Source :- BBC PUNJABI

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਪੁੰਛ ਸ਼ਹਿਰ ਵਿੱਚ ਰਹਿਣ ਵਾਲੇ ਜ਼ੈਨ ਅਲੀ ਅਤੇ ਉਰਵਾ ਫਾਤਿਮਾ ਲਈ 6 ਮਈ ਦੀ ਦਾ ਦਿਨ ਵੀ ਕਿਸੇ ਆਮ ਦਿਨ ਵਾਂਗ ਹੀ ਸੀ। ਬਾਰਾਂ ਸਾਲ ਦੇ ਜੋੜੇ ਭੈਣ-ਭਰਾ ਸਕੂਲ ਗਏ, ਹੋਮਵਰਕ ਕੀਤਾ, ਥੋੜ੍ਹਾ ਜਿਹਾ ਖੇਡੇ, ਰਾਤ ਦਾ ਖਾਣਾ ਖਾਧਾ ਅਤੇ ਫਿਰ ਸੌਂ ਗਏ।
ਪਰ ਅੱਧੀ ਰਾਤ ਉਨ੍ਹਾਂ ਦੀ ਨੀਂਦ ਖੁੱਲ੍ਹ ਗਈ। ਇਸਦਾ ਕਾਰਨ ਸੀ ਉਨ੍ਹਾਂ ਦੇ ਘਰ ਤੋਂ ਕੁਝ ਕਿਲੋਮੀਟਰ ਦੂਰੀ ‘ਤੇ ਭਾਰਤ-ਪਾਕਿਸਤਾਨ ਕੰਟਰੋਲ ਰੇਖਾ ‘ਤੇ ਹੋ ਰਹੀ ਗੋਲਾਬਾਰੀ।
ਜ਼ੈਨ ਅਤੇ ਉਰਵਾ ਦੇ ਮਾਸੀ ਮਾਰੀਆ ਖਾਨ, ਮੈਨੂੰ ਇਹ ਦੱਸਦਿਆਂ ਸਿਸਕ ਕੇ ਰੋਣ ਲੱਗ ਪਏ।
ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਇਹ ਨਹੀਂ ਪਤਾ ਸੀ ਕਿ ਭਾਰਤ ਨੇ ‘ਆਪ੍ਰੇਸ਼ਨ ਸਿੰਦੂਰ’ ਸ਼ੁਰੂ ਕਰ ਦਿੱਤਾ ਹੈ ਅਤੇ ਪਾਕਿਸਤਾਨ ਉਸ ਦੀ ਜਵਾਬੀ ਕਾਰਵਾਈ ਕਰ ਰਿਹਾ ਹੈ।
ਡਰੇ, ਸਹਿਮੇ ਉਹ ਗੋਲਾਬਾਰੀ ਦੇ ਰੁਕਣ ਦੀ ਉਡੀਕ ਕਰਨ ਲੱਗੇ। ਸਵੇਰ ਹੋ ਗਈ ਹੈ। ਆਖਿਰ, ਸਵੇਰੇ ਲਗਭਗ 6:30 ਵਜੇ ਬੱਚਿਆਂ ਦੇ ਮਾਮਾ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਪਿਆਂ ਨੂੰ ਉੱਥੋਂ ਕੱਢਣ ਲਈ ਪਹੁੰਚ ਸਕੇ। ਫੋਨ ਕਰਕੇ ਉਨ੍ਹਾਂ ਨੂੰ ਘਰੋਂ ਬਾਹਰ ਬੁਲਾਇਆ ਗਿਆ।
ਮਾਰੀਆ ਘੁਟੀ ਹੋਈ ਆਵਾਜ਼ ਵਿੱਚ ਦੱਸਦੇ ਹਨ, “ਦੀਦੀ ਨੇ ਉਰਵਾ ਦਾ ਹੱਥ ਫੜ੍ਹਿਆ ਹੋਇਆ ਸੀ ਅਤੇ ਜੀਜੂ ਨੇ ਜ਼ੈਨ ਦਾ, ਉਹ ਘਰੋਂ ਬਾਹਰ ਨਿਕਲੇ ਅਤੇ ਅਚਾਨਕ ਬੰਬ ਫਟ ਗਿਆ। ਉਰਵਾ ਤਾਂ ਉੱਥੇ ਹੀ ਮੁੱਕ ਗਈ ਅਤੇ ਜ਼ੈਨ ਪਤਾ ਨਹੀਂ ਕਿੱਥੇ ਡਿੱਗਿਆ।”

ਤਸਵੀਰ ਸਰੋਤ, Getty Images
”ਉਰਵਾ ਦੀ ਮਾਂ ਲਗਾਤਾਰ ਆਵਾਜ਼ਾਂ ਮਾਰਦੀ ਰਹੀ ਅਤੇ ਬਦਹਵਾਸੀ ਵਿੱਚ ਲੱਭਦੀ ਰਹੀ। ਅਖੀਰ ਮੈਂ ਦੇਖਿਆ ਕਿ ਕਿਤੇ ਦੂਰ ਇੱਕ ਅਣਜਾਣ ਆਦਮੀ ਜ਼ੈਨ ਦੀ ਛਾਤੀ ਦੱਬ ਕੇ ਉਸਦੇ ਟੁੱਟਦੇ ਸਾਹਾਂ ਨੂੰ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਉਹ ਸਫਲ ਨਹੀਂ ਹੋਇਆ।”
ਇਸ ਦੌਰਾਨ, ਜ਼ੈਨ ਅਤੇ ਉਰਵਾ ਦੇ ਪਿਤਾ, ਰਮੀਜ਼ ਖਾਨ, ਅੱਧੇ ਘੰਟੇ ਤੱਕ ਲਹੂ ਨਾਲ ਲੱਥਪੱਥ ਬੇਹੋਸ਼ ਰਹੇ। ਬੱਚਿਆਂ ਨੂੰ ਦੇਖਣ ਤੋਂ ਬਾਅਦ ਹੀ ਉਨ੍ਹਾਂ ਦੀ ਪਤਨੀ ਉਰੂਸਾ ਨੂੰ ਰਮੀਜ਼ ਨੂੰ ਸੰਭਾਲਣ ਦਾ ਹੋਸ਼ ਆਇਆ।
ਰਮੀਜ਼ ਗੰਭੀਰ ਰੂਪ ਵਿੱਚ ਜ਼ਖਮੀ ਸਨ, ਉਨ੍ਹਾਂ ਨੂੰ ਪੁੰਛ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਉਣ ਤੋਂ ਬਾਅਦ, ਉਰੂਸਾ ਆਪਣੇ ਭਰਾ ਨਾਲ ਘਰ ਵਾਪਸ ਆ ਗਏ।
ਉਨ੍ਹਾਂ ਨੇ ਆਪਣੇ ਬੱਚਿਆਂ ਨੂੰ ਦਫ਼ਨਾਉਣਾ ਸੀ।
ਸਕੂਲ ਬਣਿਆ ਨਿਸ਼ਾਨਾ?

ਤਸਵੀਰ ਸਰੋਤ, Getty Images
ਮਾਰੀਆ ਦੀਆਂ ਅੱਖਾਂ ਵਿੱਚੋਂ ਹੰਝੂ ਲਗਾਤਾਰ ਵਹਿ ਰਹੇ ਹਨ। ਮੈਂ ਉਨ੍ਹਾਂ ਨੂੰ ਜੰਮੂ ਦੇ ਜਨਰਲ ਮੈਡੀਕਲ ਕਾਲਜ ਅਤੇ ਹਸਪਤਾਲ ਵਿੱਚ ਮਿਲੀ।
ਇੱਥੇ, ਪਿਛਲੇ ਚਾਰ ਦਿਨਾਂ ਵਿੱਚ ਪੁੰਛ ਅਤੇ ਜੰਮੂ ਵਿੱਚ ਹੋਏ ਹਮਲਿਆਂ ਵਿੱਚ ਜ਼ਖਮੀ ਹੋਏ ਲਗਭਗ ਵੀਹ ਲੋਕ ਦਾਖਲ ਹਨ। ਇਨ੍ਹਾਂ ਵਿੱਚੋਂ ਸਿਰਫ਼ ਦੋ ਆਈਸੀਯੂ ਵਿੱਚ ਹਨ – ਮਾਰੀਆ ਦੇ ਭੈਣ ਉਰੂਸਾ ਅਤੇ ਜੀਜਾ ਰਮੀਜ਼।

ਰਮੀਜ਼ ਖਾਨ ਨੂੰ ਅਜੇ ਤੱਕ ਇਹ ਪਤਾ ਨਹੀਂ ਹੈ ਕਿ ਉਨ੍ਹਾਂ ਦੇ ਦੋਵੇਂ ਬੱਚੇ ਹੁਣ ਇਸ ਦੁਨੀਆਂ ਵਿੱਚ ਨਹੀਂ ਰਹੇ। ਜ਼ਿੰਦਗੀ ਅਤੇ ਮੌਤ ਵਿਚਕਾਰ ਜੂਝ ਰਹੇ ਰਮੀਜ਼ ਦਾ ਪਰਿਵਾਰ ਉਨ੍ਹਾਂ ਨੂੰ ਇਹ ਸਦਮਾ ਨਹੀਂ ਦੇਣਾ ਚਾਹੁੰਦਾ।
ਮਾਰੀਆ ਕਹਿੰਦੇ ਹਨ, “ਦੀਦੀ ਜ਼ਖਮੀ ਹਨ ਅਤੇ ਆਪਣੇ ਬੱਚਿਆਂ ਨੂੰ ਗੁਆਉਣ ਦਾ ਦਰਦ ਵੀ ਸੰਭਾਲ ਰਹੇ ਹਨ। ਉਹ ਨਾ ਤਾਂ ਸੌਂ ਰਹੇ ਹਨ, ਨਾ ਖਾ ਰਹੇ ਹਨ ਅਤੇ ਨਾ ਹੀ ਠੀਕ ਤਰ੍ਹਾਂ ਕੁਝ ਬੋਲ ਰਹੇ ਹਨ। ਉਨ੍ਹਾਂ ਦੇ ਦੋ ਹੀ ਬੱਚੇ ਸਨ, ਦੋਵੇਂ ਚਲੇ ਗਏ।”

ਤਸਵੀਰ ਸਰੋਤ, MARIA KHAN
ਉਰਸਾ ਅਤੇ ਰਮੀਜ਼ ਦੇ ਬੱਚੇ ਉਨ੍ਹਾਂ ਦੀ ਜ਼ਿੰਦਗੀ ਦਾ ਕੇਂਦਰ ਸਨ। ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਰਮੀਜ਼, ਆਪਣੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣਾ ਚਾਹੁੰਦੇ ਸਨ।
ਇਸੇ ਲਈ ਇੱਕ ਸਾਲ ਪਹਿਲਾਂ ਉਸਨੇ ਆਪਣੇ ਬੱਚਿਆਂ ਦੇ ਸਕੂਲ ਦੇ ਨੇੜੇ ਰਹਿਣ ਲਈ ਕਿਰਾਏ ‘ਤੇ ਇੱਕ ਘਰ ਲਿਆ ਸੀ।
ਮਾਰੀਆ ਦੇ ਅਨੁਸਾਰ, ਸ਼ਾਇਦ ਸਕੂਲ ਨਾਲ ਨੇੜਤਾ ਹੀ ਬੱਚਿਆਂ ਦੀ ਮੌਤ ਦਾ ਕਾਰਨ ਬਣ ਗਈ।
9 ਮਈ ਨੂੰ, ਭਾਰਤੀ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੂੰ ਜਦੋਂ ਇੱਕ ਪੱਤਰਕਾਰ ਨੇ ਪਾਕਿਸਤਾਨ ਵੱਲੋਂ ਸਕੂਲਾਂ ਨੂੰ ਨਿਸ਼ਾਨਾ ਬਣਾਉਣ ਬਾਰੇ ਪੁੱਛਿਆ, ਤਾਂ ਉਨ੍ਹਾਂ ਨੇ ਇਸ ਹਮਲੇ ਦਾ ਜ਼ਿਕਰ ਕੀਤਾ।
ਮਿਸਰੀ ਨੇ ਕਿਹਾ, “ਐੱਲਓਸੀ ‘ਤੇ ਭਾਰੀ ਗੋਲਾਬਾਰੀ ਦੌਰਾਨ, ਇੱਕ ਸ਼ੈਲ (ਗੋਲ਼ਾ) ਪੁੰਛ ਸ਼ਹਿਰ ਦੇ ਕ੍ਰਾਈਸਟ ਸਕੂਲ ਦੇ ਪਿੱਛੇ ਜਾ ਡਿੱਗਿਆ ਅਤੇ ਸਕੂਲ ਵਿੱਚ ਪੜ੍ਹਨ ਵਾਲੇ ਦੋ ਬੱਚਿਆਂ ਦੇ ਘਰ ਦੇ ਨੇੜੇ ਫਟਿਆ। ਬਦਕਿਸਮਤੀ ਨਾਲ, ਇਸ ਵਿੱਚ ਉਨ੍ਹਾਂ ਦੋਵੇਂ ਬੱਚਿਆਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਮਾਪੇ ਗੰਭੀਰ ਜ਼ਖਮੀ ਹੋ ਗਏ।”
ਆਪ੍ਰੇਸ਼ਨ ਸਿੰਦੂਰ ‘ਤੇ ਕੀਤੀ ਜਾ ਰਹੀ ਇਸ ਦੂਜੀ ਪ੍ਰੈੱਸ ਕਾਨਫਰੰਸ ਦੌਰਾਨ, ਵਿਦੇਸ਼ ਸਕੱਤਰ ਨੇ ਇਹ ਵੀ ਕਿਹਾ ਕਿ 7 ਮਈ ਦੀ ਸਵੇਰ ਨੂੰ ਪੁੰਛ ਵਿੱਚ ਪਾਕਿਸਤਾਨ ਦੀ ਜਵਾਬੀ ਕਾਰਵਾਈ ਸਭ ਤੋਂ ਘਾਤਕ ਸੀ, ਜਿਸ ਵਿੱਚ ਬੱਚਿਆਂ ਸਮੇਤ 16 ਨਾਗਰਿਕ ਮਾਰੇ ਗਏ।
ਸਰਹੱਦੀ ਖੇਤਰ ਦੇ ਲੋਕਾਂ ਨੂੰ ਨਹੀਂ ਦਿੱਤੀ ਗਈ ਸੀ ਕੋਈ ਚੇਤਾਵਨੀ

ਤਸਵੀਰ ਸਰੋਤ, Getty Images
ਰਮੀਜ਼ ਦੀਆਂ ਸੱਟਾਂ ਗੰਭੀਰ ਸਨ। ਪਰਿਵਾਰ ਉਨ੍ਹਾਂ ਨੂੰ ਇਲਾਜ ਲਈ ਪਹਿਲਾਂ ਪੁੰਛ ਦੇ ਹਸਪਤਾਲ ਤੋਂ ਚਾਰ ਘੰਟੇ ਦੂਰ ਰਾਜੌਰੀ ਸ਼ਹਿਰ ਦੇ ਇੱਕ ਹਸਪਤਾਲ ਲੈ ਕੇ ਗਿਆ ਅਤੇ ਫਿਰ ਉੱਥੋਂ, ਸੜਕ ਰਾਹੀਂ ਚਾਰ ਘੰਟੇ ਹੋਰ ਸਫ਼ਰ ਕਰਨ ਤੋਂ ਬਾਅਦ, ਜੰਮੂ ਦੇ ਇੱਕ ਵੱਡੇ ਹਸਪਤਾਲ ਲੈ ਕੇ ਆਇਆ।
ਇਸ ਭੱਜਨੱਠ ਵਿਚਕਾਰ, ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ ਹੋ ਗਿਆ। ਹਮਲੇ ਤਾਂ ਰੁਕ ਗਏ, ਪਰ ਰਮੀਜ਼ ਅਤੇ ਉਰੂਸਾ ਲਈ ਬਹੁਤ ਦੇਰ ਹੋ ਗਈ।
ਮਾਰੀਆ ਕਹਿੰਦੇ ਹਨ, “ਜੰਗ ਹੋਵੇ, ਜੰਗਬੰਦੀ ਹੋਵੇ, ਸਾਡੇ ਬੱਚੇ ਤਾਂ ਵਾਪਸ ਨਹੀਂ ਆਉਣਗੇ।”
ਉਨ੍ਹਾਂ ਨੇ ਨਜ਼ਰ ਚੁੱਕ ਕੇ ਮੇਰੇ ਵੱਲ ਦੇਖਿਆ ਅਤੇ ਪੁੱਛਿਆ, “ਜੇ ਦੇਸ਼ ਦੀ ਸੁਰੱਖਿਆ ਲਈ ਜੰਗ ਜ਼ਰੂਰੀ ਹੈ, ਜੇ ਅੱਤਵਾਦੀਆਂ ਨੂੰ ਖਤਮ ਕਰਨ ਲਈ ਇਹ ਜ਼ਰੂਰੀ ਹੈ, ਤਾਂ ਅਸੀਂ ਇਸਦਾ ਸਮਰਥਨ ਕਰਦੇ ਹਾਂ। ਪਹਿਲਗਾਮ ਹਮਲੇ ਨਾਲ ਸਾਡਾ ਦਿਲ ਵੀ ਦੁਖੀ ਹੈ ਪਰ ਸਰਹੱਦ ਨੇੜੇ ਰਹਿਣ ਵਾਲਿਆਂ ਦੀ ਜ਼ਿੰਦਗੀ ਬਾਰੇ ਵੀ ਸੋਚਣਾ ਚਾਹੀਦਾ ਹੈ। ਕੀ ਅਸੀਂ ਇਨਸਾਨ ਨਹੀਂ ਹਾਂ?”

ਤਸਵੀਰ ਸਰੋਤ, Getty Images
ਸਰਕਾਰ ਨੇ ਸਰਹੱਦ ‘ਤੇ ਸਥਿਤ ਪਿੰਡਾਂ ਵਿੱਚ ਬੰਕਰ ਬਣਵਾਏ ਹਨ, ਪਰ ਪੁੰਛ ਸ਼ਹਿਰ ਵਿੱਚ ਅਜਿਹੀ ਸਹੂਲਤ ਨਹੀਂ ਹੈ।
ਮਾਰੀਆ ਦੇ ਅਨੁਸਾਰ, ਆਪ੍ਰੇਸ਼ਨ ਸਿੰਦੂਰ ਤੋਂ ਪਹਿਲਾਂ ਸਰਕਾਰ ਨੂੰ ਸਰਹੱਦੀ ਖੇਤਰਾਂ ਦੇ ਲੋਕਾਂ ਨੂੰ ਸੂਚਿਤ ਕਰਨਾ ਚਾਹੀਦਾ ਸੀ ਤਾਂ ਜੋ ਉਹ ਉੱਥੋਂ ਨਿਕਲ ਕੇ ਕਿਸੇ ਸੁਰੱਖਿਅਤ ਥਾਂ ਚਲੇ ਜਾਂਦੇ ਅਤੇ, “ਸ਼ਾਇਦ ਸਾਡੇ ਬੱਚੇ ਅੱਜ ਸਾਡੇ ਨਾਲ ਹੁੰਦੇ।”
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਨੇ ਹਸਪਤਾਲ ਵਿੱਚ ਜ਼ਖਮੀਆਂ ਦੇ ਪਰਿਵਾਰਾਂ ਨਾਲ ਮੁਲਾਕਾਤ ਕੀਤੀ ਅਤੇ ਆਈਸੀਯੂ ਦਾ ਵੀ ਦੌਰਾ ਕੀਤਾ।
ਹਮਲਿਆਂ ਵਿੱਚ ਮਾਰੇ ਗਏ ਹਰੇਕ ਵਿਅਕਤੀ ਦੇ ਪਰਿਵਾਰ ਨੂੰ 10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਮਾਰੀਆ ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚਣ ਤੋਂ ਘਬਰਾਉਂਦੇ ਹਨ।
ਰਮੀਜ਼ ਖਾਨ ਹਰ ਰੋਜ਼ ਆਪਣੇ ਬੱਚਿਆਂ ਬਾਰੇ ਪੁੱਛਦੇ ਹਨ।
ਉਹ ਕਹਿੰਦੇ ਹਨ, ”ਦੋਵਾਂ ਵਿੱਚੋਂ ਇੱਕ ਤਾਂ ਬਚ ਜਾਂਦਾ। ਦੀਦੀ ਕਿਵੇਂ ਜੀਵੇਗੀ, ਅਸੀਂ ਜੀਜਾ ਜੀ ਨੂੰ ਕਿਵੇਂ ਦੱਸਾਂਗੇ?”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI