Home rss national punjabi2ਰਾਸ਼ਟਰੀ ਖ਼ਬਰਾਂ ਨੇਪਾਲ ਦੀਆਂ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਆਪਰੇਸ਼ਨ ਖ਼ਤਰਨਾਕ ਕਿਉਂ...

ਨੇਪਾਲ ਦੀਆਂ ਸੁਰੰਗਾਂ ਵਿੱਚ ਫਸੇ ਲੋਕਾਂ ਨੂੰ ਬਚਾਉਣ ਦਾ ਆਪਰੇਸ਼ਨ ਖ਼ਤਰਨਾਕ ਕਿਉਂ ਹੈ?

4
0

Source :- BBC PUNJABI

ਸੁਰੰਗ ਵਿੱਚ ਬਚਾਅ ਕਾਰਜ

ਤਸਵੀਰ ਸਰੋਤ, Nepal Army

ਨੇਪਾਲ ਵਿੱਚ ਬੀਤੇ ਬੁੱਧਵਾਰ ਨੂੰ ਅਚਾਨਕ ਆਈ ਹੜ੍ਹ ਨਾਲ ਪ੍ਰਭਾਵਿਤ 11 ਹਾਈਡ੍ਰੋਪਾਵਰ ਪ੍ਰੋਜੈਕਟਾਂ ਦੇ 900 ਤੋਂ ਵੱਧ ਕਰਮਚਾਰੀ ਲਾਪਤਾ ਹਨ।

ਹਾਲਾਂਕਿ, ਹੁਣ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਇਨ੍ਹਾਂ ਪ੍ਰੋਜੈਕਟਾਂ ਦੀਆਂ ਸੁਰੰਗਾਂ ਦੇ ਅੰਦਰ ਫਸੇ ਲੋਕਾਂ ਦੀ ਸਹੀ ਗਿਣਤੀ ਕੀ ਹੈ।

ਨੇਪਾਲੀ ਫੌਜ ਦੇ ਬੁਲਾਰੇ ਰਾਜਾਰਾਮ ਬਸਨੇਤ ਨੇ ਬੀਬੀਸੀ ਨੇਪਾਲੀ ਨੂੰ ਦੱਸਿਆ ਸੀ ਕਿ ਸੋਮਵਾਰ ਸ਼ਾਮ ਤੱਕ ਰਸੁਵਾਗੜ੍ਹੀ, ਲਾਂਗਟਾਂਗ, ਚਿਲਿਮੇ, ਅੱਪਰ ਤ੍ਰਿਸ਼ੂਲੀ 3ਏ ਅਤੇ ਅੱਪਰ ਤ੍ਰਿਸ਼ੂਲੀ 3ਬੀ ਵਿੱਚ ਰੈਸਕਿਊ ਆਪਰੇਸ਼ਨ ਚੱਲ ਰਿਹਾ ਹੈ।

ਹਾਲਾਂਕਿ ਭਾਰਤ ਅਤੇ ਚੀਨ ਦੇ ਮਾਹਰਾਂ ਦੀ ਮਦਦ ਨਾਲ ਹਾਲੇ ਬਚਾਅ ਦੀਆਂ ਕੋਸ਼ਿਸ਼ਾਂ ਇਨ੍ਹਾਂ ਹੀ ਸੁਰੰਗਾਂ ‘ਤੇ ਕੇਂਦਰਿਤ ਹਨ।

ਪਰ ਅਧਿਕਾਰੀਆਂ ਅਤੇ ਮਾਹਰਾਂ ਨੇ ਬੀਬੀਸੀ ਨੂੰ ਹਾਈਡ੍ਰੋਪਾਵਰ ਸੁਰੰਗਾਂ ਦੇ ਅੰਦਰ ਦੀਆਂ ਮੁਸ਼ਕਲਾਂ ਬਾਰੇ ਦੱਸਿਆ ਹੈ।

ਸੁਰੰਗਾਂ ਦੀ ਲੋੜ ਅਤੇ ਖ਼ਤਰਾ

ਹਾਈਡ੍ਰੋਪਾਵਰ ਪ੍ਰੋਜੈਕਟ ਵਿੱਚ ਵਰਤੀ ਜਾਣ ਵਾਲੀ ਸੁਰੰਗ ਦਾ ਮਕਸਦ ਦਰਿਆ ਤੋਂ ਪਾਣੀ ਨੂੰ ਹਾਈਡ੍ਰੋਇਲੈਕਟ੍ਰਿਕ ਪਾਵਰ ਜਨਰੇਸ਼ਨ ਸੈਂਟਰ ਤੱਕ ਪਹੁੰਚਾਉਣਾ ਹੁੰਦਾ ਹੈ। ਅਜਿਹਾ ਸੈਂਟਰ ਆਮ ਤੌਰ ‘ਤੇ ਪਹਾੜ ਦੇ ਦੂਜੇ ਪਾਸੇ ਹੁੰਦਾ ਹੈ।

‘ਰੌਕ ਐਂਡ ਟਨਲ’ ਇੰਜੀਨੀਅਰ ਬਿਪਲਵ ਘਿਮਿਰੇ ਨੇ ਬੀਬੀਸੀ ਨੇਪਾਲੀ ਨੂੰ ਦੱਸਿਆ ਕਿ ‘ਹਾਈਡ੍ਰੌਲਿਕ ਟਨਲ’ ਵਿੱਚ ਹਮੇਸ਼ਾ ਖ਼ਤਰਾ ਰਹਿੰਦਾ ਹੈ ਕਿਉਂਕਿ ਇਹ ਦਰਿਆ ਦੇ ਨੇੜੇ ਹੁੰਦੀਆਂ ਹਨ।

ਘਿਮਿਰੇ ਕਹਿੰਦੇ ਹਨ, “ਇਹ ਸੁਰੰਗਾਂ ਪਹਾੜ ਨੂੰ ਕੱਟ ਕੇ ਬਣਾਈਆਂ ਜਾਂਦੀਆਂ ਹਨ। ਇਨ੍ਹਾਂ ਦੇ ਐਂਟਰੀ ਅਤੇ ਐਗਜ਼ਿਟ ਪੁਆਇੰਟ ਦਰਿਆ ਦੇ ਬਿਲਕੁਲ ਨਾਲ ਹੁੰਦੇ ਹਨ। ਹੁਣ ਦੀ ਸਮੱਸਿਆ ਇਹ ਹੈ ਕਿ ਹੜ੍ਹ ਤੋਂ ਬਾਅਦ ਉੱਥੇ ਚਿੱਕੜ ਦਾਖ਼ਲ ਹੋ ਗਿਆ ਹੈ।”

‘ਅੱਪਰ ਤ੍ਰਿਸ਼ੂਲੀ 3ਏ’ ਨਾਲ ਜੁੜੇ ਮਕੈਨੀਕਲ ਇੰਜੀਨੀਅਰ ਖਿਤਿਜ ਕੋਇਰਾਲਾ ਨੇ ਬੀਬੀਸੀ ਨੇਪਾਲੀ ਨੂੰ ਦੱਸਿਆ ਕਿ ਅੰਦਰ ਦੀ ਅਸਲ ਸਥਿਤੀ ਦਾ ਹਾਲੇ ਵੀ ਪਤਾ ਨਹੀਂ ਹੈ, ਪਰ “ਹਾਈਡ੍ਰੋਪਾਵਰ ਟਨਲ ਦੇ ਸਟ੍ਰੱਕਚਰ ਦੀ ਖ਼ਾਸੀਅਤ ਦੇ ਆਧਾਰ ‘ਤੇ ਹਾਲੇ ਉਮੀਦ ਬਰਕਰਾਰ ਹੈ।”

ਬਚਾਅ ਕਾਰਜ

ਤਸਵੀਰ ਸਰੋਤ, Nepal Army

ਕਿੱਥੇ ਕੀ ਹੋ ਰਿਹਾ ਹੈ?

ਨੇਪਾਲੀ ਫੌਜ ਦੇ ਬੁਲਾਰੇ ਰਾਜਾਰਾਮ ਬਸਨੇਤ ਨੇ ਬੀਬੀਸੀ ਨੇਪਾਲੀ ਨੂੰ ਦੱਸਿਆ ਕਿ ਰਸੁਵਾਗੜ੍ਹੀ ਹਾਈਡ੍ਰੋਪਾਵਰ ਪ੍ਰੋਜੈਕਟ ਵਿੱਚ ਸੁਰੰਗ ਦਾ ਬੰਦ ਹਿੱਸਾ ਕਰੀਬ 250 ਮੀਟਰ ਅੰਦਰ ਜਾਣ ਤੋਂ ਬਾਅਦ ਮਿਲਿਆ, ਪਰ “ਉੱਥੇ ਹਾਲੇ ਤੱਕ ਕੋਈ ਨਹੀਂ ਮਿਲਿਆ ਹੈ।”

ਬੁਲਾਰੇ ਬਸਨੇਤ ਨੇ ਕਿਹਾ, “ਲਾਂਗਟਾਂਗ ਵਿੱਚ ਕਰੀਬ 65 ਮੀਟਰ ਅੰਦਰ ਜਾਣ ਤੋਂ ਬਾਅਦ ਵੱਡੇ ਪੱਥਰ ਮਿਲੇ ਹਨ। ਵਿਦੇਸ਼ੀ ਟੀਮਾਂ ਆਰਮੀ ਦੇ ਨਾਲ ਚਿਲਿਮੇ ਅਤੇ ਅੱਪਰ ਤ੍ਰਿਸ਼ੂਲੀ ਫੌਰੈਸਟ ਵਿੱਚ ਕੰਮ ਕਰ ਰਹੀਆਂ ਹਨ, ਜਿੱਥੇ ਹਾਲੇ ਤੱਕ ਕੋਈ ਸਫ਼ਲਤਾ ਨਹੀਂ ਮਿਲੀ ਹੈ। ਉੱਥੇ ਪੂਰੀ ਟਨਲ ਨੂੰ ਖੋਲ੍ਹਿਆ ਜਾ ਰਿਹਾ ਹੈ।”

ਆਰਮੀ ਦੇ ਬੁਲਾਰੇ ਨੇ ਦੱਸਿਆ ਕਿ ਇਸ ਤੋਂ ਇਲਾਵਾ, ਅੱਪਰ ਤ੍ਰਿਸ਼ੂਲੀ 3ਬੀ ਵਿੱਚ ਸੁਰੰਗ ਦਾ ਮੁਹਾਨਾ ਲੱਭਣ ਦਾ ਕੰਮ ਚੱਲ ਰਿਹਾ ਹੈ। ਉੱਥੇ ਹੀ 3ਏ ਪ੍ਰੋਜੈਕਟ ਦੀ ਟਨਲ ਦੇ ਅੰਦਰੋਂ ਪਾਣੀ ਪੰਪ ਰਾਹੀਂ ਕੱਢਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।

ਹਾਲਾਂਕਿ ਇਲੈਕਟ੍ਰਿਸਿਟੀ ਅਥਾਰਟੀ ਹੈਲੀਕਾਪਟਰ ਰਾਹੀਂ ਜ਼ਰੂਰੀ ਸਪਲਾਈ ਭੇਜ ਰਹੀ ਹੈ, ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਪਹਿਲਾਂ ਤੋਂ ਹੀ ਮੁਸ਼ਕਲ ਭਰੇ ਹਾਲਾਤਾਂ ਵਿੱਚ ਕੰਮ ਕਰਨਾ ਔਖਾ ਹੈ।

ਟਨਲ ਇੰਜੀਨੀਅਰ ਘਿਮਿਰੇ ਕਹਿੰਦੇ ਹਨ, “ਅਜਿਹਾ ਨਹੀਂ ਹੈ ਕਿ ਅੰਦਰ ਰਹਿਣ ਲਈ ਥਾਵਾਂ ਨਹੀਂ ਹਨ। ਪਾਵਰ ਹਾਊਸ ਕੈਬਿਨ ਹਨ। ਦਫ਼ਤਰ ਹਨ। ਗੱਲਬਾਤ ਲਈ ਵਾਕੀ-ਟਾਕੀ ਹਨ। ਪਰ ਉਸ ਸਮੇਂ ਸਬੰਧਤ ਪ੍ਰੋਜੈਕਟ ਨੇ ਜੋ ਇੰਤਜ਼ਾਮ ਕੀਤੇ ਸਨ, ਉਹ ਵੱਖਰੇ ਹੋ ਸਕਦੇ ਹਨ।”

ਅੱਪਰ ਤ੍ਰਿਸ਼ੂਲੀ 3ਏ: ਇੱਕ ਪ੍ਰੋਜੈਕਟ ਜੋ ਬਹੁਤ ਕੁਝ ਦੱਸਦਾ ਹੈ?

ਅੱਪਰ ਤ੍ਰਿਸ਼ੂਲੀ ‘3ਏ’ ਦੀ ਮੁੱਖ ਸੁਰੰਗ, ਜਿੱਥੇ ਰੈਸਕਿਊ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ ਹਨ, ਜ਼ਮੀਨ ਤੋਂ ਕਰੀਬ 15 ਮੀਟਰ ਹੇਠਾਂ ਹੈ।

ਅਧਿਕਾਰੀਆਂ ਦਾ ਕਹਿਣਾ ਹੈ ਕਿ ਪ੍ਰੋਜੈਕਟ ਦੇ ‘ਪਾਵਰਹਾਊਸ’ ਤੱਕ ਪਹੁੰਚਣ ਲਈ ਇੱਕ ਅੰਡਰਗਰਾਊਂਡ ਟਨਲ ਦੀ ਵਰਤੋਂ ਕਰਨੀ ਹੋਵੇਗੀ। ਇਸ ਦੀ ਮੁੱਖ ਸੁਰੰਗ 170 ਮੀਟਰ ਲੰਬੀ ਹੈ।

ਰੈਸਕਿਊ ਦੀ ਕੋਸ਼ਿਸ਼ ਦੀ ਸ਼ੁਰੂਆਤ ਵਿੱਚ, ਰੈਸਕਿਊ ਕਰਨ ਵਾਲਿਆਂ ਨੇ ਇੱਕ ‘ਕੇਬਲ ਟਨਲ’ ਦੀ ਪਛਾਣ ਕੀਤੀ ਸੀ, ਇਹ ਸੋਚ ਕੇ ਕਿ ਉੱਥੇ ਪਹੁੰਚਣ ਦਾ ਇਹ ਸਭ ਤੋਂ ਨੇੜਲਾ ਰਸਤਾ ਹੋਵੇਗਾ।

ਉਹ ਛੋਟੀ ਸੁਰੰਗ ਵੀ ਹੁਣ ਪੱਥਰਾਂ ਅਤੇ ਮਿੱਟੀ ਦੇ ਢੇਰ ਨਾਲ ਬਣੀ ਜ਼ਮੀਨ ਤੋਂ ਕਰੀਬ 10-11 ਮੀਟਰ ਹੇਠਾਂ ਦੱਸੀ ਜਾ ਰਹੀ ਹੈ।

ਤ੍ਰਿਸ਼ੂਲੀ 3ਏ ਪ੍ਰੋਜੈਕਟ ਦੇ ਸੈਂਟਰਲ ਆਫ਼ਿਸ ਵਿੱਚ ਕੰਮ ਕਰਨ ਵਾਲੇ ਮਕੈਨੀਕਲ ਇੰਜੀਨੀਅਰ ਖਿਤਿਜ ਕੋਇਰਾਲਾ ਨੇ ਦੱਸਿਆ, “ਰੈਸਕਿਊ ਦੀ ਕੋਸ਼ਿਸ਼ ਵਿੱਚ ਖੁਦਾਈ ਦਾ ਕੰਮ ਆਸਾਨ ਨਹੀਂ ਸੀ। ਇਸ ਲਈ, ਅਸੀਂ ਸਥਾਨਕ ਮੈਨਪਾਵਰ ਦੀ ਵਰਤੋਂ ਕੀਤੀ ਕਿਉਂਕਿ ਨੇਪਾਲ ਕੋਲ ਜੋ ਹੈਲੀਕਾਪਟਰ ਹਨ, ਉਹ ਐਕਸਕੇਵੇਟਰ ਚੁੱਕ ਕੇ ਨਹੀਂ ਲਿਆ ਸਕਦੇ। ਇੱਕ ਹੈਲੀਕਾਪਟਰ ਵੱਧ ਤੋਂ ਵੱਧ 3 ਟਨ ਹੀ ਚੁੱਕ ਸਕਦਾ ਹੈ।”

“ਧੰਨਾ ਸਾਈਡ ‘ਤੇ ਤਿੰਨ ਐਕਸਕੇਵੇਟਰ ਆ ਗਏ ਹਨ, ਜਿਨ੍ਹਾਂ ਨੂੰ ਅਸੀਂ ਟਨਲ ਦੇ ਮੁਹਾਨੇ ਤੱਕ ਪਹੁੰਚਣ ਲਈ ਤਿਆਰ ਕੀਤਾ ਹੈ। ਅਸੀਂ ਇੱਕ ਗੈਪ ਬਣਾਇਆ ਹੈ ਕਿਉਂਕਿ ‘ਐਲ’ ਸ਼ੇਪ ਵਿੱਚ ਜਾਣਾ ਬਹੁਤ ਲੰਬਾ ਰਸਤਾ ਹੋਵੇਗਾ। ਅਸੀਂ ਵਿਚਕਾਰ ਛੇਕ ਕਰਕੇ ਆਕਸੀਜਨ ਵੀ ਭੇਜੀ ਹੈ।”

ਨੇਪਾਲ ਹੜ੍ਹ

ਕੋਇਰਾਲਾ ਦਾ ਕਹਿਣਾ ਹੈ ਕਿ ਉਨ੍ਹਾਂ ਨੇ ‘ਕ੍ਰਾਊਨ’ ਨਾਮ ਦੇ ਉੱਪਰਲੇ ਹਿੱਸੇ ਨੂੰ ਬਾਰੂਦ ਨਾਲ ਉਡਾ ਦਿੱਤਾ ਹੈ, ਪਰ ਅੰਦਰ ਹਾਲੇ ਵੀ ਕੰਕਰੀਟ ਦੇ ਬੀਮ ਅਤੇ ਰਾਡ ਹਨ, ਜਿਨ੍ਹਾਂ ਨੂੰ ਤੋੜਨਾ ਇੱਕ ਚੁਣੌਤੀ ਹੈ।

ਕੋਇਰਾਲਾ ਨੇ ਕਿਹਾ, “ਅੰਦਰ ਦੇਖਣ ‘ਤੇ ਪਤਾ ਲੱਗਦਾ ਹੈ ਕਿ ਉੱਥੇ ਪਾਣੀ ਇਕੱਠਾ ਹੋ ਰਿਹਾ ਹੈ, ਜਿਸ ਨੂੰ ਪੰਪ ਕਰਕੇ ਬਾਹਰ ਕੱਢਣਾ ਹੋਵੇਗਾ।”

ਉਨ੍ਹਾਂ ਅੱਗੇ ਕਿਹਾ ਕਿ ਅੰਦਰ 35 ਤੋਂ 40 ਲੋਕ ਫਸੇ ਹੋ ਸਕਦੇ ਹਨ।

ਕੋਇਰਾਲਾ ਨੇ ਕਿਹਾ, “ਖਦਸ਼ਾ ਹੈ ਕਿ ਸਾਰੇ ਲੋਕ ਗਰਾਊਂਡ ਫਲੋਰ ‘ਤੇ ਹਨ ਕਿਉਂਕਿ ਅੰਦਰ ਮੇਨਟੇਨੈਂਸ ਦਾ ਕੰਮ ਚੱਲ ਰਿਹਾ ਹੈ। ਅਸੀਂ ਇਸ ਉਮੀਦ ਵਿੱਚ ਕੰਮ ਕਰ ਰਹੇ ਹਾਂ ਕਿ ਮਿੱਟੀ ਦਾ ਵਹਾਅ ਮੁਹਾਨੇ ਤੱਕ ਨਾ ਪਹੁੰਚਿਆ ਹੋਵੇ ਜਾਂ ਵਿਚਕਾਰ ਕਿਤੇ ਰੁਕ ਗਿਆ ਹੋਵੇ।”

ਨੇਪਾਲ ਵਿੱਚ ਸੁਰੰਗ

ਨਾਗਢੁੰਗਾ-ਕਾਠਮੰਡੂ ਟਰਾਂਸਪੋਰਟ ਟਨਲ ਚਾਲੂ ਹੈ

ਤਸਵੀਰ ਸਰੋਤ, Nagdhunga Tunnel Construction Project

ਮਾਹਰਾਂ ਦਾ ਕਹਿਣਾ ਹੈ ਕਿ ਨੇਪਾਲ ਵਿੱਚ ਅਕਸਰ ਵਿਸਫੋਟਕਾਂ ਰਾਹੀਂ ‘ਡ੍ਰਿਲ ਅਤੇ ਬਲਾਸਟ’ ਕਰਕੇ ਸੁਰੰਗਾਂ ਬਣਾਈਆਂ ਜਾਂਦੀਆਂ ਹਨ ਅਤੇ ਦੇਸ਼ ਵਿੱਚ ਹਾਈਡ੍ਰੋਪਾਵਰ ਪ੍ਰੋਜੈਕਟਾਂ ਵਿੱਚ 100 ਮੀਟਰ ਤੋਂ ਲੈ ਕੇ ਲਗਭਗ ਨੌਂ ਕਿਲੋਮੀਟਰ ਲੰਬੀਆਂ ਸੁਰੰਗਾਂ ਹਨ।

ਇਸ ਤੋਂ ਇਲਾਵਾ, ਸਨਕੋਸ਼ੀ-ਮਰੀਨ ਸਿੰਚਾਈ ਪ੍ਰੋਜੈਕਟ ਦੀ ‘ਡਾਇਵਰਜ਼ਨ’ ਸੁਰੰਗ ਲਗਭਗ 13 ਕਿਲੋਮੀਟਰ ਲੰਬੀ ਹੈ, ਜਦਕਿ ਮੇਲਮਚੀ ਡ੍ਰਿੰਕਿੰਗ ਵਾਟਰ ਪ੍ਰੋਜੈਕਟ ਦੀ ਸੁਰੰਗ 26 ਕਿਲੋਮੀਟਰ ਲੰਬੀ ਹੈ।

ਨਾਗਢੁੰਗਾ ਸੁਰੰਗ, ਜੋ ਹਾਈਵੇਅ ‘ਤੇ ਵਰਤੀ ਜਾਂਦੀ ਹੈ ਅਤੇ ਕਾਠਮੰਡੂ ਨੂੰ ਜੋੜਦੀ ਹੈ, 2.69 ਕਿਲੋਮੀਟਰ ਲੰਬੀ ਹੈ, ਜਦਕਿ ਸਿੱਧਬਾਬਾ ਸੁਰੰਗ ਲਗਭਗ 1.1 ਕਿਲੋਮੀਟਰ ਲੰਬੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI