Source :- BBC PUNJABI

ਅਜੋਕੇ ਸਮੇਂ ਸਾਡੇ ਕੋਲ ਖੇਡਾਂ ਦੀ ਦੁਨੀਆਂ ਵਿੱਚ ਚਮਕ ਰਹੀਆਂ ਭਾਰਤੀ ਕੁੜੀਆਂ ਦੀਆਂ ਬੇਸ਼ੁਮਾਰ ਉਦਾਹਰਨਾਂ ਹਨ, ਜਿਨ੍ਹਾਂ ਨੇ ਦੁਨੀਆਂ ਦੇ ਵੱਕਾਰੀ ਖ਼ਿਤਾਬ ਆਪਣੇ ਨਾਮ ਕੀਤੇ ਅਤੇ ਕਰ ਰਹੀਆਂ ਹਨ।
ਕ੍ਰਿਕਟ, ਹਾਕੀ, ਟੈਨਿਸ, ਐਥਲੈਟਿਕਸ, ਨਿਸ਼ਾਨੇਬਾਜ਼ੀ, ਮੁੱਕੇਬਾਜ਼ੀ ਜਾਂ ਕੋਈ ਵੀ ਹੋਰ ਖੇਡ ਹੋਵੇ ਭਾਰਤੀ ਕੁੜੀਆਂ ਪੂਰੇ ਦੇਸ਼ ਦਾ ਸਿਰ ਮਾਣ ਨਾਲ ਉੱਚਾ ਕਰ ਰਹੀਆਂ ਹਨ।
ਇੱਥੇ ਅੱਜ ਅਸੀਂ ਉਸ ਖਿਡਾਰਣ ਬਾਰੇ ਜਾਣਾਂਗੇ ਜੋ ਉਨ੍ਹਾਂ ਚੌਂਣਵੀਆਂ ਬੀਬੀਆਂ ਵਿੱਚੋਂ ਹੈ ਜਿਨ੍ਹਾਂ ਨੇ ਭਾਰਤੀ ਕੁੜੀਆਂ ਨੂੰ ਖੇਡਾਂ ਦੀ ਦੁਨੀਆਂ ਵਿੱਚ ਜਾਣ ਦਾ ਰਾਹ ਦਿਖਾਇਆ। ਅਸੀਂ ਗੱਲ ਕਰ ਰਹੇ ਹਾਂ ਸਾਲ 1970 ਦੀਆਂ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਣ ਵਾਲੀ ਪਹਿਲੀ ਮਹਿਲਾ ਭਾਰਤੀ ਦੌੜਾਕ ਕਮਲਜੀਤ ਸੰਧੂ ਦੀ।
ਕਮਲਜੀਤ ਨੇ ਕਦੋਂ ਦੌੜੀ ਪਹਿਲੀ ਰੇਸ ?
ਕਮਲਜੀਤ ਸੰਧੂ ਦਾ ਜਨਮ ਸਾਲ 1948 ਵਿੱਚ ਡਿਫ਼ੈਂਸ ਸੇਵਾਵਾਂ ਨਾਲ ਜੁੜੇ ਜ਼ਿਮੀਂਦਾਰ ਪਰਿਵਾਰ ਵਿੱਚ ਹੋਇਆ। ਪਰਿਵਾਰ ਦਾ ਪਿਛੋਕੜ ਸ੍ਰੀ ਗੰਗਾਨਗਰ ਨਾਲ ਸਬੰਧਤ ਹੈ।
ਉਨ੍ਹਾਂ ਦੇ ਪਿਤਾ ਫੌਜ ਤੋਂ ਕਰਨਲ ਰਿਟਾਇਰ ਹੋਏ ਅਤੇ ਆਪਣੇ ਸਮੇਂ ਵਿੱਚ ਬਿਹਤਰੀਨ ਹਾਕੀ ਖਿਡਾਰੀ ਸਨ।
ਪਿਤਾ ਫੌਜ ਵਿੱਚ ਹੋਣ ਕਰਕੇ ਕਮਲਜੀਤ ਦਾ ਬਚਪਨ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਬੀਤਿਆ। ਉਨ੍ਹਾਂ ਨੇ ਸਿਕੰਦਰਾਬਾਦ, ਡਲਹੌਜ਼ੀ, ਅੰਮ੍ਰਿਤਸਰ ਤੇ ਗਵਾਲੀਅਰ ਦੇ ਸਕੂਲਾਂ ਤੋਂ ਪੜ੍ਹਾਈ ਕੀਤੀ।
ਫਿਰ ਅੱਗੇ ਦੀ ਪੜ੍ਹਾਈ ਕਮਲਜੀਤ ਨੇ ਕੁੜੀਆਂ ਦੇ ਸਰਕਾਰੀ ਕਾਲਜ (ਜੀਸੀਡਬਲਯੂ) ਚੰਡੀਗੜ੍ਹ ਤੋਂ ਕੀਤੀ। ਕਮਲਜੀਤ, ਚਾਰ ਭੈਣਾਂ ਸਨ। ਸਾਰਿਆਂ ਵਿੱਚ ਕਮਲਜੀਤ ਬਚਪਨ ਤੋਂ ਹੀ ਭੱਜ-ਦੌੜ ਵਿੱਚ ਰੁਚੀ ਰੱਖਦੇ ਸਨ।
ਕਮਲਜੀਤ ਮੰਨਦੇ ਹਨ ਕਿ ਸ਼ਾਇਦ ਪਿਤਾ ਤੋਂ ਹੀ ਉਨ੍ਹਾਂ ਅੰਦਰ ਇੱਕ ਖਿਡਾਰੀ ਵਜੋਂ ਕੁਦਰਤੀ ਪ੍ਰਤਿਭਾ ਆਈ ਸੀ, ਜਿਸ ਕਾਰਨ ਸਕੂਲ ਕਾਲਜ ਵਿੱਚ ਉਨ੍ਹਾਂ ਨੂੰ ਖੇਡ ਮੁਕਾਬਲਿਆਂ ਵਿੱਚ ਭਾਗ ਲੈਣ ਲਈ ਕਿਹਾ ਜਾਂਦਾ।
ਪਹਿਲੀ ਦੌੜ ਜੋ ਕਮਲਜੀਤ ਨੂੰ ਯਾਦ ਹੈ, ਉਸ ਸੀ ਜੋ ਉਨ੍ਹਾਂ ਨੇ ਸਿਕੰਦਰਾਬਾਦ ਦੇ ਸੇਂਟ ਐਨ ਸਕੂਲ ਵਿੱਚ ਪੰਜਵੀਂ ਜਮਾਤ ਵਿੱਚ ਪੜ੍ਹਦਿਆਂ ਸਕੂਲ ਦੇ ਦੌੜ ਮੁਕਾਬਲੇ ਦੌਰਾਨ ਲਗਾਈ ਸੀ।
ਕਮਲਜੀਤ ਸੰਧੂ ਨੇ ਉਸ ਦੌੜ ਬਾਰੇ ਯਾਦ ਕਰਦਿਆਂ ਦੱਸਿਆ, “ਮੈਨੂੰ ਜ਼ਿਆਦਾ ਸਮਝ ਨਹੀਂ ਸੀ। ਮੈਨੂੰ ਕਿਹਾ ਗਿਆ ਕਿ ਗੰਨਸ਼ੌਟ ਦੀ ਅਵਾਜ਼ ਸੁਣਦਿਆਂ ਹੀ ਭੱਜਣਾ ਹੈ ਜਿਨ੍ਹਾਂ ਤੇਜ਼ ਭੱਜ ਸਕੋ। ਮੁਕਾਬਲੇ ਵਿੱਚ ਨੌਵੀਂ-ਦਸਵੀਂ ਦੀਆਂ ਕੁੜੀਆਂ ਸਨ। ਮੈਂ ਉਨ੍ਹਾਂ ਨੂੰ 50 ਮੀਟਰ ਪਿੱਛੇ ਛੱਡ ਦਿੱਤਾ ਸੀ।”
ਤਸਵੀਰ ਸਰੋਤ, Kamaljeet Kaur Sandhu
ਕਮਲਜੀਤ ਦੀ ਪ੍ਰਤਿਭਾ ਕਿਵੇਂ ਪਛਾਣੀ ਗਈ
ਜਦੋਂ ਕਮਲਜੀਤ ਚੰਡੀਗੜ੍ਹ ‘ਚ ਕੁੜੀਆਂ ਦੇ ਸਰਕਾਰੀ ਕਾਲਜ ਵਿੱਚ ਪੜ੍ਹਦੇ ਸਨ ਤਾਂ ਕਾਲਜ ਦੇ ਅਧਿਆਪਕ ਉਨ੍ਹਾਂ ਨੂੰ ਕਪੂਰਥਲਾ ਵਿੱਚ ਹੋ ਰਹੇ ਇੱਕ ਕੌਮੀ ਪੱਧਰ ਦੇ ਦੌੜ ਮੁਕਾਬਲੇ ਲਈ ਲੈ ਗਏ। ਇਹ ਦੌੜ ਮੁਕਾਬਲਾ ਕਮਲਜੀਤ ਸੰਧੂ ਦੀ ਜ਼ਿੰਦਗੀ ਦਾ ਅਹਿਮ ਪੜ੍ਹਾਅ ਰਿਹਾ।
ਕਮਲਜੀਤ ਸੰਧੂ ਨੇ ਦੱਸਿਆ, “ਕੌਮੀ ਪੱਧਰ ‘ਤੇ ਖੇਡਣ ਵਾਲੀਆਂ ਖਿਡਾਰਣਾਂ ਵਾਰਮ-ਅਪ ਕਰ ਰਹੀਆਂ ਸਨ ਅਤੇ ਮੈਂ ਟਰੈਕ ਦੇ ਕਿਨਾਰੇ ਘਾਹ ‘ਤੇ ਬੈਠੀ ਸੀ। ਮੈਂ ਕਿਹਾ, ਮੈਡਮ, ਇਹ ਕੁੜੀਆਂ ਕੀ ਕਰ ਰਹੀਆਂ ਹਨ? ਉਨ੍ਹਾਂ ਨੇ ਕਿਹਾ, ਪਤਾ ਨਹੀਂ। ਮੈਂ ਕਿਹਾ, ਹਾਂ ਹਾਂ ਉਨ੍ਹਾਂ ਨੂੰ ਕਰੀ ਜਾਣ ਦਿਓ। ਉਹ ਵਾਰਮ-ਅਪ ਕਰ ਰਹੀਆਂ ਸਨ ਅਤੇ ਮੈਂ ਬਸ ਬੈਠੀ ਸੀ। ਮੈਨੂੰ ਕੋਈ ਅੰਦਾਜ਼ਾ ਨਹੀਂ ਸੀ ਕਿ ਵਾਰਮ-ਅਪ ਕਰਨਾ ਪੈਂਦਾ ਹੈ।”
ਕਮਲਜੀਤ ਨੇ ਦੱਸਿਆ ਕਿ ਜਦੋਂ ਉਹ ਇਸ ਮੁਕਾਬਲੇ ਵਿੱਚ ਪਹੁੰਚੇ ਸਨ ਤਾਂ ਉਨ੍ਹਾਂ ਨੂੰ ਕੋਈ ਟਰੇਨਿੰਗ ਨਹੀਂ ਮਿਲੀ ਹੋਈ ਸੀ।
ਉਨ੍ਹਾਂ ਦੱਸਿਆ ਕਿ ਜਦੋਂ ਦੌੜ ਸ਼ੁਰੂ ਹੋਈ ਤਾਂ 200-250 ਮੀਟਰ ਤੱਕ ਉਹ ਬਾਕੀ ਖਿਡਾਰਣਾਂ ਤੋਂ ਅੱਗੇ ਸਨ, ਜਦੋਂ 40-50 ਮੀਟਰ ਦੀ ਦੌੜ ਬਚੀ ਸੀ ਤਾਂ ਉਹ ਅਚਾਨਕ ਹੇਠਾਂ ਡਿੱਗ ਗਏ। ਉਨ੍ਹਾਂ ਦੱਸਿਆ, “ਮੈਨੂੰ ਅਵਾਜ਼ਾਂ ਮਾਰ ਕੇ ਉੱਠਣ ਲਈ ਕਿਹਾ ਜਾ ਰਿਹਾ ਸੀ ਕਿਉਂਕਿ ਮੈਂ ਬਾਕੀ ਕੁੜੀਆਂ ਤੋਂ ਇੰਨਾ ਅੱਗੇ ਸੀ ਕਿ ਤੁਰ ਕੇ ਵੀ ਜਾਂਦੀ ਤਾਂ ਰੇਸ ਜਿੱਤ ਜਾਂਦੀ ਪਰ ਮੈਂ ਡਿੱਗੀ ਰਹੀ ਅਤੇ ਹੱਸਣ ਲੱਗ ਗਈ।”
ਇਸ ਮੁਕਾਬਲੇ ਵਿੱਚ ਸੀਨੀਅਰ ਖੇਡ ਅਧਿਕਾਰੀ, ਕੋਚ ਅਤੇ ਕੌਮਾਂਤਰੀ ਖਿਡਾਰੀ ਵੀ ਪਹੁੰਚੇ ਹੋਏ ਸਨ। ਜਿਨ੍ਹਾਂ ਨੇ ਰੇਸ ਪੂਰੀ ਹੋਣ ਤੋਂ ਪਹਿਲਾਂ ਡਿੱਗ ਜਾਣ ਅਤੇ ਹਾਰਨ ਦੇ ਬਾਵਜੂਦ ਕਮਲਜੀਤ ਦੀ ਪ੍ਰਤਿਭਾ ਪਛਾਣੀ ਅਤੇ ਅਥਲੀਟ ਅਜਮੇਰ ਸਿੰਘ ਤੋਂ ਉਨ੍ਹਾਂ ਦੀ ਰਸਮੀ ਟਰੇਨਿੰਗ ਸ਼ੁਰੂ ਕਰਵਾਈ।
ਅਜਮੇਰ ਸਿੰਘ ਪੰਜਾਬ ਯੂਨੀਵਰਸਿਟੀ ਵਿੱਚ ਹੀ ਕਮਲਜੀਤ ਨੂੰ ਟਰੇਨਿੰਗ ਕਰਵਾਉਣ ਲੱਗ ਗਏ।
ਤਸਵੀਰ ਸਰੋਤ, Kamaljeet Kaur Sandhu
ਕੁੜੀਆਂ ਲਈ ਪਾਬੰਦੀਆਂ ਦਰਮਿਆਨ ਕਿਵੇਂ ਮੁਕੰਮਲ ਹੋ ਸਕੀ ਟਰੇਨਿੰਗ
ਕਮਲਜੀਤ ਸੰਧੂ ਨੇ ਦੱਸਿਆ ਕਿ ਉਹ ਕਾਲਜ ਦੇ ਹੋਸਟਲ ਵਿੱਚ ਰਹਿੰਦੇ ਸਨ ਅਤੇ ਉਸ ਵੇਲੇ ਕੁੜੀਆਂ ਦੇ ਹੋਸਟਲਾਂ ਵਿੱਚ ਬਹੁਤ ਪਾਬੰਦੀਆਂ ਹੁੰਦੀਆਂ ਸਨ।
ਕਮਲਜੀਤ ਕਹਿੰਦੇ ਹਨ, “ਤੁਸੀਂ ਭਾਵੇਂ ਸਭ ਤੋਂ ਬਿਹਤਰੀਨ ਕੁਦਰਤੀ ਅਥਲੀਟ ਕਿਉਂ ਨਾ ਹੋਵੋ, ਪਰ ਜੇ ਤੁਹਾਨੂੰ ਸਹਿਯੋਗ ਨਾ ਮਿਲੇ ਜਾਂ ਬਹੁਤ ਪਾਬੰਦੀਆਂ ਹੋਣ ਤਾਂ ਇਹ ਸਭ ਕੁਝ ਹਾਸਿਲ ਕਰਨਾ ਸੰਭਵ ਨਹੀਂ ਹੁੰਦਾ। ਪਰ ਮੈਨੂੰ ਕਹਿ ਦਿੱਤਾ ਗਿਆ ਸੀ ਕਿ ਤੁਸੀਂ ਟਰੇਨਿੰਗ ਲਈ ਸਾਈਕਲ ‘ਤੇ ਯੂਨੀਵਰਸਿਟੀ ਜਾ ਸਕਦੇ ਹੋ।”
ਕਾਲਜ ਦੇ ਪ੍ਰਿੰਸੀਪਲ ਆਤਮਾ ਰਾਮ ਅਤੇ ਫ਼ਿਜ਼ੀਕਲ ਟਰੇਨਿੰਗ ਦੀ ਅਧਿਆਪਕਾ ਅਵਤਾਰ ਕੌਰ ਵੱਲੋਂ ਉਨ੍ਹਾਂ ਨੂੰ ਪੂਰਾ ਸਹਿਯੋਗ ਮਿਲਿਆ। ਇੱਕ ਸਾਲ ਅਜਮੇਰ ਸਿੰਘ ਤੋਂ ਪੰਜਾਬ ਯੂਨੀਵਰਸਿਟੀ ਵਿੱਚ ਟਰੇਨਿੰਗ ਲੈਣ ਬਾਅਦ ਕਮਲਜੀਤ ਟਰੇਨਿੰਗ ਲਈ ਪਟਿਆਲਾ ਦੇ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਵਿੱਚ ਗਏ।
ਕਮਲਜੀਤ ਸੰਧੂ ਨੇ ਕਿਹਾ ਕਿ ਉਹ ਅਜ਼ਾਦ ਦੇਸ਼ ਦੀ ਪਹਿਲੀ ਪੀੜੀ ਵਿੱਚੋਂ ਸਨ ਅਤੇ ਜਿਸ ਵੇਲੇ ਉਨ੍ਹਾਂ ਨੇ ਟਰੇਨਿੰਗ ਸ਼ੁਰੂ ਕੀਤੀ, ਦੇਸ਼ ਵੀ ਵਿਕਸਿਤ ਹੋ ਰਿਹਾ ਸੀ। ਉਨ੍ਹਾਂ ਕਿਹਾ, “ਖੇਡਾਂ ਦੇ ਅਜੋਕੇ ਬੁਨਿਆਦੀ ਢਾਂਚੇ ਦੀ ਉਸ ਵੇਲੇ ਨਾਲ ਤੁਲਨਾ ਕਰਦੇ ਹਾਂ ਤਾਂ ਚੰਦਰਮਾ ‘ਤੇ ਪਹੁੰਚਣ ਜਿਹਾ ਲੱਗਦਾ ਹੈ, ਪਰ ਉਸ ਵੇਲੇ ਕਦੇ ਅਹਿਸਾਸ ਨਹੀਂ ਸੀ ਹੋਇਆ ਕਿ ਕੋਈ ਕਮੀ ਹੈ।”

ਵਿਸ਼ਵ ਰਿਕਾਰਡ ਹੋਲਡਰ ਅਥਲੀਟ ਨੂੰ ਹਰਾ ਕੇ ਰਚਿਆ ਸੀ ਇਤਿਹਾਸ
ਜੋ ਮੁਕਾਬਲਾ ਜਿੱਤਣ ਬਾਅਦ ਕਮਲਜੀਤ ਸੰਧੂ ਦਾ ਨਾਮ ਇਤਿਹਾਸ ਵਿੱਚ ਦਰਜ ਹੋ ਗਿਆ ਉਹ ਸੀ ਸਾਲ 1970 ਦੀਆਂ ਬੈਂਗਕਾਕ ਏਸ਼ੀਅਨ ਖੇਡਾਂ ਦਾ 400 ਮੀਟਰ ਦੌੜ ਦਾ ਈਵੈਂਟ।
ਕਮਲਜੀਤ ਸੰਧੂ ਨੇ ਦੱਸਿਆ ਕਿ ਉਨ੍ਹਾਂ ਤੋਂ ਸਿਲਵਰ ਮੈਡਲ ਦੀ ਉਮੀਦ ਤਾਂ ਕੀਤੀ ਜਾ ਰਹੀ ਸੀ ਪਰ ਗੋਲਡ ਮੈਡਲ ਦੀ ਨਹੀਂ, ਕਿਉਂਕਿ ਮੁਕਾਬਲੇ ਵਿੱਚ ਉਸ ਵੇਲੇ ਦੀ ਵਿਸ਼ਵ ਰਿਕਾਰਡ ਹੋਲਡਰ ਦੌੜਾਕ ਮਹਾਨ ਅਥਲੀਟ ਛੀ ਚੇਂਗ ਵੀ ਸੀ।
ਕਮਲਜੀਤ ਨੇ ਦੱਸਿਆ ਕਿ ਮੁਕਾਬਲੇ ਤੋਂ ਪਹਿਲਾਂ ਹੋਰ ਅਥਲੀਟ ਵੀ ਛੀ ਚੇਂਗ ਬਾਰੇ ਗੱਲ ਕਰ ਰਹੇ ਸਨ, ਪਰ ਕਮਲਜੀਤ ਦਾ ਧਿਆਨ ਸਿਰਫ਼ ਉਨ੍ਹਾਂ ਦੀ ਆਪਣੀ ਦੌੜ ‘ਤੇ ਕੇਂਦਰਿਤ ਸੀ।
ਕਮਲਜੀਤ ਕਹਿੰਦੇ ਹਨ ਕਿ ਛੀ ਚੇਂਗ ਉਸ ਵੇਲੇ ਜ਼ਖ਼ਮੀ ਸੀ, ਪਰ ਫਿਰ ਵੀ ਆਪਣੇ ਦੇਸ਼ ਲਈ ਮੁਕਾਬਲੇ ਵਿੱਚ ਹਿੱਸਾ ਲੈ ਰਹੀ ਸੀ।
ਕਮਲਜੀਤ ਸੰਧੂ ਨੇ ਦੱਸਿਆ, “ਛੀ ਚੇਂਗ ਨੇ ਸ਼ਾਇਦ ਮੈਨੂੰ ਬਾਅਦ ਵਿੱਚ ਦੱਸਿਆ ਸੀ ਅਤੇ ਮੈਂ ਵੀ ਉਸ ਵੇਲੇ ਅੰਦਾਜ਼ਾ ਲਗਾਇਆ ਸੀ ਕਿ ਉਸ ਨੂੰ ਵਿਸ਼ਵਾਸ ਸੀ ਕਿ ਉਹ ਰੇਸ ਜਿੱਤ ਹੀ ਜਾਏਗੀ। ਕਿਉਂਕਿ ਉਸ ਵੇਲੇ ਏਸ਼ੀਅਨ ਅਥਲੀਟਾਂ ਦਾ ਪੱਧਰ ਅਮਰੀਕਨ ਅਥਲੀਟਾਂ ਨਾਲੋਂ ਨੀਵਾਂ ਹੀ ਸੀ। ਪਰ ਉਸ ਨੂੰ ਅੰਦਾਜ਼ਾ ਨਹੀਂ ਸੀ ਕਿ ਮੈਂ ਸਪ੍ਰਿੰਟ ਵਿੱਚ ਦੌੜਦੀ ਹਾਂ।”
ਤਸਵੀਰ ਸਰੋਤ, Kamaljeet Kaur Sandhu
ਸਾਲ 1970 ਵਿੱਚ ਬੈਂਗਕਾਕ ਵਿੱਚ ਹੋਏ ਉਸ ਮੁਕਾਬਲੇ ਨੂੰ ਯਾਦ ਕਰਦਿਆਂ ਕਮਲਜੀਤ ਸੰਧੂ ਨੇ ਸਾਨੂੰ ਦੱਸਿਆ ਕਿ ਰੇਸ ਦੌਰਾਨ ਜਦੋਂ ਕਿ ਉਹ ਬਾਕੀ ਅਥਲੀਟਾਂ ਤੋਂ ਕਾਫ਼ੀ ਅੱਗੇ ਨਿੱਕਲ ਗਏ ਤਾਂ ਛੀ ਚੇਂਗ ਨੇ ਆਪਣੀ ਸਪੀਡ ਵਧਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਡਿੱਗ ਗਈ।
ਕਮਲਜੀਤ ਨੇ ਕਿਹਾ, “ਜਦੋਂ ਮੈਂ ਰੇਸ ਜਿੱਤ ਲਈ ਤਾਂ ਮਹਿਸੂਸ ਕੀਤਾ ਕਿ ਇਹ ਹੋਣਾ ਹੀ ਸੀ। “
ਗੱਲਬਾਤ ਦੌਰਾਨ ਸਾਨੂੰ ਕਮਲਜੀਤ ਨੇ ਦੱਸਿਆ ਕਿ ਉਸ ਵੇਲੇ ਭਾਰਤੀ ਮੀਡੀਆ ਲਈ ਇਹ ਵੱਡੀ ਖ਼ਬਰ ਸੀ ਕਿ ਪਹਿਲੀ ਵਾਰ ਕਿਸੇ ਮਹਿਲਾ ਅਥਲੀਟ ਨੇ ਏਸ਼ੀਅਨ ਖੇਡਾਂ ਵਿੱਚ ਸੋਨ ਤਗ਼ਮਾ ਜਿੱਤਿਆ ਹੈ। ਪਰ ਕੌਮਾਂਤਰੀ ਮੀਡੀਆ ਲਈ ਛੀ ਚੇਂਗ ਦਾ ਡਿੱਗ ਜਾਣਾ ਵੱਡੀ ਖ਼ਬਰ ਸੀ।
ਭਾਰਤ ਲਈ ਇਹ ਬੇਹੱਦ ਮਾਣ ਵਾਲਾ ਪਲ਼ ਸੀ। ਸੰਧੂ ਨੇ ਦੱਸਿਆ ਕਿ ਉਸ ਵੇਲੇ ਦੇ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਨੇ ਵੀ ਉਨ੍ਹਾਂ ਨੂੰ ਵਧਾਈ ਦਿੰਦਿਆਂ ਟੈਲੀਗ੍ਰਾਮ ਭੇਜਿਆ ਸੀ।
ਤਸਵੀਰ ਸਰੋਤ, Kamaljeet Kaur Sandhu
ਕਮਲਜੀਤ ਸੰਧੂ ਦੀ ਜਿੱਤ ਨੇ ਕੀ ਬਦਲਿਆ ?
ਏਸ਼ੀਅਨ ਖੇਡਾਂ ਵਿੱਚ ਗੋਲਡ ਮੈਡਲ ਜਿੱਤਣ ਬਾਅਦ ਰਾਤੋਂ-ਰਾਤ ਪੂਰਾ ਦੇਸ਼ ਕਮਲਜੀਤ ਸੰਧੂ ਨੂੰ ਪਛਾਣਨ ਲੱਗ ਗਿਆ ਸੀ।
ਉਨ੍ਹਾਂ ਕਿਹਾ, “ਉਸ ਵੇਲੇ ਜਾਂ ਤਾਂ ਕੁਝ ਅਦਾਕਾਰਾਵਾਂ ਨੂੰ ਲੋਕ ਜਾਣਦੇ ਸੀ ਜਾਂ ਕੁਝ ਮਾਡਲਾਂ ਨੂੰ, ਇਸ ਜਿੱਤ ਤੋਂ ਬਾਅਦ ਮੈਨੂੰ ਅਜਿਹੀ ਪਛਾਣ ਮਿਲੀ ਕਿ ਕਿਤੇ ਵੀ ਬਾਹਰ ਜਾਂਦੇ ਸੀ ਤਾਂ ਲੋਕ ਇਕੱਠੇ ਹੋਣ ਲੱਗ ਜਾਂਦੇ ਸੀ।”
ਉਸ ਵੇਲੇ ਕੁੜੀਆਂ ਕਈ ਖੇਤਰਾਂ ਵਿੱਚ ਪੈਰ ਧਰ ਰਹੀਆਂ ਸੀ। ਜਿਵੇਂ ਕੋਈ ਪਹਿਲੀ ਡਾਕਟਰ ਬਣੀ, ਕੋਈ ਪਹਿਲੀ ਵਕੀਲ ਬਣੀ, ਕੋਈ ਪਹਿਲੀ ਪ੍ਰੋਫੈਸਰ ਬਣੀ।
ਕਮਲਜੀਤ ਸੰਧੂ ਨੇ ਕਿਹਾ, “ਬਾਕੀ ਖੇਤਰਾਂ ਵਿੱਚ ਪਹਿਲੀ ਵਾਰ ਕਦਮ ਧਰਨ ਵਾਲੀਆਂ ਕੁੜੀਆਂ ਹੌਲੀ-ਹੌਲੀ ਅੱਗੇ ਆ ਰਹੀਆਂ ਸੀ, ਪਰ ਮੈਨੂੰ ਰਾਤੋਂ-ਰਾਤ ਪਛਾਣ ਮਿਲ ਗਈ ਸੀ। ਮੇਰੀ ਜਿੱਤ ਤੋਂ ਬਾਅਦ ਇਹ ਹੋਇਆ ਕਿ ਅਚਾਨਕ ਦੇਸ਼ ਵਿੱਚ ਧੀਆਂ ਦੇ ਬਾਪ ਜਾਗ ਗਏ ਅਤੇ ਉਨ੍ਹਾਂ ਨੂੰ ਮੌਕੇ ਦੇਣ ਲੱਗੇ।”
ਕਮਲਜੀਤ ਨੂੰ ਇਸ ਪ੍ਰਾਪਤੀ ਲਈ ਸਾਲ 1971 ਵਿੱਚ ਪਦਮ ਸ੍ਰੀ ਨਾਲ ਨਵਾਜਿਆ ਗਿਆ।
ਕਮਲਜੀਤ ਸੰਧੂ ਨੇ ਖ਼ੁਦ ਮੈਡਲ ਜਿੱਤ ਕੇ ਇਤਿਹਾਸ ਤਾਂ ਰਚਿਆ ਸੀ, ਇਸ ਤੋਂ ਬਾਅਦ ਪਟਿਆਲਾ ਦੇ ਨੈਸ਼ਨਲ ਇੰਸਟੀਟਿਊਟ ਆਫ ਸਪੋਰਟਸ ਵਿੱਚ ਕਈ ਹੋਰ ਖਿਡਾਰੀਆਂ ਨੂੰ ਕੋਚਿੰਗ ਦਿੱਤੀ।
ਕਮਲਜੀਤ ਬੜੇ ਮਾਣ ਨਾਲ ਦੱਸਦੇ ਹਨ ਕਿ ਉਨ੍ਹਾਂ ਦੇ ਟਰੇਨ ਕੀਤੇ ਖਿਡਾਰੀਆਂ ਨੇ ਹੀ ਉਨ੍ਹਾਂ ਦੇ ਰਿਕਾਰਡ ਤੋੜੇ। 2008 ਵਿੱਚ ਉਹ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਨੈਸ਼ਨਲ ਅਥਲੈਟਿਕ ਕੈਂਪਸ ਦੇ ਡਾਇਰੈਕਟਰ ਵਜੋਂ ਰਿਟਾਇਰ ਹੋਏ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







