Home rss national punjabi2ਰਾਸ਼ਟਰੀ ਖ਼ਬਰਾਂ ‘ਤੁਹਾਨੂੰ ਲੱਗਦਾ ਹੈ ਜਿਵੇਂ ਤੁਸੀਂ ਹੀ ਜੱਲਾਦ ਹੋ’, ਆਪਣੇ ਬੱਚੇ ਨੂੰ ਕੁੱਖ...

‘ਤੁਹਾਨੂੰ ਲੱਗਦਾ ਹੈ ਜਿਵੇਂ ਤੁਸੀਂ ਹੀ ਜੱਲਾਦ ਹੋ’, ਆਪਣੇ ਬੱਚੇ ਨੂੰ ਕੁੱਖ ਵਿੱਚ ਗੁਆਉਣ ਵਾਲੀ ਮਾਂ ਦੀ ਦਰਦ ਭਰੀ ਕਹਾਣੀ

9
0

Source :- BBC PUNJABI

ਕੈਟਾਲੀਨਾ ਪਿਜ਼ਾਰੋ

“ਤੁਹਾਨੂੰ ਲੱਗਦਾ ਹੈ ਜਿਵੇਂ ਤੁਸੀਂ ਹੀ ਜੱਲਾਦ ਹੋ।”

ਇਹ ਸ਼ਬਦ 39 ਸਾਲਾ ਸੰਗੀਤ ਅਧਿਆਪਕਾ ਕੈਟਾਲੀਨਾ ਪਿਜ਼ਾਰੋ ਦੇ ਹਨ, ਜਿਨ੍ਹਾਂ ਨੇ ਚਿਲੀ ਵਿੱਚ ਆਪਣੇ ਡਾਕਟਰ ‘ਤੇ ਗਰਭਪਾਤ ਦੇ ਉਨ੍ਹਾਂ ਦੇ ਅਧਿਕਾਰ ਵਿੱਚ ਰੁਕਾਵਟ ਪਾਉਣ ਦਾ ਇਲਜ਼ਾਮ ਲਗਾਇਆ ਸੀ।

ਉਹ ਇਹ ਗੱਲ ਉਸ ਅਹਿਸਾਸ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਿਆਂ ਕਹਿੰਦੀ ਹੈ, ਜਿਸ ਤੋਂ ਉਹ ਆਪਣੀ ਧੀ ਕਲਾਰਾ ਦੀ ਕੁੱਖ ਵਿੱਚ ਮੌਤ ਹੋਣ ਦੇ ਲਗਭਗ ਅੱਠ ਸਾਲ ਬਾਅਦ ਵੀ ਛੁਟਕਾਰਾ ਨਹੀਂ ਪਾ ਸਕੀ ਹੈ।

ਉਹ ਬੀਬੀਸੀ ਮੁੰਡੋ ਨਾਲ ਗੱਲਬਾਤ ਕਰਦਿਆਂ ਕਹਿੰਦੀ ਹੈ, “ਤੁਸੀਂ ਖ਼ੁਦ ਨੂੰ ਮਾੜਾ ਅਤੇ ਦੋਸ਼ੀ ਮਹਿਸੂਸ ਕਰਦੇ ਹੋ। ਇਸ ਤੋਂ ਬਾਅਦ ਤੁਸੀਂ ਕਦੇ ਵੀ ਆਪਣੇ ਸਰੀਰ ਵਿੱਚ ਪਹਿਲਾਂ ਵਾਂਗ ਮਹਿਸੂਸ ਨਹੀਂ ਕਰਦੇ।”

5 ਦਸੰਬਰ 2018 ਨੂੰ, ਗਰਭ ਅਵਸਥਾ ਦੇ 20ਵੇਂ ਹਫ਼ਤੇ ਵਿੱਚ ਉਨ੍ਹਾਂ ਦੀ ਧੀ ਦੇ ਦਿਲ ਦੀ ਧੜਕਣ ਰੁਕ ਗਈ ਸੀ।

ਪਰ ਇਸ ਤੋਂ ਕਈ ਹਫ਼ਤੇ ਪਹਿਲਾਂ ਹੀ ਕੈਟਾਲੀਨਾ ਨੇ ਆਪਣੀ ਮੈਡੀਕਲ ਟੀਮ ਨੂੰ ਗਰਭਪਾਤ ਕਰਨ ਦੀ ਬੇਨਤੀ ਕੀਤੀ ਸੀ, ਕਿਉਂਕਿ ਭਰੂਣ ਦੇ ਜਿਊਂਦੇ ਰਹਿਣ ਦੀ ਕੋਈ ਸੰਭਾਵਨਾ ਨਹੀਂ ਸੀ। ਇਹ ਚਿਲੀ ਵਿੱਚ ਗਰਭਪਾਤ ਲਈ ਕਾਨੂੰਨੀ ਤੌਰ ‘ਤੇ ਮਨਜ਼ੂਰ ਤਿੰਨ ਆਧਾਰਾਂ ਵਿੱਚੋਂ ਇੱਕ ਹੈ।

3 ਸਤੰਬਰ ਨੂੰ ਸੈਂਟਿਆਗੋ ਦੀ ਚੌਥੀ ਸਿਵਲ ਅਦਾਲਤ ਨੇ ਉਸ ਸਮੇਂ ਦੇ ਤਾਬਾਂਕੁਰਾ ਕਲੀਨਿਕ ਦੇ ਜੱਚਾ-ਬੱਚਾ ਅਤੇ ਗਾਇਨੀਕੋਲੋਜੀ ਮਾਹਰ ਅਤੇ ਮੈਟਰਨਿਟੀ ਵਿਭਾਗ ਦੇ ਮੁਖੀ ਐਡੁਆਰਡੋ ਕਾਰਸਟੈਂਸ ਉਲੋਆ ਵਿਰੁੱਧ ਦਾਇਰ ਮੁਕੱਦਮੇ ਨੂੰ ਅੰਸ਼ਕ ਤੌਰ ‘ਤੇ ਸਵੀਕਾਰ ਕਰ ਲਿਆ।

ਅਦਾਲਤ ਨੇ ਫ਼ੈਸਲਾ ਸੁਣਾਇਆ ਕਿ ਡਾਕਟਰ ਨੇ ਆਪਣੇ ਇਕਰਾਰਨਾਮੇ ਅਤੇ ਪੇਸ਼ੇਵਰ ਜ਼ਿੰਮੇਵਾਰੀਆਂ ਦੀ ਉਲੰਘਣਾ ਕੀਤੀ, ਜਿਸ ਕਾਰਨ ਕੈਟਾਲੀਨਾ ਨੂੰ ਗਰਭਪਾਤ ਸਬੰਧੀ ਕਾਨੂੰਨ ਤਹਿਤ ਮਿਲੇ ਅਧਿਕਾਰ ਦੀ ਵਰਤੋਂ ਕਰਨ ਤੋਂ ਰੋਕਿਆ ਗਿਆ।

ਅਦਾਲਤ ਨੇ ਡਾਕਟਰ ਨੂੰ ਉਸ ਨੂੰ 100,275,000 ਚਿਲੀ ਪੇਸੋ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ, ਜੋ ਲਗਭਗ 100,000 ਅਮਰੀਕੀ ਡਾਲਰ ਬਣਦਾ ਹੈ।

ਜੇਕਰ ਪਹਿਲੀ ਅਦਾਲਤ ਦਾ ਇਹ ਫ਼ੈਸਲਾ, ਜਿਸ ਨੂੰ ਡਾਕਟਰ ਪਹਿਲਾਂ ਹੀ ਚੁਣੌਤੀ ਦੇ ਚੁੱਕਾ ਹੈ, ਬਰਕਰਾਰ ਰਹਿੰਦਾ ਹੈ ਤਾਂ ਇਹ ਚਿਲੀ ਵਿੱਚ ਇੱਕ ਇਤਿਹਾਸਕ ਮਿਸਾਲ ਕਾਇਮ ਕਰ ਸਕਦਾ ਹੈ।

ਮੁਕੱਦਮਾ ਦਾਇਰ ਕਰਨ ਵਾਲੀ ਧਿਰ ਦੀ ਵਕੀਲ ਫਰਾਂਸਿਸਕਾ ਮਿਲਾਨ ਮੁਤਾਬਕ, ਇਹ ਦੇਸ਼ ਵਿੱਚ ਇਸ ਤਰ੍ਹਾਂ ਦਾ ਪਹਿਲਾ ਫ਼ੈਸਲਾ ਹੋਵੇਗਾ, ਜੋ ਪੀੜਤ ਧਿਰ ਦੇ ਹੱਕ ਵਿੱਚ ਆਇਆ ਹੈ।

ਦੂਜੇ ਪਾਸੇ, ਡਾ. ਕਾਰਸਟੈਂਸ ਨੂੰ ਉਮੀਦ ਹੈ ਕਿ ਇਹ ਫ਼ੈਸਲਾ ਪਲਟ ਦਿੱਤਾ ਜਾਵੇਗਾ। ਉਨ੍ਹਾਂ ਦੇ ਬਚਾਅ ਪੱਖ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਕਾਨੂੰਨ ਅਤੇ ਡਾਕਟਰੀ ਅਮਲ ਦੇ ਮਾਪਦੰਡਾਂ ਅਨੁਸਾਰ ਹੀ ਕੰਮ ਕੀਤਾ ਸੀ ਅਤੇ ਕਲਾਰਾ ਦੀ ਸਿਹਤ ਦੀ ਸਥਿਤੀ ਗਰਭਪਾਤ ਕਰਵਾਉਣ ਦਾ ਕਾਨੂੰਨੀ ਆਧਾਰ ਨਹੀਂ ਬਣਦੀ ਸੀ।

“ਮੈਨੂੰ ਭਰੋਸਾ ਸੀ ਕਿ ਉਹ ਮੇਰੀ ਦੇਖਭਾਲ ਕਰਨਗੇ”

ਅਲਟ੍ਰਾਸਾਊਂਡ

ਕੈਟਾਲੀਨਾ ਅਤੇ ਉਸ ਦਾ ਸਾਥੀ ਡੇਢ ਸਾਲ ਤੋਂ ਬੱਚਾ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਫਿਰ ਅਗਸਤ 2018 ਦੀ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਖ਼ੁਸ਼ਖ਼ਬਰੀ ਮਿਲੀ ਕਿ ਉਹ ਗਰਭਵਤੀ ਹੈ।

ਉਸ ਦਾ ਇਲਾਜ ਉਸ ਸਮੇਂ ਦੇ ਤਾਬਾਂਕੁਰਾ ਕਲੀਨਿਕ ਵਿੱਚ ਸ਼ੁਰੂ ਹੋਇਆ, ਜਿਸ ਨੂੰ ਹੁਣ ਰੈੱਡਸੈਲੂਡ ਵਿਟਾਕੁਰਾ ਕਲੀਨਿਕ ਕਿਹਾ ਜਾਂਦਾ ਹੈ। ਇਹ ਸੈਂਟਿਆਗੋ ਦੇ ਇੱਕ ਖ਼ੁਸ਼ਹਾਲ ਇਲਾਕੇ ਵਿੱਚ ਸਥਿਤ ਨਿੱਜੀ ਸਿਹਤ ਸੇਵਾ ਕੇਂਦਰ ਹੈ।

ਉਸ ਦੇ ਪਿਤਾ ਦੇ ਭਰਾ ਉੱਥੇ ਨਵਜੰਮੇ ਬੱਚਿਆਂ ਦੇ ਇਲਾਜ ਵਿਭਾਗ ਦੇ ਮੁਖੀ ਸਨ, ਇਸ ਲਈ ਉਸ ਨੂੰ ਉੱਥੇ ਇਲਾਜ ਕਰਵਾਉਣਾ ਸੁਭਾਵਿਕ ਲੱਗਿਆ।

ਉਹ ਕਹਿੰਦੀ ਹੈ, “ਮੈਨੂੰ ਭਰੋਸਾ ਸੀ ਕਿ ਉਹ ਮੇਰੀ ਦੇਖਭਾਲ ਕਰਨਗੇ।”

ਉਸ ਦੀਆਂ ਸ਼ੁਰੂਆਤੀ ਜਾਂਚਾਂ ਗਾਇਨੀਕੋਲੋਜਿਸਟ ਡਾ. ਰੋਸਾਨਾ ਫ਼ਾਊਂਦੇਜ਼ ਨੇ ਕੀਤੀਆਂ। ਸਾਰੀਆਂ ਜਾਂਚਾਂ ਦੇ ਨਤੀਜੇ ਆਮ ਸਨ।

ਇਹ ਸਿਲਸਿਲਾ ਗਰਭ ਅਵਸਥਾ ਦੇ 11ਵੇਂ ਹਫ਼ਤੇ ਤੱਕ ਜਾਰੀ ਰਿਹਾ। ਉਸੇ ਹਫ਼ਤੇ ਕੀਤੇ ਗਏ ਅਲਟਰਾਸਾਊਂਡ ਦੌਰਾਨ ਡਾਕਟਰੀ ਅਮਲੇ ਨੂੰ ਅਹਿਸਾਸ ਹੋਇਆ ਕਿ ਕੁਝ ਠੀਕ ਨਹੀਂ ਹੈ।

ਕੈਟਾਲੀਨਾ ਯਾਦ ਕਰਦੀ ਹੈ, “ਡਾਕਟਰ ਨੂੰ ਜਾਂਚ ਕਰਦਿਆਂ ਬਹੁਤ ਜ਼ਿਆਦਾ ਸਮਾਂ ਲੱਗਣ ਲੱਗਾ। ਫਿਰ ਉਸ ਨੇ ਮੈਨੂੰ ਕਿਹਾ, ‘ਮੈਂ ਆਪਣੇ ਇੱਕ ਸਾਥੀ ਨੂੰ ਬੁਲਾ ਲੈਂਦਾ ਹਾਂ।’ ਉਹ ਆਪਣੇ ਸਾਥੀ ਨੂੰ ਲੈ ਕੇ ਆਇਆ ਅਤੇ ਦੋਵਾਂ ਨੇ ਜਾਂਚ ਕੀਤੀ। ਫਿਰ ਉਸ ਨੇ ਮੈਨੂੰ ਦੱਸਿਆ ਕਿ ਕਲਾਰਾ ਨੂੰ ਦੋਵੇਂ ਪਾਸੇ ਸਿਸਟਿਕ ਹਾਈਗ੍ਰੋਮਾ ਅਤੇ ਸਰੀਰ ਵਿੱਚ ਵਿਆਪਕ ਸੋਜ ਦੀ ਸਮੱਸਿਆ ਹੈ।”

ਇੰਟਰਨੈਸ਼ਨਲ ਸੋਸਾਇਟੀ ਆਫ਼ ਅਲਟਰਾਸਾਊਂਡ ਇਨ ਔਬਸਟੈਟ੍ਰਿਕਸ ਐਂਡ ਗਾਇਨੀਕੋਲੋਜੀ (ਆਈਐੱਸਯੂਓਜੀ) ਮੁਤਾਬਕ, ਸਿਸਟਿਕ ਹਾਈਗ੍ਰੋਮਾ ਲਸਿਕਾ ਪ੍ਰਣਾਲੀ ਦੇ ਵਿਕਾਸ ਵਿੱਚ ਹੋਣ ਵਾਲੀ ਇੱਕ ਅਸਧਾਰਨਤਾ ਹੈ, ਜਿਸ ਕਾਰਨ ਤਰਲ ਪਦਾਰਥ ਇਕੱਠਾ ਹੋ ਜਾਂਦਾ ਹੈ। ਇਹ ਆਮ ਤੌਰ ‘ਤੇ ਭਰੂਣ ਦੀ ਗਰਦਨ ਵਿੱਚ ਹੁੰਦਾ ਹੈ।

ਆਈਐੱਸਯੂਓਜੀ ਅਨੁਸਾਰ, “ਇਸ ਸਮੱਸਿਆ ਕਾਰਨ ਕ੍ਰੋਮੋਸੋਮ ਸਬੰਧੀ ਅਸਧਾਰਨਤਾਵਾਂ, ਦਿਲ ਅਤੇ ਦਿਲ ਤੋਂ ਇਲਾਵਾ ਸਰੀਰ ਦੇ ਹੋਰ ਅੰਗਾਂ ਵਿੱਚ ਨੁਕਸ ਹੋਣ ਦੇ ਨਾਲ-ਨਾਲ ਭਰੂਣ ਦੀ ਮੌਤ ਦਾ ਖ਼ਤਰਾ ਵੀ ਵਧ ਜਾਂਦਾ ਹੈ।”

ਕਲਾਰਾ ਦੇ ਮਾਮਲੇ ਵਿੱਚ ਵੀ ਇਹ ਸਮੱਸਿਆ ਅਕਸਰ ਵੇਖੀ ਜਾਣ ਵਾਲੀ ਸਰੀਰ ਵਿੱਚ ਵਿਆਪਕ ਸੋਜ (ਜਿਸ ਨੂੰ ਫੀਟਲ ਹਾਈਡ੍ਰੌਪਸ ਵੀ ਕਿਹਾ ਜਾਂਦਾ ਹੈ) ਦੇ ਨਾਲ ਸੀ। ਸੌਖੇ ਸ਼ਬਦਾਂ ਵਿੱਚ, ਇਸ ਦਾ ਮਤਲਬ ਸਰੀਰ ਦੇ ਵੱਖ-ਵੱਖ ਹਿੱਸਿਆਂ, ਜਿਨ੍ਹਾਂ ਵਿੱਚ ਚਮੜੀ ਵੀ ਸ਼ਾਮਲ ਹੈ, ਵਿੱਚ ਅਸਧਾਰਨ ਤਰੀਕੇ ਨਾਲ ਤਰਲ ਪਦਾਰਥ ਇਕੱਠਾ ਹੋਣਾ ਹੈ।

ਮਾੜੀ ਭਵਿੱਖਬਾਣੀ

ਚਿਲੀ

ਕੈਟਾਲੀਨਾ ਦਾ ਕਹਿਣਾ ਹੈ ਕਿ ਸ਼ੁਰੂ ਤੋਂ ਹੀ ਡਾਕਟਰਾਂ ਨੇ ਉਸ ਨੂੰ ਦੱਸ ਦਿੱਤਾ ਸੀ ਕਿ ਇਸ ਜਾਂਚ ਦੇ ਨਤੀਜਿਆਂ ਦੇ ਮੱਦੇਨਜ਼ਰ ਉਸ ਦੀ ਗਰਭ ਅਵਸਥਾ ਪੂਰੀ ਮਿਆਦ ਤੱਕ ਨਹੀਂ ਪਹੁੰਚ ਸਕੇਗੀ।

ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਮੁਤਾਬਕ, ਉਸ ਅਲਟਰਾਸਾਊਂਡ ਤੋਂ ਬਾਅਦ ਉਸ ਨੇ ਆਪਣੀ ਗਾਇਨੀਕੋਲੋਜਿਸਟ ਡਾ. ਫ਼ਾਊਂਦੇਜ਼ ਨਾਲ ਮੁਲਾਕਾਤ ਦਾ ਸਮਾਂ ਲਿਆ। ਇਸ ਦੌਰਾਨ ਪਹਿਲੀ ਵਾਰ ਉਨ੍ਹਾਂ ਵਿਚਾਲੇ ਭਰੂਣ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਕਾਰਨ ਗਰਭਪਾਤ ਕਰਵਾਉਣ ਦੀ ਸੰਭਾਵਨਾ ਬਾਰੇ ਗੱਲ ਹੋਈ।

ਚਿਲੀ ਵਿੱਚ 2017 ਤੋਂ ਲਾਗੂ ਗਰਭਪਾਤ ਸਬੰਧੀ ਕਾਨੂੰਨ ਇਸ ਆਧਾਰ ਤੋਂ ਇਲਾਵਾ ਮਾਂ ਦੀ ਜਾਨ ਨੂੰ ਖ਼ਤਰਾ ਹੋਣ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਵੀ ਗਰਭ ਅਵਸਥਾ ਖ਼ਤਮ ਕਰਨ ਦੀ ਇਜਾਜ਼ਤ ਦਿੰਦਾ ਹੈ।

ਕਾਨੂੰਨ ਮੁਤਾਬਕ, ਭਰੂਣ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਦਾ ਆਧਾਰ ਉਸ ਸਮੇਂ ਬਣਦਾ ਹੈ, ਜਦੋਂ ਭਰੂਣ ਕਿਸੇ ਅਜਿਹੀ “ਜਮਾਂਦਰੂ, ਬਾਅਦ ਵਿੱਚ ਪੈਦਾ ਹੋਈ ਜਾਂ ਜੈਨੇਟਿਕ ਬਿਮਾਰੀ” ਤੋਂ ਪੀੜਤ ਹੋਵੇ, ਜੋ ਗਰਭ ਤੋਂ ਬਾਹਰ ਸੁਤੰਤਰ ਤੌਰ ‘ਤੇ ਜਿਊਂਦੇ ਰਹਿਣ ਦੇ ਅਨੁਕੂਲ ਨਾ ਹੋਵੇ ਅਤੇ ਹਰ ਹਾਲਤ ਵਿੱਚ ਘਾਤਕ ਹੋਵੇ।

ਇਸ ਦੀ ਪੁਸ਼ਟੀ ਲਈ ਕਾਨੂੰਨ ਅਨੁਸਾਰ ਮਾਹਿਰ ਡਾਕਟਰਾਂ ਵੱਲੋਂ ਇੱਕੋ ਜਿਹੇ ਨਤੀਜੇ ਵਾਲੀਆਂ ਦੋ ਡਾਕਟਰੀ ਰਿਪੋਰਟਾਂ ਲਾਜ਼ਮੀ ਹਨ।

ਕੈਟਾਲੀਨਾ ਯਾਦ ਕਰਦੀ ਹੈ, “ਮੇਰੀ ਗਾਇਨੀਕੋਲੋਜਿਸਟ ਨੇ ਮੈਨੂੰ ਦੱਸਿਆ ਕਿ ਉਸ ਨੂੰ ਇਸ ਵਿੱਚ ਕੋਈ ਸਮੱਸਿਆ ਨਜ਼ਰ ਨਹੀਂ ਆਉਂਦੀ ਅਤੇ ਮੈਨੂੰ ਕਲੀਨਿਕ ਦੀ ਨੈਤਿਕਤਾ ਕਮੇਟੀ ਨਾਲ ਇਸ ਬਾਰੇ ਗੱਲ ਕਰਨੀ ਚਾਹੀਦੀ ਹੈ। ਪਰ ਉਸ ਨੇ ਇਹ ਵੀ ਕਿਹਾ ਕਿ ਉਹ ਉਸੇ ਦੁਪਹਿਰ ਮੈਨੂੰ ਫ਼ੋਨ ਕਰੇਗੀ।”

ਸ਼ੁਰੂਆਤੀ ਕੁਝ ਦਿਨਾਂ ਵਿੱਚ ਉਨ੍ਹਾਂ ਨੇ ਕੈਟਾਲੀਨਾ ਨੂੰ ਜੈਨੇਟਿਕ ਜਾਂਚ ਕਰਵਾਉਣ ਲਈ ਕਿਹਾ, ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਕੋਈ ਕ੍ਰੋਮੋਸੋਮ ਸਬੰਧੀ ਕਾਰਨ ਤਾਂ ਨਹੀਂ, ਜਿਸ ਨਾਲ ਉਸ ਦੀ ਧੀ ਦੀ ਇਹ ਸਥਿਤੀ ਪੈਦਾ ਹੋਈ ਹੋਵੇ।

ਜਾਂਚ ਦਾ ਨਤੀਜਾ ਆਮ ਆਇਆ, ਪਰ ਇਸ ਦਾ ਇਹ ਮਤਲਬ ਨਹੀਂ ਸੀ ਕਿ ਬੱਚੀ ਦੇ ਬਚਣ ਦੀਆਂ ਸੰਭਾਵਨਾਵਾਂ ਬਿਹਤਰ ਹੋ ਗਈਆਂ ਸਨ।

ਕੈਟਾਲੀਨਾ ਪਹਿਲਾਂ ਹੀ ਆਪਣੀ ਗਰਭ ਅਵਸਥਾ ਖ਼ਤਮ ਕਰਨ ਦਾ ਫ਼ੈਸਲਾ ਕਰ ਚੁੱਕੀ ਸੀ। ਉਹ ਨਹੀਂ ਚਾਹੁੰਦੀ ਸੀ ਕਿ ਗਰਭ ਅਵਸਥਾ ਦੇ ਅਗਲੇ ਪੜਾਅ ਵਿੱਚ ਉਸ ਦੀ ਧੀ ਦੀ ਕੁੱਖ ਵਿੱਚ ਹੀ ਮੌਤ ਹੋਣ ਤੱਕ ਉਡੀਕ ਕਰਨੀ ਪਵੇ।

ਉਸ ਨੇ ਹੋਰ ਡਾਕਟਰਾਂ ਦੀ ਰਾਇ ਲੈਣ ਦਾ ਫ਼ੈਸਲਾ ਕੀਤਾ ਅਤੇ 26 ਅਕਤੂਬਰ ਨੂੰ ਡਾ. ਵਾਲਡੋ ਸੇਪੁਲਵੇਦਾ ਕੋਲ ਗਈ, ਜਿਨ੍ਹਾਂ ਨੇ ਉਸ ਦੀ ਜਾਂਚ ਕੀਤੀ।

ਅਦਾਲਤੀ ਫ਼ੈਸਲੇ ਮੁਤਾਬਕ, ਡਾਕਟਰ ਨੇ ਭਰੂਣ ਦੀ ਸਿਹਤ ਦੀ ਸਥਿਤੀ ਵਿੱਚ ਕਾਫ਼ੀ ਗਿਰਾਵਟ ਦੇਖੀ। ਉਨ੍ਹਾਂ ਨੇ ਆਪਣੀ ਰਿਪੋਰਟ ਵਿੱਚ ਸਿੱਟਾ ਕੱਢਿਆ ਕਿ ਭਰੂਣ ਵਿੱਚ ਪਾਣੀ ਇਕੱਠਾ ਹੋਣ ਦੀ ਸਮੱਸਿਆ ਦਾ ਕੋਈ ਇਲਾਜ ਸੰਭਵ ਨਹੀਂ ਸੀ ਅਤੇ ਇਹ ਮਾਮਲਾ ਗਰਭਪਾਤ ਸਬੰਧੀ ਕਾਨੂੰਨ ਵਿੱਚ ਦਰਜ ਭਰੂਣ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਵਾਲੇ ਆਧਾਰ ਅਧੀਨ ਆ ਸਕਦਾ ਸੀ।

ਹੋਰ ਜਾਂਚਾਂ

ਅਲਟ੍ਰਾਸਾਊਂਡ

ਹੁਣ ਕੈਟਾਲੀਨਾ ਨੂੰ ਸਿਰਫ਼ ਇਸੇ ਸਿੱਟੇ ਦੀ ਪੁਸ਼ਟੀ ਕਰਨ ਵਾਲੀ ਇੱਕ ਹੋਰ ਰਿਪੋਰਟ ਦੀ ਲੋੜ ਸੀ।

ਉਸ ਨੇ ਆਪਣੀ ਗਾਇਨੀਕੋਲੋਜਿਸਟ ਨੂੰ ਈਮੇਲ ਭੇਜੀ, ਜਿਸ ਨਾਲ ਡਾ. ਸੇਪੁਲਵੇਦਾ ਦੀ ਰਿਪੋਰਟ ਵੀ ਨੱਥੀ ਕੀਤੀ ਅਤੇ ਇੱਕ ਵਾਰ ਫਿਰ ਪੁੱਛਿਆ ਕਿ ਕੀ ਉਹ ਉਸ ਦੇ ਗਰਭਪਾਤ ਨੂੰ ਮਨਜ਼ੂਰੀ ਦੇ ਸਕਦੇ ਹਨ।

ਪਰ ਡਾ. ਫ਼ਾਊਂਦੇਜ਼ ਨੇ ਉਸ ਨਾਲ ਸੰਪਰਕ ਕਰਕੇ ਦੱਸਿਆ ਕਿ ਕਲੀਨਿਕ ਦੀ ਨੈਤਿਕਤਾ ਕਮੇਟੀ ਨੇ ਉਸ ਦੇ ਮਾਮਲੇ ਦੀ ਸਮੀਖਿਆ ਕੀਤੀ ਹੈ ਅਤੇ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਕੁਝ ਹੋਰ ਜਾਂਚਾਂ ਕਰਵਾਉਣ ਲਈ ਕਿਹਾ ਹੈ।

ਉਸ ਨੂੰ ਭਰੂਣ ਦੇ ਦਿਲ ਦਾ ਈਕੋਕਾਰਡੀਓਗ੍ਰਾਮ ਕਰਵਾਉਣ ਲਈ ਕਿਹਾ ਗਿਆ ਅਤੇ ਦੱਸਿਆ ਗਿਆ ਕਿ ਹੁਣ ਉਸ ਦਾ ਮਾਮਲਾ ਡਾ. ਕਾਰਸਟੈਂਸ ਦੇ ਹਵਾਲੇ ਕਰ ਦਿੱਤਾ ਗਿਆ ਹੈ।

ਕੈਟਾਲੀਨਾ ਨੇ ਹੋਰ ਅਲਟਰਾਸਾਊਂਡ ਜਾਂਚਾਂ ਕਰਵਾਈਆਂ। ਇੱਕ ਹੋਰ ਕਲੀਨਿਕ ਵਿੱਚ ਕੰਮ ਕਰਨ ਵਾਲੇ ਡਾਕਟਰ ਨੇ ਸ਼ੱਕ ਜਤਾਇਆ ਕਿ ਕਲਾਰਾ ਦੇ ਦਿਲ ਵਿੱਚ ਕੋਈ ਗੁੰਝਲਦਾਰ ਸਮੱਸਿਆ ਹੋ ਸਕਦੀ ਹੈ।

ਇਸ ਤੋਂ ਬਾਅਦ 5 ਨਵੰਬਰ ਨੂੰ ਇੱਕ ਹੋਰ ਮਾਹਰ ਨੇ ਅਜਿਹੇ ਸੰਕੇਤ ਦੇਖੇ, ਜੋ ਉਸ ਦੇ ਦਿਲ ਦੇ ਖੱਬੇ ਪਾਸੇ ਵਾਲੇ ਹੇਠਲੇ ਖਾਨੇ (ਖੱਬੇ ਵੈਂਟ੍ਰਿਕਲ) ਦੇ ਪੂਰੀ ਤਰ੍ਹਾਂ ਵਿਕਸਤ ਨਾ ਹੋਣ ਵੱਲ ਇਸ਼ਾਰਾ ਕਰਦੇ ਸਨ।

ਡਾਕਟਰ ਨੇ ਸਿਫ਼ਾਰਸ਼ ਕੀਤੀ ਕਿ ਗਰਭ ਅਵਸਥਾ ਦੇ 20ਵੇਂ ਹਫ਼ਤੇ ਤੋਂ ਬਾਅਦ, ਜਦੋਂ ਭਰੂਣ ਦਾ ਹੋਰ ਵਿਕਾਸ ਹੋ ਜਾਵੇ, ਤਾਂ ਇਹ ਜਾਂਚਾਂ ਦੁਬਾਰਾ ਕੀਤੀਆਂ ਜਾਣ।

ਪਰ ਕੈਟਾਲੀਨਾ ਹੁਣ ਹੋਰ ਉਡੀਕ ਨਹੀਂ ਕਰਨਾ ਚਾਹੁੰਦੀ ਸੀ। ਉਹ ਜਾਂਚਾਂ ਅਤੇ ਡਾਕਟਰਾਂ ਕੋਲ ਵਾਰ-ਵਾਰ ਜਾਣ ਦੇ ਉਸ ਸਿਲਸਿਲੇ ਤੋਂ ਥੱਕ ਚੁੱਕੀ ਸੀ, ਜਿਸ ਨੂੰ ਉਹ “ਇੱਕ ਤੀਰਥ ਯਾਤਰਾ” ਕਹਿੰਦੀ ਹੈ ਅਤੇ ਜਿਸ ਦਾ ਕੋਈ ਨਤੀਜਾ ਨਹੀਂ ਨਿਕਲ ਰਿਹਾ ਸੀ।

ਉਸ ਦੀ ਧੀ ਕਲਾਰਾ ਕੁੱਖ ਵਿੱਚ ਲਗਾਤਾਰ ਵੱਡੀ ਹੋ ਰਹੀ ਸੀ।

ਅਦਾਲਤ ਵਿੱਚ ਦਿੱਤੇ ਆਪਣੇ ਬਿਆਨ ਮੁਤਾਬਕ, ਆਖ਼ਰੀ ਅਲਟਰਾਸਾਊਂਡ ਜਾਂਚਾਂ ਤੋਂ ਬਾਅਦ ਡਾ. ਕਾਰਸਟੈਂਸ ਨੇ ਉਸ ਨੂੰ 12 ਨਵੰਬਰ ਨੂੰ ਇੱਕ ਮੀਟਿੰਗ ਲਈ ਬੁਲਾਇਆ।

ਕੈਟਾਲੀਨਾ ਦਾ ਕਹਿਣਾ ਹੈ ਕਿ ਡਾਕਟਰ ਨੇ ਉਸ ਨੂੰ ਦੱਸਿਆ ਕਿ ਉਸ ਨੇ ਉਨ੍ਹਾਂ ਸਾਰੇ ਡਾਕਟਰਾਂ ਨਾਲ ਗੱਲ ਕੀਤੀ ਹੈ, ਜਿਨ੍ਹਾਂ ਕੋਲ ਉਹ ਜਾਂਚ ਲਈ ਗਈ ਸੀ ਅਤੇ ਸਾਰੇ ਇਸ ਗੱਲ ਨਾਲ ਸਹਿਮਤ ਸਨ ਕਿ ਉਹ ਭਰੂਣ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਦੇ ਆਧਾਰ ‘ਤੇ ਗਰਭਪਾਤ ਕਰਵਾਉਣ ਦੀਆਂ ਸ਼ਰਤਾਂ ਪੂਰੀਆਂ ਨਹੀਂ ਕਰਦੀ।

ਕੈਟਾਲੀਨਾ ਦੇ ਮੁਤਾਬਕ, ਕਾਰਸਟੈਂਸ ਨੇ ਇਹ ਦਲੀਲ ਵੀ ਦਿੱਤੀ ਕਿ ਕਲਾਰਾ ਦੀ ਸਿਹਤ ਨਾਲ ਜੁੜੀ ਸਮੱਸਿਆ ਉਨ੍ਹਾਂ ਬਿਮਾਰੀਆਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਸੀ, ਜਿਨ੍ਹਾਂ ਨੂੰ ਕਾਨੂੰਨ ਲਾਗੂ ਕਰਨ ਵਾਲੇ ਨਿਯਮਾਂ ਤਹਿਤ ਗਰਭਪਾਤ ਲਈ ਮਾਨਤਾ ਦਿੱਤੀ ਗਈ ਸੀ।

ਹਾਲਾਂਕਿ, ਨਿਯਮਾਂ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਸੂਚੀ ਪੂਰੀ ਨਹੀਂ ਹੈ, ਭਾਵ ਇਸ ਨੂੰ ਬਿਮਾਰੀਆਂ ਦੀ ਅੰਤਿਮ ਜਾਂ ਸੀਮਤ ਸੂਚੀ ਨਹੀਂ ਸਮਝਿਆ ਜਾਣਾ ਚਾਹੀਦਾ।

ਇਸ ਦੀ ਬਜਾਏ ਡਾਕਟਰ ਨੇ ਉਸ ਦੀ ਗਰਭ ਅਵਸਥਾ ਦੀ ਨਿਯਮਿਤ ਨਿਗਰਾਨੀ ਕਰਨ ਦੀ ਪੇਸ਼ਕਸ਼ ਕੀਤੀ।

ਕੈਟਾਲੀਨਾ ਦੱਸਦੀ ਹੈ, “ਉਸ ਨੇ ਮੈਨੂੰ ਹਰ ਸੋਮਵਾਰ ਆਉਣ ਦੀ ਪੇਸ਼ਕਸ਼ ਕੀਤੀ। ਉਹ ਆਪਣੇ ਦਫ਼ਤਰ ਵਿੱਚ ਮੇਰੇ ਲਈ ਵਾਧੂ ਸਮਾਂ ਕੱਢਣ ਅਤੇ ਅਲਟਰਾਸਾਊਂਡ ਦੀ ਕੋਈ ਫ਼ੀਸ ਨਾ ਲੈਣ ਲਈ ਤਿਆਰ ਸੀ, ਤਾਂ ਜੋ ਦੇਖਿਆ ਜਾ ਸਕੇ ਕਿ ਦਿਲ ਦੀ ਧੜਕਨ ਹਾਲੇ ਵੀ ਚੱਲ ਰਹੀ ਹੈ ਜਾਂ ਨਹੀਂ। ਉਸ ਨੇ ਮੈਨੂੰ ਦੱਸਿਆ ਕਿ ਇਹ ਕਿਸੇ ਵੀ ਪਲ ਹੋ ਸਕਦਾ ਹੈ।”

ਕਲਾਰਾ ਦੀ ਮੌਤ ਹੋਣ ਵਿੱਚ ਇਸ ਤੋਂ ਬਾਅਦ ਤਿੰਨ ਹੋਰ ਹਫ਼ਤੇ ਲੱਗੇ।

“ਇਹ ਬਹੁਤ ਭਿਆਨਕ ਤਸੀਹਾ ਹੈ”

ਗਰਭਵਤੀ ਔਰਤ

ਕੈਟਾਲੀਨਾ ਦਾ ਕਹਿਣਾ ਹੈ ਕਿ ਉਹ ਦਿਨ ਉਸ ਨੂੰ ਇੱਕ ਅਨੰਤ ਕਾਲ ਵਾਂਗ ਮਹਿਸੂਸ ਹੋਏ। ਉਹ ਡਾਕਟਰੀ ਛੁੱਟੀ ‘ਤੇ ਸੀ ਅਤੇ ਘਰੋਂ ਬਾਹਰ ਨਹੀਂ ਨਿਕਲ ਸਕਦੀ ਸੀ। ਉਸ ਸਮੇਂ ਉਹ ਆਪਣੇ ਸਾਥੀ ਅਤੇ 11 ਸਾਲ ਦੇ ਪੁੱਤਰ ਨਾਲ ਰਹਿੰਦੀ ਸੀ।

ਉਸ ਨੂੰ ਲੱਗਦਾ ਸੀ ਜਿਵੇਂ ਉਹ ਇੱਕ ਅਜਿਹੇ ਚੱਕਰ ਵਿੱਚ ਫਸ ਗਈ ਹੋਵੇ, ਜਿਸ ਵਿੱਚੋਂ ਬਾਹਰ ਨਿਕਲਣਾ ਅਸੰਭਵ ਸੀ। ਉਹ ਇਸ ਬਾਰੇ ਸੋਚਣਾ ਬੰਦ ਨਹੀਂ ਕਰ ਸਕਦੀ ਸੀ।

ਉਹ ਕਹਿੰਦੀ ਹੈ, “ਇਹ ਪਾਗਲਪਨ ਦੇ ਕੰਢੇ ‘ਤੇ ਪਹੁੰਚਣ ਵਰਗਾ ਹੁੰਦਾ ਹੈ, ਕਿਉਂਕਿ ਤੁਸੀਂ ਹਰ ਚੀਜ਼ ‘ਤੇ ਸਵਾਲ ਉਠਾਉਣ ਲੱਗ ਪੈਂਦੇ ਹੋ। ਮਿਸਾਲ ਵਜੋਂ, ਬੱਚੇ ਨਾਲ ਮੋਹ ਪਾਉਣਾ।”

“ਤੁਸੀਂ ਉਸ ਨਾਲ ਗੱਲਾਂ ਕਰਦੇ ਹੋ ਅਤੇ ਫਿਰ ਆਪਣੇ ਆਪ ਨੂੰ ਕਹਿੰਦੇ ਹੋ, ‘ਨਹੀਂ, ਤੁਸੀਂ ਆਪਣੇ ਆਪ ਨੂੰ ਧੋਖਾ ਨਹੀਂ ਦੇ ਸਕਦੇ, ਤੁਸੀਂ ਉਸ ਨਾਲ ਮੋਹ ਨਹੀਂ ਪਾ ਸਕਦੇ, ਕਿਉਂਕਿ ਇਹ ਸਭ ਕੁਝ ਲੰਮਾ ਨਹੀਂ ਚੱਲਣ ਵਾਲਾ।’ ਫਿਰ ਤੁਸੀਂ ਇਸ ਗੱਲ ਲਈ ਵੀ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹੋ। ਇਹ ਇੱਕ ਚੱਕਰ ਹੈ, ਇੱਕ ਭਿਆਨਕ ਚੱਕਰ। ਇਹ ਬਹੁਤ ਵੱਡਾ ਤਸੀਹਾ ਹੈ, ਬੇਹੱਦ ਵੱਡਾ।”

ਨਿਯਮਿਤ ਤੌਰ ‘ਤੇ ਆਪਣੀ ਧੀ ਦੇ ਦਿਲ ਦੀ ਧੜਕਨ ਸੁਣਨਾ ਵੀ ਉਸ ਦੀ ਮਦਦ ਨਹੀਂ ਕਰਦਾ ਸੀ। ਇਸੇ ਤਰ੍ਹਾਂ ਡਾਕਟਰ ਦੇ ਦਫ਼ਤਰ ਜਾਣਾ ਅਤੇ ਹੋਰ ਗਰਭਵਤੀ ਔਰਤਾਂ ਨੂੰ ਬਿਨਾਂ ਕਿਸੇ ਪੇਚੀਦਗੀ ਦੇ ਦੇਖਣਾ ਵੀ ਉਸ ਲਈ ਮੁਸ਼ਕਲ ਸੀ।

ਉਹ ਕਹਿੰਦੀ ਹੈ, “ਇਸ ਨਾਲ ਸਦਮੇ ਦੀ ਤੀਬਰਤਾ ਹੋਰ ਵਧ ਜਾਂਦੀ ਸੀ। ਉਹ ਜ਼ਿੰਦਗੀ ਦਾ ਬਹੁਤ ਹਨੇਰਾ ਦੌਰ ਸੀ।”

5 ਦਸੰਬਰ 2018 ਨੂੰ ਕਲਾਰਾ ਦੀ ਮੌਤ ਹੋ ਗਈ।

ਰੁਟੀਨ ਅਲਟਰਾਸਾਊਂਡ ਜਾਂਚ ਦੌਰਾਨ ਡਾ. ਕਾਰਸਟੈਂਸ ਨੇ ਕੈਟਾਲੀਨਾ ਨੂੰ ਪੁਸ਼ਟੀ ਕੀਤੀ ਕਿ ਉਸ ਦੀ ਧੀ ਦੇ ਦਿਲ ਦੀ ਧੜਕਨ ਰੁਕ ਗਈ ਸੀ।

ਕੈਟਾਲੀਨਾ ਮੁਤਾਬਕ, ਉਸ ਸਮੇਂ ਡਾਕਟਰ ਨੇ ਕਥਿਤ ਤੌਰ ‘ਤੇ ਉਸ ਨੂੰ ਕਿਹਾ, “ਮੈਂ ਇਸ ਨੂੰ ਇਸੇ ਤਰ੍ਹਾਂ ਹੋਣ ਦੇਣਾ ਬਿਹਤਰ ਸਮਝਿਆ, ਕਿਉਂਕਿ ਇਹ ਵਧੇਰੇ ਕੁਦਰਤੀ ਹੈ। ਇਸ ਤਰ੍ਹਾਂ ਤੁਹਾਡੇ ਮਨ ਵਿੱਚ ਕੋਈ ਦੋਸ਼ ਨਹੀਂ ਰਹੇਗਾ।”

ਕੈਟਾਲੀਨਾ ਕਹਿੰਦੀ ਹੈ, “ਉਸੇ ਵੇਲੇ ਮੈਂ ਸਭ ਕੁਝ ਸਮਝ ਗਈ।”

ਦੂਜੇ ਪਾਸੇ, ਡਾ. ਕਾਰਸਟੈਂਸ ਆਪਣੇ ਬਚਾਅ ਵਿੱਚ ਦਾਅਵਾ ਕਰਦੇ ਹਨ ਕਿ ਗਰਭ ਅਵਸਥਾ ਬਾਰੇ ਲਏ ਗਏ ਫ਼ੈਸਲੇ ਡਾਕਟਰੀ ਅਤੇ ਕਾਨੂੰਨੀ ਮਾਪਦੰਡਾਂ ‘ਤੇ ਆਧਾਰਿਤ ਸਨ।

ਡਾਕਟਰ ਵੱਲੋਂ ਦਾਇਰ ਅਪੀਲ ਵਿੱਚ ਉਸ ਦੇ ਬਚਾਅ ਪੱਖ ਦੀ ਦਲੀਲ ਹੈ ਕਿ ਕਲਾਰਾ ਦੀ ਸਿਹਤ ਨਾਲ ਜੁੜੀ ਸਮੱਸਿਆ ਅਜਿਹੀ ਬਿਮਾਰੀ ਨਹੀਂ ਸੀ, ਜੋ ਲਾਜ਼ਮੀ ਤੌਰ ‘ਤੇ ਗਰਭ ਤੋਂ ਬਾਹਰ ਜਿਊਂਦੇ ਰਹਿਣ ਦੇ ਅਨੁਕੂਲ ਨਾ ਹੋਵੇ।

ਇਸ ਲਈ, ਉਨ੍ਹਾਂ ਮੁਤਾਬਕ, ਇਸ ਨੂੰ ਭਰੂਣ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਦਾ ਮਾਮਲਾ ਕਰਾਰ ਦੇਣ ਤੋਂ ਪਹਿਲਾਂ ਇਸ ਦੇ ਕਾਰਨਾਂ ਦੀ ਜਾਂਚ ਕਰਨਾ ਅਤੇ ਇਹ ਦੇਖਣਾ ਜ਼ਰੂਰੀ ਸੀ ਕਿ ਕੀ ਇਸ ਦਾ ਇਲਾਜ ਸੰਭਵ ਹੈ।

ਬੀਬੀਸੀ ਮੁੰਡੋ ਨੇ ਘਟਨਾ ਬਾਰੇ ਉਨ੍ਹਾਂ ਦਾ ਪੱਖ ਜਾਣਨ ਲਈ ਰੈੱਡਸੈਲੂਡ ਵਿਟਾਕੁਰਾ ਕਲੀਨਿਕ ਅਤੇ ਡਾ. ਕਾਰਸਟੈਂਸ ਨਾਲ ਸੰਪਰਕ ਕੀਤਾ, ਪਰ ਇਸ ਲੇਖ ਦੇ ਪ੍ਰਕਾਸ਼ਿਤ ਹੋਣ ਤੱਕ ਉਨ੍ਹਾਂ ਵੱਲੋਂ ਕੋਈ ਜਵਾਬ ਨਹੀਂ ਮਿਲਿਆ।

ਕਲਾਰਾ ਦਾ ਜਨਮ

ਜਦੋਂ ਕਲਾਰਾ ਦੇ ਦਿਲ ਦੀ ਧੜਕਨ ਰੁਕ ਗਈ ਤਾਂ ਕੈਟਾਲੀਨਾ ਨੂੰ ਐਮਰਜੈਂਸੀ ਸੀਜ਼ੇਰੀਅਨ ਜਣੇਪੇ ਲਈ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ।

ਉਹ ਕਹਿੰਦੀ ਹੈ ਕਿ ਉਹ ਬਹੁਤ ਜ਼ਿਆਦਾ ਬੇਹੋਸ਼ੀ ਦੀ ਦਵਾਈ ਨਹੀਂ ਲੈਣਾ ਚਾਹੁੰਦੀ ਸੀ। ਉਹ ਹੋਸ਼ ਵਿੱਚ ਰਹਿਣਾ ਚਾਹੁੰਦੀ ਸੀ ਤਾਂ ਜੋ ਆਪਣੀ ਧੀ ਨੂੰ ਦੇਖ ਸਕੇ।

ਉਹ ਦੱਸਦੀ ਹੈ, “ਮੈਂ ਐਪੀਡਿਊਰਲ (ਕਮਰ ਰਾਹੀਂ ਦਿੱਤੀ ਜਾਣ ਵਾਲੀ ਬੇਹੋਸ਼ੀ ਦੀ ਦਵਾਈ) ਦੇਣ ਲਈ ਕਿਹਾ ਸੀ, ਤਾਂ ਜੋ ਆਮ ਸੀਜ਼ੇਰੀਅਨ ਵਾਂਗ ਮੈਂ ਆਪਣੀ ਧੀ ਨੂੰ ਗੋਦ ਵਿੱਚ ਲੈ ਸਕਾਂ। ਪਰ ਜਦੋਂ ਉਹ ਕਲਾਰਾ ਨੂੰ ਬਾਹਰ ਕੱਢ ਰਹੇ ਸਨ ਤਾਂ ਉਸ ਦਾ ਸਰੀਰ ਫਟ ਗਿਆ।”

ਉਹ ਕਹਿੰਦੀ ਹੈ, “ਮੈਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਉਸ ਨੂੰ ਕਿਸੇ ਚਾਦਰ ਵਿੱਚ ਲਪੇਟ ਦੇਣ ਜਾਂ ਕੁਝ ਅਜਿਹਾ ਕਰ ਦੇਣ। ਇਸ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਮੇਰੇ ਹਵਾਲੇ ਕਰ ਦਿੱਤਾ ਅਤੇ ਮੈਂ ਉਸ ਦੇ ਨਾਲ ਕੁਝ ਸਮਾਂ ਬਿਤਾ ਸਕੀ।”

ਇਸ ਤੋਂ ਬਾਅਦ ਉਸ ਨੂੰ ਫੋਰੈਂਸਿਕ ਮੈਡੀਕਲ ਸੇਵਾ ਵੱਲੋਂ ਆਪਣੀ ਧੀ ਦੇ ਸਰੀਰ ਦੀ ਜਾਂਚ ਕੀਤੇ ਜਾਣ ਤੱਕ ਉਡੀਕ ਕਰਨੀ ਪਈ, ਤਾਂ ਜੋ ਇਹ ਪੁਸ਼ਟੀ ਕੀਤੀ ਜਾ ਸਕੇ ਕਿ ਇਹ ਗੈਰ-ਕਾਨੂੰਨੀ ਗਰਭਪਾਤ ਦਾ ਮਾਮਲਾ ਨਹੀਂ ਸੀ।

ਕੈਟਾਲੀਨਾ ਯਾਦ ਕਰਦੀ ਹੈ, “ਸਾਨੂੰ ਉਸ ਦਾ ਅੰਤਿਮ ਸੰਸਕਾਰ ਕਰਨ ਤੋਂ ਪਹਿਲਾਂ ਕੁਝ ਕਾਨੂੰਨੀ ਅਤੇ ਡਾਕਟਰੀ ਕਾਰਵਾਈਆਂ ਪੂਰੀਆਂ ਹੋਣ ਦੀ ਉਡੀਕ ਕਰਨੀ ਪਈ।”

ਉਸ ਦਾ ਕਹਿਣਾ ਹੈ ਕਿ ਇਹ ਵੀ ਇੱਕ ਹੋਰ ਦੁਖਦਾਈ ਪੜਾਅ ਹੈ, ਜਿਸ ਵਿੱਚੋਂ ਉਨ੍ਹਾਂ ਔਰਤਾਂ ਨੂੰ ਲੰਘਣਾ ਪੈਂਦਾ ਹੈ, ਜਿਨ੍ਹਾਂ ਦੇ ਬੱਚਿਆਂ ਦੀ ਕੁੱਖ ਵਿੱਚ ਹੀ ਮੌਤ ਹੋ ਜਾਂਦੀ ਹੈ।

ਉਹ ਕਹਿੰਦੀ ਹੈ, “ਪੂਰਾ ਪ੍ਰਬੰਧ ਹੀ ਬਹੁਤ ਹਿੰਸਕ ਹੈ।”

ਜਣੇਪੇ ਤੋਂ ਬਾਅਦ ਦਾ ਸਮਾਂ

ਕੈਟਾਲੀਨਾ ਪਿਜ਼ਾਰੋ

ਕੈਟਾਲੀਨਾ ਦਾ ਕਹਿਣਾ ਹੈ ਕਿ ਉਸ ਲਈ ਸਭ ਤੋਂ ਔਖਾ ਸਮਾਂ ਜਣੇਪੇ ਤੋਂ ਬਾਅਦ ਦਾ ਸੀ।

ਹੁਣ ਉਸ ਦੀ ਧੀ ਦੀਆਂ ਅਸਥੀਆਂ ਘਰ ਵਿੱਚ ਸਨ ਅਤੇ ਉਹ ਖ਼ੁਦ ਉਸ ਦੌਰ ਵਿੱਚ ਡੁੱਬ ਗਈ ਸੀ, ਜਿਸ ਨੂੰ ਉਹ ਆਪਣੀ ਜ਼ਿੰਦਗੀ ਦਾ “ਸਭ ਤੋਂ ਡੂੰਘਾ ਹਨੇਰਾ ਖੱਡਾ” ਦੱਸਦੀ ਹੈ।

ਸ਼ੁਰੂਆਤੀ ਕੁਝ ਦਿਨਾਂ ਤੱਕ ਉਹ ਬਿਸਤਰੇ ਤੋਂ ਉੱਠ ਵੀ ਨਹੀਂ ਸਕਦੀ ਸੀ। ਉਸ ਨੂੰ ਯਾਦ ਹੈ ਕਿ ਉਸ ਦਾ 11 ਸਾਲਾ ਪੁੱਤਰ ਹੀ ਉਸ ਦੀ ਮੁੱਖ ਦੇਖਭਾਲ ਕਰ ਰਿਹਾ ਸੀ।

ਉਹ ਕਹਿੰਦੀ ਹੈ, “ਉਹ ਮੈਨੂੰ ਖਾਣਾ ਦੇਣ ਲਈ ਜਗਾਉਂਦਾ ਸੀ। ਮੇਰਾ ਭਾਰ ਘਟ ਕੇ 47 ਕਿਲੋ ਰਹਿ ਗਿਆ ਸੀ। ਮੈਂ ਠੀਕ ਤਰ੍ਹਾਂ ਬੋਲ ਵੀ ਨਹੀਂ ਸਕਦੀ ਸੀ।”

ਉਹ ਦੱਸਦੀ ਹੈ ਕਿ ਡਾ. ਕਾਰਸਟੈਂਸ ਵੱਲੋਂ ਉਸ ਦਿਨ ਕਹੇ ਗਏ ਸ਼ਬਦ ਉਸ ਦੇ ਦਿਮਾਗ਼ ਵਿੱਚ ਵਾਰ-ਵਾਰ ਘੁੰਮਦੇ ਰਹਿੰਦੇ ਸਨ, ਜਿਸ ਦਿਨ ਉਸ ਦੀ ਧੀ ਦੀ ਮੌਤ ਹੋਈ ਸੀ।

ਉਹ ਕਹਿੰਦੀ ਹੈ, “ਮੈਨੂੰ ਲੱਗਦਾ ਹੈ ਕਿ ਇਹ ਪੂਰੀ ਤਰ੍ਹਾਂ ਪਿਤਰਸੱਤਾਤਮਕ ਸੋਚ ਸੀ।”

ਉਹ ਅੱਗੇ ਕਹਿੰਦੀ ਹੈ, “ਮੈਂ ਇਹ ਨਹੀਂ ਮੰਨਣਾ ਚਾਹੁੰਦੀ ਕਿ ਅਜਿਹਾ ਇਸ ਲਈ ਹੋਇਆ ਕਿਉਂਕਿ ਉਹ ਇੱਕ ਬੁਰਾ ਇਨਸਾਨ ਹੈ। ਮੈਂ ਇਹ ਵੀ ਨਹੀਂ ਸੋਚਣਾ ਚਾਹੁੰਦੀ ਕਿ ਉਸ ਨੇ ਆਪਣੇ ਧਰਮ ਨੂੰ ਪਹਿਲ ਦਿੱਤੀ। ਮੇਰੇ ਖ਼ਿਆਲ ਵਿੱਚ ਇਹ ਉਹ ਪਿਤਰਸੱਤਾਤਮਕ ਸੋਚ ਹੈ, ਜੋ ਜ਼ਿੰਦਗੀ ਦੇ ਕਈ ਪਹਿਲੂਆਂ ਵਿੱਚ ਮੌਜੂਦ ਹੈ।”

“ਬਿਲਕੁਲ ਉਸ ਪਿਤਾ ਵਾਂਗ, ਜੋ ਤੁਹਾਨੂੰ ਕਹਿੰਦਾ ਹੈ, ‘ਤੁਹਾਡੇ ਲਈ ਇਹੀ ਚੰਗਾ ਹੈ।’ ਪਰ ਉਹ ਨਹੀਂ ਜਾਣਦੇ ਕਿ ਤੁਹਾਡੇ ਲਈ ਕੀ ਚੰਗਾ ਹੈ, ਕਿਉਂਕਿ ਉਹ ਤੁਹਾਡੀ ਜਗ੍ਹਾ ਨਹੀਂ ਹਨ, ਉਨ੍ਹਾਂ ਨੇ ਤੁਹਾਡੀ ਜ਼ਿੰਦਗੀ ਨਹੀਂ ਜੀਅੀ ਅਤੇ ਉਹ ਨਹੀਂ ਜਾਣਦੇ ਕਿ ਗਰਭਵਤੀ ਹੋਣ ਦਾ ਅਹਿਸਾਸ ਕੀ ਹੁੰਦਾ ਹੈ।”

ਕੈਟਾਲੀਨਾ ਮੁਤਾਬਕ, “ਇਹ ਫ਼ੈਸਲੇ ਔਖੇ ਹੁੰਦੇ ਹਨ, ਪਰ ਜਦੋਂ ਤੁਸੀਂ ਖ਼ੁਦ ਕੋਈ ਫ਼ੈਸਲਾ ਲੈਂਦੇ ਹੋ ਤਾਂ ਤੁਸੀਂ ਉਸ ਦੇ ਨਤੀਜਿਆਂ ਨੂੰ ਸਵੀਕਾਰ ਕਰ ਸਕਦੇ ਹੋ ਅਤੇ ਉਨ੍ਹਾਂ ਨੂੰ ਸ਼ਾਂਤੀ ਨਾਲ ਸਮਝ ਸਕਦੇ ਹੋ। ਤੁਸੀਂ ਸਮਝ ਸਕਦੇ ਹੋ ਕਿ ਉਹ ਫ਼ੈਸਲਾ ਕਿਉਂ ਅਤੇ ਕਿਨ੍ਹਾਂ ਕਾਰਨਾਂ ਕਰਕੇ ਲਿਆ ਗਿਆ ਸੀ। ਪਰ ਜਦੋਂ ਕੋਈ ਫ਼ੈਸਲਾ ਤੁਹਾਡੇ ‘ਤੇ ਥੋਪਿਆ ਜਾਂਦਾ ਹੈ ਤਾਂ ਇਸ ਨਾਲ ਉਸ ਸਦਮੇ ਵਿੱਚੋਂ ਉਭਰਨ ਦੀ ਪ੍ਰਕਿਰਿਆ ਵਿੱਚ ਕੋਈ ਮਦਦ ਨਹੀਂ ਮਿਲਦੀ।”

ਆਪਣੀ ਭੈਣ ਦੀ ਮਦਦ ਨਾਲ ਉਹ ਮਨੋਵਿਗਿਆਨਕ ਅਤੇ ਮਨੋਚਿਕਿਤਸਕ ਇਲਾਜ ਦਾ ਖ਼ਰਚਾ ਚੁੱਕਣ ਦੇ ਯੋਗ ਹੋ ਸਕੀ।

ਕੁਝ ਸਮੇਂ ਬਾਅਦ ਉਸ ਨੇ ਡਾ. ਕਾਰਸਟੈਂਸ ਵਿਰੁੱਧ ਸਿਵਲ ਮੁਕੱਦਮਾ ਦਾਇਰ ਕਰਨ ਦਾ ਫ਼ੈਸਲਾ ਕੀਤਾ।

ਕੈਟਾਲੀਨਾ ਜ਼ੋਰ ਦੇ ਕੇ ਕਹਿੰਦੀ ਹੈ, “ਇਹ ਮੇਰੇ ਡਾਕਟਰਾਂ ਵਿਰੁੱਧ ਨਹੀਂ ਹੈ ਅਤੇ ਨਾ ਹੀ ਕਿਸੇ ਹੋਰ ਦੇ ਵਿਰੁੱਧ ਹੈ।”

ਉਸ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਚਾਹੁੰਦੀ ਸੀ ਕਿ ਉਸ ਦਾ ਮਾਮਲਾ ਚਿਲੀ ਵਿੱਚ ਗਰਭਪਾਤ ਦੀ ਸਹੂਲਤ ਹਾਸਲ ਕਰਨ ਲਈ ਔਰਤਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਉਜਾਗਰ ਕਰਨ ਦਾ ਸਾਧਨ ਬਣੇ।

ਉਸ ਦੀ ਸ਼ਿਕਾਇਤ ਜਨਤਕ ਹੋਣ ਤੋਂ ਬਾਅਦ ਉਹ ਕਹਿੰਦੀ ਹੈ ਕਿ ਇਸੇ ਤਰ੍ਹਾਂ ਦੇ ਤਜਰਬਿਆਂ ਵਿੱਚੋਂ ਲੰਘੀਆਂ ਦਰਜਨਾਂ ਔਰਤਾਂ ਨੇ ਉਸ ਨਾਲ ਸੰਪਰਕ ਕੀਤਾ।

“ਰੁਕਾਵਟਾਂ ਹਮੇਸ਼ਾ ‘ਨਹੀਂ’ ਕਹਿ ਕੇ ਨਹੀਂ ਪਾਈਆਂ ਜਾਂਦੀਆਂ”

ਚਿਲੀ ਦੀ ਮਹਿਲਾ ਅਤੇ ਲਿੰਗ ਸਮਾਨਤਾ ਬਾਰੇ ਸਾਬਕਾ ਮੰਤਰੀ ਐਂਟੋਨੀਆ ਓਰੇਲਾਨਾ

ਗੈਬਰੀਅਲ ਬੋਰਿਕ ਦੀ ਸਰਕਾਰ ਵਿੱਚ ਮਹਿਲਾ ਅਤੇ ਲਿੰਗ ਸਮਾਨਤਾ ਦੀ ਸਾਬਕਾ ਮੰਤਰੀ ਅੰਤੋਨੀਆ ਓਰੇਯਾਨਾ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਸਰਕਾਰ ਵਿੱਚ ਰਹਿਣ ਦੌਰਾਨ ਉਨ੍ਹਾਂ ਨੇ ਅਜਿਹੀਆਂ ਕਈ ਰੁਕਾਵਟਾਂ ਦੀ ਪਛਾਣ ਕੀਤੀ ਸੀ, ਜਿਨ੍ਹਾਂ ਦਾ ਸਾਹਮਣਾ ਦੇਸ਼ ਵਿੱਚ ਗਰਭਪਾਤ ਦੇ ਅਧਿਕਾਰ ਦੀ ਵਰਤੋਂ ਕਰਨ ਵਾਲੀਆਂ ਔਰਤਾਂ ਨੂੰ ਕਰਨਾ ਪੈਂਦਾ ਸੀ।

ਇਸ ਕਾਰਨ ਡਾਕਟਰੀ ਅਮਲੇ ਨੂੰ ਨੈਤਿਕ ਜਾਂ ਧਾਰਮਿਕ ਆਧਾਰ ‘ਤੇ ਗਰਭ ਅਵਸਥਾ ਖ਼ਤਮ ਕਰਨ ਤੋਂ ਇਨਕਾਰ ਕਰਨ ਦੇ ਅਧਿਕਾਰ ਨਾਲ ਸਬੰਧਤ ਨਿਯਮਾਂ ਅਤੇ ਉਨ੍ਹਾਂ ਨੂੰ ਲਾਗੂ ਕਰਨ ਵਾਲੇ ਤਕਨੀਕੀ ਮਾਪਦੰਡਾਂ ਵਿੱਚ ਸੋਧਾਂ ਕੀਤੀਆਂ ਗਈਆਂ।

ਸਾਬਕਾ ਮੰਤਰੀ ਨੇ ਬੀਬੀਸੀ ਮੁੰਡੋ ਨੂੰ ਦੱਸਿਆ, “ਕੈਟਾਲੀਨਾ ਦਾ ਮਾਮਲਾ ਦਿਖਾਉਂਦਾ ਹੈ ਕਿ ਗਰਭਪਾਤ ਦੇ ਅਧਿਕਾਰ ਵਿੱਚ ਰੁਕਾਵਟਾਂ ਹਮੇਸ਼ਾ ਸਿੱਧੇ ਤੌਰ ‘ਤੇ ‘ਨਹੀਂ’ ਕਹਿ ਕੇ ਨਹੀਂ ਪਾਈਆਂ ਜਾਂਦੀਆਂ। ਕਈ ਵਾਰ ਇਨ੍ਹਾਂ ਨੂੰ ਦੇਰੀ, ਇੱਕ ਹੋਰ ਜਾਂਚ, ਇੱਕ ਹੋਰ ਮੁਲਾਕਾਤ ਜਾਂ ਅਜਿਹੀ ਦੂਜੀ ਰਾਇ ਦੇ ਰੂਪ ਵਿੱਚ ਲੁਕਾਇਆ ਜਾਂਦਾ ਹੈ, ਜੋ ਕਦੇ ਮਿਲਦੀ ਹੀ ਨਹੀਂ।”

ਉਹ ਅੱਗੇ ਕਹਿੰਦੀ ਹੈ, “ਜਦੋਂ ਡਾਕਟਰੀ ਪੱਧਰ ‘ਤੇ ਕਿਸੇ ਗੱਲ ਨੂੰ ਲੈ ਕੇ ਅਸਹਿਮਤੀ ਹੋਵੇ ਤਾਂ ਢੁੱਕਵਾਂ ਤਰੀਕਾ ਇਹ ਹੈ ਕਿ ਉਸ ਨੂੰ ਫੁਰਤੀ ਨਾਲ ਸੁਲਝਾਇਆ ਜਾਵੇ, ਨਾ ਕਿ ਗਰਭ ਅਵਸਥਾ ਨੂੰ ਇੰਨਾ ਅੱਗੇ ਵਧਣ ਦਿੱਤਾ ਜਾਵੇ ਕਿ ਚਰਚਾ ਦਾ ਕੋਈ ਮਤਲਬ ਹੀ ਨਾ ਰਹਿ ਜਾਵੇ।”

“ਇਹ ਪਿਤਰਸੱਤਾਤਮਕ ਸੋਚ ਹੈ ਅਤੇ ਇਸੇ ਨੂੰ ਖ਼ਤਮ ਕਰਨ ਲਈ ਕਾਨੂੰਨ ਲਿਆਂਦਾ ਗਿਆ ਸੀ। ਫ਼ੈਸਲਾ ਲੈਣ ਦਾ ਅਧਿਕਾਰ ਔਰਤ ਦਾ ਹੈ ਅਤੇ ਸਿਹਤ ਟੀਮ ਦੀ ਭੂਮਿਕਾ ਉਸ ਦੀ ਸਹਾਇਤਾ ਕਰਨਾ ਅਤੇ ਉਸ ਨੂੰ ਜਾਣਕਾਰੀ ਦੇਣਾ ਹੈ।”

ਹਾਲਾਂਕਿ ਚਿਲੀ ਵਿੱਚ ਉਨ੍ਹਾਂ ਮਾਮਲਿਆਂ ਦੀ ਗਿਣਤੀ ਦਰਜ ਕੀਤੀ ਜਾਂਦੀ ਹੈ, ਜਿਨ੍ਹਾਂ ਵਿੱਚ ਭਰੂਣ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਕਾਰਨ ਗਰਭਪਾਤ ਲਈ ਕਾਨੂੰਨੀ ਸ਼ਰਤਾਂ ਪੂਰੀਆਂ ਹੁੰਦੀਆਂ ਹਨ ਅਤੇ ਇਹ ਵੀ ਦਰਜ ਕੀਤਾ ਜਾਂਦਾ ਹੈ ਕਿ ਕਿੰਨੇ ਗਰਭਪਾਤ ਕੀਤੇ ਗਏ, ਪਰ ਇਨ੍ਹਾਂ ਅੰਕੜਿਆਂ ਤੋਂ ਇਹ ਪਤਾ ਨਹੀਂ ਲੱਗਦਾ ਕਿ ਕਿੰਨੀਆਂ ਔਰਤਾਂ ਨੇ ਗਰਭਪਾਤ ਦੀ ਮੰਗ ਕੀਤੀ ਪਰ ਉਨ੍ਹਾਂ ਨੂੰ ਇਹ ਸਹੂਲਤ ਨਹੀਂ ਮਿਲ ਸਕੀ।

ਕਾਨੂੰਨ ਲਾਗੂ ਹੋਣ ਤੋਂ ਨੌਂ ਸਾਲ ਬਾਅਦ ਤੱਕ ਅਜਿਹੇ 7,566 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚ ਗਰਭਪਾਤ ਲਈ ਕਾਨੂੰਨ ਵਿੱਚ ਨਿਰਧਾਰਤ ਤਿੰਨ ਆਧਾਰਾਂ ਵਿੱਚੋਂ ਕਿਸੇ ਇੱਕ ਦੀ ਪੁਸ਼ਟੀ ਹੋਈ।

ਚਿਲੀ ਦੇ ਸਿਹਤ ਮੰਤਰਾਲੇ ਵੱਲੋਂ ਜੁਲਾਈ 2026 ਤੱਕ ਅਪਡੇਟ ਕੀਤੇ ਅੰਕੜਿਆਂ ਮੁਤਾਬਕ, ਇਨ੍ਹਾਂ ਵਿੱਚ ਸਭ ਤੋਂ ਵੱਧ 3,245 ਮਾਮਲੇ ਭਰੂਣ ਦੇ ਜਿਊਂਦੇ ਰਹਿਣ ਦੀ ਸੰਭਾਵਨਾ ਨਾ ਹੋਣ ਨਾਲ ਸਬੰਧਤ ਸਨ।

ਓਰੇਯਾਨਾ ਦੱਸਦੀ ਹੈ ਕਿ, “ਸਾਡੇ ਕਾਰਜਕਾਲ ਦੌਰਾਨ ਸਾਡੇ ਧਿਆਨ ਵਿੱਚ ਅਜਿਹੇ ਮਾਮਲੇ ਆਏ, ਜਿਨ੍ਹਾਂ ਵਿੱਚ ਔਰਤਾਂ, ਖ਼ਾਸ ਕਰਕੇ ਕੁੜੀਆਂ ਨੂੰ ਕਿਸੇ ਹੋਰ ਸਿਹਤ ਕੇਂਦਰ ਵਿੱਚ, ਇੱਥੋਂ ਤੱਕ ਕਿ ਕਿਸੇ ਹੋਰ ਖੇਤਰ ਵਿੱਚ ਵੀ ਭੇਜਣਾ ਪਿਆ, ਕਿਉਂਕਿ ਉੱਥੇ ਅਜਿਹੇ ਡਾਕਟਰੀ ਪੇਸ਼ੇਵਰ ਉਪਲਬਧ ਨਹੀਂ ਸਨ, ਜੋ ਨੈਤਿਕ ਜਾਂ ਧਾਰਮਿਕ ਆਧਾਰ ‘ਤੇ ਗਰਭਪਾਤ ਤੋਂ ਇਨਕਾਰ ਨਾ ਕਰਦੇ ਹੋਣ।”

“ਇਸੇ ਲਈ ਸੇਵਾਵਾਂ ਦੀ ਉਪਲਬਧਤਾ ਯਕੀਨੀ ਬਣਾਉਣ ਵਾਸਤੇ ਨੈਤਿਕ ਇਤਰਾਜ਼ ਨਾਲ ਸਬੰਧਤ ਨਿਯਮਾਂ ਵਿੱਚ ਸੋਧ ਕਰਨਾ ਬਹੁਤ ਜ਼ਰੂਰੀ ਸੀ।”

ਉਹ ਅੱਗੇ ਕਹਿੰਦੀ ਹੈ, “ਨੈਤਿਕ ਆਧਾਰ ‘ਤੇ ਇਤਰਾਜ਼ ਜਤਾਉਣਾ ਜਾਇਜ਼ ਹੈ, ਬਸ਼ਰਤੇ ਇਹ ਕਾਨੂੰਨ ਅਨੁਸਾਰ ਕੀਤਾ ਜਾਵੇ, ਲਿਖਤੀ ਰੂਪ ਵਿੱਚ ਦਰਜ ਹੋਵੇ ਅਤੇ ਸਬੰਧਤ ਮਰੀਜ਼ ਨੂੰ ਸਮੇਂ ਸਿਰ ਕਿਸੇ ਹੋਰ ਡਾਕਟਰ ਜਾਂ ਕੇਂਦਰ ਕੋਲ ਭੇਜਣ ਦੀ ਜ਼ਿੰਮੇਵਾਰੀ ਵੀ ਨਿਭਾਈ ਜਾਵੇ।”

“ਸਮੱਸਿਆ ਉਦੋਂ ਪੈਦਾ ਹੁੰਦੀ ਹੈ, ਜਦੋਂ ਕੋਈ ਅਜਿਹਾ ਵਿਅਕਤੀ, ਜਿਸ ਨੇ ਨੈਤਿਕ ਆਧਾਰ ‘ਤੇ ਇਤਰਾਜ਼ ਕਰਨ ਵਾਲੇ ਵਜੋਂ ਆਪਣਾ ਨਾਂ ਦਰਜ ਹੀ ਨਹੀਂ ਕਰਵਾਇਆ, ਰੁਕਾਵਟਾਂ ਪੈਦਾ ਕਰਨ ਲੱਗ ਪੈਂਦਾ ਹੈ। ਉਹ ਬੇਲੋੜੀਆਂ ਜਾਂਚਾਂ ਕਰਵਾਉਣ ਲਈ ਕਹਿੰਦੇ ਹਨ ਜਾਂ ਦੂਜੀ ਡਾਕਟਰੀ ਰਾਇ ਲੈਣ ਵਿੱਚ ਦੇਰੀ ਕਰਦੇ ਹਨ। ਇਹ ਨੈਤਿਕ ਇਤਰਾਜ਼ ਨਹੀਂ, ਸਗੋਂ ਸਿੱਧੇ ਤੌਰ ‘ਤੇ ਰੁਕਾਵਟ ਪਾਉਣਾ ਹੈ।”

ਮੁੜ ਉਸਾਰੀ

ਕੈਟਾਲੀਨਾ ਜਾਣਦੀ ਹੈ ਕਿ ਉਸ ਦੀ ਕਾਨੂੰਨੀ ਲੜਾਈ ਨੂੰ ਅੰਤਿਮ ਰੂਪ ਵਿੱਚ ਨਿਪਟਾਉਣ ਵਿੱਚ ਹਾਲੇ ਸਮਾਂ ਲੱਗ ਸਕਦਾ ਹੈ।

ਡਾ. ਕਾਰਸਟੈਂਸ ਵੱਲੋਂ ਦਾਇਰ ਕੀਤੀ ਗਈ ਅਪੀਲ ਕਾਰਨ ਇਹ ਕਾਨੂੰਨੀ ਪ੍ਰਕਿਰਿਆ ਹੋਰ ਲੰਮੀ ਖਿੱਚ ਸਕਦੀ ਹੈ।

ਉਹ ਜ਼ੋਰ ਦੇ ਕੇ ਕਹਿੰਦੀ ਹੈ, “ਮੈਂ ਚਾਹੁੰਦੀ ਹਾਂ ਕਿ ਮੇਰਾ ਮਾਮਲਾ ਹੋਰ ਔਰਤਾਂ ਲਈ ਇੱਕ ਮਿਸਾਲ ਬਣੇ।”

ਫਿਲਹਾਲ ਉਹ ਸਿਰਫ਼ ਇੰਤਜ਼ਾਰ ਹੀ ਕਰ ਸਕਦੀ ਹੈ।

ਉਸ ਦਾ ਕਹਿਣਾ ਹੈ ਕਿ ਉਹ ਜਾਣਦੀ ਹੈ ਕਿ ਹੁਣ ਉਹ ਪਹਿਲਾਂ ਵਰਗੀ ਨਹੀਂ ਰਹੀ ਅਤੇ ਇਸ ਦੁੱਖ ਦਾ ਅਹਿਸਾਸ ਸਾਰੀ ਉਮਰ ਉਸ ਦੇ ਨਾਲ ਰਹੇਗਾ।

ਪਰ ਉਹ ਆਪਣੀ ਜ਼ਿੰਦਗੀ ਨੂੰ ਮੁੜ ਲੀਹ ‘ਤੇ ਲਿਆਉਣਾ ਵੀ ਚਾਹੁੰਦੀ ਹੈ। ਉਸ ਨੇ ਇੱਕ ਟ੍ਰੌਪੀਕਲ ਸੰਗੀਤ ਬੈਂਡ ਵਿੱਚ ਦੁਬਾਰਾ ਬਾਸ ਗਿਟਾਰ ਵਜਾਉਣਾ ਸ਼ੁਰੂ ਕਰ ਦਿੱਤਾ ਹੈ।

ਉਹ ਸੋਚਦੀ ਹੈ, “ਜ਼ਿੰਦਗੀ ਵਿੱਚ ਸਭ ਕੁਝ ਇੰਨਾ ਹਨੇਰਾ ਨਹੀਂ ਹੁੰਦਾ। ਤੁਸੀਂ ਜ਼ਿੰਦਗੀ ਦੀਆਂ ਚੀਜ਼ਾਂ ਦੀ, ਸਾਦਗੀ ਦੀ ਕਦਰ ਕਰਨੀ ਸਿੱਖਦੇ ਹੋ।”

“ਤੁਸੀਂ ਤਰਜੀਹਾਂ ਤੈਅ ਕਰਨਾ ਸਿੱਖਦੇ ਹੋ। ਪਤਾ ਨਹੀਂ, ਤੁਸੀਂ ਸਮਝਣ ਲੱਗਦੇ ਹੋ ਕਿ ਜ਼ਿੰਦਗੀ ਵਿੱਚ ਸਿਰਫ਼ ਕੰਮ ਹੀ ਸਭ ਕੁਝ ਨਹੀਂ ਹੈ, ਪਰਿਵਾਰ ਸਭ ਤੋਂ ਪਹਿਲਾਂ ਆਉਂਦਾ ਹੈ ਅਤੇ ਜ਼ਿੰਦਗੀ ਅਗਲੇ ਹੀ ਦਿਨ ਬਦਲ ਸਕਦੀ ਹੈ। ਇਸ ਲਈ ਤੁਹਾਨੂੰ ਹਰ ਪਲ ਦਾ ਆਨੰਦ ਮਾਣਨਾ ਚਾਹੀਦਾ ਹੈ।”

ਜਦੋਂ ਕਾਨੂੰਨੀ ਮਾਮਲੇ ਵਿੱਚ ਆਖ਼ਰਕਾਰ ਅੰਤਿਮ ਫ਼ੈਸਲਾ ਆ ਜਾਵੇਗਾ ਤਾਂ ਉਹ ਇੱਕ ਅਜਿਹਾ ਕੰਮ ਕਰ ਸਕੇਗੀ, ਜਿਸ ਨੂੰ ਕਰਨ ਦੀ ਇੱਛਾ ਉਸ ਦੇ ਮਨ ਵਿੱਚ ਲੰਮੇ ਸਮੇਂ ਤੋਂ ਹੈ।

ਉਹ ਕਹਿੰਦੀ ਹੈ, “ਮੈਂ ਉਮੀਦ ਕਰਦੀ ਹਾਂ ਕਿ ਜਦੋਂ ਇਹ ਸਭ ਕੁਝ ਖ਼ਤਮ ਹੋ ਜਾਵੇਗਾ ਤਾਂ ਮੈਂ ਉਸ ਨੂੰ ਮੁਕਤ ਕਰ ਸਕਾਂਗੀ। ਮੈਂ ਚਾਹੁੰਦੀ ਹਾਂ ਕਿ ਉਸ ਦੀਆਂ ਅਸਥੀਆਂ ਸਮੁੰਦਰ ਵਿੱਚ ਜਲ-ਪ੍ਰਵਾਹ ਕਰ ਸਕਾਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI