Home rss national punjabi2ਰਾਸ਼ਟਰੀ ਖ਼ਬਰਾਂ ਟਰੰਪ ਦੀ ਰਿਪਬਲਿਕਨ ਪਾਰਟੀ ਦੀ ਕਿਉਂ ਹੋਈ ਕਰਾਰੀ ਹਾਰ, ਇਸ ਪਿਛਲੇ ਪੰਜ...

ਟਰੰਪ ਦੀ ਰਿਪਬਲਿਕਨ ਪਾਰਟੀ ਦੀ ਕਿਉਂ ਹੋਈ ਕਰਾਰੀ ਹਾਰ, ਇਸ ਪਿਛਲੇ ਪੰਜ ਕਾਰਨ ਕੀ ਹਨ

5
0

Source :- BBC PUNJABI

ਦੋ ਨਵੰਬਰ ਨੂੰ ਮਿਡਟਰਮ ਚੋਣਾਂ ਦੇ ਪ੍ਰਚਾਰ ਦੌਰਾਨ ਆਪਣਾ ਆਖ਼ਰੀ ਭਾਸ਼ਣ ਦਿੰਦੇ ਹੋਏ ਟਰੰਪ

ਅਮਰੀਕਾ ਦੀਆਂ ਮਿਡਟਰਮ ਚੋਣਾਂ ਵਿੱਚ ਡੈਮੋਕ੍ਰੈਟਸ ਨੇ ਜਿੱਤ ਹਾਸਿਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਵਿੱਚ ਬਹੁਮਤ ਹਾਸਿਲ ਕਰ ਲਿਆ ਹੈ।

ਆਮ ਤੌਰ ‘ਤੇ ਇਨ੍ਹਾਂ ਚੋਣਾਂ ਵਿੱਚ ਮੌਜੂਦਾ ਰਾਸ਼ਟਰਪਤੀ ਦੀ ਪਾਰਟੀ ਦਾ ਪ੍ਰਦਰਸ਼ਨ ਖ਼ਰਾਬ ਰਹਿੰਦਾ ਹੈ, ਪਰ ਰਿਪਬਲਿਕਨ ਪਾਰਟੀ ਦੀ ਇਸ ਹਾਰ ਨੂੰ ਵੱਖਰੇ ਨਜ਼ਰੀਏ ਨਾਲ ਦੇਖਿਆ ਜਾ ਰਿਹਾ ਹੈ।

ਆਓ ਸਮਝਣ ਦੀ ਕੋਸ਼ਿਸ਼ ਕਰਦੇ ਹਾਂ ਕਿ ਰਿਪਬਲਿਕਨ ਪਾਰਟੀ ਦੀ ਹਾਰ ਦੇ ਕੀ ਕਾਰਨ ਰਹੇ।

1. ਵਧਦੀ ਮਹਿੰਗਾਈ

ਵੋਟਿੰਗ ਤੋਂ ਅਗਲੇ ਦਿਨ ਸਵੇਰੇ ਟਰੰਪ ਨੇ ਮੰਨਿਆ ਕਿ ਜੰਗ ਨੇ ਚੋਣਾਂ ਵਿੱਚ ਹਾਰ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ (ਫਾਈਲ ਫੋਟੋ)

ਅਮਰੀਕੀ ਵੋਟਰ ਘਰੇਲੂ ਵਰਤੋਂ ਦੀਆਂ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨਾਲ ਜੂਝ ਰਹੇ ਹਨ। ਇਨ੍ਹਾਂ ਚੋਣਾਂ ਵਿੱਚ ਉਨ੍ਹਾਂ ਦਾ ਇਹ ਗੁੱਸਾ ਸਾਫ਼ ਦਿਖਾਈ ਦਿੱਤਾ।

ਉੱਤਰੀ ਕੈਰੋਲੀਨਾ ਦੀ ਇੱਕ ਵੋਟਰ ਨੇ ਚੋਣਾਂ ਤੋਂ ਪਹਿਲਾਂ ਬੀਬੀਸੀ ਨਿਊਜ਼ ਨੂੰ ਦੱਸਿਆ, “ਪੈਟਰੋਲ ਦੀਆਂ ਕੀਮਤਾਂ ਅਤੇ ਕਰਿਆਨੇ ਦਾ ਸਾਮਾਨ, ਸਭ ਕੁਝ ਮਹਿੰਗਾ ਹੋ ਰਿਹਾ ਹੈ।”

ਉਨ੍ਹਾਂ ਕਿਹਾ ਕਿ ਇਸ ਵਾਰ ਉਨ੍ਹਾਂ ਨੇ ਰਿਪਬਲਿਕਨ ਦੀ ਬਜਾਏ ਡੈਮੋਕ੍ਰੈਟਿਕ ਪਾਰਟੀ ਨੂੰ ਵੋਟ ਦਿੱਤੀ ਹੈ।

ਤੇਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਵਾਧੇ ਕਾਰਨ ਪਿਛਲੇ ਇੱਕ ਸਾਲ ਵਿੱਚ ਮਹਿੰਗਾਈ 3.7 ਫ਼ੀਸਦੀ ਵਧੀ ਹੈ। ਸਰਕਾਰੀ ਅੰਕੜਿਆਂ ਮੁਤਾਬਕ, ਅਕਤੂਬਰ ਦੀ ਸ਼ੁਰੂਆਤ ਵਿੱਚ ਅਮਰੀਕਾ ਵਿੱਚ ਡੀਜ਼ਲ ਦੀ ਔਸਤ ਪ੍ਰਚੂਨ ਕੀਮਤ ਰਿਕਾਰਡ ਪੱਧਰ ਤੋਂ ਥੋੜ੍ਹੀ ਹੀ ਘੱਟ ਸੀ। ਸਤੰਬਰ ਵਿੱਚ ਇਸ ਦੀ ਕੀਮਤ 6.52 ਡਾਲਰ ਪ੍ਰਤੀ ਗੈਲਨ ਸੀ।

ਵੋਟਰ ਸਰਵੇਖਣ ਦੇ ਅੰਕੜੇ ਦੱਸਦੇ ਹਨ ਕਿ ਲਗਭਗ 10 ਵਿੱਚੋਂ 8 ਵੋਟਰਾਂ, ਯਾਨੀ 79 ਫ਼ੀਸਦੀ ਨੇ ਕਿਹਾ ਕਿ ਮਹਿੰਗਾਈ ਕਾਰਨ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪਿਛਲੇ ਸਾਲ ਕਈ ਤਰ੍ਹਾਂ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਸਰਵੇਖਣ ਵਿੱਚ 10 ਵਿੱਚੋਂ 6 ਤੋਂ ਵੱਧ ਲੋਕਾਂ ਨੇ ਇਸ ਦੇ ਲਈ ਟਰੰਪ ਨੂੰ ਜ਼ਿੰਮੇਵਾਰ ਠਹਿਰਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਆਮ ਨਾਲੋਂ ਵੱਧ ਕੀਮਤਾਂ ਰਾਸ਼ਟਰਪਤੀ ਦੀਆਂ ਨੀਤੀਆਂ ਕਾਰਨ ਹਨ।

2. ਈਰਾਨ ਨਾਲ ਜੰਗ

22 ਜੁਲਾਈ 2026 ਨੂੰ ਇੱਕ ਸਮਾਗਮ ਦੌਰਾਨ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨਾਲ ਪੀਟ ਹੇਗਸੇਥ

ਵਧਦੀ ਮਹਿੰਗਾਈ ਦਾ ਇੱਕ ਵੱਡਾ ਕਾਰਨ ਈਰਾਨ ਨਾਲ ਜੰਗ ਹੈ। ਇਹ ਜੰਗ ਅਮਰੀਕਾ ਅਤੇ ਇਜ਼ਰਾਈਲ ਨੇ ਫਰਵਰੀ ਵਿੱਚ ਸ਼ੁਰੂ ਕੀਤੀ ਸੀ।

ਇਸ ਤੋਂ ਬਾਅਦ ਈਰਾਨ ਨੇ ਜਵਾਬੀ ਕਾਰਵਾਈ ਕਰਦਿਆਂ ਸਟ੍ਰੇਟ ਆਫ਼ ਹੋਰਮੁਜ਼ ਨੂੰ ਬੰਦ ਕਰ ਦਿੱਤਾ। ਇਸ ਕਾਰਨ ਈਂਧਨ ਦੀਆਂ ਕੀਮਤਾਂ ਤੇਜ਼ੀ ਨਾਲ ਵਧ ਗਈਆਂ। ਸਟ੍ਰੇਟ ਆਫ਼ ਹੋਰਮੁਜ਼ ਦੁਨੀਆ ਵਿੱਚ ਤੇਲ ਅਤੇ ਕੁਦਰਤੀ ਗੈਸ (ਐੱਲਐੱਨਜੀ) ਦੀ ਆਵਾਜਾਈ ਲਈ ਬੇਹੱਦ ਅਹਿਮ ਮਾਰਗ ਹੈ।

ਉਦੋਂ ਤੋਂ ਅਮਰੀਕੀ ਵੋਟਰ ਪੈਟਰੋਲ ਪੰਪਾਂ ‘ਤੇ ਇਸ ਦੀ ਕੀਮਤ ਚੁਕਾ ਰਹੇ ਹਨ।

ਜੰਗ ਦਾ ਇਹ ਫ਼ੈਸਲਾ ਜ਼ਿਆਦਾਤਰ ਅਮਰੀਕੀਆਂ ਨੂੰ ਪਸੰਦ ਨਹੀਂ ਆਇਆ। ਟਰੰਪ ਦੇ ‘ਮੇਕ ਅਮੈਰਿਕਾ ਗ੍ਰੇਟ ਅਗੇਨ’ (ਮਾਗਾ) ਦੇ ਸਮਰਥਕ ਰਿਪਬਲਿਕਨਾਂ ਨੂੰ ਵੀ ਇਹ ਵਾਅਦਾ ਅਧੂਰਾ ਹੀ ਲੱਗਿਆ ਹੈ। ‘ਅਮੈਰਿਕਾ ਫ਼ਸਟ’ ਮੁਹਿੰਮ ਵਿੱਚ ਟਰੰਪ ਨੇ ਭਵਿੱਖ ਵਿੱਚ ਕੋਈ ਜੰਗ ਨਾ ਕਰਨ ਦਾ ਵਾਅਦਾ ਕੀਤਾ ਸੀ, ਪਰ ਅਜਿਹਾ ਨਹੀਂ ਹੋਇਆ।

ਇੱਕ ਵੋਟਰ ਸਰਵੇਖਣ ਵਿੱਚ ਲਗਭਗ 10 ਵਿੱਚੋਂ 6, ਯਾਨੀ 63 ਫ਼ੀਸਦੀ ਲੋਕਾਂ ਨੇ ਕਿਹਾ ਕਿ ਈਰਾਨ ਖ਼ਿਲਾਫ਼ ਅਮਰੀਕਾ ਦੀ ਫ਼ੌਜੀ ਕਾਰਵਾਈ ਦਾ ਫ਼ੈਸਲਾ ਗ਼ਲਤ ਸੀ।

ਇਸ ਤੋਂ ਇਲਾਵਾ, ਤਿੰਨ-ਚੌਥਾਈ ਵੋਟਰਾਂ, ਯਾਨੀ 74 ਫ਼ੀਸਦੀ ਨੇ ਕਿਹਾ ਕਿ ਇਹ ਵਿਵਾਦ ਕਾਂਗਰਸ ਲਈ ਉਨ੍ਹਾਂ ਦੀ ਵੋਟ ਦਾ ਇੱਕ ਅਹਿਮ ਜਾਂ ਵੱਡਾ ਕਾਰਨ ਸੀ।

ਵੋਟਿੰਗ ਤੋਂ ਅਗਲੇ ਦਿਨ ਸਵੇਰੇ ਟਰੰਪ ਨੇ ਮੰਨਿਆ ਕਿ ਜੰਗ ਨੇ ਚੋਣਾਂ ਵਿੱਚ ਹਾਰ ਦਿਵਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਪਰ ਫ਼ੌਕਸ ਨਿਊਜ਼ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਈਰਾਨ ਨੂੰ ਪਰਮਾਣੂ ਹਥਿਆਰ ਹਾਸਿਲ ਕਰਨ ਤੋਂ ਰੋਕਣ ਲਈ, ਦਖ਼ਲ ਦੇਣ ਤੋਂ ਇਲਾਵਾ ਉਨ੍ਹਾਂ ਕੋਲ ਕੋਈ ਹੋਰ ਰਸਤਾ ਨਹੀਂ ਸੀ।

3. ਡੈਮੋਕ੍ਰੈਟਸ ਦੀ ਰਣਨੀਤੀ

ਮਿਸ਼ੀਗਨ ਤੋਂ ਜਿੱਤ ਦਰਜ ਕਰਨ ਤੋਂ ਬਾਅਦ ਡੈਮੋਕ੍ਰੈਟਿਕ ਉਮੀਦਵਾਰ ਅਬਦੁਲ ਅਲ-ਸਈਦ

ਡੈਮੋਕ੍ਰੈਟਿਕ ਪਾਰਟੀ ਦੀ ਇਸ ਲਹਿਰ ਦਾ ਪੈਮਾਨਾ ਅਤੇ ਦਾਇਰਾ ਕੁਝ ਮਜ਼ਬੂਤ ਉਮੀਦਵਾਰਾਂ ਕਾਰਨ ਸੰਭਵ ਹੋ ਸਕਿਆ। ਰਿਪਬਲਿਕਨ ਪਾਰਟੀ ਦੇ ਗੜ੍ਹ ਵਿੱਚ ਵੀ ਇਹ ਉਮੀਦਵਾਰ ਇਮਾਨਦਾਰ ਅਤੇ ਭਰੋਸੇਯੋਗ ਲੱਗੇ।

ਉਹ ਵਧਦੀ ਮਹਿੰਗਾਈ ਅਤੇ ਸਿਹਤ ਸੇਵਾਵਾਂ ਤੱਕ ਸਾਰਿਆਂ ਦੀ ਪਹੁੰਚ ਵਰਗੇ ਮੁੱਦਿਆਂ ‘ਤੇ ਕੇਂਦਰਿਤ ਰਹੇ।

ਮੌਜੂਦਾ ਉਮੀਦਵਾਰ ਜੇਮਜ਼ ਤਾਲਾਰਿਕੋ ਅਤੇ ਪਾਦਰੀ ਐਡਮ ਹੈਮਿਲਟਨ ਨੇ ਲੋਕਾਂ ਨਾਲ ਜੁੜੇ ਮੁੱਦੇ ਚੁੱਕੇ, ਜਿਨ੍ਹਾਂ ਨੇ ਟੈਕਸਸ ਅਤੇ ਕੰਸਾਸ ਦੇ ਲੋਕਾਂ ਦੇ ਦਿਲਾਂ ਨੂੰ ਛੂਹਿਆ।

ਦੱਖਣੀ ਕੈਰੋਲੀਨਾ ਵਿੱਚ ਡੈਮੋਕ੍ਰੈਟ ਐਨੀ ਐਂਡਰਿਊਜ਼ ਨੇ ਹੈਰਾਨੀਜਨਕ ਜਿੱਤ ਹਾਸਿਲ ਕੀਤੀ। ਉਹ ਪਹਿਲਾਂ ਬਾਲ ਰੋਗਾਂ ਦੇ ਮਾਹਿਰ ਰਹਿ ਚੁੱਕੇ ਹਨ। ਸਿਹਤ ਸੇਵਾਵਾਂ ਨੂੰ ਸਸਤਾ ਬਣਾਉਣ ‘ਤੇ ਉਨ੍ਹਾਂ ਦੇ ਫੋਕਸ ਨੇ ਲੋਕਾਂ ਦਾ ਦਿਲ ਜਿੱਤ ਲਿਆ। ਇੱਥੇ ਬਹੁਤ ਸਾਰੇ ਲੋਕ ਮੌਜੂਦਾ ਵਿਵਸਥਾ ਨੂੰ ਗ਼ਲਤ ਮੰਨਦੇ ਹਨ।

ਸਾਬਕਾ ਜਨਤਕ ਸਿਹਤ ਅਧਿਕਾਰੀ ਅਬਦੁਲ ਅਲ-ਸਈਦ ਨੇ ਮਿਸ਼ੀਗਨ ਵਿੱਚ ਜਿੱਤ ਹਾਸਿਲ ਕੀਤੀ ਅਤੇ ਇਹ ਸੀਟ ਡੈਮੋਕ੍ਰੈਟਿਕ ਪਾਰਟੀ ਕੋਲ ਹੀ ਬਰਕਰਾਰ ਰੱਖੀ। ਉਨ੍ਹਾਂ ਨੇ “ਸਿਆਸਤ ਵਿੱਚੋਂ ਪੈਸੇ ਦੀ ਭੂਮਿਕਾ ਖ਼ਤਮ ਕਰਨ” ਦੀ ਗੱਲ ਕਹੀ ਸੀ।

ਜਾਰਜੀਆ ਵਿੱਚ ਡੈਮੋਕ੍ਰੈਟਿਕ ਸੈਨੇਟਰ ਜੌਨ ਓਸੌਫ਼ ਨੇ ਮੁੜ ਚੋਣ ਜਿੱਤੀ। ਉਨ੍ਹਾਂ ਨੇ ਮਹਿੰਗਾਈ ਅਤੇ ਭ੍ਰਿਸ਼ਟਾਚਾਰ ਨੂੰ ਆਪਣੀ ਚੋਣ ਮੁਹਿੰਮ ਦਾ ਮੁੱਖ ਮੁੱਦਾ ਬਣਾਇਆ। ਟਰੰਪ ਇਸ ਸੂਬੇ ਵਿੱਚ ਦੋ ਵਾਰ ਜਿੱਤ ਚੁੱਕੇ ਹਨ। 39 ਸਾਲਾ ਓਸੌਫ਼ ਦੀ ਇਸ ਆਸਾਨ ਜਿੱਤ ਨਾਲ 2028 ਦੀਆਂ ਰਾਸ਼ਟਰਪਤੀ ਚੋਣਾਂ ਵਿੱਚ ਉਨ੍ਹਾਂ ਦੇ ਉਮੀਦਵਾਰ ਬਣਨ ਦੀਆਂ ਸੰਭਾਵਨਾਵਾਂ ਬਾਰੇ ਚਰਚਾ ਛੇੜ ਦਿੱਤੀ ਹੈ।

ਇਸ ਦੇ ਉਲਟ, ਟੈਕਸਸ ਵਿੱਚ ਕੇਨ ਪੈਕਸਟਨ ਵਰਗੇ ਕੁਝ ਰਿਪਬਲਿਕਨ ਉਮੀਦਵਾਰਾਂ ਦੀ ਆਲੋਚਨਾ ਹੋਈ। ਇਸ ਦਾ ਕਾਰਨ ਇਹ ਸੀ ਕਿ ਉਨ੍ਹਾਂ ਦੀ ਚੋਣ ਮੁਹਿੰਮ ਵਿੱਚ ਵੋਟਰਾਂ ਦੀਆਂ ਚਿੰਤਾਵਾਂ ਵੱਲ ਜ਼ਿਆਦਾ ਧਿਆਨ ਨਹੀਂ ਦਿੱਤਾ ਗਿਆ।

4. ਟਰੰਪ ਦੀ ਘਟਦੀ ਲੋਕਪ੍ਰਿਅਤਾ ਪਾਰਟੀ ਨੂੰ ਭਾਰੀ ਪਈ

ਮਿਡਟਰਮ ਚੋਣਾਂ ਦੌਰਾਨ ਰੈਲੀ ਨੂੰ ਸੰਬੋਧਨ ਕਰਦੇ ਹੋਏ ਰਾਸ਼ਟਰਪਤੀ ਟਰੰਪ

ਜਿਨ੍ਹਾਂ ਦੋ ਮੁੱਦਿਆਂ, ਯਾਨੀ ਵਧਦੀਆਂ ਕੀਮਤਾਂ ਅਤੇ ਈਰਾਨ ਜੰਗ ਨੂੰ ਲੈ ਕੇ ਵੋਟਰ ਸਭ ਤੋਂ ਵੱਧ ਨਾਰਾਜ਼ ਸਨ, ਉਹ ਸਿੱਧੇ ਤੌਰ ‘ਤੇ ਰਾਸ਼ਟਰਪਤੀ ਟਰੰਪ ਨਾਲ ਜੁੜੇ ਹੋਏ ਸਨ।

ਰਿਪਬਲਿਕਨ ਵੋਟਰਾਂ ਵਿੱਚ ਵੀ ਉਨ੍ਹਾਂ ਦੀ ਲੋਕਪ੍ਰਿਅਤਾ ਦੀ ਰੇਟਿੰਗ ਡਿੱਗ ਗਈ ਸੀ। ਇਸ ਕਾਰਨ 2024 ਵਿੱਚ ਜਿਨ੍ਹਾਂ ਸੂਬਿਆਂ ਵਿੱਚ ਉਨ੍ਹਾਂ ਦੀ ਜਿੱਤ ਹੋਈ ਸੀ, ਉੱਥੇ ਵੀ ਪਾਰਟੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ।

ਆਪਣੇ ਸਮਰਥਕਾਂ ਨੂੰ ਆਪਣੇ ਪੱਖ ਵਿੱਚ ਕਰਨ ਲਈ ਟਰੰਪ ਨੇ ਵੋਟਰਾਂ ਨੂੰ ਕਿਹਾ ਕਿ ਉਹ ਇਹ ਮੰਨ ਕੇ ਚੱਲਣ ਕਿ ਉਹ ਖ਼ੁਦ ਚੋਣਾਂ ਵਿੱਚ ਉਮੀਦਵਾਰ ਹਨ।

ਪਰ ਅਮਰੀਕੀ ਸਿਆਸਤ ਵਿੱਚ ਦਸ ਸਾਲ ਤੋਂ ਵੱਧ ਸਮੇਂ ਤੱਕ ਕੇਂਦਰ ਵਿੱਚ ਰਹਿਣ ਤੋਂ ਬਾਅਦ, ਹੁਣ ਕੁਝ ਲੋਕ ਇਨ੍ਹਾਂ ਨਤੀਜਿਆਂ ਨੂੰ ਇਸ ਗੱਲ ਦਾ ਸਬੂਤ ਮੰਨਦੇ ਹਨ ਕਿ ਟਰੰਪ ਦਾ ਅਕਸ ਧੁੰਦਲਾ ਪੈ ਰਿਹਾ ਹੈ।

ਲੋਕਾਂ ਦੀ ਨਾਰਾਜ਼ਗੀ ਦੇ ਵਿਚਕਾਰ ਟਰੰਪ ਨੂੰ ਰਿਪਬਲਿਕਨ ਚੋਣ ਮੁਹਿੰਮ ਦਾ ਕੇਂਦਰ ਬਣਾਉਣਾ ਇੱਕ ਜੋਖ਼ਮ ਭਰਿਆ ਫ਼ੈਸਲਾ ਸੀ। ਲੱਗਦਾ ਹੈ ਕਿ ਇਹ ਦਾਅ ਉਲਟਾ ਪੈ ਗਿਆ।

ਵੋਟਿੰਗ ਤੋਂ ਪਹਿਲਾਂ ਦੇ ਮਹੀਨਿਆਂ ਵਿੱਚ ਹੋਏ ਸਰਵੇਖਣਾਂ ਨੇ ਸੰਕੇਤ ਦਿੱਤਾ ਸੀ ਕਿ ਕਈ ਅਮਰੀਕੀ ਚਾਹੁੰਦੇ ਸਨ ਕਿ ਟਰੰਪ ਵਧਦੀਆਂ ਕੀਮਤਾਂ ਨੂੰ ਲੈ ਕੇ ਉਨ੍ਹਾਂ ਦੀਆਂ ਚਿੰਤਾਵਾਂ ਵੱਲ ਧਿਆਨ ਦੇਣ।

5. ਹਿਸਪੈਨਿਕ ਅਤੇ ਸਿਆਹਫਾਮ ਵੋਟਰਾਂ ਦਾ ਰੁਖ਼

ਮਿਸਿਸਿਪੀ ਸੀਟ ਤੋਂ ਡੈਮੋਕ੍ਰੈਟਿਕ ਉਮੀਦਵਾਰ ਸਕੌਟ ਕੋਲਮ

ਦੋ ਸਾਲ ਪਹਿਲਾਂ ਹੋਈਆਂ ਆਮ ਚੋਣਾਂ ਵਿੱਚ ਕੁਝ ਹਿਸਪੈਨਿਕ ਅਤੇ ਸਿਆਹਫਾਮ ਵੋਟਰਾਂ ਦਾ ਰੁਖ਼ ਰਿਪਬਲਿਕਨ ਪਾਰਟੀ ਵੱਲ ਹੋਣ ਕਾਰਨ ਟਰੰਪ ਨੂੰ ਫ਼ੈਸਲਾਕੁੰਨ ਜਿੱਤ ਹਾਸਿਲ ਕਰਨ ਵਿੱਚ ਮਦਦ ਮਿਲੀ ਸੀ। ਪਰ ਇਨ੍ਹਾਂ ਮਿਡਟਰਮ ਚੋਣਾਂ ਵਿੱਚ ਇਹ ਤਸਵੀਰ ਉਲਟ ਨਜ਼ਰ ਆ ਰਹੀ ਹੈ।

ਟੈਕਸਸ-ਮੈਕਸੀਕੋ ਸਰਹੱਦ ਨਾਲ ਲੱਗਦੇ ਜ਼ਿਆਦਾਤਰ ਹਿਸਪੈਨਿਕ ਆਬਾਦੀ ਵਾਲੇ ਜ਼ਿਲ੍ਹਿਆਂ ਵਿੱਚ ਡੈਮੋਕ੍ਰੈਟਸ ਨੇ ਹਾਊਸ ਦੀਆਂ ਤਿੰਨੇ ਸੀਟਾਂ ਜਿੱਤ ਲਈਆਂ।

‘ਨਿਊਯਾਰਕ ਟਾਈਮਜ਼’ ਦੇ ਇੱਕ ਵਿਸ਼ਲੇਸ਼ਣ ਮੁਤਾਬਕ, 2024 ਦੀਆਂ ਰਾਸ਼ਟਰਪਤੀ ਚੋਣਾਂ ਦੇ ਮੁਕਾਬਲੇ ਬਹੁਗਿਣਤੀ ਹਿਸਪੈਨਿਕ ਆਬਾਦੀ ਵਾਲੀਆਂ ਕਾਊਂਟੀਆਂ ਵਿੱਚ ਰਿਪਬਲਿਕਨ ਸੀਨੇਟ ਉਮੀਦਵਾਰਾਂ ਦੇ ਖ਼ਿਲਾਫ਼ 22 ਫ਼ੀਸਦੀ ਤੋਂ ਵੱਧ ਦਾ ਫ਼ਰਕ ਦੇਖਣ ਨੂੰ ਮਿਲਿਆ ਹੈ।

ਰਿਪੋਰਟਰ ਜੈਫ਼ ਐਡੇਲਸਨ ਨੇ ਕਿਹਾ ਕਿ ਇਹ ਬਦਲਾਅ ਦੇਸ਼ ਦੇ ਕਿਸੇ ਵੀ ਹੋਰ ਵੱਡੇ ਸਮੂਹ ਦੇ ਮੁਕਾਬਲੇ ਕਿਤੇ ਜ਼ਿਆਦਾ ਹੈ।

ਇਹ ਬਦਲਾਅ ਇਮੀਗ੍ਰੇਸ਼ਨ ਨੀਤੀ ਨੂੰ ਲੈ ਕੇ ਆਇਆ ਹੈ। ਪਿਊ ਰਿਸਰਚ ਸੈਂਟਰ ਮੁਤਾਬਕ, 56 ਫ਼ੀਸਦੀ ਅਮਰੀਕੀਆਂ ਦੀ ਆਈਸੀਈ ਬਾਰੇ ਰਾਇ ਨਕਾਰਾਤਮਕ ਹੈ।

ਜਿਨ੍ਹਾਂ ਇਲਾਕਿਆਂ ਵਿੱਚ ਸਿਆਹਫਾਮ ਭਾਈਚਾਰੇ ਦੀ ਆਬਾਦੀ ਜ਼ਿਆਦਾ ਹੈ, ਉੱਥੇ ਸੀਨੇਟ ਚੋਣਾਂ ਵਿੱਚ ਵੀ ਵੋਟਰਾਂ ਨੇ ਡੈਮੋਕ੍ਰੈਟਿਕ ਉਮੀਦਵਾਰਾਂ ਵੱਲ ਕਾਫ਼ੀ ਰੁਖ਼ ਕੀਤਾ।

ਮਿਸਿਸਿਪੀ ਵਿੱਚ ਸੀਨੇਟ ਦੀ ਚੋਣ ਬੇਹੱਦ ਸਖ਼ਤ ਮੁਕਾਬਲੇ ਵਾਲੀ ਹੈ। ਉੱਥੇ ਅਮਰੀਕਾ ਦੇ ਕਿਸੇ ਵੀ ਹੋਰ ਸੂਬੇ ਨਾਲੋਂ ਵੱਧ, ਲਗਭਗ 37 ਫ਼ੀਸਦੀ ਸਿਆਹਫਾਮ ਵੋਟਰ ਹਨ।

ਜੇਕਰ ਸਕੌਟ ਕੋਲਮ ਚੋਣ ਜਿੱਤ ਜਾਂਦੇ ਹਨ, ਤਾਂ ਉਹ 1982 ਤੋਂ ਬਾਅਦ ਮਿਸਿਸਿਪੀ ਤੋਂ ਸੀਨੇਟ ਲਈ ਚੁਣੇ ਜਾਣ ਵਾਲੇ ਪਹਿਲੇ ਡੈਮੋਕ੍ਰੈਟ ਹੋਣਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI