Source :- BBC PUNJABI

ਤਸਵੀਰ ਸਰੋਤ, Getty Images
1960 ਦੇ ਦਹਾਕੇ ਵਿੱਚ, ਜਦੋਂ ਬ੍ਰਿਟੇਨ ਦੇ ਲੋਕਾਂ ਨੇ ‘ਗ੍ਰੇਟ ਟ੍ਰੇਨ ਰੌਬਰੀ’ ਦੌਰਾਨ ਚੋਰਾਂ ਦੀ ਨਿਡਰਤਾ ਅਤੇ ਚੋਰੀ ਹੋਈ ਰਕਮ ਬਾਰੇ ਸੁਣਿਆ, ਤਾਂ ਉਹ ਹੈਰਾਨ ਰਹਿ ਗਏ।
ਫਿਰ, ਜਦੋਂ ਅਪ੍ਰੈਲ 1964 ਵਿੱਚ ਇਸ ਘਟਨਾ ਵਿੱਚ ਸ਼ਾਮਲ ਲੋਕਾਂ ‘ਤੇ ਮੁਕੱਦਮਾ ਚਲਾਇਆ ਗਿਆ, ਤਾਂ ਜੱਜ ਨੇ ਉਨ੍ਹਾਂ ਨੂੰ ਸਭ ਤੋਂ ਸਖ਼ਤ ਸਜ਼ਾਵਾਂ ਦਿੱਤੀਆਂ, ਤਾਂ ਜੋ ਇਹ ਸਪਸ਼ਟ ਸੰਦੇਸ਼ ਜਾਵੇ ਕਿ ਅਜਿਹੇ ਅਪਰਾਧ ਬਰਦਾਸ਼ਤ ਨਹੀਂ ਕੀਤੇ ਜਾਣਗੇ।
ਘਟਨਾ ਦੇ 14 ਸਾਲ ਬਾਅਦ, ਘਟਨਾ ਦੇ ਕੁਝ ਦੋਸ਼ੀਆਂ ਨੇ ਬੀਬੀਸੀ ਨਾਲ ਗੱਲ ਕੀਤੀ।
16 ਅਪ੍ਰੈਲ, 1964 ਨੂੰ ਰੌਬਰਟ ਵੇਲਜ਼ ਉਨ੍ਹਾਂ 12 ਵਿਅਕਤੀਆਂ ਵਿੱਚ ਸ਼ਾਮਲ ਸਨ ਜਿਨ੍ਹਾਂ ਨੂੰ ਆਇਲਸਬਰੀ ਕਰਾਊਨ ਕੋਰਟ ਨੇ ਇਸ ਡਕੈਤੀ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ।
ਚੌਦਾਂ ਸਾਲ ਬਾਅਦ, 1978 ਵਿੱਚ ਉਹ ਬੀਬੀਸੀ ਦੇ ਦਸਤਾਵੇਜ਼ੀ ਫਿਲਮ ਅਤੇ ਕਰੰਟ ਅਫੇਅਰ ਦੇ ਪ੍ਰੋਗਰਾਮ ‘ਮੇਨ ਅਲਾਈਵ’ ਵਿੱਚ ਸ਼ਾਮਲ ਹੋਏ ਸਨ।
ਇਸ ਦੌਰਾਨ ਉਨ੍ਹਾਂ ਦੱਸਿਆ ਸੀ ਕਿ ਕਿਵੇਂ ਮਹੱਤਵਪੂਰਨ ਹਸਤੀਆਂ ਵੀ ਉਸ ਦਿਨ ਇਹ ਸੁਣਨ ਲਈ ਬੇਚੈਨ ਸਨ ਕਿ ਉਨ੍ਹਾਂ ਨੂੰ ਕੀ ਸਜ਼ਾ ਦਿੱਤੀ ਜਾਵੇਗੀ ਅਤੇ ਇਸੇ ਕਾਰਨ ਉਹ ਅਦਾਲਤ ਵਿੱਚ ਜਾਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਵੇਲਜ਼ ਨੇ ਦੱਸਿਆ, “ਇਹ ਉਹ ਪਲ ਸੀ ਜਿਸਦੀ ਹਰ ਕੋਈ ਉਡੀਕ ਕਰ ਰਿਹਾ ਸੀ… ਜਿਵੇਂ ਕਿਸੇ ਨਾਟਕ ਦਾ ਆਖਰੀ ਦ੍ਰਿਸ਼ ਹੋਵੇ। ਅਤੇ ਸਾਨੂੰ ਰਵਾਇਤੀ ਢੰਗ ਨਾਲ ਅਦਾਲਤ ਵਿੱਚ ਸਜ਼ਾ ਸੁਣਾਏ ਜਾਣ ਦਾ ਦ੍ਰਿਸ਼ ਥੋੜ੍ਹਾ ਡਰਾਉਣਾ ਵੀ ਸੀ।”
‘ਗ੍ਰੇਟ ਟ੍ਰੇਨ ਰੌਬਰੀ’

ਤਸਵੀਰ ਸਰੋਤ, Getty Images
ਵੇਲਜ਼ ਅਤੇ ਉਨ੍ਹਾਂ ਦੇ ਸਾਥੀ ਅਪਰਾਧੀਆਂ ਦੀ ਜ਼ਿੰਦਗੀ ਹੁਣ ਬਹੁਤ ਬਦਲ ਗਈ ਹੈ।
ਇੱਕ ਸਮਾਂ ਸੀ ਜਦੋਂ ਉਨ੍ਹਾਂ ਨੇ ਬ੍ਰਿਟਿਸ਼ ਇਤਿਹਾਸ ਦੀ ਸਭ ਤੋਂ ਵੱਡੀ ਡਕੈਤੀ ਕੀਤੀ ਸੀ, ਜਿਸਨੂੰ ‘ਗ੍ਰੇਟ ਟ੍ਰੇਨ ਰੌਬਰੀ’ ਵਜੋਂ ਜਾਣਿਆ ਜਾਂਦਾ ਹੈ।
ਵੇਲਜ਼ ਅਤੇ ਉਨ੍ਹਾਂ ਦੇ ਸਾਥੀ, ਲੁਟੇਰਿਆਂ ਦੇ ਇੱਕ ਸਮੂਹ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਇੱਕ ਬ੍ਰਿਟਿਸ਼ ਰਾਇਲ ਮੇਲ ਨਾਈਟ ਟ੍ਰੇਨ ਨੂੰ ਲੁੱਟਿਆ ਸੀ। ਉਹ ਟ੍ਰੇਨ ਗਲਾਸਗੋ ਤੋਂ ਲੰਦਨ ਜਾ ਰਹੀ ਸੀ।
ਲੁਟੇਰਿਆਂ ਨੇ ਟ੍ਰੇਨ ਵਿੱਚੋਂ 2.6 ਮਿਲੀਅਨ ਪੌਂਡ ਚੋਰੀ ਕਰ ਲਏ, ਜੋ ਉਸ ਸਮੇਂ ਇੱਕ ਵੱਡੀ ਰਕਮ ਸੀ। ਇਹ ਰਕਮ ਅੱਜ ਦੇ ਸਮੇਂ ਵਿੱਚ ਲਗਭਗ 50 ਮਿਲੀਅਨ ਪੌਂਡ ਹੈ।
ਜਦੋਂ ਵੇਲਜ਼ ‘ਤੇ ਮੁਕੱਦਮਾ ਚੱਲ ਰਿਹਾ ਸੀ, ਪੁਲਿਸ ਤਿੰਨ ਹੋਰ ਲੋਕਾਂ ਦੀ ਭਾਲ ਕਰ ਰਹੀ ਸੀ। ਪੁਲਿਸ ਨੂੰ ਸ਼ੱਕ ਸੀ ਕਿ ਉਹ ਵੀ ਇਸ ਘਟਨਾ ਵਿੱਚ ਸ਼ਾਮਲ ਸਨ।
ਇਹ ਡਕੈਤੀ ਯੋਜਨਾਬੱਧ ਤਰੀਕੇ ਨਾਲ ਅੰਜਾਮ ਦਿੱਤੀ ਗਈ ਸੀ। ਲੰਦਨ ਦੇ ਦੋ ਵੱਡੇ ਅਪਰਾਧ ਗਿਰੋਹਾਂ ਦੇ ਪੰਦਰਾਂ ਮੈਂਬਰਾਂ ਨੇ ਇਸ ਡਕੈਤੀ ਵਿੱਚ ਹਿੱਸਾ ਲਿਆ। ਇਨ੍ਹਾਂ ਵਿੱਚੋਂ ਹਰੇਕ ਮੈਂਬਰ ਦਾ ਇੱਕ ਖਾਸ ਕੰਮ ਸੀ।
ਉਸ ਸਮੇਂ ਦੇ ਇੱਕ ਨੌਜਵਾਨ ਰਿਪੋਰਟਰ ਰਹੇ ਰੇਜੀਨਾਲਡ ਐਬਸ ਨੇ ਬੀਬੀਸੀ ਪੋਡਕਾਸਟ ਵਿਟਨੈਸ ਹਿਸਟਰੀ ਇਨ 2023 ਨੂੰ ਦੱਸਿਆ: “ਇਹ ਲੋਕ ਅਪਰਾਧ ਦੀ ਦੁਨੀਆਂ ਵਿੱਚ ਵੱਡੇ ਨਾਮ ਸਨ। ਇਸ ਤਰ੍ਹਾਂ ਦੀ ਵੱਡੀ ਡਕੈਤੀ ਨੂੰ ਅੰਜਾਮ ਦੇਣ ਲਈ ਨਿਡਰਤਾ, ਬੁੱਧੀ ਅਤੇ ਹੁਨਰ ਦੀ ਲੋੜ ਹੁੰਦੀ ਹੈ, ਇਸ ਲਈ ਉਹ ਸਾਰੇ ਇੱਕ ਟੀਮ ਵਜੋਂ ਇਕੱਠੇ ਹੋਏ।”
ਇਸ ਤਰ੍ਹਾਂ ਲੁੱਟੀ ਗਈ ਟ੍ਰੇਨ

ਤਸਵੀਰ ਸਰੋਤ, Getty Images
ਇਹ ਡਕੈਤੀ 8 ਅਗਸਤ, 1963 ਨੂੰ ਸਵੇਰੇ 3 ਵਜੇ ਦੇ ਕਰੀਬ ਹੋਈ। ਲੁਟੇਰਿਆਂ ਨੇ ਪਹਿਲਾਂ ਫੋਨ ਲਾਈਨਾਂ ਕੱਟ ਦਿੱਤੀਆਂ ਤਾਂ ਜੋ ਕੋਈ ਤੁਰੰਤ ਪੁਲਿਸ ਨੂੰ ਇਸਦੀ ਰਿਪੋਰਟ ਨਾ ਕਰ ਸਕੇ। ਫਿਰ ਉਨ੍ਹਾਂ ਨੇ ਟ੍ਰੇਨ ਸਿਗਨਲ ਨਾਲ ਛੇੜਛਾੜ ਕੀਤੀ ਅਤੇ ਇਸਨੂੰ ਲਾਲ ਕਰ ਦਿੱਤਾ।
ਐਬਸ ਨੇ ਦੱਸਿਆ, “ਉਨ੍ਹਾਂ ਨੇ ਟ੍ਰੇਨ ਸਿਗਨਲ ਦੀ ਹਰੀ ਬੱਤੀ ਨੂੰ ਦਸਤਾਨੇ ਨਾਲ ਢੱਕ ਦਿੱਤਾ ਅਤੇ ਇੱਕ ਸਸਤੀ ਬੈਟਰੀ ਨੂੰ ਲਾਲ ਬੱਤੀ ਨਾਲ ਜੋੜ ਦਿੱਤਾ, ਜਿਸ ਕਾਰਨ ਟ੍ਰੇਨ ਡਰਾਈਵਰ ਨੇ ਟਰੇਨ ਦੀ ਗਤੀ ਹੌਲੀ ਕਰ ਦਿੱਤੀ।”
ਜਦੋਂ ਟ੍ਰੇਨ ਡਰਾਈਵਰ ਜੈਕ ਮਿੱਲਸ ਨੇ ਸਿਗਨਲ ‘ਤੇ ਲਾਲ ਬੱਤੀ ਦੇਖੀ, ਤਾਂ ਉਨ੍ਹਾਂ ਨੇ ਇੰਜਣ ਬੰਦ ਕਰ ਦਿੱਤਾ। ਉਨ੍ਹਾਂ ਦੇ ਸਹਾਇਕ ਡਰਾਈਵਰ, ਡੇਵਿਡ ਵਿਟਬੀ ਸਮੱਸਿਆ ਦਾ ਪਤਾ ਲਗਾਉਣ ਲਈ ਟਰੈਕ ਦੇ ਕਿਨਾਰੇ ਲੱਗੇ ਇੱਕ ਫੋਨ ਦੀ ਵਰਤੋਂ ਕਰਨ ਵਾਸਤੇ ਬਾਹਰ ਨਿਕਲੇ।
ਪਰ ਜਿਵੇਂ ਹੀ ਉਹ ਉੱਥੇ ਪਹੁੰਚੇ ਤਾਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਫੋਨ ਲਾਈਨ ਕੱਟੀ ਹੋਈ ਸੀ ਅਤੇ ਉਸੇ ਸਮੇਂ, ਬਾਇਲਰ ਸੂਟ ਪਹਿਨੇ ਕੁਝ ਨਕਾਬਪੋਸ਼ ਆਦਮੀਆਂ ਨੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ।

ਤਸਵੀਰ ਸਰੋਤ, Getty Images
ਇਸ ਦੌਰਾਨ, ਇੱਕ ਹੋਰ ਨਕਾਬਪੋਸ਼ ਲੁਟੇਰਾ ਟ੍ਰੇਨ ਕੈਬਿਨ ਵਿੱਚ ਦਾਖਲ ਹੋਇਆ ਅਤੇ ਜੈਕ ਮਿੱਲਜ਼ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਜਦੋਂ ਮਿੱਲਜ਼ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਲੁਟੇਰਿਆਂ ਵਿੱਚੋਂ ਇੱਕ ਨੇ ਉਸਦੇ ਸਿਰ ‘ਤੇ ਇੱਕ ਸਖ਼ਤ ਚੀਜ਼ ਨਾਲ ਵਾਰ ਕੀਤਾ, ਜਿਸ ਨਾਲ ਉਹ ਬੇਹੋਸ਼ ਜਿਹੇ ਹੋ ਗਏ।
ਐਬਸ ਕਹਿੰਦੇ ਹਨ, “ਲੁਟੇਰਿਆਂ ਦੀ ਯੋਜਨਾ ਵਿੱਚ ਇੱਕੋ-ਇੱਕ ਕਮਜ਼ੋਰੀ ਇਹੀ ਸੀ ਕਿ ਟ੍ਰੇਨ ਡਰਾਈਵਰ ਨੇ ਵਿਰੋਧ ਕਰਨ ਦੀ ਕੋਸ਼ਿਸ਼ ਕੀਤੀ।”
ਉਨ੍ਹਾਂ ਕਿਹਾ, “ਇੱਕ ਲੁਟੇਰੇ ਨੇ ਉਨ੍ਹਾਂ ਦੇ ਸਿਰ ‘ਤੇ ਲੋਹੇ ਦੀ ਰਾਡ ਨਾਲ ਵਾਰ ਕੀਤਾ, ਜਿਸ ਨਾਲ ਉਨ੍ਹਾਂ ਦੇ ਸਿਰ ਵਿੱਚੋਂ ਖੂਨ ਵਹਿਣ ਲੱਗ ਪਿਆ… ਅਤੇ ਉਹ ਤੁਰੰਤ ਹੇਠਾਂ ਡਿੱਗ ਪਏ।”
ਲੁਟੇਰਿਆਂ ਨੂੰ ਉਨ੍ਹਾਂ ਦੇ ਮੁਖਬਰਾਂ ਨੇ ਦੱਸਿਆ ਸੀ ਕਿ ਟ੍ਰੇਨ ਦੇ ਪਹਿਲੇ ਦੋ ਡੱਬਿਆਂ ਵਿੱਚ ਨਕਦੀ ਅਤੇ ਕੀਮਤੀ ਸਮਾਨ ਰੱਖਿਆ ਗਿਆ ਸੀ। ਕਿਉਂਕਿ ਇਹ ਹਫਤੇ ਦਾ ਨਾਟ ਸੀ ਅਤੇ ਬੈਂਕ ਦੀਆਂ ਛੁੱਟੀਆਂ ਹੋਣੀਆਂ ਸਨ, ਇਸ ਲਈ ਟ੍ਰੇਨ ਵਿੱਚ ਆਮ ਨਾਲੋਂ ਜ਼ਿਆਦਾ ਪੈਸੇ ਸਨ।
120 ਬੋਰੀਆਂ ਨੋਟਾਂ ਨਾਲ ਭਰੀਆਂ

ਤਸਵੀਰ ਸਰੋਤ, Getty Images
ਹਾਲਾਂਕਿ ਰੇਲਗੱਡੀ ਵਿੱਚ ਕੋਈ ਪੁਲਿਸ ਨਹੀਂ ਸੀ, ਪਰ 70 ਤੋਂ ਵੱਧ ਡਾਕਘਰ ਕਰਮਚਾਰੀ ਰੇਲ ‘ਚ ਸਵਾਰ ਸਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਪਿਛਲੇ ਡੱਬਿਆਂ ਵਿੱਚ ਚਿੱਠੀਆਂ ਛਾਂਟ ਰਹੇ ਸਨ।
ਲੁਟੇਰਿਆਂ ਨੂੰ ਪਹਿਲਾਂ ਹੀ ਰੇਲਗੱਡੀ ਪ੍ਰਣਾਲੀ ਅਤੇ ਡੱਬਿਆਂ ਦਾ ਨਕਸ਼ਾ ਸਮਝ ਆ ਗਿਆ ਸੀ, ਇਸ ਲਈ ਉਨ੍ਹਾਂ ਨੇ ਤੁਰੰਤ ਨਕਦੀ ਨਾਲ ਭਰੇ ਦੋ ਡੱਬਿਆਂ ਨੂੰ ਬਾਕੀ ਰੇਲ ਤੋਂ ਵੱਖ ਕਰ ਦਿੱਤਾ। ਉਨ੍ਹਾਂ ਦੀ ਯੋਜਨਾ ਇਨ੍ਹਾਂ ਡੱਬਿਆਂ ਨੂੰ ਪਟੜੀ ‘ਤੇ ਇੱਕ ਖਾਸ ਜਗ੍ਹਾ ‘ਤੇ ਲਿਜਾਣ ਅਤੇ ਰੋਕਣ ਦੀ ਸੀ ਜਿੱਥੇ ਪੈਸਿਆਂ ਦੀਆਂ ਬੋਰੀਆਂ ਆਸਾਨੀ ਨਾਲ ਉਤਾਰੀਆਂ ਜਾ ਸਕਣ।
ਪਰ ਇੱਥੇ ਇੱਕ ਹੋਰ ਸਮੱਸਿਆ ਪੈਦਾ ਹੋ ਗਈ।
ਐਬਸ ਦੱਸਦੇ ਹਨ, “ਲੁਟੇਰਿਆਂ ਕੋਲ ਰੇਲਗੱਡੀ ਚਲਾਉਣ ਲਈ ਆਪਣਾ ਆਦਮੀ ਸੀ, ਪਰ ਉਹ ਨਹੀਂ ਚਲਾ ਸਕਿਆ। ਅੰਤ ਵਿੱਚ ਉਨ੍ਹਾਂ ਨੂੰ ਜੈਕ ਮਿੱਲਜ਼ ਨੂੰ ਉਠਾਉਣਾ ਪਿਆ, ਜੋ ਜ਼ਮੀਨ ‘ਤੇ ਜ਼ਖਮੀ ਪਏ ਸਨ। ਉਨ੍ਹਾਂ ਨੂੰ ਧਮਕੀ ਦਿੱਤੀ ਗਈ ਕਿ ਉਹ ਰੇਲਗੱਡੀ ਚਲਾਉਣ ਨਹੀਂ ਤਾਂ ਗੰਭੀਰ ਨਤੀਜੇ ਭੁਗਤਣੇ ਪੈਣਗੇ।”
ਜੈਕ ਮਿੱਲਜ਼ ਮੁਸ਼ਕਲ ਨਾਲ ਰੇਲਗੱਡੀ ਨੂੰ ਲਗਭਗ ਇੱਕ ਮੀਲ ਅੱਗੇ ਤੱਕ ਲੈ ਕੇ ਗਏ ਅਤੇ ਉਸ ਜਗ੍ਹਾ ‘ਤੇ ਰੁਕ ਗਏ ਜਿੱਥੇ ਬਾਕੀ ਡਾਕੂ ਪਹਿਲਾਂ ਹੀ ਮੌਜੂਦ ਸਨ।
ਪਿੱਛੇ ਰਹਿ ਗਏ ਅੱਠ ਜਾਂ ਨੌਂ ਡੱਬਿਆਂ ਵਿੱਚ ਡਾਕਘਰ ਦੇ ਕਰਮਚਾਰੀ ਸ਼ਾਂਤੀ ਨਾਲ ਕੰਮ ਕਰਦੇ ਰਹੇ, ਇਸ ਗੱਲ ਤੋਂ ਅਣਜਾਣ ਕਿ ਰੇਲਗੱਡੀ ਦਾ ਅਗਲਾ ਹਿੱਸਾ ਵੱਖ ਹੋ ਕੇ ਅੱਗੇ ਚਲਾ ਗਿਆ ਸੀ।

ਪੁਲ ‘ਤੇ ਪਹੁੰਚਣ ਮਗਰੋਂ ਲੁਟੇਰਿਆਂ ਨੇ ਗੱਡੀ ਦੇ ਮੂਹਰਲੇ ਦੋ ਡੱਬਿਆਂ ਦੇ ਦਰਵਾਜ਼ੇ ਤੋੜ ਦਿੱਤੇ, ਅੰਦਰਲੇ ਕਰਮਚਾਰੀਆਂ ਨੂੰ ਕਾਬੂ ਕਰ ਲਿਆ ਅਤੇ ਉਨ੍ਹਾਂ ਨੂੰ ਮੂੰਹ ਢੱਕ ਕੇ ਜ਼ਮੀਨ ‘ਤੇ ਬਿਠਾ ਦਿੱਤਾ ਗਿਆ। ਉਹ ਜੈਕ ਮਿੱਲਜ਼ ਅਤੇ ਸਹਾਇਕ ਡਰਾਈਵਰ ਵਿਟਬੀ ਨੂੰ ਵੀ ਅੰਦਰ ਲਿਆਏ ਅਤੇ ਉਨ੍ਹਾਂ ਨੂੰ ਹੱਥਕੜੀ ਲਗਾ ਦਿੱਤੀ।
ਲੁਟੇਰਿਆਂ ਨੇ ਪਹਿਲਾਂ ਹੀ ਫੈਸਲਾ ਕਰ ਲਿਆ ਸੀ ਕਿ ਉਹ ਸਿਰਫ਼ 15 ਮਿੰਟਾਂ ਵਿੱਚ ਪੈਸਿਆਂ ਦੀਆਂ ਜਿੰਨੀਆਂ ਬੋਰੀਆਂ ਕੱਢ ਸਕਣਗੇ, ਕੱਢ ਲੈਣਗੇ ਅਤੇ ਬਾਕੀਆਂ ਨੂੰ ਉੱਥੇ ਹੀ ਛੱਡ ਦੇਣਗੇ।
ਉਨ੍ਹਾਂ ਨੇ ਲਾਈਨਾਂ ਵਿੱਚ ਖੜ੍ਹੇ ਹੋ ਕੇ ਬੋਰੀਆਂ ਇੱਕ ਦੂਜੇ ਨੂੰ ਦੇ ਦਿੱਤੀਆਂ ਅਤੇ ਜਿੰਨੀ ਜਲਦੀ ਹੋ ਸਕੇ ਉਨ੍ਹਾਂ ਨੇ 120 ਬੋਰੀਆਂ ਲੈਂਡ ਰੋਵਰ ਗੱਡੀਆਂ ਵਿੱਚ ਲੱਦ ਲਈਆਂ। ਇਨ੍ਹਾਂ ਬੋਰੀਆਂ ਵਿੱਚ ਲਗਭਗ ਢਾਈ ਟਨ ਨਕਦੀ ਸੀ।
ਜਦੋਂ ਪੰਦਰਾਂ ਮਿੰਟ ਪੂਰੇ ਹੋ ਗਏ, ਤਾਂ ਉਨ੍ਹਾਂ ਨੇ ਡਾਕਘਰ ਦੇ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਕਿ ਉਹ 30 ਮਿੰਟਾਂ ਲਈ ਆਪਣੀਆਂ ਥਾਵਾਂ ਤੋਂ ਨਾ ਹਿੱਲਣ ਅਤੇ ਪੁਲਿਸ ਨੂੰ ਸੰਪਰਕ ਕਰਨ ਦੀ ਕੋਸ਼ਿਸ਼ ਨਾ ਕਰਨ। ਫਿਰ ਉਹ ਰਾਤ ਦੇ ਹਨ੍ਹੇਰੇ ਵਿੱਚ ਗਾਇਬ ਹੋ ਗਏ।
ਇੰਨੀ ਵੱਡੀ ਰਕਮ ਚੋਰੀ ਹੋਣ ‘ਤੇ ਹੈਰਾਨ ਹੋਏ ਲੋਕ
ਇਨ੍ਹਾਂ ਲੁਟੇਰਿਆਂ ਦੀ ਦਲੇਰੀ ਅਤੇ ਚੋਰੀ ਹੋਈ ਵੱਡੀ ਰਕਮ ਨੇ ਪੂਰੇ ਯੂਕੇ ਦੇ ਲੋਕਾਂ ਨੂੰ ਹੈਰਤ ਵਿੱਚ ਪਾ ਦਿੱਤਾ। ਅਗਲੇ ਕਈ ਹਫ਼ਤਿਆਂ ਤੱਕ ਅਖ਼ਬਾਰਾਂ, ਪੁਲਿਸ ਕਾਰਵਾਈਆਂ ਅਤੇ ਲੁਟੇਰਿਆਂ ਦੀ ਭਾਲ਼ ਦੀਆਂ ਰਿਪੋਰਟਾਂ ਪ੍ਰਕਾਸ਼ਿਤ ਕਰਦੀਆਂ ਰਹੀਆਂ।
ਹਾਲਾਂਕਿ ਲੁਟੇਰਿਆਂ ਨੇ ਇਸ ਡਕੈਤੀ ਦੀ ਯੋਜਨਾ ਬਹੁਤ ਧਿਆਨ ਨਾਲ ਬਣਾਈ ਸੀ ਅਤੇ ਇਸਨੂੰ ਕੁਸ਼ਲਤਾ ਨਾਲ ਅੰਜਾਮ ਵੀ ਦਿੱਤਾ ਸੀ, ਪਰ ਫਿਰ ਵੀ ਇੱਕ ਸਾਲ ਦੇ ਅੰਦਰ-ਅੰਦਰ ਉਨ੍ਹਾਂ ਦੇ ਗਿਰੋਹ ਦੇ ਜ਼ਿਆਦਾਤਰ ਮੈਂਬਰਾਂ ਨੂੰ ਫੜ੍ਹ ਲਿਆ ਗਿਆ ਅਤੇ ਉਨ੍ਹਾਂ ‘ਤੇ ਮੁਕੱਦਮੇ ਚਲਾਏ ਗਏ।
ਇਸ ਮਾਮਲੇ ਦੇ ਜਾਂਚ ਅਧਿਕਾਰੀ ਮੈਲਕਮ ਫੈਟਰੇਲ ਨੇ 1964 ਵਿੱਚ ਬੀਬੀਸੀ ਨੂੰ ਦੱਸਿਆ ਸੀ- ‘ਸਿੱਧੇ ਤੌਰ ‘ਤੇ ਇਹ ਸਭ ਬਹੁਤ ਚਤੁਰਾਈ ਭਰਿਆ ਲੱਗਦਾ ਹੈ, ਪਰ ਅੰਤ ਵਿੱਚ ਇਹ ਸਭ ਉਨ੍ਹਾਂ ਲਈ ਇੱਕ ਵੱਡੀ ਅਸਫਲਤਾ ਸਾਬਤ ਹੋਇਆ। ਉਹ ਓਨੇ ਚਲਾਕ ਨਹੀਂ ਸਨ, ਜਿੰਨਾ ਉਨ੍ਹਾਂ ਨੇ ਖੁਦ ਨੂੰ ਸੋਚਿਆ ਸੀ।’
ਜਦੋਂ ਮੁਕੱਦਮਾ ਸ਼ੁਰੂ ਹੋਇਆ, ਤਾਂ ਜੱਜ ਨੇ ਵੀ ਲੁਟੇਰਿਆਂ ‘ਤੇ ਕੋਈ ਰਹਿਮ ਨਹੀਂ ਦਿਖਾਇਆ। ਜੱਜ ਨੇ ਕਿਹਾ ਕਿ ਜੇ ਮੈਂ ਉਨ੍ਹਾਂ ਨਾਲ ਹਮਦਰਦੀ ਰੱਖਦਾ, ਤਾਂ ਅਜਿਹਾ ਕਰਨਾ ਬਹੁਤ ਗਲਤ ਹੁੰਦਾ ਕਿਉਂਕਿ ਉਨ੍ਹਾਂ ਨੇ ਇੱਕ ਗੰਭੀਰ ਅਪਰਾਧ ਕੀਤਾ ਸੀ।
ਸਖ਼ਤ ਸਜ਼ਾ

ਤਸਵੀਰ ਸਰੋਤ, Getty Images
ਐਬਸ ਨੇ ਬੀਬੀਸੀ ਵਿਟਨੈਸ ਹਿਸਟਰੀ ਇਨ 2023 ਪੌਡਕਾਸਟ ਵਿੱਚ ਦੱਸਿਆ, “ਮੈਨੂੰ ਯਾਦ ਹੈ ਕਿ ਅਦਾਲਤ ਵਿੱਚ ਹਰ ਕੋਈ ਹੈਰਾਨ ਰਹਿ ਗਿਆ ਸੀ ਜਦੋਂ ਲਾਰਡ ਜਸਟਿਸ ਐਡਮੰਡ ਡੇਵਿਸ ਨੇ ਲੁਟੇਰਿਆਂ ਨੂੰ ਮਹਿਜ਼ ਅੱਧੇ ਘੰਟੇ ਵਿੱਚ ਕੁੱਲ 307 ਸਾਲ ਦੀ ਕੈਦ ਦੀ ਸਜ਼ਾ ਸੁਣਾਈ।”
ਉਨ੍ਹਾਂ ਨੂੰ ਜੋ ਸਜ਼ਾਵਾਂ ਮਿਲੀਆਂ, ਉਹ ਬ੍ਰਿਟਿਸ਼ ਕਾਨੂੰਨ ਦੇ ਤਹਿਤ ਸਭ ਤੋਂ ਸਖ਼ਤ ਸਜ਼ਾਵਾਂ ਸਨ। ਉਨ੍ਹਾਂ ਸਜ਼ਾਵਾਂ ਨੂੰ ਇਸ ਲਈ ਵੀ ਸਭ ਤੋਂ ਸਖ਼ਤ ਮੰਨਿਆ ਜਾਂਦਾ ਹੈ ਕਿਉਂਕਿ ਲੁੱਟ ਦੀ ਉਸ ਘਟਨਾ ਵਿੱਚ ਨਾ ਤਾਂ ਕੋਈ ਮਾਰਿਆ ਗਿਆ ਸੀ ਅਤੇ ਨਾ ਹੀ ਕੋਈ ਹਥਿਆਰ ਵਰਤਿਆ ਗਿਆ ਸੀ।
1978 ਵਿੱਚ ਲੁਟੇਰਿਆਂ ਵਿੱਚੋਂ ਇੱਕ ਟੌਮੀ ਵਿਸਬੀ ਨੇ 1978 ਵਿੱਚ ਕਿਹਾ ਸੀ, “ਮੈਂ ਸਦਮੇ ਵਿੱਚ ਸੀ। ਮੈਂ ਬਸ ਇਹੀ ਸੋਚ ਰਿਹਾ ਸੀ ਕਿ ’30 ਸਾਲ! ਅਸੀਂ ਕਦੋਂ ਬਾਹਰ ਨਿਕਲਾਂਗੇ? ਸ਼ਾਇਦ ਕਦੇ ਨਹੀਂ’।”
ਇੱਕ ਹੋਰ ਲੁਟੇਰੇ ਗੋਰਡਨ ਗੁਡੀ ਨੇ ਕਿਹਾ ਸੀ, “ਹਿਰਾਸਤ ਵਿੱਚ ਜਾਣ ਤੋਂ ਬਾਅਦ, ਪਹਿਲਾਂ ਤਾਂ ਹਰ ਕੋਈ ਹੱਸ ਰਿਹਾ ਸੀ ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਪਰ ਕੁਝ ਦਿਨਾਂ ਬਾਅਦ, ਜਦੋਂ ਸਾਨੂੰ ਸੱਚਾਈ ਦਾ ਅਹਿਸਾਸ ਹੋਇਆ, ਤਾਂ ਸਾਨੂੰ ਹੌਲ ਪੈਣ ਲੱਗ ਪਏ।
ਜੱਜ ਨੇ ਸਖ਼ਤ ਸਜ਼ਾ ਦਾ ਮੁੱਖ ਕਾਰਨ ਰੇਲ ਡਰਾਈਵਰ ਜੈਕ ਮਿੱਲਜ਼ ‘ਤੇ ਹਮਲੇ ਨੂੰ ਦੱਸਿਆ ਸੀ।
ਉਨ੍ਹਾਂ ਕਿਹਾ, “ਜਿਸ ਕਿਸੇ ਨੇ ਵੀ ਇਸ ਡਰੇ ਹੋਏ ਡਰਾਈਵਰ ਨੂੰ ਦੇਖਿਆ ਹੈ, ਉਹ ਸਮਝ ਗਿਆ ਹੋਵੇਗਾ ਕਿ ਹਥਿਆਰਬੰਦ ਹਮਲਾਵਰਾਂ ਦੁਆਰਾ ਕੀਤੇ ਗਏ ਅਜਿਹੇ ਹਮਲੇ ਆਮ ਲੋਕਾਂ ਲਈ ਕਿੰਨੇ ਭਿਆਨਕ ਹੋ ਸਕਦੇ ਹਨ।”
ਜੈਕ ਮਿੱਲਜ਼ ਉਸ ਹਮਲੇ ਤੋਂ ਬਾਅਦ ਕਦੇ ਕੰਮ ‘ਤੇ ਵਾਪਸ ਨਹੀਂ ਗਏ ਅਤੇ 1970 ਵਿੱਚ ਬਲੱਡ ਕੈਂਸਰ ਨਾਲ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੇ ਸਾਥੀ ਡਰਾਈਵਰ, ਵਿਟਬੀ ਦੀ ਅਗਲੇ ਸਾਲ ਸਿਰਫ਼ 34 ਸਾਲ ਦੀ ਉਮਰ ਵਿੱਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਸੀ।

ਹਾਲਾਂਕਿ, ਉਸ ਸਮੇਂ ਬਹੁਤ ਸਾਰੇ ਲੋਕਾਂ, ਖਾਸ ਕਰਕੇ ਲੁਟੇਰਿਆਂ ਨੇ ਇਹੀ ਸੋਚਿਆ ਸੀ ਕਿ ਉਨ੍ਹਾਂ ਨੂੰ ਬਹੁਤ ਜ਼ਿਆਦਾ ਸਖ਼ਤ ਸਜ਼ਾਵਾਂ ਇਸ ਲਈ ਦਿੱਤੀਆਂ ਗਈਆਂ ਸਨ ਕਿਉਂਕਿ ਉਨ੍ਹਾਂ ਦੀ ਚੋਰੀ ਕਾਰਨ ਬ੍ਰਿਟਿਸ਼ ਸਰਕਾਰ ਅਤੇ ਸੰਸਥਾਵਾਂ ਦੀ ਬਦਨਾਮੀ ਹੋਈ ਸੀ।
ਲੁਟੇਰੇ ਸਮੂਹ ਦੇ ਇੱਕ ਮੈਂਬਰ, ਰਾਏ ਜੇਮਜ਼ ਨੇ 1978 ਵਿੱਚ ਬੀਬੀਸੀ ਨੂੰ ਦੱਸਿਆ ਸੀ ਕਿ “ਮੈਨੂੰ ਪੂਰੇ ਮੁਕੱਦਮੇ ਦੌਰਾਨ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ, ਪਰ ਇਹ ਭਾਵਨਾ ਉਦੋਂ ਜਿਵੇਂ ਅਲੋਪ ਹੋ ਗਈ ਜਦੋਂ ਮੈਨੂੰ ਅਹਿਸਾਸ ਹੋਇਆ ਕਿ ਜੱਜ ਐਡਮੰਡ ਡੇਵਿਸ ਨੇ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਸੀ। ਉਨ੍ਹਾਂ ਨੇ ਆਪਣੀਆਂ ਸ਼ਕਤੀਆਂ ਦੀ ਵਰਤੋਂ ਬਦਲਾ ਲੈਣ ਅਤੇ ਉਹੀ ਚੀਜ਼ ਬਣਨ ਲਈ ਕੀਤੀ ਸੀ ਜਿਸ ਦਾ ਉਹ ਮੇਰੇ ‘ਤੇ ਦੋਸ਼ ਲਗਾ ਰਹੇ ਸਨ।”
ਰੇਜੀਨਾਲਡ ਐਬਸ ਕਹਿੰਦੇ ਹਨ, “ਜ਼ਿਆਦਾਤਰ ਲੋਕਾਂ ਨੂੰ ਲੱਗਦਾ ਸੀ ਕਿ ਜਸਟਿਸ ਡੇਵਿਸ ਦੀ ਕਠੋਰਤਾ ਪਿੱਛੇ ਦੋ ਮੁੱਖ ਕਾਰਨ ਸਨ – ਪਹਿਲਾ ਰੇਲ ਡਰਾਈਵਰ ਵਿਰੁੱਧ ਹਿੰਸਾ ਅਤੇ ਦੂਜਾ ਇਹ ਕਿ ਇਸ ਘਟਨਾ ਨੇ ਸਰਕਾਰ, ਡਾਕਘਰ ਅਤੇ ਬ੍ਰਿਟਿਸ਼ ਰੇਲ ਸੇਵਾ ਨੂੰ ਬਹੁਤ ਰਾਹਤ ਦਿੱਤੀ ਸੀ… ਕਿਉਂਕਿ ਜਨਤਾ ਨੂੰ ਇੰਝ ਲੱਗਿਆ ਸੀ ਕਿ ਇਹ ਸੰਸਥਾਵਾਂ ਘਟਨਾ ਤੋਂ ਪੂਰੀ ਤਰ੍ਹਾਂ ਅਣਜਾਣ ਸਨ ਅਤੇ ਜਦੋਂ ਕੁਝ ਵਾਪਰਿਆ ਤਾਂ ਉਹ ਸਾਰੇ ਬੇਵੱਸ ਸਨ।”
ਜੇਲ੍ਹ ਤੋਂ ਨਾਟਕੀ ਢੰਗ ਨਾਲ ਭੱਜਣਾ

ਤਸਵੀਰ ਸਰੋਤ, Getty Images
ਸਜ਼ਾ ਮਿਲਣ ਤੋਂ ਬਾਅਦ ਇਹ ਲੁਟੇਰੇ ਹੋਰ ਵੀ ਮਸ਼ਹੂਰ ਹੋ ਗਏ ਕਿਉਂਕਿ ਉਨ੍ਹਾਂ ਵਿੱਚੋਂ ਦੋ ਲੁਟੇਰੇ ਨਾਟਕੀ ਢੰਗ ਨਾਲ ਜੇਲ੍ਹ ਤੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ।
ਸਮੂਹ ਦਾ ਸਰਗਨਾ ਚਾਰਲਸ ਵਿਲਸਨ, ਆਪਣੇ ਮੁਕੱਦਮੇ ਤੋਂ ਸਿਰਫ਼ ਚਾਰ ਮਹੀਨੇ ਬਾਅਦ ਜੇਲ੍ਹ ਤੋਂ ਭੱਜ ਗਿਆ। ਉਹ ਕੈਨੇਡਾ ਵਿੱਚ ਫੜੇ ਜਾਣ ਤੋਂ ਪਹਿਲਾਂ ਚਾਰ ਸਾਲ ਤੱਕ ਲੁਕਿਆ ਰਿਹਾ। ਉਸਨੂੰ ਉਸਦੇ ਵਤਨ ਵਾਪਸ ਲਿਆਂਦਾ ਗਿਆ ਅਤੇ ਹੋਰ 10 ਸਾਲ ਕੈਦ ਵਿੱਚ ਰੱਖਿਆ ਗਿਆ।
ਜੇਲ੍ਹ ਤੋਂ ਭੱਜਣ ਵਾਲੇ ਇੱਕ ਹੋਰ ਰੌਨੀ ਬਿਗਸ ਸੀ, ਜੋ ਸਜ਼ਾ ਸੁਣਾਏ ਜਾਣ ਤੋਂ 15 ਮਹੀਨੇ ਬਾਅਦ ਲੰਦਨ ਦੀ ਵੈਂਡਸਵਰਥ ਜੇਲ੍ਹ ਤੋਂ ਭੱਜ ਗਏ ਸਨ। ਉਨ੍ਹਾਂ ਨੇ ਜੇਲ੍ਹ ਤੋਂ ਭੱਜਣ ਲਈ ਰੱਸੀ ਦੀ ਪੌੜੀ ਬਣਾਈ ਸੀ।
ਉਨ੍ਹਾਂ ਨੇ ਤਾਂ ਆਪਣਾ ਚਿਹਰਾ ਬਦਲਣ ਲਈ ਪਲਾਸਟਿਕ ਸਰਜਰੀ ਵੀ ਕਰਵਾਈ ਅਤੇ ਕਦੇ ਸਪੇਨ ਵਿੱਚ, ਕਦੇ ਆਸਟ੍ਰੇਲੀਆ ਵਿੱਚ, ਅਤੇ ਕਦੇ ਬ੍ਰਾਜ਼ੀਲ ਵਿੱਚ ਲੁਕ ਕੇ ਰਹਿੰਦੇ ਰਹੇ। ਉਹ ਲਗਭਗ 40 ਸਾਲ ਇਸੇ ਤਰ੍ਹਾਂ ਪੁਲਿਸ ਤੋਂ ਬਚਦੇ ਰਹੇ।
ਸਾਲ 2001 ਵਿੱਚ, ਉਹ ਸਵੈ-ਇਲਾਜ ਲਈ ਯੂਕੇ ਵਾਪਸ ਆਏ ਅਤੇ ਆਪਣੀ ਬਾਕੀ ਦੀ ਸਜ਼ਾ ਜੇਲ੍ਹ ਵਿੱਚ ਕੱਟੀ।
ਲੁੱਟਿਆ ਗਿਆ ਜ਼ਿਆਦਾਤਰ ਪੈਸਾ ਕਦੇ ਬਰਾਮਦ ਨਹੀਂ ਹੋ ਸਕਿਆ

ਤਸਵੀਰ ਸਰੋਤ, Getty Images
ਕਾਨੂੰਨ ਦੇ ਹੱਥ ਆਖਰਕਾਰ ਉਨ੍ਹਾਂ ਤਿੰਨ ਲੁਟੇਰਿਆਂ ਤੱਕ ਵੀ ਪਹੁੰਚ ਗਏ, ਜਿਨ੍ਹਾਂ ਨੂੰ ਪਹਿਲਾਂ ਗ੍ਰਿਫ਼ਤਾਰ ਨਹੀਂ ਕੀਤਾ ਜਾ ਸਕਿਆ ਸੀ।
ਬਰੂਸ ਰੇਨੋਲਡਜ਼, ਜਿਸਨੂੰ ਡਕੈਤੀ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ, ਪੰਜ ਸਾਲਾਂ ਤੱਕ ਕਾਨੂੰਨ ਤੋਂ ਬਚਦਾ ਰਿਹਾ ਅਤੇ ਇੰਗਲੈਂਡ ਵਾਪਸ ਆਉਣ ‘ਤੇ ਫੜ੍ਹਿਆ ਗਿਆ। ਉਸਨੂੰ 25 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਸੀ ਪਰ ਸਿਰਫ 10 ਸਾਲਾਂ ਬਾਅਦ ਹੀ ਰਿਹਾਅ ਕਰ ਦਿੱਤਾ ਗਿਆ।
ਉਸਦਾ ਪੁੱਤਰ ਨਿੱਕ ਵੀ ਬਚਪਨ ਵਿੱਚ ਆਪਣੇ ਪਿਤਾ ਨਾਲ ਮੈਕਸੀਕੋ ਅਤੇ ਕੈਨੇਡਾ ਵਿੱਚ ਲੁਕਿਆ ਰਿਹਾ। ਜਿਵੇਂ-ਜਿਵੇਂ ਉਹ ਵੱਡਾ ਹੋਇਆ, ਉਹ ‘ਅਲਾਬਾਮਾ ਥ੍ਰੀ’ ਨਾਮਕ ਇੱਕ ਬੈਂਡ ਵਿੱਚ ਸ਼ਾਮਲ ਹੋ ਗਿਆ ਜਿਸਦਾ ਗੀਤ ‘ਵੋਕ ਅੱਪ ਟੇਨ ਮੌਰਨਿੰਗ’ ਪ੍ਰਸਿੱਧ ਟੀਵੀ ਡਰਾਮਾ ‘ਦ ਸੋਪ੍ਰਾਨੋਸ’ ਦਾ ਥੀਮ ਸੌਂਗ ਬਣਿਆ।
ਰੋਨਾਲਡ ‘ਬਸਟਰ’ ਐਡਵਰਡਸ ਡਕੈਤੀ ਤੋਂ ਬਾਅਦ ਮੈਕਸੀਕੋ ਭੱਜ ਗਿਆ ਸੀ। ਉਸਨੇ 1966 ਵਿੱਚ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ ਅਤੇ ਨੌਂ ਸਾਲ ਜੇਲ੍ਹ ਵਿੱਚ ਬਿਤਾਏ। ਬਾਅਦ ਵਿੱਚ ਉਸਨੇ ਗਾਇਕ ਫਿਲ ਕੋਲਿਨਜ਼ ਅਭਿਨੀਤ ਇੱਕ ਫਿਲਮ ਵਿੱਚ ਵੀ ਕੰਮ ਕੀਤਾ।
ਜੇਮਜ਼ ਵ੍ਹਾਈਟ, ਜਿਸਨੇ ਡਕੈਤੀ ਲਈ ਸਮੱਗਰੀ ਮੁਹੱਈਆ ਕਰਵਾਈ ਸੀ, ਨੂੰ ਤਿੰਨ ਸਾਲ ਲੁਕਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਕੈਂਟ ਦੀ ਜੇਲ੍ਹ ਭੇਜ ਦਿੱਤਾ ਗਿਆ। ਉਸਨੂੰ 1975 ਵਿੱਚ ਰਿਹਾਅ ਕਰ ਦਿੱਤਾ ਗਿਆ ਸੀ।
ਹਾਲਾਂਕਿ ਇਨ੍ਹਾਂ ਲੁਟੇਰਿਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਗਈਆਂ ਸਨ, ਪਰ ਇਨ੍ਹਾਂ ਵਿੱਚੋਂ ਕਿਸੇ ਨੇ ਵੀ 13 ਸਾਲ ਤੋਂ ਵੱਧ ਜੇਲ੍ਹ ਵਿੱਚ ਨਹੀਂ ਬਿਤਾਏ। ਪਰ ਇਨ੍ਹਾਂ ਵਿੱਚੋਂ ਬਹੁਤਿਆਂ ਨੂੰ ਬਾਅਦ ਦੇ ਸਾਲਾਂ ਵਿੱਚ ਹੋਰ ਅਪਰਾਧਾਂ ਲਈ ਦੁਬਾਰਾ ਫੜ੍ਹ ਲਿਆ ਗਿਆ ਸੀ।
ਡਕੈਤੀ ਵਿੱਚ ਚੋਰੀ ਹੋਏ ਪੈਸੇ ਦਾ ਇੱਕ ਵੱਡਾ ਹਿੱਸਾ ਕਦੇ ਵੀ ਬਰਾਮਦ ਨਹੀਂ ਕੀਤਾ ਜਾ ਸਕਿਆ… ਹਾਲਾਂਕਿ ਪੁਲਿਸ ਨੇ 1964 ਵਿੱਚ ਐਲਾਨ ਕੀਤਾ ਸੀ ਕਿ ਜੋ ਵੀ ਪੈਸੇ ਬਾਰੇ ਜਾਣਕਾਰੀ ਦੇਵੇਗਾ, ਉਸਨੂੰ 10 ਫੀਸਦੀ ਰਕਮ ਦਾ ਇਨਾਮ ਦਿੱਤਾ ਜਾਵੇਗਾ। ਪਰ ਫਿਰ ਵੀ ਡਕੈਤੀ ਦੀ ਰਕਮ ਵਿੱਚੋਂ ਜ਼ਿਆਦਾਤਰ ਪੈਸਾ ਕਦੇ ਵੀ ਬਰਾਮਦ ਨਹੀਂ ਕੀਤਾ ਜਾ ਸਕਿਆ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI