Source :- BBC PUNJABI

ਤਸਵੀਰ ਸਰੋਤ, Getty Images
ਵਾਟਰਲੂ ਦੀ ਲੜਾਈ ਵਿੱਚ ਹਾਰ ਤੋਂ ਬਾਅਦ, ਨੈਪੋਲੀਅਨ ਨੂੰ ਲੱਗਾ ਕਿ ਉਨ੍ਹਾਂ ਦਾ ਯੂਰਪ ਵਿੱਚ ਕੋਈ ਭਵਿੱਖ ਨਹੀਂ ਹੈ। ਉਨ੍ਹਾਂ ਨੇ ਅਮਰੀਕਾ ਜਾਣ ਦਾ ਫ਼ੈਸਲਾ ਕੀਤਾ।
ਪਰ ਬ੍ਰਿਟਿਸ਼ ਜਲ ਸੈਨਾ ਦੇ ਜਹਾਜ਼ਾਂ ਨੇ ਫਰਾਂਸ ਦੇ ਅਟਲਾਂਟਿਕ ਤੱਟ ਨੂੰ ਇਸ ਤਰ੍ਹਾਂ ਘੇਰ ਲਿਆ ਸੀ ਕਿ ਉੱਥੋਂ ਬਚਣਾ ਲਗਭਗ ਅਸੰਭਵ ਸੀ।
ਨੈਪੋਲੀਅਨ ਨੇ ਫ਼ੈਸਲਾ ਕੀਤਾ ਕਿ ਉਹ ਬ੍ਰਿਟਿਸ਼ ਨੇਵੀ ਅੱਗੇ ਆਤਮ ਸਮਰਪਣ ਕਰ ਦੇਣਗੇ ਅਤੇ ਬ੍ਰਿਟੇਨ ਵਿੱਚ ਸਿਆਸੀ ਸ਼ਰਨ ਲੈ ਲੈਣਗੇ, ਪਰ ਬ੍ਰਿਟੇਨ ਨੈਪੋਲੀਅਨ ਨੂੰ ਕੋਈ ਰਿਆਇਤ ਦੇਣ ਦੇ ਇਰਾਦੇ ਨਹੀਂ ਰੱਖਦਾ ਸੀ।
ਏਐੱਮ ਬ੍ਰੈਡਲੀ ਆਪਣੀ ਕਿਤਾਬ ‘ਨੈਪੋਲੀਅਨ ਇਨ ਕੈਰੀਕੇਚਰ 1795-1821’ ਵਿੱਚ ਲਿਖਦੇ ਹਨ, “ਬ੍ਰਿਟਿਸ਼ ਜਨਤਾ ਦੀਆਂ ਨਜ਼ਰਾਂ ਵਿੱਚ, ਨੈਪੋਲੀਅਨ ਇੱਕ ਪੀੜਤ ਨਾਲੋਂ ਵੱਧ ਇੱਕ ਅਪਰਾਧੀ ਸਨ। ਉੱਥੋਂ ਦੇ ਕਾਰਟੂਨਿਸਟ ਉਨ੍ਹਾਂ ਨੂੰ ਪਿੰਜਰੇ ਵਿੱਚ ਬੰਦ ਜਾਨਵਰ ਵਾਂਗ ਦਿਖਾ ਰਹੇ ਸਨ।”
ਆਮ ਰਾਇ ਇਹ ਸੀ ਕਿ ਜੇਕਰ ਉਨ੍ਹਾਂ ਨੂੰ ਇੰਗਲੈਂਡ ਵਿੱਚ ਰੱਖਿਆ ਗਿਆ, ਤਾਂ ਉਹ ਦੇਸ ਦੀ ਸੁਰੱਖਿਆ ਲਈ ਇੱਕ ਵੱਡੀ ਚੁਣੌਤੀ ਪੈਦਾ ਕਰ ਦੇਣਗੇ। ਜੇਕਰ ਉਨ੍ਹਾਂ ਨੂੰ ਬਰਤਾਨਵੀਂ ਧਰਤੀ ‘ਤੇ ਜਾਂ ਕਿਸੇ ਨੇੜਲੇ ਦੇਸ ਵਿੱਚ ਰੱਖਿਆ ਗਿਆ, ਤਾਂ ਉਹ ਭਵਿੱਖ ਵਿੱਚ ਵਿਦਰੋਹ ਦਾ ਕੇਂਦਰ ਬਣ ਸਕਦੇ ਹਨ।”
ਨੈਪੋਲੀਅਨ ਨੂੰ ਸੇਂਟ ਹੇਲੇਨਾ ਭੇਜਣ ਦਾ ਫ਼ੈਸਲਾ

ਤਸਵੀਰ ਸਰੋਤ, Getty Images
ਬਰਤਾਨਵੀ ਸਰਕਾਰ ਨੇ ਉਨ੍ਹਾਂ ਨੂੰ ਸੇਂਟ ਹੇਲੇਨਾ ਵਿੱਚ ਰੱਖਣ ਦਾ ਫੈਸਲਾ ਕੀਤਾ, ਇਹ ਇਲਾਕਾ ਦੁਨੀਆਂ ਤੋਂ ਪੂਰੀ ਤਰ੍ਹਾਂ ਕੱਟਿਆ ਹੋਇਆ ਸੀ। ਇਹ ਪੱਛਮੀ ਅਫ਼ਰੀਕਾ ਦਾ ਇੱਕ ਟਾਪੂ ਸੀ, ਜਿਸ ਉੱਤੇ ਬ੍ਰਿਟੇਨ ਦਾ ਕਬਜ਼ਾ ਸੀ।
ਇਹ ਜਗ੍ਹਾ, ਮੁੱਖ ਭੂਮੀ ਯਾਨੀ ਬਰਤਾਨੀਆਂ ਤੋਂ ਘੱਟੋ-ਘੱਟ 1200 ਕਿਲੋਮੀਟਰ ਦੂਰ ਸੀ।
ਬ੍ਰਾਇਨ ਅਨਵਿਨ ਆਪਣੀ ਕਿਤਾਬ ‘ਟੈਰੀਬਲ ਐਕਸਾਈਲ, ਦਿ ਲਾਸਟ ਡੇਜ਼ ਆਫ਼ ਨੈਪੋਲੀਅਨ ਆਨ ਸੇਂਟ ਹੇਲੇਨਾ’ ਵਿੱਚ ਲਿਖਦੇ ਹਨ, “ਸੇਂਟ ਹੇਲੇਨਾ ਭਾਰਤ ‘ਤੇ ਸ਼ਾਸ਼ਨ ਕਰਨ ਵਾਲੀ ਈਸਟ ਇੰਡੀਆ ਕੰਪਨੀ ਦੇ ਜਹਾਜ਼ਾਂ ਲਈ ਇੱਕ ਪ੍ਰਮੁੱਖ ਆਰਾਮ ਸਥਾਨ ਸੀ। ਇਹ ਇੱਕ ਤਰ੍ਹਾਂ ਦੀ ਬਰਤਾਨਵੀ ਛਾਉਣੀ ਸੀ, ਜਿਸ ਵਿੱਚ ਤਕਰੀਬਨ 5000 ਲੋਕ ਰਹਿੰਦੇ ਸਨ।”
“ਉਨ੍ਹਾਂ ਵਿੱਚੋਂ ਕੁਝ ਮੈਡਾਗਾਸਕਰ ਦੇ ਗੁਲਾਮ ਅਤੇ ਚੀਨ ਦੇ ਮਜ਼ਦੂਰ ਸਨ, ਜੋ ਹਰ ਸਾਲ ਇੱਥੋਂ ਲੰਘਣ ਵਾਲੇ ਤਕਰੀਬਨ ਇੱਕ ਹਜ਼ਾਰ ਜਹਾਜ਼ਾਂ ਦੀ ਦੇਖਭਾਲ ਕਰਦੇ ਸਨ।”
ਨੈਪੋਲੀਅਨ ਦੇ ਨਾਲ 27 ਲੋਕ ਸੇਂਟ ਹੇਲੇਨਾ ਗਏ ਸਨ

ਤਸਵੀਰ ਸਰੋਤ, Getty Images
31 ਜੁਲਾਈ, 1815 ਨੂੰ, ਐਡਮਿਰਲ ਲਾਰਡ ਕੀਥ ਨੇ ਨੈਪੋਲੀਅਨ ਨੂੰ ਸੂਚਿਤ ਕੀਤਾ ਕਿ ਉਨ੍ਹਾਂ ਨੂੰ ਸੇਂਟ ਹੇਲੇਨਾ ਵਿੱਚ ਜੰਗੀ ਕੈਦੀ ਵਜੋਂ ਰੱਖਿਆ ਜਾਵੇਗਾ।
ਨੈਪੋਲੀਅਨ ਨੇ ਇਸਦਾ ਸਖ਼ਤ ਵਿਰੋਧ ਕੀਤਾ ਅਤੇ ਕਿਹਾ ਕਿ ਉਨ੍ਹਾਂ ਨੂੰ ਇਹ ਸੋਚ ਕੇ ਮੂਰਖ ਬਣਾਇਆ ਗਿਆ ਸੀ ਕਿ ਉਨ੍ਹਾਂ ਨੂੰ ਇੰਗਲੈਂਡ ਵਿੱਚ ਰਹਿਣ ਦੀ ਇਜਾਜ਼ਤ ਦਿੱਤੀ ਜਾਵੇਗੀ।
ਇਹ ਖ਼ਬਰ ਸੁਣ ਕੇ, ਉਹ ਆਪਣੇ ਜਹਾਜ਼ ਦੇ ਕੈਬਿਨ ਵਿੱਚ ਚਲੇ ਗਏ ਅਤੇ ਤਿੰਨ ਦਿਨਾਂ ਤੱਕ ਬਾਹਰ ਨਹੀਂ ਆਏ।
ਚੌਥੇ ਦਿਨ ਉਨ੍ਹਾਂ ਬ੍ਰਿਟਿਸ਼ ਸਰਕਾਰ ਨੂੰ ਇੱਕ ਰਸਮੀ ਪੱਤਰ ਲਿਖਿਆ, ਜਿਸ ਵਿੱਚ ਆਪਣਾ ਵਿਰੋਧ ਪ੍ਰਗਟ ਕੀਤਾ ਸੀ।
ਐਡਮ ਜ਼ੇਮੋਵਸਕੀ ਆਪਣੀ ਕਿਤਾਬ ‘ਨੈਪੋਲੀਅਨ ਦਿ ਮੈਨ ਬਿਹਾਈਂਡ ਦਿ ਮਿਥ’ ਵਿੱਚ ਲਿਖਦੇ ਹਨ, “ਕੁੱਲ ਮਿਲਾ ਕੇ, 27 ਲੋਕਾਂ ਨੂੰ ਨੈਪੋਲੀਅਨ ਨਾਲ ਸੇਂਟ ਹੇਲੇਨਾ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ।”
“ਜਦੋਂ ਉਹ ਜਹਾਜ਼ ‘ਤੇ ਚੜ੍ਹੇ, ਤਾਂ ਨੈਪੋਲੀਅਨ ਅਤੇ ਉਨ੍ਹਾਂ ਦੇ ਸਾਥੀਆਂ ਦੇ ਸਾਮਾਨ ਦੀ ਤਲਾਸ਼ੀ ਲਈ ਗਈ। ਉਨ੍ਹਾਂ ਕੋਲੋਂ ਬਹੁਤ ਸਾਰੀ ਦੌਲਤ ਬਰਾਮਦ ਹੋਈ।”
“ਨੈਪੋਲੀਅਨ ਨੂੰ ਪਹਿਲਾਂ ਹੀ ਇਸ ਗੱਲ ਦਾ ਸ਼ੱਕ ਸੀ, ਇਸ ਲਈ ਉਨ੍ਹਾਂ ਆਪਣੇ ਸਾਥੀਆਂ ਦੇ ਕੱਪੜਿਆਂ ਦੀਆਂ ਪੇਟੀਆਂ ਵਿੱਚ ਉਨ੍ਹਾਂ ਦੀ ਕਮਰ ਦੁਆਲੇ ਸੋਨੇ ਦੇ ਸਿੱਕੇ ਬੰਨ੍ਹ ਦਿੱਤੇ ਸਨ।”
ਇਸ ਲੰਬੇ ਸਫ਼ਰ ਦੌਰਾਨ, ਉਨ੍ਹਾਂ ਸਮੁੰਦਰੀ ਯਾਤਰਾ ਦੀਆਂ ਮੁਸ਼ਕਲਾਂ ਦਾ ਬਿਹਤਰੀਨ ਤਰੀਕੇ ਨਾਲ ਸਾਹਮਣਾ ਕੀਤਾ। ਉਨ੍ਹਾਂ ਆਪਣੇ ਕੈਬਿਨ ਵਿੱਚ ਰਹਿ ਕੇ ਪੜ੍ਹਾਈ ਜਾਰੀ ਰੱਖੀ। ਉਨ੍ਹਾਂ ਨੇ ਮਲਾਹਾਂ ਨਾਲ ਗੱਲ ਕੀਤੀ ਅਤੇ ਆਪਣੀ ਅੰਗਰੇਜ਼ੀ ਸੁਧਾਰਨ ਦੀ ਕੋਸ਼ਿਸ਼ ਵੀ ਕੀਤੀ। 24 ਅਕਤੂਬਰ ਨੂੰ ਉਨ੍ਹਾਂ ਨੇ ਆਪਣੀ ਮੰਜ਼ਿਲ, ਸੇਂਟ ਹੇਲੇਨਾ ਵੇਖੀ।
ਨੈਪੋਲੀਅਨ ਅਤੇ ਅੰਗਰੇਜ਼ਾ ਦੇ ਵਿਗੜੇ ਸਬੰਧ

ਤਸਵੀਰ ਸਰੋਤ, Getty Images
ਇਸ ਟਾਪੂ ਦਾ ਖੇਤਰਫਲ 122 ਵਰਗ ਕਿਲੋਮੀਟਰ ਸੀ। ਇਸ ਟਾਪੂ ਦੀ ਖੋਜ ਪੁਰਤਗਾਲੀਆਂ ਨੇ 1502 ਵਿੱਚ ਕੀਤੀ ਸੀ।
1815 ਵਿੱਚ, ਇੱਥੇ 3,395 ਯੂਰਪੀਅਨ, 218 ਸਿਆਹਫ਼ਾਮ ਗੁਲਾਮ, 489 ਚੀਨ ਵਾਸੀ ਅਤੇ 116 ਭਾਰਤੀ ਅਤੇ ਮਲੇਸ਼ੀਅਨ ਰਹਿੰਦੇ ਸਨ।
ਇੱਥੇ ਇੱਕ ਫੌਜੀ ਗਵਰਨਰ ਰਾਜ ਕਰਦਾ ਸੀ ਅਤੇ ਬਰਤਾਨਵੀ ਫੌਜ ਦੀ ਇੱਕ ਛੋਟੀ ਜਿਹੀ ਟੁਕੜੀ ਇੱਥੇ ਤੈਨਾਤ ਸੀ।
ਨੈਪੋਲੀਅਨ ਨੂੰ ਪਹਿਲਾਂ ਇੱਕ ਅੰਗਰੇਜ਼ੀ ਅਸਟੇਟ ‘ਦ ਬ੍ਰਾਇਰ’ ਵਿੱਚ ਰੱਖਿਆ ਗਿਆ ਸੀ। ਕੁਝ ਦਿਨਾਂ ਬਾਅਦ ਉਨ੍ਹਾਂ ਨੂੰ ਲੌਂਗਵੁੱਡ ਹਾਊਸ ਵਿੱਚ ਸ਼ਿਫਟ ਕਰ ਦਿੱਤਾ ਗਿਆ।
ਬ੍ਰਾਇਨ ਅਨਵਿਨ ਲਿਖਦੇ ਹਨ, “ਨੈਪੋਲੀਅਨ ਨੂੰ ਉੱਥੇ ਸਖ਼ਤ ਨਿਗਰਾਨੀ ਹੇਠ ਰੱਖਿਆ ਗਿਆ ਸੀ। ਜੇਕਰ ਉਹ ਬਗ਼ੀਚੇ ਵਿੱਚ ਵੀ ਜਾਂਦੇ ਤਾਂ ਇੱਕ ਬ੍ਰਿਟਿਸ਼ ਸਿਪਾਹੀ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦਾ ਸੀ।”
“ਜਦੋਂ ਹਡਸਨ ਲੋਅ ਨੂੰ ਸੇਂਟ ਹੇਲੇਨਾ ਦਾ ਗਵਰਨਰ ਬਣਾਇਆ ਗਿਆ, ਤਾਂ ਨੈਪੋਲੀਅਨ ‘ਤੇ ਪਾਬੰਦੀਆਂ ਹੋਰ ਵਧ ਗਈਆਂ। 1816 ਤੱਕ, ਬ੍ਰਿਟਿਸ਼ ਨੌਕਰਸ਼ਾਹੀ ਨਾਲ ਉਨ੍ਹਾਂ ਦੇ ਸਬੰਧ ਤਣਾਅਪੂਰਨ ਹੋ ਗਏ।”
ਜਦੋਂ ਅੰਗਰੇਜ਼ਾਂ ਨੇ ਉਨ੍ਹਾਂ ਲਈ ਇੱਕ ਨਵੀਂ ਰਿਹਾਇਸ਼ ਬਣਾਉਣੀ ਸ਼ੁਰੂ ਕੀਤੀ, ਤਾਂ ਨੈਪੋਲੀਅਨ ਨੂੰ ਅਹਿਸਾਸ ਹੋਇਆ ਕਿ ਉਨ੍ਹਾਂ ਨੂੰ ਆਪਣੀ ਬਾਕੀ ਦੀ ਜ਼ਿੰਦਗੀ ਸੇਂਟ ਹੇਲੇਨਾ ਵਿੱਚ ਹੀ ਬਿਤਾਉਣੀ ਪਵੇਗੀ।
ਬਗ਼ੀਚੇ ਵਿੱਚ ਸੈਰ ਅਤੇ ਤਾਸ਼ ਦੀ ਖੇਡ

ਤਸਵੀਰ ਸਰੋਤ, Getty Images
ਨੈਪੋਲੀਅਨ ਆਪਣਾ ਜ਼ਿਆਦਾਤਰ ਸਮਾਂ ਲੌਂਗਵੁੱਡ ਹਾਊਸ ਵਿੱਚ ਪੜ੍ਹਾਈ ਵਿੱਚ ਬਿਤਾਉਂਦੇ ਸਨ। ਉਹ ਯੂਰਪ ਤੋਂ ਆਉਣ ਵਾਲੇ ਜਹਾਜ਼ਾਂ ਦੀ ਉਡੀਕ ਕਰਦੇ ਰਹਿੰਦੇ ਸਨ ਤਾਂ ਜੋ ਉੱਥੋਂ ਆਉਣ ਵਾਲੀਆਂ ਕਿਤਾਬਾਂ ਪ੍ਰਾਪਤ ਕਰ ਸਕਣ।
ਨੈਪੋਲੀਅਨ ਦਾ ਦੂਜਾ ਸ਼ੌਕ ਉਨ੍ਹਾਂ ਨੂੰ ਮਿਲਣ ਆਉਣ ਵਾਲੇ ਲੋਕਾਂ ਦੀ ਵਧੀਆ ਖਾਣੇ ਅਤੇ ਸ਼ਰਾਬ ਨਾਲ ਮਹਿਮਾਨ ਨਿਵਾਜ਼ੀ ਕਰਨਾ ਸੀ।
ਜਾਂ ਪਾਲ ਬਰਤੂ ਨੈਪੋਲੀਅਨ ਦੀ ਜੀਵਨੀ ਵਿੱਚ ਲਿਖਦੇ ਹਨ, “ਨੈਪੋਲੀਅਨ ਹਮੇਸ਼ਾ ਮਹਿਮਾਨ ਨਿਵਾਜ਼ੀ ‘ਤੇ ਬਜਟ ਨਾਲੋਂ ਵੱਧ ਪੈਸਾ ਖਰਚ ਕਰਦੇ ਸਨ। ਉਹ ਸ਼ਰਾਬ ਬਹੁਤ ਜ਼ਿਆਦਾ ਪੀਂਦੇ ਅਤੇ ਪਰੋਸਦੇ ਸਨ।”
“ਸਾਲ 1816 ਵਿੱਚ ਹੀ ਉਨ੍ਹਾਂ ਨੂੰ 3700 ਬੋਤਲਾਂ ਵਾਈਨ ਭੇਜੀਆਂ ਗਈਆਂ ਸਨ, ਜਿਸ ਵਿੱਚੋਂ 830 ਬੋਤਲਾਂ ਬਾਓਡੋ ਵਾਈਨ ਦੀਆਂ ਸ਼ਾਮਲ ਸਨ।”
ਬਰਤੂ ਲਿਖਦੇ ਹਨ,”ਨੈਪੋਲੀਅਨ ਘੋੜਸਵਾਰੀ ਕਰਕੇ ਜਾਂ ‘ਦਿ ਬ੍ਰਾਇਰ’ ਦੇ ਬਾਗੀਚਿਆਂ ਵਿੱਚ ਘੁੰਮ ਕੇ ਆਪਣੇ-ਆਪ ਨੂੰ ਸਰੀਰਕ ਤੌਰ ‘ਤੇ ਤੰਦਰੁਸਤ ਰੱਖਣ ਦੀ ਕੋਸ਼ਿਸ਼ ਕਰਦੇ ਸਨ।”
“ਕੈਪਟਨ ਪੌਪਲਟਨ ਹਮੇਸ਼ਾ ਉਨ੍ਹਾਂ ਦੇ ਨਾਲ ਰਹਿੰਦੇ ਸਨ, ਜਿਨ੍ਹਾਂ ਨੂੰ ਉਨ੍ਹਾਂ ‘ਤੇ ਨਜ਼ਰ ਰੱਖਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਉਹ ਆਪਣੀਆਂ ਸ਼ਾਮਾਂ ਆਪਣੇ ਦੋਸਤ ਬਾਲਕੌਮ ਨਾਲ ਤਾਸ਼ ਖੇਡਦਿਆਂ ਬਿਤਾਉਂਦੇ ਸਨ।”
ਸੇਂਟ ਹੇਲੇਨਾ ਦਾ ਮੌਸਮ ਅਤੇ ਮਾਹੌਲ ਪਸੰਦ ਨਹੀਂ ਆਇਆ

ਤਸਵੀਰ ਸਰੋਤ, Getty Images
ਲੌਂਗਵੁੱਡ ਹਾਊਸ ਵਿੱਚ ਉਸਾਰੀ ਅਜੇ ਵੀ ਚੱਲ ਰਹੀ ਸੀ, ਜਿੱਥੇ ਨੈਪੋਲੀਅਨ ਨੂੰ ਰੱਖਿਆ ਗਿਆ ਸੀ।
ਐਡਮ ਜ਼ਾਮੋਇਸਕੀ ਲਿਖਦੇ ਹਨ, “ਨੈਪੋਲੀਅਨ ਨੇ ਸ਼ਿਕਾਇਤ ਕੀਤੀ ਸੀ ਕਿ ਪੇਂਟ ਦੀ ਬਦਬੂ ਉਨ੍ਹਾਂ ਨੂੰ ਬਿਮਾਰ ਮਹਿਸੂਸ ਕਰਵਾਉਂਦੀ ਸੀ।”
“ਸੇਂਟ ਹੇਲੇਨਾ ਦੇ ਮੌਸਮ ਅਤੇ ਹਾਲਾਤ ਨੇ ਨੈਪੋਲੀਅਨ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਮਾੜਾ ਮਹਿਸੂਸ ਕਰਵਾਇਆ, ਜੋ ਖੁਸ਼ਕ ਮੌਸਮ, ਚੰਗੇ ਭੋਜਨ ਅਤੇ ਐਸ਼ੋ-ਆਰਾਮ ਦੇ ਆਦੀ ਸਨ।”
ਉਹ ਲਿਖਦੇ ਹਨ, “ਨੈਪੋਲੀਅਨ ਦੇ ਨਾਲ ਆਏ ਅਫ਼ਸਰ ਉਨ੍ਹਾਂ ਦੀ ਮੌਜੂਦਗੀ ਵਿੱਚ ਪੂਰੇ ਸ਼ਾਹੀ ਪ੍ਰੋਟੋਕੋਲ ਦੀ ਪਾਲਣਾ ਕਰਦੇ ਸਨ।”
“ਦਿਨ ਵੇਲੇ ਨੈਪੋਲੀਅਨ ਆਮ ਤੌਰ ‘ਤੇ ਹਰਾ ਸ਼ਿਕਾਰੀ ਕੋਟ ਜਾਂ ਚਿੱਟਾ ਲਿਨਨ ਕੋਟ ਅਤੇ ਪੈਂਟ ਪਹਿਨਦੇ ਸਨ।”
“ਰਾਤ ਦੇ ਖਾਣੇ ‘ਤੇ ਉਹ ਆਪਣੀ ਪੂਰੀ ਫ਼ੌਜੀ ਵਰਦੀ ਵਿੱਚ ਖਾਣਾ ਖਾਂਦੇ ਸਨ। ਉਨ੍ਹਾਂ ਨਾਲ ਆਈਆਂ ਔਰਤਾਂ ਦਰਬਾਰੀ ਕੱਪੜੇ ਅਤੇ ਗਹਿਣੇ ਪਾ ਕੇ ਰਾਤ ਦੇ ਖਾਣੇ ਵਿੱਚ ਸ਼ਾਮਲ ਹੁੰਦੀਆਂ ਸਨ।”
“ਖਾਣੇ ਤੋਂ ਬਾਅਦ ਉਹ ਤਾਸ਼ ਖੇਡਦੀਆਂ, ਗੱਲਾਂ ਕਰਦੀਆਂ ਜਾਂ ਨੈਪੋਲੀਅਨ ਨੂੰ ਕਿਤਾਬ ਪੜ੍ਹਦੇ ਸੁਣਦੀਆਂ।”
ਨੈਪੋਲੀਅਨ ਦੀ ਹਰ ਹਰਕਤ ‘ਤੇ ਨੇੜਿਓਂ ਨਜ਼ਰ
ਪਹਿਰੇ ਹੇਠ ਰਹਿਣ ਦੇ ਬਾਵਜੂਦ, ਨੈਪੋਲੀਅਨ ਆਪਣਾ ਬਾਗਬਾਨੀ ਦਾ ਸ਼ੌਕ ਪੂਰਾ ਕਰਦੇ। ਇਸ ਕੰਮ ਵਿੱਚ ਦੋ ਚੀਨੀ ਮਜ਼ਦੂਰ ਉਨ੍ਹਾਂ ਦੀ ਮਦਦ ਕਰਦੇ ਸਨ। ਨੈਪੋਲੀਅਨ ਨੂੰ ਆਪਣੇ ਹੱਥਾਂ ਨਾਲ ਪੌਦਿਆਂ ਨੂੰ ਪਾਣੀ ਦੇਣਾ ਬਹੁਤ ਪਸੰਦ ਸੀ।
ਨੈਪੋਲੀਅਨ ਨਾ ਤਾਂ ਜੰਗੀ ਕੈਦੀ ਸਨ ਅਤੇ ਨਾ ਹੀ ਸਹੀ ਅਰਥਾਂ ਵਿੱਚ ਦੋਸ਼ੀ ਠਹਿਰਾਏ ਗਏ ਅਪਰਾਧੀ। ਉਨ੍ਹਾਂ ਨੂੰ ਸਿਰਫ਼ ਇੱਕ ਹੱਦ ਤੱਕ ਹੀ ਪੈਦਲ ਚੱਲਣ ਜਾਂ ਘੋੜਿਆਂ ਦੀ ਸਵਾਰੀ ਕਰਨ ਦੀ ਇਜਾਜ਼ਤ ਸੀ। ਉਸ ਸਮੇਂ ਵੀ ਇੱਕ ਬ੍ਰਿਟਿਸ਼ ਅਫ਼ਸਰ ਹਮੇਸ਼ਾ ਉਨ੍ਹਾਂ ਦੇ ਨਾਲ ਹੁੰਦਾ ਸੀ, ਘਰ ਦੇ ਅੰਦਰ ਵੀ ਸਿਪਾਹੀ ਉਨ੍ਹਾਂ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖਦੇ ਸਨ।
ਦਿਨ ਵਿੱਚ ਦੋ ਵਾਰ ਇੱਕ ਅਫ਼ਸਰ ਉਨ੍ਹਾਂ ਦੀ ਮੌਜੂਦਗੀ ਦੀ ਪੁਸ਼ਟੀ ਕਰਨ ਲਈ ਉਨ੍ਹਾਂ ਨੂੰ ਮਿਲਣ ਆਉਂਦਾ ਸੀ।
ਸੇਂਟ ਹੇਲੇਨਾ ਦੇ ਗਵਰਨਰ, ਰੀਅਰ ਐਡਮਿਰਲ ਸਰ ਜਾਰਜ ਕਾਕਬਰਨ ਨੇ ਆਪਣੀ ਡਾਇਰੀ ਵਿੱਚ ਲਿਖਿਆ ਹੈ: “ਦੋ ਪਾਣੀ ਦੇ ਜਹਾਜ਼ ਟਾਪੂ ਦੇ ਚੱਕਰ ਲਗਾਉਂਦੇ ਰਹਿੰਦੇ ਸਨ। ਨੈਪੋਲੀਅਨ ਨੂੰ ਪੜ੍ਹਨ ਲਈ ਕੋਈ ਵੀ ਅਖ਼ਬਾਰ ਨਹੀਂ ਦਿੱਤਾ ਜਾਂਦਾ ਸੀ। ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਨੈਪੋਲੀਅਨ ਨੇ ਕਦੇ ਸੇਂਟ ਹੇਲੇਨਾ ਤੋਂ ਭੱਜਣ ਬਾਰੇ ਸੋਚਿਆ ਹੋਵੇ।”
ਇਸ ਦੇ ਉਲਟ, ਉਨ੍ਹਾਂ ਨੇ ਉੱਥੋਂ ਦੇ ਹਾਲਾਤ ਅਨੁਸਾਰ ਆਪਣੇ ਆਪ ਨੂੰ ਇਸ ਤਰ੍ਹਾਂ ਢਾਲ ਲਿਆ ਸੀ ਕਿ ਅਜਿਹਾ ਲੱਗ ਰਿਹਾ ਸੀ ਜਿਵੇਂ ਉਹ ਇਸਦਾ ਆਨੰਦ ਮਾਣ ਰਹੇ ਹੋਣ। ਉਹ ਸਾਰੇ ਬ੍ਰਿਟਿਸ਼ ਅਫ਼ਸਰਾਂ ਨਾਲ ਨਿਮਰਤਾ ਨਾਲ ਪੇਸ਼ ਆਉਂਦੇ ਸਨ। ਉੱਥੇ ਆਉਣ ਜਾਂ ਉੱਥੋਂ ਲੰਘਣ ਵਾਲੇ ਬ੍ਰਿਟਿਸ਼ ਸੈਨਿਕਾਂ ਲਈ ਨੈਪੋਲੀਅਨ ਦੀ ਸਿਰਫ਼ ਇੱਕ ਝਲਕ ਪਾਉਣਾ ਇੱਕ ਬਹੁਤ ਵੱਡਾ ਆਕਰਸ਼ਣ ਹੋਇਆ ਕਰਦਾ ਸੀ।
ਨੈਪੋਲੀਅਨ ਉਨ੍ਹਾਂ ਲੋਕਾਂ ਨਾਲ ਵੀ ਬਹੁਤ ਵਧੀਆ ਵਿਵਹਾਰ ਕਰਦਾ ਸਨ। ਨਤੀਜਾ ਇਹ ਹੋਇਆ ਕਿ ਬ੍ਰਿਟਿਸ਼ ਅਖ਼ਬਾਰਾਂ ਵਿੱਚ ਖ਼ਬਰਾਂ ਆਉਣ ਲੱਗੀਆਂ ਕਿ ਨੈਪੋਲੀਅਨ ਨੂੰ ਬਹੁਤ ਮੁਸ਼ਕਲ ਹਾਲਾਤ ਵਿੱਚ ਰੱਖਿਆ ਜਾ ਰਿਹਾ ਹੈ।

ਤਸਵੀਰ ਸਰੋਤ, Getty Images
ਨੈਪੋਲੀਅਨ ਅਤੇ ਗਵਰਨਰ ਲੋਵ ਵਿਚਕਾਰ ਅਣਬਣ
ਅਪ੍ਰੈਲ, 1816 ਵਿੱਚ ਮੇਜਰ ਜਨਰਲ ਸਰ ਹਡਸਨ ਲੋਵ ਨੇ ਐਡਮਿਰਲ ਕਾਕਬਰਨ ਦੀ ਥਾਂ ਸੇਂਟ ਹੇਲੇਨਾ ਦਾ ਫੌਜੀ ਗਵਰਨਰ ਦੀ ਥਾਂ ਅਹੁਦਾ ਸੰਭਾਲਿਆ, ਪਰ ਸ਼ੁਰੂ ਤੋਂ ਹੀ ਨੈਪੋਲੀਅਨ ਅਤੇ ਲੋਵ ਵਿਚਕਾਰ ਬਣ ਨਹੀਂ ਸਕੀ।
ਐਡਮ ਜ਼ਮੋਇਸਕੀ ਨੇ ਲਿਖਿਆ, “ਜਦੋਂ ਨਵੇਂ ਗਵਰਨਰ ਬਿਨਾਂ ਕਿਸੇ ਪੂਰਵ ਸੂਚਨਾ ਦੇ ਲੌਂਗਵੁੱਡ ਹਾਊਸ ਪਹੁੰਚੇ, ਤਾਂ ਨੈਪੋਲੀਅਨ ਨੇ ਉਨ੍ਹਾਂ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ। ਨੈਪੋਲੀਅਨ ਨੇ ਉਨ੍ਹਾਂ ਨੂੰ ਸੁਨੇਹਾ ਭੇਜਿਆ ਕਿ ਉਹ ਅਗਲੇ ਦਿਨ ਉਨ੍ਹਾਂ ਨੂੰ ਮਿਲਣਗੇ। ਮੁਲਾਕਾਤ ਜ਼ਰੂਰ ਹੋਈ ਪਰ ਨੈਪੋਲੀਅਨ ਨੇ ਉਸੇ ਪਲ ਤੋਂ ਉਨ੍ਹਾਂ ਨੂੰ ਨਾਪਸੰਦ ਕਰਨਾ ਸ਼ੁਰੂ ਕਰ ਦਿੱਤਾ। ਲੋਵ ਨੇ ਵੀ ਨੈਪੋਲੀਅਨ ਨੂੰ ਸਬਕ ਸਿਖਾਉਣ ਦਾ ਫੈਸਲਾ ਕਰ ਲਿਆ।”
ਜਦੋਂ ਨੈਪੋਲੀਅਨ ਦੇ ਇੱਕ ਅੰਗਰੇਜ਼ ਪ੍ਰਸ਼ੰਸਕ ਨੇ ਉਨ੍ਹਾਂ ਨੂੰ ਕਿਤਾਬਾਂ ਦੇ ਦੋ ਡੱਬੇ ਭੇਜੇ, ਤਾਂ ਲੋਵ ਨੇ ਉਨ੍ਹਾਂ ਨੂੰ ਜ਼ਬਤ ਕਰਵਾ ਲਿਆ। ਜਦੋਂ ਉਨ੍ਹਾਂ ਦੀ ਭੈਣ ਪੌਲੀਨ ਨੇ ਉਨ੍ਹਾਂ ਦੀ ਵਰਤੋਂ ਲਈ ਕੁਝ ਚੀਜ਼ਾਂ ਭੇਜੀਆਂ, ਤਾਂ ਉਨ੍ਹਾਂ ਨੂੰ ਨੈਪੋਲੀਅਨ ਕੋਲ ਜਾਣ ਤੋਂ ਇਕ ਕਹਿ ਕੇ ਰੋਕ ਦਿੱਤਾ ਗਿਆ ਕਿ ਉਨ੍ਹਾਂ ਨੂੰ ਇੰਨੀਆਂ ਸਾਰੀਆਂ ਚੀਜ਼ਾਂ ਦੀ ਜ਼ਰੂਰਤ ਨਹੀਂ ਸੀ।
ਨੈਪੋਲੀਅਨ ਅਤੇ ਲੋਵ ਵਿਚਕਾਰ ਟਕਰਾਅ

ਤਸਵੀਰ ਸਰੋਤ, Getty Images
ਇਸ ਦੌਰਾਨ, ਲੋਵ ਅਤੇ ਨੈਪੋਲੀਅਨ ਵਿਚਕਾਰ ਦੋ ਮੁਲਾਕਾਤਾਂ ਹੋਈਆਂ। ਥਾਮਸ ਔਬਰੀ ਆਪਣੀ ਕਿਤਾਬ ਵਿੱਚ ਲਿਖਦੇ ਹਨ ਕਿ “ਨੈਪੋਲੀਅਨ ਇਨ੍ਹਾਂ ਮੁਲਾਕਾਤਾਂ ਦੌਰਾਨ ਪੂਰਾ ਸਮਾਂ ਖੜ੍ਹੇ ਰਹੇ। ਨਤੀਜੇ ਵਜੋਂ, ਲੋਵ ਨੂੰ ਵੀ ਖੜ੍ਹਾ ਹੋਣਾ ਪਿਆ ਕਿਉਂਕਿ ਸਮਰਾਟ ਦੇ ਸਾਹਮਣੇ ਬੈਠਣਾ ਪ੍ਰੋਟੋਕੋਲ ਦੇ ਵਿਰੁੱਧ ਹੁੰਦਾ ਹੈ।”
”ਲੋਵ ਨੂੰ ਉੱਪਰੋਂ ਆਦੇਸ਼ ਮਿਲੇ ਕਿ ਨੈਪੋਲੀਅਨ ‘ਤੇ ਹੋਣ ਵਾਲੇ ਖਰਚ ਘੱਟ ਕੀਤੇ ਜਾਣ। ਜਦੋਂ ਲੋਵ ਨੇ ਇਸ ਬਾਰੇ ਨੈਪੋਲੀਅਨ ਨਾਲ ਗੱਲ ਕਰਨਾ ਚਾਹਿਆ, ਤਾਂ ਉਨ੍ਹਾਂ ਕਿਹਾ ਕਿ ਇਸ ਬਾਰੇ ਆਪਣੇ ਬਟਲਰ ਨਾਲ ਗੱਲ ਕਰੋ।”
ਜਦੋਂ 18 ਅਗਸਤ 1816 ਨੂੰ ਲੋਵ ਦੁਬਾਰਾ ਨੈਪੋਲੀਅਨ ਨੂੰ ਮਿਲਣ ਗਏ, ਤਾਂ ਨੈਪੋਲੀਅਨ ਇਹ ਕਹਿੰਦੇ ਹੋਏ ਉਨ੍ਹਾਂ ‘ਤੇ ਭੜਕ ਗਏ ਕਿ ਤੁਸੀਂ ਇੱਕ ਮਾਮੂਲੀ ਵਰਕਰ ਤੋਂ ਸਿਵਾ ਕੁੱਝ ਨਹੀਂ ਹੋ।
ਗਿਲਬਰਟ ਮਾਰਟੀਨਿਊ ਨੈਪੋਲੀਅਨ ਦੀ ਜੀਵਨੀ ਵਿੱਚ ਲਿਖਦੇ ਹਨ, “ਨੈਪੋਲੀਅਨ ਨੇ ਲੋਵ ਨੂੰ ਕਿਹਾ, ‘ਤੂੰ ਸਨਮਾਨਿਤ ਵਿਅਕਤੀ ਬਿਲਕੁਲ ਵੀ ਨਹੀਂ ਹੈਂ। ਤੂੰ ਇੱਕ ਅਜਿਹਾ ਆਦਮੀ ਹੈਂ ਜੋ ਚੋਰੀ ਨਾਲ ਦੂਜਿਆਂ ਦੇ ਪੱਤਰ ਪੜ੍ਹਦਾ ਹੈ। ਤੂੰ ਸਿਰਫ਼ ਇੱਕ ਜੇਲ੍ਹਰ ਹੈਂ, ਸਿਪਾਹੀ ਤਾਂ ਬਿਲਕੁਲ ਵੀ ਨਹੀਂ। ਮੇਰਾ ਸਰੀਰ ਜ਼ਰੂਰ ਤੁਹਾਡੇ ਹੱਥਾਂ ਵਿੱਚ ਹੈ, ਪਰ ਮੇਰੀ ਆਤਮਾ ਆਜ਼ਾਦ ਹੈ।
ਇਹ ਸੁਣਦੇ ਹੀ ਲੋਵੀ ਦਾ ਚਿਹਰਾ ਲਾਲ ਹੋ ਗਿਆ। ਉਨ੍ਹਾਂ ਨੇ ਨੈਪੋਲੀਅਨ ਨੂੰ ਕਿਹਾ, ‘ਤੂੰ ਹਾਸੋਹੀਣਾ ਹੈਂ ਅਤੇ ਤੇਰਾ ਰੁੱਖਾਪਣ ਤਰਸਯੋਗ ਹੈ।’ ਇਹ ਕਹਿ ਕੇ ਲੋਵ ਉੱਥੋਂ ਚਲਾ ਗਏ।
ਇਸ ਤੋਂ ਬਾਅਦ ਉਹ ਜੀਉਂਦੇ ਜੀ ਕਦੇ ਨੈਪੋਲੀਅਨ ਨੂੰ ਨਹੀਂ ਮਿਲੇ।
ਨੈਪੋਲੀਅਨ ਦੀ ਵਿਗੜਦੀ ਸਿਹਤ

ਤਸਵੀਰ ਸਰੋਤ, Getty Images
ਇਸ ਤੋਂ ਬਾਅਦ ਨੈਪੋਲੀਅਨ ਦਾ ਮਨੋਬਲ ਡਿੱਗਣਾ ਸ਼ੁਰੂ ਹੋ ਗਿਆ। ਜ਼ਿੰਦਗੀ ਦੀ ਇੱਕਸਾਰਤਾ, ਬੋਰੀਅਤ, ਖਰਾਬ ਮੌਸਮ, ਮਾੜਾ ਖਾਣਾ, ਹਰ ਦਰਵਾਜ਼ੇ ਅਤੇ ਖਿੜਕੀ ‘ਤੇ ਸੰਤਰੀਆਂ ਦੀ ਮੌਜੂਦਗੀ। ਘੁੰਮਣ-ਫਿਰਨ ‘ਤੇ ਪਾਬੰਦੀਆਂ ਅਤੇ ਵਾਰ-ਵਾਰ ਆਉਂਦੀਆਂ ਬਿਮਾਰੀਆਂ ਨੇ ਨੈਪੋਲੀਅਨ ਨੂੰ ਬਹੁਤ ਪਰੇਸ਼ਾਨ ਕਰ ਦਿੱਤਾ।
ਲੋਵੀ ਵੱਲੋਂ ਘੁੰਮਣ-ਫਿਰਨ ‘ਤੇ ਪਾਬੰਦੀਆਂ ਲਗਾਉਣ ਤੋਂ ਬਾਅਦ, ਨੈਪੋਲੀਅਨ ਨੇ ਘੋੜਸਵਾਰੀ ਕਰਨੀ ਅਤੇ ਸੈਰ ਕਰਨਾ ਵੀ ਬੰਦ ਕਰ ਦਿੱਤਾ।
1816 ਦੇ ਅੰਤ ਤੱਕ, ਨੈਪੋਲੀਅਨ ਨੂੰ ਖੰਘ ਅਤੇ ਬੁਖਾਰ ਰਹਿਣ ਲੱਗ ਪਿਆ। ਕਈ ਦਿਨ ਅਜਿਹੇ ਵੀ ਹੁੰਦੇ ਸਨ ਜਦੋਂ ਉਹ ਆਪਣੇ ਕੱਪੜੇ ਵੀ ਨਹੀਂ ਬਦਲਦੇ ਸਨ ਅਤੇ ਆਪਣੇ ਕਮਰੇ ਤੋਂ ਬਾਹਰ ਹੀ ਨਹੀਂ ਨਿਕਲਦੇ ਸਨ।
ਟਾਮਸ ਔਬਰੀ ਲਿਖਦੇ ਹਨ, “ਜਦੋਂ ਨੈਪੋਲੀਅਨ ਬਿਮਾਰ ਹੋ ਗਏ, ਤਾਂ ਗਵਰਨਰ ਲੋਵ ਨੇ ਪਹਿਲਾਂ ਤਾਂ ਇਹ ਮੰਨਣ ਤੋਂ ਇਨਕਾਰ ਕਰ ਦਿੱਤਾ ਕਿ ਉਹ ਬਿਮਾਰ ਹਨ। ਬਾਅਦ ਵਿੱਚ ਉਨ੍ਹਾਂ ਨੇ ਫੌਜ ਜਾਂ ਨੇਵੀ ਦਾ ਇੱਕ ਚੰਗਾ ਡਾਕਟਰ ਭੇਜਣ ਦੀ ਪੇਸ਼ਕਸ਼ ਕੀਤੀ, ਜਿਸਨੂੰ ਨੈਪੋਲੀਅਨ ਨੇ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਨ੍ਹਾਂ ਨੂੰ ਸ਼ੱਕ ਸੀ ਕਿ ਉਹ ਡਾਕਟਰ ਗਵਰਨਰ ਲਈ ਜਾਸੂਸੀ ਕਰਨਗੇ। ਬਾਅਦ ਵਿੱਚ ਨੈਪੋਲੀਅਨ ਨੇ ਐਚਐਮ ਐਸ ਕੌਂਕਰਰ ਦੇ ਡਾਕਟਰ ਜੌਨ ਸਟੋਕੋ ਨੂੰ ਉਨ੍ਹਾਂ ਨੂੰ ਜਾਂਚਣ ਦੀ ਇਜਾਜ਼ਤ ਦੇ ਦਿੱਤੀ।”
ਮਹਿਜ਼ 52 ਸਾਲ ਦੀ ਉਮਰ ਵਿੱਚ ਨੈਪੋਲੀਅਨ ਦੀ ਮੌਤ

ਤਸਵੀਰ ਸਰੋਤ, Getty Images
ਜਨਵਰੀ 1819 ਵਿੱਚ, ਡਾਕਟਰ ਸਟੋਕੋ ਨੂੰ ਪਤਾ ਲੱਗਾ ਕਿ ਨੈਪੋਲੀਅਨ ਹੈਪੇਟਾਈਟਸ ਤੋਂ ਪੀੜਤ ਸਨ। ਅਪ੍ਰੈਲ ਵਿੱਚ, ਨੈਪੋਲੀਅਨ ਨੇ ਬ੍ਰਿਟਿਸ਼ ਪ੍ਰਧਾਨ ਮੰਤਰੀ, ਲਾਰਡ ਲਿਵਰਪੂਲ ਨੂੰ ਆਪਣੀ ਖਰਾਬ ਸਿਹਤ ਬਾਰੇ ਇੱਕ ਪੱਤਰ ਭਿਜਵਾਇਆ, ਪਰ ਲੋਵ ਨੇ ਪ੍ਰਧਾਨ ਮੰਤਰੀ ਨੂੰ ਸਮਝਾ ਦਿੱਤਾ ਕਿ ਨੈਪੋਲੀਅਨ ਦੀ ਸਿਹਤ ਵਿੱਚ ਕੋਈ ਗੜਬੜੀ ਨਹੀਂ ਸੀ।
ਬਸੰਤ ਆਉਂਦੇ-ਆਉਂਦੇ ਉਨ੍ਹਾਂ ਨੂੰ ਇੱਕ ਗੰਭੀਰ ਬਿਮਾਰੀ ਲੱਗ ਗਈ। ਉਹ ਜਾਂ ਤਾਂ ਕੈਂਸਰ ਸੀ ਜਾਂ ਪੇਟ ਵਿੱਚ ਅਲਸਰ ਕਾਰਨ ਵਗਣ ਵਾਲਾ ਖੂਨ। ਅਪ੍ਰੈਲ ਦੇ ਆਖਰੀ ਹਫ਼ਤੇ ਵਿੱਚ ਨੈਪੋਲੀਅਨ ਨੂੰ ਖੂਨ ਦੀਆਂ ਉਲਟੀਆਂ ਆਉਣ ਲੱਗ ਪਈਆਂ ਸਨ।
ਉਨ੍ਹਾਂ ਨੇ ਬੇਨਤੀ ਕੀਤੀ ਕਿ ਉਨ੍ਹਾਂ ਦਾ ਪਲੰਗ ਡਰਾਇੰਗ ਰੂਮ ਵਿੱਚ ਰੱਖ ਦਿੱਤਾ ਜਾਵੇ ਜਿੱਥੇ ਜ਼ਿਆਦਾ ਰੌਸ਼ਨੀ ਆਉਂਦੀ ਸੀ। ਉਹ ਦਿਨੋ-ਦਿਨ ਕਮਜ਼ੋਰ ਹੁੰਦੇ ਜਾ ਰਹੇ ਸਨ ਅਤੇ ਕਈ ਵਾਰ ਬੇਹੋਸ਼ ਵੀ ਹੋ ਜਾਂਦੇ ਸਨ।
5 ਮਈ, 1821 ਨੂੰ ਸ਼ਾਮ 5:50 ਵਜੇ ਨੈਪੋਲੀਅਨ ਨੇ ਆਖਰੀ ਸਾਹ ਲਿਆ। ਉਸ ਸਮੇਂ ਉਨ੍ਹਾਂ ਦੀ ਉਮਰ ਮਹਿਜ਼ 52 ਸਾਲ ਸੀ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI