Source :- BBC PUNJABI
ਤਸਵੀਰ ਸਰੋਤ, Getty Images
ਜਦੋਂ ਡਾਕਟਰਾਂ ਨੇ ਪਹਿਲੀ ਵਾਰ ਨੋਏਲਾ ਮੁਕੁੰਬੀ ਨੂੰ ਇਨਸੁਲਿਨ ਦਾ ਟੀਕਾ ਲਗਾਇਆ, ਤਾਂ ਉਨ੍ਹਾਂ ਨੂੰ ਲੱਗਿਆ ਕਿ ਉਹ ਉਨ੍ਹਾਂ ਦੀ ਜ਼ਿੰਦਗੀ ਬਚਾ ਰਹੇ ਹਨ। ਇਸਦੇ ਉਲਟ, ਨੋਏਲਾ ਕਹਿੰਦੇ ਹਨ ਕਿ ਇਸ ਇਲਾਜ ਤੋਂ ਬਾਅਦ ਉਨ੍ਹਾਂ ਨੂੰ ਅਜਿਹਾ ਮਹਿਸੂਸ ਹੋਣ ਲੱਗਾ ਜਿਵੇਂ ਉਹ ਮਰ ਰਹੇ ਹੋਣ।
ਡੀਆਰਸੀ ਦੇ ਰਹਿਣ ਵਾਲੇ 30 ਸਾਲਾ ਨੋਏਲਾ ਇੱਕ ਹੇਅਰਡ੍ਰੈੱਸਰ ਹਨ। ਉਨ੍ਹਾਂ ਨੂੰ ਸਾਲ 2023 ਵਿੱਚ ਟਾਈਪ 1 ਡਾਇਬੀਟੀਜ਼ ਦਾ ਪਤਾ ਲੱਗਿਆ ਸੀ, ਪਰ ਉਹ ਕਹਿੰਦੇ ਹਨ ਕਿ ਉਨ੍ਹਾਂ ਨੂੰ ਕੁਝ ਠੀਕ ਨਹੀਂ ਲੱਗ ਰਿਹਾ ਸੀ।
ਨੋਏਲਾ 2 ਬੱਚਿਆਂ ਦੇ ਮਾਂ ਹਨ ਅਤੇ ਕਹਿੰਦੇ ਹਨ ਕਿ ਰੋਜ਼ਾਨਾ ਇਨਸੁਲਿਨ ਦੇ ਆਮ ਟੀਕੇ ਲਗਵਾਉਣੇ ਸ਼ੁਰੂ ਕਰਨ ਤੋਂ ਬਾਅਦ ਉਨ੍ਹਾਂ ਨੂੰ ਚੱਕਰ ਆਉਣ ਲੱਗੇ ਅਤੇ ਉਨ੍ਹਾਂ ਦਾ ਸੰਤੁਲਨ ਵਿਗੜਨ ਲੱਗ ਪਿਆ। ਫਿਰ, ਇੱਕ ਦਿਨ ਉਹ ਬੇਹੋਸ਼ ਹੋਕੇ ਡਿੱਗ ਪਏ।
ਉਨ੍ਹਾਂ ਨੇ ਬੀਬੀਸੀ ਵਰਲਡ ਸਰਵਿਸ ਨੂੰ ਦੱਸਿਆ, “ਮੈਂ ਬੱਚਿਆਂ ਦੇ ਕੱਪੜੇ ਠੀਕ ਕਰਕੇ ਰੱਖ ਰਹੀ ਸੀ, ਅਤੇ ਅਗਲੇ ਹੀ ਪਲ ਮੇਰੇ ਪਤੀ ਨੇ ਦੇਖਿਆ ਕਿ ਮੈਂ ਜ਼ਮੀਨ ‘ਤੇ ਪਈ ਸੀ ਅਤੇ ਚੀਕਾਂ ਮਾਰ ਰਹੀ ਸੀ।”
ਤਿੰਨ ਸਾਲ ਬਾਅਦ, ਮਾਹਿਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਸੰਭਵ ਤੌਰ ‘ਤੇ ਉਸ ਨੂੰ ਟਾਈਪ 5 ਡਾਇਬੀਟੀਜ਼ ਹੈ।
ਡਾਇਬੀਟੀਜ਼, ਜਿਸ ਨਾਲ ਦੁਨੀਆ ਭਰ ਵਿੱਚ 830 ਮਿਲੀਅਨ ਤੋਂ ਵੱਧ ਲੋਕ ਪ੍ਰਭਾਵਿਤ ਹਨ, ਉਦੋਂ ਹੁੰਦੀ ਹੈ ਜਦੋਂ ਸਰੀਰ ਇਨਸੁਲਿਨ ਦੀ ਵਰਤੋਂ ਕਰਕੇ ਖੂਨ ਵਿੱਚ ਸ਼ੂਗਰ (ਬਲੱਡ ਸ਼ੂਗਰ) ਨੂੰ ਠੀਕ ਤਰ੍ਹਾਂ ਕੰਟਰੋਲ ਨਹੀਂ ਕਰ ਪਾਉਂਦਾ, ਜਿਸ ਦਾ ਮਤਲਬ ਹੈ ਕਿ ਇਸ ਦਾ ਪੱਧਰ ਖਤਰਨਾਕ ਤੌਰ ‘ਤੇ ਵੱਧ ਸਕਦਾ ਹੈ।
ਟਾਈਪ 5 ਇਸ ਬਿਮਾਰੀ ਦਾ ਇੱਕ ਅਜਿਹਾ ਰੂਪ ਹੈ ਜਿਸ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਲੰਬੇ ਸਮੇਂ ਤੱਕ, ਖ਼ਾਸ ਕਰਕੇ ਬਚਪਨ ਅਤੇ ਕਿਸ਼ੋਰ ਅਵਸਥਾ ਵਿੱਚ ਮਾੜੇ ਪੋਸ਼ਣ ਕਾਰਨ ਹੁੰਦਾ ਹੈ। ਇਸ ਨੂੰ ਪਿਛਲੇ ਸਾਲ, 251 ਰਾਸ਼ਟਰੀ ਡਾਇਬੀਟੀਜ਼ ਸੰਘਾਂ ਦੀ ਨੁਮਾਇੰਦਗੀ ਕਰਨ ਵਾਲੀ ਇੰਟਰਨੈਸ਼ਨਲ ਡਾਇਬੀਟੀਜ਼ ਫੈਡਰੇਸ਼ਨ (ਆਈਡੀਐਫ) ਵੱਲੋਂ ਰਸਮੀ ਤੌਰ ‘ਤੇ ਮਾਨਤਾ ਦਿੱਤੀ ਗਈ ਸੀ।
ਤਸਵੀਰ ਸਰੋਤ, BBC World Service
ਹਾਲਾਂਕਿ, ਇਸ ਸਥਿਤੀ ਨੂੰ ਵਿਸ਼ਵ ਸਿਹਤ ਸੰਗਠਨ (ਡਬਲਯੂਐੱਚਓ) ਵੱਲੋਂ ਮਾਨਤਾ ਨਹੀਂ ਦਿੱਤੀ ਗਈ ਹੈ, ਜਿਸ ਦਾ ਮੰਨਣਾ ਹੈ ਕਿ ਅਜੇ ਤੱਕ ਇਹ ਸੁਝਾਅ ਦੇਣ ਲਈ ਕਾਫ਼ੀ ਸਬੂਤ ਨਹੀਂ ਹਨ ਕਿ ਇਹ ਬਿਮਾਰੀ ਦਾ ਇੱਕ ਵੱਖਰਾ ਰੂਪ ਹੈ।
ਕੁਝ ਵਿਗਿਆਨੀਆਂ ਦਾ ਮੰਨਣਾ ਹੈ ਕਿ ਟਾਈਪ 5 ਡਾਇਬੀਟੀਜ਼ 25 ਮਿਲੀਅਨ ਤੱਕ ਮਰੀਜ਼ਾਂ ਨੂੰ ਪ੍ਰਭਾਵਿਤ ਕਰ ਸਕਦੀ ਹੈ – ਅਤੇ ਉਹ ਚੇਤਾਵਨੀ ਦਿੰਦੇ ਹਨ ਕਿ ਇਸ ਨੂੰ ਬਿਮਾਰੀ ਦੇ ਹੋਰ ਰੂਪਾਂ ਵਿੱਚੋਂ ਇੱਕ ਸਮਝ ਲੈਣਾ ਨੁਕਸਾਨਦਾਇਕ ਸਾਬਤ ਹੋ ਰਿਹਾ ਹੈ।
ਅਲਬਰਟ ਆਇੰਸਟਾਈਨ ਕਾਲਜ ਆਫ਼ ਮੈਡੀਸਿਨ ਵਿੱਚ ਗਲੋਬਲ ਡਾਇਬੀਟੀਜ਼ ਇੰਸਟੀਚਿਊਟ ਦੇ ਨਿਰਦੇਸ਼ਕ ਡਾਕਟਰ ਮੇਰੇਡਿਥ ਹਾਕਿਨਜ਼ ਦਾ ਮੰਨਣਾ ਹੈ ਕਿ ਗਲਤ ਵਰਗੀਕਰਨ ਇੱਕ “ਬਹੁਤ ਵਿਆਪਕ ਸਮੱਸਿਆ” ਹੈ, ਜਿਸ ਕਾਰਨ ਇਨਸੁਲਿਨ ਦੇ ਗਲਤ ਇਲਾਜ ਨਾਲ ਮੌਤਾਂ ਹੋ ਰਹੀਆਂ ਹਨ।
ਉਹ ਕਹਿੰਦੇ ਹਨ, “ਇਨ੍ਹਾਂ ਵਿੱਚੋਂ ਕਈ ਨੌਜਵਾਨ ਲੋਕ, ਜਿਨ੍ਹਾਂ ਨੂੰ ਅਸੀਂ ਮਿਲੇ ਹਾਂ, ਅਕਸਰ ਸਵੇਰੇ ਨੀਂਦ ਤੋਂ ਜਾਗਦੇ ਹੀ ਨਹੀਂ ਸਨ।”
‘ਲਗਾਤਾਰ ਮਹਿਸੂਸ ਹੁੰਦੀ ਥਕਾਵਟ’
ਤਸਵੀਰ ਸਰੋਤ, Sophia Sharer
ਟਾਈਪ 1 ਡਾਇਬੀਟੀਜ਼ ਇੱਕ ਆਟੋਇਮੀਊਨ ਸਥਿਤੀ ਹੈ, ਜਿਸ ਵਿੱਚ ਸਰੀਰ ਇਨਸੁਲਿਨ ਬਣਾਉਣਾ ਬੰਦ ਕਰ ਦਿੰਦਾ ਹੈ, ਜਦਕਿ ਟਾਈਪ 2 ਡਾਇਬੀਟੀਜ਼ ਇਨਸੁਲਿਨ ਰੋਧ (insulin resistance) ਨਾਲ ਜੁੜੀ ਹੁੰਦੀ ਹੈ।
ਪਰ ਵਿਗਿਆਨੀ ਸੁਝਾਅ ਦਿੰਦੇ ਹਨ ਕਿ ਟਾਈਪ 5 ਪੁਰਾਣੇ ਕੁਪੋਸ਼ਣ (chronic undernutrition) ਨਾਲ ਜੁੜੀ ਹੋ ਸਕਦੀ ਹੈ, ਜੋ ਪੈਂਕ੍ਰਿਆਜ਼ ਦੇ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ – ਉਹ ਅੰਗ ਜੋ ਇਨਸੁਲਿਨ ਬਣਾਉਂਦਾ ਹੈ। ਇਸ ਨਾਲ ਪੀੜਤ ਮਰੀਜ਼ ਅਜੇ ਵੀ ਇਨਸੁਲਿਨ ਬਣਾ ਸਕਦੇ ਹਨ, ਪਰ ਬਹੁਤੀ ਮਾਤਰਾ ਵਿੱਚ ਨਹੀਂ ਅਤੇ ਉਹ ਇਸ ਪ੍ਰਤੀ ਅਸਧਾਰਨ ਤੌਰ ‘ਤੇ ਸੰਵੇਦਨਸ਼ੀਲ ਹੋ ਸਕਦੇ ਹਨ।
ਇਹੀ ਕਾਰਨ ਹੈ ਕਿ ਆਮ ਇਲਾਜ ਹਮੇਸ਼ਾ ਕੰਮ ਨਹੀਂ ਕਰਦੇ ਅਤੇ ਕੁਝ ਮਾਮਲਿਆਂ ਵਿੱਚ ਤਾਂ ਨੁਕਸਾਨਦਾਇਕ ਵੀ ਹੋ ਸਕਦੇ ਹਨ। ਨੋਏਲਾ ਦੀ ਤਰ੍ਹਾਂ, ਇਨਸੁਲਿਨ ਦੀ ਇੱਕ ਆਮ ਖੁਰਾਕ ਵੀ ਹਾਈਪੋਗਲਾਈਸੀਮੀਆ ਦਾ ਕਾਰਨ ਬਣ ਸਕਦੀ ਹੈ – ਉਹ ਸਥਿਤੀ ਜਦੋਂ ਬਲੱਡ ਸ਼ੂਗਰ ਖਤਰਨਾਕ ਤੌਰ ‘ਤੇ ਘੱਟ ਹੋ ਜਾਂਦੀ ਹੈ – ਜੋ ਜਾਨਲੇਵਾ ਹੋ ਸਕਦੀ ਹੈ।
ਦੂਜੀਆਂ ਕਿਸਮਾਂ ਦੀ ਤਰ੍ਹਾਂ, ਟਾਈਪ 5 ਵੀ ਗੰਭੀਰ ਜਟਿਲਤਾਵਾਂ ਦਾ ਕਾਰਨ ਬਣ ਸਕਦੀ ਹੈ, ਜਿਨ੍ਹਾਂ ਵਿੱਚ ਅੰਨ੍ਹਾਪਣ, ਗੁਰਦਿਆਂ ਦਾ ਫੇਲ੍ਹ ਹੋਣਾ, ਨਸਾਂ ਨੂੰ ਨੁਕਸਾਨ ਅਤੇ ਜ਼ਖ਼ਮਾਂ ਦਾ ਹੌਲੀ-ਹੌਲੀ ਭਰਨਾ ਸ਼ਾਮਲ ਹੈ, ਜਿਨ੍ਹਾਂ ਲਈ ਅੰਗ ਕੱਟਣ ਦੀ ਲੋੜ ਪੈ ਸਕਦੀ ਹੈ।
ਕਿਉਂਕਿ ਇਹ ਅਕਸਰ ਉਨ੍ਹਾਂ ਨੌਜਵਾਨ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿਨ੍ਹਾਂ ਦਾ ਵਜ਼ਨ ਬਹੁਤ ਘੱਟ ਹੁੰਦਾ ਹੈ ਅਤੇ ਜਿਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਬਹੁਤ ਵੱਧ ਹੁੰਦਾ ਹੈ, ਇਸ ਲਈ ਇਸ ਨੂੰ ਟਾਈਪ 1 ਸਮਝਣ ਦੀ ਗਲਤੀ ਆਸਾਨੀ ਨਾਲ ਹੋ ਸਕਦੀ ਹੈ। ਇਸ ਦੇ ਲੱਛਣ ਵੀ ਬਹੁਤ ਮਿਲਦੇ-ਜੁਲਦੇ ਹੋ ਸਕਦੇ ਹਨ।
ਨੋਏਲਾ, ਜੋ ਹੁਣ ਯੂਗਾਂਡਾ ਵਿੱਚ ਰਹਿੰਦੇ ਹਨ, ਦੱਸਦੇ ਹਨ ਕਿ ਉਨ੍ਹਾਂ ਦਾ ਤਜਰਬਾ ਵੀ ਕੁਝ ਅਜਿਹਾ ਹੀ ਰਿਹਾ। ਜਦੋਂ ਤੋਂ ਉਨ੍ਹਾਂ ਨੂੰ ਯਾਦ ਹੈ, ਉਹ ਹਮੇਸ਼ਾ ਪਤਲੇ ਹੀ ਰਹੇ ਅਤੇ ਆਪਣੇ ਦੂਜੇ ਬੱਚੇ ਦੇ ਜਨਮ ਤੋਂ ਕੁਝ ਹੀ ਸਮੇਂ ਬਾਅਦ ਉਹ ਬਿਮਾਰ ਮਹਿਸੂਸ ਕਰਨ ਲੱਗ ਪਏ।
ਉਹ ਕਹਿੰਦੇ ਹਨ, “ਮੇਰਾ ਮੂੰਹ ਹਮੇਸ਼ਾ ਸੁੱਕਿਆ ਰਹਿੰਦਾ ਸੀ। ਮੈਂ ਬਹੁਤ ਜ਼ਿਆਦਾ ਪਾਣੀ ਪੀਂਦੀ ਸੀ ਅਤੇ ਰਾਤ ਨੂੰ ਵੀ ਦੋ-ਤਿੰਨ ਵਾਰ ਉੱਠ ਜਾਂਦੀ ਸੀ।”
ਉਨ੍ਹਾਂ ਦਾ ਵਜ਼ਨ ਵੀ ਤੇਜ਼ੀ ਨਾਲ ਘਟਿਆ, 58 ਕਿਲੋਗ੍ਰਾਮ ਤੋਂ ਘਟ ਕੇ 49 ਕਿਲੋਗ੍ਰਾਮ ਰਹਿ ਗਿਆ ਅਤੇ ਉਹ ਲਗਾਤਾਰ ਥੱਕਿਆ ਹੋਇਆ ਮਹਿਸੂਸ ਕਰਦੇ ਸਨ – ਇਹ ਦੋਵੇਂ ਹੀ ਟਾਈਪ 1 ਦੇ ਆਮ ਲੱਛਣ ਹਨ।
‘ਲੀਨ ਡਾਇਬੀਟੀਜ਼’
ਟਾਈਪ 5 ਖ਼ਾਸ ਤੌਰ ‘ਤੇ ਏਸ਼ੀਆ ਅਤੇ ਉਪ-ਸਹਾਰਾ ਅਫ਼ਰੀਕਾ ਦੇ ਕੁਝ ਹਿੱਸਿਆਂ ਵਿੱਚ ਲੋਕਾਂ ਨੂੰ ਪ੍ਰਭਾਵਿਤ ਕਰਦੀ ਹੈ, ਜਿੱਥੇ ਬਚਪਨ ਵਿੱਚ ਕੁਪੋਸ਼ਣ ਦੀ ਸਮੱਸਿਆ ਅਜੇ ਵੀ ਵੱਡੇ ਪੱਧਰ ‘ਤੇ ਮੌਜੂਦ ਹੈ। ਹਾਲਾਂਕਿ, ਅਧਿਐਨ ਦਰਸਾਉਂਦੇ ਹਨ ਕਿ ਹੋਰ ਦੇਸ਼ਾਂ ਵਿੱਚ ਵੀ ਘੱਟ ਵਜ਼ਨ ਵਾਲੇ ਲੋਕਾਂ ਵਿੱਚ ਡਾਇਬੀਟੀਜ਼ ਦੇ ਮਾਮਲੇ ਵਧ ਰਹੇ ਹਨ।
‘ਡਾਇਬੀਟੀਜ਼ ਕੇਅਰ’ ਵਿੱਚ 2023 ਵਿੱਚ ਇੱਕ ਅਧਿਐਨ ਪ੍ਰਕਾਸ਼ਿਤ ਕੀਤਾ ਗਿਆ ਸੀ, ਜੋ ਸੰਯੁਕਤ ਰਾਜ ਅਮਰੀਕਾ ਦੇ 2.6 ਮਿਲੀਅਨ ਤੋਂ ਵੱਧ ਬਾਲਗਾਂ ਦੇ ਡੇਟਾ ‘ਤੇ ਆਧਾਰਿਤ ਸੀ। ਇਸ ਅਧਿਐਨ ਵਿੱਚ ਪਾਇਆ ਗਿਆ ਕਿ ਮੋਟੇ ਨਾ ਹੋਣ ਵਾਲੇ ਲੋਕਾਂ ਵਿੱਚ ਕਥਿਤ “ਲੀਨ ਡਾਇਬੀਟੀਜ਼” ਦੀਆਂ ਦਰਾਂ ਵਧ ਰਹੀਆਂ ਹਨ।
ਲੰਡਨ ਦੇ ਸੋਫੀਆ ਸ਼ੇਰਰ ਦਾ ਮੰਨਣਾ ਹੈ ਕਿ ਉਹ ਵੀ ਇਸੇ ਸ਼੍ਰੇਣੀ ਵਿੱਚ ਆਉਂਦੇ ਹਨ। ਜਦੋਂ ਉਹ 23 ਸਾਲ ਦੇ ਸਨ, ਤਾਂ ਰੁਟੀਨ ਬਲੱਡ ਟੈਸਟ ਵਿੱਚ ਅਚਾਨਕ ਉਨ੍ਹਾਂ ਦਾ ਬਲੱਡ ਸ਼ੂਗਰ ਲੈਵਲ ਡਾਇਬੀਟੀਜ਼ ਦੀ ਸੀਮਾ ਵਿੱਚ ਪਾਇਆ ਗਿਆ।
ਹੁਣ 26 ਸਾਲ ਦੇ ਹੋ ਚੁੱਕੇ ਇਹ ਪੱਤਰਕਾਰ ਦੱਸਦੇ ਹਨ ਕਿ ਬਚਪਨ ਅਤੇ ਕਿਸ਼ੋਰ ਅਵਸਥਾ ਦੇ ਜ਼ਿਆਦਾਤਰ ਸਮੇਂ ਦੌਰਾਨ ਉਨ੍ਹਾਂ ਦਾ ਵਜ਼ਨ ਬਹੁਤ ਘੱਟ ਰਿਹਾ ਅਤੇ ਇੱਕ ਸਮੇਂ ਤਾਂ ਉਨ੍ਹਾਂ ਨੂੰ ਹਸਪਤਾਲ ਵਿੱਚ ਵੀ ਦਾਖ਼ਲ ਰਹਿਣਾ ਪਿਆ ਸੀ। ਜਦੋਂ 19 ਸਾਲ ਦੀ ਉਮਰ ਵਿੱਚ ਉਨ੍ਹਾਂ ਦਾ ਵਜ਼ਨ ਵਧਣਾ ਸ਼ੁਰੂ ਹੋਇਆ, ਤਾਂ ਉਹ ਬਿਮਾਰ ਮਹਿਸੂਸ ਕਰਨ ਲੱਗ ਪਏ।
ਉਹ ਦੱਸਦੇ ਹਨ, “ਮੈਨੂੰ ਬਹੁਤ ਤੇਜ਼ੀ ਨਾਲ ਭੁੱਖ ਲੱਗਦੀ ਸੀ ਅਤੇ ਸਰੀਰ ਕੰਬਣ ਲੱਗ ਪੈਂਦਾ ਸੀ। ਮੈਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਮੈਂ ਕਿਸੇ ਵੀ ਸਮੇਂ ਬੇਹੋਸ਼ ਹੋ ਸਕਦੀ ਹਾਂ।”
ਸੋਫ਼ੀਆ ਦੱਸਦੇ ਹਨ ਕਿ ਜਦੋਂ ਟੈਸਟ ਵਿੱਚ ਟਾਈਪ 1 ਡਾਇਬੀਟੀਜ਼ ਅਤੇ ਇਸ ਬਿਮਾਰੀ ਦੇ ਕੁਝ ਦੁਰਲੱਭ ਜੈਨੇਟਿਕ ਰੂਪਾਂ ਦੀ ਸੰਭਾਵਨਾ ਖ਼ਤਮ ਹੋ ਗਈ, ਤਾਂ ਡਾਕਟਰਾਂ ਨੇ ਆਖ਼ਰਕਾਰ ਉਨ੍ਹਾਂ ਨੂੰ “ਕੋਈ ਹੋਰ ਬਦਲ ਨਾ ਹੋਣ ਕਾਰਨ” ਟਾਈਪ 2 ਕਲੀਨਿਕ ਵਿੱਚ ਭੇਜ ਦਿੱਤਾ।
ਟਾਈਪ 5 ਡਾਇਬੀਟੀਜ਼ ਦੀ ਪਛਾਣ ਕਰਨ ਵਿੱਚ ਸ਼ਾਮਲ ਇੱਕ ਵਿਗਿਆਨੀ ਨੇ ਸੋਫੀਆ ਨੂੰ ਕਿਹਾ ਕਿ ਉਨ੍ਹਾਂ ਵਿੱਚ ਸ਼ਾਇਦ ਇਸ ਬਿਮਾਰੀ ਦੇ ਕੁਝ ਲੱਛਣ ਮੌਜੂਦ ਹਨ। ਹਾਲਾਂਕਿ, ਕਿਉਂਕਿ ਫ਼ਿਲਹਾਲ ਯੂਕੇ ਵਿੱਚ ਇਸ ਬਿਮਾਰੀ ਦੀ ਪਛਾਣ ਲਈ ਕੋਈ ਵੀ ਰਸਮੀ ਟੈਸਟ ਮਾਨਤਾ ਪ੍ਰਾਪਤ ਨਹੀਂ ਹੈ, ਇਸ ਲਈ ਉਨ੍ਹਾਂ ਦੀ ਬਿਮਾਰੀ ਦੀ ਪੁਸ਼ਟੀ ਅਜੇ ਤੱਕ ਨਹੀਂ ਹੋ ਸਕੀ ਹੈ।
ਤਸਵੀਰ ਸਰੋਤ, Getty Images
ਨਵੀਂ ਪਛਾਣ
ਕੋਈ ਪੁਖਤਾ ਡਾਇਗਨੋਸਟਿਕ ਟੈਸਟ ਨਾ ਹੋਣ ਕਾਰਨ ਕੁਝ ਹੱਦ ਤੱਕ ਇਹ ਸਮਝ ਆਉਂਦਾ ਹੈ ਕਿ ਇਸ ਬਿਮਾਰੀ ਨੂੰ ਅੰਤਰਰਾਸ਼ਟਰੀ ਪੱਧਰ ‘ਤੇ ਕਿਵੇਂ ਪਛਾਣਿਆ ਜਾਂਦਾ ਹੈ।
ਡਬਲਯੂਐੱਚਓ ਨੇ 1985 ਵਿੱਚ ਇਸ ਨੂੰ “ਕੁਪੋਸ਼ਣ ਨਾਲ ਸਬੰਧਤ ਡਾਇਬੀਟੀਜ਼” ਵਜੋਂ ਮਾਨਤਾ ਦਿੱਤੀ ਸੀ, ਪਰ 12 ਸਾਲ ਬਾਅਦ ਇਸ ਨੂੰ ਆਪਣੀ ਅਧਿਕਾਰਤ ਸੂਚੀ ਵਿੱਚੋਂ ਹਟਾ ਦਿੱਤਾ, ਕਿਉਂਕਿ ਡਾਕਟਰ ਇਸ ਗੱਲ ‘ਤੇ ਇੱਕਮਤ ਨਹੀਂ ਹੋ ਸਕੇ ਸਨ ਕਿ ਕੀ ਇਹ ਟਾਈਪ 2 ਤੋਂ ਵੱਖਰੀ ਹੈ ਜਾਂ ਨਹੀਂ।
ਇਸ ਤੋਂ ਬਾਅਦ, ਇਹ ਬਿਮਾਰੀ ਜ਼ਿਆਦਾਤਰ ਮੈਡੀਕਲ ਕਿਤਾਬਾਂ ਅਤੇ ਕਲੀਨਿਕਲ ਦਿਸ਼ਾ-ਨਿਰਦੇਸ਼ਾਂ ਵਿੱਚੋਂ ਲਗਭਗ ਗਾਇਬ ਹੀ ਹੋ ਗਈ।
ਫਿਰ ਅਪ੍ਰੈਲ 2025 ਵਿੱਚ, ਇੰਟਰਨੈਸ਼ਨਲ ਡਾਇਬੀਟੀਜ਼ ਫੈਡਰੇਸ਼ਨ (ਆਈਡੀਐਫ) ਨੇ ਇਸ ਬਿਮਾਰੀ ਨੂੰ ਰਸਮੀ ਤੌਰ ‘ਤੇ ਮਾਨਤਾ ਦੇ ਦਿੱਤੀ। ਪਿਛਲੇ ਸਾਲ ‘ਦਿ ਲੈਂਸੇਟ’ ਵਿੱਚ ਪ੍ਰਕਾਸ਼ਿਤ 50 ਤੋਂ ਵੱਧ ਵਿਗਿਆਨੀਆਂ ਦੇ ਇੱਕ ਅਧਿਐਨ ਨੇ ਇਸ ਨੂੰ ਮਾਨਤਾ ਦਿਵਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਡਬਲਯੂਐਚਓ ਨੇ ਕਿਹਾ ਕਿ 1999 ਅਤੇ 2006 ਵਿੱਚ ਆਪਣੀ ਵਰਗੀਕਰਨ ਪ੍ਰਣਾਲੀ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਦੌਰਾਨ, ਸੰਗਠਨ ਨੂੰ “ਇਸ ਸ਼੍ਰੇਣੀ ਨੂੰ ਇੱਕ ਵੱਖਰੀ ਸ਼੍ਰੇਣੀ ਵਜੋਂ ਰੱਖਣ ਲਈ ਲੋੜੀਂਦੇ ਵਿਗਿਆਨਕ ਸਬੂਤ ਨਹੀਂ ਮਿਲੇ ਸਨ।”
ਹਾਲਾਂਕਿ, ਸੰਗਠਨ ਇਹ ਮੰਨਦਾ ਹੈ ਕਿ ਉਸ ਦਾ ਮੌਜੂਦਾ ਵਰਗੀਕਰਨ “ਡਾਇਬੀਟੀਜ਼ ਦੇ ਸਾਰੇ ਮਾਮਲਿਆਂ ਦੇ ਕਲੀਨਿਕਲ ਲੱਛਣਾਂ ਨੂੰ ਪੂਰੀ ਤਰ੍ਹਾਂ ਸ਼ਾਮਲ ਨਹੀਂ ਕਰਦਾ” ਅਤੇ ਭਵਿੱਖ ਵਿੱਚ ਟਾਈਪ 5 ਨੂੰ ਉਸ ਦੇ ਦਿਸ਼ਾ-ਨਿਰਦੇਸ਼ਾਂ ਵਿੱਚ ਮੁੜ ਸ਼ਾਮਲ ਕੀਤਾ ਜਾ ਸਕਦਾ ਹੈ, “ਬਸ਼ਰਤੇ ਇਸ ਨੂੰ ਇੱਕ ਵੱਖਰੀ ਸ਼੍ਰੇਣੀ ਵਜੋਂ ਰੱਖਣ ਲਈ ਪੱਕੇ ਸਬੂਤ ਮਿਲ ਜਾਣ।”
ਇਸ ਬਿਮਾਰੀ ਨੂੰ ਮੰਨਣ ਵਾਲੇ ਕਹਿੰਦੇ ਹਨ ਕਿ ਇੱਕਲੇ ਆਈਡੀਐਫ ਤੋਂ ਮਾਨਤਾ ਮਿਲਣ ਦੇ ਨਾਲ ਵੀ ਮਰੀਜ਼ਾਂ ਨੂੰ ਵਧੇਰੇ ਸਹੀ ਇਲਾਜ ਮਿਲਣ ਵਿੱਚ ਮਦਦ ਹੋ ਰਹੀ ਹੈ।
ਨਿਊਯਾਰਕ ਦੇ ਅਲਬਰਟ ਆਇੰਸਟਾਈਨ ਕਾਲਜ ਆਫ਼ ਮੈਡੀਸਿਨ ਵਿੱਚ ਗਲੋਬਲ ਡਾਇਬੀਟੀਜ਼ ਇੰਸਟੀਚਿਊਟ ਦੇ ਨਿਰਦੇਸ਼ਕ ਡਾਕਟਰ ਮੇਰੇਡਿਥ ਹਾਕਿਨਜ਼ ਕਹਿੰਦੇ ਹਨ, “ਪਹਿਲੀ ਵਾਰ, ਜਲਦੀ ਹੀ ‘ਡੀਗਰੂਟਸ ਐਂਡੋਕ੍ਰਾਈਨੋਲੋਜੀ’ (DeGroot’s Endocrinology) ਵਿੱਚ ਇਸ ‘ਤੇ ਇੱਕ ਪੂਰਾ ਅਧਿਆਇ ਹੋਵੇਗਾ।”
ਉਨ੍ਹਾਂ ਦਾ ਮਤਲਬ ਅਜਿਹੀ ਮੈਡੀਕਲ ਕਿਤਾਬ ਤੋਂ ਹੈ, ਜਿਸ ਦੀ ਵਰਤੋਂ ਦੁਨੀਆ ਭਰ ਦੇ ਡਾਕਟਰ ਕਰਦੇ ਹਨ।
ਤਸਵੀਰ ਸਰੋਤ, Noella Mukumbi
‘ਮੈਂ ਫਿਰ ਤੋਂ ਮਜ਼ਬੂਤ ਮਹਿਸੂਸ ਕਰ ਰਹੀ ਹਾਂ’
ਕਈ ਵੱਡੀਆਂ ਅੰਤਰਰਾਸ਼ਟਰੀ ਸੰਸਥਾਵਾਂ – ਜਿਨ੍ਹਾਂ ਵਿੱਚ ਡਬਲਯੂਐੱਚਓ ਅਤੇ ਅਮਰੀਕਨ ਡਾਇਬਟੀਜ਼ ਐਸੋਸੀਏਸ਼ਨ ਸ਼ਾਮਲ ਹਨ – ਅਤੇ ਹੋਰ ਵਿਗਿਆਨੀ ਵੀ ਇਸ ਗੱਲ ‘ਤੇ ਸਵਾਲ ਉਠਾਉਂਦੇ ਹਨ ਕਿ ਕੀ ਟਾਈਪ 5 ਵਾਕਈ ਇੱਕ ਵੱਖਰੀ ਬਿਮਾਰੀ ਵਜੋਂ ਮੌਜੂਦ ਹੈ।
ਭਾਰਤ ਦੇ ਇੱਕ ਡਾਇਬੀਟੀਜ਼ ਮਾਹਿਰ ਦਾ ਮੰਨਣਾ ਹੈ ਕਿ ਜਿਸ ਨੂੰ ਟਾਈਪ 5 ਕਿਹਾ ਜਾ ਰਿਹਾ ਹੈ, ਉਹ ਸ਼ਾਇਦ ਘੱਟ ਵਜ਼ਨ ਵਾਲੇ ਲੋਕਾਂ ਵਿੱਚ ਟਾਈਪ 2 ਡਾਇਬੀਟੀਜ਼ ਦਾ ਹੀ ਇੱਕ ਰੂਪ ਹੋਵੇ, ਜਾਂ ਟਾਈਪ 1 ਦਾ ਹੀ ਕੋਈ ਵੱਖਰਾ ਪ੍ਰਕਾਰ ਹੋਵੇ, ਨਾ ਕਿ ਕੋਈ ਪੂਰੀ ਤਰ੍ਹਾਂ ਵੱਖਰੀ ਬਿਮਾਰੀ।
ਚੇੱਨਈ ਵਿੱਚ ‘ਡਾਕਟਰ ਮੋਹਨ ਡਾਇਬੀਟੀਜ਼ ਸਪੈਸ਼ਲਿਟੀਜ਼ ਸੈਂਟਰ’ ਦੇ ਚੇਅਰਮੈਨ ਡਾਕਟਰ ਵੀ ਮੋਹਨ ਕਹਿੰਦੇ ਹਨ, “ਜੇ ਇਹ ਟਾਈਪ 5 ਹੈ, ਤਾਂ ਮੈਨੂੰ ਦੱਸੋ ਕਿ ਤੁਸੀਂ ਇਸ ਦਾ ਪਤਾ ਕਿਵੇਂ ਲਗਾਉਂਦੇ ਹੋ? ਮੈਨੂੰ ਇਸ ਦਾ ਕੋਈ ਇੱਕ ਵੀ ਮਾਰਕਰ (ਪਛਾਣ) ਦਿਖਾਓ।”
ਕੋਈ ਇੱਕ ਪੱਕਾ ਡਾਇਗਨੋਸਟਿਕ ਟੈਸਟ ਨਾ ਹੋਣ ਕਾਰਨ ਡਾਕਟਰ ਕੁਝ ਖ਼ਾਸ ਪੈਟਰਨਾਂ ‘ਤੇ ਧਿਆਨ ਦਿੰਦੇ ਹਨ, ਜਿਵੇਂ – ਬਚਪਨ ਵਿੱਚ ਕੁਪੋਸ਼ਣ, ਸਰੀਰ ਦਾ ਘੱਟ ਵਜ਼ਨ ਅਤੇ ਇਨਸੁਲਿਨ ਪ੍ਰਤੀ ਸਰੀਰ ਦੀ ਅਸਧਾਰਨ ਤੌਰ ‘ਤੇ ਤੇਜ਼ ਪ੍ਰਤੀਕਿਰਿਆ।
ਆਈਡੀਐਫ ਨੇ ਹੁਣ ਇੱਕ ਵਰਕਿੰਗ ਗਰੁੱਪ ਬਣਾਇਆ ਹੈ, ਜੋ ਇਸ ਬਿਮਾਰੀ ਦਾ ਪਤਾ ਲਗਾਉਣ ਲਈ ਰਸਮੀ ਮਾਪਦੰਡ ਅਤੇ ਇਲਾਜ ਲਈ ਦਿਸ਼ਾ-ਨਿਰਦੇਸ਼ ਤਿਆਰ ਕਰੇਗਾ।
ਸ਼ੁਰੂਆਤੀ ਖੋਜ ਤੋਂ ਪਤਾ ਲੱਗਦਾ ਹੈ ਕਿ ਕੁਝ ਮਰੀਜ਼ਾਂ ਨੂੰ ਬਿਹਤਰ ਪੋਸ਼ਣ ਅਤੇ ਸਾਵਧਾਨੀ ਨਾਲ ਦਿੱਤੀਆਂ ਦਵਾਈਆਂ ਨਾਲ ਫ਼ਾਇਦਾ ਹੋ ਸਕਦਾ ਹੈ। ਪਰ ਵਿਦੇਸ਼ੀ ਸਹਾਇਤਾ ਅਤੇ ਵਿਸ਼ਵ ਸਿਹਤ ਬਜਟ ਵਿੱਚ ਵਿਆਪਕ ਕਟੌਤੀਆਂ ਦੇ ਵਿਚਕਾਰ ਫੰਡਿੰਗ ਇੱਕ ਵੱਡੀ ਚੁਣੌਤੀ ਬਣੀ ਹੋਈ ਹੈ, ਜਿਸ ਵਿੱਚ ਅਮਰੀਕਾ ਅਤੇ ਬ੍ਰਿਟੇਨ ਵਰਗੇ ਵੱਡੇ ਦਾਨੀ ਵੀ ਸ਼ਾਮਲ ਹਨ।
ਅਤੇ ਕੁਝ ਖੋਜਕਰਤਾਵਾਂ ਨੂੰ ਡਰ ਹੈ ਕਿ ਜੰਗ, ਅਕਾਲ ਅਤੇ ਖਾਣ-ਪੀਣ ਦੀ ਕਮੀ ਨਾਲ ਪ੍ਰਭਾਵਿਤ ਇਲਾਕਿਆਂ ਵਿੱਚ ਇਹ ਬਿਮਾਰੀ ਹੋਰ ਵੀ ਆਮ ਹੋ ਸਕਦੀ ਹੈ।
ਪ੍ਰੋਫੈਸਰ ਹਾਕਿਨਜ਼ ਕਹਿੰਦੇ ਹਨ, “ਅਜਿਹਾ ਲੱਗਦਾ ਹੈ ਕਿ ਅਸੀਂ ਇੱਕ ਬਹੁਤ ਹੀ ਗੰਭੀਰ ਗਲੋਬਲ ਖੁਰਾਕ ਸੰਕਟ ਦੇ ਕੰਢੇ ਖੜ੍ਹੇ ਹਾਂ। ਇਹ ਅਗਲੀ ਪੀੜ੍ਹੀ ਲਈ ਬਹੁਤ ਮਾੜੀ ਖ਼ਬਰ ਹੋਵੇਗੀ।”
ਬਦਲੀ ਹੋਈ ਜਾਂਚ ਰਿਪੋਰਟ ਮਿਲਣ ਤੋਂ ਬਾਅਦ, ਡਾਕਟਰਾਂ ਨੇ ਨੋਏਲਾ ਦੀ ਇਨਸੁਲਿਨ ਦੀ ਮਾਤਰਾ ਘਟਾ ਦਿੱਤੀ ਹੈ ਅਤੇ ਉਨ੍ਹਾਂ ਨੂੰ ਮੈਟਫਾਰਮਿਨ ਦੇਣੀ ਸ਼ੁਰੂ ਕਰ ਦਿੱਤੀ ਹੈ; ਇਹ ਇੱਕ ਅਜਿਹੀ ਗੋਲੀ ਹੈ ਜਿਸ ਦੀ ਵਰਤੋਂ ਅਕਸਰ ਟਾਈਪ 2 ਡਾਇਬੀਟੀਜ਼ ਦੇ ਇਲਾਜ ਲਈ ਕੀਤੀ ਜਾਂਦੀ ਹੈ।
ਉਹ ਕਹਿੰਦੇ ਹਨ ਕਿ ਉਨ੍ਹਾਂ ਦੀ ਸਿਹਤ ਵਿੱਚ ਜ਼ਬਰਦਸਤ ਸੁਧਾਰ ਹੋਇਆ ਹੈ, ਉਸ ਦੀ ਨਜ਼ਰ ਸਾਫ਼ ਹੋ ਗਈ ਹੈ ਅਤੇ ਉਨ੍ਹਾਂ ਦਾ ਵਜ਼ਨ ਵੀ ਮੁੜ ਵਧ ਗਿਆ ਹੈ।
ਉਹ ਕਹਿੰਦੇ ਹਨ, “ਮੈਂ ਬਹੁਤ ਕਮਜ਼ੋਰ ਮਹਿਸੂਸ ਕਰ ਰਹੀ ਸੀ। ਪਰ ਹੁਣ ਮੈਂ ਆਪਣੇ ਆਪ ਨੂੰ ਕਿਤੇ ਵੱਧ ਮਜ਼ਬੂਤ ਮਹਿਸੂਸ ਕਰਦੀ ਹਾਂ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI







