Source :- BBC PUNJABI

ਡੌਨਲਡ ਟਰੰਪ ਐਲਕਾਟਰਾਜ਼ ਜੇਲ੍ਹ ਨੂੰ ਮੁੜ ਖੋਲ੍ਹਣ ਤੇ ਇਸ ਦਾ ਵਿਸਥਾਰ ਕਰਨ ਦਾ ਹੁਕਮ ਦੇ ਚੁੱਕੇ ਹਨ।

ਤਸਵੀਰ ਸਰੋਤ, Getty Images

ਇਹ ਉਹ ਟਾਪੂ ਸੀ ਜਿਸ ਵਿੱਚ ਅਮਰੀਕਾ ਦੇ ਪੱਛਮੀ ਤੱਟ ‘ਤੇ ਪਹਿਲਾ ਲਾਈਟਹਾਊਸ ਸੀ, ਜੋ 19ਵੀਂ ਸਦੀ ਦੇ ਮੱਧ ਵਿੱਚ ਪ੍ਰਸ਼ਾਂਤ ਮਹਾਸਾਗਰ ਵਿੱਚ ਜਹਾਜ਼ਾਂ ਦੀ ਅਗਵਾਈ ਕਰਨ ਲਈ ਬਣਾਇਆ ਗਿਆ ਸੀ।

ਇਹ ਇੱਕ ਸੁਰੱਖਿਆ ਮੁਹੱਈਆ ਕਰਵਾਉਣ ਵਾਲਾ ਕਿਲ੍ਹਾ ਸੀ ਜਿਸ ਵਿੱਚ ਰੱਖੀਆਂ ਸੈਂਕੜੇ ਤੋਪਾਂ ਕੈਲੀਫ਼ੋਰਨੀਆ ਨੂੰ ਕਿਸੇ ਵੀ ਸਮੁੰਦਰੀ ਹਮਲੇ ਤੋਂ ਬਚਾਉਣ ਲਈ ਤਿਆਰ-ਬਰ-ਤਿਆਰ ਰਹਿੰਦੀਆਂ ਸਨ।

ਇਹ ਜਗ੍ਹਾ ਪੈਲੀਕਨ (ਪੰਛੀਆਂ) ਲਈ ਇੱਕ ਕੁਦਰਤੀ ਰਿਜ਼ਰਵ ਵੀ ਸੀ, ਜਿਸ ਤੋਂ ਇਸਨੂੰ ਆਪਣਾ ਨਾਮ ਵਿਰਾਸਤ ਵਿੱਚ ਮਿਲਿਆ ਸੀ।

ਪਰ ਐਲਕਾਟਰਾਜ਼ ਦੀ ਪ੍ਰਸਿੱਧੀ ਉਨ੍ਹਾਂ ਸਾਲਾਂ ਦੌਰਾਨ ਹੋਈ ਜਦੋਂ ਉੱਤਰੀ ਕੈਲੀਫੋਰਨੀਆ ਵਿੱਚ ਸੈਨ ਫਰਾਂਸਿਸਕੋ ਖਾੜੀ ਵਾਲੀ ਇਸ ਚੱਟਾਨ ਵਿੱਚ ਇੱਕ ਸਖ਼ਤ-ਸੁਰੱਖਿਆ ਵਾਲੀ ਸੰਘੀ ਜੇਲ੍ਹ ਬਣਾਈ ਗਈ ਸੀ ਅਤੇ ਇਹ ਅਮਰੀਕਾ ਦੇ ਕੁਝ ਸਭ ਤੋਂ ਖ਼ਤਰਨਾਕ ਗੈਂਗਸਟਰਾਂ ਲਈ ਬਣਾਇਆ ਗਿਆ ਜ਼ਬਰਦਸਤੀ ਦਾ ਘਰ ਸੀ।

1934 ਅਤੇ 1963 ਦੇ ਵਿਚਕਾਰ ਇਸ ਜੇਲ੍ਹ ਨੂੰ ‘ਦਿ ਰੌਕ’ ਵੀ ਕਿਹਾ ਜਾਂਦਾ ਹੈ। ਇਹ ਉਹ ਜਗ੍ਹਾ ਸੀ ਜਿੱਥੇ ਮੁੱਖ ਭੂਮੀ ‘ਤੇ ਹੋਰ ਜੇਲ੍ਹਾਂ ਲਈ ਬਹੁਤ ਖਤਰਨਾਕ ਮੰਨੇ ਜਾਂਦੇ ਅਪਰਾਧੀਆਂ ਨੂੰ ਤਬਦੀਲ ਕੀਤਾ ਜਾਂਦਾ ਸੀ।

ਇਸ ਜੇਲ੍ਹ ‘ਚ 1962 ਵਿੱਚ ਇੱਕ ਘਟਨਾ ਵਾਪਰੀ ਸੀ ਜੋ ਦੁਨੀਆਂ ਭਰ ਵਿੱਚ ਮਸ਼ਹੂਰ ਹੋਈ ਸੀ। ਇਹ ਉਹ ਸਮਾਂ ਸੀ ਜਦੋਂ ਇੱਥੋਂ ਫਰਾਰ ਹੋਏ ਤਿੰਨ ਕੈਦੀਆਂ ਦਾ ਫਿਰ ਕਦੇ ਕੋਈ ਪਤਾ ਨਹੀਂ ਲੱਗਿਆ।

ਹਾਲਾਂਕਿ, ਇਸ ਜੇਲ੍ਹ ਦੇ ਸੈੱਲਾਂ ਦੇ ਆਲੇ ਦੁਆਲੇ ਦੀ ਕਹਾਣੀ ਮੌਖਿਕ ਬਿਰਤਾਂਤਾਂ ਅਤੇ ਹਾਲੀਵੁੱਡ ਫਿਲਮਾਂ ਵਰਗੀ ਰੁਮਾਂਚਕ ਹੈ।

ਰਾਸ਼ਟਰਪਤੀ ਡੌਨਲਡ ਟਰੰਪ ਨੇ ਹੁਣ “ਅਮਰੀਕਾ ਦੇ ਸਭ ਤੋਂ ਜ਼ਾਲਮ ਅਤੇ ਹਿੰਸਕ ਅਪਰਾਧੀਆਂ ਨੂੰ ਰੱਖਣ” ਲਈ ਦੇਸ਼ ਦੀ ਸਭ ਤੋਂ ਬਦਨਾਮ ਜੇਲ੍ਹ ਨੂੰ ਦੁਬਾਰਾ ਖੋਲ੍ਹਣ ਅਤੇ ਇਸਦਾ ਹੋਰ ਵਿਸਥਾਰ ਕਰਨ ਦਾ ਹੁਕਮ ਦਿੱਤਾ ਹੈ।

ਇਸਦੀ ਦੁਨੀਆ ਭਰ ਵਿੱਚ ਪ੍ਰਸਿੱਧੀ ਦੇ ਬਾਵਜੂਦ, ਇੱਥੇ ਪੰਜ ਗੱਲਾਂ ਹਨ ਜੋ ਤੁਸੀਂ ਐਲਕਾਟਰਾਜ਼ ਬਾਰੇ ਨਹੀਂ ਜਾਣਦੇ ਹੋਵੋਗੇ।

ਇੱਥੇ ਚੁੱਪ ਰਹਿਣਾ ਇੱਕ ਨਿਯਮ ਸੀ

ਐਲਕਾਟਰਾਜ਼ ਜੇਲ੍ਹ

ਤਸਵੀਰ ਸਰੋਤ, Getty Images

ਉੱਤਰੀ ਪ੍ਰਸ਼ਾਂਤ ਵਿੱਚ ਇੱਕ ਬੰਜਰ, ਪਥਰੀਲੇ ਟਾਪੂ ‘ਤੇ ਸਥਿਤ, ਪਹਿਲੀ ਵਾਰ ਐਲਕਾਟਰਾਜ਼ ਵਿੱਚ ਕੈਦੀਆਂ ਨੂੰ ਰੱਖਣ ਲਈ ਕਿਲ੍ਹਾ 1850 ਦੇ ਆਸਪਾਸ ਬਣਾਇਆ ਗਿਆ ਸੀ ਅਤੇ ਇਸ ਦੀ ਫੌਜੀ ਜੇਲ੍ਹ ਵਜੋਂ ਵਰਤੋਂ ਕੀਤੀ ਗਈ ਸੀ।

ਅਧਿਕਾਰੀਆਂ ਦਾ ਮੰਨਣਾ ਸੀ ਕਿ ਸਖ਼ਤ ਧਾਰਾਵਾਂ ਅਤੇ ਪਾਣੀ ਦੇ ਘੱਟ ਤਾਪਮਾਨ ਨੂੰ ਦੇਖਦੇ ਹੋਏ, ਭੂਗੋਲਿਕ ਇਕੱਲਤਾ ਇੱਥੇ ਕਿਸੇ ਵੀ ਤਰ੍ਹਾਂ ਦੇ ਬਚਾਅ ਦੀ ਹਰ ਇੱਕ ਕੋਸ਼ਿਸ਼ ਨੂੰ ਰੋਕਣ ਲਈ ਕਾਫ਼ੀ ਸੀ।

1912 ਤੱਕ, ਦੁਨੀਆ ਦੀ ਸਭ ਤੋਂ ਵੱਡੀ ਮਜ਼ਬੂਤ ਕੰਕਰੀਟ ਦੀ ਇਮਾਰਤ ਉੱਥੇ ਖੜ੍ਹੀ ਸੀ।

ਪਰ ਇਹ 1933 ਵਿੱਚ ਸੀ ਜਦੋਂ ਐਲਕਾਟਰਾਜ਼ ਨੇ ਇੱਕ ਵੱਖਰੀ ਕਿਸਮ ਦੀ ਨਜ਼ਰਬੰਦੀ ਸਹੂਲਤ ਵਜੋਂ ਆਪਣੀ ਸਾਖ ਨੂੰ ਮਜ਼ਬੂਤ ਕੀਤਾ, ਇਹ ‘ਜੇਲ੍ਹਾਂ ਦੀ ਜੇਲ੍ਹ’ ਬਣ ਗਿਆ, ਇਸ ਨੂੰ ਫੈਡਰਲ ਬਿਊਰੋ ਆਫ਼ ਕਰੈਕਸ਼ਨਜ਼ ਨੇ ਇਸਨੂੰ ਨਾਮ ਦਿੱਤਾ।

ਇਸਦਾ ਅਸਲ ਵਿੱਚ ਮਤਲਬ ਸੀ ਕਿ ਇਹ ਉਨ੍ਹਾਂ ਕੈਦੀਆਂ ਨੂੰ ਰੱਖਣ ਲਈ ਸੀ ਜੋ ਅਮਰੀਕਾ ਦੀਆਂ ਹੋਰ ਨਜ਼ਰਬੰਦੀ ਲਈ ਜੇਲ੍ਹਾਂ ਲਈ ਬਹੁਤ ਜ਼ਿਆਦਾ ਅਨੁਸ਼ਾਸਨਹੀਣ ਸਨ।

ਕਿਹਾ ਗਿਆ ਹੈ ਕਿ ਇਸ ਜੇਲ੍ਹ ਦਾ ਬਾਅਦ ਵਿੱਚ ਹੋਰ ਫ਼ੈਡਰਲ ਜੇਲ੍ਹਾਂ ਵਾਂਗ ਵਿਸਥਾਰ ਕੀਤਾ ਜਾਵੇਗਾ।

ਇਹ ਅਖੌਤੀ 1×3 ਦੀ ਹਿਰਾਸਤ ਪ੍ਰਣਾਲੀ ਲਈ ਇੱਕ ਟੈਸਟ ਮਾਡਲ ਵੀ ਸੀ, ਜਿਸਦੇ ਤਹਿਤ ਹਰ ਤਿੰਨ ਕੈਦੀਆਂ ਲਈ ਇੱਕ ਗਾਰਡ ਨਿਯੁਕਤ ਕੀਤਾ ਗਿਆ।

ਇਸਦਾ ਪਹਿਲਾ ਵਾਰਡਨ ਜੇਮਜ਼ ਜੌਹਨਸਟਨ ਸੀ। ਉਹ ਜੇਲ੍ਹ ਨੂੰ ਕੈਦੀਆਂ ਲਈ ਪੁਨਰਵਾਸ ਅਤੇ ਸਮਾਜਿਕ ਪੁਨਰ-ਏਕੀਕਰਨ ਦੀ ਥਾਂ ਬਣਾਉਣ ਦੀ ਬਜਾਇ ਇਸ ਨੂੰ ਬੇਹੱਦ ਅਨੁਸ਼ਾਸਨ ਵਾਲੀ ਜਗ੍ਹਾ ਵਜੋਂ ਵੇਖਦਾ ਸੀ।

ਉਸਦੇ ਸਖ਼ਤ ਨਿਯਮਾਂ ਦੇ ਤਹਿਤ, ਹਰੇਕ ਕੈਦੀ ਨੂੰ ਇੱਕ ਵਿਅਕਤੀਗਤ ਸੈੱਲ ਦਿੱਤਾ ਜਾਂਦਾ ਸੀ, ਇੱਕ ਲਗਜ਼ਰੀ ਤੋਂ ਦੂਰ, ਉਹ ਮੰਨਦਾ ਸੀ ਕਿ ਇਕਾਂਤ ਕੈਦ ਸਾਜ਼ਿਸ਼ਾਂ ਅਤੇ ਯੋਜਨਾਵਾਂ ਨੂੰ ਰੋਕਣ ਦਾ ਇੱਕ ਤਰੀਕਾ ਸੀ।

ਇਸਦੇ ਵਸਨੀਕਾਂ ਦੇ ਤਜ਼ਰਬਿਆਂ ਦੇ ਮੁਤਾਬਕ, ਸਭ ਤੋਂ ਭੈੜਾ ਨਿਯਮ ਲਾਗੂ ਸੀ, ਬਹੁਤ ਜ਼ਿਆਦਾ ਚੁੱਪੀ ਦਾ, ਕੈਦੀਆਂ ਨੂੰ ਹਫ਼ਤੇ ਦੇ ਅੰਤ ਵਿੱਚ ਛੁੱਟੀਆਂ ਦੌਰਾਨ ਗੱਲਬਾਤ ਕਰਨ ਦੀ ਆਗਿਆ ਸੀ।

ਨਿਯਮਾਂ ਤੋਂ ਭਟਕਣ ਵਾਲਿਆਂ ਨੂੰ ਇੱਕ ‘ਖਾਈ’ ਵਿੱਚ ਭੇਜ ਦਿੱਤਾ ਜਾਂਦਾ ਸੀ, ਇੱਕ ਭੂਮੀਗਤ ਜਗ੍ਹਾ ਜਿੱਥੇ ਇੱਕ ਕੈਦੀ ਇੱਕ ਸਮੇਂ ਵਿੱਚ ਹਫ਼ਤੇ ਬਿਤਾ ਸਕਦਾ ਸੀ।

ਨਾਮੀ ਕੈਦੀਆਂ ਦੀ ਥਾਂ

ਐਲਕਾਟਰਾਜ਼ ਜੇਲ੍ਹ

ਤਸਵੀਰ ਸਰੋਤ, Getty Images

ਫੈਡਰਲ ਬਿਊਰੋ ਆਫ਼ ਪ੍ਰਿਜ਼ਨਜ਼ (ਬੀਓਪੀ) ਦੇ ਮੁਤਾਬਕ, ਐਲਕਾਟਰਾਜ਼ ਜੇਲ੍ਹ ਵਿੱਚ ਹਮੇਸ਼ਾਂ ਸਮਰੱਥਾਂ ਤੋਂ ਘੱਟ ਲੋਕਾਂ ਨੂੰ ਰੱਖਿਆ ਗਿਆ ਸੀ।

ਉੱਥੇ ਔਸਤਨ, ਇਸ ਵਿੱਚ 260 ਤੋਂ 275 ਕੈਦੀ ਸਨ, ਜੋ ਕਿ ਕੁੱਲ ਸੰਘੀ ਕੈਦੀਆਂ ਦਾ ਮਹਿਜ਼ 1 ਫ਼ੀਸਦ ਸੀ।

ਪਰ ਭਾਵੇਂ ਗਿਣਤੀ ਘੱਟ ਸੀ, ਪਰ ਸਲਾਖਾਂ ਪਿੱਛੇ ਬੰਦ ਲੋਕ ਆਮ ਨਹੀਂ ਸਨ, ਮਹਾਂਮੰਦੀ ਦੌਰਾਨ ਸੰਗਠਿਤ ਅਪਰਾਧ ਦੀ ਦੁਨੀਆ ਤੋਂ ਬਹੁਤ ਸਾਰੇ ਲੋਕ ਇੱਥੇ ਕੈਦ ਸਨ।

ਸਭ ਤੋਂ ਵੱਧ ਜਾਣਿਆ ਜਾਣ ਵਾਲਾ ਕੈਦੀ ਬੇਸ਼ੱਕ ਅਲਫੋਂਸ ‘ਅਲ’ ਕੈਪੋਨ ਸੀ, ਇੱਕ ਲੁਟੇਰਾ ਅਤੇ ਤਸਕਰ ਜੋ ਸ਼ਿਕਾਗੋ ਸਥਿਤ ਇੱਕ ਬਦਨਾਮ ਅਪਰਾਧਿਕ ਸੰਗਠਨ ਦਾ ਆਗੂ ਸੀ।

ਕੈਪੋਨ ਨੂੰ ਐਲਕਾਟਰਾਜ਼ ਭੇਜਿਆ ਗਿਆ ਸੀ। ਅਧਿਕਾਰੀਆਂ ਦਾ ਦਾਅਵਾ ਸੀ ਇਸ ਤੋਂ ਪਹਿਲਾਂ ਉਸ ਨੂੰ ਐਟਲਾਂਟਾ ਦੀ ਇੱਕ ਜੇਲ੍ਹ ਵਿੱਚ ਕੈਦ ਕੀਤਾ ਗਿਆ ਸੀ ਪਰ ਇਹ ਜੇਲ੍ਹ ਉਸ ਨੂੰ ਆਪਣੀਆਂ ਅਪਰਾਧਿਕ ਗਤੀਵਿਧੀਆਂ ਕਰਨ ਤੋਂ ਰੋਕਣ ਵਿੱਚ ਨਾਕਾਮ ਰਹੀ ਸੀ।

ਉਸਨੇ ਦਿ ਰੌਕ ਵਿੱਚ ਚਾਰ ਸਾਲ ਤੋਂ ਵੱਧ ਸਮਾਂ ਬਿਤਾਇਆ। ਜਦੋਂ ਅਧਿਕਾਰੀਆਂ ਨੂੰ ਉਸ ਦੀ ਖ਼ਰਾਬ ਸਿਹਤ ਬਾਰੇ ਪਤਾ ਲੱਗਿਆ ਤਾਂ ਉਸ ਨੂੰ ਕਿਸੇ ਹੋਰ ਜੇਲ੍ਹ ਵਿੱਚ ਤਬਦੀਲ ਕੀਤਾ ਗਿਆ।

ਇੱਕ ਹੋਰ ਸ਼ਖਸੀਅਤ ਜਿਸਦੀ ਪ੍ਰਸਿੱਧੀ ਜੇਲ੍ਹ ਦੀਆਂ ਉੱਚੀਆਂ ਕੰਧਾਂ ਤੋਂ ਪਾਰ ਦੀ ਸੀ, ਉਹ ਸੀ ਰੌਬਰਟ ਸਟਾਰਡ।

ਸਟਾਰਡ ਇੱਕ ਕਤਲ ਦੇ ਮਾਮਲੇ ਵਿੱਚ ਜੇਲ੍ਹ ਪਹੁੰਚੇ ਸਨ।

ਪੰਛੀਆਂ ਪ੍ਰਤੀ ਉਸਦੇ ਪਿਆਰ ਕਾਰਨ ਉਸਨੂੰ “ਐਲਕਾਟਰਾਜ਼ ਦਾ ਪੰਛੀ ਨਿਗਰਾਨ” ਕਿਹਾ ਜਾਣ ਲੱਗਿਆ ਸੀ।

ਉਸਨੇ ਕੈਨਸਸ ਵਿੱਚ ਆਪਣੀ ਪਿਛਲੀ ਕੈਦ ਦੌਰਾਨ ਕਈ ਪੰਛੀ ਰੱਖੇ ਸਨ, ਪਰ ਐਲਕਾਟਰਾਜ਼ ਵਿੱਚ ਪਾਲਤੂ ਜਾਨਵਰਾਂ ਦੀ ਇਜਾਜ਼ਤ ਨਹੀਂ ਸੀ। ਉਸ ਨੂੰ ਪੰਛੀ ਵਿਗਿਆਨ ਦੀਆਂ ਕਿਤਾਬਾਂ ਵੀ ਪੜ੍ਹਨ ਦਾ ਵੀ ਜਨੂੰਨ ਸੀ।

“ਅਲ” ਕੈਪੋਨ ਐਲਕਾਟਰਾਜ਼ ਦੇ ਸਭ ਤੋਂ ਮਸ਼ਹੂਰ ਕੈਦੀਆਂ ਵਿੱਚੋਂ ਇੱਕ ਸੀ।

ਐਲਵਿਨ ਕਾਰਪੋਵਿਜ਼, ਜਿਸ ਨੂੰ ‘ਕ੍ਰੀਪੀ ਕਾਰਪਿਸ’ ਵਜੋਂ ਜਾਣਿਆ ਜਾਂਦਾ ਸੀ, 1930 ਦੇ ਦਹਾਕੇ ਵਿੱਚ ਐੱਫਬੀਆਈ ਦੀ ਸੂਚੀ ਵਿੱਚ ‘ਜਨਤਕ ਦੁਸ਼ਮਣ ਨੰਬਰ 1’ ਸੀ ਅਤੇ ਐਲਕਾਟਰਾਜ਼ ਵਿੱਚ ਸਭ ਤੋਂ ਲੰਬੇ ਸਮੇਂ ਤੱਕ ਕੈਦੀ ਰਿਹਾ।

ਉਸਨੂੰ ਉੱਥੇ 25 ਸਾਲ ਅਤੇ ਇੱਕ ਮਹੀਨੇ ਲਈ ਕੈਦ ਕੀਤਾ ਗਿਆ ਸੀ।

ਗੈਂਗਸਟਰ ਜਾਰਜ ‘ਮਸ਼ੀਨ ਗਨ’ ਕੈਲੀ ਬਾਰਨਸ ਅਤੇ ਰਾਫੇਲ ਕੈਂਸਲ ਮਿਰਾਂਡਾ, ਪੋਰਟੋ ਰੀਕਨ ਨੈਸ਼ਨਲਿਸਟ ਪਾਰਟੀ ਦੇ ਮੈਂਬਰ ਹਨ, ਜੋ 1950 ਦੇ ਦਹਾਕੇ ਵਿੱਚ ਵਾਸ਼ਿੰਗਟਨ ਵਿੱਚ ਕੈਪੀਟਲ ਉੱਤੇ ਹਥਿਆਰਬੰਦ ਹਮਲੇ ਲਈ ਜ਼ਿੰਮੇਵਾਰ ਸਨ। ਉਹ ਵੀ ਇਨ੍ਹਾਂ ਸੈੱਲਾਂ ਵਿੱਚ ਰਹੇ ਸਨ।

ਭੱਜਣ ਦੀਆਂ ਕੋਸ਼ਿਸ਼ਾਂ ਅਤੇ ਨਿਰਾਸ਼ਾ

ਐਲਕਾਟਰਾਜ਼ ਜੇਲ੍ਹ

ਤਸਵੀਰ ਸਰੋਤ, Getty Images

ਇਮਾਰਤਸਾਜ਼ਾਂ ਨੇ ਐਲਕਾਟਰਾਜ਼ ਨੂੰ ਇੱਕ ਬਿਹਤਰੀਨ ਜੇਲ੍ਹ ਵਜੋਂ ਕਲਪਨਾ ਕੀਤੀ, ਜਿਸ ਵਿੱਚ ਬਿਜਲੀ ਵਾਲੀਆਂ ਵਾੜਾਂ, ਕੰਡਿਆਲੀਆਂ ਤਾਰਾਂ ਅਤੇ ਹਥਿਆਰਬੰਦ ਗਾਰਡਾਂ ਸਨ, ਸੁਰੱਖਿਆ ਇੰਨੀ ਸੀ ਕਿ ਕੋਈ ਇੱਥੋਂ ਭੱਜ ਕੇ ਜਾਣ ਦਾ ਤਸੱਵੁਰ ਵੀ ਨਾ ਕਰੇ।

ਪਰ ਇਹ ਉਨ੍ਹਾਂ ਦੀ ਕਲਪਨਾ ਹੀ ਸੀ। ਕਿਉਂਕਿ ਦਰਜਨਾਂ ਕੈਦੀਆਂ ਨੂੰ ਭੱਜਣ ਦੀ ਕੋਸ਼ਿਸ਼ ਕਰਨ ਤੋਂ ਇਸ ਸਾਰੀ ਸੁਰੱਖਿਆ ਰੋਕ ਨਾ ਸਕੀ।

ਅਧਿਕਾਰਿਤ ਰਿਕਾਰਡ ਦਰਸਾਉਂਦੇ ਹਨ ਕਿ ਤਿੰਨ ਦਹਾਕਿਆਂ ਵਿੱਚ 14 ਵਾਰ ਕੈਦੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਅਜਿਹਾ ਮਨਸੂਬਾ ਰੱਖਣ ਵਾਲੇ ਕੁੱਲ 36 ਲੋਕ ਸਨ।

ਬੀਓਪੀ ਦੇ ਮੁਤਾਬਕ 23 ਨੂੰ ਮੁੜ ਫੜ ਲਿਆ ਗਿਆ, ਛੇ ਨੂੰ ਭੱਜਣ ਦੀਆਂ ਕੋਸ਼ਿਸ਼ਾਂ ਦੌਰਾਨ ਗੋਲੀ ਮਾਰ ਕੇ ਥਾਂ ‘ਤੇ ਹੀ ਖ਼ਤਮ ਕਰ ਦਿੱਤਾ ਗਿਆ ਅਤੇ ਦੋ ਹੋਰ ਕੈਦੀ ਡੁੱਬ ਗਏ।

ਪਰ ਪੰਜ ਕਦੇ ਨਹੀਂ ਮਿਲੇ, ਅਧਿਕਾਰੀਆਂ ਨੇ ਉਨ੍ਹਾਂ ਨੂੰ ‘ਲਾਪਤਾ’ ਵਜੋਂ ਆਪਣੇ ਰਿਕਾਰਡ ਵਿੱਚ ਦਰਜ ਕੀਤਾ, ਹਾਲਾਂਕਿ ਕੁਝ ਹਵਾਲੇ ਹਨ ਕਿ ਉਹ ਭੱਜਣ ਵਿੱਚ ਸਫਲ ਹੋ ਗਏ ਹੋ ਸਕਦੇ ਹਨ।

ਪਹਿਲੀ ਘਟਨਾ 1936 ਵਿੱਚ ਹੋਈ। ਦਿ ਰੌਕ ਦੇ ਸੰਘੀ ਜੇਲ੍ਹ ਵਜੋਂ ਉਦਘਾਟਨ ਤੋਂ ਦੋ ਸਾਲ ਬਾਅਦ ਕੈਦੀਆਂ ਨੇ ਕੱਚੇ-ਪੱਕੇ ਤਰੀਕੇ ਨਾਲ ਭੱਜਣ ਦੀ ਕੋਸ਼ਿਸ਼ ਕੀਤੀ ਪਰ ਹਤਾਸ਼ਾ ਹੱਥ ਲੱਗੀ ਸੀ।

ਐਲਕਾਟਰਾਜ਼

ਤਸਵੀਰ ਸਰੋਤ, Getty Images

ਜੋਅ ਬਾਵਰਸ ਨਾਮ ਦੇ ਇੱਕ ਵਿਅਕਤੀ ਨੇ ਜੇਲ੍ਹ ਦੀ ਕੰਧ ਟੱਪਣ ਦਾ ਫ਼ੈਸਲਾ ਕੀਤਾ ਅਤੇ ਜਦੋਂ ਉਸਨੇ ਹੇਠਾਂ ਉਤਰਨ ਦੇ ਹੁਕਮਾਂ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ ਤਾਂ ਗਾਰਡਾਂ ਨੇ ਉਸਨੂੰ ਗੋਲੀ ਮਾਰ ਦਿੱਤੀ।

ਇੱਕ ਦਹਾਕੇ ਬਾਅਦ ਭੱਜਣ ਦੀਆਂ ਹੋਰ ਕੋਸ਼ਿਸ਼ਾਂ ਵੀ ਹੋਈਆਂ।

1945 ਵਿੱਚ ਜੋਨ ਗਿਲਜ਼ ਦੀ ਭੱਜਣ ਦੀ ਕੋਸ਼ਿਸ ਤਕਰੀਬਨ ਕਾਮਯਾਬ ਹੋ ਗਈ ਸੀ।

ਚੋਰੀ ਕੀਤੇ ਫੌਜੀ ਕੱਪੜਿਆਂ ਅਤੇ ਜਾਅਲੀ ਦਸਤਾਵੇਜ਼ਾਂ ਦੇ ਨਾਲ, ਉਹ ਇੱਕ ਫੌਜੀ ਜਹਾਜ਼ ‘ਤੇ ਚੜ੍ਹਨ ਅਤੇ ਮੁੱਖ ਭੂਮੀ ਤੱਕ ਪਹੁੰਚਣ ਵਿੱਚ ਕਾਮਯਾਬ ਹੋ ਗਿਆ ਸੀ, ਪਰ ਅਧਿਕਾਰੀਆਂ ਨੇ ਦੇਖਿਆ ਕਿ ਉਸਦੀ ਵਰਦੀ ਦੂਜਿਆਂ ਨਾਲੋਂ ਵੱਖਰੀ ਸੀ ਅਤੇ ਉਸਨੂੰ ਗ੍ਰਿਫਤਾਰ ਕਰਨ ਲਈ ਅੱਗੇ ਵਧਿਆ।

ਐਲਕਾਟਰਾਜ਼ ਜੇਲ੍ਹ

1946 ਵਿੱਚ, ਕੇਂਦਰ ਦੇ ਇਤਿਹਾਸ ਦਾ ਸਭ ਤੋਂ ਹਿੰਸਕ ਤਰੀਕੇ ਨਾਲ ਭੱਜਣ ਦਾ ਮਾਮਲਾ ਸਾਹਮਣੇ ਆਇਆ।

‘ਐਲਕਾਟਰਾਜ਼ ਦੀ ਲੜਾਈ’ ਵਿੱਚ, ਛੇ ਕੈਦੀਆਂ ਨੇ ਹਥਿਆਰ ਪ੍ਰਾਪਤ ਕੀਤੇ, ਦੋ ਗਾਰਡਾਂ ਨੂੰ ਮਾਰ ਦਿੱਤਾ ਅਤੇ 18 ਹੋਰਾਂ ਨੂੰ ਜ਼ਖਮੀ ਕਰ ਦਿੱਤਾ, ਪਰ ਭੱਜਣ ਵਿੱਚ ਅਸਫਲ ਰਹੇ।

ਆਖਰੀ ਦੋ ਕੋਸ਼ਿਸ਼ਾਂ 1962 ਵਿੱਚ ਹੋਈਆਂ ਅਤੇ ਐਲਕਾਟਰਾਜ਼ ਦੀ ਜੇਲ੍ਹ ਦੇ ਰੂਪ ਵਿੱਚ ਕਿਸਮਤ ‘ਤੇ ਮੋਹਰ ਲਗਾ ਦਿੱਤੀ: ਪਹਿਲਾਂ ਫ੍ਰੈਂਕ ਮੌਰਿਸ, ਕਲੇਰੈਂਸ ਅਤੇ ਜੌਨ ਐਂਗਲਿਨ ਨਾਮ ਦੇ ਕੈਦੀ ਬਿਨ੍ਹਾਂ ਕਿਸੇ ਸੁਰਾਗ ਦੇ ਭੱਜ ਗਏ।

ਨੇੜਲੇ ਏਂਜਲ ਆਈਲੈਂਡ ‘ਤੇ ਕੁਝ ਸਮਾਨ ਮਿਲਿਆ ਅਤੇ ਰਿਪੋਰਟਾਂ ਵਿੱਚ ਉਨ੍ਹਾਂ ਨੂੰ ‘ਡੁੱਬ ਗਏ’ ਮੰਨ ਲਿਆ ਗਿਆ ਸੀ।

ਫਿਰ, ਜੌਨ ਸਕਾਟ ਅਤੇ ਡਾਰਲ ਪਾਰਕਰ ਸਲਾਖਾਂ ਨੂੰ ਪਾਰ ਕਰਨ ਅਤੇ ਇੱਕ ਬੇਸਮੈਂਟ ਰਸੋਈ ਰਾਹੀਂ ਭੱਜਣ ਵਿੱਚ ਕਾਮਯਾਬ ਹੋ ਗਏ, ਹਾਲਾਂਕਿ ਉਨ੍ਹਾਂ ਨੂੰ ਟਾਪੂ ਦੇ ਆਲੇ ਦੁਆਲੇ ਦੇ ਪਾਣੀਆਂ ਵਿੱਚ ਰੋਕ ਲਿਆ ਗਿਆ ਸੀ।

ਹਾਲੀਵੁੱਡ ਦੀਆਂ ਫ਼ਿਲਮਾਂ ਨੇ ਇੰਝ ਦਿਖਾਇਆ ਜੇਲ੍ਹ ਨੂੰ

ਅਲ ਕੈਪੋਨ

ਤਸਵੀਰ ਸਰੋਤ, Getty Images

ਐਲਕਾਟਰਾਜ਼ ਜੇਲ੍ਹ ਬਾਰੇ ਕਈ ਹਾਲੀਵੁੱਡ ਫਿਲਮਾਂ ਹਨ। ਹਾਲਾਂਕਿ ਕਦੇ ਵੀ ਇਤਿਹਾਸਕਾਰਾਂ ਅਤੇ ਦਸਤਾਵੇਜ਼ੀ ਫਿਲਮ ਨਿਰਮਾਤਾਵਾਂ ਵਲੋਂ ਦਰਜ ਤੱਥ ਜੇਲ੍ਹ ਵਿਚਲੀ ਅਸਲ ਜ਼ਿੰਦਗੀ ਨਾਲ ਮੇਲ ਨਹੀਂ ਖਾਂਦੇ ਸਨ।

“ਐਲਕਾਟਰਾਜ਼ ਅਮਰੀਕਾ ਦੀ ‘ਸਰਾਪਿਤ ਜੇਲ੍ਹ’ ਨਹੀਂ ਸੀ ਜਿਵੇਂ ਕਿ ਬਹੁਤ ਸਾਰੀਆਂ ਕਿਤਾਬਾਂ ਅਤੇ ਫਿਲਮਾਂ ਇਸਨੂੰ ਦਰਸਾਉਂਦੀਆਂ ਹਨ।

ਇੱਕ ਬੀਓਪੀ ਬੁਲਾਰੇ ਨੇ ਕਿਹਾ ਸੀ,”ਦਰਅਸਲ, ਬਹੁਤ ਸਾਰੇ ਕੈਦੀਆਂ ਨੇ ਰਹਿਣ-ਸਹਿਣ ਦੀਆਂ ਸਥਿਤੀਆਂ, ਜਿਵੇਂ ਕਿ ਵਿਅਕਤੀਗਤ ਸੈੱਲ, ਨੂੰ ਹੋਰ ਸੰਘੀ ਜੇਲ੍ਹਾਂ ਨਾਲੋਂ ਬਿਹਤਰ ਦਰਸਾਇਆ ਸੀ।”

ਸਭ ਤੋਂ ਯਾਦਗਾਰ ਫ਼ਿਲਮਾਂ ਵਿੱਚੋਂ ਇੱਕ ‘ਏਸਕੇਪ ਫਰਾਮ ਐਲਕਾਟਰਾਜ਼’ ਹੈ।

ਸਾਲ 1979 ਵਿੱਚ ਬਣੀ ਇਸ ਫ਼ਿਲਮ ਵਿੱਚ ਕਲਿੰਟ ਈਸਟਵੁੱਡ ਨੇ ਅਦਾਕਾਰੀ ਕੀਤੀ ਸੀ। ਫ਼ਿਲਮ ਵਿੱਚ ਫ੍ਰੈਂਕ ਮੌਰਿਸ ਅਤੇ ਐਂਗਲਿਨ ਭਰਾਵਾਂ ਦੇ ਭੱਜਣ ਦੀ ਕੋਸ਼ਿਸ਼ ਨੂੰ ਨਾਟਕੀ ਰੂਪ ਦਿੱਤਾ ਗਿਆ ਹੈ।

ਫ਼ਿਲਮ ਦਰਸਾਉਂਦੀ ਹੈ ਕਿ ਉਹ ਸਫਲ ਹੋਏ, ਹਾਲਾਂਕਿ ਅੱਜ ਤੱਕ ਕੋਈ ਸਪੱਸ਼ਟ ਸਬੂਤ ਨਹੀਂ ਹੈ ਕਿ ਉਹ ਮੁੱਖ ਭੂਮੀ ਤੱਕ ਤੈਰ ਕੇ ਪਹੁੰਚਣ ਵਿੱਚ ਕਾਮਯਾਬ ਹੋਏ।

ਇਸ ਦੌਰਾਨ, ਸਟ੍ਰਾਉਡ ਦਿ ਬਰਡਵਾਚਰ ਦੀ ਕਹਾਣੀ ਇੱਕ ਜੀਵਨੀ ਵਜੋਂ ਲਿਖੀ ਘਈ ਅਤੇ ਇਸੇ ਲਿਖਤ ਦੇ ਆਧਾਰ ਉੱਤੇ ਬਾਅਦ ਵਿੱਚ 1972 ਵਿੱਚ ਇੱਕ ਫ਼ਿਲਮ ਬਣਾਈ ਗਈ ਸੀ, ਜਿਸ ਵਿੱਚ ਬਰਟ ਲੈਂਕੈਸਟਰ ਨੇ ਅਦਾਕਾਰੀ ਕੀਤੀ ਸੀ।

ਇਸੇ ਦੌਰਾਨ ਫ਼ਿਲਮ, ‘ਮਰਡਰ ਇਨ ਦਿ ਫਸਟ’ ਵਿੱਚ ਕੈਦੀ ਹੈਨਰੀ ਥੀਓਡੋਰ ਯੰਗ ਨੂੰ ਇੱਕ ਇਕੱਲੇ ਅਨਾਥ ਦੇ ਰੂਪ ਵਿੱਚ ਦਰਸਾਇਆ ਗਿਆ ਹੈ ਜੋ ਇੱਕ ਮਾਮੂਲੀ ਅਪਰਾਧ ਲਈ ਜੇਲ੍ਹ ਜਾਂਦਾ ਹੈ।

ਹਾਲਾਂਕਿ ਸਮਕਾਲੀ ਬਿਰਤਾਂਤਾਂ ਵਿੱਚ ਦੱਸਿਆ ਗਿਆ ਹੈ ਕਿ ਯੰਗ ਕਈ ਅਪਾਰਾਂਧਾਂ ਲਈ ਜ਼ਿੰਮੇਵਾਰ ਸੀ, ਜਿਸ ਵਿੱਚ ਉਸ ਵਲੋਂ ਆਪਣੇ ਨਾਲ ਇੱਕ ਜੇਲ੍ਹ ਦੇ ਸੈੱਲ ਵਿੱਚ ਰਹਿੰਦੇ ਸਾਥੀ ਕੈਦੀ ਦਾ ਕਤਲ ਕਰਨਾ ਵੀ ਸ਼ਾਮਲ ਸੀ।

ਇਹ ਵੀ ਪੜ੍ਹੋ-

ਜੇਲ੍ਹ ਦੀ ਵਰਤੋਂ ਬੰਦ ਕਿਉਂ ਕੀਤੀ ਗਈ ਸੀ

ਐਲਕਾਟਰਾਜ਼ ਜੇਲ੍ਹ

ਤਸਵੀਰ ਸਰੋਤ, Getty Images

ਭੱਜਣ ਦੀਆਂ ਕੋਸ਼ਿਸ਼ਾਂ ਤੋਂ ਇਲਾਵਾ, ਐਲਕਾਟਰਾਜ਼ ਦੇ ਸੰਚਾਲਨ ਖਰਚਿਆਂ ਨੇ ਪ੍ਰਸ਼ਾਸਨ ਨੂੰ ਇਸਨੂੰ 1963 ਵਿੱਚ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਸੀ।

ਅਮਰੀਕੀ ਨਿਆਂ ਵਿਭਾਗ ਨੇ ਅੰਦਾਜ਼ਾ ਲਗਾਇਆ ਕਿ ਇਸ ਦੀ ਮੁਰੰਮਤ ਲਈ 5 ਮਿਲੀਅਨ ਡਾਲਰ ਦੇ ਨਿਵੇਸ਼ ਦੀ ਲੋੜ ਸੀ, ਅਤੇ ਹਰੇਕ ਕੈਦੀ ਲਈ ਤਕਰੀਬਨ 10 ਡਾਲਰ ਪ੍ਰਤੀ ਦਿਨ ਦਾ ਬਜਟ ਚਾਹੀਦਾ ਸੀ, ਜੋ ਕਿ ਹੋਰ ਕੈਦਖਾਨਿਆਂ ਨਾਲੋਂ ਕਿਤੇ ਵੱਧ ਸੀ।

ਪਰ ਇਸਦੇ ਅਧਿਕਾਰਿਤ ਤੌਰ ‘ਤੇ ਬੰਦ ਹੋਣ ਤੋਂ ਬਾਅਦ, ਇਹ ਟਾਪੂ ਜ਼ਿਆਦਾ ਦੇਰ ਤੱਕ ਅਬਾਦ ਨਹੀਂ ਰਿਹਾ। ਆਦਿਵਾਸੀ ਕਾਰਕੁਨਾਂ ਦੇ ਇੱਕ ਸਮੂਹ ਨੇ, ‘ਆਲ ਟ੍ਰਾਈਬਜ਼ ਦੇ ਆਦਿਵਾਸੀ’ ਨਾਮ ਦੇ ਸੰਗਠਨ ਅਧੀਨ ਇੱਕਜੁੱਟ ਹੋ ਕੇ ਇਸ ਜਗ੍ਹਾ ਦਾ ਕੰਟਰੋਲ ਆਪਣੇ ਹੱਥਾਂ ਵਿੱਚ ਲੈ ਲਿਆ ਅਤੇ ਇਸ ਜਗ੍ਹਾ ਨੂੰ ਇੱਕ ਸਕੂਲ ਅਤੇ ਸੱਭਿਆਚਾਰਕ ਕੇਂਦਰ ਵਜੋਂ ਸਥਾਪਤ ਕਰਨ ਦੀ ਤਿਆਰੀ ਕੀਤੀ।

ਬਰਟ ਲੈਂਕੈਸਟਰ

ਤਸਵੀਰ ਸਰੋਤ, Getty Images

ਉਨ੍ਹਾਂ ਨੇ ਦਿ ਰੌਕ ‘ਤੇ ਇਤਿਹਾਸਕ ਅਧਿਕਾਰਾਂ ਦਾ ਦਾਅਵਾ ਕੀਤਾ, ਜਿੱਥੇ 19ਵੀਂ ਸਦੀ ਵਿੱਚ ਅਮਰੀਕੀ ਸਰਕਾਰ ਵਿਰੁੱਧ ਬਗ਼ਾਵਤ ਕਰਨ ਵਾਲੇ ਆਦਿਵਾਸੀ ਮੁਖੀਆਂ ਨੂੰ ਕੈਦ ਕੀਤਾ ਗਿਆ ਸੀ।

ਪਰ ਇਹ ਪ੍ਰੋਜੈਕਟ ਵਿੱਤੀ ਰੁਕਾਵਟਾਂ, ਜਿਨ੍ਹਾਂ ਵਿੱਚ ਟਾਪੂ ਤੱਕ ਸਮਾਨ ਅਤੇ ਔਜ਼ਾਰਾਂ ਦੀ ਢੋਆ-ਢੁਆਈ ਦੀਆਂ ਉੱਚੀਆਂ ਲਾਗਤਾਂ ਅਤੇ ਅੰਦਰੂਨੀ ਵਿਵਾਦ ਸ਼ਾਮਲ ਸਨ, ਕਾਰਨ ਸਿਰੇ ਨਾ ਚੜ੍ਹ ਸਕਿਆ।

ਫ਼ਿਰ ਅਮਰੀਕੀ ਰਾਸ਼ਟਰਪਤੀ ਰਿਚਰਡ ਨਿਕਸਨ ਨੇ 1971 ਵਿੱਚ ਇਸਨੂੰ ਖਾਲੀ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਸੀ।

ਅੱਜ, ਇਹ ਸੈਨ ਫਰਾਂਸਿਸਕੋ ਦੇ ਸਭ ਤੋਂ ਵੱਧ ਵੇਖੇ ਜਾਣ ਵਾਲੇ ਸਥਾਨਾਂ ਵਿੱਚੋਂ ਇੱਕ ਹੈ, ਜਿੱਥੇ ਹਰ ਸਾਲ ਤਕਰੀਬਨ 1.3 ਮਿਲੀਅਨ ਸੈਲਾਨੀ ਆਉਂਦੇ ਹਨ।

ਇਹ ਸਾਲਾਨਾ ਏਸਕੇਪ ਫਰਾਮ ਐਲਕਾਟਰਾਜ਼ ਟ੍ਰਾਈਥਲੋਨ ਨਾਮ ਦੇ ਈਵੈਂਟ ਦਾ ਸ਼ੁਰੂਆਤੀ ਬਿੰਦੂ ਵੀ ਹੈ, ਜਿਸ ਵਿੱਚ ਸੈਂਕੜੇ ਐਥਲੀਟ ਸਾਬਤ ਕਰਦੇ ਹਨ ਕਿ, ਸਹੀ ਸਿਖਲਾਈ ਅਤੇ ਉਪਕਰਣਾਂ ਨਾਲ ਇਸ ਬਦਨਾਮ ਟਾਪੂ ਤੋਂ ਕਿਵੇਂ ਭੱਜਿਆ ਜਾ ਸਕਦਾ ਹੈ।

ਇਹ ਲੇਖ ਬੀਬੀਸੀ ਦੀ ਮੁੰਡੋ ਸਰਵਿਸ ਵਲੋਂ ਪਹਿਲੀ ਵਾਰ ਜੂਨ 2012 ਵਿੱਚ ਪ੍ਰਕਾਸ਼ਿਤ ਕੀਤਾ ਗਿਆ ਸੀ ਅਤੇ ਹੁਣ ਇਸ ਨੂੰ ਅਪਡੇਟ ਕੀਤਾ ਗਿਆ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI