱਪ ਨੇ ਕਿਹਾ ਕਿ ਉਸ ਨੇ ਐੱਫਬੀਆਈ ਨੂੰ ਪੈਸਿਆਂ ਲਈ ਨਿਸ਼ਾਨਾ ਨਹੀਂ ਬਣਾਇਆ।

ਇਸ ਦੀ ਬਜਾਏ, ਉਹ ਐੱਫਬੀਆਈ ਵੱਲੋਂ ਮਈ ਵਿੱਚ ਜਾਰੀ ਕੀਤੀ ਗਈ ਇੱਕ ਸਲਾਹਕਾਰ ਚੇਤਾਵਨੀ ਵਾਪਸ ਲੈਣ ਦੀ ਮੰਗ ਕਰ ਰਹੇ ਹਨ, ਜੋ ਇਸ ਗਰੁੱਪ ਬਾਰੇ ਸੀ। ਗਰੁੱਪ ਦਾ ਕਹਿਣਾ ਹੈ ਕਿ ਐੱਫਬੀਆਈ ਨੇ ਉਸ ਬਾਰੇ ਜੋ ਵਰਣਨ ਕੀਤਾ ਸੀ, ਉਸ ਕਾਰਨ ਉਹ ਨਾਰਾਜ਼ ਹੋਇਆ ਸੀ।

ਐੱਫਬੀਆਈ ਦੀ ਜਨਤਕ ਸੇਵਾ ਸੂਚਨਾ ਵਿੱਚ ਸ਼ਾਈਨੀ ਹੰਟਰਜ਼ ਨੂੰ “ਖ਼ਤਰਨਾਕ ਸਾਈਬਰ ਤੱਤ” ਦੱਸਿਆ ਗਿਆ ਸੀ। ਇਸ ਵਿੱਚ ਕਿਹਾ ਗਿਆ ਸੀ ਕਿ ਇਹ ਗਰੁੱਪ ਅਕਸਰ ਸੰਵੇਦਨਸ਼ੀਲ ਜਾਂ ਨਿੱਜੀ ਜਾਣਕਾਰੀ ਤੱਕ ਆਪਣੀ ਪਹੁੰਚ ਦਾ ਹਵਾਲਾ ਦਿੰਦਾ ਹੈ ਅਤੇ ਪੀੜਤਾਂ ਤੋਂ ਪੈਸੇ ਵਸੂਲਣ ਦੀ ਕੋਸ਼ਿਸ਼ ਕਰਦਾ ਹੈ।

ਸ਼ਾਈਨੀ ਹੰਟਰਜ਼ ਨੇ ਕਿਹਾ ਹੈ ਕਿ ਉਹ ਐੱਫਬੀਆਈ ਨੂੰ ਇੱਕ ਹਫ਼ਤੇ ਦਾ ਸਮਾਂ ਦੇਵੇਗਾ ਤਾਂ ਜੋ ਉਹ ਉਸ ਮੁਤਾਬਕ ਲਗਾਏ ਗਏ ਝੂਠੇ ਇਲਜ਼ਾਮਾਂ ਨੂੰ ਠੀਕ ਕਰੇ ਜਾਂ ਹਟਾਏ। ਨਹੀਂ ਤਾਂ ਉਹ ਪੂਰੇ ਡਾਟਾਬੇਸ ਨੂੰ ਜਨਤਕ ਕਰ ਦੇਵੇਗਾ।

ਐੱਫਬੀਆਈ ਦਾ ਕੀ ਕਹਿਣਾ ਹੈ?

ਐੱਫਬੀਆਈ

ਬੀਬੀਸੀ ਵੱਲੋਂ ਇਸ ਬਾਰੇ ਜਾਣਕਾਰੀ ਲੈਣ ਲਈ ਕੀਤੀਆਂ ਗਈਆਂ ਬੇਨਤੀਆਂ ਦਾ ਐੱਫਬੀਆਈ ਨੇ ਕੋਈ ਜਵਾਬ ਨਹੀਂ ਦਿੱਤਾ।

ਪਰ ਐਕਸ ਉੱਤੇ ਜਾਰੀ ਆਪਣੇ ਬਿਆਨ ਵਿੱਚ ਏਜੰਸੀ ਨੇ ਕਿਹਾ ਕਿ ਉਹ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਹੈਕਰਾਂ ਨੇ ਸਿੱਧੇ ਐੱਫਬੀਆਈ ਦੇ ਪ੍ਰਬੰਧਾਂ ਵਿੱਚ ਸੰਨ੍ਹ ਲਾਈ ਸੀ ਜਾਂ ਕਿਸੇ ਤੀਜੀ ਧਿਰ ਦੇ ਪ੍ਰਬੰਧ ਨੂੰ ਨਿਸ਼ਾਨਾ ਬਣਾਇਆ ਸੀ।

ਏਜੰਸੀ ਨੇ ਕਿਹਾ, “ਅਸੀਂ ਇਸ ਮਾਮਲੇ ਦੀ ਸਰਗਰਮੀ ਨਾਲ ਅਤੇ ਪੂਰੀ ਸਖ਼ਤੀ ਨਾਲ ਜਾਂਚ ਕਰ ਰਹੇ ਹਾਂ।”

ਦੂਜੇ ਪਾਸੇ, ਐੱਫਬੀਆਈ ਦੇ ਮੌਜੂਦਾ ਅਤੇ ਸਾਬਕਾ ਏਜੰਟਾਂ ਨੇ ਬੀਬੀਸੀ ਨਿਊਜ਼ ਨੂੰ ਦੱਸਿਆ ਕਿ ਉਹ ਹੈਕਿੰਗ ਦੀ ਘਟਨਾ ਤੋਂ ਬਾਅਦ ਹੈਰਾਨੀ, ਡਰ ਅਤੇ ਗੁੱਸੇ ਵਿੱਚ ਹਨ।

ਇੱਕ ਸਾਬਕਾ ਐੱਫਬੀਆਈ ਏਜੰਟ ਨੇ ਆਪਣੇ ਸਹਿਕਰਮੀਆਂ ਦੀ ਸੁਰੱਖਿਆ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਕਿਹਾ, “ਸਾਡੇ ਗੁਪਤ ਤੌਰ ‘ਤੇ ਕੰਮ ਕਰਨ ਵਾਲੇ ਏਜੰਟਾਂ ਲਈ ਇਹ ਬਹੁਤ ਮਾੜੀ ਖ਼ਬਰ ਹੈ।”

ਬੀਬੀਸੀ ਨੂੰ ਦਿੱਤੇ ਇੱਕ ਬਿਆਨ ਵਿੱਚ ਇੱਕ ਸਾਈਬਰ ਸੁਰੱਖਿਆ ਮਾਹਿਰ ਨੇ ਕਿਹਾ ਕਿ ਇਹ ਇੱਕ “ਬਦਲਾਖੋਰੀ ਵਾਲਾ ਸਾਈਬਰ ਹਮਲਾ” ਸੀ, ਜੋ ਇਹ ਦਰਸਾਉਂਦਾ ਹੈ ਕਿ “ਇਸ ਗਰੁੱਪ ਤੋਂ ਕੋਈ ਵੀ ਸੰਸਥਾ ਮਹਿਫ਼ੂਜ਼ ਨਹੀਂ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI