Home rss national punjabi2ਰਾਸ਼ਟਰੀ ਖ਼ਬਰਾਂ ਝੋਟਾ ਕਤਲ ਕੇਸ ‘ਚ ਸਰਕਾਰ ਨਾਲ ਸਹਿਮਤੀ ਮਗਰੋਂ ਕੀ ਹੈ ਅਗਲਾ ਪਲਾਨ,...

ਝੋਟਾ ਕਤਲ ਕੇਸ ‘ਚ ਸਰਕਾਰ ਨਾਲ ਸਹਿਮਤੀ ਮਗਰੋਂ ਕੀ ਹੈ ਅਗਲਾ ਪਲਾਨ, ਅੱਜ ਦਲਜੀਤ ਸਿੰਘ ਦੇ ਸਸਕਾਰ ਲਈ ਕੀ ਹਨ ਇੰਤਜ਼ਾਮ, ਜਾਣੋ ਅਪਡੇਟ

5
0

Source :- BBC PUNJABI

ਇੱਕ ਪਾਸੇ ਪਰਵਿੰਦਰ ਝੋਟਾ ਦੇ ਪਿਤਾ ਦੀ ਤਸਵੀਰ ਅਤੇ ਦੂਜੇ ਪਾਸੇ ਦਲਜੀਤ ਸਿੰਘ ਦੇ ਪਿਤਾ ਦੀ ਤਸਵੀਰ

ਪੜ੍ਹਨ ਦਾ ਸਮਾਂ: 4 ਮਿੰਟ

ਪੰਜਾਬ ਵਿੱਚ ਇਨ੍ਹਾਂ ਦਿਨੀਂ ਮਾਨਸਾ ਦੇ ਦੋ ਮਾਮਲੇ ਖੂਬ ਚਰਚਾ ਵਿੱਚ ਹਨ – ਇੱਕ ਪਰਵਿੰਦਰ ਸਿੰਘ ਝੋਟਾ ਦਾ ਕਤਲ ਕੇਸ ਅਤੇ ਦੂਜਾ ਦਲਜੀਤ ਸਿੰਘ ਦੀ ਮੌਤ ਦਾ ਮਾਮਲਾ।

ਹਾਲਾਂਕਿ, ਬੀਤੇ ਦਿਨੀਂ ਝੋਟਾ ਇਨਸਾਫ਼ ਮੋਰਚਾ ਅਤੇ ਸਰਕਾਰ ਵਿਚਕਾਰ ਕੁੱਝ ਗੱਲਾਂ ‘ਤੇ ਸਹਿਮਤੀ ਬਣ ਗਈ ਹੈ। ਪਰ ਮੋਰਚੇ ਵੱਲੋਂ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਮੰਗਾਂ ਪੂਰੀਆਂ ਹੋਣ ਤੱਕ ਧਰਨਾ ਸ਼ਾਂਤਮਈ ਢੰਗ ਨਾਲ ਚੱਲਦਾ ਰਹੇਗਾ।

ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਦੀ ਰਿਪੋਰਟ ਮੁਤਾਬਕ, ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਸਰਕਾਰ ਤੇ ਐਕਸ਼ਨ ਕਮੇਟੀ ਵਿਚਾਲੇ ਕਰੀਬ ਪੰਜ ਘੰਟੇ ਮੀਟਿੰਗ ਚੱਲੀ।

ਬੀਬੀਸੀ ਸਹਿਯੋਗੀ ਚਰਨਜੀਵ ਕੌਸ਼ਲ ਮੁਤਾਬਕ, ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ ਨੇ ਆਪਣੇ ਵਕੀਲਾਂ ਰਾਹੀਂ ਕੋਰਟ ਵਿੱਚ ਜ਼ਮਾਨਤ ਦੀ ਅਰਜ਼ੀ ਲਗਾ ਦਿੱਤੀ ਹੈ। ਜਿਸ ਵਿੱਚ ਫ਼ੈਸਲਾ ਹੋਇਆ ਹੈ ਕਿ ਸਰਕਾਰ ਵੱਲੋਂ ਪੇਸ਼ ਹੋਣ ਵਾਲੇ ਵਕੀਲ ਇਸਦਾ ਕੋਈ ਵਿਰੋਧ ਨਹੀਂ ਕਰਨਗੇ ਭਾਵ ਕੋਈ ਸਵਾਲ ਨਹੀਂ ਚੁੱਕਣਗੇ।

ਜਿਸ ਤੋਂ ਬਾਅਦ ਅੱਜ ਸ਼ਾਮ ਤੱਕ ਦੋਵਾਂ ਦੀ ਰਿਹਾਈ ਹੋ ਸਕਦੀ ਹੈ।

ਕਿਹਾ ਗਿਆ ਹੈ ਕਿ ਅੱਜ ਸ਼ਾਮ ਨੂੰ ਰਿਹਾਈ ਹੋਣ ਤੋਂ ਬਾਅਦ ਧਰਨਾ ਵੀ ਚੁੱਕ ਲਿਆ ਜਾਵੇਗਾ ਅਤੇ ਪਰਵਿੰਦਰ ਝੋਟੇ ਦੀ ਮ੍ਰਿਤਕ ਦੇਹ ਵੀ ਪੋਸਟਮਾਰਟਮ ਕਰਨ ਦੇ ਲਈ ਭੇਜ ਦਿੱਤੀ ਜਾਵੇਗੀ।

ਪਰਵਿੰਦਰ ਸਿੰਘ ਝੋਟਾ ਅਤੇ ਦਲਜੀਤ ਸਿੰਘ

ਦੂਜੇ ਪਾਸੇ, ਮ੍ਰਿਤਕ ਦਲਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਨਾਲ ਹੁਣ ਪਿੰਡ ਵਿੱਚ ਹੀ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕੀਤੀ ਗਈ ਹੈ।

ਪਰਿਵਾਰ ਦੁਆਰਾ ਦਿੱਤੀ ਗਈ ਜਾਣਕਾਰੀ ਮੁਤਾਬਕ, ਸਵੇਰੇ 10 ਵਜੇ ਚੰਡੀਗੜ੍ਹ ਪੀਜੀਆਈ ‘ਚ ਪੋਸਟਮਾਰਟਮ ਹੋਵੇਗਾ, ਫ਼ਿਰ ਚੰਡੀਗੜ ਤੋਂ ਲਗਭਗ 2 ਵਜੇ ਤੱਕ ਮ੍ਰਿਤਕ ਦੇਹ ਪਿੰਡ ਭੰਮੇ ਕਲਾਂ ਪਹੁੰਚੇਗੀ, ਜਿੱਥੇ ਅੰਤਿਮ ਸੰਸਕਾਰ ਦੀਆਂ ਰਸਮਾਂ ਨਿਭਾਈਆਂ ਜਾਣਗੀਆਂ।

ਐਕਸ਼ਨ ਕਮੇਟੀ ਅਤੇ ਸਰਕਾਰੀ ਪੱਖ ਨੇ ਕੀ ਕਿਹਾ

ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਲੱਖਾ ਸਿਧਾਣਾ ਤੇ ਹੋਰ ਆਗੂਆਂ ਦੀ ਰਿਹਾਈ, ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ

ਸਮਝੌਤੇ ਮਗਰੋਂ ਐਕਸ਼ਨ ਕਮੇਟੀ ਦੇ ਮੈਂਬਰ ਜਵਿੰਦਰ ਸਿੰਘ ਰਾਣਾ ਨੇ ਕਿਹਾ ਕਿ ‘ਸਾਨੂੰ ਉਮੀਦ ਹੈ ਜਿਹੜੇ ਐਲਾਨ ਹੋਏ ਹਨ, ਉਹ ਛੇਤੀ ਪੂਰੇ ਕੀਤੇ ਜਾਣਗੇ। ਸਾਡੇ ਦੋ ਸਾਥੀ ਲੱਖਾ ਸਿਧਾਣਾ ਅਤੇ ਮੋਹਨਜੀਤ ਸ਼ੇਰੋਂ, ਉਨ੍ਹਾਂ ਦੇ ਪਰਚੇ ਰੱਦ ਕਰਨ ਲਈ 5 ਨਵੰਬਰ ਨੂੰ ਇਹ ਮੂਵ ਕਰਨਗੇ। ਉਨ੍ਹਾਂ ਦੀ ਰਿਹੈ ਤੱਕ ਇਹ ਧਰਨਾ ਸ਼ਾਂਤਮਈ ਢੰਗ ਨਾਲ ਚੱਲੇਗਾ। ਉਨ੍ਹਾਂ ਦੀ ਰਿਹਾਈ ਹੁੰਦੇ ਹੀ (ਪਰਵਿੰਦਰ ਸਿੰਘ ਝੋਟੇ) ਦਾ ਪੋਸਟਮਾਰਟਮ ਕਰਵਾ ਕੇ ਸਸਕਾਰ ਕਰ ਦੇਵਾਂਗੇ।”

ਇਸ ਦੌਰਾਨ ਮੌਕੇ ‘ਤੇ ਮੌਜੂਦ ਤੇ ਸਰਕਾਰੀ ਪੱਖ ਵੱਲੋਂ ਮੀਂਟਿੰਗ ‘ਚ ਸ਼ਾਮਿਲ ਹੋਏ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ”ਇੱਕ ਬਾਪ ਦਾ ਜਵਾਨ ਪੁੱਤ ਗਿਆ ਹੈ, ਆਪਾਂ ਜਿੰਨਾਂ ਜ਼ਿਆਦਾ ਇਸਨੂੰ ਕੁਰੇਦਾਂਗੇ, ਓਨਾ ਜ਼ਿਆਦਾ ਉਨ੍ਹਾਂ ਦਾ ਦੁੱਖ ਵਧੇਗਾ। ਇੰਨਾ ਵੱਡਾ ਮੋਰਚਾ ਸੀ, ਸਰਕਾਰ ਖੁਦ ਤੁਹਾਡੇ ਕੋਲ ਆਕੇ ਹਾਜ਼ਿਰ ਹੈ।”

ਸਰਕਾਰ ਨੇ ਜੇਲ੍ਹਾਂ ਵਿੱਚ ਬੰਦ ਲੱਖਾ ਸਿਧਾਣਾ ਤੇ ਹੋਰ ਆਗੂਆਂ ਦੀ ਰਿਹਾਈ, ਝੋਟਾ ਦੇ ਪਰਿਵਾਰ ਨੂੰ 2 ਕਰੋੜ ਰੁਪਏ ਮੁਆਵਜ਼ਾ ਅਤੇ ਇੱਕ ਮੈਂਬਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ।

ਉਧਰ ਇਸ ਮੀਟਿੰਗ ਵਿੱਚ ਮ੍ਰਿਤਕ ਦਲਜੀਤ ਸਿੰਘ ਦੇ ਪਰਿਵਾਰ ਨੂੰ ਵੀ ਮੁਆਵਜ਼ੇ ਅਤੇ ਨੌਕਰੀ ਦਾ ਭਰੋਸਾ ਦਿੱਤਾ ਗਿਆ ਹੈ।

ਪਰਵਿੰਦਰ ਸਿੰਘ ਦੇ ਪਿਤਾ ਭੀਮ ਸਿੰਘ ਨੇ ਕਿਹਾ, ”ਇਹ ਦੋਵੇਂ ਮੰਤਰੀ ਸੱਚੇ ਹਨ, ਇਨ੍ਹਾਂ ਨੇ ਕਹਿ ਦਿੱਤਾ ਕਿ ਸਾਡੇ ਕੋਲੋਂ ਨਸ਼ਾ ਬੰਦ ਨਹੀਂ ਹੋਇਆ। ਮੈਨੂੰ ਇਨ੍ਹਾਂ ਦੋ ਮੰਤਰੀਆਂ ‘ਤੇ ਉਮੀਦ ਸੀ ਅਤੇ ਇਹ ਆਏ।”

13 ਅਕਤੂਬਰ ਨੂੰ ਮਾਨਸਾ ਦੇ ਇੱਕ ਮੈਡੀਕਲ ਸਟੋਰ ਵਿੱਚ ਨਸ਼ੀਲੇ ਅਤੇ ਪਾਬੰਦੀਸ਼ੁਦਾ ਕੈਪਸੂਲ ਵੇਚਣ ਦੇ ਇਲਜ਼ਾਮਾਂ ਨੂੰ ਲੈ ਕੇ ਹੋਈ ਬਹਿਸ ਤੋਂ ਬਾਅਦ ਪਰਵਿੰਦਰ ਸਿੰਘ ਝੋਟਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।

ਦਲਜੀਤ ਦਾ ਅੱਜ ਹੋਵੇਗਾ ਸਸਕਾਰ

ਦਲਜੀਤ ਸਿੰਘ ਦੇ ਪਿਤਾ ਜਰਨੈਲ ਸਿੰਘ

ਚਰਨਜੀਵ ਕੌਸ਼ਲ ਦੀ ਰਿਪੋਰਟ ਮੁਤਾਬਕ, ਮਾਨਸਾ ਦੇ ਪਿੰਡ ਭੰਮੇ ਕਲਾਂ ਦੇ ਦਲਜੀਤ ਸਿੰਘ ਦੇ ਮਾਮਲੇ ਵਿੱਚ ਮ੍ਰਿਤਕ ਦੇ ਪਿਤਾ ਨੇ ਕਿਹਾ ਕਿ ਪਰਿਵਾਰ ਦੀ ਸਹਿਮਤੀ ਨਾਲ ਹੁਣ ਪਿੰਡ ਵਿੱਚ ਹੀ ਅੰਤਿਮ ਸੰਸਕਾਰ ਕਰਨ ਦੀ ਤਿਆਰੀ ਕੀਤੀ ਗਈ ਹੈ।

ਉਨ੍ਹਾਂ ਦੱਸਿਆ ਕਿ ਪਹਿਲਾਂ ਚੰਡੀਗੜ੍ਹ ਵਿੱਚ ਅੰਤਿਮ ਸੰਸਕਾਰ ਕਰਨ ਦੀ ਗੱਲ ਸੀ, ਪਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਪਰਿਵਾਰ ਉੱਥੇ ਗਿਆ ਸੀ ਅਤੇ ਬਾਅਦ ਵਿੱਚ ਪਿੰਡ ਵਿੱਚ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਮੰਗੀ ਸੀ।

ਸਰਕਾਰ ਵੱਲੋਂ 50 ਲੱਖ ਰੁਪਏ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੇ ਐਲਾਨ ਬਾਰੇ ਪੁੱਛੇ ਜਾਣ ‘ਤੇ ਦਲਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਇਹ ਸਭ ਬਾਅਦ ਦੀਆਂ ਗੱਲਾਂ ਹਨ। ਫਿਲਹਾਲ ਪਰਿਵਾਰ ਦੀ ਤਰਜੀਹ ਅੰਤਿਮ ਸੰਸਕਾਰ ਕਰਨਾ ਹੈ।

ਦਲਜੀਤ ਸਿੰਘ ਦੀ ਫ਼ਾਈਲ ਤਸਵੀਰ

ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਨੇ ਹਾਈਕੋਰਟ ਵਿੱਚ ਰਿੱਟ ਪਾਈ ਸੀ, ਉਹ ਇਸ ਸਮੇਂ ਉੱਥੇ ਮੌਜੂਦ ਨਹੀਂ ਹਨ। ਪਰਿਵਾਰ ਵੱਲੋਂ ਸਿਰਫ਼ ਇਹ ਬੇਨਤੀ ਕੀਤੀ ਗਈ ਸੀ ਕਿ ਉਨ੍ਹਾਂ ਨੂੰ ਪਿੰਡ ਵਿੱਚ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ।

ਦਲਜੀਤ ਸਿੰਘ ਦੀ ਭੈਣ ਅਮਰਜੀਤ ਕੌਰ ਨੇ ਸੀਬੀਆਈ ਜਾਂਚ ਕਰਵਾਉਣ, ਪੀਜੀਆਈ ਤੋਂ ਪੋਸਟਮਾਰਟਮ ਕਰਵਾਉਣ ਅਤੇ ਪਰਿਵਾਰ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਮੰਗ ਨੂੰ ਲੈ ਕੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।

ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਦਲਜੀਤ ਸਿੰਘ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋਈ ਸੀ। ਪਰਿਵਾਰ 27 ਅਕਤੂਬਰ ਨੂੰ ਰੋਸ ਵਜੋਂ ਮ੍ਰਿਤਕ ਦੇਹ ਨੂੰ ਮਾਨਸਾ ਵਿੱਚ ਚੱਲ ਰਹੇ ਧਰਨੇ ‘ਤੇ ਲੈ ਕੇ ਜਾ ਰਿਹਾ ਸੀ।

ਇਸੇ ਦੌਰਾਨ ਪੁਲਿਸ ਨੇ ਰਾਮਦਿੱਤੇਵਾਲਾ ਚੌਕ ਵਿਖੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਪਰਿਵਾਰ ਨੇ ਪੁਲਿਸ ‘ਤੇ ਬਿਨਾਂ ਸਹਿਮਤੀ ਅਤੇ ਜਾਣਕਾਰੀ ਦਿੱਤੇ ਪੋਸਟਮਾਰਟਮ ਕਰਵਾਉਣ ਦਾ ਇਲਜ਼ਾਮ ਲਗਾਇਆ ਸੀ। ਜਦੋਂਕਿ ਪੁਲਿਸ ਨੇ ਕਿਹਾ ਸੀ ਕਿ ਸਭ ਕਾਨੂੰਨ ਮੁਤਾਬਕ ਕੀਤਾ ਗਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI