Source :- BBC PUNJABI

ਤਸਵੀਰ ਸਰੋਤ, Getty Images
ਲਓ ਜੀ, ਹਿੰਦੁਸਤਾਨ..ਪਾਕਿਸਤਾਨ.. ਦੋਵਾਂ ਨੂੰ ਮੁਬਾਰਕ। ਦੋਵੇਂ ਇੱਕ ਵਾਰ ਫਿਰ ਜੰਗ ਲੜੇ ਹਨ, ਤੇ ਦੋਵੇਂ ਇੱਕ ਵਾਰੀ ਫਿਰ ਜਿੱਤ ਗਏ ਹਨ।
ਪਾਕਿਸਤਾਨ ਵਿੱਚ ਫੌਜ ਦੀ ਬੱਲੇ-ਬੱਲੇ ਤੇ ਹਿੰਦੁਸਤਾਨ ਵਿੱਚ ਆਵਾਮ ਨਾਲ ਹਕੂਮਤ ਨੂੰ ਜਿਹੜੇ ਵੀ ਪੁਆੜੇ ਸਨ, ਉਹ ਚਾਰ ਦਿਨ ਭੁੱਲ ਗਏ ਹੋਣਗੇ।
ਆਮ ਤੌਰ ‘ਤੇ, ਜੰਗ ਦੀ ਧਮਕੀ ਹੋਵੇ ਤਾਂ ਲੋਕਾਂ ਦਾ ਤ੍ਰਾਹ ਨਿਕਲ ਜਾਂਦਾ ਹੈ, ਪਰ ਪਾਕਿਸਤਾਨੀਆਂ ਦਾ ਹਾਸਾ ਨਿਕਲ ਗਿਆ।
ਉਨ੍ਹਾਂ ਨੇ ਕਿਹਾ ਕਿ ਸਾਡੇ ਨਾਲ ਜੰਗ ਲੜ ਕੇ, ਸਾਡੇ ਕੋਲੋਂ ਜੰਗ ਜਿੱਤ ਕੇ ਵੀ ਕਿਸੇ ਨੇ ਕੀ ਲੈਣਾ ਹੈ।

ਆਮ ਤੌਰ ‘ਤੇ ਜੰਗ ਤੋਂ ਪਹਿਲਾਂ ਲੋਕ ਰਾਸ਼ਨ ਇਕੱਠਾ ਕਰਦੇ ਨੇ, ਪਰ ਪਾਕਿਸਤਾਨੀ ਮੀਮਾਂ ਬਣਾਉਣ ਲੱਗ ਪਏ ਤੇ ਇੱਕ-ਦੂਜੇ ਨੂੰ ਲਤੀਫ਼ੇ ਸੁਣਾਉਣ ਲੱਗ ਪਏ।
ਕੋਈ ਇੰਡੀਅਨ ਟੈਂਕਾਂ ਨੂੰ ਕਰਾਚੀ ਦੀਆਂ ਟੁੱਟੀਆਂ ਸੜਕਾਂ ਤੋਂ ਡਰਾਵੇ, ਕੋਈ ਦਿੱਲੀ ਵਾਲਿਆਂ ਨੂੰ ਇਹ ਸਮਝਾਵੇ ਕਿ ਜੇ ਲਾਹੌਰ ਆ ਹੀ ਗਏ ਤਾਂ ਲਾਹੌਰੀਆਂ ਕੋਲ਼ੋਂ ਰਸਤਾ ਨਾ ਪੁੱਛਣਾ, ਇਹ ਤੁਹਾਨੂੰ ਕੰਧਾਰ ਨਾ ਪਹੁੰਚਾ ਦੇਣ।
‘ਇਹ ਪੁੱਤਰ ਹੱਟਾਂ ‘ਤੇ ਨਹੀਂ ਵਿਕਦੇ’
ਫਿਰ, ਮਿਜ਼ਾਈਲ ਚੱਲੇ, ਜਹਾਜ਼ ਉੱਡੇ, ਤੇ ਬਾਰਡਰ ਤੱਕ ਨਹੀਂ ਇਸ ਦਫ਼ਾ ਰੁਕੇ ਬਲਕਿ ਮੁਰੀਦਕੇ ਤੇ ਬਹਾਵਲਪੁਰ ਤੱਕ ਮਿਜ਼ਾਈਲ ਪਹੁੰਚੇ ਅਤੇ ਜਦੋਂ ਡਰੋਨ ਉੱਡਣੇ ਸ਼ੁਰੂ ਹੋਏ ਤਾਂ ਇੰਨੇ ਕੁ ਉੱਡੇ ਕਿ ਪਾਕਿਸਤਾਨੀਆਂ ਨੇ ਇੰਨੇ ਕਦੇ ਹਿੰਦੁਸਤਾਨੀ ਸ਼ਹਿਰੀ ਵੀ ਨਹੀਂ ਦੇਖੇ ਹੋਣਗੇ।
ਜਿੱਥੇ ਕਿਤੇ ਡਰੋਨ ਨਹੀਂ ਪਹੁੰਚਿਆ, ਉਨ੍ਹਾਂ ਲੋਕਾਂ ਨੂੰ ਇਹ ਸ਼ਿਕਵਾ ਜਿਵੇਂ ਕਿਸੇ ਮੁਹੱਲੇ ਵਾਲਿਆਂ ਨੇ ਵਿਆਹ ਦਾ ਸੱਦਾ ਨਾ ਭੇਜਿਆ ਹੋਵੇ।
ਫਿਰ ਕੌਮ ਨੂੰ ਤਰਾਨੇ ਵੀ ਯਾਦ ਆ ਗਏ। ਜਿਹੜੇ ਇੱਕ-ਦੂਜੇ ਨੂੰ ਰੋਜ਼ ਗਾਲ਼-ਮੰਦਾ ਕਰਦੇ ਸਨ, ਉਨ੍ਹਾਂ ਨੇ ਆਵਾਜ਼ ਰਲਾਈ ਤੇ ਇੰਡੀਆ ਨੂੰ ਗਾਲ਼ਾਂ ਦੇਣੀਆਂ ਸ਼ੁਰੂ ਕੀਤੀਆਂ।
ਵੈਸੇ ਵੀ ਇੰਡੀਆ ਦੇ ਟੀਵੀ ਐਂਕਰਾਂ ਨੇ ਪਾਕਿਸਤਾਨੀਆਂ ਦਾ ਕੰਮ ਸੌਖਾ ਕਰ ਦਿੱਤਾ। ਉਹ ਉੱਧਰ ਬੈਠੇ ਕਰਾਚੀ, ਪਿੰਡੀ ਨੂੰ ਤਬਾਹ ਕਰੀ ਜਾਣ, ਇੱਥੇ ਖ਼ਲਕਤ ਬੈਠੀ ਉਨ੍ਹਾਂ ਨੂੰ ਨਿਹਾਰੀ ਤੇ ਫਲੂਦੇ ਦੀਆਂ ਫੋਟੋਆਂ ਭੇਜੀ ਜਾਵੇ।

ਤਸਵੀਰ ਸਰੋਤ, Getty Images
ਫਿਰ ਲੋਕ ਕਹਿਣਾ ਸ਼ੁਰੂ ਹੋ ਗਏ ਵਈ ਇਹ ਹੁੰਦੀ ਹੈ ਕੌਮ ਤੇ ਕੌਮ ਤਾਂ ਬਣਦੀ ਹੀ ਜੰਗ ਨਾਲ ਹੈ। ਦਿਲ ਤਾਂ ਕਰਦਾ ਹੈ ਵੀ ਬੰਦਾ ਪੁੱਛੇ ਕਿ ਕੌਮ ਇੰਝ ਹੀ ਬਣਦੀ ਹੈ ਤਾਂ ਹੁਣ ਅਸੀਂ ਰੁਕ ਕਿਉਂ ਗਏ।
ਲੇਕਿਨ ਕੌਮ ਥੋੜ੍ਹੀ ਝੱਲੀ ਸ਼ਾਇਦ ਹੋਵੇ, ਐਡੀ ਬੇਵਕੂਫ਼ ਵੀ ਨਹੀਂ। ਕੌਮ ਨੂੰ ਉਹ ਪੁਰਾਣੇ ਫੌਜੀ ਤਰਾਨੇ ਯਾਦ ਆ ਗਏ, ਜਿਸ ‘ਚ ਕਿਹਾ ਗਿਆ ਸੀ – ‘ਇਹ ਪੁੱਤਰ ਹੱਟਾਂ ‘ਤੇ ਨਹੀਂ ਵਿਕਦੇ’।
ਹੁਣ ਕੌਮ ਨੂੰ ਪਤਾ ਲੱਗਾ ਵੀ ਇਹ ਪੇਟ ਕੱਟ ਕੇ, ਪਲਾਟ ਦੇ ਕੇ, ਹੱਡੀਆਂ ਤੁੜਵਾ ਕੇ ਹੀ ਮਿਲਦੇ ਹਨ।

ਤਸਵੀਰ ਸਰੋਤ, Getty Images
ਲੇਕਿਨ ਹਿੰਦੁਸਤਾਨ, ਪਾਕਿਸਤਾਨ, ਇੱਕੋ ਧਰਤੀ ਦੇ ਜਾਏ (ਜੰਮੇ) ਆਖਿਰ ਆਪਣੀ ਜੰਗ ਰੁਕਵਾਉਣ ਲਈ ਵੀ ਬਾਹਰ ਹੀ ਵੇਖਦੇ ਰਹੇ। ਜੰਗਬੰਦੀ ਦਾ ਐਲਾਨ ਵੀ ਟਰੰਪ ਨੇ ਕੀਤਾ।
ਫਿਰ ਅਜੇ ਲੋਕੀਂ ਮੁਬਾਰਕਾਂ ਹੀ ਦੇ ਰਹੇ ਸਨ, ਜੱਫੀਆਂ ਪਾ ਰਹੇ ਸਨ ਤੇ ਨਾਲ ਹੀ ਕੰਨ ਵਿੱਚ ਇੱਕ-ਦੂਜੇ ਕੋਲੋਂ ਇਹ ਵੀ ਪੁੱਛ ਰਹੇ ਸਨ ਕਿ ਹੁਣ ਇਮਰਾਨ ਖ਼ਾਨ ਛੁੱਟ ਜਾਏਗਾ? ਆਖ਼ਰ ਉਸ ਨੇ ਵੀ ਤਾਂ ਜੇਲ੍ਹੋਂ ਬੈਠੇ ਜੰਗ ‘ਚ ਆਪਣਾ ਹਿੱਸਾ ਪਾਇਆ ਹੈ।
ਕਿਸੇ ਸਿਆਣੇ ਨੇ ਸਮਝਾਇਆ ਕਿ ਇਮਰਾਨ ਖ਼ਾਨ ਨੂੰ ਜੇਲ੍ਹ ‘ਚ ਨਾ ਤਾਂ ਇੰਡੀਆ ਨੇ ਪਾਇਆ ਸੀ ਅਤੇ ਨਾ ਉਹਨੇ ਜੰਗ ਇਸ ਸ਼ੁਰੂ ਕੀਤੀ ਸੀ ਵੀ ਇਮਰਾਨ ਖ਼ਾਨ ਨੂੰ ਜੇਲ੍ਹੋਂ ਕਢਾਏ।
ਹੁਣ, ਦੋਵੇਂ ਮੁਲਕ ਚਾਰ ਦਿਨ ਛੁਰਲੀਆਂ-ਪਟਾਕੇ ਚਲਾ ਕੇ ਘਰੋ-ਘਰੀਂ ਚਲੇ ਗਏ ਨੇ, ਬਾਕੀ ਘਰਾਂ ਦੀਆਂ ਜੰਗਾਂ ਘਰ ‘ਚ ਨੇ ਤੇ ਉੱਥੇ ਹੀ ਲੜੀਆਂ ਜਾਣਗੀਆਂ। ਤਾਂ ਆਓ, ਇੱਕ ਵਾਰੀ ਫੇਰ ਸ਼ੁਰੂ ਹੋ ਜਾਈਏ।
ਰੱਬ ਰਾਖਾ!
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI