Source :- BBC PUNJABI

 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਤਸਵੀਰ ਸਰੋਤ, x/narendramodi

15 ਮਿੰਟ ਪਹਿਲਾਂ

ਕੈਨੇਡਾ ਦੇ ਕਨਾਨਾਸਕਿਸ ਵਿੱਚ ਜੀ-7 ਸੰਮੇਲਨ ਦੌਰਾਨ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੁਲਾਕਾਤ ਕੀਤੀ।

ਇਸ ਮੁਲਾਕਾਤ ਤੋਂ ਬਾਅਦ ਦੋਵਾਂ ਦੇਸ਼ਾਂ ਨੇ ਆਪਣੇ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ ਦਾ ਐਲਾਨ ਕੀਤਾ ਹੈ।

ਵਿਦੇਸ਼ ਸਕੱਤਰ ਵਿਕਰਮ ਮਿਸਰੀ ਦੇ ਅਨੁਸਾਰ ਆਪਸੀ ਸਬੰਧਾਂ ਨੂੰ ਬਿਹਤਰ ਬਣਾਉਣ ਦੇ ਸੰਕੇਤ ਵਜੋਂ ਦੋਵੇਂ ਦੇਸ਼ ਆਪਣੇ ਹਾਈ ਕਮਿਸ਼ਨਰਾਂ ਨੂੰ ਬਹਾਲ ਕਰਨ ਲਈ ਸਹਿਮਤ ਹੋਏ ਹਨ।

ਕੈਨੇਡੀਅਨ ਮੀਡੀਆ ਏਜੇਂਸੀ ਸੀਬੀਸੀ ਦੀ ਰਿਪੋਰਟ ਮੁਤਾਬਕ ਉਮੀਦ ਜਤਾਈ ਜਾ ਰਹੀ ਹੈ ਕਿ ਆਉਣ ਵਾਲੇ ਸਮੇਂ ‘ਚ ਨਾਗਰਿਕਾਂ ਅਤੇ ਕਾਰੋਬਾਰੀਆਂ ਲਈ ਵੀਜ਼ਾ ਸੇਵਾਵਾਂ ਵੀ ਮੁੜ ਸ਼ੁਰੂ ਹੋ ਸਕਦੀਆਂ ਹਨ।

 ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ

ਤਸਵੀਰ ਸਰੋਤ, x/narendramodi

ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਹਾਈ ਕਮਿਸ਼ਨਰਾਂ ਨੂੰ ਆਪਣੇ ਦੇਸ਼ ਵਾਪਸ ਪਰਤਣ ਲਈ ਦਿੱਤਾ ਸੀ।

ਇਹ ਉਦੋਂ ਹੋਇਆ ਜਦੋਂ ਕੈਨੇਡਾ ਦੀ ਤਤਕਾਲੀ ਟਰੂਡੋ ਸਰਕਾਰ ਨੇ ਭਾਰਤ ‘ਤੇ ਕੈਨੇਡਾ ਵਿੱਚ ਹਿੰਸਾ, ਕਤਲ ਅਤੇ ਜਬਰੀ ਵਸੂਲੀ ਨਾਲ ਜੁੜੇ ਹੋਣ ਦੇ ਇਲਜ਼ਾਮ ਲਗਾਏ ਸਨ।

ਉਸ ਸਮੇਂ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਸੀ ਕਿ ਭਾਰਤੀ ਡਿਪਲੋਮੈਟ ਕੈਨੇਡੀਅਨਾਂ ਬਾਰੇ ਜਾਣਕਾਰੀ ਇਕੱਠੀ ਕਰ ਰਹੇ ਸਨ। ਟਰੂਡੋ ਦਾ ਕਹਿਣਾ ਸੀ ਕਿ ਭਾਰਤੀ ਡਿਪਲੋਮੈਟ ਇਸ ਜਾਣਕਾਰੀ ਨੂੰ ਸੰਗਠਿਤ ਅਪਰਾਧ ਸਮੂਹਾਂ ਨਾਲ ਸਾਂਝਾ ਕਰ ਰਹੇ ਸਨ।

ਟਰੂਡੋ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਕੈਨੇਡਾ ਕੋਲ 2023 ਵਿੱਚ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੀ ਹੱਤਿਆ ਨਾਲ ਭਾਰਤੀ ਏਜੰਟਾਂ ਦੀ ਸ਼ਮੂਲਿਅਤ ਦੇ ਸਬੂਤ ਹਨ।

ਨਿੱਝਰ ਦੀ ਹੱਤਿਆ ਬਾਰੇ ਕੀ ਬੋਲੇ ਕੈਨੇਡਾ ਦੇ ਪੀਐੱਮ ਕਾਰਨੀ


ਜੀ-7 ਸੰਮੇਲਨ

ਤਸਵੀਰ ਸਰੋਤ, x/narendramodi

ਆਪਣੀ ਹਾਲੀਆ ਮੁਲਾਕਾਤ ਵਿੱਚ, ਕਾਰਨੀ ਅਤੇ ਮੋਦੀ ਨੇ ਅੰਤਰਰਾਸ਼ਟਰੀ ਅਪਰਾਧ, ਸੁਰੱਖਿਆ ਅਤੇ ਵਿਸ਼ਵਵਿਆਪੀ ਨਿਯਮਾਂ ਦੀ ਪਾਲਣਾ ਬਾਰੇ ਗੱਲ ਕੀਤੀ।

ਸੀਬੀਸੀ ਨਿਊਜ਼ ਮੁਤਾਬਕ, ਇਸ ਮੁਲਾਕਾਤ ਤੋਂ ਬਾਅਦ ਕੈਨੇਡੀਅਨ ਪ੍ਰਧਾਨ ਮੰਤਰੀ ਕਾਰਨੀ ਤੋਂ ਜਦੋਂ ਨਿੱਝਰ ਦੇ ਕਤਲ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਨੇ ਸਿੱਧਾ ਜਵਾਬ ਨਹੀਂ ਦਿੱਤਾ।

ਉਨ੍ਹਾਂ ਕਿਹਾ ਕਿ ਦੋਵਾਂ ਦੇਸ਼ਾਂ ਦੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਇਕੱਠੇ ਕੰਮ ਕਰਨ ਦੀ ਲੋੜ ਹੈ।

ਕਾਰਨੀ ਨੇ ਅੱਗੇ ਕਿਹਾ, “ਕਿਉਂਕਿ ਇਹ ਇੱਕ ਚੱਲ ਰਹੀ ਕਾਨੂੰਨੀ ਕਰਵਾਈ ਹੈ ਇਸ ਲਈ ਮੈਂ ਇਸ ਬਾਰੇ ਬਹੁਤਾ ਨਹੀਂ ਕਹਿ ਸਕਦਾ।”

ਪ੍ਰਧਾਨ ਮੰਤਰੀ ਮੋਦੀ ਨੇ ਕੀ ਕਿਹਾ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜੀ-7 ਸੰਮੇਲਨ ਦੀ ਮੇਜ਼ਬਾਨੀ ਕਰਨ ਲਈ ਕਾਰਨੀ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ ਕਿ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਉਹ ਕੈਨੇਡਾ ਨਾਲ ਮਿਲ ਕੇ ਕੰਮ ਕਰਨ ਦੀ ਉਮੀਦ ਕਰ ਰਹੇ ਹਨ।

ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਦੇ ਸਾਂਝੇ ਲੋਕਤੰਤਰ, ਆਜ਼ਾਦੀ ਅਤੇ ਕਾਨੂੰਨ ਦੇ ਮਹੱਤਤਾ ਦੇ ਸਾਂਝੇ ਮੁੱਲਾਂ ਦਾ ਜ਼ਿਕਰ ਕੀਤਾ।

ਪ੍ਰਧਾਨ ਮੰਤਰੀ ਮੋਦੀ ਨੇ ਐਕਸ ‘ਤੇ ਲਿਖਿਆ, “ਪ੍ਰਧਾਨ ਮੰਤਰੀ ਮਾਰਕ ਕਾਰਨੀ ਨਾਲ ਇੱਕ ਸ਼ਾਨਦਾਰ ਮੁਲਾਕਾਤ ਹੋਈ। ਪ੍ਰਧਾਨ ਮੰਤਰੀ ਕਾਰਨੀ ਅਤੇ ਮੈਂ ਭਾਰਤ-ਕੈਨੇਡਾ ਦੋਸਤੀ ਨੂੰ ਗਤੀ ਦੇਣ ਲਈ ਨੇੜਿਓਂ ਕੰਮ ਕਰਨ ਦੀ ਉਮੀਦ ਕਰਦੇ ਹਾਂ।”

ਪ੍ਰਧਾਨ ਮੰਤਰੀ ਮੋਦੀ ਨੇ ਜੀ-7 ਸੰਮੇਲਨ ਵਿੱਚ ਭਾਰਤ ਨੂੰ ਸੱਦਾ ਦੇਣ ਲਈ ਵੀ ਕਾਰਨੀ ਦਾ ਧੰਨਵਾਦ ਕੀਤਾ।

ਉਨ੍ਹਾਂ ਕਿਹਾ, “ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਭਾਰਤ ਨੂੰ ਜੀ-7 ਵਿੱਚ ਸੱਦਾ ਦਿੱਤਾ ਅਤੇ ਮੈਂ ਖੁਸ਼ਕਿਸਮਤ ਵੀ ਹਾਂ ਕਿ ਮੈਨੂੰ 2015 ਤੋਂ ਬਾਅਦ ਇੱਕ ਵਾਰ ਫਿਰ ਕੈਨੇਡਾ ਆਉਣ ਅਤੇ ਕੈਨੇਡਾ ਦੇ ਲੋਕਾਂ ਨਾਲ ਜੁੜਨ ਦਾ ਮੌਕਾ ਮਿਲਿਆ ਹੈ।”

ਪੀਐੱਮ ਮੋਦੀ ਨੇ ਦੋਵਾਂ ਦੇਸ਼ਾਂ ਵਿਚਕਾਰ ਮਜ਼ਬੂਤ ​​ਆਰਥਿਕ ਸਬੰਧਾਂ ਬਾਰੇ ਵੀ ਗੱਲ ਕੀਤੀ।

ਉਨ੍ਹਾਂ ਕਿਹਾ ਕਿ ਕੈਨੇਡੀਅਨ ਕੰਪਨੀਆਂ ਨੇ ਭਾਰਤ ਵਿੱਚ ਨਿਵੇਸ਼ ਕੀਤਾ ਹੈ, ਅਤੇ ਭਾਰਤੀ ਕਾਰੋਬਾਰਾਂ ਨੇ ਵੀ ਕੈਨੇਡਾ ਵਿੱਚ ਆਪਣੀ ਛਾਪ ਛੱਡੀ ਹੈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ

ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਕੀ ਕਿਹਾ

ਭਾਰਤ ਅਤੇ ਕੈਨੇਡਾ ਨੇ ਆਪਣੇ ਦੁਵੱਲੇ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਲਈ ਕਦਮ ਚੁੱਕੇ ਹਨ। ਇਸ ਦੇ ਬਾਅਦ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਇੱਕ ਵੀਡੀਓ ਬਿਆਨ ਜਾਰੀ ਕੀਤਾ ਹੈ।

ਮਿਸਰੀ ਨੇ ਕਿਹਾ, “ਪ੍ਰਧਾਨ ਮੰਤਰੀ ਮੋਦੀ ਇਸ ਬਹੁਤ ਮਹੱਤਵਪੂਰਨ ਸਬੰਧਾਂ ਵਿੱਚ ਸਥਿਰਤਾ ਬਹਾਲ ਕਰਨ ਲਈ ਦ੍ਰਿੜ ਕਦਮ ਚੁੱਕਣ ਲਈ ਸਹਿਮਤ ਹੋਏ ਹਨ ਅਤੇ ਇਨ੍ਹਾਂ ਕਦਮਾਂ ਵਿੱਚੋਂ ਪਹਿਲਾ ਕਦਮ ਜਿਸ ‘ਤੇ ਸਹਿਮਤੀ ਬਣੀ, ਉਹ ਸੀ ਇੱਕ ਦੂਜੇ ਦੀਆਂ ਰਾਜਧਾਨੀਆਂ ਵਿੱਚ ਹਾਈ ਕਮਿਸ਼ਨਰਾਂ ਨੂੰ ਜਲਦੀ ਬਹਾਲ ਕਰਨਾ। ਹੋਰ ਕੂਟਨੀਤਕ ਕਦਮ ਸਮੇਂ ਸਿਰ ਚੁੱਕੇ ਜਾਣਗੇ।”

ਮਿਸਰੀ ਨੇ ਅੱਗੇ ਕਿਹਾ, “ਦੋਵੇਂ ਪ੍ਰਧਾਨ ਮੰਤਰੀ ਵਪਾਰ, ਲੋਕਾਂ ਤੋਂ ਲੋਕਾਂ ਤੱਕ ਸੰਪਰਕ ਅਤੇ ਸੰਪਰਕ ਨਾਲ ਸਬੰਧਤ ਕਈ ਖੇਤਰਾਂ ਵਿੱਚ ਸੀਨੀਅਰ ਅਤੇ ਕਾਰਜਕਾਰੀ ਪੱਧਰ ਉੱਤੇ ਵਿਚਾਰ-ਵਟਾਂਦਰੇ ਮੁੜ ਸ਼ੁਰੂ ਕਰਨ ‘ਤੇ ਵੀ ਸਹਿਮਤ ਹੋਏ ਹਨ। ਉਨ੍ਹਾਂ ਸਾਰਿਆਂ ਦਾ ਇਰਾਦਾ ਸਬੰਧਾਂ ਨੂੰ ਹੋਰ ਗਤੀ ਦੇਣ ਦਾ ਸੀ।”

“ਦੋਵਾਂ ਨੇਤਾਵਾਂ ਨੇ ਸਾਫ਼ ਊਰਜਾ, ਤਕਨਾਲੋਜੀ, ਡਿਜੀਟਲ ਬੁਨਿਆਦੀ ਢਾਂਚਾ, ਏਆਈ, ਖੁਰਾਕ ਸੁਰੱਖਿਆ, ਮਹੱਤਵਪੂਰਨ ਖਣਿਜ ਅਤੇ ਸਪਲਾਈ ਚੇਨਾਂ ਨਾਲ ਸਬੰਧਤ ਕਈ ਮੁੱਦਿਆਂ ਵਿੱਚ ਸੰਭਾਵੀ ਸਹਿਯੋਗ ‘ਤੇ ਵੀ ਚਰਚਾ ਕੀਤੀ ਹੈ।”

ਹਰਦੀਪ ਨਿੱਝਰ ਕਤਲ ਮਾਮਲਾ

ਹਰਦੀਪ ਸਿੰਘ ਨਿੱਝਰ

ਤਸਵੀਰ ਸਰੋਤ, FB/Virsa Singh Valtoha

45 ਸਾਲ ਦੇ ਹਰਦੀਪ ਸਿੰਘ ਨਿੱਝਰ ਨੂੰ ਕੈਨੇਡਾ ਦੇ ਸਰੀ ਦੇ ਗੁਰਦੁਆਰਾ ਸਾਹਿਬ ਦੀ ਪਾਰਕਿੰਗ ਵਿੱਚ 18 ਜੂਨ 2023 ਨੂੰ ਹਥਿਆਰਬੰਦ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਕੈਨੇਡਾ ਦੇ ਤਤਕਾਲੀ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਸ ਕਤਲ ਵਿੱਚ ਭਾਰਤੀ ਏਜੰਟਾਂ ਦੇ ਸ਼ਾਮਲ ਹੋਣ ਦੇ ਇਲਜ਼ਾਮ ਲਾਏ ਗਏ ਸਨ। ਉਸ ਤੋਂ ਬਾਅਦ ਹੀ ਦੋਵਾਂ ਦੇਸਾਂ ਦੇ ਕੂਟਨੀਤਿਕ ਰਿਸ਼ਤਿਆ ਵਿੱਚ ਕਾਫ਼ੀ ਤਲਖ਼ੀ ਆ ਗਈ ਸੀ।

ਸਤੰਬਰ 2023 ਵਿੱਚ, ਟਰੂਡੋ ਨੇ ਦਾਅਵਾ ਕੀਤਾ ਸੀ ਕਿ ਕੈਨੇਡਾ ਕੋਲ ‘ਭਰੋਸੇਯੋਗ ਸਬੂਤ’ ਹਨ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਹਰਦੀਪ ਸਿੰਘ ਨਿੱਝਰ ਦੇ ਕਤਲ ਵਿੱਚ ਭਾਰਤੀ ਏਜੰਟ ਸ਼ਾਮਲ ਸਨ।

ਹਾਲਾਂਕਿ ਭਾਰਤ ਲਗਾਤਾਰ ਅਜਿਹੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੰਦਾ ਰਿਹਾ ਹੈ।

ਹੁਣ ਤੱਕ ਇਸ ਮਾਮਲੇ ‘ਚ ਕੈਨੇਡਾ ਪੁਲਿਸ ਵੱਲੋਂ 4 ਗ੍ਰਿਫਤਾਰੀਆਂ ਕੀਤੀਆਂ ਜਾ ਚੁੱਕੀਆਂ ਹਨ। ਜਿਨ੍ਹਾਂ ਦੇ ਨਾਮ ਕਰਨ ਬਰਾੜ (22), ਕਮਲਪ੍ਰੀਤ ਸਿੰਘ (22) ਅਤੇ ਕਰਨ ਪ੍ਰੀਤ ਸਿੰਘ (28) ਅਤੇ ਅਮਨਦੀਪ ਸਿੰਘ ਹਨ।

ਇਹ ਵੀ ਪੜ੍ਹੋ

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI