Source :- BBC PUNJABI
ਤਸਵੀਰ ਸਰੋਤ, Anthony Devlin/Getty Images
ਪਿਛਲੇ ਮਹੀਨੇ ਜਾਰੀ ਹੋਈ ਇੱਕ ਮਹੱਤਵਪੂਰਨ ਰਿਪੋਰਟ ਵਿੱਚ ਪਤਾ ਲੱਗਿਆ ਕਿ ਬ੍ਰਿਟੇਨ ਨੌਜਵਾਨਾਂ ਦੀ ਸ਼ਮੂਲੀਅਤ ਨਾਲ ਜੁੜੇ ਸੰਕਟ ਦਾ ਸਾਹਮਣਾ ਕਰ ਰਿਹਾ ਹੈ। 16 ਤੋਂ 24 ਸਾਲ ਦੀ ਉਮਰ ਦੇ ਲਗਭਗ ਹਰ ਅੱਠ ਵਿੱਚੋਂ ਇੱਕ ਨੌਜਵਾਨ ਨਾ ਤਾਂ ਸਿੱਖਿਆ ਵਿੱਚ ਹੈ, ਨਾ ਰੁਜ਼ਗਾਰ ਵਿੱਚ ਅਤੇ ਨਾ ਹੀ ਕਿਸੇ ਸਿਖਲਾਈ ਵਿੱਚ ਸ਼ਾਮਲ ਹੈ।
ਇਸ ਰਿਪੋਰਟ ਦੇ ਲੇਖਕ ਅਤੇ ਸਾਬਕਾ ਸਿਹਤ ਸਕੱਤਰ ਐਲਨ ਮਿਲਬਰਨ ਨੇ ਚੇਤਾਵਨੀ ਦਿੱਤੀ ਕਿ ਜੇਕਰ ਤੁਰੰਤ ਕਦਮ ਨਾ ਚੁੱਕੇ ਗਏ ਤਾਂ ਅਗਲੇ ਪੰਜ ਸਾਲਾਂ ਵਿੱਚ ਹਰ ਛੇ ਵਿੱਚੋਂ ਇੱਕ ਨੌਜਵਾਨ ਐੱਨਈਈਟੀ ਬਣ ਸਕਦਾ ਹੈ।
ਉਨ੍ਹਾਂ ਨੇ ਕਿਹਾ ਕਿ ਡੱਚ ਤਰੀਕਾ ਉਹਨਾਂ ਮਾਡਲਾਂ ਵਿੱਚੋਂ ਇੱਕ ਹੈ ਜਿਸ ਤੋਂ ਬ੍ਰਿਟੇਨ ਸਿੱਖ ਸਕਦਾ ਹੈ।
ਨੀਦਰਲੈਂਡ ਵਿੱਚ ਦੁਨੀਆ ਦੇ ਸਭ ਤੋਂ ਘੱਟ ਐੱਨਈਈਟੀ ਦਰਾਂ ਵਿੱਚੋਂ ਇੱਕ ਹੈ, ਜਿੱਥੇ 18 ਤੋਂ 24 ਸਾਲ ਦੇ ਨੌਜਵਾਨਾਂ ਵਿੱਚ ਇਹ ਦਰ 4.9% ਹੈ। ਇਸ ਦੇ ਮੁਕਾਬਲੇ ਬ੍ਰਿਟੇਨ ਵਿੱਚ ਇਹ ਅੰਕੜਾ 15.1% ਹੈ।
ਕੀ ਡੱਚ ਪ੍ਰਣਾਲੀ ਤੋਂ ਕੁਝ ਸਿੱਖਿਆ ਜਾ ਸਕਦਾ ਹੈ, ਜੋ ਇੱਕ ਸਧਾਰਨ ਸਿਧਾਂਤ ਦੇ ਆਧਾਰ ‘ਤੇ ਬਣਾਈ ਗਈ ਹੈ?
“ਕੋਈ ਰਸਤਾ ਬੰਦ ਨਹੀਂ” (ਨੋ ਡੈੱਡ ਐਂਡਸ) ਉਹ ਦਰਸ਼ਨ ਹੈ ਜਿਸ ‘ਤੇ ਨੀਦਰਲੈਂਡ ਦੀ ਸਿੱਖਿਆ ਅਤੇ ਨੌਜਵਾਨਾਂ ਦੇ ਰੁਜ਼ਗਾਰ ਸੰਬੰਧੀ ਨੀਤੀ ਆਧਾਰਿਤ ਹੈ। ਨੌਜਵਾਨਾਂ ਦੀ ਜ਼ਿੰਦਗੀ ਦੇ ਹਰ ਪੜਾਅ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਉਹ ਉਨ੍ਹਾਂ ਨੂੰ ਅੱਗੇ ਕਿਸੇ ਮੰਜ਼ਿਲ ਵੱਲ ਲੈ ਜਾਵੇ।
ਡੱਚ ਕਾਨੂੰਨ ਅਨੁਸਾਰ, ਪੰਜ ਤੋਂ 16 ਸਾਲ ਦੀ ਉਮਰ ਦੇ ਬੱਚਿਆਂ ਲਈ ਸਕੂਲ ਜਾਣਾ ਲਾਜ਼ਮੀ ਹੈ। ਇਸ ਤੋਂ ਬਾਅਦ ਵੀ ਉਨ੍ਹਾਂ ਨੂੰ ਸਿੱਖਿਆ ਜਾਂ ਸਿਖਲਾਈ ਵਿੱਚ ਰਹਿਣਾ ਪੈਂਦਾ ਹੈ, ਜਦੋਂ ਤੱਕ ਉਹ ਕੋਈ ਯੋਗਤਾ ਹਾਸਲ ਨਾ ਕਰ ਲੈਣ ਜਾਂ 18 ਸਾਲ ਦੇ ਨਾ ਹੋ ਜਾਣ।
ਨੀਦਰਲੈਂਡ ਵਿੱਚ ਸਕੂਲ ਛੱਡਣ ਦੀ ਦਰ ਘਟਾਉਣ ਲਈ ਵਰਤੇ ਜਾਂਦੇ ਮੁੱਖ ਸਾਧਨਾਂ ਵਿੱਚੋਂ ਇੱਕ “ਕਵਾਲੀਫਿਕਾਟੀਪਲਿਖਟ” ਜਾਂ ਯੋਗਤਾ ਲਾਜ਼ਮੀ ਹੋਣ ਦੀ ਸ਼ਰਤ ਹੈ।
ਲਗਭਗ 12 ਸਾਲ ਦੀ ਉਮਰ ਤੋਂ ਡੱਚ ਵਿਦਿਆਰਥੀਆਂ ਨੂੰ ਅਧਿਆਪਕਾਂ ਦੀਆਂ ਸਿਫ਼ਾਰਸ਼ਾਂ ਅਤੇ ਪ੍ਰਾਇਮਰੀ ਸਕੂਲ ਦੇ ਟੈਸਟ ਨਤੀਜਿਆਂ ਦੇ ਆਧਾਰ ‘ਤੇ ਤਿੰਨ ਸੈਕੰਡਰੀ ਸਿੱਖਿਆ ਮਾਰਗਾਂ ਵਿੱਚੋਂ ਇੱਕ ਵਿੱਚ ਭੇਜਿਆ ਜਾਂਦਾ ਹੈ:
- ਵੀਐੱਮਬੀਓ – ਵਿਹਾਰਕ ਰਾਹ, ਜੋ ਆਮ ਤੌਰ ‘ਤੇ ਵੋਕੇਸ਼ਨਲ ਸਿਖਲਾਈ ਵੱਲ ਲੈ ਜਾਂਦਾ ਹੈ।
- ਐੱਚਏਵੀਓ – ਇਹ ਰਾਹ ਆਮ ਤੌਰ ‘ਤੇ ਐਪਲਾਈਡ ਸਾਇੰਸਜ਼ ਦੀਆਂ ਯੂਨੀਵਰਸਿਟੀਆਂ ਵੱਲ ਲੈ ਜਾਂਦਾ ਹੈ।
- ਵੀਡਬਲਯੂਓ – ਇੱਕ ਅਕਾਦਮਿਕ ਰਾਹ, ਜੋ ਖੋਜ-ਅਧਾਰਿਤ ਯੂਨੀਵਰਸਿਟੀਆਂ ਤੱਕ ਪਹੁੰਚਾਉਂਦਾ ਹੈ।
ਹਾਲਾਂਕਿ, ਇਹ ਪ੍ਰਣਾਲੀ ਵਿਵਾਦਾਂ ਤੋਂ ਪਰੇ ਨਹੀਂ ਹੈ। ਆਲੋਚਕਾਂ ਦਾ ਕਹਿਣਾ ਹੈ ਕਿ ਛੋਟੀ ਉਮਰ ਵਿੱਚ ਇਸ ਤਰ੍ਹਾਂ ਦੀ ਵੰਡ ਕੁਝ ਬੱਚਿਆਂ ਲਈ ਨੁਕਸਾਨਦਾਇਕ ਹੋ ਸਕਦੀ ਹੈ ਅਤੇ ਉਨ੍ਹਾਂ ਦੇ ਆਤਮ-ਵਿਸ਼ਵਾਸ ‘ਤੇ ਮਾੜਾ ਅਸਰ ਪਾ ਸਕਦੀ ਹੈ।
ਪੂਰੇ ਬ੍ਰਿਟੇਨ ਵਿੱਚ ਨੌਜਵਾਨ 16 ਸਾਲ ਦੀ ਉਮਰ ਵਿੱਚ ਸਕੂਲ ਛੱਡ ਸਕਦੇ ਹਨ, ਪਰ ਇਸ ਤੋਂ ਬਾਅਦ ਦੇ ਨਿਯਮ ਵੱਖ-ਵੱਖ ਹਨ।
ਤਸਵੀਰ ਸਰੋਤ, P van Katwijk/Getty Images
ਇੰਗਲੈਂਡ ਵਿੱਚ ਉਨ੍ਹਾਂ ਨੂੰ 18 ਸਾਲ ਦੀ ਉਮਰ ਤੱਕ ਸਿੱਖਿਆ ਜਾਂ ਸਿਖਲਾਈ ਵਿੱਚ ਰਹਿਣਾ ਲਾਜ਼ਮੀ ਹੈ, ਭਾਵੇਂ ਉਹ ਪੂਰੇ ਸਮੇਂ ਦੀ ਪੜ੍ਹਾਈ, ਅਪਰੈਂਟਿਸਸ਼ਿਪ ਜਾਂ ਕੰਮ ਦੇ ਨਾਲ-ਨਾਲ ਅੱਧੇ ਸਮੇਂ ਦੀ ਸਿਖਲਾਈ ਰਾਹੀਂ ਹੋਵੇ।
ਸਕਾਟਲੈਂਡ, ਵੇਲਜ਼ ਅਤੇ ਉੱਤਰੀ ਆਇਰਲੈਂਡ ਵਿੱਚ ਇਸ ਤਰ੍ਹਾਂ ਦੀ ਕੋਈ ਕਾਨੂੰਨੀ ਲਾਜ਼ਮੀ ਸ਼ਰਤ ਨਹੀਂ ਹੈ, ਹਾਲਾਂਕਿ ਸਕੂਲ ਅਤੇ ਸਰਕਾਰੀ ਏਜੰਸੀਆਂ ਨੌਜਵਾਨਾਂ ਨੂੰ ਸਿੱਖਿਆ ਜਾਂ ਸਿਖਲਾਈ ਵਿੱਚ ਬਣੇ ਰਹਿਣ ਲਈ ਉਤਸ਼ਾਹਿਤ ਕਰਦੀਆਂ ਹਨ।
ਜਦੋਂ ਅਮੇਲੀ 10 ਸਾਲ ਦੀ ਸੀ, ਉਸ ਨੂੰ ਹਾਈ ਸਕੂਲ ਵਿੱਚ ਵੀਐੱਮਬੀਓ ਵੋਕੇਸ਼ਨਲ ਮਾਰਗ ਚੁਣਨ ਦੀ ਸਲਾਹ ਦਿੱਤੀ ਗਈ।
ਉਸ ਦਾ ਕਹਿਣਾ ਹੈ ਕਿ ਇਸ ਨਾਲ ਉਸ ਦੇ ਆਤਮ-ਵਿਸ਼ਵਾਸ ‘ਤੇ ਅਸਰ ਪਿਆ, ਕਿਉਂਕਿ ਡੱਚ ਸਿੱਖਿਆ ਪ੍ਰਣਾਲੀ ਵਿੱਚ ਵੀਐੱਮਬੀਓ ਨੂੰ ਸਭ ਤੋਂ ਵੱਧ ਅਕਾਦਮਿਕ ਮਾਰਗ ਨਹੀਂ ਮੰਨਿਆ ਜਾਂਦਾ।

ਹਾਲਾਂਕਿ, ਜਦੋਂ ਉਸ ਨੇ 12 ਸਾਲ ਦੀ ਉਮਰ ਵਿੱਚ ਸੈਕੰਡਰੀ ਸਕੂਲਾਂ ਬਾਰੇ ਜਾਣਕਾਰੀ ਲੈਣੀ ਸ਼ੁਰੂ ਕੀਤੀ, ਤਾਂ ਉਹ ਹੋਰ ਆਸ਼ਾਵਾਦੀ ਮਹਿਸੂਸ ਕਰਨ ਲੱਗੀ।
ਉਹ ਦੱਸਦੀ ਹੈ, “ਸਾਡੇ ਕੋਲ ਟੈਕਸਟਾਈਲ ਦੀ ਕਲਾਸ ਸੀ ਅਤੇ ਲੁਹਾਰ ਦੇ ਕੰਮ ਲਈ ਵੀ ਇੱਕ ਖੇਤਰ ਸੀ।”
ਅਮੇਲੀ ਨੇ ਅੱਗੇ ਫੈਸ਼ਨ ਦੀ ਪੜ੍ਹਾਈ ਕੀਤੀ, ਪਰ ਉਸ ਨੂੰ ਇੰਟਰਨਸ਼ਿਪ ਲੱਭਣ ਵਿੱਚ ਮੁਸ਼ਕਲ ਆਈ ਅਤੇ 17 ਸਾਲ ਦੀ ਉਮਰ ਵਿੱਚ ਉਸ ਨੇ ਆਪਣਾ ਕੋਰਸ ਛੱਡ ਦਿੱਤਾ।
ਇਸ ਤੋਂ ਬਾਅਦ ਉਸ ਨੇ ਛੇ ਮਹੀਨੇ ਕੰਮ ਕਰਨ ਅਤੇ ਯਾਤਰਾ ਕਰਨ ਵਿੱਚ ਬਿਤਾਏ ਅਤੇ ਉਸ ਨੂੰ ਲੱਗਣ ਲੱਗਾ ਕਿ ਉਸ ਦਾ ਅਕਾਦਮਿਕ ਸਫ਼ਰ ਆਪਣੇ ਰਾਹ ਤੋਂ ਭਟਕ ਗਈ ਹੈ।
ਇਸ ਮੋੜ ‘ਤੇ ਅਮੇਲੀ ਕਹਿੰਦੀ ਹੈ ਕਿ ਜੇਕਰ ਸਿੱਖਿਆ ਛੱਡਣ ਦਾ ਬਦਲ ਉਸ ਲਈ ਉਪਲਬਧ ਹੁੰਦਾ, ਜਿਵੇਂ ਕਿ ਬ੍ਰਿਟੇਨ ਵਿੱਚ ਹੈ ਤਾਂ ਹੋ ਸਕਦਾ ਹੈ ਕਿ ਉਸ ਨੇ ਉਹ ਰਾਹ ਚੁਣ ਲਿਆ ਹੁੰਦਾ।
ਉਹ ਕਹਿੰਦੀ ਹੈ, “ਜੇ ਮੈਨੂੰ ਸਕੂਲ ਛੱਡਣ ਦੀ ਆਜ਼ਾਦੀ ਹੁੰਦੀ, ਤਾਂ ਮੈਨੂੰ ਨਹੀਂ ਪਤਾ ਕਿ ਕੀ ਹੁੰਦਾ।”
ਪਰ ਕੋਈ ਯੋਗਤਾ ਹਾਸਲ ਕੀਤੇ ਬਿਨਾਂ, ਅਮੇਲੀ ਲਈ ਇਹ ਕੋਈ ਬਦਲ ਨਹੀਂ ਸੀ।
ਸਿੱਖਿਆ ਤੋਂ ਟਿਕਾਊ ਰੁਜ਼ਗਾਰ ਤੱਕ
ਡੱਚ ਪ੍ਰਣਾਲੀ ਕੰਮ ਅਤੇ ਪੜ੍ਹਾਈ ਨੂੰ ਜੋੜਨ ਵਾਲੇ ਮਾਰਗਾਂ, ਰੁਜ਼ਗਾਰਦਾਤਾਵਾਂ ਨਾਲ ਭਾਈਵਾਲੀ ਅਤੇ ਸਰਕਾਰ-ਸਮਰਥਿਤ ਅਪਰੈਂਟਿਸਸ਼ਿਪਾਂ ਰਾਹੀਂ ਵਿਦਿਆਰਥੀਆਂ ਨੂੰ ਵਿਹਾਰਕ ਤਜਰਬੇ ਹਾਸਲ ਕਰਨ ਦੇ ਬਹੁਤ ਮੌਕੇ ਪ੍ਰਦਾਨ ਕਰਦੀ ਹੈ। ਕਾਰੋਬਾਰ ਆਪਣੀਆਂ ਲੋੜਾਂ ਅਨੁਸਾਰ ਕਾਲਜਾਂ ਤੋਂ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੇ ਗਏ ਕੋਰਸਾਂ ਦੀ ਮੰਗ ਵੀ ਕਰ ਸਕਦੇ ਹਨ।
ਵਿਦਿਆਰਥੀਆਂ ਨੂੰ ਕਿੰਨੀ ਤਨਖ਼ਾਹ ਮਿਲਦੀ ਹੈ ਅਤੇ ਕੋਰਸ ਦੇ ਅੰਤ ਵਿੱਚ ਉਨ੍ਹਾਂ ਨੂੰ ਪੱਕੀ ਨੌਕਰੀ ਮਿਲਦੀ ਹੈ ਜਾਂ ਨਹੀਂ, ਇਹ ਵੱਖ-ਵੱਖ ਪੇਸ਼ਿਆਂ ਅਨੁਸਾਰ ਬਦਲਦਾ ਰਹਿੰਦਾ ਹੈ।
ਅਮੇਲੀ ਦਾ ਕਹਿਣਾ ਹੈ ਕਿ ਕਈ ਵਾਰ ਅਜਿਹਾ ਲੱਗਦਾ ਸੀ ਜਿਵੇਂ ਮੰਗ ਵਾਲੇ ਕਿੱਤਿਆਂ ਵਿੱਚ ਪੜ੍ਹਾਈ ਪੂਰੀ ਕਰਨ ਵਾਲੇ ਵਿਦਿਆਰਥੀਆਂ ਲਈ ਕਾਰੋਬਾਰ ਕਤਾਰਾਂ ਵਿੱਚ ਖੜ੍ਹੇ ਹੋਣ।
ਬੇਰੋਏਪਸਬੇਗੇਲਾਈਡੇਂਦੇ ਲੀਰਵੇਗ ਜਾਂ ਵੋਕੇਸ਼ਨਲ ਸਿਖਲਾਈ ਮਾਰਗ ਰਾਹੀਂ 16 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਵਿਦਿਆਰਥੀ ਪੜ੍ਹਾਈ ਦੇ ਨਾਲ-ਨਾਲ ਅੱਧੇ ਸਮੇਂ ਦੀ ਨੌਕਰੀ ਕਰ ਸਕਦੇ ਹਨ। ਆਮ ਤੌਰ ‘ਤੇ ਉਹ ਹਫ਼ਤੇ ਦੇ ਜ਼ਿਆਦਾਤਰ ਦਿਨ ਕੰਮ ਕਰਦੇ ਹਨ ਅਤੇ ਇੱਕ ਜਾਂ ਦੋ ਦਿਨ ਸਕੂਲ ਜਾਂਦੇ ਹਨ।

ਹੇਗ ਦੀ ਇੱਕ ਹਾਈ ਸਕੂਲ ਅਧਿਆਪਕਾ, ਅਸਜਾ ਵੈਨ ਡਰ ਹੈਲਮ, ਦੇ ਅਨੁਸਾਰ ਵੋਕੇਸ਼ਨਲ ਯੋਗਤਾ ਪ੍ਰਾਪਤ ਕਰਨ ਵਾਲੇ ਨੌਜਵਾਨਾਂ ਨੂੰ ਅਜਿਹੇ ਲੋਕਾਂ ਵਜੋਂ ਦੇਖਿਆ ਜਾਂਦਾ ਹੈ ਜਿਨ੍ਹਾਂ ਵਿੱਚ ਨਿਵੇਸ਼ ਕਰਨਾ ਲਾਭਦਾਇਕ ਹੈ ਅਤੇ ਜੋ ਸਮਾਜ ਲਈ ਇੱਕ ਕੀਮਤੀ ਜਾਇਦਾਦ ਹਨ।
ਵੈਨ ਡਰ ਹੈਲਮ ਦੱਸਦੀ ਹੈ, “ਕਈ ਹੁਨਰਮੰਦ ਕਾਮੇ, ਜਿਵੇਂ ਕਿ ਬਿਜਲੀ ਮਿਸਤਰੀ, ਛੱਤਾਂ ਬਣਾਉਣ ਵਾਲੇ, ਇੰਸਟਾਲੇਸ਼ਨ ਮਾਹਰ, ਟੈਕਨੀਸ਼ੀਅਨ ਅਤੇ ਕਾਰੀਗਰ, ਬਹੁਤ ਵਧੀਆ ਆਮਦਨ ਕਮਾ ਰਹੇ ਹਨ ਅਤੇ ਸਮਾਜ ਨੂੰ ਉਨ੍ਹਾਂ ਦੀ ਬਹੁਤ ਲੋੜ ਹੈ।”
“ਇਹ ਨੌਜਵਾਨ ਬਾਲਗਾਂ ਲਈ ਬਹੁਤ ਪੈਸਾ-ਕੇਂਦਰਿਤ ਸਮਾਜ ਹੈ। ਜਦੋਂ ਉਹ ਕਿਸੇ ਤਰਖਾਣ ਨੂੰ ਉਹ ਕੰਮ ਕਰਦੇ ਵੇਖਦੇ ਹਨ ਜੋ ਉਸ ਨੂੰ ਪਸੰਦ ਹੈ ਅਤੇ ਨਾਲ ਹੀ ਉਹ ਜਲਦੀ ਚੰਗੀ ਕਮਾਈ ਕਰ ਰਿਹਾ ਹੈ, ਤਾਂ ਉਹ ਉਸ ਨੂੰ ਇੱਕ ਆਦਰਸ਼ ਵਜੋਂ ਦੇਖਦੇ ਹਨ।”
ਡੈਸਟਿਨੀ ਕੈਰੇਬੀਅਨ ਖੇਤਰ ਦੇ ਬੋਨੇਅਰ ਤੋਂ ਨੀਦਰਲੈਂਡ ਆਈ ਸੀ। ਉੱਥੇ ਉਸ ਲਈ ਮੌਕੇ ਘੱਟ ਸਨ ਅਤੇ ਡੱਚ ਸਿੱਖਿਆ ਪ੍ਰਣਾਲੀ ਵਿੱਚ ਉਪਲਬਧ ਬਦਲਾਂ ਨੇ ਉਸ ਨੂੰ ਆਕਰਸ਼ਿਤ ਕੀਤਾ।
ਨੀਦਰਲੈਂਡ ਵਿੱਚ ਬਿਊਟੀ ਥੈਰੇਪੀ ਦੇ ਇੱਕ ਕੋਰਸ ਦੌਰਾਨ ਕੀਤੀ ਇੰਟਰਨਸ਼ਿਪ ਬਾਅਦ ਵਿੱਚ ਇੱਕ ਸੈਲੂਨ ਵਿੱਚ ਤਨਖ਼ਾਹ ਵਾਲੀ ਨੌਕਰੀ ਵਿੱਚ ਬਦਲ ਗਈ।
ਉਸ ਦਾ ਸਫ਼ਰ ਬਿਲਕੁਲ ਉਹੀ ਦਰਸਾਉਂਦਾ ਹੈ ਜੋ ਡੱਚ ਨੀਤੀ-ਨਿਰਮਾਤਾ ਹਾਸਲ ਕਰਨਾ ਚਾਹੁੰਦੇ ਹਨ, ਇਹ ਯਕੀਨੀ ਬਣਾਉਣਾ ਕਿ ਨੌਜਵਾਨ ਪੂਰੀ ਤਰ੍ਹਾਂ ਸਿਸਟਮ ਤੋਂ ਕੱਟੇ ਜਾਣ ਤੋਂ ਪਹਿਲਾਂ ਹੀ ਸਿੱਖਿਆ ਤੋਂ ਸਿੱਧੇ ਰੁਜ਼ਗਾਰ ਵਿੱਚ ਦਾਖ਼ਲ ਹੋ ਜਾਣ।
ਜਿਨ੍ਹਾਂ ਵਿਦਿਆਰਥੀਆਂ ਨੂੰ ਇਨ੍ਹਾਂ ਰਸਮੀ ਮਾਰਗਾਂ ਵਿੱਚ ਮੁਸ਼ਕਲ ਆਉਂਦੀ ਹੈ, ਉਨ੍ਹਾਂ ਲਈ ਸਕੂਲਾਂ ਦੇ ਬਜਟਾਂ ਰਾਹੀਂ ਫੰਡ ਕੀਤੇ ਜਾਣ ਵਾਲੇ ਕਈ ਬਦਲਵੇਂ ਰਸਤੇ ਵੀ ਮੌਜੂਦ ਹਨ।

ਬਦਲਵੇਂ ਰਸਤੇ
ਅਲੈਕਜ਼ੈਂਡਰ ਕੋਪੇਲੇ ਹੇਗ-ਅਧਾਰਿਤ ਸੰਸਥਾ ਮੋਈ ਯੋਂਗ (ਸੁੰਦਰ ਨੌਜਵਾਨ) ਦੇ ਮਾਲਕ ਹਨ। ਇਹ ਸੰਸਥਾ ਉਨ੍ਹਾਂ ਵਿਦਿਆਰਥੀਆਂ ਨਾਲ ਕੰਮ ਕਰਦੀ ਹੈ ਜਿਨ੍ਹਾਂ ਨੂੰ ਸਕੂਲਾਂ ਵੱਲੋਂ ਭੇਜਿਆ ਜਾਂਦਾ ਹੈ ਅਤੇ ਜੋ ਐੱਨਈਈਟੀ ਬਣਨ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਹੁੰਦੇ ਹਨ।
ਉਹ ਇੱਕ ਮੱਕੜੀ ਦੇ ਜਾਲ ਵਰਗਾ ਚਿੱਤਰ ਬਣਾਉਂਦਾ ਹੈ, ਜਿਸ ਦੀ ਹਰ ਡੋਰ ਉਸ ਬਿੰਦੂ ਨੂੰ ਦਰਸਾਉਂਦੀ ਹੈ ਜਿੱਥੇ ਕੋਈ ਕਿਸ਼ੋਰ ਸਿੱਖਿਆ ਛੱਡ ਸਕਦਾ ਹੈ, ਨੌਕਰੀ ਗੁਆ ਸਕਦਾ ਹੈ ਜਾਂ ਪੂਰੀ ਤਰ੍ਹਾਂ ਸਿਸਟਮ ਤੋਂ ਦੂਰ ਹੋ ਸਕਦਾ ਹੈ।
ਫਿਰ ਉਹ ਇਨ੍ਹਾਂ ਖਾਲੀ ਥਾਵਾਂ ਨੂੰ ਭਰਨਾ ਸ਼ੁਰੂ ਕਰਦਾ ਹੈ। ਹਰ ਮੋੜ ‘ਤੇ ਕੋਈ ਹੋਰ ਸੰਸਥਾ, ਕੋਈ ਹੋਰ ਦਖ਼ਲਅੰਦਾਜ਼ੀ ਅਤੇ ਇੱਕ ਹੋਰ ਮੌਕਾ ਮੌਜੂਦ ਹੁੰਦਾ ਹੈ।
ਕੋਪੇਲੇ ਕਹਿੰਦੇ ਹਨ, “ਮੈਨੂੰ ਯਕੀਨ ਨਹੀਂ ਕਿ ਸਾਡੇ ਕੋਲ ਕੋਈ ਜਾਦੂਈ ਹੱਲ ਹੈ,” ਪਰ ਉਨ੍ਹਾਂ ਦੇ ਤਜਰਬੇ ਅਤੇ ਅੰਕੜੇ ਦੋਵੇਂ ਇਹ ਦਰਸਾਉਂਦੇ ਹਨ ਕਿ “ਨੀਦਰਲੈਂਡ ਤੋਂ ਸਿੱਖਣ ਲਈ ਕਈ ਸਬਕ ਹਨ।”
ਸਕੂਲਾਂ ਨੂੰ ਸਿਹਤ ਅਤੇ ਭਲਾਈ ਲਈ ਸਰਕਾਰੀ ਫੰਡ ਮਿਲਦਾ ਹੈ, ਜਿਸ ਦੀ ਵਰਤੋਂ ਉਹ ਮੋਈ ਯੋਂਗ ਅਕੈਡਮੀ ਵਰਗੀਆਂ ਵਿਸ਼ੇਸ਼ ਸੰਸਥਾਵਾਂ ਨੂੰ ਸ਼ਾਮਲ ਕਰਨ ਲਈ ਕਰ ਸਕਦੇ ਹਨ। ਇਸ ਤਰ੍ਹਾਂ ਸਹਾਇਤਾ ਦਾ ਇੱਕ ਬਹੁ-ਪੱਧਰੀ ਸੁਰੱਖਿਆ ਜਾਲ ਤਿਆਰ ਹੁੰਦਾ ਹੈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਸਿੱਖਿਆ ਨਾਲ ਜੋੜੇ ਰੱਖਣਾ ਅਤੇ ਸਕੂਲ ਛੱਡਣ ਦੀ ਦਰ ਨੂੰ ਘਟਾਉਣਾ ਹੁੰਦਾ ਹੈ।

ਗ਼ੈਰ-ਹਾਜ਼ਰੀ ਨਾਲ ਨਜਿੱਠਣਾ
ਹਰ ਗ਼ੈਰ-ਹਾਜ਼ਰੀ ਦਾ ਰਿਕਾਰਡ ਰੱਖਿਆ ਜਾਂਦਾ ਹੈ। ਵਾਰ-ਵਾਰ ਦੇਰੀ ਨਾਲ ਆਉਣ ‘ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਜਾਂਦੀ ਹੈ। ਸਕੂਲ ਸਥਾਨਕ ਹਾਜ਼ਰੀ ਅਧਿਕਾਰੀਆਂ ਨੂੰ ਵੀ ਸੂਚਿਤ ਕਰਦੇ ਹਨ।
ਕਿਸੇ ਨੌਜਵਾਨ ਦੇ ਪੂਰੀ ਤਰ੍ਹਾਂ ਸਿਸਟਮ ਤੋਂ ਬਾਹਰ ਹੋਣ ਤੋਂ ਪਹਿਲਾਂ ਹੀ ਸਹਾਇਤਾ ਪ੍ਰਣਾਲੀਆਂ ਸਰਗਰਮ ਕਰ ਦਿੱਤੀਆਂ ਜਾਂਦੀਆਂ ਹਨ। ਕਈ ਵਾਰ ਵਿਦਿਆਰਥੀਆਂ ਨੂੰ, ਖ਼ਾਸ ਕਰਕੇ ਚਿੰਤਾ ਵਰਗੀਆਂ ਮਾਨਸਿਕ ਸਿਹਤ ਸਮੱਸਿਆਵਾਂ ਦੇ ਕਾਰਨ, ਸਕੂਲ ਤੋਂ ਅਸਥਾਈ ਤੌਰ ‘ਤੇ ਛੁੱਟੀ ਦਿੱਤੀ ਜਾਂਦੀ ਹੈ।
ਜਦੋਂ ਤੱਕ ਉਹ ਉਚਿਤ ਸਹਾਇਤਾ ਜਾਂ ਰੈਫਰਲ ਦੀ ਉਡੀਕ ਕਰ ਰਹੇ ਹੁੰਦੇ ਹਨ, ਉਨ੍ਹਾਂ ਨੂੰ “ਥੁਇਸਜ਼ਿੱਟਰਸ” ਕਿਹਾ ਜਾਂਦਾ ਹੈ, ਜਿਸ ਦਾ ਸ਼ਾਬਦਿਕ ਅਰਥ ਹੈ “ਘਰ ਬੈਠੇ ਲੋਕ”। ਫਿਰ ਵੀ ਸਕੂਲ ਨੂੰ ਉਨ੍ਹਾਂ ਲਈ ਬਜਟ ਮਿਲਦਾ ਰਹਿੰਦਾ ਹੈ, ਜਿਸ ਦੀ ਵਰਤੋਂ ਬਾਹਰੀ ਸਹਾਇਤਾ ਦੇ ਖਰਚੇ ਪੂਰੇ ਕਰਨ ਲਈ ਕੀਤੀ ਜਾ ਸਕਦੀ ਹੈ।
ਬਿਨਾਂ ਕਿਸੇ ਵਾਜਬ ਕਾਰਨ ਦੇ ਸਕੂਲ ਤੋਂ ਗੈਰ-ਹਾਜ਼ਰ ਰਹਿਣ ‘ਤੇ ਜੁਰਮਾਨੇ, ਕਮਿਊਨਿਟੀ ਸੇਵਾ ਦੇ ਹੁਕਮ ਜਾਂ ਨਾਬਾਲਗਾਂ ਦੀ ਨਿਗਰਾਨੀ ਵਰਗੀਆਂ ਸਜ਼ਾਵਾਂ ਦਿੱਤੀਆਂ ਜਾ ਸਕਦੀਆਂ ਹਨ।
ਇੰਗਲੈਂਡ ਵਿੱਚ ਵੀ ਜੇ ਕੋਈ ਬੱਚਾ ਬਿਨਾਂ ਕਿਸੇ ਵਾਜਬ ਕਾਰਨ ਦੇ ਸਕੂਲ ਨਹੀਂ ਜਾਂਦਾ, ਤਾਂ ਸਥਾਨਕ ਕੌਂਸਲਾਂ ਅਤੇ ਸਕੂਲ ਜੁਰਮਾਨਿਆਂ ਸਮੇਤ ਕਈ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰ ਸਕਦੇ ਹਨ।
ਹਾਲਾਂਕਿ ਡੱਚ ਮਾਡਲ ਪੂਰੀ ਤਰ੍ਹਾਂ ਨਿਰਦੋਸ਼ ਨਹੀਂ ਹੈ, ਨੌਜਵਾਨਾਂ ਵਿੱਚ ਬੇਰੁਜ਼ਗਾਰੀ ਵੱਧ ਰਹੀ ਹੈ।
ਇਸ ਦੇ ਜਵਾਬ ਵਿੱਚ ਸਰਕਾਰ ਨੌਜਵਾਨਾਂ ਲਈ ਸਰਕਾਰੀ ਲਾਭ ਪ੍ਰਾਪਤ ਕਰਨਾ ਆਸਾਨ ਬਣਾ ਰਹੀ ਹੈ। ਇਸ ਵਿੱਚ ਯੂਡਬਲਯੂਵੀ (ਡੱਚ ਕਰਮਚਾਰੀ ਬੀਮਾ ਏਜੰਸੀ) ਸਹਾਇਤਾ ਕਰਦੀ ਹੈ, ਜੋ ਬੇਰੁਜ਼ਗਾਰ ਲੋਕਾਂ ਦੀ ਮਦਦ ਕਰਦੀ ਹੈ, ਸਮਾਜਿਕ ਭਲਾਈ ਭੁਗਤਾਨਾਂ ਦਾ ਪ੍ਰਬੰਧ ਕਰਦੀ ਹੈ ਅਤੇ ਨੌਕਰੀ ਲੱਭਣ ਵਾਲਿਆਂ ਨੂੰ ਰੁਜ਼ਗਾਰਦਾਤਾਵਾਂ ਨਾਲ ਜੋੜਦੀ ਹੈ।
ਐੱਨਈਈਟੀ ਬਣਨ ਦੇ ਖ਼ਤਰੇ ਦਾ ਸਾਹਮਣਾ ਕਰ ਰਹੇ ਨੌਜਵਾਨਾਂ ਲਈ ਇਹ ਸਹਾਇਤਾ, ਮਾਰਗਦਰਸ਼ਨ ਅਤੇ ਮੌਕਿਆਂ ਲਈ ਇੱਕੋ ਥਾਂ ਉਪਲਬਧ ਸੇਵਾ ਹੈ।
ਭਾਵੇਂ ਅਮੇਲੀ ਆਪਣੇ ਸਕੂਲੀ ਸਫ਼ਰ ਨੂੰ ਉਥਲ-ਪੁਥਲ ਭਰਿਆ ਦੱਸਦੀ ਹੈ, ਪਰ ਉਸ ਦਾ ਮੰਨਣਾ ਹੈ ਕਿ ਜੇ ਰਾਹ ਬਦਲਣ ਦੀ ਲਚਕ ਨਾ ਹੁੰਦੀ ਤਾਂ ਸ਼ਾਇਦ ਉਹ ਪੂਰੀ ਤਰ੍ਹਾਂ ਪੜ੍ਹਾਈ ਛੱਡ ਦਿੰਦੀ।
ਹੁਣ 20 ਸਾਲ ਦੀ ਉਮਰ ਵਿੱਚ, ਉਹ ਸਿੱਖਿਆ ਦੇ ਖੇਤਰ ਵਿੱਚ ਕਰੀਅਰ ਬਣਾਉਣਾ ਚਾਹੁੰਦੀ ਹੈ ਅਤੇ ਇਸ ਵੇਲੇ ਹੇਗ ਦੇ ਵੋਕੇਸ਼ਨਲ ਕਾਲਜ ਆਰਓਸੀ ਮੌਂਡ੍ਰੀਆਨ ਵਿੱਚ ਅਧਿਆਪਕ ਸਹਾਇਕ ਬਣਨ ਦੀ ਟ੍ਰੇਨਿੰਗ ਲੈ ਰਹੀ ਹੈ।
ਉਹ ਉਮੀਦ ਕਰਦੀ ਹੈ ਕਿ ਇੱਕ ਦਿਨ ਉਹ ਉਹਨਾਂ ਨੌਜਵਾਨਾਂ ਦੀ ਮਦਦ ਕਰ ਸਕੇਗੀ ਜੋ ਕਦੇ ਉਸ ਦੀ ਤਰ੍ਹਾਂ ਦੀਆਂ ਹੀ ਚੁਣੌਤੀਆਂ ਦਾ ਸਾਹਮਣਾ ਕਰਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







