Source :- BBC PUNJABI
ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 7 ਮਿੰਟ
ਜੁਲਾਈ 2026 ਵਿੱਚ ਨੀਟ ਪੇਪਰ ਲੀਕ ਮਾਮਲੇ ਵਿਚ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਭੁੱਖ ਹੜਤਾਲ ‘ਤੇ ਬੈਠੇ ਅਭੀਜੀਤ ਦੀਪਕੇ ਅਤੇ ਸੋਨਮ ਵਾਂਗਚੁਕ ਦੇ ਨਾਲ ਇੱਕ ਹੋਰ ਚਿਹਰੇ ਨੇ ਪੂਰੇ ਦੇਸ਼ ਦਾ ਧਿਆਨ ਖਿੱਚਿਆ।
ਇਹ ਸੀ ਨੇਹਾ ਬੋਰਾ ਜੋ ਕਾਕਰੋਚ ਜਨਤਾ ਪਾਰਟੀ ਦੇ ਇਸ ਪ੍ਰੋਟੈਸਟ ਦੇ ਸਮਰਥਨ ਵਿੱਚ ਆਪਣੇ ਕੁਝ ਸਾਥੀਆਂ ਨਾਲ ਭੁੱਖ ਹੜਤਾਲ ਕਰ ਰਹੀ ਸੀ।
ਸੀਪੀਆਈ ਐਮਐਮ (ਲਿਬਰੇਸ਼ਨ) ਦੇ ਸਟੂਡੈਂਟ ਸੰਗਠਨ ਆਲ ਇੰਡੀਆ ਸਟੂਡੈਂਟਸ ਐਸੋਸੀਏਸ਼ਨ ਦੀ ਕੌਮੀ ਪ੍ਰਧਾਨ ਨੇਹਾ ਬੋਰਾ ਇਸ ਤੋਂ ਬਾਅਦ ਫਿਰ ਚਰਚਾ ਵਿੱਚ ਉਦੋਂ ਆਈ ਜਦੋਂ ਉਹ ਝਾਰਖੰਡ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਵਿੱਚ ਕਥਿਤ ਗੜਬੜੀਆਂ ਖ਼ਿਲਾਫ਼ ਸਟੂਡੈਂਟ ਪ੍ਰੋਟੈਸਟ ਵਿੱਚ ਹਿੱਸਾ ਲੈਣ ਰਾਂਚੀ ਪਹੁੰਚੀ ਸੀ।
ਉਸ ਦੌਰਾਨ ਉਨ੍ਹਾਂ ਦੇ ਚਿਹਰੇ ‘ਤੇ ਸਿਆਹੀ ਸੁੱਟੀ ਗਈ। ਪਰ ਨੇਹਾ ਨੇ ਕਿਹਾ, “ਸਿਆਹੀ ਸੁੱਟੇ ਜਾਣ ਤੋਂ ਮੈਂ ਡਰਨ ਵਾਲੀ ਨਹੀਂ ਹਾਂ। ਦਿੱਲੀ ਦੇ ਅੰਦੋਲਨ ਦੌਰਾਨ ਪੈਲੇਟ ਗੰਨ ਅਤੇ ਲਾਠੀਚਾਰਜ ਦਾ ਵੀ ਸਾਹਮਣਾ ਕਰ ਚੁੱਕੀ ਹਾਂ।”
ਉਨ੍ਹਾਂ ਨੇ ਵਿਰੋਧੀਆਂ ਨੂੰ ਕਿਹਾ ਸੀ, “ਕੀ ਉਨ੍ਹਾਂ ਨੂੰ ਲਗਦਾ ਹੈ ਕਿ ਸਿਆਹੀ ਨਾਲ ਦੇਸ਼ ਭਰ ਦੇ ਵਿਦਿਆਰਥੀਆਂ ਅਤੇ ਨੌਜਵਾਨਾਂ ਦੇ ਗੁੱਸੇ ਨੂੰ ਦਬਾਇਆ ਜਾ ਸਕਦਾ ਹੈ?”
ਇਸ ਤੋਂ ਬਾਅਦ ਉਹ ਉਨ੍ਹਾਂ ਵਿਦਿਆਰਥੀਆਂ ਨੂੰ ਰਿਹਾਅ ਕਰਨ ਦੀ ਮੰਗ ਨੂੰ ਲੈ ਕੇ ਬਿਹਾਰ ਪਹੁੰਚੀ ਸੀ ਜਿਨ੍ਹਾਂ ਨੂੰ ਵਿਰੋਧ ਪ੍ਰਦਰਸ਼ਨ ਦੌਰਾਨ ਗ੍ਰਿਫ਼ਤਾਰ ਕੀਤਾ ਗਿਆ ਸੀ। ਪਿਛਲੇ ਕੁਝ ਸਾਲਾਂ ਤੋਂ ਵਿਦਿਆਰਥੀ ਸਿਆਸਤ ਵਿੱਚ ਸਰਗਰਮ ਨੇਹਾ ਹੁਣ ਦੇਸ਼ ਵਿੱਚ ਚਲ ਰਹੇ ਨੌਜਵਾਨ ਅਤੇ ਵਿਦਿਆਰਥੀ ਅੰਦੋਲਨਾਂ ਦਾ ਇੱਕ ਮੁੱਖ ਚਿਹਰਾ ਬਣ ਕੇ ਉੱਭਰੀ ਹੈ।
ਆਪਣੇ ਤੇਵਰਾਂ, ਬੇਬਾਕ ਭਾਸ਼ਣਾਂ ਅਤੇ ਜੁਝਾਰੂ ਰਵੱਈਏ ਕਾਰਨ ਨੇਹਾ ਬੋਰਾ ਇਨ੍ਹੀਂ ਦਿਨੀ ਮੀਡੀਆ ਵਿੱਚ ਛਾਈ ਹੋਈ ਹੈ। ਸੋਸ਼ਲ ਮੀਡੀਆ ਵਿੱਚ ਉਨ੍ਹਾਂ ਦੇ ਭਾਸ਼ਣਾਂ ਦੀਆਂ ਕਈ ਰੀਲਾਂ ਵਾਇਰਲ ਹੋ ਰਹੀਆਂ ਹਨ।
ਹੁਣ ਨੇਹਾ ਇੱਕ ਵਾਰ ਫਿਰ ਦਿੱਲੀ ਵਿੱਚ ਆਪਣੇ ਸਮਰਥਕਾਂ ਨਾਲ ਪ੍ਰਦਰਸ਼ਨ ਕਰ ਰਹੀ ਹੈ।
ਇਸ ਵਾਰ ਉਹ ਅਤੇ ਉਨ੍ਹਾਂ ਦੇ ਸਮਰਥਕ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਨੂੰ ਲੈ ਕੇ ਮੈਦਾਨ ਵਿਚ ਉਤਰੇ ਹਨ। ਕਈ ਵਿਰੋਧੀ ਦਲਾਂ ਦਾ ਇਲਜ਼ਾਮ ਹੈ ਕੇ ਦੇਸ਼ ਵਿਚ ਚੱਲ ਰਹੀ ਐਸਆਈਆਰ ਪ੍ਰਕਿਰਿਆ ਵਿੱਚ ਹੋਈ ਕਥਿਤ ਗੜਬੜੀ ਲਈ ਗਿਆਨੇਸ਼ ਕੁਮਾਰ ਜ਼ਿੰਮੇਵਾਰ ਹਨ ਅਤੇ ਇਸ ਕਾਰਨ ਕਰੋੜਾਂ ਲੋਕ ਆਪਣੇ ਵੋਟ ਦੇਣ ਦੇ ਅਧਿਕਾਰ ਤੋਂ ਹੱਥ ਧੋ ਬੈਠੇ ਹਨ।
ਹਾਲ ਹੀ ਵਿੱਚ ਅੰਗਰੇਜ਼ੀ ਅਖਬਾਰ ‘ਇੰਡੀਅਨ ਐਕਸਪ੍ਰੈਸ‘ ਨੇ ਆਪਣੀ ਇੱਕ ਖੋਜੀ ਰਿਪੋਰਟ ਵਿੱਚ ਕਿਹਾ ਸੀ ਕਿ ਐਸਆਈਆਰ ਪ੍ਰਕਿਰਿਆ ਨੂੰ ਲੈ ਕੇ ਮੁੱਖ ਚੋਣ ਕਮਿਸ਼ਨਰ ਅਤੇ ਦੋ ਚੋਣ ਕਮਿਸ਼ਨਰਾਂ ਵਿਚਕਾਰ ਮਤਭੇਦ ਸਨ।
ਨੇਹਾ ਦਾ ਸਫਰ: ਯੂਨੀਵਰਸਿਟੀ ਤੋਂ ਨੌਜਵਾਨ ਅੰਦੋਲਨਾਂ ਦਾ ਚਿਹਰਾ ਬਣਨ ਤੱਕ
ਤਸਵੀਰ ਸਰੋਤ, Getty Images
ਨੇਹਾ, ਉੱਤਰਾਖੰਡ ਦੀ ਰਹਿਣ ਵਾਲੀ ਹੈ। ਉਨ੍ਹਾਂ ਨੇ ਪਹਿਲਾਂ ਦਿੱਲੀ ਯੂਨੀਵਰਸਿਟੀ ਤੋਂ ਗ੍ਰੈਜੁਏਸ਼ਨ ਕੀਤੀ ਅਤੇ ਫਿਰ ਦਿੱਲੀ ਦੀ ਅੰਬੇਦਕਰ ਯੂਨੀਵਰਸਿਟੀ ਤੋਂ ਐਮਏ ਦੀ ਪੜ੍ਹਾਈ ਕੀਤੀ। ਹੁਣ ਉਹ ਦਿੱਲੀ ਦੀ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ ਪੀ.ਐਚ.ਡੀ. ਕਰ ਰਹੀ ਹੈ।
ਨੇਹਾ ਦਿੱਲੀ ਅਤੇ ਜੇਐਨਯੂ ਵਿਚ ਖੱਬੇ ਪੱਖੀ ਵਿਦਿਆਰਥੀ ਅੰਦੋਲਨ ਦਾ ਚਿਹਰਾ ਹੈ। ਸੀਪੀਆਈ ਐਮਐਲ(ਲਿਬਰੇਸ਼ਨ) ਦੇ ਵਿਦਿਆਰਥੀ ਸੰਗਠਨ ਆਈਸਾ ਦੀ ਅਗਵਾਈ ਕਰਦਿਆਂ ਉਹ ਯੂਨੀਵਰਸਿਟੀ ਵਿੱਚ ਕਾਫ਼ੀ ਸਰਗਰਮ ਦਿਸਦੀ ਹੈ।
ਦਰਅਸਲ, ਉਹ ਇਸ ਵੇਲੇ ਦੇਸ਼ ਵਿੱਚ ਜਨ ਅੰਦੋਲਨਾਂ ਅਤੇ ਖੱਬੇ ਪੱਖੀ ਅੰਦੋਲਨਾਂ ਦੇ ਮੁੱਖ ਬੁਲਾਰੇ ਵਜੋਂ ਸਾਹਮਣੇ ਆ ਰਹੀ ਹੈ।
ਅੰਦੋਲਨ ਨੇ ਕੀ ਸਿਖਾਇਆ, ਨੇਹਾ ਨੇ ਦੱਸਿਆ
ਤਸਵੀਰ ਸਰੋਤ, Getty Images
ਪਿਛਲੇ ਮਹੀਨੇ ‘ਫਰੰਟਲਾਈਨ‘ ਨਾਲ ਇੱਕ ਇੰਟਰਵਿਊ ਵਿੱਚ ਨੇਹਾ ਨੇ ਕਿਹਾ ਸੀ, “ਜੰਤਰ ਮੰਤਰ ‘ਤੇ ਵੀ ਵੱਡੀ ਗਿਣਤੀ ਵਿੱਚ ਜੋ ਪੋਸਟਰ ਲੱਗੇ ਸੀ ਉਨ੍ਹਾਂ ਵਿੱਚ ਕਿਹਾ ਗਿਆ ਸੀ ‘ਤੁਸੀਂ ਗੋਡਸੇ ਵਿੱਚ ਵਿਸ਼ਵਾਸ ਰੱਖਦੇ ਹੋ, ਅਸੀਂ ਭਗਤ ਸਿੰਘ ਵਿੱਚ ਵਿਸ਼ਵਾਸ ਰੱਖਦੇ ਹਾਂ’ ਇਹੀ ਤੁਹਾਡੇ ਅਤੇ ਮੇਰੇ ਵਿਚਕਾਰ ਮੂਲ ਅੰਤਰ ਹੈ ਅਤੇ ਇਸ ਕਾਰਨ ਤੁਹਾਨੂੰ ਸੱਤਾ ਤੋਂ ਜਾਣਾ ਚਾਹੀਦਾ ਹੈ। ਲੋਕਾਂ ਨੇ ਲਗਾਤਾਰ ਇਹੀ ਗੱਲ ਕਹੀ ਕਿ ਜੋ ਲੋਕ ਗੋਡਸੇ ਵਿੱਚ ਵਿਸ਼ਵਾਸ ਕਰਦੇ ਹਨ ਉਹ ਇਸ ਦੇਸ਼ ‘ਤੇ ਸ਼ਾਸਨ ਨਹੀਂ ਕਰਨਗੇ।”
ਉਨ੍ਹਾਂ ਨੇ ਕਿਹਾ ਸੀ, “ਇਸ ਵਿੱਚ ਆਰਐਸਐਸ ਦੀ ਉਸ ਵਿਰਾਸਤ ਦੀ ਗੱਲ ਕੀਤੀ ਜਾ ਰਹੀ ਸੀ, ਜਿਸ ਵਿੱਚ ਉਸ ‘ਤੇ ਲੋਕਾਂ ਨਾਲ ਵਿਸ਼ਵਾਸਘਾਤ ਕਰਨ ਦੇ ਇਲਜ਼ਾਮ ਲਗਾਏ ਜਾਂਦੇ ਹਨ। ਇਸ ਵਿੱਚ ਕਿਹਾ ਜਾ ਰਿਹਾ ਸੀ ਕਿ ਉਹ ਗੋਡਸੇ ਦੇ ਪੱਖ ਵਿੱਚ ਖੜੇ ਹਨ ਅਤੇ ਅਸੀਂ ਭਗਤ ਸਿੰਘ ਦੇ ਪੱਖ ਵਿੱਚ।”
“ਇਸ ਵਿੱਚ ਇਸ ਗੱਲ ‘ਤੇ ਚਰਚਾ ਹੋ ਰਹੀ ਸੀ ਕਿ ਉਨ੍ਹਾਂ ਦੀ ਵੰਡ ਦੀ ਸਿਆਸਤ ਨੇ ਦੇਸ਼ ਨੂੰ ਅਜਿਹੀ ਸਥਿਤੀ ਵਿਚ ਪਹੁੰਚਾ ਦਿੱਤਾ ਹੈ ਜਿੱਥੇ ਪੇਪਰ ਲੀਕ ਕੋਈ ਵੱਡੀ ਗੱਲ ਨਹੀਂ ਰਹਿ ਜਾਂਦੀ, ਪਰ ਹਿੰਦੂ-ਮੁਸਲਮਾਨ ਦਾ ਬਿਰਤਾਂਤ ਅਚਾਨਕ ਲੋਕਾਂ ਦਾ ਪੂਰਾ ਧਿਆਨ ਖਿੱਚ ਲੈਂਦਾ ਹੈ। ਲੋਕ ਲਗਾਤਾਰ ਇਨ੍ਹਾਂ ਮੁੱਦਿਆਂ ‘ਤੇ ਗੱਲ ਕਰ ਰਹੇ ਸੀ।”
ਨੇਹਾ ਨੇ ਕਿਹਾ ਸੀ, “ਮੈਨੂੰ ਲਗਦਾ ਹੈ ਕਿ ਇਨ੍ਹਾਂ ਪ੍ਰਦਰਸ਼ਨਾਂ ਨੇ ਇਹ ਦਿਖਾਇਆ ਕਿ ਦੇਸ਼ ਦੇ ਨੌਜਵਾਨ ਹੁਣ ਮੌਜੂਦਾ ਸੱਤਾ ਤੋਂ ਕੀ ਨਹੀਂ ਚਾਹੁੰਦੇ। ਮੈਨੂੰ ਲਗਦਾ ਹੈ ਕਿ ਇਸ ਅੰਦੋਲਨ ਨੇ ਸਾਨੂੰ ਜੋ ਸਬਕ ਸਿਖਾਏ ਉਹ ਇਸ ਗੱਲ ਤੋਂ ਕਿਤੇ ਜ਼ਿਆਦਾ ਅੱਗੇ ਸੀ ਕਿ ਫਾਸੀਵਾਦੀਆਂ ਤੋਂ ਵੀ ਜਵਾਬਦੇਹੀ ਤੈਅ ਕਰਾਈ ਜਾ ਸਕਦੀ ਹੈ।”
“ਇਸੇ ਕਾਰਨ ਜਦੋਂ ਮੈਂ ਭੁੱਖ ਹੜਤਾਲ ਤੋਂ ਵਾਪਸ ਆਈ ਅਤੇ ਮਾਈਕ ‘ਤੇ ਬੋਲ ਰਹੀ ਸੀ ਤਾਂ ਮੈਂ ਇਹੀ ਕਿਹਾ ਸੀ ਕਿ ਨੌਜਵਾਨਾਂ ਨੂੰ ਇਸ ਭਾਵਨਾ ਨੂੰ ਯਾਦ ਰੱਖਣਾ ਚਾਹੀਦਾ ਹੈ। ਇੱਕ ਦੂਜੇ ਦੇ ਖ਼ਿਲਾਫ਼ ਨਹੀਂ, ਬਲਕਿ ਇੱਕ ਦੂਜੇ ਲਈ ਲੜਨ ਦੀ ਭਾਵਨਾ।”
ਵਿਚਾਰਧਾਰਾ ਨੂੰ ਲੈ ਕੇ ਪਰਿਵਾਰ ਨਾਲ ਮਤਭੇਦ
ਤਸਵੀਰ ਸਰੋਤ, Getty Images
ਨੇਹਾ ਇੱਕ ਅਜਿਹੇ ਪਰਿਵਾਰ ਤੋਂ ਹਨ ਜੋ ਬੀਜੇਪੀ ਸਮਰਥਕ ਰਿਹਾ ਹੈ।
ਨੇਹਾ ਨੇ ਆਪਣੇ ਇਸ ਇੰਟਰਵਿਊ ਵਿੱਚ ਕਿਹਾ ਸੀ, “ਮੇਰੇ ਆਪਣੇ ਪਰਿਵਾਰ ਵਿੱਚ ਬੀਜੇਪੀ ਦੇ ਕੱਟੜ ਸਮਰਥਕ ਹਨ ਅਤੇ ਸਾਡੇ ਘਰ ਵਿੱਚ ਵੱਡੇ ਮਤਭੇਦ ਰਹੇ ਹਨ। ਮੇਰੇ ਘਰ ਵਿੱਚ ਇਹ ਮਤਭੇਦ ਬਹੁਤ ਲੰਬੇ ਸਮੇਂ ਤੋਂ ਹਨ। ਜਦੋਂ ਤੋਂ ਮੈਂ ਦਿੱਲੀ ਵਿੱਚ ਆਈ ਅਤੇ ਸਿਆਸੀ ਰੂਪ ਵਿੱਚ ਸਰਗਰਮ ਹੋਈ ਉਦੋਂ ਤੋਂ ਮੇਰੇ ਘਰ ਵਿੱਚ ਇਹ ਮਤਭੇਦ ਰਿਹਾ ਹੈ।”
“ਕਈ ਵਾਰ ਸਥਿਤੀ ਬਹੁਤ ਤਣਾਅਪੂਰਨ ਹੋ ਜਾਂਦੀ ਹੈ। ਮੈਨੂੰ ਲਗਦਾ ਹੈ ਕਿ ਆਰਥਿਕ ਰੂਪ ਵਿੱਚ ਆਪਣੇ ਫ਼ੈਸਲੇ ਖੁਦ ਲੈਣ ਲਈ ਕਾਫ਼ੀ ਹੱਦ ਤੱਕ ਅਜ਼ਾਦ ਰਹੀ ਹਾਂ। ਇਹ ਅਜ਼ਾਦੀ ਮੈਨੂੰ ਗ੍ਰੈਜੁਏਸ਼ਨ ਦੀ ਪੜ੍ਹਾਈ ਦੇ ਦੂਜੇ ਜਾਂ ਤੀਜੇ ਸਾਲ ਤੋਂ ਹੀ ਮਿਲ ਗਈ ਸੀ, ਕਿਉਂਕਿ ਉਹ ਮੇਰੇ ਲਈ ਇੱਕ ਫੈਸਲਾਕੁਨ ਮੋੜ ਸੀ।”
ਨੌਜਵਾਨ ਸਿਆਸਤ ਨੇ ਲੰਬਾ ਰਸਤਾ ਤੈਅ ਕਰਨਾ ਹੈ
ਤਸਵੀਰ ਸਰੋਤ, Getty Images
ਨੇਹਾ ਮੁਤਾਬਕ ਸੀਜੇਪੀ ਅੰਦੋਲਨ ਦੀ ਅਹਿਮੀਅਤ ਧਰਮੇਂਦਰ ਪ੍ਰਦਾਨ ਦੇ ਅਸਤੀਫੇ ਤੋਂ ਅੱਗੇ ਹੈ।
ਉਨ੍ਹਾਂ ਦਾ ਮੰਨਣਾ ਹੈ ਕਿ ਨੌਜਵਾਨਾਂ ਨੇ ਸਿੱਖਿਆ ਹੈ ਕਿ ਇੱਕ ਦੂਜੇ ਖ਼ਿਲਾਫ਼ ਖੜ੍ਹੇ ਹੋਣ ਦੀ ਬਜਾਏ ਇੱਕ ਦੂਜੇ ਲਈ ਲੜਨ ਨਾਲ ਬਦਲਾਅ ਸੰਭਵ ਹੈ।
ਉਹ ਚਾਹੁੰਦੀ ਹੈ ਕਿ ਜੰਤਰ ਮੰਤਰ ਅੰਦੋਲਨ ਨਾਲ ਪੈਦਾ ਹੋਈ ਊਰਜਾ ਐਸਆਈਆਰ, ਹਲਕਾਬੰਦੀ, ਮਜ਼ਦੂਰਾਂ ਦੇ ਹੱਕ ਅਤੇ ਔਰਤਾਂ ਲਈ ਰਾਖਵਾਂਕਰਨ ਜਿਹੇ ਦੂਜੇ ਮੁੱਦਿਆਂ ਨਾਲ ਜੁੜੇ ਅੰਦੋਲਨਾਂ ਤੱਕ ਪਹੁੰਚੇ।
ਉਨ੍ਹਾਂ ਲਈ ਇਹ ਅੰਦੋਲਨ ਲੋਕਤੰਤਰ ਅਤੇ ਦੇਸ਼ ਦੇ ਲੋਕਤੰਤਰਿਕ, ਸਮਾਜਵਾਦੀ ਅਤੇ ਧਰਮ ਨਿਰਪੱਖ ਢਾਂਡੇ ਦੀ ਵੱਡੀ ਲੜਾਈ ਦਾ ਹਿੱਸਾ ਹੈ।
ਲੋਕਾਂ ਨੇ ਇੱਕ ਦੂਜੇ ਦਾ ਹੱਥ ਫੜਨਾ ਸਿੱਖ ਲਿਆ ਹੈ
ਤਸਵੀਰ ਸਰੋਤ, Getty Images
ਨੇਹਾ ਨੇ ਬੀਬੀਸੀ ਨਾਲ ਇੱਕ ਇੰਟਰਵਿਊ ਵਿੱਚ ਜੰਤਰ ਮੰਤਰ ‘ਤੇ ਅੰਦੋਲਨ ਬਾਰੇ ਗੱਲ ਕਰਦਿਆਂ ਕਿਹਾ ਸੀ ਕਿ ਇਸ ਨੇ ਦਿਖਾਇਆ ਕਿ ਇਸ ਨੂੰ ਕਿਸੇ ਕੈਟੇਗਰੀ ਵਿੱਚ ਨਹੀਂ ਰੱਖਿਆ ਜਾ ਸਕਦਾ। ਇਹ ਤੀਜ ਇਸ ਅੰਦੋਲਨ ਦੀ ਤਾਕਤ ਹੈ ਅਤੇ ਇਹ ਇਸ ਤਰ੍ਹਾਂ ਬਣੀ ਰਹੇ।
ਉਨ੍ਹਾਂ ਨੇ ਕਿਹਾ ਸੀ, “ਜੰਤਰ ਮੰਤਰ ਅੰਦੋਲਨ ਦੌਰਾਨ ਕਈ ਲੋਕਾਂ ਨੇ ਕਿਹਾ ਕਿ ਉਨ੍ਹਾਂ ਦੀਆਂ ਮਾਵਾਂ ਨੇ ਕਿਹਾ ਸੀ ਕਿ ਪ੍ਰੋਟੈਸਟ ਵਿੱਚ ਜਾਓ। ਕਈਆਂ ਨੇ ਕਿਹਾ ਕਿ ਉਹ ਸਕੂਲ ਨਹੀਂ ਗਏ ਕਿਉਂਕਿ ਪ੍ਰੋਟੈਸਟ ਵਿੱਚ ਆਉਣਾ ਚਾਹੁੰਦੇ ਸੀ। ਉਹ ਇਸ ਗੱਲ ਦਾ ਸੰਕੇਤ ਹੈ ਕਿ ਜਿਸ ਦੇਸ਼ ਨੂੰ ਨਫਰਤ ਕਰਨਾ ਸਿਖਾਇਆ ਗਿਆ ਸੀ ਉੱਥੇ ਲੋਕਾਂ ਨੇ ਹੱਥ ਫੜਨਾ ਸਿੱਖ ਲਿਆ ਹੈ।”
ਨੇਹਾ ਨੇ ਇਸ ਇੰਟਰਵਿਊ ਵਿੱਚ ਦੱਸਿਆ ਸੀ ਕਿ ਪ੍ਰਦਰਸ਼ਨ ਦੌਰਾਨ ਬੀਜੇਪੀ ਸਮਰਥਕ ਮਾਤਾ ਪਿਤਾ ਅਤੇ ਬਜ਼ੁਰਗ ਵੀ ਉਨ੍ਹਾਂ ਕੋਲ ਆਏ, ਕੁਝ ਰੋਏ ਅਤੇ ਵਿਦਿਆਰਥੀਆਂ ਦੀ ਸਥਿਤੀ ਲਈ ਮਾਫੀ ਮੰਗੀ।
ਫਰੰਟਲਾਈਨ ਨੂੰ ਦਿੱਤੇ ਇੰਟਰਵਿਊ ਵਿੱਚ ਉਨ੍ਹਾਂ ਨੇ ਆਪਣੇ ਪਰਿਵਾਰ ਦਾ ਉਦਾਹਰਨ ਦਿੰਦਿਆਂ ਦੱਸਿਆ ਸੀ ਕਿ ਉਨ੍ਹਾਂ ਦੀ ਬੀਜੇਪੀ ਸਮਰਥਕ ਮਾਂ ਨੇ ਪੁਲਿਸ ਕਾਰਵਾਈ ਆਪਣੀਆਂ ਅੱਖਾਂ ਨਾਲ ਦੇਖਣ ਬਾਅਦ ਪ੍ਰਦਰਸ਼ਨਕਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਸਲਾਹਿਆ। ਨੇਹਾ ਮੁਤਾਬਕ ਇਸ ਤਰ੍ਹਾਂ ਦੇ ਬਦਲਾਅ ਨੇ ਅੰਦੋਲਨ ਨੂੰ ਵਿਆਪਕ ਸਮਾਜਿਕ ਅਸਰ ਦਿੱਤਾ ਹੈ।
ਅਭੀਜੀਤ ਦੀਪਕੇ ਨਾਲ ਤੁਲਨਾ
ਤਸਵੀਰ ਸਰੋਤ, Getty Images
ਅਮੋਲ ਨਾਮੀ ਇੱਕ ਐਕਸ ਯੂਜ਼ਰ ਨੇ ਨੇਹਾ ਬੋਰਾ ਦੀ ਤਸਵੀਰ ਲਗਾ ਕੇ ਲਿਖਿਆ, “ਮੈਚਿਉਰਟੀ ਉਦੋਂ ਆਉਂਦੀ ਹੈ ਜਦੋਂ ਤੁਹਾਨੂੰ ਅਹਿਸਾਸ ਹੋਵੇ ਕਿ ਨੇਹਾ ਬੋਰਾ, ਅਭੀਜੀਤ ਦੀਪਕੇ ਨਾਲੋਂ ਜ਼ਿਆਦਾ ਪ੍ਰਤਿਭਾਸ਼ਾਲੀ ਹੈ। ਉਹ ਜੈਨ ਜ਼ੀ ਦੀ ਇਕਦਮ ਆਈਕਨ ਹੈ ਅਤੇ ਉਨ੍ਹਾਂ ਦਾ ਸਵੈਗ ਗਜ਼ਬ ਦਾ ਹੈ।”
ਇਸ ਪੋਸਟ ਨੂੰ ਰੀਪੋਸਟ ਕਰਦਿਆਂ ਅਭੀਜੀਤ ਨੇ ਲਿਖਿਆ ਹੈ- ਮੈਂ ਇਸ ਨਾਲ ਸਹਿਮਤ ਹਾਂ।
ਇਸ ਪੋਸਟ ਦੇ ਕੁਝ ਸਮਾਂ ਬਾਅਦ ਹੀ ਨੇਹਾ ਨੇ ਐਕਸ ‘ਤੇ ਲਿਖਿਆ, “ਤੁਲਨਾ ਨਹੀਂ, ਇਕਜੁਟਤਾ। ਅਸੀਂ ਇਸ ਖ਼ਿਲਾਫ਼ ਮਿਲ ਕੇ ਲੜੇ ਹਾਂ।”
ਇਸ ਦੇ ਜਵਾਬ ਵਿੱਚ ਅਭੀਜੀਤ ਨੇ ਲਿਖਿਆ, “ਇਨਕਲਾਬ ਜ਼ਿੰਦਾਬਾਦ”
ਖੁਦ ਨੇਹਾ ਨੇ ਸੀਜੇਪੀ ਪ੍ਰਦਰਸ਼ਨ ਦੌਰਾਨ ਜੰਤਰ ਮੰਤਰ ‘ਤੇ ਪ੍ਰਦਰਸ਼ਨ ਦੌਰਾਨ ਕਿਹਾ ਸੀ ਕਿ ਦੀਪਕੇ ਨਿਮਰ ਹਨ, ਸੁਝਾਅ ਲੈਣ ਲਈ ਤਿਆਰ ਰਹਿੰਦੇ ਹਨ ਅਤੇ ਉਨ੍ਹਾਂ ਨੇ ਪ੍ਰਦਰਸ਼ਨਕਾਰੀਆਂ ਨੂੰ ਅਜਿਹਾ ਮਹਿਸੂਸ ਕਰਵਾਇਆ ਕਿ ਉਹ ਵੀ ਉਨ੍ਹਾਂ ਦੀ ਤਰ੍ਹਾਂ ਇਸ ਸੰਘਰਸ਼ ਵਿੱਚ ਇੱਕ ਵਿਦਿਆਰਥੀ ਅਤੇ ਸਾਥੀ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



