Home rss national punjabi2ਰਾਸ਼ਟਰੀ ਖ਼ਬਰਾਂ ਕ੍ਰਿਤੀ ਸੇਨਨ ਦੇ ਰੱਖੜੀ ਇਸ਼ਤਿਹਾਰ ਨੂੰ ਵਿਵਾਦ ਤੋਂ ਬਾਅਦ ਹਟਾਇਆ, ਰਾਹੁਲ ਗਾਂਧੀ...

ਕ੍ਰਿਤੀ ਸੇਨਨ ਦੇ ਰੱਖੜੀ ਇਸ਼ਤਿਹਾਰ ਨੂੰ ਵਿਵਾਦ ਤੋਂ ਬਾਅਦ ਹਟਾਇਆ, ਰਾਹੁਲ ਗਾਂਧੀ ਤੇ ਕੰਗਨਾ ਰਣੌਤ ਕੀ ਬੋਲੇ

5
0

Source :- BBC PUNJABI

ਕ੍ਰਿਤੀ ਸੇਨਨ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਰੱਖੜੀ ਤੋਂ ਪਹਿਲਾਂ ਇੱਕ ਜਵੈਲਰੀ ਬਰਾਂਡ ਦਾ ਇਸ਼ਤਿਹਾਰ ਸੋਸ਼ਲ ਮੀਡੀਆ ‘ਤੇ ਵਿਵਾਦ ਦਾ ਕਾਰਨ ਬਣ ਗਿਆ, ਜਿਸ ਨੂੰ ਕਿ ਵਿਵਾਦ ਤੋਂ ਬਾਅਦ ਵਾਪਸ ਲੈ ਲਿਆ ਗਿਆ।

ਇਸ਼ਤਿਹਾਰ ਵਿੱਚ ਅਦਾਕਾਰਾ ਕ੍ਰਿਤੀ ਸੇਨਨ ਨਜ਼ਰ ਆ ਰਹੀ ਹੈ। ਕੁਝ ਲੋਕਾਂ ਨੂੰ ਉਨ੍ਹਾਂ ਦੇ ਕੱਪੜੇ ਪਸੰਦ ਨਹੀਂ ਆਏ ਤਾਂ ਕੁਝ ਨੂੰ ਇਹ ਗੱਲ ਖੜਕੀ ਕਿ ਉਨ੍ਹਾਂ ਨੇ ਆਪਣੇ ਕੁੱਤੇ ਨੂੰ ਰੱਖੜੀ ਬੰਨੀ।

ਇਸ ਬਹਿਸ ਵਿੱਚ ਅਦਾਕਾਰਾ ਅਤੇ ਬੀਜੇਪੀ ਸਾਂਸਦ ਕੰਗਨਾ ਰਣੌਤ ਦੀ ਪ੍ਰਤੀਕਿਰਿਆ ਨਾਲ ਮਾਮਲੇ ਨੇ ਤੂਲ ਫੜ ਲਈ।

ਉਨ੍ਹਾਂ ਨੇ ਇਸ਼ਤਿਹਾਰ ਨੂੰ ਜਾਣ ਬੁੱਝ ਕੇ ਅਸਹਿਜ ਕਰਨ ਵਾਲਾ ਦੱਸਿਆ।

ਦੂਜੇ ਪਾਸੇ ਕ੍ਰਿਤੀ ਸੇਨਨ ਨੇ ਜਵਾਬ ਦਿੱਤਾ ਹੈ ਕਿ ‘ਸੰਸਕ੍ਰਿਤੀ ਦਿਲ ਵਿੱਚ ਹੁੰਦੀ ਹੈ, ਨੈਕਲਾਈਨ ਵਿੱਚ ਨਹੀਂ’।

ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕ੍ਰਿਤੀ ਸੇਨਨ ਦਾ ਸਮਰਥਨ ਕੀਤਾ ਹੈ ਅਤੇ ਕਿਹਾ ਹੈ ਕਿ ਮਹਿਲਾਵਾਂ ਨੂੰ ਉਨ੍ਹਾਂ ਦੀ ਅਜ਼ਾਦੀ ਦਾ ਇਸਤੇਮਾਲ ਕਰਨ ਲਈ ਟ੍ਰੋਲ ਕਰਨਾ ਬੰਦ ਕਰੋ।

ਇਸ਼ਤਿਹਾਰ ਵਿੱਚ ਆਖਿਰ ਕੀ ਸੀ ?

ਕਰੀਬ 35 ਸੈਕੰਡ ਦਾ ਇਹ ਇਸ਼ਤਿਹਾਰ ਜਵੈਲਰੀ ਬਰਾਂਡ ਜੀਵਾ ਦਾ ਸੀ ਜੋ 17 ਅਗਸਤ 2026 ਨੂੰ ਸੋਸ਼ਲ ਮੀਡੀਆ ‘ਤੇ ਆਇਆ ਸੀ।

ਇਸ ਵਿੱਚ ਕ੍ਰਿਤੀ ਸੇਨਨ ਰੱਖੜੀ ਮਨਾਉਂਦਿਆਂ ਦਿਸਦੀ ਹੈ। ਉਨ੍ਹਾਂ ਨੇ ਸਫੇਦ ਰੰਗ ਦਾ ਲਹਿੰਗਾ ਅਤੇ ਨਾਲ ਡੀਪ-ਨੈਕ ਬ੍ਰਾਲੈਟ ਸਟਾਈਲ ਦਾ ਬਲਾਊਜ਼ ਪਹਿਨਿਆ ਹੈ।

ਇਸ਼ਤਿਹਾਰ ਵਿੱਚ ਉਹ ਆਪਣੇ ਭਰਾ ਨੂੰ ਰੱਖੜੀ ਬੰਨਦੀ ਹੈ ਅਤੇ ਆਪਣੇ ਪਾਲਤੂ ਕੁੱਤੇ ਨੂੰ ਵੀ।

ਇਤਰਾਜ਼ ਕਿਸ ਗੱਲ ‘ਤੇ ?

ਕ੍ਰਿਤੀ ਸੇਨਨ

ਤਸਵੀਰ ਸਰੋਤ, Getty Images

ਸਭ ਤੋਂ ਵੱਡੀ ਸ਼ਿਕਾਇਤ ਕੱਪੜਿਆਂ ਨੂੰ ਲੈ ਕੇ ਸੀ। ਕਈ ਯੂਜ਼ਰਸ ਨੇ ਕਿਹਾ ਕਿ ਤਿਉਹਾਰ ਮੌਕੇ ਅਜਿਹਾ ਪਹਿਰਾਵਾ ਠੀਕ ਨਹੀਂ ਹੈ।

ਇੱਕ ਯੂਜ਼ਰ ਨੇ ਲਿਖਿਆ, “ਇੱਕ ਪਵਿੱਤਰ ਤਿਉਹਾਰ ਦਾ ਮਜ਼ਾਕ ਉਡਾਉਣ ਦੀ ਜਾਣ ਬੁੱਝ ਕੇ ਕੋਸ਼ਿਸ਼, ਅਭਿਨੇਤਰੀ ਕ੍ਰਿਤੀ ਸੇਨਨ ਵੀ ਓਨੀ ਹੀ ਦੋਸ਼ੀ ਹੈ। “

ਇੱਕ ਹੋਰ ਯੂਜ਼ਰ ਨੇ ਲਿਖਿਆ, “ਅਜਿਹੇ ਬੇਵਕੂਫ਼ੀ ਭਰੇ ਇਸ਼ਤਿਹਾਰ ਵਿਰੋਧ ਅਤੇ ਧਿਆਨ ਦਵਾਉਣ ਦੇ ਬਾਵਜੂਦ ਵਾਰ-ਵਾਰ ਆਉਂਦੇ ਰਹਿੰਦੇ ਹਨ।”

ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਇਸ਼ਤਿਹਾਰ ਵਿੱਚ ਤਿਲਕ ਅਤੇ ਆਰਤੀ ਜਿਹੀਆਂ ਚੀਜ਼ਾਂ ਨਹੀਂ ਦਿਖਾਈਆਂ ਗਈਆਂ।

ਕੁੱਤੇ ਨੂੰ ਰੱਖੜੀ ਬੰਨਣ ਨਾਲੇ ਸੀਨ ‘ਤੇ ਵੀ ਸਵਾਲ ਉੱਠੇ। ਕੁਝ ਲੋਕਾਂ ਨੇ ਬ੍ਰਾਂਡ ਦੇ ਬਾਈਕਾਟ ਦੀ ਮੰਗ ਤੱਕ ਕਰ ਦਿੱਤੀ।

ਦੂਜਾ ਪੱਖ ਵੀ ਸਾਹਮਣੇ ਆਇਆ

ਰਾਹੁਲ ਗਾਂਧੀ ਦੀ ਪੋਸਟ

ਤਸਵੀਰ ਸਰੋਤ, RAHULGANDHI/INSTAGRAM

ਪਰ ਬਹੁਤ ਸਾਰੇ ਲੋਕ ਕ੍ਰਿਤੀ ਸੇਨਨ ਦੇ ਨਾਲ ਖੜ੍ਹੇ ਨਜ਼ਰ ਆਏ। ਰਾਹੁਲ ਗਾਂਧੀ ਨੇ ਅਭਿਨੇਤਰੀ ਕ੍ਰਿਤੀ ਸੇਨਨ ਦਾ ਸਮਰਥਨ ਕਰਦਿਆਂ ਇੰਸਟਾਗ੍ਰਾਮ ‘ਤੇ ਉਨ੍ਹਾਂ ਦੀ ਸਟੋਰੀ ਨੂੰ ਸ਼ੇਅਰ ਕੀਤਾ ਹੈ।

ਰਾਹੁਲ ਗਾਂਧੀ ਨੇ ਕਿਹਾ ਕਿ “ਇੱਕ ਮਹਿਲਾ ਕੀ ਪਹਿਨਦੀ ਹੈ, ਕੀ ਕਰਦੀ ਹੈ ਅਤੇ ਕਿੱਥੇ ਜਾਂਦੀ ਹੈ-ਇਹ ਉਸ ਦੀ ਪਸੰਦ ਹੈ। ਮਹਿਲਾਵਾਂ ਨੂੰ ਉਨ੍ਹਾਂ ਦੀ ਅਜ਼ਾਦੀ ਦਾ ਇਸਤੇਮਾਲ ਕਰਨ ਲਈ ਟ੍ਰੋਲ ਕਰਨਾ ਬੰਦ ਕਰੋ।”

ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਕ੍ਰਿਤੀ ਸੇਨਨ ਦਾ ਸਮਰਥਨ ਕਰਦਿਆਂ ਆਪਣੀ ਇੰਸਟਾਗ੍ਰਾਮ ਸਟੋਰੀ ਵਿੱਚ ਹੈਸ਼ਟੈਗ ‘ਸਮੈਸ਼ ਦ ਪੇਟ੍ਰਿਯਾਰਕੀ’ ਵੀ ਲਿਖਿਆ।

ਇੱਕ ਯੂਜ਼ਰ ਨੇ ਲਿਖਿਆ, “ਕੀ ਅਸੀਂ ਮਹਿਲਾਵਾਂ ਦੇ ਕੱਪੜਿਆਂ ‘ਤੇ ਪਹਿਰਾ ਦੇਣਾ ਬੰਦ ਕਰ ਸਕਦੇ ਹਾਂ ਅਤੇ ਇਹ ਦਿਖਾਵਾ ਛੱਡ ਸਕਦੇ ਹਾਂ ਕਿ ਹਰ ਵਾਰ ਮਾਮਲਾ ਪਰੰਪਰਾ ਦਾ ਹੈ?”

ਇੱਕ ਹੋਰ ਯੂਜ਼ਰ ਨੇ ਲਿਖਿਆ, “ਸਮਝ ਨਹੀਂ ਆਉਂਦਾ ਕ੍ਰਿਤੀ ਦੇ ਕੱਪੜੇ ਨੈਤਿਕਤਾ ਦਾ ਮੁੱਦਾ ਕਿਵੇਂ ਬਣ ਗਏ, ਇਹ ਇੱਕ ਇਸ਼ਤਿਹਾਰ ਹੈ, ਸਭ ਨੂੰ ਥੋੜ੍ਹਾ ਸਾਹ ਲੈਣਾ ਚਾਹੀਦਾ ਹੈ।”

ਕੰਗਨਾ ਰਣੌਤ ਨੇ ਕੀ ਕਿਹਾ ?

ਕੰਗਨਾ ਰਣੌਤ ਦੀ ਪੋਸਟ

ਤਸਵੀਰ ਸਰੋਤ, KANGANARANAUT/INSTAGRAM

ਇਸੇ ਬਹਿਸ ਵਿਚਕਾਰ ਕੰਗਨਾ ਰਣੌਤ ਨੇ ਇੰਸਟਾਗ੍ਰਾਮ ਸਟੋਰੀ ‘ਤੇ ਆਪਣੇ ਲੰਬੇ ਵਿਚਾਰ ਲਿਖੇ। ਉਨ੍ਹਾਂ ਨੇ ਨਾ ਕ੍ਰਿਤੀ ਸੇਨਨ ਦਾ ਨਾਮ ਲਿਆ, ਨਾ ਬ੍ਰਾਂਡ ਦਾ, ਪਰ ਇਸ਼ਾਰਾ ਸਾਫ਼ ਸੀ।

ਉਨ੍ਹਾਂ ਨੇ ਲਿਖਿਆ, “ਮਹਿਲਾ ਹੋਣ ਲਈ ਇਹ ਸ਼ਾਨਦਾਰ ਸਮਾਂ ਹੈ। ਸਾਡੀਆਂ ਅਲਮਾਰੀਆਂ ਤਰ੍ਹਾਂ ਤਰ੍ਹਾਂ ਦੇ ਕੱਪੜਿਆਂ ਨਾਲ ਭਰੀਆਂ ਹੁੰਦੀਆਂ ਹਨ। ਅੱਜ ਦੀ ਮਹਿਲਾ ਗਲੋਬਲ ਮਹਿਲਾ ਹੈ। ਕੌਕਟੇਲ ਡ੍ਰੈਸਿੰਗ ਤੋਂ ਲੈ ਕੇ ਲਹਿੰਗਾ ਚੋਲ਼ੀ ਤੱਕ, ਜੀਨਸ ਤੋਂ ਲੈ ਕੇ ਸਾੜੀ ਤੱਕ, ਬਿਕਨੀ ਤੋਂ ਲੈ ਕੇ ਸਲਵਾਰ ਕਮੀਜ਼ ਤੱਕ। ਸਾਡੇ ਕੋਲ ਇੰਨੇ ਸਾਰੇ ਵਿਕਲਪ ਹਨ, ਤਾਂ ਫਿਰ ਤੁਸੀਂ ਆਪਣੇ ਭਰਾ ਨੂੰ ਰੱਖੜੀ ਬਿਕਨੀ ਜਾਂ ਅੰਡਰਗਾਰਮੈਂਟਸ ਵਿੱਚ ਕਿਉਂ ਬੰਨ੍ਹੋਗੇ? ਤੁਹਾਡੇ ਬਾਕੀ ਸਟਾਇਲਿੰਗ ਵਿਕਲਪ ਕਿੱਥੇ ਗਏ ?”

ਇਸੇ ਪੋਸਟ ਵਿੱਚ ਉਨ੍ਹਾਂ ਨੇ ਇਸ਼ਤਿਹਾਰ ਨੂੰ ਜਾਣ ਬੁੱਝ ਕੇ ਅਸਹਿਜ ਕਰਨ ਵਾਲਾ ਦੱਸਿਆ।

ਕ੍ਰਿਤੀ ਸੇਨਨ ਨੇ ਕੀ ਜਵਾਬ ਦਿੱਤਾ ?

ਕ੍ਰਿਤੀ ਸੇਨਨ ਦੀ ਇੰਸਟਾਗ੍ਰਾਮ ਸਟੋਰੀ।

ਤਸਵੀਰ ਸਰੋਤ, KRITISANON/INSTAGRAM

ਕ੍ਰਿਤੀ ਸੇਨਨ ਨੇ ਇਸ ਪੂਰੇ ਵਿਵਾਦ ‘ਤੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ਜ਼ਰੀਏ ਜਵਾਬ ਦਿੱਤਾ। ਉਨ੍ਹਾਂ ਨੇ ਕਿਹਾ ਕਿ ਕਿਸੇ ਮਹਿਲਾ ਦੀ ਸੰਸਕ੍ਰਿਤੀ ਪ੍ਰਤੀ ਨਿਸ਼ਠਾ ਉਸ ਦੇ ਕੱਪੜਿਆਂ ਤੋਂ ਨਹੀਂ ਆਂਕੀ ਜਾਣੀ ਚਾਹੀਦੀ।

ਉਨ੍ਹਾਂ ਨੇ ਲਿਖਿਆ, “ਤਿਉਹਾਰ ਦੀ ਅਸਲੀ ਫੀਲਿੰਗ ਤੁਹਾਡੇ ਕੱਪੜਿਆਂ ਵਿੱਚ ਨਹੀਂ, ਬਲਕਿ ਉਨ੍ਹਾਂ ਪਰੰਪਰਾਵਾਂ ਵਿੱਚ ਹੁੰਦੀ ਹੈ ਜਿਨ੍ਹਾਂ ਨੂੰ ਤੁਸੀਂ ਦਿਲੋਂ ਮੰਨਦੇ ਹੋ। ਰੱਖੜੀ ਸੁਰੱਖਿਆ ਅਤੇ ਪਿਆਰ ਦਾ ਰਿਸ਼ਤਾ ਹੈ। ਮੇਰੀ ਭੈਣ ਅਤੇ ਮੈਂ ਇੱਕ ਦੂਜੇ ਨੂੰ ਰੱਖੜੀ ਬੰਨਦੇ ਹਾਂ। ਅਸੀਂ ਇੱਕ ਦੂਜੇ ਦੀ ਰੱਖਿਆ ਕਰਨ ਦਾ ਵਾਅਦਾ ਕਰਦੇ ਹਾਂ, ਇੱਕ ਦੂਜੇ ਦੀ ਚੰਗੀ ਸਿਹਤ, ਖੁਸ਼ੀ ਅਤੇ ਲੰਬੀ ਉਮਰ ਦੀ ਪ੍ਰਾਰਥਨਾ ਕਰਦੇ ਹਾਂ।”

ਕੁੱਤੇ ਵਾਲੇ ਸੀਨ ਬਾਰੇ ਉਨ੍ਹਾਂ ਨੇ ਕਿਹਾ, “ਸਾਡੇ ਲਈ ਇਹ ਪਿਆਰ ਅਤੇ ਪ੍ਰਾਰਥਨਾ ਸਾਡੇ ਕੁੱਤੇ ਤੱਕ ਵੀ ਜਾਂਦੀ ਹੈ, ਕਿਉਂਕਿ ਉਹ ਵੀ ਸਾਡੇ ਪਰਿਵਾਰ ਦਾ ਹਿੱਸਾ ਹੈ।”

ਉਨ੍ਹਾਂ ਨੇ ਲਿਖਿਆ, ” ਆਖਿਰ ਅਸੀ ਮਹਿਲਾਵਾਂ ਨੂੰ ਇਹ ਦੱਸਣਾ ਕਦੋਂ ਬੰਦ ਕਰਾਂਗੇ ਕਿ ਉਨ੍ਹਾਂ ਨੂੰ ਕੀ ਪਹਿਨਣਾ ਚਾਹੀਦਾ ਹੈ ? ਸਮੇਂ ਦੇ ਨਾਲ ਰਵਾਇਤੀ ਫੈਸ਼ਨ ਵੀ ਬਦਲਿਆ ਹੈ। ਪਰ ਅੱਜ ਵੀ ਕਿਸੇ ਮਹਿਲਾ ਦੇ ਸੰਸਕ੍ਰਿਤੀ ਪ੍ਰਤੀ ਸਨਮਾਨ ਨੂੰ ਸਿਰਫ਼ ਉਸ ਦੇ ਕੱਪੜਿਆਂ ਤੋਂ ਕਿਉਂ ਮਾਪਿਆ ਜਾਂਦਾ ਹੈ ? ਸੱਭਿਆਚਾਰ ਅਤੇ ਰਵਾਇਤ ਉਸ ਦੇ ਦਿਲ ਵਿੱਚ ਹੁੰਦੇ ਹਨ, ਉਸ ਦੀ ਨੈਕਲਾਈਨ ਵਿੱਚ ਨਹੀਂ।”

ਪਹਿਲਾਂ ਕਦੋਂ ਕਦੋਂ ਇਸ਼ਤਿਹਾਰ ‘ਤੇ ਹੋਏ ਵਿਵਾਦ ?

ਭਾਰਤ ਵਿੱਚ ਤਿਉਹਾਰਾਂ ਨਾਲ ਜੁੜੇ ਇਸ਼ਤਿਹਾਰਾਂ ‘ਤੇ ਵਿਵਾਦ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿੱਚ ਕਈ ਵੱਡੇ ਬ੍ਰਾਂਡ ਇਸੇ ਤਰ੍ਹਾਂ ਦੇ ਦਬਾਅ ਵਿੱਚ ਆਪਣੇ ਵਿਗਿਆਪਨ ਵਾਪਸ ਲੈ ਚੁੱਕੇ ਹਨ।

ਤਨਿਸ਼ਕ, 2020: ਜਵੈਲਰੀ ਬ੍ਰਾਂਡ ਤਨਿਸ਼ਕ ਨੇ ਆਪਣੇ ਏਕਤਵਮ ਮੁਹਿੰਮ ਦਾ 43 ਸੈਕੰਡ ਦਾ ਇਸ਼ਤਿਹਾਰ 13 ਅਕਤੂਬਰ 2020 ਨੂੰ ਹਟਾ ਲਿਆ ਸੀ। ਇਸ ਵਿੱਚ ਇੱਕ ਮੁਸਲਿਮ ਪਰਿਵਾਰ ਆਪਣੀ ਹਿੰਦੂ ਬਹੂ ਦੀ ਗੋਦ ਭਰਾਈ ਕਰਦਾ ਦਿਸਦਾ ਹੈ। ਐਕਸ ‘ਤੇ ਹੈਸ਼ਟੈਗ ਬਾਈਕਾਟ ਤਨਿਸ਼ਕ ਟ੍ਰੈਂਡ ਹੋਇਆ ਅਤੇ ਇਲਜ਼ਾਮ ਲੱਗੇ ਕਿ ਇਸ਼ਤਿਹਾਰ ਕਥਿਤ ਲਵ ਜਿਹਾਦ ਨੂੰ ਵਧਾਵਾ ਦਿੰਦਾ ਹੈ।

ਸਰਫ ਐਕਸੇਲ, 2019: ਹੋਲੀ ਦੇ ਇਸ਼ਤਿਹਾਰ ਵਿੱਚ ਇੱਕ ਲੜਕੀ ਆਪਣੇ ਮੁਸਲਿਮ ਦੋਸਤ ਨੂੰ ਰੰਗਾਂ ਤੋਂ ਬਚਾ ਕੇ ਮਸਜਿਦ ਤੱਕ ਪਹੁੰਚਾਉਂਦੀ ਹੈ ਅਤੇ ਨਮਾਜ਼ ਤੋਂ ਬਾਅਦ ਦੋਹੇਂ ਇਕੱਠੇ ਹੋਲੀ ਖੇਡਣ ਦਾ ਵਾਅਦਾ ਕਰਦੇ ਹਨ। ਇਸ ‘ਤੇ ਹੈਸ਼ਟੈਗ ਬਾਈਕਾਟ ਸਰਫ ਐਕਸੇਲ ਟਰੈਂਡ ਹੋਇਆ ਅਤੇ ਇਸ਼ਤਿਹਾਰ ਨੂੰ ਹਿੰਦੂ ਵਿਰੋਧੀ ਕਿਹਾ ਗਿਆ। ਹਾਲਾਂਕਿ ਇਹ ਇਸ਼ਤਿਹਾਰ ਵਾਪਸ ਨਹੀਂ ਲਿਆ ਗਿਆ।

ਫੈਬ ਇੰਡੀਆ, 2021: ਕੱਪੜਿਆਂ ਦੇ ਬਰਾਂਡ ਫੈਬ ਇੰਡੀਆ ਨੇ ਜਸ਼ਨ ਏ ਰਿਵਾਜ ਨਾਮ ਦਾ ਫੈਸਟਿਵ ਕਲੈਕਸ਼ਨ ਲਾਂਚ ਕੀਤਾ। ਉਰਦੂ ਨਾਮ ‘ਤੇ ਇਤਰਾਜ਼ ਉੱਠਿਆ ਅਤੇ ਹੈਸ਼ਟੈਗ ਦਿਵਾਲੀ ਇੰਜ ਨਾਟ ਜਸ਼ਨ ਏ ਰਿਵਾਜ਼ ਟਰੈਂਡ ਹੋਇਆ।

ਡਾਬਰ, 2021: ਕਰਵਾ-ਚੌਥ ਦੇ ਇਸ਼ਤਿਹਾਰ ਵਿੱਚ ਦੋ ਮਹਿਲਾਵਾਂ ਇੱਕ ਦੂਜੇ ਲਈ ਵਰਤ ਰੱਖਦੀਆਂ ਦਿਸੀਆਂ। ਮੱਧ ਪ੍ਰਦੇਸ਼ ਦੇ ਤਤਕਾਲੀ ਗ੍ਰਹਿ ਮੰਤਰੀ ਨਰੋਤਮ ਮਿਸ਼ਰਾ ਨੇ 25 ਅਕਤੂਬਰ 2021 ਨੂੰ ਇਸ ‘ਤੇ ਕਾਰਵਾਈ ਦੀ ਚੇਤਾਵਨੀ ਦਿੱਤੀ। ਅਗਲੇ ਦਿਨ ਕੰਪਨੀ ਨੇ ਇਸ਼ਤਿਹਾਰ ਹਟਾ ਲਿਆ ਅਤੇ ਕਿਹਾ, “ਅਸੀਂ ਅਣਜਾਣੇ ਵਿੱਚ ਲੋਕਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਬਿਨਾਂ ਸ਼ਰਤ ਮਾਫੀ ਮੰਗਦੇ ਹਾਂ।”

ਇਨ੍ਹਾਂ ਸਾਰੇ ਮਾਮਲਿਆਂ ਵਿੱਚ ਇੱਕ ਗੱਲ ਆਮ ਰਹੀ, ਵਿਵਾਦ ਸੋਸ਼ਲ ਮੀਡੀਆ ਤੋਂ ਸ਼ੁਰੂ ਹੋਇਆ, ਨੇਤਾਵਾਂ ਦੀ ਬਿਆਨਬਾਜ਼ੀ ਹੋਈ ਅਤੇ ਕੋਈ ਮੌਕਿਆਂ ‘ਤੇ ਬ੍ਰਾਂਡ ਨੇ ਇਸ਼ਤਿਹਾਰ ਵਾਪਸ ਲੈ ਲਿਆ। ਕ੍ਰਿਤੀ ਸੇਨਨ ਦੇ ਮਾਮਲੇ ਵਿੱਚ ਵੀ ਬ੍ਰਾਂਡ ਨੂੰ ਇਹ ਇਸ਼ਤਿਹਾਰ ਵਾਪਸ ਲੈਣਾ ਪੈ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI