Source :- BBC PUNJABI
ਤਸਵੀਰ ਸਰੋਤ, INSTAGRAM/@KARIMI_GOLALI
ਅਫ਼ਗਾਨਿਸਤਾਨ ਦੀ ਸਾਬਕਾ ਪੱਤਰਕਾਰ ਅਤੇ ਟੀਵੀ ਪ੍ਰਜ਼ੈਂਟਰ ਕਰੀਮੀ ਗੋਲਾਲੀ ਦੇ ਕੱਪੜਿਆਂ ਅਤੇ ਉਨ੍ਹਾਂ ਦੀ ਜੀਵਨ-ਸ਼ੈਲੀ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਅਫ਼ਗਾਨ ਨਾਗਰਿਕਾਂ ਵਿਚਾਲੇ ਬਹਿਸ ਛਿੜ ਗਈ ਹੈ।
ਕਰੀਮੀ ਹੁਣ ਫ਼ਰਾਂਸ ਵਿੱਚ ਇੱਕ ਮਾਡਲ ਵਜੋਂ ਕੰਮ ਕਰਦੀ ਹੈ। ਉਹ ਇੰਸਟਾਗ੍ਰਾਮ ਅਤੇ ਟਿਕਟੌਕ ‘ਤੇ ਸਰਗਰਮ ਹੈ। ਇੰਸਟਾਗ੍ਰਾਮ ‘ਤੇ ਉਨ੍ਹਾਂ ਦੇ 2.8 ਲੱਖ ਅਤੇ ਟਿਕਟੌਕ ‘ਤੇ 2.3 ਲੱਖ ਫ਼ਾਲੋਅਰ ਹਨ। ਇਸ ਤੋਂ ਪਹਿਲਾਂ ਉਹ ਅਫ਼ਗਾਨਿਸਤਾਨ ਵਿੱਚ ਸ਼ਮਸ਼ਾਦ ਟੀਵੀ, ਲੇਮਰ ਟੀਵੀ ਅਤੇ ਬਾਅਦ ਵਿੱਚ ਪੈਰਿਸ ਦੇ ਬੇਗਮ ਟੀਵੀ ਵਿੱਚ ਕੰਮ ਕਰ ਚੁੱਕੇ ਹਨ।
2 ਜੂਨ ਨੂੰ ਡੌਇਚੇ ਵੇਲੇ ਦਾਰੀ ਨੇ ‘ਕੰਧਾਰ ਤੋਂ ਪੈਰਿਸ: ਗੋਲਾਲੀ ਕਰੀਮੀ ਦੀ ਵਿਵਾਦਿਤ ਕਹਾਣੀ’ ਸਿਰਲੇਖ ਹੇਠ ਇੱਕ ਵੀਡੀਓ ਰਿਪੋਰਟ ਪ੍ਰਕਾਸ਼ਿਤ ਕੀਤੀ ਸੀ।
ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ ‘ਤੇ ਕਈ ਅਫ਼ਗਾਨ ਯੂਜ਼ਰਾਂ ਦਾ ਮੰਨਣਾ ਹੈ ਕਿ ਕਰੀਮੀ ਦਾ ਪਹਿਰਾਵਾ ਅਤੇ ਜੀਵਨ-ਸ਼ੈਲੀ ਅਫ਼ਗਾਨਿਸਤਾਨ ਦੀਆਂ ਧਾਰਮਿਕ ਅਤੇ ਸੱਭਿਆਚਾਰਕ ਪਰੰਪਰਾਵਾਂ ਦੇ ਖ਼ਿਲਾਫ਼ ਹਨ।
ਆਪਣੇ ਫ਼ੈਸਲੇ ਦਾ ਬਚਾਅ ਕਰਦਿਆਂ ਕਰੀਮੀ ਨੇ ਕਿਹਾ, “ਮੈਂ ਉਹੋ ਜਿਹੇ ਕੱਪੜੇ ਪਹਿਨਣਾ ਚਾਹੁੰਦੀ ਹਾਂ, ਜਿਨ੍ਹਾਂ ਵਿੱਚ ਮੈਂ ਆਪਣੇ ਆਪ ਨੂੰ ਆਕਰਸ਼ਕ (ਸੈਕਸੀ) ਅਤੇ ਖੁਸ਼ ਮਹਿਸੂਸ ਕਰਾਂ।”
ਅਲੋਚਨਾ ‘ਤੇ ਕਰੀਮੀ ਦਾ ਜਵਾਬ
ਤਸਵੀਰ ਸਰੋਤ, DEUTSCHE WELLE DARI/YOUTUBE
ਉਨ੍ਹਾਂ ਕਿਹਾ, “ਮੈਂ ਹੁਣ ਸਿਨੇਮਾ ਅਤੇ ਮਾਡਲਿੰਗ ਦੇ ਖੇਤਰ ਵਿੱਚ ਕੰਮ ਕਰ ਰਹੀ ਹਾਂ। ਇਸ ਲਈ ਇੱਥੋਂ ਦੇ ਕੱਪੜੇ ਅਫ਼ਗਾਨਿਸਤਾਨ ਤੋਂ ਵੱਖਰੇ ਹਨ। ਲੋਕ ਸੋਚਦੇ ਹਨ ਕਿ ਮੇਰੇ ਕੱਪੜਿਆਂ ਅਤੇ ਅੰਦਾਜ਼ ਕਰਕੇ ਮੈਂ ਸੈਕਸੀ ਫ਼ਿਲਮਾਂ ਵਿੱਚ ਕੰਮ ਕਰਦੀ ਹਾਂ। ਅਜਿਹੀਆਂ ਗੱਲਾਂ ਮੈਨੂੰ ਪਰੇਸ਼ਾਨ ਕਰਦੀਆਂ ਹਨ।”
ਕਰੀਮੀ ਨੇ ਇਹ ਵੀ ਦੱਸਿਆ ਕਿ ਪੈਰਿਸ ਵਿੱਚ ਅਫ਼ਗਾਨਿਸਤਾਨ ਦੇ ਕੁਝ ਲੋਕਾਂ ਨੇ ਉਨ੍ਹਾਂ ‘ਤੇ ਹਮਲਾ ਵੀ ਕੀਤਾ। ਸੁਰੱਖਿਆ ਕਾਰਨਾਂ ਕਰਕੇ ਉਨ੍ਹਾਂ ਨੂੰ ਹੁਣ ਤੱਕ ਚਾਰ ਵਾਰ ਆਪਣਾ ਘਰ ਬਦਲਣਾ ਪਿਆ।
ਉਨ੍ਹਾਂ ਕਿਹਾ, “ਮੈਨੂੰ ਕਿਹਾ ਗਿਆ ਕਿ ਤੂੰ ਇੱਕ ਪਸ਼ਤੂਨ ਕੁੜੀ ਹੈਂ। ਤੈਨੂੰ ਅਜਿਹੇ ਕੱਪੜੇ ਨਹੀਂ ਪਹਿਨਣੇ ਚਾਹੀਦੇ।”

ਇੰਟਰਵਿਊ ਦੌਰਾਨ ਕਰੀਮੀ ਨੇ ਦੱਸਿਆ ਕਿ ਉਨ੍ਹਾਂ ਨੇ ਪਹਿਲਾਂ ਤਾਲਿਬਾਨ ਦੇ ਮੁੱਖ ਬੁਲਾਰੇ ਜ਼ਬੀਹੁੱਲਾਹ ਮੁਜਾਹਿਦ ਦਾ ਇੰਟਰਵਿਊ ਕੀਤਾ ਸੀ। ਬਾਅਦ ਵਿੱਚ ਮੁਜਾਹਿਦ ਨੇ ਉਨ੍ਹਾਂ ਨੂੰ ਫ਼ੋਨ ਅਤੇ ਵੌਇਸ ਸੁਨੇਹੇ ਭੇਜ ਕੇ ਕਿਹਾ ਕਿ ਇੱਕ ਮੁਸਲਿਮ ਅਤੇ ਪਸ਼ਤੂਨ ਕੁੜੀ ਹੋਣ ਦੇ ਨਾਤੇ ਉਨ੍ਹਾਂ ਨੂੰ ਆਪਣੇ ਪਹਿਰਾਵੇ ਦਾ ਧਿਆਨ ਰੱਖਣਾ ਚਾਹੀਦਾ ਹੈ।
ਕਰੀਮੀ ਨੇ ਕਿਹਾ ਕਿ ਉਨ੍ਹਾਂ ਨੇ ਜਵਾਬ ਦੇਣ ਦੀ ਬਜਾਏ ਮੁਜਾਹਿਦ ਨੂੰ ਬਲਾਕ ਕਰ ਦਿੱਤਾ ਕਿਉਂਕਿ ਉਹ ਆਪਣਾ ਸਮਾਂ ਬਰਬਾਦ ਨਹੀਂ ਕਰਨਾ ਚਾਹੁੰਦੀ ਸੀ।
7 ਜੂਨ ਨੂੰ ਅਫ਼ਗ਼ਾਨ ਬ੍ਰਾਡਕਾਸਟਿੰਗ ਨੈੱਟਵਰਕ (ਏਬੀਐਨ) ਨਾਲ ਗੱਲਬਾਤ ਦੌਰਾਨ ਕਰੀਮੀ ਨੇ ਤਾਲਿਬਾਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ, “ਜਿੱਥੇ ਲੋਕਾਂ ਨੂੰ ਆਪਣੇ ਕੱਪੜਿਆਂ ਅਤੇ ਦਾਹੜੀ ਤੱਕ ਬਾਰੇ ਫ਼ੈਸਲਾ ਕਰਨ ਦੀ ਆਜ਼ਾਦੀ ਨਹੀਂ ਹੈ ਅਤੇ ਡਰ ਦਾ ਮਾਹੌਲ ਹੈ, ਉੱਥੇ ਬੁਨਿਆਦੀ ਅਧਿਕਾਰਾਂ ਬਾਰੇ ਚੁੱਪ ਰਹਿਣਾ ਸਭ ਤੋਂ ਵੱਡੀ ਸਮੱਸਿਆ ਹੈ।”
ਸੋਸ਼ਲ ਮੀਡੀਆ ‘ਤੇ ਪ੍ਰਤੀਕਿਰਿਆਵਾਂ
ਤਸਵੀਰ ਸਰੋਤ, INSTAGRAM/@KARIMI_GOLALI
ਅਫ਼ਗਾਨਿਸਤਾਨ ਦੇ ਜ਼ਿਆਦਾਤਰ ਸੋਸ਼ਲ ਮੀਡੀਆ ਯੂਜ਼ਰਾਂ ਨੇ ਕਰੀਮੀ ਦੀ ਆਲੋਚਨਾ ਕਰਦਿਆਂ ਉਨ੍ਹਾਂ ‘ਤੇ ਸਮਾਜਿਕ ਨਿਯਮਾਂ ਨੂੰ ਤੋੜਨ ਦਾ ਇਲਜ਼ਾਮ ਲਗਾਇਆ। ਹਾਲਾਂਕਿ ਕੁਝ ਲੋਕਾਂ ਨੇ ਉਨ੍ਹਾਂ ਦੇ ਫ਼ੈਸਲੇ ਦਾ ਸਮਰਥਨ ਵੀ ਕੀਤਾ।
ਯੂਜ਼ਰ ਵਤਨਦੋਸਤ ਨੇ ਲਿਖਿਆ, “ਇਹ ਆਜ਼ਾਦੀ ਨਹੀਂ, ਸਗੋਂ ਅਨੈਤਿਕਤਾ ਦਾ ਫੈਲਾਅ ਹੈ, ਜੋ ਰਵਾਇਤੀ ਕਦਰਾਂ-ਕੀਮਤਾਂ ਨੂੰ ਖ਼ਤਮ ਕਰ ਰਿਹਾ ਹੈ।”
ਯੂਜ਼ਰ ਗੋਰਬੋਜ਼ ਨੇ ਇਲਜ਼ਾਮ ਲਗਾਇਆ ਕਿ ਕਰੀਮੀ ਨੇ “ਆਜ਼ਾਦੀ” ਦੇ ਨਾਮ ‘ਤੇ ਅਫ਼ਗਾਨਿਸਤਾਨ ਦੇ ਕੌਮੀ ਅਤੇ ਇਤਿਹਾਸਕ ਸੱਭਿਆਚਾਰ ਤੋਂ ਮੂੰਹ ਮੋੜ ਲਿਆ ਹੈ।
ਉਨ੍ਹਾਂ ਇਹ ਵੀ ਲਿਖਿਆ ਕਿ, “ਕੰਧਾਰ ਦੇ ਕਿਜ਼ਿਲਬਾਸ਼ ਭਾਈਚਾਰੇ ਨਾਲ ਸਬੰਧਤ ਗੋਲਾਲੀ ਕਰੀਮੀ ਨੇ ਸ਼ਰਮ ਅਤੇ ਨੈਤਿਕਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।”
ਦੂਜੇ ਪਾਸੇ ਟਿੱਪਣੀਕਾਰ ਹਬੀਬ ਖ਼ਾਨ ਨੇ ਲਿਖਿਆ, “ਤਾਲਿਬਾਨ ਕਰੀਮੀ ਵਰਗੀਆਂ ਪਸ਼ਤੂਨ ਔਰਤਾਂ ਨੂੰ ਖ਼ਤਰਾ ਮੰਨਦਾ ਹੈ, ਕਿਉਂਕਿ ਤਾਲਿਬਾਨ ਦੇ ਜ਼ਿਆਦਾਤਰ ਮੈਂਬਰ ਵੀ ਪਸ਼ਤੂਨ ਹਨ।”
ਕਰੀਮੀ ਦੇ ਸਮਰਥਨ ਵਿੱਚ ਯੂਜ਼ਰ ਮਹਮੂਦੀ ਨੇ ਲਿਖਿਆ, “ਪੱਛਮੀ ਦੇਸ਼ਾਂ ਵਿੱਚ ਲੋਕ ਕੱਪੜਿਆਂ ਵੱਲ ਧਿਆਨ ਨਹੀਂ ਦਿੰਦੇ। ਅਫ਼ਗਾਨਿਸਤਾਨ ਵਿੱਚ ਹਰ ਰੋਜ਼ ਬਲਾਤਕਾਰ, ਅਪਰਾਧ, ਅਗਵਾ ਅਤੇ ਦਮਨ ਦੀਆਂ ਖ਼ਬਰਾਂ ਸਾਹਮਣੇ ਆਉਂਦੀਆਂ ਹਨ। ਅਸਲ ਚਿੰਤਾ ਇਨ੍ਹਾਂ ਮੁੱਦਿਆਂ ਬਾਰੇ ਹੋਣੀ ਚਾਹੀਦੀ ਹੈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



