Source :- BBC PUNJABI

ਤਸਵੀਰ ਸਰੋਤ, Rupa Publications
ਮੱਧ ਪ੍ਰਦੇਸ਼ ਦੇ ਭਿੰਡ ਸ਼ਹਿਰ ਦੀ ਇੱਕ ਮਸ਼ਹੂਰ ਕਹਾਣੀ ਹੈ। ਇੱਕ ਵਾਰ ਉੱਥੇ ਬਹੁਤ ਸੋਕਾ ਪਿਆ ਸੀ ਜਿਸ ਕਰਕੇ ਪਿੰਡ ਰਾਮਪੁਰ ਦੀ ਸਾਰੀ ਖੜ੍ਹੀ ਫ਼ਸਲ ਸੁੱਕ ਗਈ।
ਅਚਾਨਕ ਅੱਠ ਬੈਲ ਗੱਡੀਆਂ ਉਸ ਪਿੰਡ ਵਿੱਚ ਆ ਕੇ ਰੁਕੀਆਂ। ਇਨ੍ਹਾਂ ਉੱਤੇ ਲੱਦੀਆਂ ਬੋਰੀਆਂ ਵਿੱਚ ਕਣਕ ਭਰੀ ਹੋਈ ਸੀ। ਗੱਡੀ ਵਾਲਾ ਇੱਕ ਸਧਾਰਣ ਜਿਹਾ ਸੁਨੇਹਾ ਲੈ ਕੇ ਆਇਆ ਸੀ – ‘ਮਾਨ ਸਿੰਘ ਦੇ ਵੱਲੋਂ’
ਕੈਨੇਥ ਐਂਡਰਸਨ ਆਪਣੀ ਕਿਤਾਬ ‘ਟੇਲਜ਼ ਆਫ਼ ਮਾਨ ਸਿੰਘ, ਕਿੰਗ ਆਫ਼ ਇੰਡੀਅਨ ਡਕੋਇਟਸ’ ਵਿੱਚ ਲਿਖਦੇ ਹਨ, “ਉਸ ਵੇਲੇ ਭਾਰਤ ਸਰਕਾਰ ਨੇ ਮਾਨ ਸਿੰਘ ਨੂੰ ਜ਼ਿੰਦਾ ਜਾਂ ਮੁਰਦਾ ਫੜਨ ‘ਤੇ 15 ਹਜ਼ਾਰ ਰੁਪਏ ਦਾ ਇਨਾਮ ਰੱਖਿਆ ਸੀ। ਮਾਨ ਸਿੰਘ ‘ਤੇ ਲਗਭਗ ਦੋ ਸੌ ਕਤਲਾਂ ਅਤੇ ਅਣਗਿਣਤ ਡਕੈਤੀਆਂ ਦੇ ਇਲਜ਼ਾਮ ਸਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਫੜਿਆ ਨਹੀਂ ਜਾ ਸਕਿਆ ਕਿਉਂਕਿ ਕੋਈ ਵੀ ਉਸ ਦੇ ਵਿਰੁੱਧ ਜਾਣਕਾਰੀ ਦੇਣ ਲਈ ਅੱਗੇ ਨਹੀਂ ਆਇਆ।”
ਪੁਲਿਸ ਨੇ ਉਨ੍ਹਾਂ ਬੈਲਗੱਡੀਆਂ ਦੇ ਮਾਲਕਾਂ ਤੋਂ ਵਿਸਥਾਰ ਨਾਲ ਪੁੱਛਗਿੱਛ ਕੀਤੀ। ਉਨ੍ਹਾਂ ਨੂੰ ਸਿਰਫ਼ ਇਹ ਪਤਾ ਲੱਗਾ ਕਿ ਇੱਕ ਹਫ਼ਤਾ ਪਹਿਲਾਂ ਇੱਕ ਵਿਅਕਤੀ ਨੇ ਉਨ੍ਹਾਂ ਨਾਲ ਸੰਪਰਕ ਕੀਤਾ ਸੀ ਅਤੇ ਉਨ੍ਹਾਂ ਨੂੰ 40 ਮੀਲ ਦੂਰ ਇੱਕ ਰੇਲਵੇ ਸਟੇਸ਼ਨ ਉੱੱਤੇ ਜਾਣ ਲਈ ਕਿਹਾ ਸੀ ਜਿੱਥੇ ਰਾਮਪੁਰ ਲਿਜਾਣ ਲਈ ਇੱਕ ਮਾਲ ਗੱਡੀ ਦੇ ਡੱਬੇ ਵਿੱਚ ਅਨਾਜ ਦੀਆਂ ਕੁਝ ਬੋਰੀਆਂ ਰੱਖੀਆਂ ਗਈਆਂ ਸਨ। ਇਸ ਕੰਮ ਲਈ ਉਨ੍ਹਾਂ ਨੂੰ 20 ਰੁਪਏ ਪ੍ਰਤੀ ਬੈਲਗੱਡੀ ਦੇ ਹਿਸਾਬ ਨਾਲ 160 ਰੁਪਏ ਦਿੱਤੇ ਗਏ।
ਕੈਨੇਥ ਲਿਖਦੇ ਹਨ, “ਉਸ ਵਿਅਕਤੀ ਨੇ ਗੱਡੀ ਚਲਾਉਣ ਵਾਲੇ ਦੇ ਕੰਨਾਂ ਵਿੱਚ ਮਾਨ ਸਿੰਘ ਦਾ ਨਾਮ ਲਿਆ ਸੀ ਅਤੇ ਇਹ ਵੀ ਕਿਹਾ ਸੀ ਕਿ ਜੇਕਰ ਉਨ੍ਹਾਂ ਨੇ ਇੱਕ ਹਫ਼ਤੇ ਦੇ ਅੰਦਰ ਕੰਮ ਪੂਰਾ ਨਹੀਂ ਕੀਤਾ, ਤਾਂ ਉਹ ਅਗਲੇ ਹਫ਼ਤੇ ਦੇ ਪਹਿਲੇ ਦਿਨ ਦਾ ਸੂਰਜ ਨਹੀਂ ਦੇਖ ਸਕਣਗੇ, ਇਸ ਲਈ ਉਨ੍ਹਾਂ ਨੇ ਛੇਵੇਂ ਦਿਨ ਉਹ ਹੀ ਸਾਮਾਨ ਰਾਮਪੁਰ ਪਹੁੰਚਾ ਦਿੱਤਾ ਸੀ।”

ਤਸਵੀਰ ਸਰੋਤ, Rupa Publications
ਟਾਈਮ ਅਖ਼ਬਾਰ ਉੱਤੇ ਚਰਚਾ
ਅਜਿਹਾ ਬਹੁਤ ਘੱਟ ਹੁੰਦਾ ਹੈ ਜਦੋਂ ਕੋਈ ਕੌਮਾਂਤਰੀ ਪ੍ਰਸਿੱਧੀ ਵਾਲਾ ਕੋਈ ਵਿਦੇਸ਼ੀ ਮੈਗਜ਼ੀਨ ਕਿਸੇ ਡਾਕੂ ਦੀ ਮੌਤ ਨੂੰ ਕਵਰੇਜ ਦੇਵੇ।
ਟਾਈਮ ਮੈਗਜ਼ੀਨ ਨੇ ਆਪਣੇ 5 ਸਤੰਬਰ, 1955 ਦੇ ਅੰਕ ਵਿੱਚ ‘ਇੰਡੀਆ: ਡੈੱਡ ਮੈਨ’ ਸਿਰਲੇਖ ਵਾਲੇ ਇੱਕ ਲੇਖ ਵਿੱਚ ਲਿਖਿਆ, “ਦਿੱਲੀ ਦੇ ਦੱਖਣ ਵਿੱਚ ਪੈਂਦੇ ਚਾਰ ਸੂਬਿਆਂ ਵਿੱਚ ਡਾਕੂ ਮਾਨ ਸਿੰਘ ਜਿੰਨਾ ਸਤਿਕਾਰ ਅਤੇ ਇੱਜ਼ਤ ਕਿਸੇ ਦੀ ਨਹੀਂ ਸੀ। ਉਨ੍ਹਾਂ ਦੇ ਪੋਤੇ ਦੇ ਵਿਆਹ ਉੱਤੇ ਦਿੱਤੀ ਗਈ ਦਾਅਵਤ ਵਿੱਚ ਇਲਾਕੇ ਦੇ ਕਈ ਰਾਜਿਆਂ ਅਤੇ ਜ਼ਿਮੀਂਦਾਰਾਂ ਨੇ ਸ਼ਮੂਲੀਅਤ ਕੀਤੀ ਸੀ।”
ਸਨ 1952 ਵਿੱਚ ਸਰਕਾਰ ਦੀ ਬਣਾਈ ਗਈ ਮੁਰੈਨਾ ਕ੍ਰਾਈਮ ਇਨਕੁਆਰੀ ਕਮੇਟੀ ਨੇ ਵੀ ਆਪਣੀ ਰਿਪੋਰਟ ਵਿੱਚ ਲਿਖਿਆ ਸੀ ਕਿ ਮਾਨ ਸਿੰਘ ਵਿੱਚ ਕੋਈ ‘ਨਿੱਜੀ ਔਗੁਣ’ ਨਹੀਂ ਸਨ।
ਇਸ ਦੇ ਬਾਵਜੂਦ ਮੱਧ ਭਾਰਤ ਦੀਆਂ ਪੁਲਿਸ ਫਾਈਲਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਸੀ, ਜਿਸ ਵਿੱਚ ਕਾਗਜ਼ਾਂ ਵਿੱਚ ਦਰਜ ਸੀ ਕਿ ਮਾਨ ਸਿੰਘ ਨੇ 27 ਸਾਲਾਂ ਵਿੱਚ ਸੈਂਕੜੇ ਕਤਲ ਅਤੇ ਹਜ਼ਾਰਾਂ ਡਕੈਤੀਆਂ ਕੀਤੀਆਂ ਸਨ।
ਟਾਈਮ ਮੈਗਜ਼ੀਨ ਨੇ ਆਪਣੇ ਲੇਖ ਵਿੱਚ ਲਿਖਿਆ, “ਇਹ ਇੱਕ ਅਜੀਬ ਗੱਲ ਸੀ ਕਿ ਆਮ ਲੋਕਾਂ ਦੇ ਮਨ ਵਿੱਚ ਮਾਨ ਸਿੰਘ ਦਾ ਸਤਿਕਾਰ ਹੋਣ ਦੇ ਨਾਲ-ਨਾਲ ਖੌਫ਼ ਵੀ ਸੀ। ਰੌਬਿਨ ਹੁੱਡ ਦੇ ਵਾਂਗ ਮਾਨ ਸਿੰਘ ਕਦੇ ਇੱਕ ਸ਼ਰੀਫ਼ ਇਨਸਾਨ ਹੋਇਆ ਕਰਦੇ ਸਨ।”

ਤਸਵੀਰ ਸਰੋਤ, Social Media
ਚਾਰ ਸੂਬਿਆਂ ਦੀ ਪੁਲਿਸ
ਮਾਨ ਸਿੰਘ ਬਾਰੇ ਕਿਹਾ ਜਾਂਦਾ ਸੀ ਕਿ ਚਾਰ ਸੂਬਿਆਂ ਦੇ 1700 ਪੁਲਿਸ ਮੁਲਾਜ਼ਮਾਂ ਨੇ 15 ਸਾਲਾਂ ਤੱਕ 8000 ਵਰਗ ਮੀਲ ਦੇ ਖ਼ੇਤਰ ਦੇ ਇਲਾਕੇ ਵਿੱਚ ਉਸ ਦਾ ਪਿੱਛਾ ਕੀਤਾ। ਪੁਲਿਸ ਨਾਲ ਹੋਏ ਲਗਭਗ 80 ਮੁਕਾਬਲਿਆਂ ਵਿੱਚ ਪੁਲਿਸ ਦੇ ਹੱਥ ਅਸਫ਼ਲਤਾ ਆਈ।
ਮਾਨ ਸਿੰਘ ਨੂੰ ਫੜਨ ਲਈ ਪੁਲਿਸ ਨੇ ਉਨ੍ਹਾਂ ਵੇਲਿਆਂ ਵਿੱਚ 1.5 ਕਰੋੜ ਰੁਪਏ ਖਰਚ ਕੀਤੇ। ਇਸ ਉਸ ਸਮੇਂ ਦੀ ਇੱਕ ਵੱਡੀ ਰਕਮ ਸੀ।
ਮੁਰੈਨਾ ਕ੍ਰਾਈਮ ਇਨਵੈਸਟੀਗੇਸ਼ਨ ਕਮੇਟੀ ਨੇ ਆਪਣੀ ਰਿਪੋਰਟ ਵਿੱਚ ਲਿਖਿਆ, “ਲੋਕ ਮਾਨ ਸਿੰਘ ਬਾਰੇ ਕਹਾਣੀਆਂ ਸੁਣਾਉਂਦੇ ਹਨ ਕਿ ਕਿਵੇਂ ਉਸ ਨੇ ਮੁਖ਼ਬਰਾਂ ਅਤੇ ਪੁਲਿਸ ਵਾਲਿਆਂ ਦਾ ਉਦੋਂ ਹੀ ਕਤਲ ਕੀਤਾ ਜਦੋਂ ਉਹ ਉਸ ਦੇ ਪਿੱਛੇ ਲੱਗ ਗਏ। ਉਸਨੇ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਅਗਵਾ ਕੀਤਾ ਜਿਨ੍ਹਾਂ ਕੋਲ ਕਾਫੀ ਪੈਸਾ ਸੀ। ਉਸਨੇ ਸਕੂਲ ਦੀ ਇਮਾਰਤ ਲਈ ਪੈਸੇ ਇਕੱਠੇ ਕਰਨ ਲਈ ਜ਼ਮੀਨ ਮਾਲਕਾਂ ਨਾਲ ਜ਼ਬਰਦਸਤੀ ਕੀਤੀ।”
ਕੈਨੇਥ ਐਂਡਰਸਨ ਲਿਖਦੇ ਹਨ, “ਮਾਨ ਸਿੰਘ ਬਾਰੇ ਕਿਹਾ ਜਾਂਦਾ ਹੈ ਕਿ ਉਹ ਸ਼ਰਾਬ ਨਹੀਂ ਪੀਂਦਾ ਸੀ ਅਤੇ ਇੱਕ ਪੱਕਾ ਸ਼ਾਕਾਹਾਰੀ ਸੀ। ਉਹ ਬਹੁਤ ਧਾਰਮਿਕ ਵਿਅਕਤੀ ਸੀ ਅਤੇ ਸਵੇਰ ਹੋਣ ਤੋਂ ਪਹਿਲਾਂ ਦਰਿਆ ਵਿੱਚ ਨਹਾਉਂਦਾ ਸੀ। ਨਹਾਉਣ ਤੋਂ ਤੁਰੰਤ ਬਾਅਦ, ਉਹ ਕਾਲੀ ਦੇ ਮੰਦਰ ਜਾ ਕੇ ਪੂਜਾ ਕਰਦੇ ਸਨ, ਉਨ੍ਹਾਂ ਨੇ ਕਈ ਮੰਦਰ ਬਣਵਾਏ, ਜਿਨ੍ਹਾਂ ਨੂੰ ਬਣਵਾਉਣ ਦੇ ਲਈ ਪੈਸਾ ਅਮੀਰਾਂ ਨੂੰ ਲੁੱਟਣ ਤੋਂ ਬਾਅਦ ਆਇਆ ਸੀ।”
ਕਈ ਮੰਦਿਰਾਂ ਵਿੱਚ ਮਾਨ ਸਿੰਘ ਨੇ ਪਿੱਤਲ ਦੀਆਂ ਘੰਟੀਆਂ ਲਵਾਈਆਂ ਸਨ ਜਿਨ੍ਹਾਂ ਉੱਤੇ ਉਸਦਾ ਨਾਮ ਸੀ। ਉਹ ਬਟੇਸ਼ਵਰਨਾਥ ਮੰਦਿਰ ਵਿੱਚ ਹੋਣ ਵਾਲੇ ਧਾਰਮਿਕ ਸਮਾਗਮਾਂ ਵਿੱਚ ਹਿੱਸਾ ਲੈਂਦੇ ਸਨ। ਜਦੋਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਨੇ ਮੰਦਰ ਨੂੰ ਚਾਰੇ ਪਾਸਿਓਂ ਘੇਰ ਲਿਆ ਪਰ ਇਸ ਦੇ ਬਾਵਜੂਦ ਮਾਨ ਸਿੰਘ ਭੇਸ ਵਟਾ ਕੇ ਉੱਥੇ ਪਹੁੰਚ ਗਿਆ।

ਤਸਵੀਰ ਸਰੋਤ, Sheikh Mukhta
ਇੱਕ ਫਿਲਮੀ ਡਾਕੂ ਵਾਂਗ ਪ੍ਰਭਾਵਸ਼ਾਲੀ
ਮਾਨ ਸਿੰਘ ਦਾ ਜਨਮ 1890 ਵਿੱਚ ਆਗਰਾ ਦੇ ਨੇੜੇ ਰਾਠੌਰ ਖੇੜਾ ਪਿੰਡ ਵਿੱਚ ਰੱਜੇ-ਪੁੱਜੇ ਪਰਿਵਾਰ ਵਿੱਚ ਹੋਇਆ ਸੀ। ਉਨ੍ਹਾਂ ਦੇ ਪਿਤਾ ਦਾ ਨਾਮ ਬਿਹਾਰੀ ਸਿੰਘ ਸੀ ਅਤੇ ਉਹ ਪਿੰਡ ਦੇ ਸਰਪੰਚ ਸਨ। ਮਾਨ ਸਿੰਘ ਦੇ ਭਰਾ ਦਾ ਨਾਮ ਨਵਾਬ ਸਿੰਘ ਸੀ।
ਉਨ੍ਹਾਂ ਦੇ ਪਿਤਾ ਨੇ ਬਹੁਤ ਛੋਟੀ ਉਮਰ ਵਿੱਚ ਹੀ ਮਾਨ ਸਿੰਘ ਦਾ ਵਿਆਹ ਇੱਕ ਸੁੰਦਰ ਕੁੜੀ ਨਾਲ ਕਰਵਾ ਦਿੱਤਾ। ਉਨ੍ਹਾਂ ਦੇ ਚਾਰ ਪੁੱਤਰ ਹੋਏ ਜਸਵੰਤ ਸਿੰਘ, ਸੂਬੇਦਾਰ ਸਿੰਘ, ਤਹਿਸੀਲਦਾਰ ਸਿੰਘ ਅਤੇ ਧੂਮਨ ਸਿੰਘ। ਉਨ੍ਹਾਂ ਦੀ ਇੱਕ ਧੀ ਵੀ ਹੋਈ ਜਿਸ ਦਾ ਨਾਮ ਉਨ੍ਹਾਂ ਨੇ ਰਾਣੀ ਰੱਖਿਆ ਸੀ।
ਜਦੋਂ ਮਾਨ ਸਿੰਘ ਸਿਰਫ਼ 24 ਸਾਲਾਂ ਦੇ ਸਨ, ਤਾਂ ਉਨ੍ਹਾਂ ਨੂੰ ਆਪਣੇ ਪਿੰਡ ਦਾ ਸਰਪੰਚ ਅਤੇ ਆਗਰਾ ਜ਼ਿਲ੍ਹਾ ਬੋਰਡ ਦਾ ਮੈਂਬਰ ਚੁਣਿਆ ਗਿਆ। ਉਨ੍ਹਾਂ ਦੇ ਲੰਬੇ-ਚੌੜੇ ਸਰੀਰ, ਮਿਲਣਸਾਰ ਸ਼ਖਸੀਅਤ ਅਤੇ ਜਵਾਨੀ ਵੇਲੇ ਤੋਂ ਰੱਖੀ ਹੋਈ ਦਾੜ੍ਹੀ ਨੇ ਉਨ੍ਹਾਂ ਨੂੰ ਮਸ਼ਹੂਰ ਬਣਾ ਦਿੱਤਾ ਸੀ।

ਤਸਵੀਰ ਸਰੋਤ, ANI
ਡਕੈਤੀ ਬਾਰੇ ਝੂਠੀ ਰਿਪੋਰਟ
ਮਾਨ ਸਿੰਘ ਦੇ ਪਿਤਾ ਬਿਹਾਰੀ ਸਿੰਘ ਦੀ ਇੱਕ ਜ਼ਮੀਨ ਦੇ ਟੋਟੇ ਨੂੰ ਲੈ ਕੇ ਤਲਫ਼ੀ ਰਾਮ ਨਾਲ ਕੁਝ ਅਣਬਣ ਹੋ ਗਈ। ਉਦੋਂ ਤੱਕ ਮਾਨ ਸਿੰਘ ਦੇ ਵੱਡਾ ਭਰਾ ਨਵਾਬ ਸਿੰਘ ਆਪਣਾ ਪਰਿਵਾਰ ਛੱਡ ਕੇ ਜੰਗਲਾਂ ਵਿੱਚ ਰਹਿਣ ਲੱਗ ਪਏ ਸਨ।
ਫਿਰ ਅਚਾਨਕ ਉਸਦੇ ਪਿੰਡ ਵਿੱਚ ਲੁੱਟ ਹੋ ਗਈ। ਡਾਕੂਆਂ ਨੇ ਪਿੰਡ ਦੇ ਸ਼ਾਹੂਕਾਰ ਦੇ ਘਰ ‘ਤੇ ਹਮਲਾ ਕੀਤਾ ਅਤੇ ਉਸ ਨੂੰ ਚਾਕੂ ਮਾਰ ਦਿੱਤਾ।
ਕੈਨੇਥ ਐਂਡਰਸਨ ਲਿਖਦੇ ਹਨ, “ਤਲਫੀ ਰਾਮ ਨੇ ਪੁਲਿਸ ਕੋਲ ਝੂਠੀ ਰਿਪੋਰਟ ਦਰਜ ਕਰਵਾ ਦਿੱਤੀ ਕਿ ਇਸ ਡਕੈਤੀ ਵਿੱਚ ਮਾਨ ਸਿੰਘ ਦੇ ਵੱਡੇ ਭਰਾ ਨਵਾਬ ਸਿੰਘ ਦਾ ਹੱਥ ਹੈ ਅਤੇ ਉਸ ਨੂੰ ਉਸ ਦੇ ਪਿਤਾ ਨੇ ਪਨਾਹ ਦਿੱਤੀ ਹੋਈ ਹੈ। ਉਸਨੇ ਉਸ ਸ਼ਾਹੂਕਾਰ ਦੇ ਘਰ ਇਸ ਲਈ ਡਾਕਾ ਮਾਰਿਆ ਕਿਉਂਕਿ ਉਹ ਤਲਫੀ ਰਾਮ ਦਾ ਦੋਸਤ ਹੈ। ਉਸਨੇ ਇਹ ਵੀ ਕਿਹਾ ਕਿ ਨਵਾਬ ਸਿੰਘ ਦਾ ਭਰਾ ਮਾਨ ਸਿੰਘ ਇਸ ਡਕੈਤੀ ਬਾਰੇ ਜਾਣਦਾ ਸੀ ਅਤੇ ਉਸ ਨੇ ਵੀ ਇਸ ਡਕੈਤੀ ਵਿੱਚ ਮਦਦ ਕੀਤੀ ਸੀ।”
ਬਿਹਾਰੀ ਸਿੰਘ ਨੇ ਇਸ ਘਟਨਾ ਨੂੰ ਆਪਣੇ ਪਰਿਵਾਰ ਦੀ ਬੇਇੱਜ਼ਤੀ ਦੇ ਤੌਰ ਉੱਤੇ ਲਿਆ। ਉਨ੍ਹਾਂ ਨੇ ਅਤੇ ਉਸ ਦੇ ਪੁੱਤਰ ਮਾਨ ਸਿੰਘ ਨੇ ਤੈਅ ਕੀਤਾ ਕਿ ਉਹ ਤਲਫੀ ਰਾਮ ਨੂੰ ਸਬਕ ਸਿਖਾਉਣਗੇ। ਮਾਨ ਸਿੰਘ ਆਪਣੇ ਚਾਰ ਪੁੱਤਰਾਂ ਨਾਲ ਜੰਗਲਾਂ ਵਿੱਚ ਜਾ ਕੇ ਆਪਣੇ ਭਰਾ ਨਵਾਬ ਸਿੰਘ ਨਾਲ ਰਲ ਗਿਆ।

ਤਸਵੀਰ ਸਰੋਤ, Getty Images
ਪੁੱਤਰ ਜਸਵੰਤ ਸਿੰਘ ਦੀ ਪੁਲਿਸ ਮੁਕਾਬਲੇ ਵਿੱਚ ਮੌਤ
ਇੱਕ ਰਾਤ ਮਾਨ ਸਿੰਘ ਨੇ ਆਪਣੇ ਸਾਥੀਆਂ ਨਾਲ ਰਲ ਕੇ ਤਲਫੀ ਰਾਮ ਦੇ ਘਰ ‘ਤੇ ਹਮਲਾ ਕਰ ਦਿੱਤਾ। ਤਲਫੀ ਰਾਮ ਮਾਨ ਸਿੰਘ ਦੇ ਹਮਲੇ ਵਿੱਚ ਬਚ ਗਿਆ ਪਰ ਉਸਦੇ ਕਈ ਸਾਥੀ ਮਾਰੇ ਗਏ।
ਪੁਲਿਸ ਨੇ ਇਸ ਮਾਮਲੇ ਵਿੱਚ ਮਾਨ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਪਰ ਉਸਦਾ ਵੱਡਾ ਭਰਾ ਨਵਾਬ ਸਿੰਘ, ਮਾਨ ਸਿੰਘ ਦਾ ਵੱਡਾ ਪੁੱਤਰ ਜਸਵੰਤ ਸਿੰਘ ਅਤੇ ਭਤੀਜਾ ਦਰਸ਼ਨ ਸਿੰਘ ਫ਼ਰਾਰ ਹੋ ਗਏ।
ਇੱਕ ਦਿਨ ਨਵਾਬ ਸਿੰਘ… ਜਸਵੰਤ ਅਤੇ ਦਰਸ਼ਨ ਨਾਲ ਆਪਣੇ ਪਿਤਾ ਦੇ ਘਰ ਠਹਿਰਿਆ ਹੋਇਆ ਸੀ। ਤਲਫ਼ੀ ਰਾਮ ਨੇ ਆਪਣੇ ਕੁਝ ਦੋਸਤਾਂ ਨਾਲ ਰਲ ਕੇ ਉਸਦੇ ਘਰ ‘ਤੇ ਹਮਲਾ ਕਰ ਦਿੱਤਾ।
ਕੈਨੇਥ ਐਂਡਰਸਨ ਲਿਖਦੇ ਹਨ, “ਉਸੇ ਸਮੇਂ, ਤਲਫੀ ਰਾਮ ਨੇ ਬਹੁਤ ਚਲਾਕੀ ਨਾਲ ਪੁਲਿਸ ਦੀ ਮਦਦ ਮੰਗੀ। ਜਦੋਂ ਪੁਲਿਸ ਹਥਿਆਰਾਂ ਨਾਲ ਮੌਕੇ ‘ਤੇ ਪਹੁੰਚੀ, ਤਾਂ ਤਲਫੀ ਰਾਮ ਉਸ ਜਗ੍ਹਾ ਤੋਂ ਗਾਇਬ ਹੋ ਗਿਆ। ਨਵਾਬ ਸਿੰਘ ਅਤੇ ਉਸਦੇ ਦੋ ਸਾਥੀਆਂ ਨੇ ਮੂਰਖਤਾ ਨਾਲ ਪੁਲਿਸ ‘ਤੇ ਗੋਲੀਬਾਰੀ ਕੀਤੀ। ਪੁਲਿਸ ਨੇ ਉਨ੍ਹਾਂ ਨੂੰ ਘੇਰ ਲਿਆ ਅਤੇ ਉਸਦੇ ਪੁੱਤਰ ਜਸਵੰਤ ਸਿੰਘ ਅਤੇ ਭਤੀਜੇ ਦਰਸ਼ਨ ਨੂੰ ਮਾਰ ਦਿੱਤਾ ਅਤੇ ਨਵਾਬ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

ਤਸਵੀਰ ਸਰੋਤ, ANI
ਮਾਨ ਸਿੰਘ ਨੇ ਬਦਲਾ ਲਿਆ
ਦੂਜੇ ਪਾਸੇ ਮਾਨ ਸਿੰਘ ਜੋ ਪਹਿਲਾਂ ਹੀ 10 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਸੀ, ਬਦਲੇ ਦੀ ਅੱਗ ਨਾਲ ਸੜ ਰਿਹਾ ਸੀ। ਉਸਦੇ ਚੰਗੇ ਵਿਵਹਾਰ ਕਾਰਨ, ਸਰਕਾਰ ਨੇ ਉਸਨੂੰ 1938 ਵਿੱਚ ਜੇਲ੍ਹ ਤੋਂ ਰਿਹਾਅ ਕਰਨ ਦਾ ਫੈਸਲਾ ਕੀਤਾ।
4 ਜੁਲਾਈ, 1940 ਦੀ ਰਾਤ ਨੂੰ ਮਾਨ ਸਿੰਘ ਨੇ ਆਪਣੇ ਤਿੰਨ ਬਚੇ ਪੁੱਤਰਾਂ ਅਤੇ ਵਫ਼ਾਦਾਰ ਰੂਪਾ ਨਾਲ ਰਲ ਕੇ ਆਪਣੇ ਦੁਸ਼ਮਣਾਂ ਤਲਫੀ ਰਾਮ ਅਤੇ ਖੇਮ ਸਿੰਘ ਦੇ ਘਰਾਂ ‘ਤੇ ਹਮਲਾ ਕਰ ਦਿੱਤਾ। ਉਨ੍ਹਾਂ ਨੇ ਤਲਫੀ ਰਾਮ ਦੇ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਮਾਰ ਦਿੱਤਾ ਦੋ ਔਰਤਾਂ ਨੂੰ ਛੱਡ ਕੇ।
ਇਸ ਤੋਂ ਬਾਅਦ, ਮਾਨ ਸਿੰਘ ਦੀ ਡਾਕੂ ਵਜੋਂ ਜ਼ਿੰਦਗੀ ਸ਼ੁਰੂ ਹੋਈ। 15 ਸਾਲਾਂ ਵਿੱਚ ਉਸ ਦੀ ਗਿਣਤੀ ਭਾਰਤ ਦੇ ਸਭ ਤੋਂ ਵੱਡੇ ਡਾਕੂ ਦੇ ਰੂਪ ਵਿੱਚ ਕੀਤੀ ਜਾਣ ਲੱਗੀ।
ਮੱਧ ਭਾਰਤ ਦੇ ਇਲਾਕਿਆਂ ਵਿੱਚ ਉਸਨੂੰ ‘ਡਾਕੂ ਸਮਰਾਟ’ ਵਜੋਂ ਜਾਣਿਆ ਜਾਣ ਲੱਗਾ। ਉਸਦੇ ਗਿਰੋਹ ਦੇ ਮੈਂਬਰਾਂ ਵਿੱਚ ਉਸਦੇ ਤਿੰਨ ਬਚੇ ਹੋਏ ਪੁੱਤਰ ਸੂਬੇਦਾਰ ਸਿੰਘ, ਤਹਿਸੀਲਦਾਰ ਸਿੰਘ, ਧੂਮਨ ਸਿੰਘ ਤੋਂ ਇਲਾਵਾ ਚਰਨਾ, ਲਾਖਨ ਸਿੰਘ, ਅੰਮ੍ਰਿਤਲਾਲ ਅਤੇ ਉਸਦਾ ਦੂਰ ਦਾ ਰਿਸ਼ਤੇਦਾਰ ਰੂਪਾ ਸ਼ਾਮਲ ਸਨ।

ਤਸਵੀਰ ਸਰੋਤ, Getty Images
ਛੋਟੇ ਡਾਕੂਆਂ ਨੇ ਨਜ਼ਰਾਨਾ ਦੇਣਾ ਸ਼ੁਰੂ ਕੀਤਾ…
ਮਾਨ ਸਿੰਘ ਬਾਰੇ ਸਥਾਨਕ ਲੋਕ ਕਹਿੰਦੇ ਸਨ ਕਿ ਉਹ ਗਰੀਬਾਂ ਨੂੰ ਤੰਗ ਨਹੀਂ ਕਰਦਾ ਸੀ। ਉਸਦੇ ਨਿਸ਼ਾਨੇ ਉੱਤੇ ਹੁੰਦੇ ਸਨ ਜ਼ਿਮੀਂਦਾਰ, ਅਮੀਰ ਕਾਰੋਬਾਰੀ ਅਤੇ ਸ਼ਾਹੂਕਾਰ।
ਜਦੋਂ ਭਾਰਤ ਆਜ਼ਾਦ ਹੋਇਆ, ਤਾਂ ਸਰਕਾਰ ਨੇ ਬਹੁਤ ਸਾਰੇ ਅਪਰਾਧੀਆਂ ਅਤੇ ਦੋਸ਼ੀਆਂ ਨੂੰ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ। ਇਸੇ ਸਿਲਸਿਲੇ ਵਿੱਚ ਮਾਨ ਸਿੰਘ ਦੇ ਵੱਡੇ ਭਰਾ ਨਵਾਬ ਸਿੰਘ ਨੂੰ ਵੀ ਜੇਲ੍ਹ ਵਿੱਚੋਂ ਰਿਹਾਅ ਕਰ ਦਿੱਤਾ ਗਿਆ।
ਜੇਲ੍ਹ ਤੋਂ ਰਿਹਾਅ ਹੁੰਦੇ ਹੀ, ਨਵਾਬ ਸਿੰਘ ਆਪਣੇ ਪੁਰਾਣੇ ਪਿੰਡ ਗਿਆ, ਇੱਕ ਬੰਦੂਕ ਉਧਾਰ ਲਈ ਅਤੇ ਤਲਫੀ ਰਾਮ ਦੇ ਦੋ ਬਚੇ ਹੋਏ ਰਿਸ਼ਤੇਦਾਰਾਂ ਨੂੰ ਗੋਲੀ ਮਾਰ ਦਿੱਤੀ। ਇਸ ਤੋਂ ਬਾਅਦ ਉਹ ਆਪਣੇ ਭਰਾ ਮਾਨ ਸਿੰਘ ਨੂੰ ਜੰਗਲਾਂ ਵਿੱਚ ਜਾ ਕੇ ਮਿਲਿਆ।
ਜਦੋਂ ਚੰਬਲ ਇਲਾਕੇ ਵਿੱਚ ਮਾਨ ਸਿੰਘ ਦਾ ਪ੍ਰਭਾਵ ਬਹੁਤ ਵੱਧ ਗਿਆ ਤਾਂ ਸਰਕਾਰ ਨੇ ਮਾਨ ਸਿੰਘ ਨੂੰ ਫੜਨ ਦੇ ਲਈ ਫੌਜ ਦੇ ਜਵਾਨਾਂ ਨੂੰ ਬੁਲਾ ਲਿਆ।
ਹਾਲਾਤ ਇੱਥੋਂ ਤੱਕ ਪਹੁੰਚ ਗਏ ਕਿ ਇਲਾਕੇ ਵਿੱਚ ਛੋਟੇ ਡਾਕੂਆਂ ਨੇ ਮਾਨ ਸਿੰਘ ਨੂੰ ਆਪਣਾ ਆਗੂ ਕਹਿਣਾ ਸ਼ੁਰੂ ਕਰ ਦਿੱਤਾ ਹੈ ਨਿਯਮ ਨਾਲ ਆਪਣੀ ਆਮਦਨੀ ਦਾ 10 ਤੋਂ 25 ਫ਼ੀਸਦੀ ਨਜ਼ਰਾਨੇ ਦੇ ਦੇ ਤੌਰ ਉੱਤੇ ਦੇਣਾ ਸ਼ੁਰੂ ਕਰ ਦਿੱਤਾ।
ਇਸ ਨਾਲ ਨਾ ਸਿਰਫ਼ ਮਾਨ ਸਿੰਘ ਦੀ ਦੌਲਤ ਵਧੀ ਸਗੋਂ ਇਲਾਕੇ ਵਿੱਚ ਉਸਦਾ ਦਬਦਬਾ ਵੀ ਵਧਿਆ।

ਤਸਵੀਰ ਸਰੋਤ, Getty Images
ਮਦਦ ਲਈ ਫੌਜ ਬੁਲਾਈ ਗਈ
ਸੰਨ 1951 ਵਿੱਚ ਪੁਲਿਸ ਦੇ ਜਾਸੂਸ ਨੂੰ ਸੂਚਨਾ ਮਿਲੀ ਕਿ ਮਾਨ ਸਿੰਘ ਦੇ ਗੈਂਗ ਦਾ ਇੱਕ ਮਹੱਤਵਪੂਰਨ ਮੈਂਬਰ ਚਰਨਾ ਇੱਕ ਦਿਨ ਆਪਣੇ ਪਿੰਡ ਵਿੱਚ ਆਪਣੀ ਪਤਨੀ ਨੂੰ ਮਿਲਣ ਆਉਣ ਵਾਲਾ ਹੈ। ਪੁਲਿਸ ਨੇ ਚਰਨਾ ਨੂੰ ਫੜਨ ਲਈ ਜਾਲ ਵਿਛਾਇਆ।
ਇਸ ਸਭ ਤੋਂ ਬੇਬਖ਼ਰ, ਚਰਨਾ ਅਤੇ ਉਸਦੇ ਕੁਝ ਦੋਸਤ ਪਿੰਡ ਵਿੱਚ ਦਾਖਲ ਹੋਏ। ਪੁਲਿਸ ਨੇ ਘਰ ਵਿੱਚ ਦਾਖ਼ਲ ਹੋਣ ਤੱਕ ਕੁਝ ਨਹੀਂ ਕੀਤਾ। ਉਸ ਤੋਂ ਬਾਅਦ 60 ਪੁਲਿਸ ਵਾਲਿਆਂ ਨੇ ਉਸ ਦੇ ਘਰ ਨੂੰ ਘੇਰ ਲਿਆ। ਲੁਟੇਰਿਆਂ ਨੇ ਘਰ ਦੀ ਉੱਪਰਲੀ ਮੰਜ਼ਿਲ ਤੋਂ ਪੁਲਿਸ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ।
ਅਗਲੇ 24 ਘੰਟਿਆਂ ਤੱਕ ਡਾਕੂਆਂ ਅਤੇ ਪੁਲਿਸ ਵਿਚਕਾਰ ਗੋਲੀਬਾਰੀ ਹੁੰਦੀ ਰਹੀ। ਇਸ ਦੌਰਾਨ, ਪੁਲਿਸ ਨੇ ਆਪਣੀ ਮਦਦ ਲਈ 400 ਹੋਰ ਸੈਨਿਕਾਂ ਨੂੰ ਬੁਲਾਇਆ।
ਕੇਨੇਥ ਐਂਡਰਸਨ ਲਿਖਦੇ ਹਨ, “460 ਪੁਲਿਸ ਮੁਲਾਜ਼ਮਾਂ ਨੇ ਅਗਲੇ ਤਿੰਨ ਦਿਨਾਂ ਤੱਕ 15 ਡਾਕੂਆਂ ਨੂੰ ਘੇਰੀ ਰੱਖਿਆ। ਫੌਜ ਦੀ ਡੋਗਰਾ ਰੈਜੀਮੈਂਟ ਨੂੰ ਵੀ ਉਨ੍ਹਾਂ ਦੀ ਮਦਦ ਲਈ ਬੁਲਾਇਆ ਗਿਆ। ਡਾਕੂਆਂ ਦੇ ਘਰ ‘ਤੇ ਬਹੁਤ ਹੀ ਘੱਟ ਦੂਰੀ ਤੋਂ ਦੋ ਤੋਪਾਂ ਦੇ ਗੋਲੇ ਦਾਗੇ ਗਏ।”
“ਪੂਰੀ ਇਮਾਰਤ ਢਹਿ ਗਈ। ਪੁਲਿਸ ਮੁਲਾਜ਼ਮ ਚੀਕਦੇ ਹੋਏ ਅੰਦਰ ਦਾਖਲ ਹੋਏ। ਇਮਾਰਤ ਦੇ ਅੰਦਰ 15 ਮ੍ਰਿਤਕ ਡਾਕੂਆਂ ਦੀਆਂ ਲਾਸ਼ਾਂ ਮਿਲੀਆਂ ਪਰ ਚਰਨਾ ਭੱਜਣ ਵਿੱਚ ਕਾਮਯਾਬ ਹੋ ਗਿਆ।”

ਤਸਵੀਰ ਸਰੋਤ, Getty Images
ਮਾਨ ਸਿੰਘ ਦੀਆਂ ਨਿੱਜੀ ਸਮੱਸਿਆਵਾਂ
ਪਰ ਦੋ ਸਾਲ ਬਾਅਦ 10 ਘੰਟੇ ਚੱਲੇ ਪੁਲਿਸ ਮੁਕਾਬਲੇ ਵਿੱਚ ਚਰਨਾ ਇੰਨਾ ਖੁਸ਼ਕਿਸਮਤ ਨਹੀਂ ਰਿਹਾ। ਜਦੋਂ ਗੋਲੀਬਾਰੀ ਬੰਦ ਹੋਈ, ਤਾਂ ਚਰਨਾ ਆਪਣੇ ਨੌਂ ਸਾਥੀਆਂ ਸਮੇਤ ਮ੍ਰਿਤਕ ਪਾਇਆ ਗਿਆ।
ਚਰਨਾ ਨਾ ਸਿਰਫ਼ ਮਾਨ ਸਿੰਘ ਦਾ ਸਭ ਤੋਂ ਬਹਾਦਰ ਅਤੇ ਨਜ਼ਦੀਕੀ ਸਾਥੀ ਸੀ, ਸਗੋਂ ਉਹ ਉਸਦਾ ਸਭ ਤੋਂ ਵਧੀਆ ਰਣਨੀਤੀਕਾਰ ਵੀ ਸੀ।
ਚਰਨਾ ਦੀ ਮੁਹਾਰਤ ਇਸ ਤੱਥ ਵਿੱਚ ਸੀ ਕਿ ਉਹ ਜਾਣਦਾ ਸੀ ਕਿ ਕਦੋਂ ਅਤੇ ਕਿੱਥੇ ਹਮਲਾ ਕਰਨਾ ਹੈ ਅਤੇ ਕਦੋਂ ਨਹੀਂ।
ਇਸ ਦੌਰਾਨ, ਮਾਨ ਸਿੰਘ ਨੂੰ ਇੱਕ ਨਿੱਜੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ।
ਕੇਨੇਥ ਐਂਡਰਸਨ ਲਿਖਦੇ ਹਨ, “ਮਾਨ ਸਿੰਘ ਨੇ ਆਪਣੀ ਧੀ ਦਾ ਵਿਆਹ ਆਪਣੇ ਹੀ ਗੈਂਗ ਦੇ ਮੈਂਬਰ ਲਖਨ ਸਿੰਘ ਨਾਲ ਕਰ ਦਿੱਤਾ ਸੀ, ਪਰ ਉਸਦੀ ਧੀ ਆਪਣੇ ਪਤੀ ਪ੍ਰਤੀ ਵਫ਼ਾਦਾਰ ਨਹੀਂ ਰਹੀ ਅਤੇ ਮਾਨ ਸਿੰਘ ਦੇ ਗੈਂਗ ਦੇ ਇੱਕ ਹੋਰ ਡਾਕੂ ਨਾਲ ਪਿਆਰ ਹੋ ਗਿਆ।”
“ਮਾਨ ਸਿੰਘ ਇਸ ਤੋਂ ਇੰਨਾ ਦੁਖੀ ਹੋਇਆ ਕਿ ਉਸਨੇ ਆਪਣੀ ਧੀ ਦੇ ਪ੍ਰੇਮੀ ਨੂੰ ਗੋਲੀ ਮਾਰ ਦਿੱਤੀ, ਪਰ ਇਸ ਤੋਂ ਬਾਅਦ ਮਾਨ ਸਿੰਘ ਦੇ ਜਵਾਈ ਨੇ ਗੈਂਗ ਛੱਡ ਦਿੱਤਾ।”
“ਆਪਣੇ ਆਖਰੀ ਦਿਨਾਂ ਵਿੱਚ, ਮਾਨ ਸਿੰਘ ਨੂੰ ਆਰਾਮ, ਸ਼ਾਂਤੀ ਅਤੇ ਘਰ ਦੀ ਲੋੜ ਸੀ। ਉਸਨੇ ਸਰਕਾਰ ਨੂੰ ਇੱਕ ਪੱਤਰ ਲਿਖਿਆ ਜਿਸ ਵਿੱਚ ਕਿਹਾ ਗਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਡਾਕੂ ਅਤੇ ਕਾਤਲ ਨਹੀਂ ਬਣਿਆ। ਕਿਸਮਤ ਅਤੇ ਹਾਲਾਤਾਂ ਨੇ ਉਸਨੂੰ ਅਜਿਹਾ ਬਣਨ ਲਈ ਮਜਬੂਰ ਕੀਤਾ ਸੀ।”
“ਇੱਕ ਸੱਚਾ ਭਾਰਤੀ ਹੋਣ ਦੇ ਨਾਤੇ ਉਹ ਗੋਆ ਜਾਣਾ ਚਾਹੁੰਦਾ ਹੈ ਅਤੇ ਇਸਨੂੰ ਵਿਦੇਸ਼ੀ ਸ਼ਾਸਨ ਤੋਂ ਆਜ਼ਾਦ ਕਰਵਾ ਕੇ ਪੁਰਤਗਾਲੀਆਂ ਨੂੰ ਸਮੁੰਦਰ ਵਿੱਚ ਸੁੱਟ ਦੇਣਾ ਚਾਹੁੰਦਾ ਹੈ।”
ਭਾਰਤ ਸਰਕਾਰ ਨੇ ਉਸ ਦੇ ਪੱਤਰ ਦਾ ਕੋਈ ਜਵਾਬ ਨਹੀਂ ਦਿੱਤਾ। ਇਸਨੇ ਮਾਨ ਸਿੰਘ ਨੂੰ ਬਹੁਤ ਨਿਰਾਸ਼ ਕੀਤਾ ਅਤੇ ਉਸਦੇ ਸਾਥੀਆਂ ਨੂੰ ਵੀ ਨਿਰਾਸ਼ ਕੀਤਾ।

ਤਸਵੀਰ ਸਰੋਤ, Getty Images
ਗੋਰਖਾ ਸੈਨਿਕਾਂ ਦੀ ਕੰਪਨੀ ਬਣਾਈ ਗਈ
ਇੱਕ-ਇੱਕ ਕਰਕੇ ਉਸਦੇ ਸਾਥੀ ਜਾਂ ਤਾਂ ਗ੍ਰਿਫ਼ਤਾਰ ਹੋਣ ਲੱਗੇ ਜਾਂ ਜ਼ਖਮੀ ਜਾਂ ਮਾਰੇ ਜਾਣ ਲੱਗੇ। ਅੰਤ ਵਿੱਚ ਸਿਰਫ਼ 18 ਡਾਕੂ ਹੀ ਉਸਦੇ ਨਾਲ ਰਹਿ ਗਏ। ਇਸ ਵਿੱਚ ਉਸਦਾ ਵੱਡਾ ਭਰਾ ਨਵਾਬ ਸਿੰਘ, ਉਸਦਾ ਦੂਜਾ ਪੁੱਤਰ ਸੂਬੇਦਾਰ ਸਿੰਘ ਅਤੇ ਰੂਪਾ ਸ਼ਾਮਲ ਸਨ।
ਨਵੰਬਰ 1954 ਵਿੱਚ, ਕੇਂਦਰੀ ਭਾਰਤ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦੀਕਸ਼ਿਤ ਨੇ ਕਿਹਾ ਕਿ ਜੇਕਰ ਮਾਨ ਸਿੰਘ ਨੂੰ ਇੱਕ ਸਾਲ ਦੇ ਅੰਦਰ ਨਾ ਫੜਿਆ ਗਿਆ, ਤਾਂ ਉਹ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ।
ਇਸ ਮੁਹਿੰਮ ਵਿੱਚ ਸਹਾਇਤਾ ਲਈ, ਉਨ੍ਹਾਂ ਨੇ ਗੋਰਖਾ ਸੈਨਿਕਾਂ ਦੀ ਇੱਕ ਵਿਸ਼ੇਸ਼ ਕੰਪਨੀ ਬਣਾਈ। ਪੁਲਿਸ ਨੂੰ ਧੋਖਾ ਦੇਣ ਲਈ, ਮਾਨ ਸਿੰਘ ਨੇ ਇੱਕ ਪਿੰਡ ਵਿੱਚ ਇੱਕ ਵਿਅਕਤੀ ਦਾ ਅੰਤਿਮ ਸੰਸਕਾਰ ਕਰਵਾਇਆ ਜਿਸਦਾ ਰੂਪ ਉਸ ਨਾਲ ਮਿਲਦਾ-ਜੁਲਦਾ ਸੀ।
ਇਸ ਤੋਂ ਬਾਅਦ, ਇਹ ਅਫ਼ਾਵਾਹ ਫੈਲ ਗਈ ਕਿ ਮਾਨ ਸਿੰਘ ਦੀ ਅਚਾਨਕ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਸੀ ਅਤੇ ਉਨ੍ਹਾਂ ਦਾ ਅੰਤਿਮ ਸੰਸਕਾਰ ਕਰ ਦਿੱਤਾ ਗਿਆ ਸੀ।
ਪਰ ਕੁਝ ਦਿਨਾਂ ਬਾਅਦ, ਮਾਨ ਸਿੰਘ ਨੇ ਫਿਰ ਲੁੱਟਾਂ-ਖੋਹਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ। ਪੁਲਿਸ ਅਤੇ ਇੱਕ ਖ਼ਾਸ ਤੌਰ ‘ਤੇ ਬਣਾਈ ਗਈ ਗੋਰਖਾ ਕੰਪਨੀ ਉਸ ਦੇ ਪਿੱਛੇ ਲੱਗ ਗਈ।

ਤਸਵੀਰ ਸਰੋਤ, Getty Images
ਮਾਨ ਸਿੰਘ ਦੀ ਮੌਤ
ਮਾਨ ਸਿੰਘ ਭੱਜ ਕੇ ਭਿੰਡ ਪਹੁੰਚਿਆਂ ਜਿੱਥੇ ਉਸਨੇ ਕੁੰਵਾਰੀ ਨਦੀ ਪਾਰ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਸਮੇਂ ਨਦੀ ਵਿੱਚ ਹੜ੍ਹ ਆਇਆ ਹੋਇਆ ਸੀ, ਇਸ ਲਈ ਮਾਨ ਸਿੰਘ ਨਦੀ ਪਾਰ ਨਹੀਂ ਕਰ ਸਕਿਆ। ਉਹ ਭੱਜ ਕੇ ਬੀਜਾਪੁਰ ਪਿੰਡ ਪਹੁੰਚ ਗਿਆ।
ਉਸਦੇ ਪਿੱਛੇ-ਪਿੱਛੇ, ਜਮਾਦਾਰ ਭੰਵਰ ਸਿੰਘ ਦੀ ਅਗਵਾਈ ਹੇਠ ਇੱਕ ਗੋਰਖਾ ਪਲਟਨ ਵੀ ਚੱਲ ਰਹੀ ਸੀ। ਦੋਵਾਂ ਵਿਚਕਾਰ ਮੁਕਾਬਲਾ ਸ਼ੁਰੂ ਹੋਇਆ ਅਤੇ ਹਜ਼ਾਰਾਂ ਰਾਉਂਡ ਗੋਲੀਆਂ ਚਲਾਈਆਂ ਗਈਆਂ ਪਰ ਮਾਨ ਸਿੰਘ ਦਾ ਅੰਤ ਆ ਗਿਆ ਸੀ। ਹੁਣ ਤੱਕ ਦਾ ਸਭ ਤੋਂ ਵੱਡਾ ਡਾਕੂ ਗੋਲੀਆਂ ਨਾਲ ਛਲਨੀ ਹੋ ਕੇ ਜ਼ਮੀਨ ‘ਤੇ ਡਿੱਗ ਪਿਆ।
ਅੰਤ ਵਿੱਚ ਉਸਦੇ ਪੁੱਤਰ ਸੂਬੇਦਾਰ ਸਿੰਘ ਨੇ ਆਪਣੇ ਪਿਤਾ ਦੇ ਸਰੀਰ ਨੂੰ ਢੱਕਣ ਦੀ ਕੋਸ਼ਿਸ਼ ਕੀਤੀ ਤਾਂ ਜੋ ਉਸਨੂੰ ਹੋਰ ਗੋਲੀਆਂ ਨਾ ਲੱਗਣ। ਇਸ ਕੋਸ਼ਿਸ਼ ਵਿੱਚ ਉਸਨੂੰ ਵੀ ਗੋਲੀ ਲੱਗੀ ਅਤੇ ਉਸਦੀ ਮੌਤ ਹੋ ਗਈ।
ਮਾਨ ਸਿੰਘ ਦਾ ਸਾਥੀ ਰੂਪਾ ਆਪਣੇ ਵੱਡੇ ਭਰਾ ਨਵਾਬ ਸਿੰਘ ਨੂੰ ਬਚਾਉਣ ਵਿੱਚ ਕਾਮਯਾਬ ਹੋ ਗਿਆ।

ਤਸਵੀਰ ਸਰੋਤ, OfficialPageBSF/Facebook
ਲਾਸ਼ ਪਰਿਵਾਰ ਨੂੰ ਨਹੀਂ ਸੌਂਪੀ
ਗ੍ਰਹਿ ਮੰਤਰੀ ਦੀਕਸ਼ਿਤ ਨੂੰ ਆਪਣੇ ਅਹੁਦੇ ਤੋਂ ਅਸਤੀਫ਼ਾ ਨਹੀਂ ਦੇਣਾ ਪਿਆ। ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ, ਗ੍ਰਹਿ ਮੰਤਰੀ ਗੋਵਿੰਦ ਵੱਲਭ ਪੰਤ ਅਤੇ ਕਾਂਗਰਸ ਪ੍ਰਧਾਨ ਯੂਐੱਨ ਢੇਬਰ ਨੂੰ ਤੁਰੰਤ ਟੈਲੀਗ੍ਰਾਮ ਰਾਹੀਂ ਇਸ ਬਾਰੇ ਸੂਚਿਤ ਕੀਤਾ ਗਿਆ।
ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਡਾ. ਸੰਪੂਰਨਾਨੰਦ ਨੇ ਐਲਾਨ ਕੀਤਾ, “ਕਿਸੇ ਦੀ ਮੌਤ ‘ਤੇ ਖੁਸ਼ੀ ਮਨਾਉਣਾ ਚੰਗੀ ਗੱਲ ਨਹੀਂ ਹੈ। ਮਾਨ ਸਿੰਘ ਮਰ ਗਿਆ ਹੈ। ਮਾਨ ਸਿੰਘ ਨੇ ਜਿਨ੍ਹਾਂ ਨੂੰ ਤਸੀਹੇ ਦਿੱਤੇ ਹਨ ਉਹ ਲੋਕ ਹੁਣ ਸੁੱਖ ਦਾ ਸਾਹ ਲੈ ਸਕਦੇ ਹਨ।”
ਮਾਨ ਸਿੰਘ ਅਤੇ ਉਸਦੇ ਪੁੱਤਰ ਦੀਆਂ ਲਾਸ਼ਾਂ ਨੂੰ ਮੰਜਿਆਂ ਨਾਲ ਬੰਨ੍ਹ ਕੇ ਭਿੰਡ ਲਿਆਂਦਾ ਗਿਆ। ਮੰਜੀਆਂ ਨੂੰ ਇਸ ਲਈ ਖੜ੍ਹਾ ਰੱਖਿਆ ਗਿਆ ਸੀ ਤਾਂ ਜੋ ਲੋਕ ਉਨ੍ਹਾਂ ਨੂੰ ਦੇਖ ਸਕਣ।
ਉਸਦੀ ਮ੍ਰਿਤਕ ਦੇਹ ਨੂੰ ਦੇਖਣ ਲਈ ਲਗਭਗ 40 ਹਜ਼ਾਰ ਲੋਕ ਆਏ। ਕੁਝ ਲੋਕ ਉਤਸੁਕਤਾ ਦੇ ਕਾਰਨ ਉੱਥੇ ਪਹੁੰਚੇ। ਕੁਝ ਲੋਕਾਂ ਨੇ ਉਨ੍ਹਾਂ ਦੀ ਮੌਤ ‘ਤੇ ਖੁਸ਼ੀ ਜ਼ਾਹਰ ਕੀਤੀ ਪਰ ਕਈ ਲੋਕ ਆਪਣੇ ਹੰਝੂ ਪੂੰਝਦੇ ਵੀ ਦੇਖੇ ਗਏ।
ਇਸ ਤੋਂ ਬਾਅਦ ਮਾਨ ਸਿੰਘ ਦੀ ਲਾਸ਼ ਨੂੰ ਸਸਕਾਰ ਲਈ ਗਵਾਲੀਅਰ ਲਿਆਂਦਾ ਗਿਆ। ਮਾਨ ਸਿੰਘ ਦੀ ਵਿਧਵਾ ਅਤੇ ਪੁੱਤਰ ਤਹਿਸੀਲਦਾਰ ਸਿੰਘ ਨੇ ਸਰਕਾਰ ਨੂੰ ਬੇਨਤੀ ਕੀਤੀ ਕਿ ਮਾਨ ਸਿੰਘ ਦੀ ਲਾਸ਼ ਅੰਤਿਮ ਸੰਸਕਾਰ ਲਈ ਉਨ੍ਹਾਂ ਨੂੰ ਸੌਂਪ ਦਿੱਤੀ ਜਾਵੇ ਪਰ ਸਰਕਾਰ ਨੇ ਉਨ੍ਹਾਂ ਦੀ ਇੱਕ ਨਹੀਂ ਸੁਣੀ।
ਬਾਅਦ ਵਿੱਚ ਸੀਮਾ ਸੁਰੱਖਿਆ ਬਲ ਦੇ ਡਾਇਰੈਕਟਰ ਜਨਰਲ ਕੇਐੱਫ ਰੁਸਤਮਜੀ ਨੇ ਆਪਣੀ ਕਿਤਾਬ ‘ਦਿ ਬ੍ਰਿਟਿਸ਼, ਦਿ ਬੈਂਡਿਟਸ ਐਂਡ ਦ ਬਾਰਡਰਮੈਨ’ ਵਿੱਚ ਲਿਖਿਆ, “ਮਾਨ ਸਿੰਘ ਦੀ ਸ਼ਖਸੀਅਤ ਦਾ ਕਮਾਲ ਸੀ ਕਿ ਗੁੱਜਰ ਹੋਣ ਦੇ ਬਾਵਜੂਦ, ਉਸਨੇ ਆਪਣੇ ਗੈਂਗ ਵਿੱਚ ਇੱਕ ਬ੍ਰਾਹਮਣ ਰੂਪਾ ਅਤੇ ਇੱਕ ਠਾਕੁਰ ਲਖਨ ਨੂੰ ਇੱਕ ਵਿਸ਼ੇਸ਼ ਸਥਾਨ ਦਿੱਤਾ।”
“ਪਰ ਜਿਵੇਂ-ਜਿਵੇਂ ਮਾਨ ਸਿੰਘ ਬੁੱਢਾ ਹੁੰਦਾ ਗਿਆ, ਉਸਦੇ ਸਾਥੀ ਜੋ ਦਸ ਸਾਲਾਂ ਤੋਂ ਉਸਦੇ ਨਾਲ ਸਨ, ਉਸਨੂੰ ਛੱਡ ਗਏ ਅਤੇ ਆਪਣੇ ਗੈਂਗ ਬਣਾਉਣੇ ਸ਼ੁਰੂ ਦਿੱਤੇ। ਮਾਨ ਸਿੰਘ ਦੀ ਮੌਤ ਹੋ ਗਈ ਪਰ ਡਕੈਤੀ ਦੀ ਸਮੱਸਿਆ ਖ਼ਤਮ ਨਹੀਂ ਹੋਈ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI