Home rss national punjabi2ਰਾਸ਼ਟਰੀ ਖ਼ਬਰਾਂ ਕੀ ਪੈਰਾਂ ਹੇਠਾਂ ਕੱਚਾ ਪਿਆਜ਼ ਰੱਖਣ ਨਾਲ ਜ਼ੁਕਾਮ ਸੱਚਮੁੱਚ ਠੀਕ ਹੋ ਸਕਦਾ...

ਕੀ ਪੈਰਾਂ ਹੇਠਾਂ ਕੱਚਾ ਪਿਆਜ਼ ਰੱਖਣ ਨਾਲ ਜ਼ੁਕਾਮ ਸੱਚਮੁੱਚ ਠੀਕ ਹੋ ਸਕਦਾ ਹੈ?

6
0

Source :- BBC PUNJABI

ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੇ ਕਈ ਵੀਡੀਓਜ਼ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਜ਼ੁਰਾਬਾਂ ਵਿੱਚ ਕੱਚਾ ਪਿਆਜ਼ ਰੱਖਣ ਨਾਲ ਜ਼ੁਕਾਮ ਠੀਕ ਹੋ ਸਕਦਾ ਹੈ।

ਇੱਕ ਮਹਿਲਾ ਲਾਲ ਪਿਆਜ਼ ਫੜ ਕੇ ਆਪਣੀ ਧੀ ਦੇ ਲੱਛਣਾਂ ਬਾਰੇ ਦੱਸਦੇ ਹੋਏ ਕਹਿੰਦੀ ਹੈ, “ਜੇ ਤੁਹਾਨੂੰ ਜ਼ੁਕਾਮ ਹੈ, ਤਾਂ ਬਸ ਗੋਲ ਕੱਟੀ ਹੋਈ ਪਿਆਜ਼ ਨੂੰ ਜ਼ੁਰਾਬਾਂ ਵਿੱਚ ਪਾਓ ਅਤੇ ਰਾਤ ਭਰ ਪਹਿਨ ਕੇ ਰੱਖੋ।”

ਸੋਸ਼ਲ ਮੀਡੀਆ ‘ਤੇ ਕਈ ਅਜਿਹੇ ਵੀਡੀਓ ਵਾਇਰਲ ਹੋ ਰਹੇ ਹਨ ਹਨ, ਜਿਨ੍ਹਾਂ ਵਿੱਚ ਕੱਚੇ ਪਿਆਜ਼ ਦੇ ਕਥਿਤ ਇਲਾਜਾਂ ਬਾਰੇ ਦਾਅਵੇ ਕੀਤੇ ਜਾ ਰਹੇ ਹਨ ਕਿ ਇਸ ਮਹਿਲਾ ਵਾਲਾ ਵੀਡੀਓ ਵੀ ਉਨ੍ਹਾਂ ਵਿੱਚੋਂ ਇੱਕ ਹੈ।

ਕੁਝ ਲੋਕ ਤਾਂ ਬਿਮਾਰ ਬੱਚਿਆਂ ਦੇ ਮਾਪਿਆਂ ਨੂੰ ਇਹ ਉਪਾਅ ਕਰਨ ਦੀ ਸਲਾਹ ਵੀ ਦਿੰਦੇ ਹਨ ਅਤੇ ਦਾਅਵਾ ਕਰਦੇ ਹਨ ਕਿ ਇਸ ਨਾਲ “ਤੇਜ਼ ਬੁਖਾਰ ਠੀਕ ਹੁੰਦਾ ਹੈ, “ਕੀਟਾਣੂ ਅਤੇ ਬੈਕਟੀਰੀਆ ਮਰਦੇ ਹਨ,” “ਜ਼ਹਿਰੀਲੇ ਤੱਤ (ਟੌਕਸਿਨਜ਼ ਪਿਆਜ਼ ਵੱਲੋਂ) ਸੋਖ ਲਏ ਜਾਂਦੇ ਹਨ,” ਅਤੇ ਇੱਥੋਂ ਤੱਕ ਕਿ “ਖ਼ੂਨ ਵੀ ਸਾਫ਼ ਹੁੰਦਾ ਹੈ।”

ਪਰ ਕੀ ਇਸ ਗੱਲ ਦਾ ਕੋਈ ਸਬੂਤ ਹੈ ਕਿ ਪੈਰਾਂ ‘ਤੇ ਪਿਆਜ਼ ਰੱਖਣ ਨਾਲ ਇਨ੍ਹਾਂ ਵਿੱਚੋਂ ਕੁਝ ਵੀ ਹੋ ਸਕਦਾ ਹੈ?

ਪਿਆਜ਼ ਖਾਣ ਨਾਲ ਸਰੀਰ ਨੂੰ ਪੋਸ਼ਕ ਤੱਤ ਮਿਲਦੇ ਹਨ, ਪਰ ਇਹ ਬਿਮਾਰੀਆਂ ਨੂੰ ਠੀਕ ਨਹੀਂ ਕਰ ਸਕਦਾ

ਪਿਆਜ਼ ‘ਐਲੀਅਮ’ ਪਰਿਵਾਰ ਦੀ ਸਬਜ਼ੀ ਹੈ ਅਤੇ ਇਸ ਨੂੰ ਸਿਹਤਮੰਦ ਖੁਰਾਕ ਦਾ ਹਿੱਸਾ ਬਣਾਇਆ ਜਾ ਸਕਦਾ ਹੈ। ਇਨ੍ਹਾਂ ਵਿੱਚ ਵਿਟਾਮਿਨ ਸੀ, ਫਾਈਬਰ ਅਤੇ ਐਂਟੀ-ਆਕਸੀਡੈਂਟ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜਿਨ੍ਹਾਂ ਵਿੱਚ ਕਵੈਰਸੇਟਿਨ ਵੀ ਸ਼ਾਮਿਲ ਹੈ – ਇਹ ਇੱਕ ਅਜਿਹਾ ਪਲਾਂਟ ਕੰਪਾਊਂਡ ਹੈ, ਜਿਸ ਦੇ ਐਂਟੀ-ਇਨਫਲਾਮੇਟਰੀ ਗੁਣਾਂ ‘ਤੇ ਖੋਜ ਕੀਤੀ ਗਈ ਹੈ। (ਸੌਖੇ ਸ਼ਬਦਾਂ ਵਿੱਚ – ਇਸ ਵਿੱਚ ਅਜਿਹੇ ਗੁਣ ਹਨ ਜੋ ਸਰੀਰ ਵਿੱਚ ਸੋਜ ਅਤੇ ਇਸ ਸਬੰਧੀ ਪ੍ਰਕਿਰਿਆ ਨੂੰ ਘਟਾਉਣ ਵਿੱਚ ਮਦਦਗਾਰ ਹੋ ਸਕਦੇ ਹਨ।)

ਖੋਜ ਤੋਂ ਪਤਾ ਲੱਗਦਾ ਹੈ ਕਿ ਇਹ ਕੰਪਾਊਂਡ ਦਿਲ ਅਤੇ ਪੇਟ ਦੀ ਸਿਹਤ ਦੇ ਨਾਲ-ਨਾਲ ਬਲੱਡ ਸ਼ੂਗਰ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰ ਸਕਦੇ ਹਨ।

ਅਮਰੀਕਾ ਦੇ ਮਹਾਮਾਰੀ ਵਿਗਿਆਨੀ ਅਤੇ ਛੂਤ ਦੀਆਂ ਬਿਮਾਰੀਆਂ ਦੇ ਮਾਹਰ ਡਾਕਟਰ ਕੇਟੀ ਸੁਲੇਟਾ ਦਾਪਰ ਕਹਿੰਦੇ ਹਨ ਕਿ ਪਰ ਇਹ ਦਾਅਵਾ ਕਰਨਾ ਕਿ ਇਹ ਸਰੀਰ ਵਿੱਚੋਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਸਕਦੇ ਹਨ ਜਾਂ ਇਨਫੈਕਸ਼ਨ ਨੂੰ ਠੀਕ ਕਰ ਸਕਦੇ ਹਨ, ਬਿਲਕੁਲ ਵੱਖਰੀ ਗੱਲ ਹੈ।

ਅਮਰੀਕਾ ਵਿੱਚ ਇਸ ਇੰਡਸਟਰੀ ਦੀ ਨੁਮਾਇੰਦਗੀ ਕਰਨ ਵਾਲੀ ‘ਨੈਸ਼ਨਲ ਅਨਿਅਨ ਐਸੋਸੀਏਸ਼ਨ’ ਦਾ ਕਹਿਣਾ ਹੈ ਕਿ ਇਹ ਦਾਅਵੇ 1500 ਦੇ ਦਹਾਕੇ ਤੋਂ ਸ਼ੁਰੂ ਹੋਏ ਸਨ, ਜਦੋਂ ਮੰਨਿਆ ਜਾਂਦਾ ਸੀ ਕਿ ਕਮਰੇ ਵਿੱਚ ਪਿਆਜ਼ ਰੱਖਣ ਨਾਲ ਬਿਊਬੋਨਿਕ ਪਲੇਗ ਤੋਂ ਬਚਾਅ ਹੋ ਸਕਦਾ ਹੈ।

ਇਤਿਹਾਸ ਵਿੱਚ, ਲੋਕ ਇਸ ਸਬਜ਼ੀ ਨੂੰ ਸੁੱਜੀਆਂ ਹੋਈਆਂ ਲਿੰਫ ਨੋਡਜ਼ ‘ਤੇ ਵੀ ਰਗੜਦੇ ਸਨ, ਇਸ ਵਿਸ਼ਵਾਸ ਨਾਲ ਕਿ ਇਹ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢ ਸਕਦੀ ਹੈ।

ਪਿਆਜ਼ ਜ਼ਹਿਰੀਲੇ ਤੱਤਾਂ ਨੂੰ ਬਾਹਰ ਕਿਉਂ ਨਹੀਂ ਕੱਢ ਸਕਦਾ?

ਪਿਆਜ਼

ਸਰੀਰ ਵਿੱਚ ਦਾਖ਼ਲ ਹੋਣ ਵਾਲੇ ਕੀਟਾਣੂਆਂ ਦੇ ਖ਼ਿਲਾਫ਼ ਸਰੀਰ ਦੀ ਸੁਰੱਖਿਆ ਦੀ ਪਹਿਲੀ ਪਰਤ ਹੁੰਦੀ ਹੈ ਚਮੜੀ। ਪਰ ਮਾਹਰਾਂ ਦਾ ਕਹਿਣਾ ਹੈ ਕਿ ਹਾਲਾਂਕਿ ਕੁਝ ਜ਼ਹਿਰੀਲੇ ਤੱਤ ਚਮੜੀ ਰਾਹੀਂ ਵੀ ਅੰਦਰ ਜਾ ਸਕਦੇ ਹਨ, ਪਰ ਉਹ ਇਸ ਤਰੀਕੇ ਨਾਲ ਸਰੀਰ ਵਿੱਚੋਂ ਬਾਹਰ ਨਹੀਂ ਨਿਕਲ ਸਕਦੇ, ਇੱਥੋਂ ਤੱਕ ਕਿ ਪਸੀਨੇ ਰਾਹੀਂ ਵੀ ਨਹੀਂ।

ਸੁਲੇਟਾ ਕਹਿੰਦੇ ਹਨ ਕਿ ਇਸ ਰੁਕਾਵਟ (ਚਮੜੀ ਦੀ ਪਰਤ) ਰਾਹੀਂ ਜ਼ਹਿਰੀਲੇ ਤੱਤਾਂ ਨੂੰ ਬਾਹਰ ਕੱਢਣ ਲਈ ਪਿਆਜ਼ ਨੂੰ “ਫਿਜ਼ਿਕਸ ਦੇ ਨਿਯਮਾਂ ਨੂੰ ਤੋੜਨਾ ਪਵੇਗਾ।”

ਉਹ ਕਹਿੰਦੇ ਹਨ, “ਇਸ ਵਿੱਚ ਕੋਈ ਖ਼ਾਸ ਜਾਦੂਈ ਗੁਣ ਨਹੀਂ ਹੁੰਦੇ ਜੋ ਤੁਹਾਡੀ ਚਮੜੀ ਰਾਹੀਂ ਜ਼ਹਿਰੀਲੇ ਪਦਾਰਥਾਂ (ਟੌਕਸਿਨਜ਼) ਨੂੰ ਬਾਹਰ ਕੱਢ ਸਕਣ – ਨਾ ਤਾਂ ਪੈਰਾਂ ਦੇ ਤਲਿਆਂ ਰਾਹੀਂ ਅਤੇ ਨਾ ਹੀ ਚਮੜੀ ਦੇ ਕਿਸੇ ਹੋਰ ਹਿੱਸੇ ਰਾਹੀਂ।”

ਸੁਲੇਟਾ ਦੱਸਦੇ ਹਨ ਕਿ ਰਾਤ ਭਰ ਜੁਰਾਬਾਂ ਵਿੱਚ ਰੱਖੇ ਪਿਆਜ਼ ਦਾ ਰੰਗ ਬਦਲਣਾ ਕਦੇ-ਕਦੇ ਇਸ ਗੱਲ ਦਾ ਸਬੂਤ ਮੰਨਿਆ ਜਾਂਦਾ ਹੈ ਕਿ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਗਏ ਹਨ, ਪਰ ਅਸਲ ਵਿੱਚ ਇਹ ਆਕਸੀਡੇਸ਼ਨ ਅਤੇ ਚਮੜੀ ‘ਤੇ ਮੌਜੂਦ ਰੋਗਾਣੂਆਂ (ਮਾਈਕ੍ਰੋਬਜ਼) ਨਾਲ ਪ੍ਰਤੀਕਿਰਿਆ ਕਾਰਨ ਹੁੰਦਾ ਹੈ।

ਸੋਸ਼ਲ ਮੀਡੀਆ ‘ਤੇ, “ਟੌਕਸਿਨ” ਸ਼ਬਦ ਦੀ ਵਰਤੋਂ, ਅਕਸਰ ਡਾਇਟ ਅਤੇ ਡਿਟੌਕਸ ਦੀ ਮਾਰਕੀਟਿੰਗ ਵਿੱਚ ਅਜਿਹੇ ਅਣਜਾਣ ਪਦਾਰਥਾਂ ਲਈ ਕੀਤੀ ਜਾਂਦੀ ਹੈ, ਜਿਨ੍ਹਾਂ ਨੂੰ ਸਰੀਰ ਲਈ ਨੁਕਸਾਨਦੇਹ ਮੰਨਿਆ ਜਾਂਦਾ ਹੈ ਅਤੇ ਜਿਨ੍ਹਾਂ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਰੀਰ ਵਿੱਚ ਜਮ੍ਹਾਂ ਹੋ ਜਾਂਦੇ ਹਨ ਅਤੇ ਉਨ੍ਹਾਂ ਨੂੰ ਬਾਹਰ ਕੱਢਣ ਦੀ ਲੋੜ ਹੁੰਦੀ ਹੈ।

ਮੈਡੀਕਲ ਭਾਸ਼ਾ ਵਿੱਚ, ਟੌਕਸਿਨ ਉਹ ਜ਼ਹਿਰੀਲੇ ਪਦਾਰਥ ਹੁੰਦੇ ਹਨ ਜੋ ਬੈਕਟੀਰੀਆ ਵਰਗੇ ਜੀਵਿਤ ਜੀਵਾਂ ਵੱਲੋਂ ਪੈਦਾ ਕੀਤੇ ਜਾਂਦੇ ਹਨ।

 ਡਾਕਟਰ ਕੇਟੀ ਸੁਲੇਟਾ ਦਾਪਰ

ਯੂਐੱਸ ਨੈਸ਼ਨਲ ਲਾਇਬ੍ਰੇਰੀ ਆਫ਼ ਮੈਡੀਸਨ ਮੁਤਾਬਕ, ਇਨ੍ਹਾਂ ਵਿੱਚ ਹਾਨੀਕਾਰਕ ਰਸਾਇਣ ਜਾਂ ਜ਼ਿਆਦਾ ਮਾਤਰਾ ਵਿੱਚ ਲਈਆਂ ਗਈਆਂ ਦਵਾਈਆਂ ਵੀ ਸ਼ਾਮਿਲ ਹੋ ਸਕਦੀਆਂ ਹਨ।

ਪਰ ਸਰੀਰ ਵਿੱਚ ਬੇਕਾਰ ਪਦਾਰਥਾਂ ਨੂੰ ਬਾਹਰ ਕੱਢਣ ਲਈ ਪਹਿਲਾਂ ਤੋਂ ਹੀ ਆਪਣੇ ਫਿਲਟ੍ਰੇਸ਼ਨ ਸਿਸਟਮ ਹੁੰਦੇ ਹਨ। ਲਿਵਰ ਖ਼ੂਨ ਵਿੱਚੋਂ ਬੇਕਾਰ ਪਦਾਰਥਾਂ ਨੂੰ ਫਿਲਟਰ ਕਰਦਾ ਹੈ ਅਤੇ ਸਰੀਰ ਨੂੰ ਸਾਫ਼ ਅਤੇ ਹਾਨੀਕਾਰਕ ਪਦਾਰਥਾਂ ਤੋਂ ਮੁਕਤ ਰੱਖਣ ਵਿੱਚ ਮਦਦ ਕਰਦਾ ਹੈ, ਜਦਕਿ ਕਿਡਨੀ ਪਿਸ਼ਾਬ ਰਾਹੀਂ ਵਾਧੂ ਪਾਣੀ ਅਤੇ ਬੇਕਾਰ ਪਦਾਰਥਾਂ ਨੂੰ ਬਾਹਰ ਕੱਢਦੀ ਹੈ।

ਲਿਵਰ ਅਤੇ ਕਿਡਨੀ ਨੂੰ ਸਿਹਤਮੰਦ ਰੱਖਣ ਲਈ ਕਿਸੇ ਖ਼ਾਸ ਉਪਾਅ ਦੀ ਲੋੜ ਨਹੀਂ ਹੁੰਦੀ। ਸੰਤੁਲਿਤ ਖੁਰਾਕ ਲੈਣਾ, ਵਜ਼ਨ ਸਹੀ ਰੱਖਣਾ ਅਤੇ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣਾ (ਹਾਈਡ੍ਰੇਟਿਡ ਰਹਿਣਾ) ਇਨ੍ਹਾਂ ਅੰਗਾਂ ਨੂੰ ਠੀਕ ਤਰ੍ਹਾਂ ਕੰਮ ਕਰਨ ਵਿੱਚ ਮਦਦ ਕਰ ਸਕਦਾ ਹੈ।

ਯੂਕੇ ਦੀ ਨੈਸ਼ਨਲ ਹੈਲਥ ਸਰਵਿਸ (ਐੱਨਐੱਚਐੱਸ) ਦਾ ਕਹਿਣਾ ਹੈ ਕਿ ਜੇ ਕਿਸੇ ਨੂੰ ਸ਼ੱਕ ਹੋਵੇ ਕਿ ਉਸ ਨੇ ਕੋਈ ਹਾਨੀਕਾਰਕ ਪਦਾਰਥ ਨਿਗਲ ਲਿਆ ਹੈ ਜਾਂ ਸਾਹ ਰਾਹੀਂ ਅੰਦਰ ਲੈ ਲਿਆ ਹੈ, ਜਾਂ ਬਹੁਤ ਜ਼ਿਆਦਾ ਦਵਾਈ ਲੈ ਲਈ ਹੈ, ਤਾਂ ਘਰ ਵਿੱਚ ਡਿਟੌਕਸ ਕਰਨ ਦੀ ਕੋਸ਼ਿਸ਼ ਕਰਨ ਦੀ ਬਜਾਏ ਉਸ ਨੂੰ ਤੁਰੰਤ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ।

ਜ਼ੁਕਾਮ ਵਿੱਚ ਪਿਆਜ਼ ਕੀ ਮਦਦ ਕਰ ਸਕਦਾ ਹੈ?

ਬੱਚਾ ਅਤੇ ਕੋਲ ਪਿਆ ਪਿਆਜ਼

ਐੱਨਐੱਚਐੱਸ ਦੇ ਮੁਤਾਬਕ, ਜ਼ੁਕਾਮ ਵਾਇਰਸ ਕਾਰਨ ਹੁੰਦਾ ਹੈ ਅਤੇ ਆਮ ਤੌਰ ‘ਤੇ ਆਪਣੇ ਆਪ ਠੀਕ ਹੋ ਜਾਂਦਾ ਹੈ। ਜ਼ੁਕਾਮ ਤੋਂ ਜਲਦੀ ਠੀਕ ਹੋਣ ਦੀ ਸਲਾਹ ਵਿੱਚ ਭਰਪੂਰ ਆਰਾਮ ਕਰਨਾ, ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਣ ਦੇਣਾ ਅਤੇ ਪੌਸ਼ਟਿਕ ਖਾਣਾ ਖਾਣਾ ਸ਼ਾਮਿਲ ਹੈ।

ਪਿਆਜ਼ ਦਾ ਸੂਪ ਵਰਗੇ ਤਰਲ ਪਦਾਰਥ ਸਰੀਰ ਵਿੱਚ ਪਾਣੀ ਦੀ ਕਮੀ ਪੂਰੀ ਕਰਨ ਅਤੇ ਪੋਸ਼ਣ ਦੇਣ ਵਿੱਚ ਮਦਦ ਕਰ ਸਕਦੇ ਹਨ ਅਤੇ ਗਲੇ ਦੀ ਖਰਾਸ਼ ਨੂੰ ਵੀ ਘੱਟ ਕਰ ਸਕਦੇ ਹਨ, ਪਰ ਮਾਹਰਾਂ ਦਾ ਕਹਿਣਾ ਹੈ ਕਿ ਬਿਮਾਰੀ ਨੂੰ ਜੜ੍ਹ ਤੋਂ ਖ਼ਤਮ ਕਰਨ (ਇਲਾਜ) ਅਤੇ ਆਰਾਮ ਮਿਲਣ ਵਿੱਚ ਬਹੁਤ ਫ਼ਰਕ ਹੈ।

ਸੁਲੇਟਾ ਦੱਸਦੇ ਹਨ, “ਜ਼ੁਕਾਮ ਆਪਣੇ ਆਪ ਠੀਕ ਹੋਣ ਵਾਲੀ ਬਿਮਾਰੀ ਹੈ ਅਤੇ ਇਲਾਜ ਨਾ ਕਰਨ ਦੇ ਬਾਵਜੂਦ ਲਗਭਗ ਇੱਕ ਹਫ਼ਤੇ ਵਿੱਚ ਠੀਕ ਹੋ ਜਾਂਦੀ ਹੈ। ਪਿਆਜ਼ ਦਾ ਸੂਪ ਇਸ ਸਮੇਂ ਨੂੰ ਘੱਟ ਨਹੀਂ ਕਰਦਾ।”

ਹਾਲਾਂਕਿ ਪਿਆਜ਼ ਨੂੰ ਪਕਾਉਣ ‘ਤੇ ਇਸ ਦਾ ਵਿਟਾਮਿਨ ਸੀ ਕੁਝ ਘੱਟ ਹੋ ਜਾਂਦਾ ਹੈ, ਉਹ ਥੋੜ੍ਹਾ ਪਾਣੀ ਵਿੱਚ ਘੁਲ਼ ਜਾਂਦਾ ਹੈ, ਇਸ ਲਈ ਜੇ ਇਸ ਨੂੰ ਸੂਪ ਰਾਹੀਂ ਪਿਆ ਜਾਵੇ, ਤਾਂ ਵੀ ਨਾਲ ਸਰੀਰ ਦੀ ਇਮਿਊਨਿਟੀ ਵਧਦੀ ਹੈ।

ਪਰ, ਖੋਜ ਤੋਂ ਪਤਾ ਲੱਗਦਾ ਹੈ ਕਿ ਕੱਚੇ ਪਿਆਜ਼ ਵਿੱਚ ਜ਼ਿਆਦਾ ਵਿਟਾਮਿਨ ਸੀ ਹੁੰਦਾ ਹੈ, ਕਿਉਂਕਿ ਜ਼ਿਆਦਾ ਦੇਰ ਤੱਕ ਹੌਲੀ ਅੱਗ ‘ਤੇ ਪਕਾਉਣ ਨਾਲ ਇਸ ਦੀ ਮਾਤਰਾ ਘੱਟ ਹੋ ਜਾਂਦੀ ਹੈ।

ਜੇ ਜ਼ੁਕਾਮ ਦੇ ਲੱਛਣ ਜਿਵੇਂ ਤੇਜ਼ ਬੁਖਾਰ, ਕੁਝ ਦਿਨਾਂ ਤੋਂ ਜ਼ਿਆਦਾ ਸਮੇਂ ਤੱਕ ਬਣੇ ਰਹਿਣ, ਤਾਂ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਬੱਚਿਆਂ ਦੇ ਮਾਮਲੇ ਵਿੱਚ ਤਾਂ ਹੋਰ ਵੀ ਜਲਦੀ ਸਲਾਹ ਲੈਣੀ ਚਾਹੀਦੀ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਸੋਜਸ਼ ਨਾਲ ਹਮੇਸ਼ਾ “ਲੜਨ” ਦੀ ਲੋੜ ਨਹੀਂ ਹੁੰਦੀ। ਅਸਲ ਵਿੱਚ, ਇਹ ਇਨਫੈਕਸ਼ਨ ਜਾਂ ਸੱਟ ਪ੍ਰਤੀ ਸਰੀਰ ਦੇ ਇਮਿਊਨ ਸਿਸਟਮ ਦਾ ਰਿਐਕਸ਼ਨ (ਪ੍ਰਤੀਕਿਰਿਆ) ਹੈ। ਇਹ ਪ੍ਰਤੀਕਿਰਿਆ ਸਰੀਰ ਨੂੰ ਆਪਣੇ ਆਪ ਨੂੰ ਬਚਾਉਣ ਅਤੇ ਖਰਾਬ ਹੋਏ ਟਿਸ਼ੂ ਨੂੰ ਠੀਕ ਕਰਨ ਵਿੱਚ ਮਦਦ ਕਰਦੀ ਹੈ।

ਸਰੀਰ ਵਿੱਚ ਸੋਜਸ਼ ਕਿੱਥੇ ਹੈ ਅਤੇ ਇਸ ਦੀ ਵਜ੍ਹਾ ਕੀ ਹੈ, ਇਸੇ ਦੇ ਆਧਾਰ ‘ਤੇ ਅਗਲਾ ਕਦਮ ਤੈਅ ਕੀਤਾ ਜਾਣਾ ਚਾਹੀਦਾ ਹੈ।

ਮਾਹਿਰਾਂ ਦਾ ਕਹਿਣਾ ਹੈ ਕਿ ਇਸ ਦੇ ਆਮ ਲੱਛਣਾਂ ਵਿੱਚ ਸੋਜਸ਼, ਦਰਦ ਅਤੇ ਗਰਮੀ ਮਹਿਸੂਸ ਹੋਣਾ ਸ਼ਾਮਿਲ ਹੈ, ਪਰ ਜੇ ਇਹ ਲੱਛਣ ਬਣੇ ਰਹਿਣ ਅਤੇ ਇਨ੍ਹਾਂ ਦੇ ਨਾਲ ਕੋਈ ਹੋਰ ਅਜੀਬ ਲੱਛਣ ਵੀ ਦਿਖਾਈ ਦੇਣ, ਤਾਂ ਚੰਗਾ ਰਹੇਗਾ ਕਿ ਡਾਕਟਰ ਤੋਂ ਸਲਾਹ ਲਈ ਜਾਵੇ, ਨਾ ਕਿ ਪਿਆਜ਼ ਦਾ ਇਸਤੇਮਾਲ ਕੀਤਾ ਜਾਵੇ।

ਸੁਲੇਟਾ ਕਹਿੰਦੇ ਹਨ, “ਇਨ੍ਹਾਂ ਦਾਅਵਿਆਂ ਦਾ ਇੱਕ ਹੋਰ ਬਹੁਤ ਮਾੜਾ ਨਤੀਜਾ ਇਹ ਹੁੰਦਾ ਹੈ ਕਿ ਲੋਕਾਂ ਨੂੰ ਸਹੀ ਇਲਾਜ ਮਿਲਣ ਵਿੱਚ ਦੇਰੀ ਹੋ ਜਾਂਦੀ ਹੈ।”

ਸੁਲੇਟਾ ਚੇਤਾਵਨੀ ਦਿੰਦੇ ਹਨ ਕਿ ਆਨਲਾਈਨ ਮਿਲਣ ਵਾਲੀ ਸਿਹਤ ਸਲਾਹ ਵਿੱਚ ਅਕਸਰ ਬਿਨਾਂ ਕਿਸੇ ਵਿਗਿਆਨਕ ਆਧਾਰ ਦੇ ਮੈਡੀਕਲ ਅਤੇ ਸਾਇੰਸ ਦੀ ਭਾਸ਼ਾ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇ ਕੋਈ ਕਹਿੰਦਾ ਹੈ ਕਿ ਪਿਆਜ਼, ਸਪਲੀਮੈਂਟ ਜਾਂ ਕੋਈ ਹੋਰ ਚੀਜ਼ ਸਰੀਰ ਵਿੱਚੋਂ ਟੌਕਸਿਨਜ਼ (ਜ਼ਹਿਰੀਲੇ ਪਦਾਰਥ) ਕੱਢ ਸਕਦੀ ਹੈ ਜਾਂ ਸਰੀਰ ਨੂੰ ਡੀਟੌਕਸ ਕਰ ਸਕਦੀ ਹੈ, ਤਾਂ ਸੁਲੇਟਾ ਸਲਾਹ ਦਿੰਦੀ ਹਨ ਕਿ ਉਨ੍ਹਾਂ ਨੂੰ ਕਹੋ ਇਸ ਬਾਰੇ ਜ਼ਿਆਦਾ ਜਾਣਕਾਰੀ ਦੱਸੋ।

ਉਹ ਕਹਿੰਦੇ ਹਨ, “ਥੋੜ੍ਹੀ ਹੋਰ ਡੂੰਘਾਈ ਨਾਲ ਜਾਣੋ। ਕਿਹੜੇ ਟੌਕਸਿਨਜ਼? ਇਹ ਕਿਵੇਂ ਕੰਮ ਕਰਦਾ ਹੈ? ਜੇ ਉਹ ਤੁਹਾਨੂੰ ਠੀਕ ਤਰ੍ਹਾਂ ਸਮਝਾ ਨਹੀਂ ਸਕਦੇ ਕਿ ਇਹ ਕਿਵੇਂ ਕੰਮ ਕਰਦਾ ਹੈ, ਤਾਂ ਇਹ ਇੱਕ ਚੇਤਾਵਨੀ ਦਾ ਸੰਕੇਤ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI