Source :- BBC PUNJABI
Getty Images
ਪੜ੍ਹਨ ਦਾ ਸਮਾਂ: 9 ਮਿੰਟ
ਕੀਮਤੀ ਧਾਤਾਂ ਦੀ ਚਮਕ ਪਿਛਲੇ ਮਹੀਨੇ ਕੁਝ ਫਿੱਕੀ ਪਈ। ਸ਼ੁੱਕਰਵਾਰ ਨੂੰ ਸੋਨੇ ਦੀਆਂ ਕੀਮਤਾਂ ਇੱਕ ਸਾਲ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈਆਂ ਜਦੋਂ ਕਿ ਚਾਂਦੀ, ਪਲੈਟੀਨਮ ਅਤੇ ਪੈਲੇਡੀਅਮ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਆਈ।
ਇਹ ਤਕਨੀਕੀ ਤੌਰ ‘ਤੇ ਓਵਰਸੋਲਡ ਖੇਤਰ ਤੱਕ ਪਹੁੰਚ ਗਈਆਂ।
ਇਹ ਗਿਰਾਵਟ ਅਜਿਹੇ ਸਮੇਂ ਆਈ ਹੈ ਜਦੋਂ ਆਰਟੀਫੀਸ਼ੀਅਲ ਇੰਟੈਲੀਜੈਂਸ ‘ਤੇ ਖ਼ਰਚ ਕਰਨ ਤੋਂ ਢੁੱਕਵਾਂ ਰਿਟਰਨ ਮਿਲਣ ਦੀਆਂ ਚਿੰਤਾਵਾਂ ਵਿਚਕਾਰ ਤਕਨੀਕੀ ਕੰਪਨੀਆਂ ਦੇ ਸ਼ੇਅਰ ਡਿੱਗ ਗਏ ਹਨ।
ਸੋਨੇ ਅਤੇ ਚਾਂਦੀ ਦੋਵਾਂ ਨੇ ਲਗਾਤਾਰ ਦੂਜੇ ਮਹੀਨੇ ਨਕਾਰਾਤਮਕ ਰਿਟਰਨ ਦਰਜ ਕੀਤਾ। ਕੱਚੇ ਤੇਲ ਦੀਆਂ ਵਧਦੀਆਂ ਕੀਮਤਾਂ, ਮਹਿੰਗਾਈ ਵਧਣ ਦਾ ਡਰ ਅਤੇ ਸੰਭਾਵੀ ਅਮਰੀਕੀ ਵਿਆਜ ਦਰ ਵਾਧੇ ਬਾਰੇ ਚਿੰਤਾਵਾਂ ਨੇ ਕੀਮਤੀ ਧਾਤਾਂ ਦੇ ਬਾਜ਼ਾਰ ‘ਤੇ ਦਬਾਅ ਵਧਾਉਣ ਵਿੱਚ ਅਹਿਮ ਭੂਮਿਕਾ ਨਿਭਾਈ।
ਡੀਐੱਚਐੱਫ਼ ਕੈਪੀਟਲ ਦੇ ਬੌਸ ਬਾਸ ਕੂਇਜਮੈਨ ਨੇ ਇੱਕ ਨੋਟ ਵਿੱਚ ਕਿਹਾ, “ਮੌਦਰਿਕ ਨੀਤੀ ਨੂੰ ਸਖ਼ਤ ਕਰਨ ਦੀਆਂ ਉਮੀਦਾਂ ਉਨ੍ਹਾਂ ਸੰਪਤੀਆਂ ਉੱਤੇ ਦਬਾਅ ਪਾਹੁੰਦੀਆਂ ਹਨ ਜੋ ਵਿਆਜ ਜਾਂ ਨਿਯਮਤ ਆਮਦਨ ਪੈਦਾ ਨਹੀਂ ਦਿੰਦੀਆਂ।”
ਉਨ੍ਹਾਂ ਨੇ ਕਿਹਾ, “ਤੇਲ ਦੀਆਂ ਕੀਮਤਾਂ ਵਿੱਚ ਵਾਧਾ ਲੰਬੇ ਸਮੇਂ ਤੋਂ ਉੱਚੀ ਮੁਦਰਾਸਫ਼ੀਤੀ ਬਾਰੇ ਚਿੰਤਾਵਾਂ ਵਧਾ ਰਿਹਾ ਹੈ, ਜਿਸ ਨਾਲ ਦਬਾਅ ਹੋਰ ਵਧ ਰਿਹਾ ਹੈ।”
ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਸੋਨੇ ‘ਤੇ ਦਬਾਅ ਨੂੰ ਘੱਟ ਕਰ ਸਕਦੀ ਹੈ। ਉੱਥੇ ਹੀ ਸਪਲਾਈ ਚੇਨ ਵਿੱਚ ਹੋਰ ਰੁਕਾਵਟਾਂ ਜਾਂ ਅਮਰੀਕਾ ਵਿੱਚ ਅਕਤੂਬਰ ਮਹੀਨੇ ਦੇ ਰੁਜ਼ਗਾਰ ਦੇ ਅੰਕੜੇ ਉਮੀਦ ਤੋਂ ਬਿਹਤਰ ਰਹਿਣ ਨਾਲ ਸਖ਼ਤ ਮੁਦਰਾ ਨੀਤੀ ਦੀ ਸੰਭਾਵਨਾ ਹੋਰ ਮਜ਼ਬੂਤ ਹੋ ਸਕਦੀ ਹੈ। ਇਸ ਨਾਲ ਸੋਨੇ ਦੀਆਂ ਕੀਮਤਾਂ ‘ਤੇ ਦਬਾਅ ਜਾਰੀ ਰਹਿ ਸਕਦਾ ਹੈ।
ਅਕਤੂਬਰ ਦੇ ਅੰਤ ਤੱਕ ਕੋਮੈਕਸ (COMEX) ‘ਤੇ ਸੋਨੇ ਦੀ ਕੀਮਤ 7.26 ਫ਼ੀਸਦ ਡਿੱਗ ਕੇ 3,884.9 ਡਾਲਰ ਪ੍ਰਤੀ ਔਂਸ ਹੋ ਗਈ। ਇਸ ਦੌਰਾਨ ਕੋਮੈਕਸ ‘ਤੇ ਚਾਂਦੀ ਦੀ ਕੀਮਤ ਵਿੱਚ ਪਿਛਲੇ ਮਹੀਨੇ 19.1 ਫ਼ੀਸਦ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ, ਜੋ 49.13 ਡਾਲਰ ਪ੍ਰਤੀ ਔਂਸ ‘ਤੇ ਜਾ ਕੇ ਰੁਕੀ।
ਕੋਮੈਕਸ ਅਮਰੀਕਾ ਦਾ ਇੱਕ ਪ੍ਰਮੁੱਖ ਬਾਜ਼ਾਰ ਹੈ, ਜਿੱਥੇ ਸੋਨੇ ਅਤੇ ਚਾਂਦੀ ਦੇ ਕੰਟਰੈਕਟ ਖਰੀਦੇ ਅਤੇ ਵੇਚੇ ਜਾਂਦੇ ਹਨ।
ਵਿਸ਼ਵ ਬਾਜ਼ਾਰ ਦੇ ਰੁਝਾਨਾਂ ਅਨੁਸਾਰ ਘਰੇਲੂ ਬਾਜ਼ਾਰਾਂ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਹੇਠਲੇ ਸਤਰ ਉੱਤੇ ਬੰਦ ਹੋਈਆਂ। ਐੱਮਸੀਐੱਕਸ ‘ਤੇ ਸੋਨੇ ਦੀਆਂ ਕੀਮਤਾਂ 7.16 ਫ਼ੀਸਦ ਡਿੱਗ ਕੇ 138,419 ਰੁਪਏ ਪ੍ਰਤੀ 10 ਗ੍ਰਾਮ ‘ਤੇ ਆ ਗਈਆਂ। ਇਸ ਦੌਰਾਨ, ਚਾਂਦੀ ਦੀਆਂ ਕੀਮਤਾਂ 20 ਫ਼ੀਸਦ ਦੀ ਭਾਰੀ ਗਿਰਾਵਟ ਨਾਲ 178,900 ਰੁਪਏ ਪ੍ਰਤੀ ਕਿਲੋਗ੍ਰਾਮ ‘ਤੇ ਰੁਕੀਆਂ।
ਕੋਮੈਕਸ (ਕਮੋਡਿਟੀ ਐਕਸਚੇਂਜ ਇੰਕ.) ਵਾਂਗ, ਐੱਮਸੀਐਕਸ (ਮਲਟੀ ਕਮੋਡਿਟੀ ਐਕਸਚੇਂਜ) ਭਾਰਤ ਵਿੱਚ ਇੱਕ ਐਕਸਚੇਂਜ ਹੈ ਜਿੱਥੇ ਸੋਨੇ ਅਤੇ ਚਾਂਦੀ ਦੇ ਫਿਊਚਰਜ਼ ਦਾ ਵਪਾਰ ਕੀਤਾ ਜਾਂਦਾ ਹੈ।
ਸੋਨਾ ਇੱਕ ਸਾਲ ਦੇ ਹੇਠਲੇ ਪੱਧਰ ‘ਤੇ
Getty Images
30 ਅਕਤੂਬਰ ਨੂੰ ਕੋਮੈਕਸ ‘ਤੇ ਸੋਨੇ ਦੀਆਂ ਕੀਮਤਾਂ ਇੱਕ ਸਾਲ ਦੇ ਹੇਠਲੇ ਪੱਧਰ ‘ਤੇ ਆ ਗਈਆਂ ਅਤੇ 4,000 ਡਾਲਰ ਪ੍ਰਤੀ ਔਂਸ ਦੇ ਮਨੋਵਿਗਿਆਨਕ ਪੱਧਰ ਤੋਂ ਕਾਫ਼ੀ ਹੇਠਾਂ ਬੰਦ ਹੋਈਆਂ।
ਇਹ ਕਮਜ਼ੋਰੀ ਦਾ ਇੱਕ ਵੱਡਾ ਸੰਕੇਤ ਹੈ, ਕਿਉਂਕਿ ਸੋਨੇ ਦੀ ਕੀਮਤ ਨੇ 3,900 ਡਾਲਰ ਦੇ ਪਿਛਲੇ ਸਮਰਥਨ ਪੱਧਰ ਨੂੰ ਵੀ ਤੋੜ ਦਿੱਤਾ ਹੈ।
ਹੁਣ, ਕੋਮੈਕਸ ‘ਤੇ ਸੋਨੇ ਦੀਆਂ ਕੀਮਤਾਂ 3,650-3,750 ਡਾਲਰ ਦੇ ਅਗਲੇ ਸਮਰਥਨ ਪੱਧਰ ਤੱਕ ਡਿੱਗ ਸਕਦੀਆਂ ਹਨ। ਕਮਜ਼ੋਰ ਰੁਝਾਨ ਨੂੰ ਉਲਟਾਉਣ ਲਈ ਸੋਨੇ ਦੀਆਂ ਕੀਮਤਾਂ ਨੂੰ 4,550 ਡਾਲਰ ਦੇ ਪੱਧਰ ਨੂੰ ਪਾਰ ਕਰ ਦੀ ਲੋੜ ਪਵੇਗੀ।
ਪਿਛਲੇ ਮਹੀਨੇ ਕੋਮੈਕਸ ‘ਤੇ ਚਾਂਦੀ ਦੀਆਂ ਕੀਮਤਾਂ ਵੀ ਕਮਜ਼ੋਰ ਹੋ ਗਈਆਂ, ਜੋ 54 ਡਾਲਰ ਦੇ ਸਮਰਥਨ ਪੱਧਰ ਤੋਂ ਹੇਠਾਂ ਆ ਗਈਆਂ। ਇਸ ਮੁੱਖ ਸਮਰਥਨ ਪੱਧਰ ਨੂੰ ਤੋੜਨ ਤੋਂ ਬਾਅਦ ਕੀਮਤਾਂ ਹੋਰ ਘਟੀਆਂ ਅਤੇ ਸ਼ੁੱਕਰਵਾਰ ਨੂੰ 48.9 ਡਾਲਰ ਦੇ ਹੇਠਲੇ ਪੱਧਰ ‘ਤੇ ਪਹੁੰਚ ਗਈਆਂ।
ਇਹ ਕਿਹਾ ਜਾ ਰਿਹਾ ਹੈ ਕਿ ਜੇ ਚਾਂਦੀ ਦਾ ਰੁਝਾਨ ਥੋੜ੍ਹੇ ਸਮੇਂ ਲਈ ਨਕਾਰਾਤਮਕ ਰਹਿੰਦਾ ਹੈ ਅਤੇ ਇਸਦੀ ਕੀਮਤ 42-43 ਡਾਲਰ ਦੀ ਰੇਂਜ ਤੱਕ ਡਿੱਗ ਸਕਦੀ ਹੈ। ਇਸ ਗਿਰਾਵਟ ਦੇ ਰੁਝਾਨ ਨੂੰ ਖ਼ਤਮ ਕਰਨ ਲਈ ਚਾਂਦੀ ਦੀਆਂ ਕੀਮਤਾਂ ਨੂੰ 55 ਡਾਲਰ ਦੇ ਵਿਰੋਧ ਪੱਧਰ ਨੂੰ ਪਾਰ ਕਰਨਾ ਪਵੇਗਾ।
ਜਨਵਰੀ ਵਿੱਚ 5,595 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚਣ ਤੋਂ ਬਾਅਦ ਸੋਨੇ ਦੀ ਕੀਮਤ 30 ਫ਼ੀਸਦ ਡਿੱਗ ਗਈ ਹੈ।
Getty Images
ਨਿਊਜ਼ ਏਜੰਸੀ ਰਾਇਟਰਜ਼ ਨੇ ਆਪਣੀ ਰਿਪੋਰਟ ਵਿੱਚ ਲਿਖਿਆ, “ਇਹ ਇਸ ਡਰ ਕਾਰਨ ਹੈ ਕਿ ਵਿਆਜ ਦਰਾਂ ਲੰਬੇ ਸਮੇਂ ਤੱਕ ਉੱਚੀਆਂ ਰਹਿਣਗੀਆਂ। ਮੌਜੂਦਾ ਸਮੇਂ ਵਿੱਚ ਏਸ਼ੀਆ ਵਿੱਚ ਮੰਗ ਦੀ ਕਮੀ ਵੀ ਸੋਨੇ ਦੀਆਂ ਕੀਮਤਾਂ ‘ਤੇ ਦਬਾਅ ਪਾ ਰਹੀ ਹੈ।”
“ਹਾਲਾਂਕਿ, ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਜਦੋਂ ਵੀ ਸੋਨੇ ਦੀ ਕੀਮਤ 4,000 ਡਾਲਰ ਤੋਂ ਹੇਠਾਂ ਡਿਗਦੀ ਹੈ, ਤਾਂ ਕੇਂਦਰੀ ਬੈਂਕਾਂ ਦੀਆਂ ਖਰੀਦਾਂ ਆਮ ਤੌਰ ‘ਤੇ ਵਧ ਜਾਂਦੀਆਂ ਹਨ।”
ਇਸ ਦੌਰਾਨ, ਚਾਂਦੀ ਇੱਕ ਅਜਿਹੀ ਵਸਤੂ ਵਜੋਂ ਵਧਦੀ ਜਾ ਰਹੀ ਹੈ ਜਿਸਦੀ ਕੀਮਤ ਉਦਯੋਗਿਕ ਵਿਕਾਸ ਵੱਜੋਂ ਨਿਰਧਾਰਿਤ ਕੀਤੀ ਜਾਂਦੀ ਹੈ।
ਰਾਇਟਰਜ਼ ਦੇ ਅਨੁਸਾਰ ਐੱਚਐੱਸਬੀਸੀ ਨੇ ਕਿਹਾ ਹੈ ਕਿ ਉਦਯੋਗ ਅਤੇ ਗਹਿਣਿਆਂ ਤੋਂ ਚਾਂਦੀ ਦੀ ਮੰਗ ਘਟ ਰਹੀ ਹੈ। ਬੈਂਕ ਨੂੰ ਉਮੀਦ ਹੈ ਕਿ 2027 ਵਿੱਚ ਚਾਂਦੀ ਦੀ ਔਸਤ ਕੀਮਤ 64 ਡਾਲਰ ਪ੍ਰਤੀ ਔਂਸ ਰਹੇਗੀ, ਜਦੋਂ ਕਿ ਇਸ ਸਾਲ ਲਈ ਇਸਦਾ ਔਸਤ ਅਨੁਮਾਨ 71 ਡਾਲਰ ਪ੍ਰਤੀ ਔਂਸ ਹੈ।
ਇਸ ਵੇਲੇ ਇੱਕ ਔਂਸ ਸੋਨਾ ਖਰੀਦਣ ਲਈ 79 ਔਂਸ ਚਾਂਦੀ ਦੀ ਲੋੜ ਹੁੰਦੀ ਹੈ। ਇਹ 11 ਮਹੀਨਿਆਂ ਵਿੱਚ ਸਭ ਤੋਂ ਵੱਧ ਅਨੁਪਾਤ ਹੈ। ਜਨਵਰੀ ਵਿੱਚ, ਜਦੋਂ ਚਾਂਦੀ ਦੀ ਕੀਮਤ 122 ਡਾਲਰ ਪ੍ਰਤੀ ਔਂਸ ਦੇ ਰਿਕਾਰਡ ਉੱਚੇ ਪੱਧਰ ‘ਤੇ ਪਹੁੰਚ ਗਈ ਸੀ, ਤਾਂ ਇੱਕ ਔਂਸ ਸੋਨਾ ਖਰੀਦਣ ਲਈ 46 ਔਂਸ ਚਾਂਦੀ ਦੀ ਲੋੜ ਸੀ।
ਰਾਇਟਰਜ਼ ਨੇ ਲਿਖਿਆ, “ਇਤਿਹਾਸਕ ਤੌਰ ‘ਤੇ, ਸੋਨੇ ਦੇ ਮੁਕਾਬਲੇ ਚਾਂਦੀ ਦੀ ਕੀਮਤ ਵਿੱਚ ਅਜੇ ਵੀ ਹੋਰ ਗਿਰਾਵਟ ਦੀ ਗੁੰਜਾਇਸ਼ ਹੈ। ਸਲਾਹਕਾਰ ਫਰਮ ਮੈਟਲਜ਼ ਫੋਕਸ ਦੇ ਅਨੁਸਾਰ 2020 ਅਤੇ 2025 ਦੇ ਵਿਚਕਾਰ ਸੋਨੇ-ਚਾਂਦੀ ਦਾ ਅਨੁਪਾਤ ਔਸਤਨ 82 ਸੀ।”
ਸੋਨੇ ਅਤੇ ਚਾਂਦੀ ਦਾ ਭਵਿੱਖ ਦਾ ਰਸਤਾ ਕੀ ਹੋ ਸਕਦਾ ਹੈ?
Getty Images
ਵਿੱਤੀ ਮਾਮਲਿਆਂ ਦੀ ਖੋਜ ਸੰਸਥਾ ਸਹੀ ਦੇ ਮੁਖ ਰਿਸਰਚਰ ਗੌਰਵ ਅਰੋੜਾ ਨੇ ਦੀ ਲਾਈਵ ਮਿੰਟ ਨੂੰ ਦੱਸਿਆ ਕਿ ਅਮਰੀਕਾ ਵਿੱਚ ਵਿਆਜ ਦਰਾਂ ਵਧਣ ਦੇ ਡਰ ਕਾਰਨ ਸੋਨੇ ਦੀਆਂ ਕੀਮਤਾਂ ‘ਤੇ ਦਬਾਅ ਵਧਿਆ ਹੈ।
ਅਰੋੜਾ ਦੇ ਅਨੁਸਾਰ, ਅਮਰੀਕੀ ਫੈਡਰਲ ਰਿਜ਼ਰਵ ਨੇ ਅਕਤੂਬਰ ਵਿੱਚ ਵਿਆਜ ਦਰਾਂ ਨੂੰ 3.75-4 ਫ਼ੀਸਦ ਦੀ ਰੇਂਜ ਵਿੱਚ ਸਥਿਰ ਰੱਖਿਆ, ਪਰ ਦੋ ਕਮੇਟੀ ਮੈਂਬਰਾਂ ਨੇ ਦਰਾਂ ਵਧਾਉਣ ਲਈ ਵੋਟ ਦਿੱਤੀ। ਨਤੀਜੇ ਵਜੋਂ, ਬਾਜ਼ਾਰ ਦਸੰਬਰ ਵਿੱਚ ਇੱਕ ਹੋਰ ਦਰ ਵਾਧੇ ਦੀ ਉਮੀਦ ਕਰਨ ਲੱਗ ਪਿਆ ਹੈ।
ਅਰੋੜਾ ਨੇ ਕਿਹਾ, “ਪਿਛਲੇ ਮਹੀਨੇ ਦੌਰਾਨ ਐੱਮਸੀਐਕਸ ‘ਤੇ ਸੋਨੇ ਦੇ ਵਾਅਦੇ ਵਿੱਚ ਲਗਾਤਾਰ ਗਿਰਾਵਟ ਆਈ ਹੈ। ਵਰਤਮਾਨ ਵਿੱਚ ਇਸਦਾ ਤੁਰੰਤ ਸਮਰਥਨ ਪੱਧਰ 138,250 ਰੁਪਏ ਪ੍ਰਤੀ 10 ਗ੍ਰਾਮ ਹੈ। ਜੇਕਰ ਕੀਮਤ ਇਸ ਪੱਧਰ ਤੋਂ ਹੇਠਾਂ ਡਿੱਗਦੀ ਹੈ, ਤਾਂ ਵਿਕਰੀ ਦਾ ਇੱਕ ਹੋਰ ਦੌਰ ਸ਼ੁਰੂ ਹੋ ਸਕਦਾ ਹੈ। ਚਾਂਦੀ ਦੀਆਂ ਕੀਮਤਾਂ ਵਿੱਚ ਆਮ ਤੌਰ ‘ਤੇ ਵਧੇਰੇ ਉਤਰਾਅ-ਚੜ੍ਹਾਅ ਦੇਖਣ ਨੂੰ ਮਿਲਦਾ ਹੈ। ਇਸਦੇ ਲਈ ਫ਼ੌਰੀ ਸਮਰਥਨ ਪੱਧਰ 178,800 ਰੁਪਏ ਪ੍ਰਤੀ ਕਿਲੋਗ੍ਰਾਮ ਹੈ।”
ਅਰੋੜਾ ਦੇ ਅਨੁਸਾਰ, “ਹਾਲ ਹੀ ਵਿੱਚ ਆਈ ਗਿਰਾਵਟ ਦੇ ਬਾਵਜੂਦ ਵਿਆਪਕ ਰੁਝਾਨ ਕਮਜ਼ੋਰ ਬਣਿਆ ਹੋਇਆ ਹੈ। ਇਸ ਲਈ ਧਨਤੇਰਸ ਦੇ ਆਲੇ-ਦੁਆਲੇ ਇੱਕਮੁਸ਼ਤ ਖਰੀਦਦਾਰੀ ਕਰਨ ਦੀ ਬਜਾਏ ਦੋ ਜਾਂ ਤਿੰਨ ਕਿਸ਼ਤਾਂ ਵਿੱਚ ਸੋਨਾ ਖਰੀਦਣਾ ਇੱਕ ਬਿਹਤਰ ਰਣਨੀਤੀ ਹੋ ਸਕਦੀ ਹੈ। ਉਹ ਨਿਵੇਸ਼ ਕਰਦੇ ਸਮੇਂ ਸੋਨੇ ਦੇ ਮੁਕਾਬਲੇ ਚਾਂਦੀ ਵਿੱਚ ਹਿੱਸੇ ਨੂੰ ਘੱਟ ਰੱਖਣ ਦੀ ਵੀ ਸਿਫਾਰਸ਼ ਕਰਦੇ ਹਨ, ਕਿਉਂਕਿ ਇਸ ਦੀਆਂ ਕੀਮਤਾਂ ਵਿੱਚ ਜ਼ਿਆਦਾ ਉਤਰਾਅ-ਚੜ੍ਹਾਅ ਆਉਂਦਾ ਹੈ।”
ਐੱਸਐੱਮਸੀ ਗਲੋਬਲ ਸਿਕਿਓਰਿਟੀਜ਼ ਦੀ ਕਮਾਡਿਟੀ ਰਿਸਰਚ ਦੀ ਮੁਖੀ ਵੰਦਨਾ ਭਾਰਤੀ ਦਾ ਮੰਨਣਾ ਹੈ ਕਿ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਤੇਜ਼ੀ ਨਾਲ ਗਿਰਾਵਟ ਲੰਬੇ ਸਮੇਂ ਦੇ ਨਿਵੇਸ਼ਕਾਂ ਲਈ ਖਰੀਦਦਾਰੀ ਦਾ ਮੌਕਾ ਪੈਦਾ ਕਰ ਸਕਦੀ ਹੈ।
ਉਸਨੇ ਪਿਛਲੀਆਂ ਉਦਾਹਰਣਾਂ ਦਾ ਹਵਾਲਾ ਦਿੱਤਾ ਜਦੋਂ ਨਕਦੀ ਦੀ ਜ਼ਰੂਰਤ ਕਾਰਨ ਬਾਜ਼ਾਰ ਵਿੱਚ ਵਿਕਰੀ ਤੋਂ ਬਾਅਦ ਭੌਤਿਕ ਸੋਨੇ ਦੀ ਮੰਗ ਵਧ ਗਈ ਸੀ। 1970 ਦੇ ਦਹਾਕੇ ਵਿੱਚ ਸੋਨੇ ਦੀਆਂ ਕੀਮਤਾਂ 1970 ਵਿੱਚ 40 ਡਾਲਰ ਪ੍ਰਤੀ ਔਂਸ ਤੋਂ ਹੇਠਾਂ ਤੋਂ ਜਨਵਰੀ 1980 ਤੱਕ ਤਕਰੀਬਨ 850 ਡਾਲਰ ਪ੍ਰਤੀ ਔਂਸ ਹੋ ਗਈਆਂ।
ਇਸੇ ਤਰ੍ਹਾਂ 2008 ਦੇ ਵਿਸ਼ਵ ਵਿੱਤੀ ਸੰਕਟ ਦੌਰਾਨ, ਜਦੋਂ ਨਿਵੇਸ਼ਕਾਂ ਨੂੰ ਨਕਦੀ ਇਕੱਠੀ ਕਰਨ ਲਈ ਆਪਣੀਆਂ ਜਾਇਦਾਦਾਂ ਵੇਚਣ ਲਈ ਮਜਬੂਰ ਕੀਤਾ ਗਿਆ ਸੀ ਤਾਂ ਸੋਨੇ ਦੀ ਕੀਮਤ ਸ਼ੁਰੂ ਵਿੱਚ ਤਕਰੀਬਨ 700 ਡਾਲਰ ਪ੍ਰਤੀ ਔਂਸ ਤੱਕ ਡਿੱਗ ਗਈ। ਹਾਲਾਂਕਿ, ਬਾਅਦ ਵਿੱਚ ਇਹ ਮੁੜ ਵਧਿਆ ਅਗਸਤ 2011 ਤੱਕ 1,917 ਡਾਲਰ ਪ੍ਰਤੀ ਔਂਸ ਤੱਕ ਪਹੁੰਚ ਗਿਆ।
Getty Images
ਮਾਰਚ 2020 ਵਿੱਚ ਕੋਰੋਨਾਵਾਇਰਸ ਮਹਾਂਮਾਰੀ ਦੌਰਾਨ ਬਾਜ਼ਾਰ ਵਿੱਚ ਆਈ ਗਿਰਾਵਟ ਦੌਰਾਨ ਵੀ ਅਜਿਹਾ ਹੀ ਰੁਝਾਨ ਦੇਖਿਆ ਗਿਆ ਸੀ।
ਨਕਦੀ ਇਕੱਠੀ ਕਰਨ ਦੀ ਕਾਹਲ ਦੇ ਵਿਚਕਾਰ, ਸੋਨੇ ਦੀਆਂ ਕੀਮਤਾਂ ਲਗਭਗ 1,472 ਡਾਲਰ ਪ੍ਰਤੀ ਔਂਸ ਤੱਕ ਡਿੱਗ ਗਈਆਂ। ਹਾਲਾਂਕਿ, ਨਿਵੇਸ਼ਕਾਂ ਨੇ ਬਾਅਦ ਵਿੱਚ ਫਿਜ਼ੀਕਲ ਸੋਨੇ ਅਤੇ ਐਕਸਚੇਂਜ-ਟ੍ਰੇਡਡ ਫੰਡਾਂ (ਈਟੀਐੱਫ਼ਜ਼) ਵਿੱਚ ਆਪਣੇ ਨਿਵੇਸ਼ ਵਧਾ ਦਿੱਤੇ, ਜਿਸ ਨਾਲ ਕੀਮਤਾਂ ਵਿੱਚ ਤੇਜ਼ੀ ਨਾਲ ਸੁਧਾਰ ਹੋਇਆ।
ਭਾਰਤੀ ਨੇ ਕਿਹਾ ਕਿ ਇਹ ਉਦਾਹਰਣਾਂ ਦਰਸਾਉਂਦੀਆਂ ਹਨ ਕਿ ਕੀਮਤੀ ਧਾਤਾਂ ਦੇ ਲੰਬੇ ਸਮੇਂ ਦੇ ਖਰੀਦਦਾਰ ਤਰਲਤਾ ਦਬਾਅ ਵਿੱਚ ਗਿਰਾਵਟ ਦੇ ਦੌਰਾਨ ਤੇਜ਼ ਹੋ ਸਕਦੇ ਹਨ।
ਭਾਰਤੀ ਸੋਨੇ ਦੀਆਂ ਕੀਮਤਾਂ ਵਿੱਚ ਹਾਲ ਹੀ ਵਿੱਚ ਆਈ ਗਿਰਾਵਟ ਨੂੰ ਨਿਵੇਸ਼ਕਾਂ ਲਈ ਹੌਲੀ-ਹੌਲੀ ਖਰੀਦਣ ਦੇ ਇੱਕ ਸੰਭਾਵੀ ਮੌਕੇ ਵਜੋਂ ਦੇਖਦੀ ਹੈ। ਵਰਤਮਾਨ ਵਿੱਚ ਘਰੇਲੂ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਤਕਰੀਬਨ 1.38 ਰੁਪਏ ਲੱਖ ਪ੍ਰਤੀ 10 ਗ੍ਰਾਮ ਹੈ।
ਉਨ੍ਹਾਂ ਦਾ ਅੰਦਾਜ਼ਾ ਹੈ ਕਿ ਕੇਂਦਰੀ ਬੈਂਕ ਦੀ ਖਰੀਦਦਾਰੀ, ਵਟਾਂਦਰਾ ਦਰ ਦੇ ਉਤਰਾਅ-ਚੜ੍ਹਾਅ ਅਤੇ ਮੁਦਰਾਸਫੀਤੀ ਦੇ ਵਿਰੁੱਧ ਸੋਨੇ ਦੀ ਭੂਮਿਕਾ ਦੇ ਕਾਰਨ, ਘਰੇਲੂ ਬਾਜ਼ਾਰ ਵਿੱਚ ਸੋਨੇ ਦੀ ਕੀਮਤ 2027 ਤੱਕ ਪ੍ਰਤੀ 10 ਗ੍ਰਾਮ 165,000 ਰੁਪਏ ਤੋਂ 180,000 ਰੁਪਏ ਤੱਕ ਪਹੁੰਚ ਸਕਦੀ ਹੈ। ਹਾਲਾਂਕਿ, ਇਹ ਸਿਰਫ ਇੱਕ ਅਨੁਮਾਨ ਹੈ ਅਤੇ ਗਾਰੰਟੀ ਨਹੀਂ ਹੈ।
ਕੋਮੈਕਸ, ਐੱਮਸੀਐਕਸਅਤੇ ਭਵਿੱਖ ਦੀਆਂ ਦਰਾਂ ਕੀ ਹਨ?
ਕੋਮੈਕਸ ਇੱਕ ਪ੍ਰਮੁੱਖ ਅਮਰੀਕੀ ਬਾਜ਼ਾਰ ਹੈ ਜਿੱਥੇ ਸੋਨੇ ਅਤੇ ਚਾਂਦੀ ਦੇ ਕੰਟਰੈਕਟ ਖਰੀਦੇ ਅਤੇ ਵੇਚੇ ਜਾਂਦੇ ਹਨ। ਫਿਊਚਰਜ਼ ਦਰਾਂ ਉਹ ਕੀਮਤਾਂ ਹਨ ਜਿਨ੍ਹਾਂ ‘ਤੇ ਭਵਿੱਖ ਦੇ ਮਹੀਨੇ ਵਿੱਚ ਡਿਲੀਵਰੀ ਲਈ ਅੱਜ ਇੱਕ ਇਕਰਾਰਨਾਮਾ ਸੈਟਲ ਕੀਤਾ ਜਾਂਦਾ ਹੈ।
ਇਸਦਾ ਮਤਲਬ ਇਹ ਨਹੀਂ ਹੈ ਕਿ ਉਸ ਸਮੇਂ ਸੋਨੇ ਜਾਂ ਚਾਂਦੀ ਦੀ ਕੀਮਤ ਜ਼ਰੂਰੀ ਤੌਰ ‘ਤੇ ਇੰਨੀ ਜ਼ਿਆਦਾ ਹੋਵੇਗੀ। ਕੋਮੈਕਸ ਸੋਨੇ ਦੇ ਫਿਊਚਰਜ਼ ਨੂੰ ਕੌਮਾਂਤਰੀ ਬਾਜ਼ਾਰ ਵਿੱਚ ਇੱਕ ਮੁੱਖ ਕੀਮਤ ਬੈਂਚਮਾਰਕ ਵਜੋਂ ਵਰਤਿਆ ਜਾਂਦਾ ਹੈ।
ਕੋਮੈਕਸ ਨੂੰ ਇੱਕ ਸੰਗਠਿਤ ਥੋਕ ਬਾਜ਼ਾਰ ਵਜੋਂ ਸਮਝਿਆ ਜਾ ਸਕਦਾ ਹੈ, ਨਾ ਕਿ ਇੱਕ ਗਹਿਣਿਆਂ ਦੀ ਦੁਕਾਨ ਵਜੋਂ। ਇਹ ਸੀਐੱਮਈ ਸਮੂਹ ਦੇ ਐਕਸਚੇਂਜ ਕਾਰੋਬਾਰ ਦਾ ਹਿੱਸਾ ਹੈ ਜਿੱਥੇ ਸੋਨੇ ਅਤੇ ਚਾਂਦੀ ਵਰਗੀਆਂ ਧਾਤਾਂ ਲਈ ਮਿਆਰੀ ਇਕਰਾਰਨਾਮੇ ਦਾ ਵਪਾਰ ਕੀਤਾ ਜਾਂਦਾ ਹੈ।
‘ਗੋਲਡ ਫਿਊਚਰਜ਼ ਰੇਟ’ ਦਾ ਕੀ ਅਰਥ ਹੈ?
Getty Images
ਆਓ ਇੱਕ ਕਾਲਪਨਿਕ ਉਦਾਹਰਣ ਲਈਏ। ਦਸੰਬਰ ਵਿੱਚ ਗੋਲਡ ਫਿਊਚਰਜ਼ ਸੋਨੇ ਦੇ 4,000 ਡਾਲਰ ਪ੍ਰਤੀ ਔਂਸ ਮੁੱਲ ‘ਤੇ ਵਪਾਰ ਕਰ ਰਹੇ ਹਨ। ਇਸਦਾ ਮਤਲਬ ਹੈ ਕਿ ਵਪਾਰੀ ਵਰਤਮਾਨ ਵਿੱਚ ਇਸ ਕੀਮਤ ‘ਤੇ ਦਸੰਬਰ ਲਈ ਮਿਆਰੀ ਸੋਨੇ ਦੇ ਕੰਟਰੈਕਟ ਖਰੀਦ ਜਾਂ ਵੇਚ ਸਕਦੇ ਹਨ।
ਇਸਦਾ ਮਤਲਬ ਇਹ ਨਹੀਂ ਹੈ ਕਿ ਦਸੰਬਰ ਵਿੱਚ ਸੋਨੇ ਦੀ ਕੀਮਤ ਯਕੀਨੀ ਤੌਰ ‘ਤੇ 4,000 ਡਾਲਰ ਹੋਵੇਗੀ। ਆਓ ਇਸਨੂੰ ਇੱਕ ਸੌਖੀ ਉਦਾਹਰਣ ਨਾਲ ਸਮਝੀਏ ਇੱਕ ਖਰੀਦਦਾਰ ਅਤੇ ਸਪਲਾਇਰ ਅੱਜ ਫੈਸਲਾ ਕਰਦੇ ਹਨ ਕਿ ਉਹ ਭਵਿੱਖ ਵਿੱਚ ਵਸਤੂਆਂ ਦੀ ਸਪਲਾਈ ਲਈ ਕਿਹੜੀ ਕੀਮਤ ਅਦਾ ਕਰਨਗੇ। ਉਹ ਇੱਕ ਲੈਣ-ਦੇਣ ਕੀਮਤ ਨਿਰਧਾਰਤ ਕਰਦੇ ਹਨ ਨਾ ਕਿ ਇਹ ਭਵਿੱਖਬਾਣੀ ਕਿ ਇਹ ਪੂਰੇ ਬਾਜ਼ਾਰ ਵਿੱਚ ਪ੍ਰਚਲਿਤ ਕੀਮਤ ਹੋਵੇਗੀ।
ਕੋਮੈਕਸ ਅਕਸਰ ਭਾਰਤੀ ਸੋਨੇ ਦੀਆਂ ਖ਼ਬਰਾਂ ਵਿੱਚ ਕਿਉਂ ਦਿਖਾਈ ਦਿੰਦਾ ਹੈ? ਕੋਮੈਕਸ ਕੌਮਾਂਤਰੀ ਬਾਜ਼ਾਰ ਲਈ ਇੱਕ ਮੁੱਖ ਬੈਂਚਮਾਰਕ ਪ੍ਰਦਾਨ ਕਰਦਾ ਹੈ, ਜਦੋਂ ਕਿ ਐੱਮਸੀਐਕਸ ਭਾਰਤ ਦਾ ਐਕਸਚੇਂਜ ਹੈ ਜਿੱਥੇ ਸੋਨੇ ਅਤੇ ਚਾਂਦੀ ਦੇ ਫਿਊਚਰਜ਼ ਦਾ ਵਪਾਰ ਕੀਤਾ ਜਾਂਦਾ ਹੈ।
ਕੋਮੈਕਸ ‘ਤੇ ਡਾਲਰਾਂ ਵਿੱਚ ਦਿਖਾਈ ਗਈ ਕੀਮਤ ਭਾਰਤ ਵਿੱਚ ਗਹਿਣਿਆਂ ਦੀ ਪ੍ਰਚੂਨ ਲਈ ਨਿਰਧਾਰਿਤ ਹੁੰਦੀ ਕੀਮਤ ਜਾਂ ਐੱਮਸੀਐਕਸ ‘ਤੇ ਦਿਖਾਈ ਗਈ ਕੀਮਤ ਦੇ ਬਰਾਬਰ ਨਹੀਂ ਹੈ।
ਕੋਮੈਕਸ ਅਤੇ ਫਿਊਚਰਜ਼ ਦਰਾਂ ਵਿੱਚ ਫ਼ਰਕ
ਕੋਮੈਕਸ ਇੱਕ ਬਾਜ਼ਾਰ ਹੈ, ਜਦੋਂ ਕਿ ਫਿਊਚਰਜ਼ ਰੇਟ ਉਸ ਬਾਜ਼ਾਰ ਵਿੱਚ ਦੱਸੀ ਗਈ ਕੀਮਤ ਹੈ।
ਇਸਨੂੰ ਸਬਜ਼ੀ ਮੰਡੀ ਦੀ ਉਦਾਹਰਣ ਨਾਲ ਸਮਝੋ। ਮੰਡੀ ਹੋਲਸੇਲ ਹੈ ਜਦੋਂ ਕਿ ਪ੍ਰਤੀ ਕਿਲੋਗ੍ਰਾਮ ਸਬਜ਼ੀ ਦੀ ਕੀਮਤ 30 ਰੁਪਏ ਹੈ। ਇਸੇ ਤਰ੍ਹਾਂ ਕੋਮੈਕਸ ਇੱਕ ਐਕਸਚੇਂਜ ਹੈ, ਜਦੋਂ ਕਿ “ਦਸੰਬਰ ਵਿੱਚ 4,000 ਪ੍ਰਤੀ ਔਂਸ ‘ਤੇ ਸੋਨਾ” ਇੱਕ ਫਿਊਚਰਜ਼ ਰੇਟ ਹੈ।
ਐੱਮਸੀਐਕਸ ਅਤੇ ਕੋਮੈਕਸ ਵਿੱਚ ਕੀ ਅੰਤਰ ਹੈ?
Getty Images
ਐੱਮਸੀਐਕਸ ਅਤੇ ਕੋਮੈਕਸ ਦੋਵੇਂ ਬਾਜ਼ਾਰ ਹਨ ਜਿੱਥੇ ਸੋਨਾ ਅਤੇ ਚਾਂਦੀ ਵਰਗੀਆਂ ਵਸਤੂਆਂ ਦਾ ਵਪਾਰ ਹੁੰਦਾ ਹੈ। ਉਹਨਾਂ ਵਿਚਕਾਰ ਸਭ ਤੋਂ ਸਰਲ ਅੰਤਰ ਇਹ ਹੈ ਕਿ ਐੱਮਸੀਐਕਸ ਭਾਰਤ ਵਿੱਚ ਸਥਿਤ ਹੈ ਅਤੇ ਇਹਨਾਂ ਧਾਤਾਂ ਦੀ ਕੀਮਤ ਰੁਪਏ ਵਿੱਚ ਨਿਰਧਾਰਿਤ ਕਰਦਾ ਹੈ, ਜਦੋਂ ਕਿ ਕੋਮੈਕਸ ਅਮਰੀਕਾ ਵਿੱਚ ਸਥਿਤ ਹੈ ਅਤੇ ਇਹਨਾਂ ਦੀ ਕੀਮਤ ਡਾਲਰਾਂ ਵਿੱਚ ਰੱਖਦਾ ਹੈ। ਦੋਵੇਂ ਫਿਊਚਰਜ਼ ਕੰਟਰੈਕਟਸ ‘ਤੇ ਵਪਾਰ ਕਰਦੇ ਹਨ।
ਮੰਨ ਲਓ ਤੁਸੀਂ ਇਹ ਦੋ ਕਾਲਪਨਿਕ ਖ਼ਬਰਾਂ ਦੇਖਦੇ ਹੋ, ਕੋਮੈਕਸ ‘ਤੇ ਸੋਨਾ 4,000 ਡਾਲਰ ਪ੍ਰਤੀ ਔਂਸ ‘ਤੇ ਹੈ ਅਤੇ ਐੱਮਸੀਐਕਸ ‘ਤੇ ਸੋਨਾ 120,000 ਰੁਪਏ ਪ੍ਰਤੀ 10 ਗ੍ਰਾਮ ‘ਤੇ ਹੈ। ਇਹ ਦੋ ਵੱਖ-ਵੱਖ ਬਾਜ਼ਾਰਾਂ ਵਿੱਚ ਸੋਨੇ ਦੀਆਂ ਕੀਮਤਾਂ ਹਨ, ਜੋ ਵੱਖ-ਵੱਖ ਮੁਦਰਾ ਅਤੇ ਭਾਰ ਇਕਾਈਆਂ ਵਿੱਚ ਦਰਸਾਈਆਂ ਗਈਆਂ ਹਨ।
ਤੁਸੀਂ ਇਨ੍ਹਾਂ ਦੋਨਾਂ ਅੰਕੜਿਆਂ ਦੀ ਸਿੱਧੀ ਤੁਲਨਾ ਨਹੀਂ ਕਰ ਸਕਦੇ। ਇਸਨੂੰ ਪੈਟਰੋਲ ਦੀ ਕੀਮਤ ਪ੍ਰਤੀ ਗੈਲਨ ਡਾਲਰ ਵਿੱਚ ਪ੍ਰਤੀ ਲੀਟਰ ਰੁਪਏ ਵਿੱਚ ਕੀਮਤ ਨਾਲ ਤੁਲਨਾ ਕਰਨ ਵਾਂਗ ਸੋਚੋ। ਇਸ ਤੋਂ ਇਲਾਵਾ ਫਿਊਚਰਜ਼ ਕੀਮਤਾਂ ਦੀ ਤੁਲਨਾ ਕਰਦੇ ਸਮੇਂ ਇਹ ਵਿਚਾਰ ਕਰਨਾ ਅਹਿਮ ਹੈ ਕਿ ਕੀ ਦੋਵਾਂ ਕੰਟਰੈਕਟਸ ਡਿਲੀਵਰੀ ਮਹੀਨਾ ਇੱਕੋ ਹੀ ਹੈ ਜਾਂ ਨਹੀਂ।
ਕੀ ਐੱਮਸੀਐਕਸ, ਕੋਮੈਕਸ ਮੁਤਾਬਕ ਚਲਦਾ?
ਦੋਵੇਂ ਬਾਜ਼ਾਰ ਆਪਸ ਵਿੱਚ ਜੁੜੇ ਹੋਏ ਹਨ, ਪਰ ਕੀਮਤਾਂ ਵਿੱਚ ਉਤਰਾਅ-ਚੜ੍ਹਾਅ ਇੱਕੋ ਦਰ ਉੱਤੇ ਹੋਣ ਇਹ ਜ਼ਰੂਰੀ ਨਹੀਂ ਹੈ। ਭਾਰਤ ਵਿੱਚ ਸੋਨੇ ਦੀਆਂ ਕੀਮਤਾਂ ਕੌਮਾਂਤਰੀ ਬਾਜ਼ਾਰ ਦੀਆਂ ਕੀਮਤਾਂ ਦੇ ਨਾਲ-ਨਾਲ ਰੁਪਏ-ਡਾਲਰ ਐਕਸਚੇਂਜ ਦਰ ਅਤੇ ਹੋਰ ਘਰੇਲੂ ਬਾਜ਼ਾਰ ਕਾਰਕਾਂ ‘ਤੇ ਨਿਰਭਰ ਕਰਦੀਆਂ ਹਨ। ਜੇਕਰ ਕੌਮਾਂਤਰੀ ਸੋਨੇ ਦੀ ਕੀਮਤ ਵਧਦੀ ਹੈ ਤਾਂ ਇਹ ਆਮ ਤੌਰ ‘ਤੇ ਐੱਮਸੀਐਕਸ ਸੋਨੇ ਦੀ ਕੀਮਤ ‘ਤੇ ਉੱਪਰ ਵੱਲ ਦਬਾਅ ਪਾਏਗੀ।
ਜੇਕਰ ਕੌਮਾਂਤਰੀ ਬਾਜ਼ਾਰ ਵਿੱਚ ਸੋਨੇ ਦੀ ਕੀਮਤ ਸਥਿਰ ਰਹਿੰਦੀ ਹੈ, ਪਰ ਡਾਲਰ ਦੇ ਮੁਕਾਬਲੇ ਰੁਪਿਆ ਕਮਜ਼ੋਰ ਹੁੰਦਾ ਹੈ, ਤਾਂ ਰੁਪਏ ਦੇ ਹਿਸਾਬ ਨਾਲ ਸੋਨਾ ਮਹਿੰਗਾ ਹੋ ਜਾਵੇਗਾ।
ਕੋਮੈਕਸ ਤੁਹਾਨੂੰ ਕੌਮਾਂਤਰੀ ਸੋਨੇ ਦੀ ਕੀਮਤ ਦਿੰਦਾ ਹੈ, ਜਦੋਂ ਕਿ ਐੱਮਸੀਐਕਸ ਤੁਹਾਨੂੰ ਭਾਰਤੀ ਫਿਊਚਰਜ਼ ਬਾਜ਼ਾਰ ਵਿੱਚ ਕੀਮਤ ਦਿੰਦਾ ਹੈ। ਇਹਨਾਂ ਵਿੱਚੋਂ ਕੋਈ ਵੀ ਕੀਮਤ ਗਹਿਣਿਆਂ ਦੁਆਰਾ ਗਾਹਕਾਂ ਨੂੰ ਸਾਹਮਣੇ ਰੱਖੀ ਗਈ ਅੰਤਿਮ ਕੀਮਤ ਵਰਗੀ ਨਹੀਂ ਹੁੰਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




