Source :- BBC PUNJABI

ਨੌਜਵਾਨ ਕੋ ਯੋਂਗ ਹੂਈ (ਵਿਚਕਾਰ), ਖੱਬੇ ਪਾਸੇ ਕਿਮ ਜੋਂਗ ਉਨ, ਅਤੇ ਸੱਜੇ ਪਾਸੇ ਕਿਮ ਜੋਂਗ ਇਲ। ਤਿੰਨਾਂ ਦੇ ਪਿੱਛੇ ਇੱਕ ਜਾਪਾਨੀ ਝੰਡਾ (ਖੱਬੇ) ਅਤੇ ਇੱਕ ਉੱਤਰੀ ਕੋਰੀਅਨ ਝੰਡਾ

ਉੱਤਰੀ ਕੋਰੀਆ ਦੇ ਆਗੂ ਕਿਮ ਜੋਂਗ ਉਨ ਨਾਲ ਜੁੜੇ ਕਈ ਰਹੱਸਾਂ ਵਿੱਚੋਂ ਇੱਕ ਹੈ, ਉਨ੍ਹਾਂ ਦੀ ਆਪਣੀ ਮਾਂ ਬਾਰੇ ਚੁੱਪੀ, ਜੋ ਸਭ ਤੋਂ ਵੱਧ ਹੈਰਾਨ ਕਰਨ ਵਾਲੀ ਚੀਜ਼ ਹੈ।

ਸੱਤਾ ਵਿੱਚ ਆਪਣੇ 15 ਸਾਲਾਂ ਦੌਰਾਨ, ਕਿਮ ਨੇ ਜਨਤਕ ਤੌਰ ‘ਤੇ ਆਪਣੇ ਮਾਤਾ ਦਾ ਨਾਮ ਇੱਕ ਵਾਰ ਵੀ ਨਹੀਂ ਲਿਆ।

ਇਸ ਵਿਰਾਸਤੀ ਤਾਨਾਸ਼ਾਹੀ ਦੀ ਵੈਧਤਾ “ਮਾਊਂਟ ਪੈਕਟੂ” ਵੰਸ਼ ‘ਤੇ ਟਿਕੀ ਹੋਈ ਹੈ, ਜਿਸਦਾ ਨਾਮ ਕੋਰੀਅਨ ਪ੍ਰਾਇਦੀਪ ਦੇ ਸਭ ਤੋਂ ਉੱਚੇ ਪਹਾੜ ਦੇ ਨਾਮ ‘ਤੇ ਰੱਖਿਆ ਗਿਆ ਹੈ।

ਇਸ ਪਹਾੜ ਨੂੰ ਕੋਰੀਅਨ ਲੋਕਾਂ ਦਾ ਮਿਥਿਹਾਸਕ ਜਨਮ ਸਥਾਨ ਮੰਨਿਆ ਜਾਂਦਾ ਹੈ ਅਤੇ ਇਹੀ ਉਹ ਥਾਂ ਹੈ, ਜਿੱਥੇ ਸੰਸਥਾਪਕ ਪਿਤਾ ਕਿਮ ਇਲ ਸੁੰਗ ਨੇ ਜਾਪਾਨੀ ਬਸਤੀਵਾਦੀਆਂ ਵਿਰੁੱਧ ਗੁਰੀਲਾ ਗਤੀਵਿਧੀਆਂ ਚਲਾਈਆਂ ਸਨ।

ਇਸ ਸ਼ਾਸਨ ਦੀ ਵੰਸ਼ ਪਰੰਪਰਾ ਦੀਆਂ ਪਿਛਲੀਆਂ ਦੋ ਮਾਤਾਵਾਂ, ਦੇਸ਼ ਦੇ ਸੰਸਥਾਪਕ ਪਿਤਾ ਕਿਮ ਇਲ ਸੁੰਗ ਦੇ ਮਾਤਾ ਕਾਂਗ ਪਾਨ ਸੋਕ ਅਤੇ ਕਿਮ ਜੋਂਗ ਇਲ ਦੇ ਮਾਤਾ ਕਿਮ ਜੋਂਗ ਸੁਕ, ਦੀ “ਕੋਰੀਆ ਦੀਆਂ ਮਾਤਾਵਾਂ” ਵਜੋਂ ਪੂਜਾ ਕੀਤੀ ਜਾਂਦੀ ਸੀ। ਪਰ ਉਨ੍ਹਾਂ ਦੇ ਉਲਟ ਕੋ ਯੋਂਗ ਹੂਈ ਇੱਕ ਗੁਮਨਾਮ ਸ਼ਖ਼ਸੀਅਤ ਹਨ। ਉਨ੍ਹਾਂ ਦੇ ਸਨਮਾਨ ਵਿੱਚ ਕਿਸੇ ਵੀ ਚੀਜ਼ ਦਾ ਨਾਮ ਨਹੀਂ ਰੱਖਿਆ ਗਿਆ ਹੈ।

ਕੋ ਯੋਂਗ ਹੂਈ ਬਾਰੇ ਇਹ ਚੁੱਪੀ ਸ਼ਾਇਦ ਉਨ੍ਹਾਂ ਦੇ “ਦਾਗ਼ਦਾਰ ਸਮਾਜਿਕ ਪਿਛੋਕੜ” ਅਤੇ “ਮਿਸਟ੍ਰੇਸ” (mistress) ਵਜੋਂ ਉਨ੍ਹਾਂ ਦੀ ਹੈਸਿਅਤ ਕਾਰਨ ਹੋ ਸਕਦੀ ਹੈ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਗੱਲਾਂ ਇਸ ਸ਼ਾਸਨ ਲਈ ਖ਼ਤਰਾ ਬਣ ਸਕਦੀਆਂ ਹਨ।

ਕੋ ਯੋਂਗ ਹੂਈ, ਸ਼ਾਇਦ 30 ਜਾਂ 40 ਦੀ ਉਮਰ ਵਿੱਚ

ਤਸਵੀਰ ਸਰੋਤ, Cheong Seong-chang

ਜੀਵਨੀਕਾਰਾਂ ਵੱਲੋਂ ਇਕੱਠੀ ਕੀਤੀ ਗਈ ਜਾਣਕਾਰੀ ਅਨੁਸਾਰ, ਕੋ ਦਾ ਜਨਮ 1952 ਵਿੱਚ ਜਪਾਨ ਦੇ ਓਸਾਕਾ ਵਿੱਚ ਹੋਇਆ ਸੀ। ਉਨ੍ਹਾਂ ਦੇ ਮਾਤਾ-ਪਿਤਾ ਮੂਲ ਰੂਪ ਵਿੱਚ ਅੱਜ ਦੇ ਦੱਖਣੀ ਕੋਰੀਆ, ਜੋ ਉਸ ਵੇਲੇ ਦੁਸ਼ਮਣ ਦੇਸ਼ ਸੀ, ਦੇ ਜੇਜੂ ਟਾਪੂ ਦੇ ਵਸਨੀਕ ਸਨ।

ਜਪਾਨ ਦੇ ਵਸਨੀਕ ਹੋਣ ਦੇ ਨਾਤੇ, ਕੋ ਦੇ ਪਰਿਵਾਰ ਨੂੰ “ਜ਼ਾਇਨਿਚੀ ਕੋਰੀਅਨ” ਕਿਹਾ ਜਾਂਦਾ ਸੀ। ਇਹ ਉਹ ਲੋਕ ਸਨ ਜੋ 1910 ਤੋਂ 1945 ਦੇ ਵਿਚਕਾਰ ਜਪਾਨੀ ਬਸਤੀਵਾਦੀ ਸ਼ਾਸਨ ਦੌਰਾਨ ਇਸ ਪ੍ਰਾਇਦੀਪ ਤੋਂ ਨਿਕਲ ਕੇ ਜਾਪਾਨ ਜਾ ਵਸੇ ਸਨ।

ਉੱਤਰੀ ਕੋਰੀਆ ਵਾਪਸ ਆਉਣ ਵਾਲੇ ਇਨ੍ਹਾਂ ਲੋਕਾਂ ਨੂੰ ਸ਼ੁਰੂ ਵਿੱਚ ਈਰਖੇ ਵਾਲੀ ਨਜ਼ਰ ਨਾਲ ਦੇਖਿਆ ਜਾਂਦਾ ਸੀ, ਕਿਉਂਕਿ ਉਹ ਆਪਣੇ ਨਾਲ ਇਸ ਪੂੰਜੀਵਾਦੀ ਗੁਆਂਢੀ ਦੇਸ਼ ਤੋਂ ਨਕਦੀ, ਕੱਪੜੇ ਅਤੇ ਘਰੇਲੂ ਸਮਾਨ ਲਿਆਏ ਸਨ।

ਪਰ ਉਨ੍ਹਾਂ ਨੂੰ “ਜਜੇਪੋ” ਕਹਿ ਕੇ ਵੀ ਬੁਲਾਇਆ ਜਾਂਦਾ ਸੀ। ਇਹ ਇੱਕ ਅਪਮਾਨਜਨਕ ਸ਼ਬਦ ਸੀ, ਜਿਸਦਾ ਇਸਤੇਮਾਲ ਅਜਿਹੇ ਲੋਕਾਂ ਦੇ ਸਮੂਹ ਲਈ ਕੀਤਾ ਜਾਂਦਾ ਸੀ, ਜਿਨ੍ਹਾਂ ਨੂੰ ਵਿਦੇਸ਼ੀ ਅਤੇ ਖ਼ਤਰਨਾਕ ਵਿਚਾਰਧਾਰਾਵਾਂ ਨਾਲ “ਦੂਸ਼ਿਤ” ਮੰਨਿਆ ਜਾਂਦਾ ਸੀ।

ਉੱਤਰੀ ਕੋਰੀਆ ਦੀ ਸਖ਼ਤ ਸਮਾਜਿਕ ਵਰਗੀਕਰਨ ਪ੍ਰਣਾਲੀ ਨੂੰ “ਸੋਂਗਬੁਨ” ਕਿਹਾ ਜਾਂਦਾ ਹੈ। ਇਸਦੇ ਤਹਿਤ, ਜ਼ਾਇਨਿਚੀ ਕੋਰੀਅਨ ਲੋਕ “ਅਸਥਿਰ ਵਰਗ” (wavering class) ਵਿੱਚ ਆਉਂਦੇ ਹਨ। ਇਹ ਵਰਗ “ਮੁੱਖ ਵਰਗ” (core class) ਅਤੇ “ਵਿਰੋਧੀ ਵਰਗ” (hostile class) ਦੇ ਵਿਚਕਾਰ ਦਾ ਵਰਗ ਹੁੰਦਾ ਹੈ।

ਇਨ੍ਹਾਂ ਲੋਕਾਂ ‘ਤੇ ਸਰਕਾਰ ਦੀ ਸਖ਼ਤ ਨਿਗਰਾਨੀ ਰਹਿੰਦੀ ਹੈ ਅਤੇ ਅਕਸਰ ਉਨ੍ਹਾਂ ਨੂੰ ਚੰਗੀਆਂ ਯੂਨੀਵਰਸਿਟੀਆਂ ਵਿੱਚ ਦਾਖ਼ਲਾ ਜਾਂ ਚੰਗੀਆਂ ਨੌਕਰੀਆਂ ਨਹੀਂ ਦਿੱਤੀਆਂ ਜਾਂਦੀਆਂ।

ਉੱਤਰੀ ਕੋਰੀਆ ਇੱਕ ਅਜਿਹਾ ਸਮਾਜ ਹੈ, ਜਿੱਥੇ ਉੱਚ-ਨੀਚ ਦਾ ਵਿਤਕਰਾ ਬਹੁਤ ਜ਼ਿਆਦਾ ਹੈ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਹ ਸਮਾਜ ਕਾਫ਼ੀ ਹੱਦ ਤੱਕ ਭਾਰਤ ਦੀ “ਜਾਤੀ ਪ੍ਰਣਾਲੀ” ਵਰਗਾ ਹੀ ਹੈ।

ਡੋਂਗਯਾਂਗ ਯੂਨੀਵਰਸਿਟੀ ਦੇ ਡਾਕਟਰ ਜਿਉਂਗ ਯੰਗ ਤਾਏ ਕਹਿੰਦੇ ਹਨ ਕਿ ਇਹ ਇੱਕ ਅਜਿਹਾ “ਤੰਤਰ” ਹੈ, ਜਿਸ ਵਿੱਚ ਕਿਸੇ ਵਿਅਕਤੀ ਨੂੰ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਕੀਤੇ ਕੰਮਾਂ ਲਈ ਵੀ ਸਜ਼ਾ ਦਿੱਤੀ ਜਾਂਦੀ ਹੈ।

‘ਸਿੰਡਰੇਲਾ’ ਦੀ ਕਹਾਣੀ

ਕੋ ਯੋਂਗ ਹੂਈ (ਸਾਹਮਣੇ, ਸੱਜੇ) ਕੁਲੀਨ ਮਨਸੁਦੇ ਆਰਟ ਟਰੂਪ ਦੇ ਮੈਂਬਰ ਸਨ

ਤਸਵੀਰ ਸਰੋਤ, Yoji Gomi

ਜਦੋਂ ਕੋ ਲਗਭਗ 10 ਸਾਲ ਦੇ ਸਨ, ਤਾਂ ਉਨ੍ਹਾਂ ਦਾ ਪਰਿਵਾਰ ਉੱਤਰੀ ਕੋਰੀਆ ਆ ਗਿਆ।

ਉਨ੍ਹਾਂ ਦਾ ਪਰਿਵਾਰ, ਉਨ੍ਹਾਂ ਅੰਦਾਜ਼ਨ 93,000 ਕੋਰੀਅਨ ਲੋਕਾਂ ਵਿੱਚੋਂ ਸੀ, ਜੋ 1959 ਅਤੇ 1984 ਦੇ ਵਿਚਕਾਰ ਜਪਾਨ ਤੋਂ ਇਸ ਕਮਿਊਨਿਸਟ ਦੇਸ਼ ਵਿੱਚ ਚਲੇ ਗਏ ਸਨ।

ਇਹ ਸਭ “ਧਰਤੀ ‘ਤੇ ਸਵਰਗ” (Paradise on Earth) ਮੁਹਿੰਮ ਤਹਿਤ ਹੋਇਆ ਸੀ। ਇਹ ਇੱਕ ਅਜਿਹੀ ਯੋਜਨਾ ਸੀ, ਜਿਸ ਨੇ ਵਾਪਸ ਆਉਣ ਵਾਲਿਆਂ ਨੂੰ ਮੁਫ਼ਤ ਸਿਹਤ ਸੇਵਾ, ਸਿੱਖਿਆ ਅਤੇ ਨੌਕਰੀਆਂ ਨਾਲ ਭਰੀ ਇੱਕ ਖੁਸ਼ਹਾਲ ਜ਼ਿੰਦਗੀ ਦਾ ਵਾਅਦਾ ਕੀਤਾ ਸੀ।

ਪਰ ਕੋ ਲਈ, ਉਸ ਮੁਸ਼ਕਿਲ ਅਤੇ ਗਰੀਬੀ ਭਰੀ ਜ਼ਿੰਦਗੀ ਤੋਂ ਬਚ ਨਿਕਲਣ ਵਿੱਚ ਕਾਮਯਾਬ ਰਹੇ, ਜੋ ਉਨ੍ਹਾਂ ਦੇ ਸਾਥੀ ਜ਼ਾਇਨਿਚੀ ਕੋਰੀਅਨ ਲੋਕਾਂ ਦਾ ਇੰਤਜ਼ਾਰ ਕਰ ਰਹੀ ਸੀ। ਅਜਿਹਾ ਇਸ ਲਈ ਹੋਇਆ ਕਿਉਂਕਿ ਉਨ੍ਹਾਂ ਨੇ ਉਸ ਵੇਲੇ ਦੇ ਆਗੂ ਕਿਮ ਜੋਂਗ ਇਲ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਸੀ।

ਭਾਵੇਂ ਕਿਮ ਨੇ ਆਪਣੀ ਪਤਨੀ ਜਾਂ ਸਾਥੀ ਨੂੰ ਕਦੇ ਵੀ ਜਨਤਕ ਤੌਰ ‘ਤੇ ਸਾਹਮਣੇ ਨਹੀਂ ਲਿਆਂਦਾ, ਪਰ ਖੁਫ਼ੀਆ ਜਾਣਕਾਰੀ ਤੋਂ ਪਤਾ ਲੱਗਦਾ ਹੈ ਕਿ ਉਸ ਸਮੇਂ ਉਨ੍ਹਾਂ ਦਾ ਵਿਆਹ ਪਹਿਲਾਂ ਹੀ ਕਿਮ ਯੰਗ ਸੂਕ ਨਾਲ ਹੋ ਚੁੱਕਾ ਸੀ। ਕਿਮ ਯੰਗ ਸੂਕ ਇੱਕ ਉੱਚ ਅਹੁਦੇ ਵਾਲੇ ਫੌਜੀ ਅਧਿਕਾਰੀ ਦੇ ਧੀ ਸਨ ਅਤੇ ਉਨ੍ਹਾਂ ਨੂੰ ਕਿਮ ਇਲ ਸੁੰਗ (ਕਿਮ ਜੋਂਗ ਇਲ ਦੇ ਪਿਤਾ) ਨੇ ਖੁਦ ਚੁਣਿਆ ਸੀ।

ਕੋ, ਕੁਲੀਨ ਮਾਨਸੁਡੇ ਆਰਟ ਟਰੂਪ ਦੇ ਮੈਂਬਰ ਸਨ, ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ “ਕੁਦਰਤੀ ਸੁੰਦਰਤਾ ਅਤੇ ਨੱਚਣ ਦੇ ਹੁਨਰ” ਕਾਰਨ ਕਿਮ ਦਾ ਧਿਆਨ ਉਨ੍ਹਾਂ ਵੱਲ ਖਿੱਚਿਆ ਗਿਆ। ਇਹ ਗੱਲ ਇੱਕ ਜਪਾਨੀ ਪੱਤਰਕਾਰ ਯੋਜੀ ਗੋਮੀ ਨੇ ਕਹੀ, ਜਿਨ੍ਹਾਂ ਨੇ 2025 ਵਿੱਚ ਕੋ ਬਾਰੇ ਇੱਕ ਕਿਤਾਬ ਪ੍ਰਕਾਸ਼ਿਤ ਕੀਤੀ।

ਭਾਵੇਂ ਉਨ੍ਹਾਂ ਦਾ ਵਿਆਹ ਕਦੇ ਵੀ ਸੁਪਰੀਮ ਲੀਡਰ ਨਾਲ ਨਹੀਂ ਹੋਇਆ ਅਤੇ ਉਨ੍ਹਾਂ ਦੇ ਰਿਸ਼ਤੇ ਨੂੰ ਸਰਕਾਰ ਨੇ ਕਦੇ ਸਵੀਕਾਰ ਨਹੀਂ ਕੀਤਾ, ਫਿਰ ਵੀ ਕੋ ਅਜਿਹੀ ਜ਼ਿੰਦਗੀ ਜੀਣ ਵਿੱਚ ਕਾਮਯਾਬ ਰਹੇ ਜਿਸਨੂੰ ਗੋਮੀ “ਸਿੰਡਰੇਲਾ ਵਰਗੀ ਜ਼ਿੰਦਗੀ” ਕਹਿੰਦੇ ਹਨ।

ਰਿਪੋਰਟਾਂ ਦੱਸਦੀਆਂ ਹਨ ਕਿ ਕਿਮ ਨੂੰ ਕੋ ਨਾਲ ਡੂੰਘਾ ਪਿਆਰ ਹੋ ਗਿਆ ਸੀ ਅਤੇ ਬਾਅਦ ਵਿੱਚ ਕੋ ਨੇ ਦੇਸ਼ ਦੀ ਸਿਆਸਤ ਵਿੱਚ ਵੀ ਦਿਲਚਸਪੀ ਲੈਣੀ ਸ਼ੁਰੂ ਕਰ ਦਿੱਤੀ ਸੀ।

ਪਰ, ਜਿੱਥੇ ਉਨ੍ਹਾਂ ਦੇ ਅਧਿਕਾਰਤ ਪਤਨੀ ਰਾਜਧਾਨੀ ਪਿਓਂਗਯਾਂਗ ਵਿੱਚ ਰਹਿੰਦੇ ਸਨ, ਉੱਥੇ ਹੀ ਕੋ ਅਤੇ ਉਨ੍ਹਾਂ ਦੇ ਤਿੰਨੋਂ ਬੱਚਿਆਂ ਨੂੰ 210 ਕਿਲੋਮੀਟਰ (130 ਮੀਲ) ਦੂਰ, ਵੋਂਸਾਨ ਨਾਮ ਦੇ ਸਮੁੰਦਰੀ ਕੰਢੇ ਵੱਸੇ ਸ਼ਹਿਰ ਵਿੱਚ ਰੱਖਿਆ ਗਿਆ ਸੀ।

ਨੌਰਦਰਨ ਰਿਸਰਚ ਐਸੋਸੀਏਸ਼ਨ ਦੇ ਕਿਮ ਹਿਉਂਗ-ਸੂ ਕਹਿੰਦੇ ਹਨ, “ਕਿਮ ਜੋਂਗ ਉਨ ਅਧਿਕਾਰਤ ਪਤਨੀ ਦੇ ਬੱਚੇ ਨਹੀਂ ਹਨ। ਉਹ ਅਸਲ ਵਿੱਚ ਕੋ ਯੋਂਗ ਹੂਈ ਦੇ ‘ਨਾਜਾਇਜ਼ ਪੁੱਤਰ’ ਹਨ।”

“[ਸਰਕਾਰ ਦੀ] ਪੈਕਟੂ ਵੰਸ਼ ਪਰੰਪਰਾ ਨੂੰ ਪਵਿੱਤਰ ਮੰਨਿਆ ਜਾਂਦਾ ਹੈ, ਇਸ ਲਈ ਇਹ ਸੋਚਣਾ ਵੀ ਅਸੰਭਵ ਹੈ ਕਿ ਆਗੂ ਕਿਸੇ ‘ਜਜੇਪੋ’ (ਜਪਾਨ ਵਿੱਚ ਜਨਮੇ ਕੋਰੀਅਨ) ਦਾ ਪੁੱਤਰ ਹੋ ਸਕਦਾ ਹੈ।”

ਉੱਤਰੀ ਕੋਰੀਆ ਵਿੱਚ ਵਿਆਹ ਤੋਂ ਬਾਹਰ ਪੈਦਾ ਹੋਏ ਬੱਚਿਆਂ ਨੂੰ ਬਹੁਤ ਜ਼ਿਆਦਾ ਸਮਾਜਿਕ ਕਲੰਕ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਦੇਸ਼, ਆਪਣੀ ਕਮਿਊਨਿਸਟ ਦਿੱਖ ਦੇ ਬਾਵਜੂਦ, ਅੱਜ ਵੀ ਕਨਫਿਊਸ਼ੀਅਸ ਮਾਨਤਾਵਾਂ ਵਿੱਚ ਡੂੰਘਾਈ ਨਾਲ ਡੁੱਬਿਆ ਹੋਇਆ ਹੈ। ਜਾਣਕਾਰਾਂ ਦਾ ਕਹਿਣਾ ਹੈ ਕਿ ਲੋਕਾਂ ਨੂੰ ਆਪਣੀ ਵਿਚਾਰਧਾਰਾ ਵਿੱਚ ਢਾਲਣ ਲਈ, ਮਾਤਾ-ਪਿਤਾ ਪ੍ਰਤੀ ਆਦਰ ਅਤੇ ਵਫ਼ਾਦਾਰੀ ਵਰਗੀਆਂ ਧਾਰਨਾਵਾਂ ਦਾ ਇਸਤੇਮਾਲ ਕੀਤਾ ਗਿਆ ਹੈ।

ਕੋ ਯੋਂਗ ਹੂਈ, ਚਿੱਟੀ ਪੋਸ਼ਾਕ ਵਿੱਚ ਅਤੇ ਬਾਲਕ ਕਿਮ ਜੋਂਗ ਉਨ, ਫੌਜੀ ਵਰਦੀ ਵਿੱਚ

ਤਸਵੀਰ ਸਰੋਤ, Cheong Seong-chang

ਗੋਮੀ ਇੱਕ ਹੋਰ ਕਾਰਨ ਦੱਸਦੇ ਹਨ ਕਿ ਕਿਮ ਜੋਂਗ ਉਨ ਦਾ ਪਾਲਣ-ਪੋਸ਼ਣ ਰਾਜਧਾਨੀ ਤੋਂ ਦੂਰ ਹੋਇਆ। ਉਸ ਸਮੇਂ, ਵੋਂਸਾਨ ਅਤੇ ਜਪਾਨ ਦੇ ਵਿਚਕਾਰ ਇੱਕ ਫੈਰੀ ਚੱਲਦੀ ਸੀ, ਜਿਸ ਕਾਰਨ ਉਨ੍ਹਾਂ ਲਈ ਉਸ ਜਹਾਜ਼ ਤੋਂ ਆਉਣ ਵਾਲੇ ਲੋਕਾਂ ਨਾਲ ਮਿਲਣਾ ਅਤੇ ਜਾਪਾਨੀ ਸਮਾਨ ਹਾਸਲ ਕਰਨਾ ਆਸਾਨ ਹੋ ਜਾਂਦਾ ਸੀ।

ਉਹ ਕਹਿੰਦੇ ਹਨ, “ਕੋ ਨੂੰ ਜਪਾਨ ਵਿੱਚ ਆਪਣੇ ਘਰ ਦੀ ਬਹੁਤ ਯਾਦ ਆਉਂਦੀ ਸੀ ਅਤੇ ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਾਪਾਨੀ ਭਾਸ਼ਾ ਸਿਖਾਈ।”

ਕੇਂਜੀ ਫੁਜੀਮੋਟੋ, ਇੱਕ ਸੁਸ਼ੀ ਸ਼ੈਫ਼ ਜਿਨ੍ਹਾਂ ਨੇ 1988 ਤੋਂ 2001 ਤੱਕ ਕਿਮ ਜੋਂਗ ਇਲ ਦੀ ਸੇਵਾ ਕੀਤੀ, ਨੇ ਆਪਣੀ ਕਿਤਾਬ ਵਿੱਚ ਲਿਖਿਆ ਹੈ ਕਿ ਕਿਮ ਜੋਂਗ ਉਨ “ਜਾਪਾਨੀ ਗਾਣੇ ਗਾਉਣ ਵਿੱਚ ਚੰਗੇ ਸਨ” ਅਤੇ “ਜਪਾਨ ਦੀ ਉੱਨਤ ਅਰਥਵਿਵਸਥਾ ਤੋਂ ਈਰਖਾ ਕਰਦੇ ਸਨ।”

ਉਸ ਸਮੇਂ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਜਾਪਾਨੀ ਮੀਡੀਆ ਅਨੁਸਾਰ, ਕਿਮ ਜੋਂਗ ਉਨ ਨੇ ਆਪਣੇ ਵੱਡੇ ਭਰਾ ਨਾਲ ਜਾਪਾਨ ਦੇ ਟੋਕੀਓ ਡਿਜ਼ਨੀਲੈਂਡ ਦੀ ਯਾਤਰਾ ਵੀ ਕੀਤੀ ਸੀ।

ਗੋਮੀ ਕਹਿੰਦੇ ਹਨ ਕਿ ਕੋ ਨੇ ਵੀ ਆਪਣੇ ਸਕੱਤਰ ਨਾਲ ਵੱਖਰੇ ਤੌਰ ‘ਤੇ ਜਪਾਨ ਦੀ ਯਾਤਰਾ ਕੀਤੀ ਸੀ।

ਉੱਤਰਾਧਿਕਾਰ

ਉੱਤਰੀ ਕੋਰੀਆ ਦੇ ਇੱਕ ਦੇਸ਼ ਨਿਕਾਲਾ ਦਿੱਤੇ ਗਏ ਡਿਪਲੋਮੈਟ ਰਯੂ ਹਿਉਨ-ਵੂ ਨੇ ਆਪਣੀ ਕਿਤਾਬ ‘ਕਿਮ ਜੋਂਗ ਉਨ ਦੀ ਗੁਪਤ ਤਿਜੋਰੀ’ (Kim Jong Un’s Secret Vault) ਵਿੱਚ ਲਿਖਿਆ ਹੈ, “ਕੋ ਯੋਂਗ ਹੂਈ ਨੂੰ ਕਿਮ ਇਲ ਸੁੰਗ ਨੇ ਕਦੇ ਵੀ ਆਪਣੀ ਨੂੰਹ ਨਹੀਂ ਮੰਨਿਆ।”

ਸੇਜੋਂਗ ਇੰਸਟੀਚਿਊਟ ਦੇ ਡਾਕਟਰ ਚੇਓਂਗ ਸੇਓਂਗ-ਚਾਂਗ ਕਹਿੰਦੇ ਹਨ ਕਿ ਜੇ ਕੋ, ਕਿਮ ਇਲ ਸੁੰਗ ਦਾ ਭਰੋਸਾ ਜਿੱਤਣ ਵਿੱਚ ਕਾਮਯਾਬ ਹੋ ਜਾਂਦੇ, ਤਾਂ ਕਿਮ ਇਲ ਸੁੰਗ ਅਤੇ ਉਨ੍ਹਾਂ ਦੇ ਪੋਤੇ ਜੋਂਗ ਉਨ ਦੀਆਂ ਤਸਵੀਰਾਂ ਹਰ ਥਾਂ ਦੂਰ-ਦੂਰ ਤੱਕ ਖੂਬ ਫੈਲਾਈਆਂ ਜਾਂਦੀਆਂ।

ਪਰ, ਭਾਵੇਂ ਅਜਿਹਾ ਨਹੀਂ ਹੋਇਆ, ਫਿਰ ਵੀ ਕੋ ਨੇ ਕਿਮ ਜੋਂਗ ਇਲ ਦਾ ਭਰੋਸਾ ਜਿੱਤ ਲਿਆ। ਉਨ੍ਹਾਂ ਨੇ ਦੇਸ਼ ਦੀ ‘ਵਾਸਤਵਿਕ ਪਹਿਲੀ ਮਹਿਲਾ’ (de-facto first lady – ਭਾਵ ਕਾਨੂੰਨੀ ਤੌਰ ‘ਤੇ ਤਾਂ ਨਹੀਂ ਪਰ ਫਰਸਟ ਲੇਡੀ ਦੀਆਂ ਭੂਮਿਕਾਵਾਂ ਨਿਭਾਉਣ ਵਾਲੀ ਮਹਿਲਾ) ਦੀ ਭੂਮਿਕਾ ਨਿਭਾਈ। ਉਹ ਆਪਣੇ ਪਤੀ ਨਾਲ ਫੌਜੀ ਨਿਰੀਖਣਾਂ ‘ਤੇ ਗਏ ਅਤੇ ਉਨ੍ਹਾਂ ਦੇ ਸਾਥੀਆਂ ਨਾਲ ਦੋਸਤੀ ਕੀਤੀ।

ਕਿਮ ਕੋਈ ਵੀ ਨੀਤੀਗਤ ਫ਼ੈਸਲਾ ਲੈਣ ਤੋਂ ਪਹਿਲਾਂ ਉਨ੍ਹਾਂ ਦੀ ਰਾਇ ਵੀ ਲੈਂਦੇ ਸਨ, ਅਜਿਹਾ ਉਨ੍ਹਾਂ ਦੇ ਰਸੋਈਏ ਫੁਜੀਮੋਟੋ ਨੇ ਲਿਖਿਆ ਹੈ।

ਸਾਲ 2011 ਵਿੱਚ ਕਿਮ ਜੋਂਗ ਇਲ ਦੀ ਮੌਤ ਤੋਂ ਬਾਅਦ ਬਣੀ ਇੱਕ ਅਧਿਕਾਰਕ ਡਾਕੂਮੈਂਟਰੀ ਵਿੱਚ ਕੋ ਨੂੰ ਉਸ ਸਮੇਂ ਦੇ ਸੁਪ੍ਰੀਮ ਲੀਡਰ ਨਾਲ ਸਥਾਨਕ ਦੌਰਿਆਂ ‘ਤੇ ਜਾਂਦੇ ਹੋਏ ਦਿਖਾਇਆ ਗਿਆ ਸੀ। ਹਾਲਾਂਕਿ, ਉਸ ਵਿੱਚ ਨਾ ਤਾਂ ਉਨ੍ਹਾਂ ਦਾ ਨਾਮ ਦੱਸਿਆ ਗਿਆ ਸੀ ਅਤੇ ਨਾ ਹੀ ਉਨ੍ਹਾਂ ਦੇ ‘ਸੋਂਗਬੁਨ’ (ਸਮਾਜਿਕ ਦਰਜੇ) ਬਾਰੇ ਕੁਝ ਕਿਹਾ ਗਿਆ ਸੀ।

ਡਾਕਟਰ ਚੇਓਂਗ ਦੱਸਦੇ ਹਨ ਕਿ ਇਸ ਡਾਕੂਮੈਂਟਰੀ ਨੂੰ ਕਦੇ ਵੀ ਆਮ ਲੋਕਾਂ ਲਈ ਜਾਰੀ ਨਹੀਂ ਕੀਤਾ ਗਿਆ। ਜੂਨ 2012 ਵਿੱਚ ਇਸ ਨੂੰ ਸਿਰਫ਼ ਪਾਰਟੀ ਦੇ ਸੀਨੀਅਰ ਅਧਿਕਾਰੀਆਂ ਨੂੰ ਹੀ ਦਿਖਾਇਆ ਗਿਆ ਸੀ। ਹਾਲਾਂਕਿ, ਬਾਅਦ ਵਿੱਚ ਇਹ ਲੀਕ ਹੋ ਗਈ ਅਤੇ ਤਸਕਰੀ ਕਰਕੇ ਲਿਆਂਦੀਆਂ ਗਈਆਂ ਯੂਐਸਬੀ ਡਰਾਈਵਾਂ ਰਾਹੀਂ ਆਮ ਨਾਗਰਿਕਾਂ ਤੱਕ ਵੀ ਪਹੁੰਚ ਗਈ।

ਉਹ ਕਹਿੰਦੇ ਹਨ, “ਜਿਵੇਂ-ਜਿਵੇਂ ਇਹ ਡਾਕੂਮੈਂਟਰੀ ਫੈਲੀ… ਕੋ ਯੋਂਗ ਹੂਈ ਬਾਰੇ ਲੋਕਾਂ ਦੀ ਜਿਗਿਆਸਾ ਬਹੁਤ ਵਧ ਗਈ, ਇਸ ਲਈ ਸਰਕਾਰ ਨੇ ਤੁਰੰਤ [ਇਸ ਡਾਕੂਮੈਂਟਰੀ ਨੂੰ] ਵਾਪਸ ਲੈ ਲਿਆ।”

ਉਹ ਅੱਗੇ ਕਹਿੰਦੇ ਹਨ ਕਿ ਕੋ ਦੇ ਪਿਛਲੇ ਜੀਵਨ (ਪਿਛੋਕੜ) ਕਾਰਨ ਸ਼ਾਸਨ ਦੀ ਜਾਇਜ਼ਤਾ ‘ਤੇ ਸਵਾਲ ਖੜ੍ਹੇ ਹੋ ਸਕਦੇ ਸਨ।

ਕਿਮ ਜੋਂਗ ਉਨ

ਤਸਵੀਰ ਸਰੋਤ, KCNA via EPA

ਫਿਰ ਅਜਿਹਾ ਕਿਵੇਂ ਹੋਇਆ ਕਿ ਉਸ ਪ੍ਰੇਮਿਕਾ ਦੇ ਦੂਜੇ ਪੁੱਤਰ ਯਾਨੀ ਕਿਮ ਜੋਂਗ ਇਲ ਦੇ ਸਭ ਤੋਂ ਛੋਟੇ ਪੁੱਤਰ ਨੂੰ ਸੱਤਾ ਦਾ ਉੱਤਰਾਧਿਕਾਰ ਮਿਲ ਗਿਆ?

ਕਈ ਜੀਵਨੀਕਾਰ ਮੰਨਦੇ ਹਨ ਕਿ ਕੋ ਨੇ ਹੀ ਕਿਮ ਜੋਂਗ ਉਨ ਨੂੰ ਉੱਤਰਾਧਿਕਾਰ ਲਈ ਤਿਆਰ ਕੀਤਾ ਸੀ।

ਸੀਨੀਅਰ ਪੱਤਰਕਾਰ ਅੰਨਾ ਫ਼ਿਫ਼ੀਲਡ ਨੇ ਆਪਣੀ ਕਿਤਾਬ, ‘ਦਿ ਗ੍ਰੇਟ ਸਕਸੈਸਰ: ਦਿ ਸੀਕ੍ਰੇਟ ਰਾਈਜ਼ ਐਂਡ ਰੂਲ ਆਫ਼ ਕਿਮ ਜੋਂਗ ਉਨ’ ਵਿੱਚ ਲਿਖਿਆ ਹੈ ਕਿ ਕੋ ਦੀ ਛੋਟੀ ਭੈਣ ਨੇ ਉਨ੍ਹਾਂ ਨੂੰ ਕਿਹਾ ਸੀ ਕਿ ਕਿਮ ਜੋਂਗ ਉਨ ਨੂੰ ਹੀ ਅਗਲੇ ਆਗੂ ਹੋਣੇ ਚਾਹੀਦੇ ਹਨ, ਨਹੀਂ ਤਾਂ ਉਨ੍ਹਾਂ ਦੇ ਪੂਰੇ ਪਰਿਵਾਰ ‘ਤੇ ਖ਼ਤਰਾ ਮੰਡਰਾ ਸਕਦਾ ਹੈ।

ਗੋਜੀ, ਜਿਨ੍ਹਾਂ ਨੇ ਕਈ ਸਾਲਾਂ ਤੱਕ ਕਿਮ ਜੋਂਗ ਇਲ ਦੇ ਸਭ ਤੋਂ ਵੱਡੇ ਪੁੱਤਰ, ਕਿਮ ਜੋਂਗ ਨੈਮ ਨਾਲ ਈਮੇਲ ਰਾਹੀਂ ਗੱਲਬਾਤ ਕੀਤੀ ਸੀ, ਦੱਸਦੇ ਹਨ ਕਿ ਕਿਮ ਜੋਂਗ ਨੈਮ ਸ਼ੁਰੂ ਵਿੱਚ ਹੀ ਆਪਣੇ ਪਿਤਾ ਦੀਆਂ ਨਜ਼ਰਾਂ ਤੋਂ ਡਿੱਗ ਗਏ ਸਨ। ਇਸ ਦੀ ਵਜ੍ਹਾ ਇਹ ਸੀ ਕਿ ਉਨ੍ਹਾਂ ਨੇ ਉੱਤਰੀ ਕੋਰੀਆ ਵਿੱਚ ਚੱਲ ਰਹੇ ਵਿਰਾਸਤੀ ਉਤਰਾਧਿਕਾਰ ‘ਤੇ ਸਵਾਲ ਉਠਾਏ ਸਨ ਅਤੇ ਸੁਧਾਰਾਂ ਦੀ ਵਕਾਲਤ ਕੀਤੀ ਸੀ।

ਜੋਂਗ ਨੈਮ ਦੇ ਸਿਆਸੀ ਵਿਚਾਰ ਸ਼ਾਇਦ ਵਿਦੇਸ਼ ਵਿੱਚ ਬਿਤਾਏ ਗਏ ਇੱਕ ਦਹਾਕੇ ਦੀ ਪੜ੍ਹਾਈ ਦਾ ਨਤੀਜਾ ਸਨ। ਉਹ ਫ਼ਰੈਂਚ ਅਤੇ ਅੰਗਰੇਜ਼ੀ, ਦੋਵੇਂ ਭਾਸ਼ਾਵਾਂ ਵਿੱਚ ਬਹੁਤ ਚੰਗੀ ਤਰ੍ਹਾਂ ਗੱਲ ਕਰ ਲੈਂਦੇ ਸਨ। ਇਸ ਤੋਂ ਇਲਾਵਾ, ਕੈਸੀਨੋ ਵਿੱਚ ਵਾਰ-ਵਾਰ ਜਾਣ ਅਤੇ ਆਪਣੀ ਐਸ਼ੋ-ਆਰਾਮ ਵਾਲੀ ਜੀਵਨਸ਼ੈਲੀ ਕਾਰਨ ਉਨ੍ਹਾਂ ਦੀ ਛਵੀ ਇੱਕ ‘ਜਸ਼ਨਬਾਜ਼’ ਵਿਅਕਤੀ ਵਜੋਂ ਵੀ ਬਣ ਗਈ ਸੀ।

ਜੋਂਗ ਨੈਮ ਦੇ ਉੱਤਰੀ ਕੋਰੀਆ ਵਾਪਸ ਆਉਣ ਤੋਂ ਬਾਅਦ, ਕੋ ਯੋਂਗ ਹੂਈ ਵੱਲੋਂ ਆਪਣੇ ਬੱਚਿਆਂ ਨੂੰ ਉੱਤਰਾਧਿਕਾਰੀ ਬਣਾਉਣ ਦੀ ਤਿਆਰੀ ਕਰਨ ਦੀਆਂ ਅਫ਼ਵਾਹਾਂ ਜਾਰੀ ਰਹੀਆਂ। ਪਰ ਇੱਕ ਸਾਬਕਾ ਡਿਪਲੋਮੈਟ ਰਯੂ ਦੀ ਕਿਤਾਬ ਅਨੁਸਾਰ, ਉਨ੍ਹਾਂ ਦੇ ਸਭ ਤੋਂ ਵੱਡੇ ਪੁੱਤਰ, ਜੋਂਗ ਚੁਲ ਨੂੰ ਅਫ਼ੀਮ ਦੀ ਬਹੁਤ ਜ਼ਿਆਦਾ ਲਤ ਕਾਰਨ ਉੱਤਰਾਧਿਕਾਰੀ ਦੀ ਦੌੜ ਤੋਂ ਬਾਹਰ ਕਰ ਦਿੱਤਾ ਗਿਆ ਸੀ।

ਉਨ੍ਹਾਂ ਨੇ ਦੱਸਿਆ ਕਿ ਇੱਕ ਵਾਰ ਤੜਕ ਸਵੇਰ ਜੋਂਗ ਚੁਲ ਨੇ ਉਨ੍ਹਾਂ ਦਾ ਦਰਵਾਜ਼ਾ ਜ਼ੋਰ-ਜ਼ੋਰ ਨਾਲ ਖੜਕਾਇਆ ਅਤੇ ਅਫ਼ੀਮ ਦੀ ਮੰਗ ਕੀਤੀ।

ਜਾਣਕਾਰਾਂ ਦਾ ਕਹਿਣਾ ਹੈ ਕਿ ਕਿਮ ਜੋਂਗ ਉਨ ਆਪਣੀ ਲੀਡਰਸ਼ਿਪ ਸਮਰੱਥਾ ਅਤੇ ਮੁਕਾਬਲੇਬਾਜ਼ ਸੁਭਾਅ ਕਾਰਨ ਆਪਣੇ ਪਿਤਾ ਦੇ ਪਸੰਦੀਦਾ ਬਣ ਗਏ।

ਜਦੋਂ ਕਿਮ ਅਤੇ ਉਨ੍ਹਾਂ ਦੇ ਵੱਡੇ ਭਰਾ ਸਵਿਟਜ਼ਰਲੈਂਡ ਵਿੱਚ ਪੜ੍ਹਾਈ ਕਰ ਰਹੇ ਸਨ, ਤਾਂ ਉਨ੍ਹਾਂ ਦੀ ਦੇਖਭਾਲ ਦੀ ਜ਼ਿੰਮੇਵਾਰੀ ਕੋ ਦੀ ਭੈਣ ਅਤੇ ਉਸਦੇ ਪਤੀ ਨੂੰ ਸੌਂਪੀ ਗਈ ਸੀ।

ਪਰ 1998 ਵਿੱਚ ਜਦੋਂ ਕੋ ਨੂੰ ਬ੍ਰੈਸਟ ਕੈਂਸਰ ਹੋਣ ਦਾ ਪਤਾ ਲੱਗਿਆ, ਤਾਂ ਇਹ ਜੋੜਾ ਅਮਰੀਕਾ ਭੱਜ ਗਿਆ। 2016 ਦੇ ਵਾਸ਼ਿੰਗਟਨ ਪੋਸਟ ਦੇ ਇੱਕ ਲੇਖ ਵਿੱਚ ਉਨ੍ਹਾਂ ਦਾ ਇੰਟਰਵਿਊ ਲਿਆ ਗਿਆ ਸੀ। ਉਸ ਲੇਖ ਦੇ ਅਨੁਸਾਰ, ਉਨ੍ਹਾਂ ਨੂੰ ਚਿੰਤਾ ਸੀ ਕਿ “ਸ਼ਾਸਨ ਨੂੰ ਹੁਣ ਉਨ੍ਹਾਂ ਦੀ ਜ਼ਿਆਦਾ ਲੋੜ ਨਹੀਂ ਰਹੇਗੀ।”

ਭਾਵੇਂ ਕਿਮ ਜੋਂਗ ਉਨ ਉੱਤਰਾਧਿਕਾਰੀ ਬਣ ਗਏ, ਪਰ ਉਨ੍ਹਾਂ ਦੇ ਡਰ ਸ਼ਾਇਦ ਸਹੀ ਹੀ ਸਨ। ਸੱਤਾ ਵਿੱਚ ਆਉਣ ਤੋਂ ਬਾਅਦ, ਉਨ੍ਹਾਂ ਦੇ ਇੱਕ ਚਾਚੇ ਨੂੰ ਫਾਂਸੀ ਦੇ ਦਿੱਤੀ ਗਈ, ਜਦਕਿ ਜੋਂਗ ਨੈਮ ਦੀ ਮਲੇਸ਼ੀਆ ਵਿੱਚ ਹੱਤਿਆ ਕਰ ਦਿੱਤੀ ਗਈ।

‘ਸ਼ੱਕ ਅੱਗ ਵਾਂਗ ਫੈਲ ਸਕਦਾ ਹੈ’

ਕੋ ਯੋਂਗ ਹੂਈ

ਤਸਵੀਰ ਸਰੋਤ, Yoji Gomi

ਕੋ ਦਾ ਦੇਹਾਂਤ ਕਿਮ ਜੋਂਗ ਇਲ ਤੋਂ ਪਹਿਲਾਂ ਹੀ ਹੋ ਗਿਆ ਸੀ, ਪਰ ਪੈਰਿਸ ਦੇ ਇੱਕ ਹਸਪਤਾਲ ਵਿੱਚ ਹੋਈ ਉਨ੍ਹਾਂ ਦੀ ਮੌਤ ਦਾ ਜ਼ਿਕਰ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਵਿੱਚ ਕਿਤੇ ਵੀ ਨਹੀਂ ਕੀਤਾ ਗਿਆ।

ਜਾਣਕਾਰਾਂ ਦਾ ਕਹਿਣਾ ਹੈ ਕਿ ਕਿਮ ਜੋਂਗ ਉਨ ਦਾ ਗੁਪਤ ਵੰਸ਼ ਸ਼ਾਇਦ ਇੱਕ ਕਾਰਨ ਹੋ ਸਕਦਾ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਦੇ ਦਾਦਾ ਅਤੇ ਪਿਤਾ ਦੇ ਜਨਮਦਿਨ ਦੀ ਤਰ੍ਹਾਂ ਉਨ੍ਹਾਂ ਦੇ ਜਨਮਦਿਨ ਨੂੰ ਰਾਸ਼ਟਰੀ ਛੁੱਟੀ ਘੋਸ਼ਿਤ ਨਹੀਂ ਕੀਤਾ ਗਿਆ ਹੈ।

ਉਨ੍ਹਾਂ ਦੇ ਜਨਮ ਵੱਲ ਧਿਆਨ ਜਾਣ ਨਾਲ ਉਨ੍ਹਾਂ ਦੇ ਮਾਤਾ ਅਤੇ ਇਸ ਗੱਲ ਨੂੰ ਲੈਕੇ ਕਈ ਮੁਸ਼ਕਲ ਸਵਾਲ ਖੜ੍ਹੇ ਹੋ ਸਕਦੇ ਹਨ ਕਿ ਉਨ੍ਹਾਂ ਨੂੰ ਪਿਓਂਗਯਾਂਗ ਤੋਂ ਬਾਹਰ ਕਿਉਂ ਪਾਲਿਆ-ਪੋਸਿਆ ਗਿਆ।

ਖੋਜਕਰਤਾ ਕਿਮ ਕਹਿੰਦੇ ਹਨ, “ਸੱਚ ਸਾਹਮਣੇ ਆਉਣ ‘ਤੇ ਸ਼ੱਕ ਅੱਗ ਵਾਂਗ ਫੈਲ ਸਕਦਾ ਹੈ।”

ਸਾਬਕਾ ਡਿਪਲੋਮੈਟ ਰਯੂ ਨੇ ਲਿਖਿਆ ਹੈ ਕਿ ਭਾਵੇਂ ਕਿਮ ਜੋਂਗ ਉਨ ਉੱਤਰੀ ਕੋਰੀਆ ਦੀ ਸੱਤਾ ਦੇ ਸਿਖਰ ‘ਤੇ ਹੋਣ, ਪਰ ਤਕਨੀਕੀ ਤੌਰ ‘ਤੇ ਉਨ੍ਹਾਂ ਦਾ ‘ਸੋਂਗਬੁਨ’ (ਸਮਾਜਿਕ ਦਰਜਾ) ਜ਼ਾਇਨਿਚੀ ਕੋਰੀਅਨ ਲੋਕਾਂ ਅਤੇ ਦੇਸ਼ ਛੱਡ ਕੇ ਭੱਜੇ ਲੋਕਾਂ ਨਾਲ ਸਬੰਧਾਂ ਕਾਰਨ ਸਮਾਜਿਕ ਕ੍ਰਮ ਵਿੱਚ ਕਾਫ਼ੀ ਹੇਠਾਂ ਮੰਨਿਆ ਜਾਵੇਗਾ।

ਚੇਓਂਗ ਦਾ ਤਰਕ ਹੈ ਕਿ ਕਿਮ ਜੋਂਗ ਉਨ ਦੇ ਮਾਤਾ-ਪਿਤਾ ਨਾਲ ਜੁੜੀ ਗੋਪਨੀਯਤਾ ਹੀ ਸ਼ਾਇਦ ਉਹ ਕਾਰਨ ਹੈ, ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੇ ਆਪਣੇ ਸ਼ਾਸਨ ਦੀ ਸ਼ੁਰੂਆਤ ਵਿੱਚ ਹੀ ਆਪਣੀ ਪਤਨੀ ਰੀ ਸੋਲ ਜੂ ਨੂੰ ਜਨਤਕ ਤੌਰ ‘ਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ ਅਤੇ ਅਜਿਹਾ ਪ੍ਰਤੀਤ ਹੁੰਦਾ ਹੈ ਕਿ ਉਹ ਆਪਣੀ ਧੀ ਜੂ ਏਈ ਨੂੰ ਭਵਿੱਖ ਦੇ ਉੱਤਰਾਧਿਕਾਰੀ ਵਜੋਂ ਤਿਆਰ ਕਰ ਰਹੇ ਹਨ।

ਦੱਖਣੀ ਕੋਰੀਆ ਦੀ ਖੁਫ਼ੀਆ ਏਜੰਸੀ ਅਨੁਸਾਰ, ਇੱਕ ਕੁਲੀਨ ਪਰਫ਼ਾਰਮੈਂਸ ਗਰੁੱਪ ਦੀ ਸਾਬਕਾ ਗਾਇਕਾ ਰੀ, ਪਿਓਂਗਯਾਂਗ ਦੇ ਇੱਕ ਉੱਚ-ਮੱਧ ਵਰਗੀ ਪਰਿਵਾਰ ਨਾਲ ਸਬੰਧਤ ਹਨ। ਕੁਝ ਰਿਪੋਰਟਾਂ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਪਿਤਾ ਇੱਕ ਯੂਨੀਵਰਸਿਟੀ ਵਿੱਚ ਪ੍ਰੋਫ਼ੈਸਰ ਸਨ। ਉਨ੍ਹਾਂ ਨੂੰ ਸਰਕਾਰ ਵੱਲੋਂ ਚੀਨ ਵਿੱਚ ਸ਼ਾਸਤਰੀ ਗਾਇਨ ਸਿੱਖਣ ਲਈ ਭੇਜਿਆ ਗਿਆ ਸੀ – ਜੋ ਕਿ ਇੱਕ ਚੰਗੇ ‘ਸੋਂਗਬੁਨ’ (ਸਮਾਜਿਕ ਦਰਜੇ) ਦਾ ਸੰਕੇਤ ਹੈ।

ਕੀ ਕਿਮ ਜੋਂਗ ਉਨ ਕਦੇ ਆਪਣੀ ਮਾਂ ਦੇ ਮੂਲ ਬਾਰੇ ਖੁਲਾਸਾ ਕਰਨਗੇ?

ਇਹ ਇੱਕ ਮੁਸ਼ਕਲ ਕੰਮ ਹੋਵੇਗਾ, ਇੱਥੋਂ ਤੱਕ ਕਿ ਉੱਤਰੀ ਕੋਰੀਆ ਦੇ ਪ੍ਰੋਪੇਗੈਂਡਾ ਮਸ਼ੀਨ ਲਈ ਵੀ।

ਸਿਖਰਲੀ ਤਸਵੀਰ ਅਤੇ ਫੈਮਿਲੀ ਗ੍ਰਾਫਿਕਸ – ਪੂਰਬੀ ਏਸ਼ੀਆ ਵਿਜ਼ੂਅਲ ਜਰਨਲਿਜ਼ਮ ਦੇ ਐਂਡਰੋ ਸੈਣੀ

ਐਡੀਸ਼ਨਲ ਰਿਪੋਰਟਿੰਗ – ਗ੍ਰੇਸ ਤਸੋਈ ਅਤੇ ਲੈਗਨੀ ਬੈਰਨ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI