Source :- BBC PUNJABI

ਤਸਵੀਰ ਸਰੋਤ, Gurpreet Singh Chawla/BBC
“ਕੰਮ ʼਤੇ ਜਦੋਂ ਮੈਨੂੰ ਫੋਨ ਆਇਆ ਤੇ ਮੈਂ ਘਰ ਗਿਆ, ਸਾਰੇ ਰੋ ਰਹੇ ਸਨ। ਘਰ ਵਿੱਚ ਪੁਲਿਸ ਮੁਲਾਜ਼ਮ ਆਏ ਸਨ ਅਤੇ ਕਹਿ ਰਹੇ ਸਨ ਕਿ ਮਾਰੀਆ ਨੂੰ ਤੁਰੰਤ ਆਪਣੇ ਮੁਲਕ ਪਾਕਿਸਤਾਨ ਜਾਣਾ ਪਵੇਗਾ। ਮੈਨੂੰ ਸਮਝ ਨਹੀਂ ਆਇਆ ਮੇਰਾ ਕੀ ਕਸੂਰ।”
ਇਹ ਸ਼ਬਦ ਕਹਿੰਦਿਆਂ ਗੁਰਦਾਸਪੁਰ ਦੇ ਰਹਿਣ ਵਾਲੇ ਸੋਨੂੰ ਭਾਵੁਕ ਹੁੰਦੇ ਨਜ਼ਰ ਆਏ।
ਦਰਅਸਲ, ਪਹਿਲਗਾਮ ਵਿੱਚ ਹੋਏ ਹਮਲੇ ਦਾ ਸੇਕ ਹੁਣ ਸਿਆਸੀ, ਆਰਥਿਕ ਮਸਲਿਆਂ ਤੋਂ ਬਾਅਦ ਸਮਾਜਿਕ ਅਤੇ ਪਰਿਵਾਰਿਕ ਮਸਲਿਆਂ ਨੂੰ ਵੀ ਲੱਗ ਰਿਹਾ ਹੈ, ਜਿਸ ਦਾ ਖ਼ਾਮਿਆਜ਼ਾ ਭਾਰਤ ਵਿੱਚ ਰਹਿ ਰਹੀਆਂ ਪਾਕਿਸਤਾਨ ਦੀਆਂ ਕੁੜੀਆਂ ਨੂੰ ਵੀ ਭੁਗਤਣਾ ਪੈ ਰਿਹਾ ਹੈ।
ਅਜਿਹਾ ਹੀ ਇੱਕ ਮਾਮਲਾ ਗੁਰਦਾਸਪੁਰ ਦੇ ਪਿੰਡ ਸਠਿਆਲੀ ਵਿੱਚ ਸਾਹਮਣੇ ਆਇਆ ਜਿੱਥੇ ਦੇ ਨੌਜਵਾਨ ਸੋਨੂੰ ਮਸੀਹ ਨੇ ਪਾਕਿਸਤਾਨ ਦੇ ਗੁਜਰਾਂਵਾਲਾ ਵਿੱਚ ਰਹਿੰਦੀ ਆਪਣੇ ਹੀ ਮਜ੍ਹਬ ਦੀ ਕੁੜੀ ਮਾਰੀਆ ਨਾਲ ਕਰੀਬ 1 ਸਾਲ ਪਹਿਲਾਂ 8 ਜੁਲਾਈ 2024 ਨੂੰ ਵਿਆਹ ਕਰਵਾਇਆ ਸੀ।

ਤਸਵੀਰ ਸਰੋਤ, Gurpreet Singh Chawla/BBC
ਨੌਜਵਾਨ ਸੋਨੂੰ ਮਸੀਹ ਦੀ ਪਤਨੀ ਮਾਰੀਆ 7 ਮਹੀਨੇ ਦੀ ਗਰਭਵਤੀ ਹੈ। ਸੋਨੂੰ ਦਾ ਕਹਿਣਾ ਹੈ ਕਿ ਮਾਰੀਆ ਨੂੰ ਪ੍ਰਸ਼ਾਸਨ ਵੱਲੋਂ ਤੁਰੰਤ ਭਾਰਤ ਛੱਡਣ ਦੇ ਹੁਕਮ ਆ ਗਏ ਹਨ ।
ਸੋਨੂੰ ਦਾ ਕਹਿਣਾ ਹੈ, “ਇਸ ਸੁਨੇਹੇ ਕਾਰਨ ਅਸੀਂ ਵੱਡੇ ਪਰਿਵਾਰਕ ਸੰਕਟ ਅਤੇ ਮਾਨਸਿਕ ਸੰਕਟ ਵਿੱਚ ਫਸ ਗਏ ਹਨ। ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਵਿਆਹੀਆਂ ਹੋਈਆਂ ਕੁੜੀਆਂ ਨੂੰ ਇਸ ਹੁਕਮ ਤੋਂ ਛੋਟ ਦਿੱਤੀ ਜਾਵੇ।”
ਸੋਨੂੰ ਮਸੀਹ ਦੱਸਦੇ ਹਨ ਕਿ 6 ਸਾਲ ਦੇ ਲੰਬੇ ਇੰਤਜ਼ਾਰ ਬਾਅਦ ਉਨ੍ਹਾਂ ਦਾ ਵਿਆਹ ਹੋਇਆ ਅਤੇ ਹੁਣ ਘਰ ਵਿੱਚ ਨਵੇਂ ਬੱਚੇ ਦੀ ਖੁਸ਼ੀ ਦੀ ਉਡੀਕ ਸੀ ਪਰ ਹੁਣ ਤਾਂ ਜਿਵੇਂ ਸਭ ਕੁਝ ਬਦਲ ਹੀ ਗਿਆ ਹੈ।

ਤਸਵੀਰ ਸਰੋਤ, Gurpreet Singh Chawla/BBC
ਕਿਵੇਂ ਹੋਈ ਮੁਲਾਕਾਤ
ਸੋਨੂੰ ਪੇਂਟ ਕਾਰੀਗਰ ਵਜੋ ਕੰਮ ਕਰਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕਰੀਬ 6 ਸਾਲ ਪਹਿਲਾ ਉਨ੍ਹਾਂ ਦੀ ਮਾਰੀਆ ਨਾਲ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ ਹੋਈ ਸੀ।
ਉਨ੍ਹਾਂ ਦੀ ਦੋਸਤੀ ਹੌਲੀ-ਹੌਲੀ ਪਿਆਰ ਵਿੱਚ ਬਦਲ ਗਈ ਅਤੇ ਉਨ੍ਹਾਂ ਦੀ ਮੁਲਾਕਾਤ ਕਰਤਾਰ ਸਾਹਿਬ ਵਿਖੇ ਵੀ ਹੋਈ ਸੀ।
ਸੋਨੂੰ ਦੱਸਦੇ ਹਨ, “ਉਸ ਤੋਂ ਬਾਅਦ ਵਿਆਹ ਕਰਵਾਉਣ ਲਈ ਮਾਰੀਆ ਨੂੰ ਜਦੋਂ ਭਾਰਤ ਬੁਲਾਉਣ ਦਾ ਫ਼ੈਸਲਾ ਲਿਆ ਤਾਂ ਪਹਿਲਾ ਕਈ ਸਾਲ ਤਾਂ ਬਹੁਤ ਮੁਸ਼ਕਿਲ ਝੱਲਣੀ ਪਈ। ਆਖ਼ਰ ਪਿਛਲੇ ਸਾਲ ਜੁਲਾਈ ਮਹੀਨੇ ਮਾਰੀਆ ਨੂੰ ਵੀਜ਼ਾ ਮਿਲਿਆ ਤੇ ਉਹ ਭਾਰਤ ਪਹੁੰਚੀ।”
“ਉਸ ਵੇਲੇ ਸਾਡੇ ਪਾਕਿਸਤਾਨ ਅਤੇ ਭਾਰਤ ਵਿੱਚ ਰਹਿੰਦੇ ਦੋਵਾਂ ਪਰਿਵਾਰਾਂ ਵਿੱਚ ਖੁਸ਼ੀ ਸੀ। ਅਸੀਂ 8 ਜੁਲਾਈ ਨੂੰ ਕਨੂੰਨੀ ਪ੍ਰੀਕ੍ਰਿਆ ਪੂਰੀ ਕਰਨ ਤੋਂ ਬਾਅਦ ਧਾਰਮਿਕ ਰੀਤੀ-ਰਿਵਾਜ਼ਾਂ ਨਾਲ ਵਿਆਹ ਕਰਵਾਇਆ।”

ਵਿਆਹ ਵਿੱਚ ਦੋਵਾਂ ਪਰਿਵਾਰਾਂ ਦੀ ਸਹਿਮਤੀ ਸੀ ਅਤੇ ਹੁਣ ਤਾਂ ਵਿਆਹ ਨੂੰ ਕਰੀਬ 10 ਮਹੀਨੇ ਹੋਣ ਵਾਲੇ ਹਨ ਅਤੇ ਉਨ੍ਹਾਂ ਦੀ ਪਤਨੀ ਵੀ ਗਰਭਵਤੀ ਹੈ।
ਉਨ੍ਹਾਂ ਮੁਤਾਬਕ, ਬੀਤੇ ਦਿਨੀਂ ਉਨ੍ਹਾਂ ਦੇ ਘਰ ਪੁਲਿਸ ਮੁਲਾਜ਼ਮ ਆਏ ਸਨ ਤੇ ਉਨ੍ਹਾਂ ਨੇ ਕਿਹਾ ਸੀ ਮਾਰੀਆ ਵਾਪਸ ਚਲੇ ਜਾਣ ਜਾਵੇ ਕਿਉਕਿ ਉਨ੍ਹਾਂ ਕੋਲ ਲੌਂਗ ਟਰਮ ਵੀਜ਼ਾ ( ਐੱਲਟੀਵੀ) ਨਹੀਂ ਹੈ।
ਸੋਨੂੰ ਕਹਿੰਦੇ ਹਨ ਕਿ ਉਨ੍ਹਾਂ ਨੇ ਵਿਆਹ ਕਰਵਾਉਣ ਤੋਂ ਬਾਅਦ ਪਿਛਲੀ ਜੁਲਾਈ ਨੂੰ ਹੀ ਐੱਲਟੀਵੀ ਲਈ ਅਪਲਾਈ ਕਰ ਦਿੱਤਾ ਸੀ ਅਤੇ ਇੰਨ੍ਹੇ ਮਹੀਨੇ ਬੀਤਣ ਤੋ ਬਾਅਦ ਵੀ ਉਨ੍ਹਾਂ ਦੀ ਵੀਜ਼ਾ ਫਾਈਲ ਹਾਲੇ ਵਿਚਾਰ ਅਧੀਨ ਹੈ।
ਮਾਰੀਆ ਦੀ ਵਾਪਸ ਜਾਣ ਦੀ ਖ਼ਬਰ ਮਿਲਣ ਤੋਂ ਪੂਰਾ ਪਰਿਵਾਰ ਸਦਮੇ ਵਿੱਚ ਹੈ ਅਤੇ ਸੋਨੂੰ ਦਾ ਕਹਿਣਾ ਹੈ ਕਿ ਉਹ ਘਰ ਵਿੱਚ ਇਕੱਲਾ ਹੀ ਕਮਾਉਣ ਵਾਲਾ ਹੈ। ਉਨ੍ਹਾਂ ਦੇ ਪਿਤਾ ਵੀ ਨਹੀਂ ਅਤੇ ਘਰ ਵਿੱਚ ਮਾਤਾ ਅਤੇ ਭੈਣ ਹੀ ਹਨ।

ਪਰੇਸ਼ਾਨੀ ਵਿੱਚ ਮਾਰੀਆ
ਮਾਰੀਆ ਪਾਕਿਸਤਾਨ ਦੇ ਗੁੱਜਰਾਂਵਾਲਾ ਸ਼ਹਿਰ ਤੋਂ ਹਨ।
ਉਹ ਕਹਿੰਦੇ ਹਨ, “ਹੁਣ ਮੈਨੂੰ ਵਾਪਸ ਜਾਣ ਲਈ ਬੋਲ ਰਹੇ ਹਨ। ਮੇਰੇ ਲਈ ਬਹੁਤ ਮੁਸ਼ਕਲ ਹੈ, ਸਾਰੇ ਪਰੇਸ਼ਾਨ ਹਨ। ਸਾਨੂੰ ਕਹਿ ਕੇ ਗਏ ਹਨ ਕਿ ਤੁਹਾਡੇ ਕੋਲ 24 ਘੰਟੇ ਦਾ ਸਮਾਂ ਹੈ ਤੇ ਤੁਸੀਂ ਆਪਣੇ ਮੁਲਕ ਪਾਕਿਸਤਾਨ ਵਾਪਸ ਚਲੇ ਜਾਓ।”
ਮਾਰੀਆ ਆਖਦੇ ਹਨ, “ਮੈਂ ਸਾਰੀ ਰਾਤ ਹਸਪਤਾਲ ਵਿੱਚ ਕੱਟੀ ਹੈ। ਮੈਂ ਤਾਂ ਟੈਂਸ਼ਨ ਨਾਲ ਬਿਮਾਰ ਹੋ ਗਈ ਸੀ। ਮੈਂ ਇੱਥੇ ਹੀ ਰਹਿਣਾ ਚਾਹੁੰਦੀ ਹਾਂ, ਵਾਪਸ ਨਹੀਂ ਜਾਣਾ ਚਾਹੁੰਦੀ। ਮੈਂ ਇੱਥੇ ਆਪਣੇ ਪਰਿਵਾਰ ਅਤੇ ਪਤੀ ਨਾਲ ਖੁਸ਼ ਹਾਂ।”
ਉਹ ਦੱਸਦੇ ਹਨ ਕਿ ਪਾਕਿਸਤਾਨ ਵਿੱਚ ਵੀ ਉਨ੍ਹਾਂ ਦੇ ਘਰ ਵਾਲੇ ਪਰੇਸ਼ਾਨ ਹੋ ਗਏ ਹਨ।

ਤਸਵੀਰ ਸਰੋਤ, Gurpreet Singh Chawla/BBC
ʻਅਸੀਂ ਨਹੀਂ ਭੇਜਣਾ ਚਾਹੁੰਦੇʼ
ਉਧਰ ਦੂਜੇ ਪਾਸੇ ਸੋਨੂੰ ਦੀ ਮਾਤਾ ਯੁਮਨਾ ਦਾ ਕਹਿਣਾ ਹੈ ਕਿ ਉਹ ਮਾਰੀਆ ਨੂੰ ਵਾਪਸ ਨਹੀਂ ਭੇਜਣਾ ਚਾਹੁੰਦੇ। ਉਹ ਬਹੁਤ ਸੋਹਣਾ ਵਸ ਰਹੇ ਹਨ।
ਉਹ ਆਖਦੇ ਹਨ, “ਇਨ੍ਹਾਂ ਨਾਲ ਹੀ ਮੈਂ ਹਾਂ। ਮੇਰਾ ਘਰਵਾਲਾ ਨਹੀਂ ਹੈ ਤੇ ਜੇ ਇਹ ਚਲੀ ਗਈ ਤਾਂ ਸਾਡਾ ਕੌਣ ਸਹਾਰਾ ਹੈ। ਮੈਂ ਆਪਣੇ ਨੂੰਹ-ਪੁੱਤ ਦੇ ਸਿਰ ʼਤੇ ਜਿਉਂਦੀ ਹਾਂ। ਅਸੀਂ ਨਹੀਂ ਚਾਹੁੰਦੇ ਕਿ ਇਹ ਸਾਡੇ ਘਰੋਂ ਜਾਵੇ।”
ਉਨ੍ਹਾਂ ਨੇ ਦੱਸਿਆ ਕਿ ਖ਼ਬਰ ਮਿਲਣ ਤੋਂ ਮਾਰੀਆ ਕਾਫੀ ਪਰੇਸ਼ਾਨ ਹੋਈ ਅਤੇ ਉਨ੍ਹਾਂ ਦੀ ਧੜਕਣ ਵੀ ਵਧ ਗਈ।
ਉਹ ਆਖਦੇ ਹਨ, “ਬੱਚੀਆਂ ਦਾ ਕੀ ਕਸੂਰ ਹੈ। ਸਾਰੇ ਸਬੂਤ ਹਨ ਅਤੇ ਵੀਜ਼ਾ ਵੀ ਅਪਲਾਈ ਕੀਤਾ ਹੋਇਆ ਹੈ। ਸਾਡੀ ਸਰਕਾਰ ਅੱਗੇ ਬੇਨਤੀ ਹੈ ਸਾਡਾ ਵੀਜ਼ਾ ਲੱਗ ਜਾਵੇ ਅਤੇ ਉਹ ਸਾਡੇ ਘਰੇ ਰਹੇ। ਘਰ ਵਿੱਚ ਨਵਾਂ ਜੀਅ ਆਉਣ ਵਾਲਾ ਹੈ।”
ਉਧਰ ਇਸ ਮਾਮਲੇ ਬਾਰੇ ਜ਼ਿਲ੍ਹਾ ਗੁਰਦਾਸਪੁਰ ਦੇ ਐੱਸਐੱਸਪੀ ਅਦਿੱਤਿਆ ਨੇ ਬੀਬੀਸੀ ਨਾਲ ਫੋਨ ʼਤੇ ਗੱਲ ਕਰਦਿਆਂ ਕਿਹਾ, “ਭਾਰਤ ਸਰਕਾਰ ਨੇ ਜੋ ਛੋਟ ਦਿੱਤੀ ਹੈ ਉਹ ਉਨ੍ਹਾਂ ਲੋਕਾਂ ਨੂੰ ਹੈ ਜਿਹਨਾਂ ਕੋਲ ਐੱਲਟੀਵੀ ਵੀਜ਼ਾ ਹੈ। ਉਹ ਰਹਿ ਸਕਦੇ ਹਨ ਅਤੇ ਇਹ ਮੰਤਰਾਲੇ ਦਾ ਫ਼ੈਸਲਾ ਹੈ, ਇਸ ਬਾਰੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ।”
ਹਾਲਾਂਕਿ ਉਹ ਸੋਮਵਾਰ ਤੱਕ ਭਾਰਤ ਵਿੱਚ ਰਹਿ ਸਕਦੇ ਹਨ ਅਤੇ ਪਰਿਵਾਰ ਅਦਾਲਤ ਦਾ ਦਰਵਾਜ਼ਾ ਵੀ ਖਟਖਟਾ ਰਿਹਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI