Home rss national punjabi2ਰਾਸ਼ਟਰੀ ਖ਼ਬਰਾਂ ਦੀਵਾਲੀ ਤੋਂ ਅਗਲੇ ਦਿਨ ਪ੍ਰਦੂਸ਼ਣ ਕਾਰਨ ਦਿੱਲੀ-ਐੱਨਸੀਆਰ ਸੰਘਣੀ ਧੁੰਦ ਦੀ ਲਪੇਟ ਵਿੱਚ,...

ਦੀਵਾਲੀ ਤੋਂ ਅਗਲੇ ਦਿਨ ਪ੍ਰਦੂਸ਼ਣ ਕਾਰਨ ਦਿੱਲੀ-ਐੱਨਸੀਆਰ ਸੰਘਣੀ ਧੁੰਦ ਦੀ ਲਪੇਟ ਵਿੱਚ, ਕਈ ਥਾਂ ਏਕਿਊਆਈ 400 ਤੋਂ ਪਾਰ, ਪੰਜਾਬ ਦਾ ਕੀ ਹਾਲ

5
0

Source :- BBC PUNJABI

ਸੋਮਵਾਰ ਸਵੇਰੇ ਦਿੱਲੀ

ਪੜ੍ਹਨ ਦਾ ਸਮਾਂ: 7 ਮਿੰਟ

ਸੋਮਵਾਰ ਸਵੇਰੇ ਦਿੱਲੀ ਦੇ ਕਈ ਇਲਾਕਿਆਂ ਵਿੱਚ ਪ੍ਰਦੂਸ਼ਣ ਦਾ ਪੱਧਰ ਬੇਹੱਦ ਖ਼ਰਾਬ ਪੱਧਰ ਉੱਤੇ ਪਹੁੰਚ ਗਿਆ ਸੀ। ਕਈ ਇਲਾਕਿਆਂ ਵਿੱਚ ਏਕਿਊਆਈ ਤਕਰੀਬਨ 400 ਦਰਜ ਕੀਤਾ ਗਿਆ ਸੀ। ਕਈ ਇਲਾਕਿਆਂ ਵਿੱਚ ਵਿਜ਼ੀਬਿਲਟੀ ਬਹੁਤ ਘੱਟ ਗਈ ਸੀ।

ਕੁਝ ਇਲਾਕਿਆਂ ਵਿੱਚ ਤਾਂ ਲੋਕਾਂ ਨੂੰ ਆਪਣੇ ਬਹੁਤ ਨੇੜੇ ਦੀਆਂ ਚੀਜ਼ਾਂ ਦੇਖਣੀਆਂ ਵੀ ਔਖੀਆਂ ਹੋ ਰਹੀਆਂ ਹਨ।

ਪਿਛਲੇ ਕਈ ਦਿਨਾਂ ਤੋਂ, ਰਾਜਧਾਨੀ ਅਤੇ ਇਸਦੇ ਨੇੜਲੇ ਇਲਾਕਿਆਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਮਾੜੀ ਅਤੇ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ।

ਇਹ ਡਰ ਜਤਾਇਆ ਜਾ ਰਿਹਾ ਹੈ ਕਿ ਪ੍ਰਦੂਸ਼ਣ ਦੇ ਨਾਲ-ਨਾਲ, ਘੱਟ ਹੋਈ ਵਿਜ਼ੀਬਿਲਟੀ ਰੇਲ ਅਤੇ ਹਵਾਈ ਸੇਵਾਵਾਂ ‘ਤੇ ਵੀ ਅਸਰ ਪਾ ਸਕਦੀ ਹੈ।

ਦਿੱਲੀ ਵਿੱਚ ਪ੍ਰਦੂਸ਼ਣ ਦੀ ਸਥਿਤੀ

ਕਸਰਤ ਕਰਦਾ ਇੱਕ ਵਿਅਕਤੀ

ਦਿੱਲੀ ਸਰਕਾਰ ਦੇ ਹਵਾ ਗੁਣਵੱਤਾ ਨਿਗਰਾਨੀ ਪੋਰਟਲ ਦੇ ਅੰਕੜਿਆਂ ਅਨੁਸਾਰ, ਸਵੇਰੇ 6 ਵਜੇ ਦਿੱਲੀ ਦਾ ਔਸਤ ਹਵਾ ਗੁਣਵੱਤਾ ਸੂਚਕਾਂਕ (ਏਕਿਊਆਈ) 366 ਸੀ।

ਸਭ ਤੋਂ ਵੱਧ ਪ੍ਰਦੂਸ਼ਣ ਸੋਨੀਆ ਵਿਹਾਰ ਵਿੱਚ ਦਰਜ ਕੀਤਾ ਗਿਆ, ਜਿੱਥੇ ਏਕਿਊਆਈ 449 ਸੀ। ਇਸ ਤੋਂ ਬਾਅਦ ਬੁਰਾੜੀ ਕਰਾਸਿੰਗ 445, ਵਿਵੇਕ ਵਿਹਾਰ 441, ਜਹਾਂਗੀਰਪੁਰੀ 439 ਅਤੇ ਉੱਤਰੀ ਕੈਂਪਸ 437 ‘ਤੇ ਸੀ।

ਅੰਕੜਿਆਂ ਦੇ ਅਨੁਸਾਰ, ਦਿੱਲੀ ਭਰ ਦੇ 55 ਨਿਗਰਾਨੀ ਕੇਂਦਰਾਂ ‘ਤੇ ਪਦੂਸ਼ਣ ਦਾ ਮੁੱਖ ਸਰੋਤ PM2.5 ਰਿਹਾ ਸੀ, ਜਦੋਂ ਕਿ ਰਾਜਧਾਨੀ ਵਿੱਚ ਗ੍ਰੇਡੇਡ ਰਿਸਪਾਂਸ ਐਕਸ਼ਨ ਪਲਾਨ (ਜੀਆਰਏਪੀ) ਦਾ ਦੂਜਾ ਪੜਾਅ ਲਾਗੂ ਹੈ।

ਐਤਵਾਰ ਦੇ ਮੁਕਾਬਲੇ ਦਿੱਲੀ ਵਿੱਚ ਪ੍ਰਦੂਸ਼ਣ ਦੇ ਪੱਧਰ ਵਿੱਚ 17 ਅੰਕਾਂ ਦਾ ਸੁਧਾਰ ਹੋਇਆ ਹੈ, ਪਰ ਹਵਾ ਦੀ ਗੁਣਵੱਤਾ ਅਜੇ ਵੀ ਬਹੁਤ ਮਾੜੀ ਹੈ।

ਦਿੱਲੀ ਦੇ 71 ਨਿਗਰਾਨੀ ਕੇਂਦਰਾਂ ਵਿੱਚੋਂ, 59 ਕੇਂਦਰਾਂ ਦੇ ਅੰਕੜੇ ਉਪਲਬਧ ਹਨ, ਜਦੋਂ ਕਿ 12 ਕੇਂਦਰਾਂ ਦਾ ਡਾਟਾ ਉਪਲਬਧ ਨਹੀਂ ਹੈ।

ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (ਸੀਪੀਸੀਬੀ) ਦੇ ਅਨੁਸਾਰ, 401 ਅਤੇ 500 ਦੇ ਵਿਚਕਾਰ ਏਕਿਊਆਈ ਨੂੰ ਗੰਭੀਰ ਮੰਨਿਆ ਜਾਂਦਾ ਹੈ। ਇਹ ਤੰਦਰੁਸਤ ਲੋਕਾਂ ਦੀ ਸਿਹਤ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ। ਅਜਿਹੀ ਹਵਾ ਦਾ ਪਹਿਲਾਂ ਤੋਂ ਸਿਹਤ ਪੱਖੋਂ ਨਾਸਾਜ਼ ਲੋਕਾਂ ‘ਤੇ ਗੰਭੀਰ ਅਸਰ ਪੈ ਸਕਦਾ ਹੈ।

ਜੇਕਰ ਏਕਿਊਆਈ 301 ਤੋਂ 400 ਦੇ ਵਿਚਕਾਰ ਹੈ, ਤਾਂ ਅਜਿਹੀ ਹਵਾ ਵਿੱਚ ਲੰਬੇ ਸਮੇਂ ਤੱਕ ਸਾਹ ਲੈਣ ਨਾਲ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ।

ਸੀਪੀਸੀਬੀ ਦੇ ਅਨੁਸਾਰ, ਏਕਿਊਆਈ ਸਿਰਫ ਤਾਂ ਹੀ ਚੰਗਾ ਮੰਨਿਆ ਜਾਂਦਾ ਹੈ ਜੇਕਰ ਇਹ 0 ਤੋਂ 50 ਦੇ ਵਿਚਕਾਰ ਹੋਵੇ।

ਸੋਮਵਾਰ ਸਵੇਰੇ ਦਿੱਲੀ ਦੇ ਸਾਊਥ ਐਕਸ ਇਲਾਕੇ ਦਾ ਹਾਲ

ਸਰਦੀਆਂ ਵਿੱਚ ਪ੍ਰਦੂਸ਼ਣ ਕਿਉਂ ਵਧਦਾ ਹੈ?

ਦਿ ਐਨਰਜੀ ਐਂਡ ਰਿਸੋਰਸਿਜ਼ ਇੰਸਟੀਚਿਊਟ (ਟੀਈਆਰਆਈ) ਦੀ ਸੀਨੀਅਰ ਖੋਜਕਰਤਾ ਅਤੇ ਐਸੋਸੀਏਟ ਡਾਇਰੈਕਟਰ ਡਾਕਟਰ ਅੰਜੂ ਗੋਇਲ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜਨ ਦਾ ਖ਼ਤਰਾ ਹਰ ਸਾਲ ਬਣਿਆ ਰਹੇਗਾ।

“ਵਾਹਨ, ਫੈਕਟਰੀਆਂ, ਉਸਾਰੀ ਪ੍ਰੋਜੈਕਟ ਅਤੇ ਕੂੜਾ ਸਾੜਨ ਨਾਲ ਸਾਲ ਭਰ ਹਵਾ ਵਿੱਚ ਧੂੰਆਂ ਅਤੇ ਧੂੜ ਛੱਡੀ ਜਾਂਦੀ ਹੈ। ਹਾਲਾਂਕਿ, ਗਰਮੀਆਂ ਅਤੇ ਸਰਦੀਆਂ ਵਿੱਚ ਇਸ ਪ੍ਰਦੂਸ਼ਣ ਦੇ ਫੈਲਣ ਦੀ ਦਰ ਇੱਕੋ ਜਿਹੀ ਨਹੀਂ ਹੁੰਦੀ।”

ਡਾਕਟਰ ਗੋਇਲ ਕਹਿੰਦੇ ਹਨ, “ਸਰਦੀਆਂ ਵਿੱਚ, ਜ਼ਮੀਨ ਦੇ ਨੇੜੇ ਦੀ ਹਵਾ ਅਕਸਰ ਠੰਡੀ ਹੁੰਦੀ ਹੈ ਅਤੇ ਉੱਪਰਲੀ ਹਵਾ ਗਰਮ ਹੁੰਦੀ ਹੈ। ਇਸ ਨਾਲ ਹੇਠਾਂ ਵਾਲੀ ਹਵਾ ਦਾ ਆਸਾਨੀ ਨਾਲ ਉੱਪਰ ਉੱਠਣਾ ਔਖਾ ਹੋ ਜਾਂਦਾ ਹੈ।”

“ਜੇਕਰ ਹਵਾ ਦੀ ਗਤੀ ਵੀ ਘੱਟ ਹੋਵੇ, ਤਾਂ ਜ਼ਮੀਨ ਦੇ ਨੇੜੇ ਧੂੰਆਂ ਅਤੇ ਧੂੜ ਇਕੱਠੀ ਹੋਣ ਲੱਗ ਪੈਂਦੀ ਹੈ।”

“ਹਵਾ ਕਿਸ ਪਾਸਿਓਂ ਚੱਲ ਰਹੀ ਹੈ, ਉਸ ਦੀ ਦਿਸ਼ਾ ਵੀ ਫ਼ਰਕ ਪਾਉਂਦੀ ਹੈ। ਜੇਕਰ ਹਵਾ ਦਿੱਲੀ ਵੱਲ ਉਨ੍ਹਾਂ ਇਲਾਕਿਆਂ ਤੋਂ ਵਗਦੀ ਹੈ ਜਿੱਥੇ ਪਰਾਲੀ ਸਾੜੀ ਜਾ ਰਹੀ ਹੈ, ਤਾਂ ਇਹ ਉਨ੍ਹਾਂ ਇਲਾਕਿਆਂ ਤੋਂ ਧੂੰਆਂ ਵੀ ਲਿਆ ਸਕਦੀ ਹੈ।”

ਡਾਕਟਰ ਗੋਇਲ ਦੇ ਅਨੁਸਾਰ, ਮੌਸਮ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ, ਸਰਕਾਰਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਪ੍ਰਦੂਸ਼ਣ ਘਟਾਉਣਾ ਚਾਹੀਦਾ ਹੈ ਜੋ ਸਾਲ ਭਰ ਧੂੰਆਂ ਅਤੇ ਧੂੜ ਛੱਡਦੇ ਹਨ।

ਰੇਲ ਸੇਵਾਵਾਂ ‘ਤੇ ਅਸਰ

ਭਾਰਤੀ ਰੇਲ ਦੀ ਫਾਈਲ ਫੋਟੋ

ਰੇਲਵੇ ਦੇ ਅੰਕੜਿਆਂ ਮੁਤਾਬਕ, ਸੋਮਵਾਰ ਸਵੇਰੇ ਦਿੱਲੀ ਪਹੁੰਚਣ ਵਾਲੀਆਂ ਕਈ ਟ੍ਰੇਨਾਂ ਵੀ ਦੇਰੀ ਨਾਲ ਚੱਲ ਰਹੀਆਂ ਹਨ। ਖ਼ਦਸ਼ਾ ਹੈ ਕਿ ਵਿਜ਼ੀਬਿਲਟੀ ਘਟਣ ਕਾਰਨ ਰੇਲ ਸੇਵਾਵਾਂ ਉੱਤੇ ਵੀ ਕਾਫ਼ੀ ਅਸਰ ਪੈ ਸਕਦਾ ਹੈ।

ਦਿੱਲੀ ਪਹੁੰਚਣ ਵਾਲੀਆਂ ਕੁਝ ਅਹਿਮ ਟਰੇਨਾਂ ਦੀ ਗੱਲ ਕਰੀਏ ਤਾਂ ਸੋਮਵਾਰ ਸਵੇਰੇ ਬਨਾਰਸ ਤੋਂ ਦਿੱਲੀ ਆਉਣ ਵਾਲੀ ਵੰਦੇ ਭਾਰਤ (ਸਲੀਪਰ) ਐਕਸਪ੍ਰੈੱਸ ਇੱਕ ਘੰਟੇ ਤੋਂ ਵੱਧ ਦੀ ਦੇਰੀ ਨਾਲ ਨਵੀਂ ਦਿੱਲੀ ਪਹੁੰਚੀ।

ਹਾਲਾਂਕਿ, ਇਹ ਟਰੇਨ ਦਿੱਲੀ ਦੇ ਨੇੜੇ ਗਾਜ਼ੀਆਬਾਦ ਤੱਕ ਸਿਰਫ਼ 20 ਮਿੰਟ ਦੀ ਦੇਰੀ ਨਾਲ ਪਹੁੰਚੀ ਸੀ, ਪਰ ਦਿੱਲੀ ਸਟੇਸ਼ਨ ਤੱਕ ਪਹੁੰਚਣ ਵਿੱਚ ਇਸ ਨੂੰ ਕਾਫ਼ੀ ਸਮਾਂ ਲੱਗਿਆ।

ਇਸੇ ਤਰ੍ਹਾਂ ਹਾਵੜਾ ਤੋਂ ਚੱਲ ਕੇ ਨਵੀਂ ਦਿੱਲੀ ਆਉਣ ਵਾਲੀ ਪੂਰਵਾ ਐਕਸਪ੍ਰੈੱਸ ਵੀ ਕਰੀਬ 40 ਮਿੰਟ ਦੀ ਦੇਰੀ ਨਾਲ ਪਹੁੰਚੀ।

ਦਰਭੰਗਾ ਤੋਂ ਨਵੀਂ ਦਿੱਲੀ ਆਉਣ ਵਾਲੀ ਸਪੈਸ਼ਲ ਟਰੇਨ ਚਾਰ ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਇਹ ਟਰੇਨ ਆਪਣੀ ਮੰਜ਼ਿਲ ‘ਤੇ ਨਹੀਂ ਪਹੁੰਚੀ ਸੀ। ਇਸ ਟਰੇਨ ਨੇ ਸਵੇਰੇ 4:30 ਵਜੇ ਨਵੀਂ ਦਿੱਲੀ ਪਹੁੰਚਣਾ ਸੀ।

ਉੱਧਰ, ਹਾਵੜਾ ਤੋਂ ਚੱਲ ਕੇ ਨਵੀਂ ਦਿੱਲੀ ਆਉਣ ਵਾਲੀ 04051 ਸਪੈਸ਼ਲ ਟਰੇਨ ਵੀ ਫ਼ਿਲਹਾਲ 13 ਘੰਟੇ ਦੀ ਦੇਰੀ ਨਾਲ ਚੱਲ ਰਹੀ ਹੈ। ਇਸ ਟਰੇਨ ਨੇ ਸਵੇਰੇ 6 ਵਜੇ ਨਵੀਂ ਦਿੱਲੀ ਰੇਲਵੇ ਸਟੇਸ਼ਨ ਪਹੁੰਚਣਾ ਸੀ।

ਹਾਲਾਂਕਿ, ਤਿਉਹਾਰਾਂ ਦੌਰਾਨ ਚਲਾਈਆਂ ਜਾਣ ਵਾਲੀਆਂ ਸਪੈਸ਼ਲ ਟਰੇਨਾਂ ਅਕਸਰ ਕਈ ਮੌਕਿਆਂ ‘ਤੇ ਘੰਟਿਆਂ ਦੀ ਦੇਰੀ ਨਾਲ ਚੱਲਦੀਆਂ ਹਨ, ਪਰ ਐੱਨਸੀਆਰ ਇਲਾਕੇ ਵਿੱਚ ਛਾਈ ਧੁੰਦ ਕਾਰਨ ਰੇਲ ਸੇਵਾਵਾਂ ਉੱਤੇ ਇਸ ਦਾ ਹੋਰ ਵੀ ਵਿਆਪਕ ਅਸਰ ਪੈ ਸਕਦਾ ਹੈ।

ਮੰਨਿਆ ਜਾ ਰਿਹਾ ਹੈ ਕਿ ਅਗਲੇ ਕੁਝ ਘੰਟਿਆਂ ਵਿੱਚ ਇਹ ਤਸਵੀਰ ਹੋਰ ਸਪੱਸ਼ਟ ਹੋ ਜਾਵੇਗੀ ਕਿ ਉੱਤਰੀ ਭਾਰਤ ਵੱਲ ਆਉਣ ਵਾਲੀਆਂ ਟਰੇਨਾ ਉੱਤੇ ਧੁੰਦ ਦਾ ਕਿੰਨਾ ਅਸਰ ਪੈ ਰਿਹਾ ਹੈ।

ਪੰਜਾਬ ਵਿੱਚ ਵੀ ਕਈ ਥਾਂਈ ਹਵਾ ਪ੍ਰਦੂਸ਼ਨ ਵਧਿਆ

ਦਿੱਲੀ

ਦਿੱਲੀ ਤੋਂ ਬਾਅਦ ਅਗਲੀ ਸਵੇਰ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਵੀ ਏਕਿਊਆਈ ਆਪਣੇ ਹੇਠਲੇ ਪੱਧਰ ਉੱਤੇ ਦਰਜ ਕੀਤਾ ਗਿਆ।

ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਮੁਤਾਬਕ 9 ਨਵੰਬਰ ਨੂੰ 9 ਵਜੇ ਅੰਮ੍ਰਿਤਸਰ ਵਿੱਚ ਏਕਿਊਆਈ 247 ਸੀ ਅਤੇ ਲੁਧਿਆਣਾ ਵਿੱਚ 303 ਦਰਜ ਕੀਤਾ ਗਿਆ। ਜੋ ਕਿ ਪਹਿਲਾਂ ਤੋਂ ਸਾਹ ਦੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਲਈ ਖ਼ਤਰਨਾਕ ਸਾਬਤ ਹੋ ਸਕਦਾ ਹੈ।

ਮੰਡੀ ਗੋਬਿੰਦਗੜ੍ਹ ਵਿੱਚ ਵੀ ਏਕਿਊਆਈ 374 ਦਰਜ ਕੀਤਾ ਗਿਆ।

ਸਰਦੀਆਂ ਵਿੱਚ ਪ੍ਰਦੂਸ਼ਣ ਕਿਉਂ ਵਧਦਾ ਹੈ?

ਸੰਕੇਤਕ ਤਸਵੀਰ

ਦਿ ਐਨਰਜੀ ਐਂਡ ਰਿਸੋਰਸਿਜ਼ ਇੰਸਟੀਚਿਊਟ (ਟੀਈਆਰਆਈ) ਦੀ ਸੀਨੀਅਰ ਖੋਜਕਰਤਾ ਅਤੇ ਐਸੋਸੀਏਟ ਡਾਇਰੈਕਟਰ ਡਾਕਟਰ ਅੰਜੂ ਗੋਇਲ ਦਾ ਕਹਿਣਾ ਹੈ ਕਿ ਸਰਦੀਆਂ ਦੇ ਮੌਸਮ ਕਾਰਨ ਦਿੱਲੀ ਦੀ ਹਵਾ ਦੀ ਗੁਣਵੱਤਾ ਵਿਗੜਨ ਦਾ ਖ਼ਤਰਾ ਹਰ ਸਾਲ ਬਣਿਆ ਰਹੇਗਾ।

“ਵਾਹਨ, ਫੈਕਟਰੀਆਂ, ਉਸਾਰੀ ਪ੍ਰੋਜੈਕਟ ਅਤੇ ਕੂੜਾ ਸਾੜਨ ਨਾਲ ਸਾਲ ਭਰ ਹਵਾ ਵਿੱਚ ਧੂੰਆਂ ਅਤੇ ਧੂੜ ਛੱਡੀ ਜਾਂਦੀ ਹੈ। ਹਾਲਾਂਕਿ, ਗਰਮੀਆਂ ਅਤੇ ਸਰਦੀਆਂ ਵਿੱਚ ਇਸ ਪ੍ਰਦੂਸ਼ਣ ਦੇ ਫੈਲਣ ਦੀ ਦਰ ਇੱਕੋ ਜਿਹੀ ਨਹੀਂ ਹੁੰਦੀ।”

ਡਾਕਟਰ ਗੋਇਲ ਕਹਿੰਦੇ ਹਨ, “ਸਰਦੀਆਂ ਵਿੱਚ, ਜ਼ਮੀਨ ਦੇ ਨੇੜੇ ਦੀ ਹਵਾ ਅਕਸਰ ਠੰਡੀ ਹੁੰਦੀ ਹੈ ਅਤੇ ਉੱਪਰਲੀ ਹਵਾ ਗਰਮ ਹੁੰਦੀ ਹੈ। ਇਸ ਨਾਲ ਹੇਠਾਂ ਵਾਲੀ ਹਵਾ ਨੂੰ ਆਸਾਨੀ ਨਾਲ ਉੱਪਰ ਉੱਠਣਾ ਔਖਾ ਹੋ ਜਾਂਦਾ ਹੈ।”

“ਜੇਕਰ ਹਵਾ ਦੀ ਗਤੀ ਵੀ ਘੱਟ ਹੋਵੇ, ਤਾਂ ਜ਼ਮੀਨ ਦੇ ਨੇੜੇ ਧੂੰਆਂ ਅਤੇ ਧੂੜ ਇਕੱਠੀ ਹੋਣ ਲੱਗ ਪੈਂਦੀ ਹੈ।”

“ਹਵਾ ਕਿਸ ਪਾਸਿਓਂ ਚੱਲ ਰਹੀ ਹੈ, ਉਸ ਦੀ ਦਿਸ਼ਾ ਵੀ ਫ਼ਰਕ ਪਾਉਂਦੀ ਹੈ। ਜੇਕਰ ਹਵਾ ਦਿੱਲੀ ਵੱਲ ਉਨ੍ਹਾਂ ਇਲਾਕਿਆਂ ਤੋਂ ਵਗਦੀ ਹੈ ਜਿੱਥੇ ਪਰਾਲੀ ਸਾੜੀ ਜਾ ਰਹੀ ਹੈ, ਤਾਂ ਇਹ ਉਨ੍ਹਾਂ ਇਲਾਕਿਆਂ ਤੋਂ ਧੂੰਆਂ ਵੀ ਲਿਆ ਸਕਦੀ ਹੈ।”

ਡਾਕਟਰ ਗੋਇਲ ਦੇ ਅਨੁਸਾਰ, ਮੌਸਮ ਨੂੰ ਬਦਲਿਆ ਨਹੀਂ ਜਾ ਸਕਦਾ। ਇਸ ਲਈ, ਸਰਕਾਰਾਂ ਨੂੰ ਉਨ੍ਹਾਂ ਖੇਤਰਾਂ ਵਿੱਚ ਪ੍ਰਦੂਸ਼ਣ ਘਟਾਉਣਾ ਚਾਹੀਦਾ ਹੈ ਜੋ ਸਾਲ ਭਰ ਧੂੰਆਂ ਅਤੇ ਧੂੜ ਛੱਡਦੇ ਹਨ।

ਦਿੱਲੀ ਦਾ ਪ੍ਰਦੂਸ਼ਣ ਕਿੱਥੋਂ ਆਉਂਦਾ ਹੈ?

ਦਿੱਲੀ ਦਾ ਇੰਡੀਆ ਗੇਟ

ਡਾਕਟਰ ਗੋਇਲ ਦੇ ਅਨੁਸਾਰ, ਦਿੱਲੀ ਦਾ ਪ੍ਰਦੂਸ਼ਣ ਸਿਰਫ਼ ਪਰਾਲੀ ਕਾਰਨ ਨਹੀਂ ਹੁੰਦਾ।

ਉਨ੍ਹਾਂ ਦੀ ਖੋਜ ਵਿੱਚ ਸਾਹਮਣੇ ਆਇਆ ਕਿ ਖੇਤੀਬਾੜੀ ਅਮੋਨੀਆ ਪ੍ਰਦੂਸ਼ਣ 27 ਫ਼ੀਸਦ ਪ੍ਰਦੂਸ਼ਣ ਲਈ ਜ਼ਿੰਮੇਵਾਰ ਹੈ, ਇਸ ਤੋਂ ਬਾਅਦ ਵਾਹਨਾਂ ਅਤੇ ਆਵਾਜਾਈ ਦੇ ਹੋਰ ਸਾਧਨਾਂ ਦਾ 23 ਫ਼ੀਸਦ, ਕੂੜਾ ਅਤੇ ਲੱਕੜ ਵਰਗੀਆਂ ਸਮੱਗਰੀਆਂ ਨੂੰ ਸਾੜਨਾ 20 ਫ਼ੀਸਦ ਅਤੇ ਧੂੜ ਦਾ 17 ਫ਼ੀਸਦ ਯੋਗਦਾਨ ਹੈ।

ਇਸ ਖੋਜ ਮੁਤਾਬਕ, ਕੁਝ ਬਰੀਕ ਕਣ ਧੂੰਏਂ ਅਤੇ ਧੂੜ ਦੇ ਨਾਲ ਸਿੱਧੇ ਹਵਾ ਵਿੱਚ ਰਲ਼ ਜਾਂਦੇ ਹਨ, ਜਦੋਂ ਕਿ ਕੁਝ ਹਵਾ ਵਿੱਚ ਵੱਖ-ਵੱਖ ਗੈਸਾਂ ਦੇ ਮਿਸ਼ਰਣ ਨਾਲ ਬਣਦੇ ਹਨ।

ਡਾਕਟਰ ਗੋਇਲ ਦੇ ਅਨੁਸਾਰ, ਪਰਾਲੀ ਸਾੜਨ ਦੀ ਦਰ ਸਾਲਾਨਾ ਔਸਤ ਦਾ ਲਗਭਗ ਚਾਰ ਫ਼ੀਸਦ ਹੈ, ਹਾਲਾਂਕਿ ਇਸਦਾ ਪ੍ਰਭਾਵ ਕੁਝ ਖਾਸ ਦਿਨਾਂ ‘ਤੇ ਕਾਫ਼ੀ ਜ਼ਿਆਦਾ ਹੋ ਸਕਦਾ ਹੈ।

ਸੈਂਟਰ ਫਾਰ ਸਾਇੰਸ ਐਂਡ ਇਨਵਾਇਰਮੈਂਟ (ਸੀਐੱਸਈ) ਦੇ ਅੰਕੜਿਆਂ ਅਨੁਸਾਰ, ਅਕਤੂਬਰ ਅਤੇ ਨਵੰਬਰ 2025 ਦੌਰਾਨ ਪਰਾਲੀ ਸਾੜਨ ਦਾ ਔਸਤ ਹਿੱਸਾ 4.2 ਫ਼ੀਸਦ ਸੀ। ਨਵੰਬਰ ਵਿੱਚ ਥੋੜ੍ਹੇ ਸਮੇਂ ਲਈ, ਇਹ ਵੱਧ ਕੇ 22 ਫ਼ੀਸਦ ਤੋਂ ਵੱਧ ਹੋ ਗਿਆ।

ਇਹ ਅੰਕੜੇ ਦਰਸਾਉਂਦੇ ਹਨ ਕਿ ਦਸੰਬਰ ਮਹੀਨੇ ਤੱਕ ਪਰਾਲੀ ਸਾੜਨ ਕਾਰਨ ਹੋਣ ਵਾਲੇ ਪ੍ਰਦੂਸ਼ਨ ਦਾ ਹਿੱਸਾ ਘੱਟ ਕੇ ਮਹਿਜ਼ 0.2 ਫ਼ੀਸਦ ਰਹਿ ਗਿਆ। ਫਿਰ ਵੀ, ਦਿੱਲੀ ਦੀ ਹਵਾ ਵਿੱਚ ਔਸਤ PM 2.5 ਗਾੜ੍ਹਾਪਣ 163 ਤੋਂ ਵਧ ਕੇ 210 ਮਾਈਕ੍ਰੋਗ੍ਰਾਮ ਪ੍ਰਤੀ ਘਣ ਮੀਟਰ ਹੋ ਗਿਆ।

ਇਸਦਾ ਮਤਲਬ ਹੈ ਕਿ ਪਰਾਲੀ ਸਾੜਨ ਦਾ ਪ੍ਰਭਾਵ ਲਗਭਗ ਖਤਮ ਹੋਣ ਤੋਂ ਬਾਅਦ ਵੀ, ਦਿੱਲੀ ਦੀ ਹਵਾ ਬਦਤਰ ਹੋ ਗਈ ਸੀ।

ਇਸਦਾ ਮਤਲਬ ਹੈ ਕਿ ਪਰਾਲੀ ਸਾੜਨਾ ਪ੍ਰਦੂਸ਼ਣ ਦਾ ਇੱਕ ਕਾਰਨ ਹੈ, ਪਰ ਇਹ ਦਿੱਲੀ ਦੀ ਮਾੜੀ ਹਵਾ ਦੀ ਗੁਣਵੱਤਾ ਦੀ ਪੂਰੀ ਕਹਾਣੀ ਇਸ ਨਾਲ ਨਹੀਂ ਸਮਝੀ ਜਾ ਸਕਦੀ। ਇਹ ਅੰਕੜੇ ਇੱਖ ਖੋਜ ਦੇ ਅੰਦਾਜਿਆਂ ਉੱਤੇ ਅਧਾਰਿਤ ਹਨ, ਇੱਕ ਦਿਨ ਦੇ ਪ੍ਰਦੂਸ਼ਣ ਦੇ ਸਿੱਧੇ ਅਨੁਮਾਨ ਨਹੀਂ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI