Source :- BBC PUNJABI
ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ
ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਤੋਂ ਪਹਿਲਾਂ ਨਵੀਂ ਦਿੱਲੀ ਅਤੇ ਹਜ਼ਰਤ ਨਿਜ਼ਾਮੁਦੀਨ ਰੇਲਵੇ ਸਟੇਸ਼ਨਾਂ ਤੋਂ ਆਉਣ-ਜਾਣ ਵਾਲੀਆਂ 250 ਤੋਂ ਵੱਧ ਰੇਲ ਗੱਡੀਆਂ ਰੱਦ ਕਰ ਦਿੱਤੀਆਂ ਗਈਆਂ ਹਨ।
ਸਮਾਚਾਰ ਏਜੰਸੀ ਪੀਟੀਆਈ ਦੇ ਮੁਤਾਬਕ, ਰੇਲਵੇ ਬੋਰਡ ਦੇ ਫ਼ੈਸਲੇ ਤਹਿਤ 9 ਅਕਤੂਬਰ ਨੂੰ ਦੁਪਹਿਰ 2 ਵਜੇ ਤੋਂ ਬਾਅਦ ਆਪਣੇ ਸ਼ੁਰੂਆਤੀ ਸਟੇਸ਼ਨਾਂ ਤੋਂ ਰਵਾਨਾ ਹੋਣ ਵਾਲੀਆਂ ਯਾਤਰੀ ਰੇਲ ਗੱਡੀਆਂ ਰੱਦ ਕੀਤੀਆਂ ਗਈਆਂ ਹਨ।
ਇਸ ਤੋਂ ਇਲਾਵਾ, 10 ਅਕਤੂਬਰ ਨੂੰ ਸਵੇਰੇ 4 ਵਜੇ ਤੋਂ ਦੁਪਹਿਰ 2 ਵਜੇ ਦੇ ਵਿਚਕਾਰ ਨਵੀਂ ਦਿੱਲੀ ਜਾਂ ਹਜ਼ਰਤ ਨਿਜ਼ਾਮੁਦੀਨ ਸਟੇਸ਼ਨ ਪਹੁੰਚਣ ਵਾਲੀਆਂ ਰੇਲ ਗੱਡੀਆਂ ਵੀ ਰੱਦ ਰਹਿਣਗੀਆਂ।
ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੱਦ ਕੀਤੇ ਜਾਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਹੋਣ ਵਾਲੀ ਔਖ ਨੂੰ ਲੈਕੇ ਰੇਲਵੇ ਦੇ ਫ਼ੈਸਲੇ ‘ਤੇ ਸਵਾਲ ਉੱਠ ਰਹੇ ਹਨ। ਰੇਲਵੇ ਦੇ ਸਾਬਕਾ ਅਧਿਕਾਰੀਆਂ, ਯਾਤਰੀ ਸੰਗਠਨਾਂ ਅਤੇ ਕਰਮਚਾਰੀ ਮਹਾਸੰਘਾਂ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ।
ਰੇਲਵੇ ਬੋਰਡ ਦੇ ਸਾਬਕਾ ਮੈਂਬਰ (ਇੰਜੀਨੀਅਰਿੰਗ) ਸੁਬੋਧ ਜੈਨ ਨੇ ਕਿਹਾ, “ਇੰਨੀ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੱਦ ਕਰਨਾ ਪ੍ਰਦਰਸ਼ਨਕਾਰੀਆਂ ਅੱਗੇ ਸਮਰਪਣ ਕਰਨ ਵਰਗਾ ਹੈ।”
ਆਲ ਇੰਡੀਆ ਰੇਲਵੇਮੈਨਜ਼ ਫੈਡਰੇਸ਼ਨ ਦੇ ਜਨਰਲ ਸਕੱਤਰ ਸ਼ਿਵ ਗੋਪਾਲ ਮਿਸ਼ਰਾ ਨੇ ਵੀ ਰੇਲਵੇ ਦੇ ਇਸ ਫ਼ੈਸਲੇ ਦੀ ਆਲੋਚਨਾ ਕੀਤੀ। ਉਨ੍ਹਾਂ ਨੇ ਸਮਾਚਾਰ ਏਜੰਸੀ ਪੀਟੀਆਈ ਨੂੰ ਕਿਹਾ, “ਦੇਸ਼ ਦੇ ਕਿਸੇ ਹਿੱਸੇ ਵਿੱਚ ਵਿਰੋਧ ਪ੍ਰਦਰਸ਼ਨ ਜਾਂ ਅੰਦੋਲਨ ਕਾਰਨ ਇੱਕੋ ਸਮੇਂ ਇੰਨੀ ਵੱਡੀ ਗਿਣਤੀ ਵਿੱਚ ਰੇਲ ਗੱਡੀਆਂ ਰੱਦ ਕੀਤੇ ਜਾਣ ਦੀ ਕੋਈ ਪਿਛਲੀ ਉਦਾਹਰਣ ਉਨ੍ਹਾਂ ਨੂੰ ਯਾਦ ਨਹੀਂ ਹੈ।”
ਉਨ੍ਹਾਂ ਕਿਹਾ ਕਿ ਅਚਾਨਕ ਰੇਲ ਗੱਡੀਆਂ ਰੱਦ ਹੋਣ ਕਾਰਨ ਹਜ਼ਾਰਾਂ ਯਾਤਰੀਆਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਦੂਜੇ ਪਾਸੇ, ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (ਡੀਐਮਆਰਸੀ) ਨੇ ਵੀ 45 ਮੈਟਰੋ ਸਟੇਸ਼ਨਾਂ ਦੇ ਐਂਟਰੀ ਅਤੇ ਐਗਜ਼ਿਟ ਗੇਟ ਬੰਦ ਕਰ ਦਿੱਤੇ ਹਨ।
ਪ੍ਰਦਰਸ਼ਨ ਤੋਂ ਠੀਕ ਪਹਿਲਾਂ ਜੰਤਰ-ਮੰਤਰ ਦਾ ਕੀ ਹੈ ਹਾਲ, ਤਸਵੀਰਾਂ ਵਿੱਚ ਦੇਖੋ
ਤਸਵੀਰ ਸਰੋਤ, ANI
ਕਾਕਰੋਚ ਜਨਤਾ ਪਾਰਟੀ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਪੁਲਿਸ ਨੇ ਜੰਤਰ-ਮੰਤਰ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਸੁਰੱਖਿਆ ਬਲਾਂ ਦੀ ਤਾਇਨਾਤੀ ਅਤੇ ਪਾਬੰਦੀਆਂ ਵਧਾ ਦਿੱਤੀਆਂ ਹਨ।
ਸਮਾਚਾਰ ਏਜੰਸੀ ਏਐਨਆਈ ਨੇ ਕੁਝ ਤਸਵੀਰਾਂ ਜਾਰੀ ਕੀਤੀਆਂ ਹਨ, ਜਿਨ੍ਹਾਂ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ, ਸੁਰੱਖਿਆ ਬਲ ਅਤੇ ਪੁਲਿਸ ਵੈਨਾਂ ਦਿਖਾਈ ਦੇ ਰਹੀਆਂ ਹਨ।
ਦਰਅਸਲ, ਸੀਜੇਪੀ ਦੀ ਅਗਵਾਈ ਹੇਠ ਹੋਣ ਵਾਲੇ ਇਸ ਪ੍ਰਦਰਸ਼ਨ ਲਈ ਇਜਾਜ਼ਤ ਨਹੀਂ ਮਿਲੀ ਸੀ। ਹਾਲਾਂਕਿ, ਸੀਜੇਪੀ ਆਗੂਆਂ ਦਾ ਕਹਿਣਾ ਹੈ ਕਿ ਉਹ ਜੰਤਰ-ਮੰਤਰ ਪਹੁੰਚਣਗੇ।
ਤਸਵੀਰ ਸਰੋਤ, ANI
ਪਾਰਟੀ ਦੇ ਸਹਿ-ਸੰਯੋਜਕ ਆਸ਼ੂਤੋਸ਼ ਰਾਂਕਾ ਨੇ ਸ਼ੁੱਕਰਵਾਰ ਰਾਤ ਨੂੰ ਕਿਹਾ ਸੀ ਕਿ ਉਹ ਇਤਿਹਾਸ ਰਚਣਗੇ।
ਆਸ਼ੂਤੋਸ਼ ਰਾਂਕਾ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖਿਆ ਸੀ, “ਡਿਯਰ ਕਾਕਰੋਚੇਜ਼! ਮੈਨੂੰ ਮਾਣ ਹੈ ਕਿ ਅਸੀਂ ਸਾਰਿਆਂ ਨੇ ਹੁਣ ਤੱਕ ਕਿੰਨਾ ਲੰਮਾ ਸਫ਼ਰ ਤੈਅ ਕੀਤਾ ਹੈ। ਭਾਵੇਂ ਕੁਝ ਵੀ ਹੋ ਜਾਵੇ, ਅਸੀਂ ਇਤਿਹਾਸ ਜ਼ਰੂਰ ਰਚਾਂਗੇ!”
ਉਨ੍ਹਾਂ ਲਿਖਿਆ, “ਬਸ ਇੱਕ ਗੱਲ ਯਾਦ ਰੱਖਣਾ—ਹੱਥ ਵਿੱਚ ਸੰਵਿਧਾਨ ਅਤੇ ਦਿਲ ਵਿੱਚ ਗਾਂਧੀ। ਕੁਝ ਵੀ ਹੋ ਜਾਵੇ, ਸਾਡਾ ਹੱਥ ਨਹੀਂ ਉੱਠੇਗਾ। ਭਾਰਤ ਮਾਤਾ ਦੀ ਜੈ।”
ਉਨ੍ਹਾਂ ਤੋਂ ਇਲਾਵਾ, ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ, ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਪ੍ਰਸ਼ਾਂਤ ਭੂਸ਼ਣ, ਸਮਾਜਿਕ-ਸਿਆਸੀ ਕਾਰਕੁਨ ਯੋਗੇਂਦਰ ਯਾਦਵ, ਆਇਸਾ ਦੇ ਪ੍ਰਧਾਨ ਨੇਹਾ ਬੋਰਾ ਅਤੇ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਨੇ ਵੀ ਲੋਕਾਂ ਨੂੰ ਇਕੱਠੇ ਹੋਣ ਦੀ ਅਪੀਲ ਕੀਤੀ ਹੈ।
ਸੀਜੇਪੀ ਦੇ ਪ੍ਰਦਰਸ਼ਨ ਵਿੱਚ ਕਿਹੜੀਆਂ ਧਿਰਾਂ ਹੋਣਗੀਆਂ ਸ਼ਾਮਿਲ
ਕਾਕਰੋਚ ਜਨਤਾ ਪਾਰਟੀ ਨੇ ਸ਼ਨੀਵਾਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਦਾ ਸੱਦਾ ਦਿੱਤਾ ਹੋਇਆ ਹੈ। ਪਾਰਟੀ ਨੇ ਸਾਰੇ ਵਿਰੋਧੀ ਦਲਾਂ ਨੂੰ ਇਸ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ।
ਖੱਬੇ ਪੱਖੀ ਪਾਰਟੀਆਂ (ਸੀਪੀਐੱਮ, ਸੀਪੀਆਈ, ਸੀਪੀਆਈ-ਐੱਮਐੱਲ, ਆਰਐੱਸਪੀ ਅਤੇ ਆਲ ਇੰਡੀਆ ਫਾਰਵਰਡ ਬਲਾਕ), ਆਮ ਆਦਮੀ ਪਾਰਟੀ ਅਤੇ ਮਮਤਾ ਬੈਨਰਜੀ ਦੀ ਅਗਵਾਈ ਵਾਲੀ ਤ੍ਰਿਣਮੂਲ ਕਾਂਗਰਸ ਇਸ ਪ੍ਰਦਰਸ਼ਨ ਵਿੱਚ ਸ਼ਾਮਲ ਹੋਣਗੀਆਂ। ਹਾਲਾਂਕਿ, ਕਾਂਗਰਸ ਇਸ ਪ੍ਰਦਰਸ਼ਨ ਤੋਂ ਦੂਰੀ ਬਣਾ ਕੇ ਰੱਖ ਰਹੀ ਹੈ। ਰਾਹੁਲ ਗਾਂਧੀ ਸ਼ਨੀਵਾਰ ਨੂੰ ‘ਵਿਦਿਆਰਥੀਆਂ ਦੀ ਗੂੰਜ’ ਦੇ ਅਗਲੇ ਪ੍ਰੋਗਰਾਮ ਵਿੱਚ ਸ਼ਾਮਲ ਹੋਣ ਲਈ ਚੇਨੱਈ ਵਿੱਚ ਹੋਣਗੇ।
ਉੱਥੇ ਹੀ, ਅਖਿਲੇਸ਼ ਯਾਦਵ ਨੇ ਸ਼ੁੱਕਰਵਾਰ ਨੂੰ ਹੀ ਕਹਿ ਦਿੱਤਾ ਸੀ ਕਿ ਉਨ੍ਹਾਂ ਦੀ ਪਾਰਟੀ ਦਾ ਸੀਜੇਪੀ ਨੂੰ ਨੈਤਿਕ ਸਮਰਥਨ ਹੈ।
ਤਸਵੀਰ ਸਰੋਤ, Abhishek Chinnappa/Getty Images
ਹੁਣ ਤੱਕ ਦਾ ਅਹਿਮ ਘਟਨਾਕ੍ਰਮ
- ਪਿਛਲੇ ਦਿਨੀਂ ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਸੀ ਕਿ ਗਿਆਨੇਸ਼ ਕੁਮਾਰ ਨੇ ਚੋਣ ਕਮਿਸ਼ਨ ਵਿੱਚ ਦੋ ਹੋਰ ਚੋਣ ਕਮਿਸ਼ਨਰਾਂ ਨੂੰ ਨਜ਼ਰਅੰਦਾਜ਼ ਕਰਦੇ ਹੋਏ, ਐਸਆਈਆਰ ਨਾਲ ਜੁੜੇ ਕਈ ਫ਼ੈਸਲੇ ਲਏ ਸਨ।
- ਇਸ ਰਿਪੋਰਟ ਤੋਂ ਚੋਣ ਕਮਿਸ਼ਨ ਨੇ ਬਾਅਦ ‘ਚ ਇਸ ਮੁੱਦੇ ‘ਤੇ ਸਪਸ਼ਟੀਕਰਨ ਵੀ ਦਿੱਤਾ, ਪਰ ਗਿਆਨੇਸ਼ ਕੁਮਾਰ ਖ਼ਿਲਾਫ਼ ਵਿਰੋਧੀ ਧਿਰ ਦੇ ਇਲਜ਼ਾਮ ਲਗਾਤਾਰ ਜਾਰੀ ਹਨ।
- ਗਿਆਨੇਸ਼ ਕੁਮਾਰ ‘ਤੇ ਵਿਰੋਧੀ ਪਾਰਟੀਆਂ, ਸਮਾਜਿਕ ਸੰਗਠਨਾਂ ਅਤੇ ਸੀਜੇਪੀ ਨੇ ਐਸਆਈਆਰ ਰਾਹੀਂ ਕਈ ਵੋਟਰਾਂ ਤੋਂ ਉਨ੍ਹਾਂ ਦੇ ਵੋਟ ਪਾਉਣ ਦੇ ਅਧਿਕਾਰ ਖੋਹਣ ਦਾ ਇਲਜ਼ਾਮ ਲਾਇਆ ਹੈ।
- ਸੀਜੇਪੀ ਨੇ 10 ਅਕਤੂਬਰ ਨੂੰ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਦਿੱਲੀ ਦੇ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ।
- ਇਸੇ ਸਿਲਸਿਲੇ ਵਿੱਚ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਨੇ ਇਲਜ਼ਾਮ ਲਾਇਆ ਕਿ ਦੇਸ਼ ਭਰ ਵਿੱਚੋਂ ਉਸ ਦੇ 10 ਹਜ਼ਾਰ ਸਮਰਥਕਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ।
- ਸੀਜੇਪੀ ਦੇ ਸਹਿ-ਸੰਸਥਾਪਕ ਸੌਰਵ ਦਾਸ ਨੇ ਐਕਸ ‘ਤੇ ਲਿਖਿਆ, “ਭਾਰਤ ਵਿੱਚ ਐਮਰਜੈਂਸੀ ਲਾ ਦਿੱਤੀ ਗਈ ਹੈ”।
- ਸੀਜੇਪੀ ਦੇ ਸੰਸਥਾਪਕ ਅਭਿਜੀਤ ਦੀਪਕੇ ਨੇ ਵੀਰਵਾਰ ਨੂੰ ਐਕਸ ‘ਤੇ ਇੱਕ ਪੋਸਟ ਵਿੱਚ ਦਾਅਵਾ ਕੀਤਾ, “ਤੇਲੰਗਾਨਾ ਦੇ ਸੀਜੇਪੀ ਕਾਰਕੁਨਾਂ ਨੂੰ ਭੋਪਾਲ ਵਿੱਚ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਮੱਧ ਪ੍ਰਦੇਸ਼ ਪੁਲਿਸ ਨੇ ਉਨ੍ਹਾਂ ਨੂੰ ਰੇਲ ਗੱਡੀ ਵਿੱਚੋਂ ਹਿਰਾਸਤ ਵਿੱਚ ਲਿਆ ਹੈ। ਇਹ ਸਪਸ਼ਟ ਤੌਰ ‘ਤੇ ਦਿਖਾਉਂਦਾ ਹੈ ਕਿ ਮੋਦੀ ਇੱਕ ਤਾਨਾਸ਼ਾਹ ਹਨ।”
ਤਸਵੀਰ ਸਰੋਤ, Rahul Gandhi/ YT
- ਦੂਜੇ ਪਾਸੇ ਪਾਸੇ, ਰੇਲਵੇ ਨੇ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਆਉਣ-ਜਾਣ ਵਾਲੀਆਂ ਦਰਜਨਾਂ ਰੇਲ ਗੱਡੀਆਂ ਰੱਦ ਕਰਨ ਦਾ ਫ਼ੈਸਲਾ ਕੀਤਾ ਹੈ।
- ਰੱਦ ਕੀਤੀਆਂ ਰੇਲ ਗੱਡੀਆਂ ਵਿੱਚ ਦਿੱਲੀ ਅਤੇ ਆਲੇ-ਦੁਆਲੇ ਦੇ ਇਲਾਕਿਆਂ ਨੂੰ ਜੋੜਨ ਵਾਲੀਆਂ ਲੋਕਲ ਰੇਲ ਗੱਡੀਆਂ ਤੋਂ ਇਲਾਵਾ ਕੋਲਕਾਤਾ, ਮੁੰਬਈ, ਪਟਨਾ, ਲਖਨਊ ਅਤੇ ਹੋਰ ਸ਼ਹਿਰਾਂ ਨਾਲ ਜੁੜੀਆਂ ਲੰਬੀ ਦੂਰੀ ਦੀਆਂ ਰੇਲ ਗੱਡੀਆਂ ਵੀ ਸ਼ਾਮਲ ਹਨ।
- ਹਾਲਾਂਕਿ, ਸੁਪਰੀਮ ਕੋਰਟ ਨੇ ਸੀਜੇਪੀ ਅਤੇ ਵਿਰੋਧੀ ਪਾਰਟੀਆਂ ਦੇ 10 ਅਕਤੂਬਰ ਦੇ ਪ੍ਰਦਰਸ਼ਨ ਤੋਂ ਪਹਿਲਾਂ ਦਿੱਲੀ ਆਉਣ ਵਾਲੀਆਂ ਰੇਲ ਗੱਡੀਆਂ ਅਤੇ ਮੈਟਰੋ ਸੇਵਾਵਾਂ ‘ਤੇ ਪੂਰੀ ਤਰ੍ਹਾਂ ਪਾਬੰਦੀ ਲਾਉਣ ਦੀ ਬਜਾਏ, ਉਨ੍ਹਾਂ ਨੂੰ ਨਿਯੰਤਰਿਤ ਢੰਗ ਨਾਲ ਚਲਾਉਣ ਦੇ ਨਿਰਦੇਸ਼ ਦਿੱਤੇ।
- ਬੀਤੇ ਦਿਨੀਂ, ਕਾਂਗਰਸ ਦੇ ਸੰਸਦ ਮੈਂਬਰ ਅਤੇ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨਾਲ ਮੁਲਾਕਾਤ ਤੋਂ ਬਾਅਦ ਉਨ੍ਹਾਂ ਦਾ ਧੰਨਵਾਦ ਕੀਤਾ ਹੈ।
- ਰਾਹੁਲ ਗਾਂਧੀ ਨੇ ਕਿਹਾ, “ਅਸੀਂ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਅਤੇ ਕਿਹਾ ਕਿ ਅਮਿਤ ਸ਼ਾਹ ਅਤੇ ਗਿਆਨੇਸ਼ ਕੁਮਾਰ ਨੇ ਦੇਸ਼ ਦੇ ਲੋਕਤੰਤਰ ਨੂੰ ਖ਼ਤਮ ਕਰਨ ਦੀ ਸਾਜ਼ਿਸ਼ ਰਚੀ ਹੈ। ਮੈਨੂੰ ਲੱਗ ਰਿਹਾ ਸੀ ਕਿ ਰਾਸ਼ਟਰਪਤੀ ਕਹਿਣਗੇ ਕਿ ਚੋਣਾਂ ਵਿੱਚ ਚੋਰੀ ਨਹੀਂ ਹੁੰਦੀ। ਪਰ ਰਾਸ਼ਟਰਪਤੀ ਨੇ ਸਾਡੀਆਂ ਗੱਲਾਂ ਸੁਣੀਆਂ। ਉਨ੍ਹਾਂ ਨੇ ਸਾਡੀਆਂ ਗੱਲਾਂ ਨੂੰ ਨਕਾਰਿਆ ਨਹੀਂ। ਅਸੀਂ ਹੈਰਾਨ ਰਹਿ ਗਏ। ਉਨ੍ਹਾਂ ਨੇ ਇਹ ਨਹੀਂ ਕਿਹਾ ਕਿ ਭਾਰਤ ਵਿੱਚ ਚੋਣਾਂ ਦੀ ਚੋਰੀ ਨਹੀਂ ਹੋ ਰਹੀ ਹੈ।”
- ਇਸ ਤੋਂ ਪਹਿਲਾਂ ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮੀਟਿੰਗ ਕੀਤੀ ਅਤੇ ਰਾਸ਼ਟਰਪਤੀ ਭਵਨ ਵੱਲ ਮਾਰਚ ਕੀਤਾ।
- ਰਾਹੁਲ ਗਾਂਧੀ ਨੇ ਰਾਸ਼ਟਰਪਤੀ ਭਵਨ ਤੋਂ ਬਾਹਰ ਆ ਕੇ ਕਿਹਾ, “ਸਾਨੂੰ ਚੋਣਾਂ ਵਿੱਚ ਚੋਰੀ ਦੇ ਸਬੂਤ ਦੇਣੇ ਹਨ। ਮੈਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਚੋਣਾਂ ਵਿੱਚ ਚੋਰੀ ਹੋ ਰਹੀ ਹੈ।”
- ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨਾਲ ਵਿਰੋਧੀ ਧਿਰਾਂ ਦਾ ਪ੍ਰਦਰਸ਼ਨ ਵੀ ਜਾਰੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



