Home ਰਾਸ਼ਟਰੀ ਖ਼ਬਰਾਂ ਟੈਲੀਗ੍ਰਾਫ ਦੇ ਸੰਪਾਦਕ ਦਾ ਵੋਟਰ ਲਿਸਟ ਤੋਂ ਨਾਮ ਹਟਣ ਬਾਅਦ ਉਨ੍ਹਾਂ ਦਾ...

ਟੈਲੀਗ੍ਰਾਫ ਦੇ ਸੰਪਾਦਕ ਦਾ ਵੋਟਰ ਲਿਸਟ ਤੋਂ ਨਾਮ ਹਟਣ ਬਾਅਦ ਉਨ੍ਹਾਂ ਦਾ ਪਾਸਪੋਰਟ ਵੈਰੀਫਿਕੇਸ਼ਨ ਵੀ ਲਟਕਿਆ, ਬੋਲੇ, ‘ਮੈਨੂੰ ਅਧੂਰੇ ਨਾਗਰਿਕ ਜਿਹਾ ਮਹਿਸੂਸ ਹੁੰਦਾ ਹੈ’

4
0

Source :- BBC PUNJABI

ਆਰ.ਰਾਜਾਗੋਪਾਲ

ਤਸਵੀਰ ਸਰੋਤ, Kerala Literature Festival

ਕੋਲਕਾਤਾ ਤੋਂ ਪ੍ਰਕਾਸ਼ਿਤ ਹੋਣ ਵਾਲੇ ਅੰਗਰੇਜ਼ੀ ਦੈਨਿਕ ਅਖ਼ਬਾਰ ਦ ਟੈਲੀਗ੍ਰਾਫ ਦੇ ਸਾਬਕਾ ਸੰਪਾਦਕ ਆਰ ਰਾਜਾਗੋਪਾਲ ਨੇ ਐਸਆਈਆਰ ਵਿੱਚ ਵੋਟਰ ਸੂਚੀ ਤੋਂ ਨਾਮ ਹਟਾਏ ਜਾਣ ਅਤੇ ਪਾਸਪੋਰਟ ਵੈਰੀਫਿਕੇਸ਼ਨ ਪੈਂਡਿੰਗ ਹੋਣ ਨੂੰ ਅਪਮਾਨਜਨਕ ਦੱਸਿਆ ਹੈ।

ਆਰ.ਰਾਜਾਗੋਪਾਲ ਨੇ ਬੀਬੀਸੀ ਨੂੰ ਕਿਹਾ, “ਅਚਾਨਕ ਮਤਦਾਤਾ ਸੂਚੀ ਤੋਂ ਨਾਮ ਹਟਾ ਦਿੱਤਾ ਜਾਵੇ ਅਤੇ ਕਿਹਾ ਜਾਵੇ ਕਿ ਤੁਸੀਂ ਵੋਟ ਨਹੀਂ ਪਾ ਸਕਦੇ, ਇੱਕ ਨਾਗਰਿਕ ਲਈ ਇਸ ਤੋਂ ਜ਼ਿਆਦਾ ਅਪਮਾਨਜਨਕ ਸ਼ਾਇਦ ਕੁਝ ਨਹੀਂ ਹੋ ਸਕਦਾ। ਮਤਦਾਨ ਤੁਹਾਡਾ ਸਭ ਤੋਂ ਪਵਿੱਤਰ ਅਧਿਕਾਰ ਹੈ।”

ਵੋਟਰ ਸੂਚੀ ਤੋਂ ਨਾਮ ਹਟਾਏ ਜਾਣ ਬਾਅਦ ਰਾਜਾਗੋਪਾਲ ਦਾ ਪਾਸਪੋਰਟ ਵੀ ਫ਼ਿਲਹਾਲ ਗੈਰ-ਕਾਨੂੰਨੀ ਹੋ ਗਿਆ ਹੈ।

ਪਿਛਲੇ ਸਾਲ ਅਕਤੂਬਰ ਵਿੱਚ ਚੋਣ ਕਮਿਸ਼ਨ ਨੇ ਪੱਛਮੀ ਬੰਗਾਲ ਸਮੇਤ ਨੌ ਰਾਜਾਂ ਅਤੇ ਤਿੰਨ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੋਟਰ ਸੂਚੀ ਦਾ ਸਪੈਸ਼ਲ ਇੰਟੈਸਿਵ ਰਿਵੀਜ਼ਨ ਯਾਨੀ ਐਸ.ਆਈ.ਆਰ ਸ਼ੁਰੂ ਕੀਤਾ ਸੀ।

ਚੋਣ ਕਮਿਸ਼ਨ ਮੁਤਾਬਕ, ਇਸ ਦਾ ਮਕਸਦ ਇਹ ਸੁਨਿਸ਼ਚਿਤ ਕਰਨਾ ਸੀ ਕਿ ਕੋਈ ਅਯੋਗ ਵੋਟਰ ਸੂਚੀ ਵਿੱਚ ਸ਼ਾਮਲ ਨਾ ਹੋਵੇ ਅਤੇ ਕੋਈ ਯੋਗ ਵੋਟਰ ਬਾਹਰ ਨਾ ਰਹਿ ਜਾਵੇ।

ਹਾਲਾਂਕਿ ਪੜਤਾਲ ਪ੍ਰਕਿਰਿਆ ਦੀ ਸਟੀਕਤਾ ‘ਤੇ ਸਵਾਲ ਉੱਠੇ ਕਿਉਂਕਿ ਲਾਜੀਕਲ ਡਿਸਕ੍ਰਿਪੈਂਸੀ ਯਾਨੀ ਤਾਰਕਿਕ ਵਿਸੰਗਤੀਆਂ ਦੇ ਅਧਾਰ ‘ਤੇ ਲਗਭਗ 60 ਲੱਖ ਵੋਟਰਾਂ ਦੀ ਵੱਖਰੇ ਤੌਰ ‘ਤੇ ਜਾਂਚ ਕੀਤੀ ਗਈ।

ਇਨ੍ਹਾਂ ਵਿੱਚੋ 27 ਲੱਖ ਤੋਂ ਜ਼ਿਆਦਾ ਮਤ-ਦਾਤਾਵਾਂ ਦੇ ਨਾਮ ਇੱਕ ਅਹਿਮ ਸੂਬੇ ਵਿੱਚ ਚੋਣਾਂ ਤੋਂ ਪਹਿਲਾਂ ਵੋਟਰ ਲਿਸਟ ਤੋਂ ਹਟਾ ਦਿੱਤੇ ਗਏ। ਰਾਜਾਗੋਪਾਲ ਵੀ ਉਨ੍ਹਾਂ ਵਿੱਚ ਹੀ ਸ਼ਾਮਲ ਸਨ।

ਉਨ੍ਹਾਂ ਨੇ ਕਿਹਾ ਕਿ ਮਤਦਾਤਾ ਵਜੋਂ ਅਯੋਗ ਐਲਾਨੇ ਜਾਣ ਖ਼ਿਲਾਫ਼ ਉਨ੍ਹਾਂ ਦੀ ਅਪੀਲ ਫ਼ਿਲਹਾਲ ਟ੍ਰਿਬਿਊਨਲ ਵਿੱਚ ਲੰਬਿਤ ਹੈ।

ਮੇਰੀ ਨਾਗਰਿਕਤਾ ਨੂੰ ਸ਼ੱਕੀ ਬਣਾ ਦਿੱਤਾ ਗਿਆ

 ਵੋਟਰ ਸੂਚੀ ਸੋਧ ਪ੍ਰਕਿਰਿਆ ਦੀ ਇੱਕ ਤਸਵੀਰ।

ਤਸਵੀਰ ਸਰੋਤ, AFP via Getty Images

ਉਨ੍ਹਾਂ ਦਾ ਪਾਸਪੋਰਟ ਰੀਨੀਊ ਹੋਣਾ ਵੀ ਪੈਂਡਿੰਗ ਹੈ। ਰਾਜਾਗੋਪਾਲ ਦਾ ਕਹਿਣਾ ਹੈ ਕਿ ਪਾਸਪੋਰਟ ਨਵੀਨੀਕਰਨ ਲਈ ਬਾਇਓਮੀਟ੍ਰਿਕ ਪ੍ਰਕਿਰਿਆ ਪੂਰੀ ਕੀਤੇ ਹੋਏ 100 ਦਿਨ ਤੋਂ ਜ਼ਿਆਦਾ ਹੋ ਚੁੱਕੇ ਹਨ।

ਉਨ੍ਹਾਂ ਨੇ ਦੱਸਿਆ ਕਿ ਪਾਸਪੋਰਟ ਜਾਰੀ ਕਰਨ ਵਾਲੀ ਅਥਾਰਟੀ ਨੇ ਉਨ੍ਹਾਂ ਨੂੰ ਸੂਚਿਤ ਕੀਤਾ ਕਿ ਕੋਲਕਾਤਾ ਪੁਲਿਸ ਨੇ ਪ੍ਰਤੀਕੂਲ ਰਿਪੋਰਟ ਭੇਜੀ ਹੈ ਜਿਸ ਵਿੱਚ ਮਤਦਾਤਾ ਸੂਚੀ ਤੋਂ ਨਾਮ ਹਟਣ ਦਾ ਹਵਾਲਾ ਦਿੱਤਾ ਗਿਆ ਹੈ।

ਉਨ੍ਹਾਂ ਨੇ ਕਿਹਾ, “ਮੈਨੂੰ ਅਜਿਹਾ ਲਗਦਾ ਹੈ ਕਿ ਮੇਰੀ ਨਾਗਰਿਕਤਾ ਨੂੰ ਲੈ ਕੇ ਅਨਿਸ਼ਚਿਤਤਾ ਪੈਦਾ ਕਰ ਦਿੱਤੀ ਗਈ ਹੈ। ਮੈਨੂੰ ਅਧੂਰੇ ਨਾਗਰਿਕ ਜਿਹਾ ਮਹਿਸੂਸ ਹੁੰਦਾ ਹੈ।”

ਰਾਜਾਗੋਪਾਲ ਨੇ ਸਪਸ਼ਟ ਕੀਤਾ ਕਿ ਉਨ੍ਹਾਂ ਦੀ ਅਰਜ਼ੀ ‘ਤੇ ਸ਼ੱਕ ਪਾਸਪੋਰਟ ਅਥਾਰਟੀ ਨੇ ਨਹੀਂ ਬਲਕਿ ਪੁਲਿਸ ਨੇ ਜਤਾਇਆ।

ਉਨ੍ਹਾਂ ਮੁਤਾਬਕ, ਪੁਲਿਸ ਨੇ ਕਿਹਾ ਕਿ ਜਦੋਂ ਤੱਕ ਉਨ੍ਹਾਂ ਦਾ ਨਾਮ ਮਤਦਾਤਾ ਸੂਚੀ ਵਿੱਚ ਬਹਾਲ ਨਹੀਂ ਹੁੰਦਾ, ਪੁਲਿਸ ਵੈਰੀਫਿਕੇਸ਼ਨ ਕਲੀਅਰ ਨਹੀਂ ਕੀਤੀ ਜਾਏਗੀ।

ਰਾਜਾਗੋਪਾਲ ਨੇ ਪੁੱਛਿਆ ਕਿ ਇਹ ਫ਼ੈਸਲਾ ਕਿਸ ਕਾਨੂੰਨ, ਸਰਕਾਰੀ ਹੁਕਮ ਜਾਂ ਮੈਮੋ ਦੇ ਅਧਾਰ ‘ਤੇ ਲਿਆ ਗਿਆ ਹੈ ਕਿਉਂਕਿ ਪਾਸਪੋਰਟ ਪੋਰਟਲ ‘ਤੇ ਕਿਤੇ ਵੀ ਮਤਦਾਤਾ ਪਛਾਣ ਪੱਤਰ ਜ਼ਰੂਰੀ ਨਹੀਂ ਦੱਸਿਆ ਗਿਆ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਨੇ ਉਨ੍ਹਾਂ ਦੇ ਸਵਾਲਾਂ ਦਾ ਸਿੱਧਾ ਜਵਾਬ ਨਹੀਂ ਦਿੱਤਾ।

ਆਰ ਰਾਜਾਗੋਪਾਲ ਦਾ ਬਿਆਨ

ਇਸ ਤੋਂ ਬਾਅਦ ਕੋਲਕਾਤਾ ਖੇਤਰੀ ਪਾਸਪੋਰਟ ਕਾਰਜਕਾਲ ਨੇ 17 ਜੂਨ ਨੂੰ ਉਨ੍ਹਾਂ ਨੂੰ ਦੱਸਿਆ ਕਿ ਪੁਲਿਸ ਤੋਂ ਐਡਵਰਸ ਰਿਪੋਰਟ ਮਿਲੀ ਹੈ, ਜਿਸ ਵਿੱਚ ਐਸਆਈਆਰ ਤਹਿਤ ਨਾਮ ਹਟਣ ਦਾ ਜ਼ਿਕਰ ਹੈ।

ਰਾਜਾਗੋਪਾਲ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਫਿਰ ਖੇਤਰੀ ਪਾਸਪੋਰਟ ਕਾਰਜਕਾਲ ਬੁਲਾਇਆ ਗਿਆ, ਪਰ ਇਹ ਨਹੀਂ ਦੱਸਿਆ ਗਿਆ ਕਿ ਕਿਹੜੇ ਦਸਤਾਵੇਜ਼ ਨਾਲ ਲਿਆਉਣੇ ਹਨ ਜਾਂ ਦੁਬਾਰਾ ਕਿਉਂ ਬੁਲਾਇਆ ਜਾ ਰਿਹਾ ਹੈ।

ਇਹ ਉਨ੍ਹਾਂ ਸ਼ੁਰੂਆਤੀ ਜਾਣੇ ਪਛਾਣੇ ਮਾਮਲਿਆਂ ਵਿਚੋਂ ਇੱਕ ਹੈ, ਜਿੱਥੇ ਮਤਦਾਤਾ ਸੂਚੀ ਤੋਂ ਨਾਮ ਹਟਣ ਦਾ ਅਸਰ ਕਿਸੇ ਹੋਰ ਸਰਕਾਰੀ ਪਛਾਣ ਪੱਤਰ ਨੂੰ ਹਾਸਿਲ ਕਰਨ ਜਾਂ ਨਵੀਨੀਕਰਨ ਦੀ ਪ੍ਰਕਿਰਿਆ ‘ਤੇ ਪੈਂਦਾ ਦਿਸ ਰਿਹਾ ਹੈ।

ਹਾਲ ਹੀ ਵਿੱਚ ਵਿਦੇਸ਼ ਮੰਤਰਾਲੇ ਨੇ ਸਪਸ਼ਟ ਕੀਤਾ ਸੀ ਕਿ ਪਾਸਪੋਰਟ ਇੱਕ ਯਾਤਰਾ ਦਸਤਾਵੇਜ਼ ਹੈ, ਨਾਗਰਿਕਤਾ ਦਾ ਅੰਤਿਮ ਪ੍ਰਮਾਣ ਨਹੀਂ।

ਵੋਟਰ ਲਿਸਟ ਤੋਂ ਨਾਮ ਹਟਣ ਬਾਅਦ ਨਾਗਰਿਕਤਾ ਹੋਈ ਸ਼ੱਕੀ

ਉਂਗਲੀ 'ਤੇ ਵੋਟ ਦਾ ਨਿਸ਼ਾਨ ਦਿਖਾਉਂਦੀ ਹੋਈ ਬਜ਼ੁਰਗ ਮਹਿਲਾ।

ਤਸਵੀਰ ਸਰੋਤ, Getty Images

ਸੁਪਰੀਮ ਕੋਰਟ ਵੀ ਪਹਿਲਾਂ ਕਹਿ ਚੁੱਕਿਆ ਹੈ ਕਿ ਚੋਣ ਕਮਿਸ਼ਨ ਵੋਟਰ ਦੀ ਯੋਗਤਾ ਦੀ ਜਾਂਚ ਕਰਨ ਤੋਂ ਅੱਗੇ ਜਾ ਕੇ ਕਿਸੇ ਵਿਅਕਤੀ ਦੀ ਨਾਗਰਿਕਤਾ ਤੈਅ ਨਹੀਂ ਕਰ ਸਕਦਾ।

ਪੱਛਮੀ ਬੰਗਾਲ ਦੀ ਨਵੀਂ ਬੀਜੇਪੀ ਸਰਕਾਰ ਦੀ ਮੰਤਰੀ ਅਗਨੀਮਿੱਤਰਾ ਪਾਲ ਨੇ ਕਿਹਾ ਹੈ ਕਿ ਐਸ.ਆਈ.ਆਰ ਵਿੱਚ ਜਿਨ੍ਹਾਂ ਲੋਕਾਂ ਦੇ ਨਾਮ ਵੋਟਰ ਸੂਚੀ ਵਿੱਚੋਂ ਹਟਾਏ ਗਏ ਹਨ, ਉਨ੍ਹਾਂ ਨੂੰ ਅੰਨਪੂਰਨਾ ਭੰਡਾਰ ਯੋਜਨਾ ਦਾ ਲਾਭ ਨਹੀਂ ਮਿਲੇਗਾ। ਹਾਲਾਂਕਿ, ਜਿਨ੍ਹਾਂ ਦੀ ਅਪੀਲ ਲੰਬਿਤ ਹੈ ਜਾਂ ਜਿਨ੍ਹਾਂ ਨੇ ਨਾਗਰਿਕਤਾ ਸੋਧ ਕਾਨੂੰਨ ਤਹਿਤ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਇਹ ਲਾਭ ਮਿਲਦਾ ਰਹੇਗਾ।

ਰਾਜਾਗੋਪਾਲ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਆਪਬੀਤੀ ਇਸ ਲਈ ਜਨਤਕ ਕੀਤੀ ਕਿਉਂਕਿ ਦਿੱਲੀ ਸਥਿਤ ਇੱਕ ਮੀਡੀਆ ਸੰਗਠਨ ਨੇ ਉਨ੍ਹਾਂ ਨੂੰ ਪੱਤਰਕਾਰਤਾ ਪੁਰਸਕਾਰ ਦੀ ਜਿਊਰੀ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ, ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ।

ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਦੇਖ ਕੇ ਝਟਕਾ ਲੱਗਿਆ ਕਿ ਮੀਡੀਆ ਦਾ ਵੱਡਾ ਹਿੱਸਾ ਇਸ ਪ੍ਰਕਿਰਿਆ ਨਾਲ ਆਮ ਲੋਕਾਂ ‘ਤੇ ਪਏ ਅਸਰ ਤੋਂ ਅਣਜਾਣ ਹੈ ਕਿਉਂਕਿ ਉਹ ਖੁਦ ਇਸ ਤੋਂ ਪ੍ਰਭਾਵਿਤ ਨਹੀਂ ਹੋਏ।

ਉਨ੍ਹਾਂ ਨੇ ਕਿਹਾ, “ਮੈਂ ਬੇਹਦ ਮਾਮੂਲੀ ਕਾਗਜ਼ੀ ਕੰਮਾਂ ਵਿੱਚ ਉਲਝਿਆ ਹਾਂ ਜਿਵੇਂ 1958 ਦੀ ਆਪਣੇ ਪਿਤਾ ਦੀ ਮਾਰਕਸ਼ੀਟ ਲੱਭਣਾ, ਮਾਂ ਦੀ ਜਨਮ ਮਿਤੀ ਦੇ ਦਸਤਾਵੇਜ਼ ਦਿਖਾਉਣਾ।”

ਉਨ੍ਹਾਂ ਨੇ ਕਿਹਾ ਕਿ ਦਿਨ ਦਾ ਜ਼ਿਆਦਾਤਰ ਸਮਾਂ ਦਸਤਾਵੇਜ਼ ਸਕੈਨ ਕਰਨ ਅਤੇ ਲੱਭਣ ਵਿੱਚ ਨਿਕਲ ਰਿਹਾ ਹੈ।

ਆਰ ਰਾਜਾਗੋਪਾਲ ਦਾ ਬਿਆਨ

ਰਾਜਾਗੋਪਾਲ ਨੇ ਦੱਸਿਆ ਕਿ ਨਾਗਰਿਕਤਾ ਸਾਬਿਤ ਕਰਨ ਲਈ ਦਸਤਾਵੇਜ਼ ਲੱਭਦਿਆਂ ਉਨ੍ਹਾਂ ਨੂੰ ਆਪਣਾ ਜਨਮ ਪ੍ਰਮਾਣ ਪੱਤਰ ਮਿਲਿਆ, ਜਿਸ ਵਿੱਚ ਉਨ੍ਹਾਂ ਦੀ ਮਾਂ ਦੇ ਉਪਨਾਮ ਵਿੱਚ ਫਰਕ ਸੀ।

ਉਨ੍ਹਾਂ ਕਿਹਾ, “ਮੇਰੀ ਮਾਂ ਦਾ ਨਾਮ ਰਾਧਾ ਦੇਵੀ ਹੈ, ਪਰ ਉੱਥੇ ਰਾਧਾ ਬਾਈ ਲਿਖਿਆ ਹੋਇਆ ਸੀ। ਸਿਰਫ਼ ਬਾਈ ਨੂੰ ਦੇਵੀ ਕਰਾਉਣ ਲਈ ਮੈਨੂੰ ਮਾਂ ਦਾ ਮੈਟ੍ਰਿਕ ਪ੍ਰਮਾਣ ਪੱਤਰ ਚਾਹੀਦਾ ਹੈ।”

ਉਨ੍ਹਾਂ ਨੇ ਦੱਸਿਆ ਕਿ ਸਕੂਲ ਨੇ ਮਦਦ ਕੀਤੀ ਹੈ ਪਰ ਮਾਂ ਦੀ ਮੌਤ ਕਾਰਨ ਸਰਟੀਫਿਕੇਟ ਹਾਸਿਲ ਕਰਨ ਦੀ ਪ੍ਰਕਿਰਿਆ ਸੌਖੀ ਨਹੀਂ ਹੈ।

ਰਾਜਾਗੋਪਾਲ ਨੇ ਕਿਹਾ ਕਿ ਉਨ੍ਹਾਂ ਦੇ ਦਿਨ ਹੁਣ ਬੇਹੱਦ ਲੰਬੇ ਅਤੇ ਥਕਾਊ ਹੋ ਗਏ ਹਨ।

ਉਹ ਲਗਾਤਾਰ ਆਪਣੇ ਪਾਸਪੋਰਟ ਦੀ ਸਥਿਤੀ ਮਤਦਾਤਾ ਅਪੀਲ ਦੀ ਸਥਿਤੀ ਅਤੇ ਉਨ੍ਹਾਂ ਦਸਤਾਵੇਜ਼ਾਂ ਨੂੰ ਲੱਭਣ ਵਿੱਚ ਲੱਗੇ ਰਹਿੰਦੇ ਹਨ ਜੋ ਇਹ ਸਾਬਿਤ ਕਰ ਸਕਣ ਉਹ ਭਾਰਤੀ ਨਾਗਰਿਕ ਹਨ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI