Home rss national punjabi2ਰਾਸ਼ਟਰੀ ਖ਼ਬਰਾਂ ‘ਨਿਊਜ਼, ਸਪੇਸ ਰਾਣੀ, ਹੇ ਰਾਮ ਤੇ ਭਗਤ ਪ੍ਰਹਿਲਾਦ’ ਨੇ ਪਾਸ ਕੀਤੀ ਪੁਲਿਸ...

‘ਨਿਊਜ਼, ਸਪੇਸ ਰਾਣੀ, ਹੇ ਰਾਮ ਤੇ ਭਗਤ ਪ੍ਰਹਿਲਾਦ’ ਨੇ ਪਾਸ ਕੀਤੀ ਪੁਲਿਸ ਪ੍ਰੀਖਿਆ, ਪਰ ਇਸ ਨੂੰ ਲੈ ਕੇ ਵਿਵਾਦ ਕਿਉਂ ਹੋਇਆ ਤੇ ਬਹਿਸ ਕੀ ਛਿੜੀ

5
0

Source :- BBC PUNJABI

ਪ੍ਰੀਖਿਆ

ਤਸਵੀਰ ਸਰੋਤ, Ravi S Sahani/The The India Today Group via Getty Images

ਜੇ ਕੋਈ ਤੁਹਾਨੂੰ ਕਹੇ ਕਿ ਨਿਊਜ਼ ਨੇ ਸਬ-ਇੰਸਪੈਕਟਰ ਦੀ ਪ੍ਰੀਖਿਆ ਪਾਸ ਕਰ ਲਈ ਹੈ, ਤਾਂ ਸ਼ਾਇਦ ਤੁਹਾਡਾ ਪਹਿਲਾ ਸਵਾਲ ਹੋਵੇਗਾ- ਕਿਹੜੀ ਨਿਊਜ਼?

ਮੰਗਲਵਾਰ ਨੂੰ ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ਯਾਨੀ ਪੀਐੱਸਸੀ ਵੱਲੋਂ ਜਾਰੀ ਸਬ-ਇੰਸਪੈਕਟਰ, ਸੂਬੇਦਾਰ ਅਤੇ ਪਲਾਟੂਨ ਕਮਾਂਡਰ ਭਰਤੀ ਦੀ ਮੁੱਢਲੀ ਪ੍ਰੀਖਿਆ ਦਾ ਨਤੀਜਾ ਆਉਣ ਤੋਂ ਬਾਅਦ ਕੁਝ ਅਜਿਹਾ ਹੀ ਹੋਇਆ।

ਹਜ਼ਾਰਾਂ ਉਮੀਦਵਾਰ ਆਪਣੇ ਰੋਲ ਨੰਬਰ ਲੱਭ ਰਹੇ ਸਨ, ਪਰ ਸੋਸ਼ਲ ਮੀਡੀਆ ਦੀ ਨਜ਼ਰ ਇੱਕ ਅਜਿਹੇ ਨਾਮ ‘ਤੇ ਜਾ ਟਿਕੀ, ਜਿਸ ਨੇ ਦੇਖਦੇ ਹੀ ਦੇਖਦੇ ਪੂਰੇ ਪ੍ਰੀਖਿਆ ਨਤੀਜੇ ‘ਤੇ ਕਬਜ਼ਾ ਕਰ ਲਿਆ ਅਤੇ ਉਹ ਨਾਮ ਸੀ- ਨਿਊਜ਼।

ਕੁਝ ਲੋਕਾਂ ਨੂੰ ਲੱਗਾ ਕਿ ਇਹ ਟਾਈਪਿੰਗ ਦੀ ਗਲਤੀ ਹੋ ਸਕਦੀ ਹੈ, ਜਦਕਿ ਕੁਝ ਲੋਕਾਂ ਨੇ ਇਸ ਨੂੰ ਕਿਸੇ ਦੀ ਸ਼ਰਾਰਤ ਦੱਸਿਆ। ਪਰ ਅਜਿਹੇ ਲੋਕਾਂ ਦੀ ਗਿਣਤੀ ਜ਼ਿਆਦਾ ਸੀ, ਜਿਨ੍ਹਾਂ ਨੇ ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ਦੀ ਭਰਤੀ ਪ੍ਰਕਿਰਿਆ ਦੀ ਭਰੋਸੇਯੋਗਤਾ ‘ਤੇ ਹੀ ਸਵਾਲ ਖੜ੍ਹੇ ਕਰ ਦਿੱਤੇ।

ਪਰ ਕਹਾਣੀ ਇੱਥੇ ਹੀ ਖ਼ਤਮ ਨਹੀਂ ਹੋਈ। ਜਿਵੇਂ-ਜਿਵੇਂ ਲੋਕਾਂ ਨੇ ਪੂਰੀ ਨਤੀਜਾ ਸੂਚੀ ਫਰੋਲ਼ੀ, ਸਫਲ ਉਮੀਦਵਾਰਾਂ ਵਿੱਚ ਸਪੇਸ ਰਾਣੀ, ਹੇ ਰਾਮ, ਭਗਤ ਪ੍ਰਹਿਲਾਦ ਅਤੇ ਮਨਬਸ ਵਰਗੇ ਨਾਮ ਵੀ ਸਾਹਮਣੇ ਆਏ।

ਫਿਰ ਕੀ ਸੀ, ਸੋਸ਼ਲ ਮੀਡੀਆ ‘ਤੇ ਸਕ੍ਰੀਨਸ਼ਾਟਾਂ ਦਾ ਜਿਵੇਂ ਹੜ੍ਹ ਆ ਗਿਆ ਅਤੇ ਦੇਖਦੇ ਹੀ ਦੇਖਦੇ ਇੱਕ ਭਰਤੀ ਪ੍ਰੀਖਿਆ ਦਾ ਨਤੀਜਾ ਸੂਬੇ ਦੀ ਸਭ ਤੋਂ ਚਰਚਿਤ ਖ਼ਬਰ ਬਣ ਗਿਆ।

ਇਸ ਤੋਂ ਬਾਅਦ ਵੀਰਵਾਰ ਨੂੰ ਸੂਬੇ ਦੇ ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੀ ਇਸ ਮੁੱਦੇ ‘ਤੇ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ।

ਅੰਤ ਵਿੱਚ ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ਨੂੰ ਆਪਣੀ ਤਰਫ਼ੋਂ ਸਫ਼ਾਈ ਜਾਰੀ ਕਰਨੀ ਪਈ ਕਿ ਇਹ ਨਾਮ ਕਿਸੇ ਤਕਨੀਕੀ ਗੜਬੜ ਜਾਂ ਕਮਿਸ਼ਨ ਵੱਲੋਂ ਕੀਤੀ ਗਈ ਕਿਸੇ ਗਲਤ ਐਂਟਰੀ ਦਾ ਨਤੀਜਾ ਨਹੀਂ ਹਨ।

ਆਨਲਾਈਨ ਅਰਜ਼ੀ ਭਰਦੇ ਸਮੇਂ ਉਮੀਦਵਾਰ ਆਪਣਾ ਨਾਮ ਖ਼ੁਦ ਦਰਜ ਕਰਦੇ ਹਨ। ਨਤੀਜਾ ਸੂਚੀ ਵਿੱਚ ਉਹੀ ਨਾਮ ਪ੍ਰਕਾਸ਼ਿਤ ਕੀਤੇ ਗਏ ਹਨ, ਜੋ ਅਰਜ਼ੀ ਪੱਤਰ ਵਿੱਚ ਦਰਜ ਕੀਤੇ ਗਏ ਸਨ।

ਸ਼ਾਮ ਹੁੰਦੇ-ਹੁੰਦੇ ਇਨ੍ਹਾਂ ਨਾਮਾਂ ਵਾਲੇ ਪ੍ਰੀਖਿਆਰਥੀਆਂ ਨੇ ਵੀ ਸਫ਼ਾਈ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਦੇ ਇਹੀ ਨਾਮ ਹਨ, ਜੋ ਸਕੂਲ ਤੋਂ ਲੈਕੇ ਆਧਾਰ ਕਾਰਡ ਅਤੇ ਹੁਣ ਪ੍ਰਤੀਯੋਗੀ ਪ੍ਰੀਖਿਆ ਵਿੱਚ ਵਰਤੇ ਜਾਂਦੇ ਹਨ।

ਪਿਛਲੇ ਮਹੀਨੇ ਹੋਈ ਸੀ ਪ੍ਰੀਖਿਆ

ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ

ਤਸਵੀਰ ਸਰੋਤ, Alok Putul

ਜਿਸ ਭਰਤੀ ਨੂੰ ਲੈ ਕੇ ਇੰਨਾ ਵਿਵਾਦ ਹੋਇਆ, ਉਹ ਦਰਅਸਲ ਛੱਤੀਸਗੜ੍ਹ ਪੁਲਿਸ ਵਿਭਾਗ ਦੀਆਂ ਸਭ ਤੋਂ ਮਹੱਤਵਪੂਰਨ ਭਰਤੀਆਂ ਵਿੱਚੋਂ ਇੱਕ ਹੈ।

ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ਨੇ ਸੂਬੇਦਾਰ, ਸਬ-ਇੰਸਪੈਕਟਰ ਅਤੇ ਪਲਾਟੂਨ ਕਮਾਂਡਰ ਦੇ 341 ਅਹੁਦਿਆਂ ‘ਤੇ ਭਰਤੀ ਲਈ ਇਹ ਪ੍ਰੀਖਿਆ ਕਰਵਾਈ ਸੀ। ਮੁੱਢਲੀ ਪ੍ਰੀਖਿਆ 12 ਜੁਲਾਈ 2026 ਨੂੰ ਸੂਬੇ ਦੇ ਸਾਰੇ 33 ਜ਼ਿਲ੍ਹਿਆਂ ਵਿੱਚ ਬਣਾਏ ਗਏ 183 ਪ੍ਰੀਖਿਆ ਕੇਂਦਰਾਂ ‘ਤੇ ਕਰਵਾਈ ਗਈ ਸੀ।

ਇਸ ਪ੍ਰੀਖਿਆ ਵਿੱਚ ਹਜ਼ਾਰਾਂ ਉਮੀਦਵਾਰਾਂ ਨੇ ਹਿੱਸਾ ਲਿਆ। ਕਮਿਸ਼ਨ ਦੇ ਮੁਤਾਬਿਕ, 7,301 ਉਮੀਦਵਾਰ ਮੁੱਢਲੀ ਪ੍ਰੀਖਿਆ ਵਿੱਚ ਸਫਲ ਹੋਏ ਹਨ ਅਤੇ ਹੁਣ ਉਹ ਮੁੱਖ ਪ੍ਰੀਖਿਆ ਵਿੱਚ ਸ਼ਾਮਲ ਹੋਣਗੇ।

ਮੁੱਢਲੀ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਲਈ ਅਗਲਾ ਪੜਾਅ ਮੁੱਖ ਪ੍ਰੀਖਿਆ ਹੈ। ਕਮਿਸ਼ਨ ਨੇ ਸੰਕੇਤ ਦਿੱਤਾ ਹੈ ਕਿ ਮੁੱਖ ਪ੍ਰੀਖਿਆ ਅਕਤੂਬਰ ਮਹੀਨੇ ਵਿੱਚ ਕਰਵਾਈ ਜਾਵੇਗੀ।

ਮੁੱਖ ਪ੍ਰੀਖਿਆ ਵਿੱਚ ਸ਼ਾਮਲ ਹੋਣ ਲਈ ਸਫਲ ਉਮੀਦਵਾਰਾਂ ਨੂੰ ਆਨਲਾਈਨ ਅਰਜ਼ੀ ਦੇਣੀ ਪਵੇਗੀ। ਇਸ ਤੋਂ ਬਾਅਦ ਭਰਤੀ ਪ੍ਰਕਿਰਿਆ ਦੇ ਅਗਲੇ ਪੜਾਵਾਂ ਵਿੱਚ ਦਸਤਾਵੇਜ਼ਾਂ ਦੀ ਤਸਦੀਕ, ਸਰੀਰਕ ਕੁਸ਼ਲਤਾ ਟੈਸਟ (ਫਿਜ਼ੀਕਲ ਫਿਟਨੈਸ ਟੈਸਟ) ਅਤੇ ਹੋਰ ਨਿਰਧਾਰਿਤ ਪ੍ਰਕਿਰਿਆਵਾਂ ਪੂਰੀਆਂ ਕੀਤੀਆਂ ਜਾਣਗੀਆਂ।

ਸੋਸ਼ਲ ਮੀਡੀਆ ‘ਤੇ ਸ਼ੁਰੂ ਹੋਈ ਚਰਚਾ

ਮੰਗਲਵਾਰ ਨੂੰ ਜਦੋਂ ਇਸ ਮੁੱਢਲੀ ਪ੍ਰੀਖਿਆ ਦਾ ਨਤੀਜਾ ਜਾਰੀ ਕੀਤਾ ਗਿਆ ਤਾਂ ਕਈ ਅਜਿਹੇ ਨਾਮ ਸਨ, ਜਿਨ੍ਹਾਂ ਨੂੰ ਲੈਕੇ ਵਿਵਾਦ ਸ਼ੁਰੂ ਹੋ ਗਿਆ। ਸਭ ਤੋਂ ਚਰਚਿਤ ਨਾਮ ‘ਨਿਊਜ਼’ ਸੀ। ਸਫਲ ਪ੍ਰੀਖਿਆਰਥੀਆਂ ਦੀ ਸੂਚੀ ਵਿੱਚ ਇਸੇ ਤਰ੍ਹਾਂ ਦੇ ਕੁਝ ਹੋਰ ਨਾਮ ਵੀ ਸਨ।

ਹਾਲਾਂਕਿ ਛੱਤੀਸਗੜ੍ਹ ਵਿੱਚ ਮੰਤਰੀ, ਵਿਧਾਇਕ, ਕਲੈਕਟਰ, ਓਬਾਮਾ, ਕਲਿੰਟਨ, ਅਮਿਤਾਭ ਬੱਚਨ, ਹੇਮਾ ਮਾਲਿਨੀ ਵਰਗੇ ਨਾਮ ਸੁਣ ਕੇ ਕੋਈ ਹੈਰਾਨ ਨਹੀਂ ਹੁੰਦਾ।

ਪਰ ਮਾਮਲਾ ਲੋਕ ਸੇਵਾ ਕਮਿਸ਼ਨ ਦੀ ਪ੍ਰੀਖਿਆ ਨਾਲ ਜੁੜਿਆ ਹੋਇਆ ਸੀ, ਇਸ ਲਈ ਇਸ ‘ਤੇ ਵਿਵਾਦ ਸ਼ੁਰੂ ਹੋ ਗਿਆ।

ਇਸ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਇਨ੍ਹਾਂ ਨਾਮਾਂ ਦੇ ਸਕ੍ਰੀਨਸ਼ਾਟ ਸਾਂਝੇ ਕਰਨੇ ਸ਼ੁਰੂ ਕਰ ਦਿੱਤੇ।

ਕਿਸੇ ਨੇ ਲਿਖਿਆ ਕਿ ਹੁਣ ‘ਨਿਊਜ਼’ ਵੀ ਪੁਲਿਸ ਅਧਿਕਾਰੀ ਬਣਨ ਜਾ ਰਹੀ ਹੈ, ਤਾਂ ਕਿਸੇ ਨੇ ‘ਸਪੇਸ ਰਾਣੀ’ ਨੂੰ ਪੁਲਾੜ ਤੋਂ ਧਰਤੀ ‘ਤੇ ਉੱਤਰ ਕੇ ਵਰਦੀ ਪਹਿਨਣ ਲਈ ਵਧਾਈ ਦਿੱਤੀ।

ਦੇਖਦੇ ਹੀ ਦੇਖਦੇ ਮੀਮ ਬਣਨ ਲੱਗੇ ਅਤੇ ਮਾਮਲਾ ਮਜ਼ਾਕ ਤੋਂ ਅੱਗੇ ਵਧ ਕੇ ਭਰਤੀ ਪ੍ਰਕਿਰਿਆ ਦੀ ਭਰੋਸੇਯੋਗਤਾ ਤੱਕ ਪਹੁੰਚ ਗਿਆ।

ਇੰਟਰਨੈੱਟ ‘ਤੇ ਕਈ ਸੋਸ਼ਲ ਮੀਡੀਆ ਉਪਭੋਗਤਾਵਾਂ ਨੇ ਸਵਾਲ ਚੁੱਕਿਆ ਕਿ ਕੀ ਕਮਿਸ਼ਨ ਬਿਨ੍ਹਾਂ ਨਾਵਾਂ ਦੀ ਤਸਦੀਕ ਕੀਤੇ ਨਤੀਜਾ ਜਾਰੀ ਕਰ ਦਿੰਦਾ ਹੈ?

ਕੁਝ ਲੋਕਾਂ ਨੇ ਇਸ ਨੂੰ ਡੇਟਾ ਐਂਟਰੀ ਦੀ ਗਲਤੀ ਦੱਸਿਆ, ਤਾਂ ਕੁਝ ਨੇ ਪੂਰੀ ਭਰਤੀ ਪ੍ਰਕਿਰਿਆ ਦੀ ਨਿਰਪੱਖਤਾ ‘ਤੇ ਸਵਾਲ ਖੜ੍ਹੇ ਕਰ ਦਿੱਤੇ। ਵੀਰਵਾਰ ਨੂੰ ਪੂਰਾ ਦਿਨ ਸੋਸ਼ਲ ਮੀਡੀਆ ‘ਤੇ ਇਨ੍ਹਾਂ ਨਾਵਾਂ ਨੂੰ ਲੈਕੇ ਚਰਚਾ ਹੁੰਦੀ ਰਹੀ।

ਆਗੂਆਂ ਨੇ ਕੀ ਕਿਹਾ

ਭੂਪੇਸ਼ ਬਘੇਲ

ਤਸਵੀਰ ਸਰੋਤ, Santosh Kumar/Hindustan Times via Getty Images

ਸਾਬਕਾ ਮੁੱਖ ਮੰਤਰੀ ਭੂਪੇਸ਼ ਬਘੇਲ ਨੇ ਵੀ ਸੂਬੇ ਦੀ ਭਾਜਪਾ ਸਰਕਾਰ ਅਤੇ ਮੁੱਖ ਮੰਤਰੀ ਵਿਸ਼ਣੁਦੇਵ ਸਾਏ ‘ਤੇ ਤੰਜ ਕੱਸਦੇ ਹੋਏ ਐਕਸ ‘ਤੇ ਲਿਖਿਆ- “ਨਿਊਜ਼ ਅਤੇ ਸਪੇਸ ਰਾਣੀ ਨੂੰ ਸੀਜੀਪੀਐੱਸਸੀ ਵੱਲੋਂ ਕਰਵਾਈ ਗਈ ਸਬ-ਇੰਸਪੈਕਟਰ ਪ੍ਰੀ-ਐਗਜ਼ਾਮ ਵਿੱਚ ਸਫਲਤਾ ਮਿਲੀ ਹੈ। ਦੋਵਾਂ ਨੂੰ ਵਧਾਈ। ਸਨੀ ਲਿਓਨੀ ਨੂੰ ਮਹਤਾਰੀ ਵੰਦਨ ਯੋਜਨਾ ਦਾ ਲਾਭ ਮਿਲਣ ਤੋਂ ਬਾਅਦ ਇਹ ਵਿਸ਼ਣੁਦੇਵ ਜੀ ਦੀ ਬੇਮਿਸਾਲ ਪ੍ਰਾਪਤੀ ਹੈ। ਇੱਕ ਕਰੋੜ ਰੁਪਏ ਦੇ ਰੋਜ਼ਾਨਾ ਇਸ਼ਤਿਹਾਰ ਦੇਕੇ ਜਨਸੰਪਰਕ ਵਿਭਾਗ ਨੂੰ ਚੌਰਾਹਿਆਂ ‘ਤੇ ਇਸ ਪ੍ਰਾਪਤੀ ਨੂੰ ਟੰਗਣਾ ਚਾਹੀਦਾ ਹੈ, ਤਾਂ ਜੋ ਆਉਣ ਵਾਲੇ ਦਿਨਾਂ ਵਿੱਚ ਰੇਡੀਓ ਅਤੇ ਸਪੇਸ ਰਾਜਾ ਵੀ ਕਿਸੇ ਪ੍ਰੀਖਿਆ ਵਿੱਚ ਸਫਲ ਹੋ ਸਕਣ।”

ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਦੀਪਕ ਬੈਜ ਅਤੇ ਬੁਲਾਰੇ ਸੁਸ਼ੀਲ ਆਨੰਦ ਸ਼ੁਕਲਾ ਨੇ ਪੂਰੇ ਮਾਮਲੇ ਦੀ ਨਿਰਪੱਖ ਜਾਂਚ ਕਰਵਾਉਣ ਦੀ ਮੰਗ ਕੀਤੀ।

ਉਨ੍ਹਾਂ ਦਾ ਕਹਿਣਾ ਸੀ ਕਿ ਚੋਣ ਸੂਚੀ ਵਿੱਚ ਸਾਹਮਣੇ ਆਏ ਨਾਵਾਂ ਨੇ ਲੋਕਾਂ ਦੇ ਮਨ ਵਿੱਚ ਸ਼ੱਕ ਪੈਦਾ ਕੀਤਾ ਹੈ।

ਅਜਿਹੇ ਵਿੱਚ ਕਮਿਸ਼ਨ ਨੂੰ ਪੂਰੀ ਪ੍ਰਕਿਰਿਆ ਸਪੱਸ਼ਟ ਕਰਨੀ ਚਾਹੀਦੀ ਹੈ, ਤਾਂ ਜੋ ਭਰਤੀ ਦੀ ਪਾਰਦਰਸ਼ਤਾ ‘ਤੇ ਕਿਸੇ ਤਰ੍ਹਾਂ ਦਾ ਸਵਾਲ ਨਾ ਉੱਠੇ।

ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਬੁਲਾਰੇ ਉੱਜਵਲ ਦੀਪਕ ਨੇ ਵੀ ਸੋਸ਼ਲ ਮੀਡੀਆ ‘ਤੇ ਪੋਸਟ ਲਿਖ ਕੇ ਇਨ੍ਹਾਂ ਨਾਵਾਂ ਨੂੰ ਲੈ ਕੇ ਸਵਾਲ ਚੁੱਕੇ।

ਉੱਜਵਲ ਦੀਪਕ ਨੇ ਛੱਤੀਸਗੜ੍ਹ ਪੀਐੱਸਸੀ ਨੂੰ ਟੈਗ ਕਰਦੇ ਹੋਏ ਐਕਸ ‘ਤੇ ਲਿਖਿਆ- “ਸੂਬੇਦਾਰ/ਸਬ-ਇੰਸਪੈਕਟਰ ਕਾਡਰ/ਪਲਾਟੂਨ ਕਮਾਂਡਰ ਪ੍ਰੀਖਿਆ-2024 ਦੀ ਮੁੱਢਲੀ ਲਿਖਤੀ ਪ੍ਰੀਖਿਆ ਦੇ ਨਤੀਜੇ ਵਿੱਚ ਉਮੀਦਵਾਰਾਂ ਨੇ ਕੁਝ ਸਵਾਲ ਖੜ੍ਹੇ ਕੀਤੇ ਹਨ। 2 ਸਫਲ ਉਮੀਦਵਾਰਾਂ ਦੇ ਨਾਮ ‘ਸਪੇਸ ਰਾਣੀ’ (ਰੋਲ ਨੰਬਰ-467) ਅਤੇ ਨਿਊਜ਼ (ਰੋਲ ਨੰਬਰ-6074) ਲਿਖੇ ਗਏ ਹਨ। ਤੁਹਾਡੇ ਤੋਂ ਉਮੀਦ ਹੈ ਕਿ ਅੱਜ ਹੀ ਸੋਸ਼ਲ ਮੀਡੀਆ/ਪ੍ਰੈਸ ਬਿਆਨ ਰਾਹੀਂ ਇਨ੍ਹਾਂ ਸਵਾਲਾਂ ਦਾ ਨਿਪਟਾਰਾ/ਹੱਲ ਕਰੋ। ਜੇਕਰ ਕੋਈ ਟਾਈਪਿੰਗ ਦੀ ਗਲਤੀ ਹੈ ਤਾਂ ਵੀ ਉਮੀਦਵਾਰਾਂ ਨੂੰ ਇਸ ਦੀ ਲਾਜ਼ਮੀ ਤੌਰ ‘ਤੇ ਜਾਣਕਾਰੀ ਹੋਣੀ ਚਾਹੀਦੀ ਹੈ।”

ਕਮਿਸ਼ਨ ਨੇ ਕੀ ਕਿਹਾ

ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ

ਤਸਵੀਰ ਸਰੋਤ, CGPSC

ਜਿਵੇਂ-ਜਿਵੇਂ ਵਿਵਾਦ ਵਧਦਾ ਗਿਆ, ਛੱਤੀਸਗੜ੍ਹ ਲੋਕ ਸੇਵਾ ਕਮਿਸ਼ਨ ‘ਤੇ ਵੀ ਜਵਾਬ ਦੇਣ ਦਾ ਦਬਾਅ ਵਧਣ ਲੱਗਾ। ਆਖ਼ਿਰਕਾਰ ਕਮਿਸ਼ਨ ਨੇ ਪ੍ਰੈੱਸ ਬਿਆਨ ਜਾਰੀ ਕਰਕੇ ਸੋਸ਼ਲ ਮੀਡੀਆ ‘ਤੇ ਚੱਲ ਰਹੀਆਂ ਚਰਚਾਵਾਂ ਨੂੰ ਗੁੰਮਰਾਹਕੁੰਨ ਦੱਸਿਆ।

ਕਮਿਸ਼ਨ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ- “ਕਮਿਸ਼ਨ ਵੱਲੋਂ ਜਾਰੀ ਕੀਤੇ ਪ੍ਰੀਖਿਆ ਨਤੀਜਿਆਂ ਵਿੱਚ ਦਰਸਾਏ ਗਏ ਉਮੀਦਵਾਰਾਂ ਦੇ ਨਾਮ ਉਹੀ ਹਨ, ਜੋ ਸਬੰਧਿਤ ਉਮੀਦਵਾਰਾਂ ਵੱਲੋਂ ਆਪਣੇ ਆਨਲਾਈਨ ਅਰਜ਼ੀ ਪੱਤਰ ਵਿੱਚ ਦਰਜ ਕਰਕੇ ਅੰਤਿਮ ਰੂਪ ਵਿੱਚ ਸਬਮਿਟ ਕੀਤੇ ਗਏ ਸਨ।”

”ਉਕਤ ਨਾਮ ਨਾਲ ਹੀ ਉਮੀਦਵਾਰ ਦਸਤਾਵੇਜ਼ ਅਤੇ ਫਿਜ਼ੀਕਲ ਟੈਸਟ ਅਤੇ ਮੁੱਢਲੀ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ ਅਤੇ ਉਨ੍ਹਾਂ ਦੇ ਦਾਖ਼ਲਾ ਪੱਤਰ ਵਿੱਚ ਵੀ ਉਨ੍ਹਾਂ ਦੇ ਨਾਮ ਉਸੇ ਤਰ੍ਹਾਂ ਦਿੱਤੇ ਗਏ ਸਨ।”

ਨਿਊਜ਼ ਨੇ ਕਿਹਾ- ਸਰਟੀਫਿਕੇਟ ਭੇਜ ਦਿੱਤੇ ਹਨ

ਵੀਰਵਾਰ ਨੂੰ ਸਾਰਾ ਦਿਨ ਜਿਸ ਮੁੱਦੇ ਨੂੰ ਸੋਸ਼ਲ ਮੀਡੀਆ ‘ਤੇ ਫਰਜ਼ੀ ਨਾਵਾਂ ਦਾ ਮਾਮਲਾ ਦੱਸ ਕੇ ਪੇਸ਼ ਕੀਤਾ ਜਾ ਰਿਹਾ ਸੀ, ਰਾਤ ਤੱਕ ਉਸ ਬਾਰੇ ਤਸਵੀਰ ਕਾਫ਼ੀ ਹੱਦ ਤੱਕ ਸਾਫ਼ ਹੋ ਗਈ।

ਰਾਏਗੜ੍ਹ ਦੇ ਰਹਿਣ ਵਾਲੇ 28 ਸਾਲਾ ਨਿਊਜ਼ ਨੇ ਦੱਸਿਆ ਕਿ ਸਕੂਲ ਅਤੇ ਕਾਲਜ ਤੋਂ ਲੈਕੇ ਸਾਰੇ ਸਰਕਾਰੀ ਦਸਤਾਵੇਜ਼ਾਂ ਵਿੱਚ ਉਨ੍ਹਾਂ ਦਾ ਪੂਰਾ ਨਾਮ ਇਹੀ ਦਰਜ ਹੈ। ਇਸ ਤੋਂ ਪਹਿਲਾਂ ਲੈਬਾਰਟਰੀ ਅਟੈਂਡੈਂਟ ਦੀ ਪ੍ਰੀਖਿਆ ਵਿੱਚ ਵੀ ਉਨ੍ਹਾਂ ਨੇ 150ਵਾਂ ਰੈਂਕ ਹਾਸਿਲ ਕੀਤਾ ਸੀ।

ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਵਿੱਚ ਕਿਹਾ, “ਮੈਂ ਇਨ੍ਹਾਂ ਵਿਵਾਦਾਂ ਵਿੱਚ ਬਿਲਕੁਲ ਨਹੀਂ ਉਲਝਣਾ ਚਾਹੁੰਦਾ। ਮੇਰਾ ਪੂਰਾ ਧਿਆਨ ਆਪਣੀ ਮੁੱਖ ਪ੍ਰੀਖਿਆ ‘ਤੇ ਹੈ। ਮੇਰੀ ਚੋਣ ਹੋ ਜਾਵੇਗੀ ਤਾਂ ਸਾਰਿਆਂ ਨੂੰ ਖ਼ੁਦ ਹੀ ਜਵਾਬ ਮਿਲ ਜਾਵੇਗਾ।”

ਇਸੇ ਤਰ੍ਹਾਂ ਬਿਲਾਸਪੁਰ ਦੀ ਰਹਿਣ ਵਾਲੀ 27 ਸਾਲਾ ਸਪੇਸ ਰਾਣੀ ਨੇ ਕਿਹਾ ਕਿ ਕੱਲ੍ਹ ਤੋਂ ਹੀ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਲੱਗਿਆ ਕਿ ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਨਾਮ ਨੂੰ ਲੈਕੇ ਬਹਿਸ ਹੋ ਰਹੀ ਹੈ।

ਸਪੇਸ ਰਾਣੀ ਨੇ ਕਿਹਾ, “ਅੱਜ ਸਵੇਰੇ ਰਾਜ ਲੋਕ ਸੇਵਾ ਕਮਿਸ਼ਨ ਦੇ ਦਫ਼ਤਰ ਤੋਂ ਵੀ ਫੋਨ ਆਇਆ ਸੀ ਅਤੇ ਉਨ੍ਹਾਂ ਨੇ ਤਸਦੀਕ ਲਈ ਦਸਵੀਂ, ਬਾਰ੍ਹਵੀਂ ਅਤੇ ਆਧਾਰ ਕਾਰਡ ਦੀ ਕਾਪੀ ਮੰਗੀ ਸੀ। ਮੈਂ ਉਨ੍ਹਾਂ ਨੂੰ ਇਹ ਸਭ ਭੇਜ ਦਿੱਤਾ ਹੈ।”

ਹੇ ਰਾਮ - ਪੀਐੱਸਸੀ ਪ੍ਰੀਖਿਆਰਥੀ

ਸੋਸ਼ਲ ਮੀਡੀਆ ‘ਤੇ ਉੱਠੇ ਵਿਵਾਦ ਤੋਂ ਬਾਅਦ ਮੁੰਗੇਲੀ ਜ਼ਿਲ੍ਹੇ ਦੇ ਦੇਵਰਹਟ ਦੇ ਰਹਿਣ ਵਾਲੇ ਇੱਕ ਹੋਰ ਪ੍ਰੀਖਿਆਰਥੀ 27 ਸਾਲਾ ਹੇ ਰਾਮ ਨੂੰ ਤਾਂ ਆਪਣੀ ਸਫ਼ਾਈ ਵਿੱਚ ਵੀਡੀਓ ਜਾਰੀ ਕਰਨਾ ਪਿਆ।

ਉਨ੍ਹਾਂ ਨੇ ਆਪਣੇ ਬਿਆਨ ਵਿੱਚ ਕਿਹਾ, “ਮੇਰਾ ਸਿਲੈਕਸ਼ਨ ਸੀਜੀਪੀਐੱਸਸੀ ਵੱਲੋਂ ਕਰਵਾਈ ਗਈ ਐੱਸਆਈ ਦੇ ਮੇਨਜ਼ ਲਈ ਹੋਇਆ ਹੈ। ਇਸ ਵਿੱਚ ਮੇਰੇ ਨਾਮ ਨੂੰ ਲੈਕੇ ਕੁਝ ਇਤਰਾਜ਼ ਹੋ ਰਿਹਾ ਹੈ ਕਿ ਮੇਰਾ ਨਾਮ ਹੇ ਰਾਮ ਹੈ ਕਿ ਨਹੀਂ। ਇਸ ਲਈ ਮੈਂ ਆਪਣਾ ਆਈਡੀ ਕਾਰਡ ਅਤੇ ਰਿਜ਼ਲਟ ਪੀਐੱਸਸੀ ਦੀ ਸਾਈਟ ‘ਤੇ ਮੇਲ ਕਰ ਦਿੱਤਾ ਹੈ।”

ਸਮਾਜਿਕ ਕਾਰਕੁਨ ਅਤੇ ਸਿੱਖਿਆ ਸ਼ਾਸਤਰੀ ਬ੍ਰਜੇਂਦਰ ਸ਼ੁਕਲਾ ਦਾ ਕਹਿਣਾ ਹੈ ਕਿ ਕੋਈ ਵਿਅਕਤੀ ਕੀ ਨਾਮ ਰੱਖਦਾ ਹੈ, ਇਹ ਬਹਿਸ ਦਾ ਵਿਸ਼ਾ ਨਹੀਂ ਹੋਣਾ ਚਾਹੀਦਾ। ਇਹ ਵਿਅਕਤੀਗਤ ਸੋਚ, ਪਸੰਦ ਅਤੇ ਚੋਣ ਦਾ ਮਾਮਲਾ ਹੈ।

ਉਨ੍ਹਾਂ ਕਿਹਾ- “ਮੈਂ ਹੈਰਾਨ ਹਾਂ ਕਿ ਅੱਜ ਕਿਸੇ ਦਾ ਨਾਮ ਹੀ ਲੋਕਾਂ ਵਿਚਕਾਰ ਬਹਿਸ ਦਾ ਵਿਸ਼ਾ ਬਣ ਗਿਆ ਹੈ। ਕੋਈ ਵਿਅਕਤੀ ਆਪਣਾ ਜਾਂ ਆਪਣੇ ਪੁੱਤਰ-ਧੀ ਦਾ ਕੀ ਨਾਮ ਰੱਖਦਾ ਹੈ, ਇਹ ਉਸ ਦਾ ਨਿੱਜੀ ਫ਼ੈਸਲਾ ਹੈ। ਕਿਸੇ ਨਾਮ ਦੇ ਮਹਿਜ਼ ਅਸਾਧਾਰਨ ਜਾਂ ਵੱਖਰਾ ਹੋਣ ਨਾਲ ਉਸ ਨੂੰ ਸ਼ੱਕ ਜਾਂ ਵਿਵਾਦ ਦੀ ਨਜ਼ਰ ਨਾਲ ਦੇਖਣਾ ਠੀਕ ਨਹੀਂ ਹੈ। ਅਸਲ ਸਵਾਲ ਵਿਅਕਤੀ ਦੀ ਪਛਾਣ ਅਤੇ ਉਸ ਦੇ ਕੰਮ ਦਾ ਹੋਣਾ ਚਾਹੀਦਾ ਹੈ, ਸਿਰਫ਼ ਉਸ ਦੇ ਨਾਮ ਦਾ ਨਹੀਂ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI