Home rss national punjabi2ਰਾਸ਼ਟਰੀ ਖ਼ਬਰਾਂ ਕੀ ਪਾਰਟਨਰ ਦੇ ਘੁਰਾੜਿਆਂ ਕਾਰਨ ਤੁਹਾਡੀ ਨੀਂਦ ਖ਼ਰਾਬ ਹੁੰਦੀ ਹੈ, ਜਾਣੋ ਇਸ...

ਕੀ ਪਾਰਟਨਰ ਦੇ ਘੁਰਾੜਿਆਂ ਕਾਰਨ ਤੁਹਾਡੀ ਨੀਂਦ ਖ਼ਰਾਬ ਹੁੰਦੀ ਹੈ, ਜਾਣੋ ਇਸ ਦਾ ਤੁਹਾਡੀ ਸਿਹਤ ‘ਤੇ ਕੀ ਅਸਰ ਪੈ ਸਕਦਾ ਹੈ

4
0

Source :- BBC PUNJABI

ਪਾਰਟਨਰ ਦੇ ਘੁਰਾੜਿਆਂ ਤੋਂ ਪਰੇਸ਼ਾਨ ਮਹਿਲਾ

ਤਸਵੀਰ ਸਰੋਤ, Getty Images

ਕੀ ਤੁਹਾਡਾ ਪਾਰਟਨਰ ਵੀ ਸੌਂਦੇ ਸਮੇਂ ਘੁਰਾੜੇ ਮਾਰਦਾ ਜਾਂ ਮਾਰਦੀ ਹੈ ਅਤੇ ਕੀ ਇਸ ਕਾਰਨ ਅਗਲੇ ਦਿਨ ਤੁਹਾਨੂੰ ਤਣਾਅ, ਧਿਆਨ ਨਾ ਲੱਗਣ ਜਾਂ ਚੀਜ਼ਾਂ ਭੁੱਲਣ ਵਰਗੀ ਪਰੇਸ਼ਾਨੀ ਮਹਿਸੂਸ ਹੁੰਦੀ ਹੈ?

ਘੁਰਾੜੇ ਲੈਣਾ ਇੱਕ ਆਮ ਗੱਲ ਹੈ, ਇਸ ਲਈ ਅਕਸਰ ਇਸ ਦਾ ਇਲਾਜ ਨਹੀਂ ਕਰਵਾਇਆ ਜਾਂਦਾ ਅਤੇ ਇਸ ਨੂੰ ਸਿਰਫ਼ ਇੱਕ ਮਾਮੂਲੀ ਪਰੇਸ਼ਾਨੀ ਮੰਨ ਕੇ ਨਜ਼ਰਅੰਦਾਜ਼ ਕਰ ਦਿੱਤਾ ਜਾਂਦਾ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਘੁਰਾੜੇ ਲੈਣ ਵਾਲੇ ਵਿਅਕਤੀ ਕੋਲ ਸੌਣ ਨਾਲ ਤੁਹਾਡੀ ਸਿਹਤ ‘ਤੇ ਅਸਰ ਪੈ ਸਕਦਾ ਹੈ।

ਡੈਂਟਲ ਸਲੀਪ ਮੈਡੀਸਨ ਵਿੱਚ ਖਾਸ ਦਿਲਚਸਪੀ ਰੱਖਣ ਵਾਲੀ ਡੈਂਟਿਸਟ ਡਾਕਟਰ ਕਲੇਅਰ ਸਾਈਮਨ ਦੱਸਦੇ ਹਨ ਕਿ ਘੁਰਾੜੇ ਉਦੋਂ ਆਉਂਦੇ ਹਨ, ਜਦੋਂ ਸੌਂਦੇ ਸਮੇਂ ਸਾਡੇ ਉੱਪਰਲੇ ਏਅਰਵੇਅ (ਸਾਹ ਦੀ ਨਲੀ) ਦੇ ਨਰਮ ਟਿਸ਼ੂ ਵਿੱਚ ਕੰਪਨ ਹੁੰਦੀ ਹੈ।

ਬ੍ਰਿਟਿਸ਼ ਸਨੋਰਿੰਗ ਐਂਡ ਸਲੀਪ ਐਪਨੀਆ ਐਸੋਸੀਏਸ਼ਨ (ਬੀਐੱਸਐੱਸਏਏ) ਦੇ ਅਨੁਸਾਰ, ਯੂਕੇ ਦੀ ਲਗਭਗ 40% ਬਾਲਗ ਆਬਾਦੀ ਘੁਰਾੜੇ ਲੈਂਦੀ ਹੈ ਅਤੇ ਇਹ ਸਮੱਸਿਆ ਮਹਿਲਾਵਾਂ ਦੇ ਮੁਕਾਬਲੇ ਮਰਦਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੀ ਹੈ।

ਸਲੀਪ ਫਾਊਂਡੇਸ਼ਨ ਦੇ ਇੱਕ ਅਮਰੀਕੀ ਸਰਵੇਖਣ ਦੇ ਅਨੁਸਾਰ, ਘੁਰਾੜੇ ਲੈਣ ਵਾਲੇ ਪਾਰਟਨਰ ਨਾਲ ਰਹਿਣ ਵਾਲੇ 75% ਲੋਕਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਨੀਂਦ ‘ਤੇ ਇਸ ਦਾ ਅਸਰ ਪਿਆ ਹੈ।

ਆਓ ਜਾਣਦੇ ਹਾਂ ਕਿ ਪਾਰਟਨਰ ‘ਤੇ ਇਸ ਦਾ ਕੀ ਅਸਰ ਪੈਂਦਾ ਹੈ ਅਤੇ ਤੁਸੀਂ ਇਸ ਬਾਰੇ ਕੀ ਕਰ ਸਕਦੇ ਹੋ।

ਧਿਆਨ ਅਤੇ ਯਾਦਦਾਸ਼ਤ

ਪ੍ਰੋਫੈਸਰ ਐਮਾ ਜੋਹਲ

ਤਸਵੀਰ ਸਰੋਤ, Professor Ama Johal

ਏਰੋਕਸ ਹੈਲਥ ਵਿੱਚ ਕਨਸਲਟੈਂਟ ਆਰਥੋਡੌਂਟਿਸਟ ਅਤੇ ਸਲੀਪ ਐਕਸਪਰਟ ਪ੍ਰੋਫੈਸਰ ਐਮਾ ਜੋਹਲ ਦੱਸਦੇ ਹਨ ਕਿ ਘੁਰਾੜੇ ਲੈਣ ਵਾਲੇ ਵਿਅਕਤੀ ਦੇ ਪਾਰਟਨਰ ‘ਤੇ ਇੰਨਾ ਬੁਰਾ ਅਸਰ ਪੈ ਸਕਦਾ ਹੈ ਕਿ ਉਨ੍ਹਾਂ ਨੂੰ ਮਜਬੂਰਨ ਦੂਜੇ ਕਮਰੇ ਵਿੱਚ ਜਾ ਕੇ ਸੌਣਾ ਪੈਂਦਾ ਹੈ, ਕਿਉਂਕਿ ਉਨ੍ਹਾਂ ਨੂੰ ਨੀਂਦ ਦੀ ਲੋੜ ਹੁੰਦੀ ਹੈ।

ਉਹ ਅੱਗੇ ਕਹਿੰਦੇ ਹਨ, “ਇਨਸਾਨ ਹੋਣ ਦੇ ਨਾਤੇ, ਇਸ ਜ਼ਰੂਰੀ ਚੀਜ਼ (ਨੀਂਦ) ਤੋਂ ਬਿਨਾਂ ਅਸੀਂ ਸਰੀਰਕ ਤੌਰ ‘ਤੇ ਠੀਕ ਤਰ੍ਹਾਂ ਕੰਮ ਨਹੀਂ ਕਰ ਸਕਦੇ।”

ਰਾਤ ਵੇਲੇ ਅਸੀਂ ਨੀਂਦ ਦੇ ਵੱਖ-ਵੱਖ ਪੜਾਵਾਂ ਵਿੱਚੋਂ ਲੰਘਦੇ ਹਾਂ, ਜੋ ਇੱਕ ਪੈਟਰਨ ਵਿੱਚ ਦੁਹਰਾਏ ਜਾਂਦੇ ਹਨ, ਆਮ ਤੌਰ ‘ਤੇ ਹਰ 90 ਮਿੰਟ ਵਿੱਚ।

ਇਸ ਚੱਕਰ ਦੇ ਡੂੰਘੇ ਪੜਾਅ ਸਰੀਰਕ ਰਿਕਵਰੀ ਲਈ ਜ਼ਰੂਰੀ ਹੁੰਦੇ ਹਨ।

ਬ੍ਰਿਟਿਸ਼ ਸਨੋਰਿੰਗ ਐਂਡ ਸਲੀਪ ਐਪਨੀਆ ਐਸੋਸੀਏਸ਼ਨ, ਯੂਕੇ

ਬੀਐੱਸਐੱਸਏਏ ਦਾ ਕਹਿਣਾ ਹੈ ਕਿ ਜੇ ਨੀਂਦ ਵਾਰ-ਵਾਰ ਟੁੱਟਦੀ ਹੈ, ਤਾਂ ਤੁਸੀਂ ਰਿਕਵਰੀ ਵਾਲੇ ਪੜਾਵਾਂ ਵਿੱਚ ਘੱਟ ਸਮਾਂ ਬਿਤਾ ਪਾਉਂਦੇ ਹੋ। ਇਸ ਦਾ ਮਤਲਬ ਹੈ ਕਿ ਬਿਸਤਰ ‘ਤੇ ਢੁੱਕਵਾਂ ਸਮਾਂ ਬਿਤਾਉਣ ਦੇ ਬਾਵਜੂਦ ਤੁਸੀਂ ਥਕਾਵਟ ਮਹਿਸੂਸ ਕਰ ਸਕਦੇ ਹੋ।

ਸੌਂਦੇ ਸਮੇਂ ਤੁਹਾਡਾ ਦਿਮਾਗ ਦਿਨ ਭਰ ਦੀ ਜਾਣਕਾਰੀ ਨੂੰ ਪ੍ਰੋਸੈਸ ਅਤੇ ਸਟੋਰ ਕਰਦਾ ਹੈ। ਘੁਰਾੜੇ ਲੈਣ ਵਾਲੇ ਪਾਰਟਨਰ ਕਾਰਨ ਵਾਰ-ਵਾਰ ਜਾਗਣ ‘ਤੇ ਤੁਸੀਂ ਟੁਕੜਿਆਂ ਵਿੱਚ ਨੀਂਦ ਲੈਂਦੇ ਹੋ, ਜੋ ਕਿ ਜਾਣਕਾਰੀ ਨੂੰ ਪ੍ਰੋਸੈਸ ਅਤੇ ਸਟੋਰ ਕਰਨ ਦੀ ਪ੍ਰਕਿਰਿਆ ਵਿੱਚ ਰੁਕਾਵਟ ਪਾ ਸਕਦਾ ਹੈ, ਜਿਸ ਨਾਲ ਤੁਹਾਡੇ ਧਿਆਨ ਅਤੇ ਯਾਦਦਾਸ਼ਤ ‘ਤੇ ਅਸਰ ਪੈ ਸਕਦਾ ਹੈ।

ਨੀਂਦ ਵਿੱਚ ਵਿਘਨ ਪੈਣਾ, ਹਾਰਮੋਨਜ਼ ਦੀ ਰੈਗੂਲੇਸ਼ਨ ‘ਤੇ ਵੀ ਅਸਰ ਪਾ ਸਕਦਾ ਹੈ, ਜਿਸ ਨਾਲ ਤੁਹਾਡੇ ਐਨਰਜੀ ਲੈਵਲ (ਊਰਜਾ) ਅਤੇ ਮੋਟੀਵੇਸ਼ਨ ‘ਤੇ ਪ੍ਰਭਾਵ ਪੈਂਦਾ ਹੈ।

ਨੀਂਦ, ਦਿਮਾਗ ਦੇ ਉਨ੍ਹਾਂ ਸਿਸਟਮਾਂ ਨੂੰ ਰੈਗੂਲੇਟ ਕਰਨ ਵਿੱਚ ਵੀ ਭੂਮਿਕਾ ਨਿਭਾਉਂਦੀ ਹੈ ਜੋ ਤਣਾਅ ਅਤੇ ਭਾਵਨਾਤਮਕ ਪ੍ਰਤੀਕਿਰਿਆ ਨਾਲ ਜੁੜੇ ਹੁੰਦੇ ਹਨ। ਜਦੋਂ ਇਸ ਵਿੱਚ ਰੁਕਾਵਟ ਆਉਂਦੀ ਹੈ, ਤਾਂ ਇਹ ਸਿਸਟਮ ਅਸੰਤੁਲਿਤ ਹੋ ਸਕਦੇ ਹਨ, ਜਿਸ ਨਾਲ ਤੁਸੀਂ ਜ਼ਿਆਦਾ ਚਿੜਚਿੜੇ ਹੋ ਸਕਦੇ ਹੋ ਅਤੇ ਤਣਾਅ ਦਾ ਸਾਹਮਣਾ ਕਰਨ ਦੀ ਸਮਰੱਥਾ ਘਟ ਸਕਦੀ ਹੈ।

ਮੇਗ ਕਹਿੰਦੇ ਹਨ ਕਿ ਆਪਣੇ ਪਾਰਟਨਰ ਦੇ ਘੁਰਾੜਿਆਂ ਕਾਰਨ ਜਦੋਂ ਉਹ ਜਾਗਦੇ ਸਨ ਤਾਂ

ਤਸਵੀਰ ਸਰੋਤ, Meg Warren

29 ਸਾਲ ਦੀ ਮੇਗ ਵੌਰੇਨ ਨੇ ਵੀ ਅਜਿਹਾ ਹੀ ਤਜਰਬਾ ਕੀਤਾ ਸੀ, ਜਦੋਂ ਉਨ੍ਹਾਂ ਦੇ ਪਾਰਟਨਰ (ਹੁਣ ਉਹ ਨਾਲ ਨਹੀਂ ਹਨ) ਦੇ ਘੁਰਾੜਿਆਂ ਕਾਰਨ ਉਨ੍ਹਾਂ ਦੀ ਨੀਂਦ ਖੁੱਲ੍ਹ ਜਾਂਦੀ ਸੀ।

ਉਹ ਕਹਿੰਦੇ ਹਨ, “ਹਰ ਵਾਰ, ਘੁਰਾੜਿਆਂ ਕਾਰਨ ਨੀਂਦ ਖੁੱਲ੍ਹਣ ਤੋਂ ਬਾਅਦ ਮੈਂ ਬਹੁਤ ਜ਼ਿਆਦਾ ਚੌਕੰਨਾ ਮਹਿਸੂਸ ਕਰਦੀ ਸੀ।”

ਇੱਕ ਚੈਰਿਟੀ ਮੀਡੀਆ ਅਫ਼ਸਰ, ਮੇਗ ਰਾਤ ਭਰ ਉਨ੍ਹਾਂ ਨੂੰ ਹਿਲਾਉਂਦੇ ਰਹਿੰਦੇ ਸਨ ਅਤੇ ਉਨ੍ਹਾਂ ਨੂੰ ਪਿੱਠ ਦੇ ਬਲ ਸੌਣ ਦੀ ਬਜਾਏ ਕਰਵਟ ਲੈ ਕੇ ਸੌਣ ਲਈ ਮਨਾਉਣ ਦੀ ਕੋਸ਼ਿਸ਼ ਕਰਦੇ ਸਨ।

ਉਹ ਕਹਿੰਦੇ ਹਨ ਕਿ ਜਦੋਂ ਉਹ ਜਾਗਦੇ ਸਨ ਤਾਂ “ਸੁਸਤ ਅਤੇ ਉਲਝਣ ਵਿੱਚ” ਮਹਿਸੂਸ ਕਰਦੇ ਸਨ, ਕਈ ਵਾਰ ਤਾਂ ਇੰਨਾ ਜ਼ਿਆਦਾ ਕਿ ਉਸ ਨੂੰ “ਹੈਂਗਓਵਰ” ਵਰਗਾ ਮਹਿਸੂਸ ਹੁੰਦਾ ਸੀ।

ਘੁਰਾੜਿਆਂ ਦੀ ਇਸ ਸਮੱਸਿਆ ਨੇ ਉਨ੍ਹਾਂ ਦੇ ਰਿਸ਼ਤੇ ਦੀ ਵੀ ਪਰਖ ਕੀਤੀ ਮੇਗ ਦੱਸਦੇ ਹਨ, “ਮੈਂ ਹਮੇਸ਼ਾ ਕਹਿੰਦੀ ਸੀ ਕਿ ਜੇ ਅਸੀਂ ਇਕੱਠੇ ਰਹੇ, ਤਾਂ ਸਾਨੂੰ ਇੱਕ ਵਾਧੂ ਬੈੱਡਰੂਮ ਦੀ ਲੋੜ ਪਵੇਗੀ, ਖਾਸ ਤੌਰ ‘ਤੇ ਉਨ੍ਹਾਂ ਰਾਤਾਂ ਲਈ ਜਦੋਂ ਘੁਰਾੜੇ ਬਹੁਤ ਜ਼ਿਆਦਾ ਅਤੇ ਅਸਹਿਣਯੋਗ ਹੋਣ।”

52 ਸਾਲ ਦੀ ਪੱਤਰਕਾਰ ਐਨਾ-ਲੁਈਸ ਡੀਅਰਡਨ ਕਹਿੰਦੇ ਹਨ ਕਿ ਉਹ ਕਦੇ-ਕਦੇ ਆਪਣੇ ਪਾਰਟਨਰ ਦੇ ਘੁਰਾੜਿਆਂ ਕਾਰਨ ਵੱਖਰੇ ਕਮਰੇ ਵਿੱਚ ਸੌਂਦੇ ਹਨ

ਤਸਵੀਰ ਸਰੋਤ, Anna-Louise Dearden

ਸਾਈਮਨ ਦਾ ਕਹਿਣਾ ਹੈ ਕਿ ਪਾਰਟਨਰ ਦੇ ਘੁਰਾੜਿਆਂ ਕਾਰਨ ਟੁੱਟੀ ਹੋਈ ਨੀਂਦ ਨਾਲ ਚਿੜਚਿੜਾਪਣ ਅਤੇ ਬਹਿਸ ਹੋ ਸਕਦੀ ਹੈ – ਅਤੇ ਜੇ ਵੱਖ-ਵੱਖ ਕਮਰਿਆਂ ਵਿੱਚ ਸੌਣ ਦਾ ਫ਼ੈਸਲਾ ਕੀਤਾ ਜਾਂਦਾ ਹੈ – ਤਾਂ ਨੇੜਤਾ ਵੀ ਘੱਟ ਹੋ ਸਕਦੀ ਹੈ।

52 ਸਾਲ ਦੀ ਪੱਤਰਕਾਰ ਐਨਾ-ਲੁਈਸ ਡੀਅਰਡਨ ਕਹਿੰਦੇ ਹਨ ਕਿ ਉਹ ਕਦੇ-ਕਦੇ ਆਪਣੇ ਪਾਰਟਨਰ ਦੇ ਘੁਰਾੜਿਆਂ ਕਾਰਨ ਵੱਖਰੇ ਕਮਰੇ ਵਿੱਚ ਸੌਂਦੇ ਹਨ।

ਇਸ ਵਿਕਲਪ ਦੇ ਹੋਣ ਨਾਲ ਉਨ੍ਹਾਂ ਨੂੰ ਆਰਾਮ ਨਾਲ ਸੌਂਣ ਵਿੱਚ ਮਦਦ ਮਿਲਦੀ, ਖਾਸ ਕਰਕੇ ਉਦੋਂ ਜਦੋਂ ਘੁਰਾੜੇ ਬਹੁਤ ਜ਼ਿਆਦਾ ਹੋਣ।

ਐਨਾ ਲੁਈਸ ਨੇ ਕਿਹਾ, “ਜੇ ਤੁਸੀਂ ਜਾਗਦੇ ਹੋ ਅਤੇ ਤੁਹਾਡੀ ਰਾਤ ਦੀ ਨੀਂਦ ਖਰਾਬ ਰਹੀ ਹੈ, ਤਾਂ ਤੁਸੀਂ ਜ਼ਿਆਦਾ ਖਾਂਦੇ ਹੋ ਅਤੇ ਜ਼ਿਆਦਾ ਚਿੜਚਿੜਾਪਣ ਮਹਿਸੂਸ ਕਰਦੇ ਹੋ।”

ਉਹ ਪਹਿਲਾਂ ਘੁਰਾੜਿਆਂ ਕਾਰਨ ਰਾਤ ਨੂੰ ਅਕਸਰ ਜਾਗ ਜਾਂਦੇ ਸਨ, ਪਰ ਉਨ੍ਹਾਂ ਨੇ ਪਾਇਆ ਹੈ ਕਿ ਈਅਰ ਪਲੱਗ ਲਗਾਉਣਾ “ਰਾਹਤ ਦੇਣ ਵਾਲਾ” ਹੈ ਕਿਉਂਕਿ ਇਸ ਨਾਲ ਉਹ ਆਪਣੇ ਪਾਰਟਨਰ ਦੇ ਕੋਲ ਸੌਂ ਵੀ ਸਕਦੇ ਹਨ ਅਤੇ ਜ਼ਿਆਦਾਤਰ ਸ਼ੋਰ ਵੀ ਸੁਣਾਈ ਨਹੀਂ ਦਿੰਦਾ।

ਕਦੋਂ ਮਦਦ ਲੈਣੀ ਜ਼ਰੂਰੀ ਹੋ ਜਾਂਦੀ ਹੈ?

ਤੁਸੀਂ ਆਪਣੇ ਪਾਰਟਨਰ ਨੂੰ ਕਿਸੇ ਡਾਕਟਰ ਕੋਲ ਜਾਣ ਦਾ ਸੁਝਾਅ ਵੀ ਦੇ ਸਕਦੇ ਹੋ, ਜੋ ਸਥਿਤੀ ਮੁਤਾਬਕ ਸਲਾਹ ਦੇ ਸਕਦੇ ਹਨ ਜਾਂ ਤੁਹਾਨੂੰ ਕਿਸੇ ਮਾਹਿਰ ਕੋਲ ਭੇਜ ਸਕਦੇ ਹਨ

ਤਸਵੀਰ ਸਰੋਤ, Getty Images

ਸਾਈਮਨ ਅਤੇ ਜੋਹਲ ਦੋਵੇਂ ਦਾ ਕਹਿਣਾ ਹੈ ਕਿ ਕੁਝ ਉਪਾਅ ਕੀਤੇ ਜਾ ਸਕਦੇ ਹਨ। ਪਰ ਸਭ ਤੋਂ ਪਹਿਲਾਂ, ਇਹ ਪਤਾ ਲਗਾਉਣਾ ਜ਼ਰੂਰੀ ਹੈ ਕਿ ਕੀ ਤੁਹਾਡਾ ਪਾਰਟਨਰ ਸਿਰਫ਼ ਘੁਰਾੜੇ ਲੈ ਰਿਹਾ ਹੈ ਜਾਂ ਉਨ੍ਹਾਂ ਨੂੰ ਸਲੀਪ ਐਪਨੀਆ ਹੈ।

ਸਾਈਮਨ ਕਹਿੰਦੇ ਹਨ, “ਤੁਸੀਂ ਇਹ ਨਹੀਂ ਚਾਹੋਗੇ ਕਿ ਰਾਤ ਨੂੰ ਕਿਸੇ ਨੂੰ ਸਿਰਫ਼ ਚੁੱਪ ਕਰਵਾ ਦਿੱਤਾ ਜਾਵੇ, ਜਦਕਿ ਹੋ ਸਕਦਾ ਹੈ ਕਿ ਉਨ੍ਹਾਂ ਨੂੰ ਨੀਂਦ ਨਾਲ ਜੁੜੀ ਸਾਹ ਦੀ ਕਿਸੇ ਗੰਭੀਰ ਸਮੱਸਿਆ ਹੋਵੇ, ਜਿਸ ਦਾ ਪਤਾ ਹੀ ਨਾ ਲੱਗੇ।”

ਸਲੀਪ ਐਪਨੀਆ – ਇੱਕ ਅਜਿਹੀ ਬਿਮਾਰੀ ਜਿਸ ਵਿੱਚ ਸੌਂਦੇ ਸਮੇਂ ਵਿਅਕਤੀ ਦਾ ਸਾਹ ਵਾਰ-ਵਾਰ ਰੁਕਦਾ ਅਤੇ ਸ਼ੁਰੂ ਹੁੰਦਾ ਹੈ।

ਇਸਦੇ ਲੱਛਣਾਂ ਵਿੱਚ ਸਾਹ ਰੁਕਣਾ, ਰਾਤ ਨੂੰ ਦਮ ਘੁਟਣ ਵਰਗਾ ਮਹਿਸੂਸ ਹੋਣਾ, ਵਾਰ-ਵਾਰ ਜਾਗਣਾ ਅਤੇ ਸਵੇਰੇ ਸਿਰਦਰਦ ਹੋਣਾ ਸ਼ਾਮਲ ਹਨ।

ਸਾਈਮਨ ਦੱਸਦੇ ਹਨ ਕਿ ਜੇ ਤੁਹਾਨੂੰ ਇਹ ਸਮੱਸਿਆ ਹੈ, ਤਾਂ ਤੁਹਾਨੂੰ ‘ਕੰਟੀਨਿਊਅਸ ਪੌਜ਼ਿਟਿਵ ਏਅਰਵੇਅ ਪ੍ਰੈਸ਼ਰ’ (ਸੀਪੀਏਪੀ) ਮਸ਼ੀਨ ਦੀ ਵਰਤੋਂ ਕਰਨ ਜਾਂ ਕੁਝ ਮਾਮਲਿਆਂ ਵਿੱਚ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਜਾ ਸਕਦੀ ਹੈ।

ਆਮ ਘੁਰਾੜਿਆਂ ਲਈ ਜੀਵਨਸ਼ੈਲੀ ਵਿੱਚ ਬਦਲਾਅ ਨਾਲ ਫ਼ਰਕ ਪੈ ਸਕਦਾ ਹੈ (ਸੰਕੇਤਕ ਤਸਵੀਰ)

ਤਸਵੀਰ ਸਰੋਤ, Getty Images

ਆਮ ਘੁਰਾੜਿਆਂ ਲਈ, ਸਾਈਮਨ ਦਾ ਕਹਿਣਾ ਹੈ ਕਿ ਜੀਵਨਸ਼ੈਲੀ ਵਿੱਚ ਬਦਲਾਅ ਨਾਲ ਫ਼ਰਕ ਪੈ ਸਕਦਾ ਹੈ, ਜਿਵੇਂ ਵਜ਼ਨ ਘਟਾਉਣਾ, ਸਿਗਰਟਨੋਸ਼ੀ ਛੱਡਣਾ, ਸੌਣ ਤੋਂ ਪਹਿਲਾਂ ਸ਼ਰਾਬ ਦੀ ਵਰਤੋਂ ਘੱਟ ਕਰਨਾ, ਜਾਂ ਸੌਣ ਦਾ ਤਰੀਕਾ ਬਦਲਣਾ – ਜਿਵੇਂ ਪਿੱਠ ਦੇ ਬਲ ਲੇਟਣ ਦੀ ਬਜਾਏ ਕਰਵਟ ਲੈ ਕੇ ਸੌਂਣਾ।

ਤੁਸੀਂ ਆਪਣੇ ਪਾਰਟਨਰ ਨੂੰ ਕਿਸੇ ਡਾਕਟਰ ਕੋਲ ਜਾਣ ਦਾ ਸੁਝਾਅ ਵੀ ਦੇ ਸਕਦੇ ਹੋ, ਜੋ ਸਥਿਤੀ ਮੁਤਾਬਕ ਸਲਾਹ ਦੇ ਸਕਦੇ ਹਨ ਜਾਂ ਤੁਹਾਨੂੰ ਕਿਸੇ ਮਾਹਿਰ ਕੋਲ ਭੇਜ ਸਕਦੇ ਹਨ।

ਜੇ ਘੁਰਾੜਿਆਂ ਦਾ ਕਾਰਨ ਨੱਕ ਵਿੱਚ ਰੁਕਾਵਟ ਜਾਂ ਐਲਰਜੀ ਹੈ, ਤਾਂ ਕੋਈ ਮਾਹਿਰ ਇਸ ਦੇ ਇਲਾਜ ਦਾ ਸੁਝਾਅ ਦੇ ਸਕਦਾ ਹੈ ਜਾਂ ਫਿਰ ਹੇਠਲੇ ਜਬਾੜ੍ਹੇ ਨੂੰ ਹੌਲੀ-ਹੌਲੀ ਅੱਗੇ ਵੱਲ ਧੱਕਣ ਅਤੇ ਸਾਹ ਦੀ ਨਲੀ ਨੂੰ ਖੁੱਲ੍ਹਾ ਰੱਖਣ ਲਈ ਖਾਸ ਤੌਰ ‘ਤੇ ਬਣਾਏ ਗਏ ਮਾਊਥਗਾਰਡ ਦੀ ਵਰਤੋਂ ਕਰਨ ਦੀ ਸਲਾਹ ਦੇ ਸਕਦੇ ਹਨ।

ਜੋਹਲ ਦਾ ਕਹਿਣਾ ਹੈ ਕਿ ਬਹੁਤ ਸਾਰੇ ਜੋੜੇ “ਕਾਫ਼ੀ ਲੰਬੇ ਸਮੇਂ ਤੱਕ” ਘੁਰਾੜਿਆਂ ਦੀ ਸਮੱਸਿਆ ਨੂੰ ਝੱਲਦੇ ਰਹਿੰਦੇ ਹਨ, ਜਿਸ ਨਾਲ ਉਨ੍ਹਾਂ ਦੇ ਰਿਸ਼ਤਿਆਂ ਅਤੇ ਸਿਹਤ ‘ਤੇ ਮਾੜਾ ਅਸਰ ਪੈਂਦਾ ਹੈ।

“ਸਭ ਤੋਂ ਜ਼ਰੂਰੀ ਗੱਲ ਇਹ ਹੈ ਕਿ ਮਦਦ ਮੌਜੂਦ ਹੈ, ਬਸ ਉਸ ਤੱਕ ਪਹੁੰਚਣ ਲਈ ਕੋਸ਼ਿਸ਼ ਕਰਨ ਦੀ ਲੋੜ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI