Source :- BBC PUNJABI

ਤਸਵੀਰ ਸਰੋਤ, Getty Images
ਪਹਿਲਗਾਮ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਵਿਚਾਲੇ ਤਣਾਅ ਦੀ ਸਥਿਤੀ ਵਿੱਚ, ਇੱਕ ਪਾਸੇ ਪਾਕਿਸਤਾਨ ਦੇ ਰੱਖਿਆ ਮੰਤਰੀ ਖ਼ਵਾਜਾ ਆਸਿਫ਼ ਨੇ ਸੰਭਾਵੀ ਹਮਲੇ ਦਾ ਸੰਕੇਤ ਦਿੱਤਾ ਹੈ, ਤਾਂ ਦੂਜੇ ਪਾਸੇ ਇਸ ਵਿਵਾਦ ਵਿੱਚ ਚੀਨ ਦੀ ਭੂਮਿਕਾ ‘ਤੇ ਵੀ ਚਰਚਾ ਹੋ ਰਹੀ ਹੈ।
ਕੀ ਚੀਨ ਅਤੇ ਪਾਕਿਸਤਾਨ ਦਾ ਗਠਜੋੜ ਭਾਰਤ ਨੂੰ ਕਾਰਵਾਈ ਕਰਨ ਤੋਂ ਰੋਕ ਸਕਦਾ ਹੈ?
ਚੀਨ ਇਸ ਵਿਵਾਦ ਵਿੱਚ ਪਾਕਿਸਤਾਨ ਦੀ ਕਿਸ ਹੱਦ ਤੱਕ ਮਦਦ ਕਰ ਸਕਦਾ ਹੈ ਅਤੇ ਸਭ ਤੋਂ ਮਹੱਤਵਪੂਰਨ ਸਵਾਲ ਇਹ ਹੈ ਕਿ ਚੀਨ ਦੇ ਆਪਣੇ ਹਿੱਤ ਕੀ ਹਨ?
ਹਾਲ ਹੀ ਵਿੱਚ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ਕਿਹਾ ਸੀ ਕਿ ਜੰਮੂ-ਕਸ਼ਮੀਰ ਵਿੱਚ ਹੋਏ ਹਮਲੇ ਤੋਂ ਬਾਅਦ, ਚੀਨ ‘ਪਾਕਿਸਤਾਨ ਅਤੇ ਭਾਰਤ ਵਿਚਕਾਰ ਵਧਦੇ ਤਣਾਅ ‘ਤੇ ਨਜ਼ਰ ਰੱਖ ਰਿਹਾ ਹੈ।’
ਚੀਨੀ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪਾਕਿਸਤਾਨੀ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਗੱਲਬਾਤ ਦੌਰਾਨ, ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਨੇ ‘ਦੋਵਾਂ ਧਿਰਾਂ ਨੂੰ ਸੰਜਮ ਨਾਲ ਕੰਮ ਕਰਨ’ ਦੀ ਅਪੀਲ ਕੀਤੀ ਹੈ।

ਤਸਵੀਰ ਸਰੋਤ, Getty Images
ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲਾ ਪਿਛਲੇ ਮੰਗਲਵਾਰ ਨੂੰ ਹੋਇਆ ਸੀ। ਅਗਲੇ ਦਿਨ, ਚੀਨ ਨੇ ਇਸ ਹਮਲੇ ਦੀ ਆਲੋਚਨਾ ਕੀਤੀ ਸੀ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਨੇ ਕਿਹਾ ਸੀ, “ਅਸੀਂ ਹਰ ਤਰ੍ਹਾਂ ਦੇ ਅੱਤਵਾਦ ਦਾ ਵਿਰੋਧ ਕਰਦੇ ਹਾਂ।”
ਭਾਰਤ ਵਿੱਚ ਚੀਨੀ ਰਾਜਦੂਤ ਨੇ ਵੀ ਹਮਲੇ ਦੇ ਪੀੜਤਾਂ ਨਾਲ ਹਮਦਰਦੀ ਪ੍ਰਗਟਾਈ ਸੀ।
ਬੀਬੀਸੀ ਨੇ ਮਾਹਿਰਾਂ ਨਾਲ ਗੱਲ ਕਰਕੇ ਇਹ ਜਾਣਿਆ ਕਿ ਮੌਜੂਦਾ ਸਥਿਤੀ ਵਿੱਚ ਚੀਨ ਦੀ ਭੂਮਿਕਾ ਕਿੰਨੀ ਮਹੱਤਵਪੂਰਨ ਹੈ ਅਤੇ ਉਹ ਪਾਕਿਸਤਾਨ ਦੀ ਕਿਸ ਹੱਦ ਤੱਕ ਮਦਦ ਕਰ ਸਕਦਾ ਹੈ।
ਸੁਰੱਖਿਆ ਬਾਰੇ ਪਾਕਿਸਤਾਨ ਦੀਆਂ ਕੀ ਚਿੰਤਾਵਾਂ ਹਨ?

ਤਸਵੀਰ ਸਰੋਤ, Getty Images
ਚੀਨ ਦੇ ਵਿਦੇਸ਼ ਮੰਤਰਾਲੇ ਦੇ ਅਨੁਸਾਰ, ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨਾਲ ਗੱਲਬਾਤ ਵਿੱਚ ਵਾਂਗ ਯੀ ਨੇ ਕਿਹਾ ਕਿ ਚੀਨ ਜਲਦੀ ਤੋਂ ਜਲਦੀ ਨਿਰਪੱਖ ਜਾਂਚ ਦਾ ਸਮਰਥਨ ਕਰਦਾ ਹੈ ਕਿਉਂਕਿ ‘ਇਹ ਲੜਾਈ ਪਾਕਿਸਤਾਨ ਜਾਂ ਭਾਰਤ ਦੇ ਬੁਨਿਆਦੀ ਹਿੱਤਾਂ ਨਾਲ ਮੇਲ ਨਹੀਂ ਖਾਂਦੀ। ਨਾ ਹੀ ਇਹ ਖੇਤਰੀ ਸ਼ਾਂਤੀ ਅਤੇ ਸੁਰੱਖਿਆ ਦੇ ਅਨੁਕੂਲ ਹੈ।’
ਸ਼ਨੀਵਾਰ ਨੂੰ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਪਹਿਲਗਾਮ ਹਮਲੇ ਸਬੰਧੀ ਇਲਜ਼ਾਮਾਂ ਤੋਂ ਇਨਕਾਰ ਕੀਤਾ ਸੀ।
ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਨੇ ਚੀਨ ਦਾ “ਲਗਾਤਾਰ ਸਮਰਥਨ” ਲਈ ਧੰਨਵਾਦ ਕੀਤਾ।
ਪਹਿਲਗਾਮ ਹਮਲੇ ਦੀ ‘ਨਿਰਪੱਖ ਜਾਂਚ’

ਤਸਵੀਰ ਸਰੋਤ, Getty Images
ਬੀਜਿੰਗ ਸਥਿਤ ਤਾਏ ਹੋ ਇੰਸਟੀਚਿਊਟ ਦੇ ਏਸ਼ੀਆ ਨੈਰੇਟਿਵਜ਼ ਸਬਸਟੈਕ ਦੇ ਚੇਅਰਮੈਨ ਈਨਾਰ ਟੈਂਗਨ ਕਹਿੰਦੇ ਹਨ, “ਭਾਰਤ ਬਿਨ੍ਹਾਂ ਸਬੂਤ ਦੇ ਦਾਅਵਾ ਕਰ ਰਿਹਾ ਹੈ ਕਿ ਹਮਲਾ ਪਾਕਿਸਤਾਨ ਨੇ ਕਰਵਾਇਆ ਹੈ। ਇਹ ਇਲਜ਼ਾਮਾਂ ਦਾ ਇੱਕ ਲੰਮਾ ਸਿਲਸਿਲਾ ਹੈ, ਜਿਸਦੀ ਪੁਸ਼ਟੀ ਲਈ ਠੋਸ ਅਤੇ ਮੁਕੰਮਲ ਸਬੂਤਾਂ ਦੀ ਲੋੜ ਹੋਵੇਗੀ।”
ਉਹ ਕਹਿੰਦੇ ਹਨ, “ਭਾਰਤ ਵੱਲੋਂ ਪਾਣੀ ਬੰਦ ਕਰਨ ਦੀ ਧਮਕੀ ਬਹੁਤ ਗੰਭੀਰ ਮਾਮਲਾ ਹੈ। ਅਸਲ ਸਵਾਲ ਇਹ ਹੈ ਕਿ ਕੀ ਭਾਰਤ ਸੱਚਮੁੱਚ ਪਾਣੀ ਬੰਦ ਕਰ ਦੇਵੇਗਾ? ਜੇਕਰ ਅਜਿਹਾ ਹੁੰਦਾ ਹੈ, ਤਾਂ ਦੋਵਾਂ ਦੇਸ਼ਾਂ ਵਿਚਕਾਰ ਟਕਰਾਅ ਦਾ ਖ਼ਤਰਾ ਹੈ, ਇਸ ਲਈ ਸ਼ਾਂਤੀ ਬਣਾਈ ਰੱਖਣ ਦਾ ਇੱਕੋ-ਇੱਕ ਤਰੀਕਾ ਇਹ ਹੈ ਕਿ ਪਹਿਲਗਾਮ ਹਮਲੇ ਦੀ ਨਿਰਪੱਖ ਜਾਂਚ ਕੀਤੀ ਜਾਵੇ ਅਤੇ ਹਰ ਗੱਲ ਸੱਚਾਈ ਦੀ ਬੁਨਿਆਦ ‘ਤੇ ਸਾਹਮਣੇ ਲੈ ਕੇ ਆਈ ਜਾਵੇ।”
“ਅਤੇ ਇਸ ਵਿੱਚ ਸਿਰਫ਼ ਪਾਕਿਸਤਾਨ ਅਤੇ ਚੀਨ ਵਰਗੇ ਨਜ਼ਦੀਕੀ ਸਹਿਯੋਗੀਆਂ ਨੂੰ ਹੀ ਸ਼ਾਮਲ ਨਾ ਹੋਣ, ਸਗੋਂ ਤੁਰਕੀ ਅਤੇ ‘ਬ੍ਰਿਕਸ’ ਵਰਗੇ ਸੰਗਠਨ ਦੇ ਹੋਰ ਦੇਸ਼ਾਂ ਨੂੰ ਵੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਜਾਂਚ ਪਾਰਦਰਸ਼ੀ ਹੋਵੇ ਅਤੇ ਦੋਵਾਂ ਧਿਰਾਂ ਨੂੰ ਮੰਜ਼ੂਰ ਹੋਵੇ।”
ਕੀ ਹਨ ਚੀਨ ਦੀਆਂ ਤਰਜੀਹਾਂ?

ਤਸਵੀਰ ਸਰੋਤ, Getty Images
ਪਾਕਿਸਤਾਨ ਅਤੇ ਚੀਨ ਵਿਚਕਾਰ ਕਈ ਦਹਾਕਿਆਂ ਤੋਂ ਰੱਖਿਆ ਸਹਿਯੋਗ ਅਤੇ ਕੂਟਨੀਤਕ ਸਬੰਧ ਰਹੇ ਹਨ। ਇਸ ਸਮੇਂ ਦੌਰਾਨ, ਆਰਥਿਕ ਤੌਰ ‘ਤੇ ਵੀ ਪਾਕਿਸਤਾਨ ਦੀ ਚੀਨ ‘ਤੇ ਨਿਰਭਰਤਾ ਵਧੀ ਹੈ।
ਗੱਲ ਚਾਹੇ ਆਧੁਨਿਕ ਹਥਿਆਰਾਂ ਦੀ ਸਪਲਾਈ ਦੀ ਹੋਵੇ, ਸਾਲਾਨਾ ਆਰਥਿਕ ਘਾਟੇ ਨਾਲ ਨਜਿੱਠਣ ਲਈ ਕਰਜ਼ਾ ਹੋਵੇ ਜਾਂ ਆਈਏਟੀਐੱਫ ਦੀਆਂ ਸਖ਼ਤ ਕਾਰਵਾਈਆਂ ਤੋਂ ਬਚਣਾ ਹੋਵੇ, ਚੀਨ ਕਈ ਮੌਕਿਆਂ ‘ਤੇ ਪਾਕਿਸਤਾਨ ਦੀ ਮਦਦ ਲਈ ਅੱਗੇ ਆਇਆ ਹੈ।
ਇਸੇ ਤਰ੍ਹਾਂ, ਚੀਨ ਪਾਕਿਸਤਾਨ ਇਕੋਨੋਮਿਕ ਕੋਰੀਡੋਰ ਯਾਨੀ ਕਿ ‘ਸੀਪੇਕ’ ਦੇ ਤਹਿਤ ਚੀਨ ਨੇ ਪਾਕਿਸਤਾਨ ਵਿੱਚ 62 ਅਰਬ ਡਾਲਰ ਦਾ ਨਿਵੇਸ਼ ਕੀਤਾ ਹੈ। ਹਾਲ ਹੀ ਵਿੱਚ, ਗਵਾਦਰ ਵਿੱਚ ਚੀਨ ਦੇ ਨਿਵੇਸ਼ ਨਾਲ ਬਣੇ ਇੱਕ ਹਵਾਈ ਅੱਡੇ ਦਾ ਉਦਘਾਟਨ ਵੀ ਕੀਤਾ ਗਿਆ ਹੈ।
ਚੀਨ ਅਤੇ ਪਾਕਿਸਤਾਨ ਨਾ ਸਿਰਫ਼ ਸਾਂਝੇ ਫੌਜੀ ਅਭਿਆਸ ਕਰਦੇ ਹਨ ਬਲਕਿ ਪਾਕਿਸਤਾਨ ਚੀਨ ਤੋਂ ਵੱਡੇ ਪੱਧਰ ‘ਤੇ ਆਧੁਨਿਕ ਹਥਿਆਰ ਵੀ ਖਰੀਦਦਾ ਹੈ।

ਸਟਾਕਹੋਮ ਇੰਟਰਨੈਸ਼ਨਲ ਪੀਸ ਰਿਸਰਚ ਇੰਸਟੀਚਿਊਟ ਦੀ ਇੱਕ ਰਿਪੋਰਟ ਦੇ ਅਨੁਸਾਰ, ਪਿਛਲੇ ਪੰਜ ਸਾਲਾਂ ਦੌਰਾਨ ਪਾਕਿਸਤਾਨ ਨੂੰ 81 ਫੀਸਦੀ ਹਥਿਆਰਾਂ ਦੀ ਦਰਾਮਦ ਚੀਨ ਤੋਂ ਹੋਈ ਹੈ।
ਪਾਕਿਸਤਾਨ ਦੇ ਸਾਬਕਾ ਡਿਪਲੋਮੈਟ ਤਸਨੀਮ ਅਸਲਮ ਦਾ ਕਹਿਣਾ ਹੈ ਕਿ ਚੀਨ ਨੂੰ ਪਾਕਿਸਤਾਨ ਰਾਹੀਂ ਖਾੜੀ ਦੇਸ਼ਾਂ ਤੱਕ ਪਹੁੰਚ ਮਿਲਦੀ ਹੈ ਪਰ ਪਾਕਿਸਤਾਨ ਵਿੱਚ ਚੀਨ ਦੇ ਨਾਗਰਿਕਾਂ ‘ਤੇ ਵੀ ਹਮਲੇ ਕੀਤੇ ਗਏ ਹਨ।
ਤਸਨੀਮ ਕਹਿੰਦੇ ਹਨ, “ਚੀਨ ਇਸ ਖੇਤਰ ਦਾ ਵੱਡਾ ਦੇਸ਼ ਹੈ, ਜਿਸਦੇ ਦੋਵਾਂ ਵਿਰੋਧੀ ਦੇਸ਼ਾਂ ਨਾਲ ਵਪਾਰਕ ਸਬੰਧ ਹਨ। ਜਿਵੇਂ ਭਾਰਤ ਪਾਕਿਸਤਾਨ ਨੂੰ ਸਰਹੱਦੀ ਤਣਾਅ ਲਈ ਮੁਲਜ਼ਮ ਠਹਿਰਾਉਂਦਾ ਹੈ, ਉਸੇ ਤਰ੍ਹਾਂ ਪਾਕਿਸਤਾਨ ਵੀ ਬਲੋਚਿਸਤਾਨ ਦੇ ਮਾਮਲੇ ‘ਚ ਭਾਰਤ ਨੂੰ ਕਸੂਰਵਾਰ ਠਹਿਰਾਉਂਦਾ ਹੈ। ਪਰ ਇਹ ਚੀਨ ਦੇ ਹਿੱਤ ਵਿੱਚ ਹੈ ਕਿ ਖੇਤਰ ਵਿੱਚ ਸ਼ਾਂਤੀ ਬਣੀ ਰਹੇ। ਚੀਨ ਨੂੰ ਆਪਣੇ ਆਰਥਿਕ ਹਿੱਤਾਂ ਦੀ ਸੁਰੱਖਿਆ ਚਾਹੀਦੀ ਹੈ।”
ਤਸਨੀਮ ਅਸਲਮ ਨੇ ਕਿਹਾ, “ਚੀਨ ਜਾਂ ਖੇਤਰ ਦੇ ਹੋਰ ਦੇਸ਼ ਪਾਕਿਸਤਾਨ ਅਤੇ ਭਾਰਤ ਵਿਚਕਾਰ ਵਿਚੋਲਗੀ ਕਰ ਸਕਦੇ ਹਨ ਪਰ ਇਸਦੇ ਲਈ ਜ਼ਰੂਰੀ ਹੈ ਕਿ ਇੱਕ ਅਜਿਹੀ ਵਿਵਸਥਾ ਬਣਾਈ ਜਾਵੇ, ਜਿਸ ਵਿੱਚ ਸਬੂਤਾਂ ਦੇ ਆਧਾਰ ‘ਤੇ ਅਜਿਹੀਆਂ ਘਟਨਾਵਾਂ ਦੀ ਨਿਰਪੱਖਤਾ ਨਾਲ ਜਾਂਚ ਕੀਤੀ ਜਾਵੇ।”
ਪਾਕਿਸਤਾਨ ਨੂੰ ਚੀਨ ਤੋਂ ਕੀ ਉਮੀਦਾਂ ਹਨ?

ਤਸਵੀਰ ਸਰੋਤ, Getty Images
ਭਾਰਤ ਨਾਲ ਹਾਲ ਹੀ ਵਿੱਚ ਹੋਏ ਤਣਾਅ ਦੇ ਮੱਦੇਨਜ਼ਰ, ਪਾਕਿਸਤਾਨ ਕੂਟਨੀਤੀ ਅਤੇ ਰੱਖਿਆ ਸਹਿਯੋਗ ਦੇ ਤਹਿਤ ਚੀਨ ਤੋਂ ਕੀ ਉਮੀਦਾਂ ਰੱਖਦਾ ਹੈ?
ਬੀਜਿੰਗ ਤੋਂ ਟੈਂਗਨ ਕਹਿੰਦੇ ਹਨ, “ਜੇਕਰ ਕੋਈ ਅਜਿਹਾ ਸਬੂਤ ਹੋਵੇ ਕਿ ਪਾਕਿਸਤਾਨ ਸਰਕਾਰ ਉਸ ਸੰਗਠਨ ਨੂੰ ਉਤਸ਼ਾਹਿਤ ਕਰਨ ਵਿੱਚ ਸ਼ਾਮਲ ਸੀ, ਪਹਿਲਗਾਮ ਹਮਲਾ ਕੀਤਾ ਜਾਂ ਖੁਦ ਹਮਲੇ ਵਿੱਚ ਸ਼ਾਮਲ ਸੀ, ਤਾਂ ਸਥਿਤੀ ਬਦਲ ਸਕਦੀ ਹੈ। ਪਰ ਸ਼ਾਇਦ ਅਜਿਹਾ ਨਹੀਂ ਹੈ।”
ਸਾਲ 2020 ਵਿੱਚ, ਭਾਰਤ ਅਤੇ ਅਮਰੀਕਾ ਨੇ ਗਲੋਬਲ ਸਟ੍ਰੈਟਿਜਿਕ ਪਾਰਟਨਰਸ਼ਿਪ ਸਮਝੌਤਾ ਕੀਤਾ ਸੀ। ਇਸ ਦੇ ਤਹਿਤ ‘ਅੱਤਵਾਦ’ ਸਮੇਤ ਅੰਤਰਰਾਸ਼ਟਰੀ ਅਪਰਾਧਾਂ ਵਿੱਚ ਸਹਿਯੋਗ ਦਾ ਜ਼ਿਕਰ ਹੈ।
ਇਸਦਾ ਹਵਾਲਾ ਦਿੰਦੇ ਹੋਏ ਈਨਾਰ ਟੈਂਗਨ ਕਹਿੰਦੇ ਹਨ ਕਿ ਇਸ ਤੋਂ ਬਾਅਦ ਪਾਕਿਸਤਾਨ ਅਤੇ ਚੀਨ ਨੇ ਵੀ ਕੁਝ ਅਜਿਹਾ ਹੀ ਕਰਨ ਦਾ ਫੈਸਲਾ ਕੀਤਾ, “ਪਰ ਇਹ ਸਮਝੌਤਾ ਕਿਸੇ ਫੌਜੀ ਸਹਿਯੋਗ ਵਰਗਾ ਨਹੀਂ ਹੈ। ਇਸ ਸਮੇਂ ਚੀਨ ਦਾ ਸਿਰਫ ਉੱਤਰੀ ਕੋਰੀਆ ਨਾਲ ਫੌਜੀ ਸਹਿਯੋਗ ਸਬੰਧੀ ਸਮਝੌਤਾ ਹੈ।”
ਇਸ ਮਾਮਲੇ ਵਿੱਚ ਚੀਨ ਕੀ ਕਰ ਸਕਦਾ ਹੈ?

ਤਸਵੀਰ ਸਰੋਤ, Getty Images
ਪਾਕਿਸਤਾਨ ਅਤੇ ਚੀਨ ਦੇ ਸਬੰਧਾਂ ‘ਤੇ ਨਜ਼ਰ ਰੱਖਣ ਵਾਲੇ ਅੰਤਰਰਾਸ਼ਟਰੀ ਮਾਮਲਿਆਂ ਦੇ ਮਾਹਰ ਅਤੇ ਕਾਇਦ-ਏ-ਆਜ਼ਮ ਇੰਟਰਨੈਸ਼ਨਲ ਯੂਨੀਵਰਸਿਟੀ ਦੇ ਪ੍ਰੋਫੈਸਰ ਮੁਹੰਮਦ ਸ਼ੋਏਬ ਕਹਿੰਦੇ ਹਨ ਕਿ ਚੀਨ ਹਮੇਸ਼ਾ ਨਿਰਪੱਖ ਰਹਿੰਦਾ ਹੈ ਅਤੇ ਦੋਵਾਂ ਧਿਰਾਂ ਨੂੰ ਸੰਜਮ ਵਰਤਣ ਲਈ ਕਹਿੰਦਾ ਹੈ।
ਸ਼ੋਏਬ ਕਹਿੰਦੇ ਹਨ, “ਇੱਥੇ ਵੀ ਚੀਨ ਇਹੀ ਕਰ ਰਿਹਾ ਹੈ। ਚੀਨ ਦੀ ਮਜਬੂਰੀ ਇਹ ਵੀ ਹੈ ਕਿ ਉਹ ਅਮਰੀਕਾ ਨਾਲ ਵਪਾਰ ਯੁੱਧ ਵਿੱਚ ਫਸਿਆ ਹੋਇਆ ਹੈ, ਇਸ ਲਈ ਉਹ ਭਾਰਤ ਨਾਲ ਨਵਾਂ ਮੋਰਚਾ ਨਹੀਂ ਖੋਲ੍ਹਣਾ ਚਾਹੁੰਦਾ।”
ਪ੍ਰੋਫੈਸਰ ਸ਼ੋਏਬ ਦੇ ਅਨੁਸਾਰ, ਭਾਰਤ ਚੀਨ ਦਾ ਇੱਕ ਵੱਡਾ ਵਪਾਰਕ ਭਾਈਵਾਲ ਹੈ, ਇਸ ਲਈ ਉਹ ਭਾਰਤ ਨਾਲ ਮਜ਼ਬੂਤ ਸਬੰਧ ਬਣਾਈ ਰੱਖਣਾ ਚਾਹੁੰਦਾ ਹੈ।
ਪ੍ਰੋਫੈਸਰ ਸ਼ੋਏਬ ਦਾ ਮੰਨਣਾ ਹੈ ਕਿ ਚੀਨ ਖੁੱਲ੍ਹ ਕੇ ਨਹੀਂ ਬੋਲੇਗਾ ਸਗੋਂ ਹਮੇਸ਼ਾ ਵਾਂਗ ਇਸ਼ਾਰੇ ਦੇਵੇਗਾ, ਜਿਵੇਂ ਕਿ ਹਾਲ ਹੀ ਦੇ ਬਿਆਨ ਵਿੱਚ ਕਿਹਾ ਗਿਆ ਹੈ।
ਇਸ ਬਿਆਨ ਵਿੱਚ ਕਿਹਾ ਗਿਆ ਹੈ, “ਚੀਨ ਰੱਖਿਆ-ਸਬੰਧੀ ਪਾਕਿਸਤਾਨ ਦੀਆਂ ਜਾਇਜ਼ ਚਿੰਤਾਵਾਂ ਨੂੰ ਸਮਝਦਾ ਹੈ। ਚੀਨ, ਪ੍ਰਭੂਸੱਤਾ ਅਤੇ ਸੁਰੱਖਿਆ ਹਿੱਤਾਂ ਦੀ ਰਾਖੀ ਲਈ ਪਾਕਿਸਤਾਨ ਦੇ ਯਤਨਾਂ ਦਾ ਸਮਰਥਨ ਕਰਦਾ ਹੈ।”
ਪ੍ਰੋਫੈਸਰ ਸ਼ੋਏਬ ਕਹਿੰਦੇ ਹਨ, “ਇਹ ਇੱਕ ਸੰਕੇਤ ਹੈ ਕਿ ਪਾਕਿਸਤਾਨ ਇੱਕ ਪ੍ਰਭੂਸੱਤਾ ਸੰਪੰਨ ਦੇਸ਼ ਹੈ ਅਤੇ ਇਸਦਾ ਮਤਲਬ ਇਹ ਵੀ ਹੈ ਕਿ ਜੇਕਰ ਪਿਛਲੀ ਵਾਰ ਵਾਂਗ, ਇਸ ਵਾਰ ਵੀ ‘ਫੇਸ ਸੇਵਿੰਗ’ ਲਈ ਬਾਲਾਕੋਟ ਵਰਗਾ ਕੋਈ ਹਮਲਾ ਹੁੰਦਾ ਹੈ, ਤਾਂ ਗੱਲ ਪਹਿਲੇ ਦੌਰ ਵਿੱਚ ਹੀ ਖਤਮ ਹੋ ਜਾਣੀ ਚਾਹੀਦੀ ਹੈ।”
ਕੂਟਨੀਤਕ ਮੋਰਚੇ ‘ਤੇ ਚੀਨ ਪਾਕਿਸਤਾਨ ਦਾ ਸਮਰਥਨ ਕਿਵੇਂ ਕਰ ਰਿਹਾ ਹੈ, ਇਸ ਬਾਰੇ ਪ੍ਰੋਫੈਸਰ ਸ਼ੋਏਬ ਕਹਿੰਦੇ ਹਨ, “ਚੀਨ ਦਾ ਪਾਕਿਸਤਾਨ ਨੂੰ ਫਾਇਦਾ ਇਹ ਹੈ ਕਿ ਜਿਸ ਤਰ੍ਹਾਂ ਦੁਨੀਆਂ 2019 ਵਿੱਚ ਪਾਕਿਸਤਾਨ ਵੱਲ ਭੱਜੀ ਸੀ, ਇਸ ਵਾਰ ਉਹ ਸਭ ਕੁਝ ਨਹੀਂ ਹੋਇਆ।”
ਪ੍ਰੋਫੈਸਰ ਸ਼ੋਏਬ ਦਾ ਕਹਿਣਾ ਹੈ ਕਿ ਭਾਰਤ ਵੀ ਦੁਨੀਆਂ ਤੋਂ ਉਹੀ ਸਮਰਥਨ ਚਾਹੁੰਦਾ ਹੈ ਜੋ ਇਜ਼ਰਾਈਲ ਨੇ ਹਮਾਸ ਹਮਲੇ ਦੌਰਾਨ ਉਮੀਦ ਕੀਤੀ ਸੀ। ਪਰ ਚੀਨ ਨੇ ਭਾਰਤ ਦੇ ਕੂਟਨੀਤਕ ਪ੍ਰਭਾਵ ਨੂੰ ਘੱਟ ਕੀਤਾ ਹੈ।
ਜੰਗ ਹੋਈ ਤਾਂ ਚੀਨ ਪਾਕਿਸਤਾਨ ਦਾ ਕਿੰਨਾ ਸਾਥ ਦੇਵੇਗਾ?

ਤਸਵੀਰ ਸਰੋਤ, Getty Images
ਪਾਕਿਸਤਾਨ ਤੋਂ ਚੀਨ ਦੀਆਂ ਉਮੀਦਾਂ ਬਾਰੇ ਪ੍ਰੋਫੈਸਰ ਸ਼ੋਏਬ ਕਹਿੰਦੇ ਹਨ, “ਪਾਕਿਸਤਾਨ ਦੇ ਨੀਤੀ ਨਿਰਮਾਤਾਵਾਂ ਨੂੰ ਵੀ ਅੰਦਾਜ਼ਾ ਹੈ ਕਿ ਚੀਨ ਨਾ ਤਾਂ ਸਾਡੇ ਵੱਲੋਂ ਆ ਕੇ ਜੰਗ ਲੜੇਗਾ, ਨਾ ਹੀ ਸਿੱਧੇ ਤੌਰ ‘ਤੇ ਸ਼ਾਮਲ ਹੋਵੇਗਾ।”
ਉਹ ਕਹਿੰਦੇ ਹਨ, “ਜੇਕਰ ਇਹੀ ਹਾਲਾਤ ਇੱਕ ਸਾਲ ਪਹਿਲਾਂ ਹੁੰਦੇ, ਤਾਂ ਸ਼ਾਇਦ ਚੀਨ ਭਾਰਤ ਨਾਲ ਲੱਗਦੀ ਸਰਹੱਦ ‘ਤੇ ਕੁਝ ਮੂਵਮੈਂਟ ਕਰਦਾ, ਜਿਸ ਨਾਲ ਭਾਰਤ ਨੂੰ ਸੁਨੇਹਾ ਜਾਂਦਾ ਕਿ ਉਸ ਨੂੰ ਦੋਵਾਂ ਸਰਹੱਦਾਂ ‘ਤੇ ਲੜਨਾ ਪਵੇਗਾ।”
ਉਨ੍ਹਾਂ ਨੂੰ ਲੱਗਦਾ ਹੈ ਕਿ ਹਾਲ ਹੀ ਦੇ ਸਮੇਂ ਵਿੱਚ ਭਾਰਤ-ਚੀਨ ਸਬੰਧਾਂ ਵਿੱਚ ਸੁਧਾਰ ਹੋ ਰਿਹਾ ਹੈ।
ਪ੍ਰੋਫੈਸਰ ਸ਼ੋਏਬ ਪਾਕਿਸਤਾਨ ਦੀ ਚੀਨ ‘ਤੇ ਨਿਰਭਰਤਾ ਬਾਰੇ ਕਹਿੰਦੇ ਹਨ, “ਅਸੀਂ ਵਿਕਸਤ ਦੇਸ਼ ਤਾਂ ਨਹੀਂ ਹਾਂ, ਇਸ ਲਈ ਅਸੀਂ ਖਾਸ ਤੌਰ ‘ਤੇ ਸੈਟੇਲਾਈਟਾਂ ਲਈ ਚੀਨ ‘ਤੇ ਨਿਰਭਰ ਕਰਦੇ ਹਾਂ, ਜਿਸ ਵਿੱਚ ਸਭ ਤੋਂ ਮਹੱਤਵਪੂਰਨ ਚੀਜ਼ ‘ਜਾਣਕਾਰੀ ਸਾਂਝੀ ਕਰਨਾ’ ਹੈ। ਅਤੇ ਇਤਿਹਾਸਕ ਨਜ਼ਰੀਏ ਤੋਂ ਦੇਖੀਏ ਤਾਂ ਚੀਨ ਅਜਿਹੇ ਮਾਮਲਿਆਂ ਵਿੱਚ ਧੋਖਾ ਨਹੀਂ ਦਿੰਦਾ ਹੈ।”
ਉਹ ਬੈਦੂ ਦੀ ਮਿਸਾਲ ਦਿੰਦੇ ਹੋਏ ਕਹਿੰਦੇ ਹਨ, “ਅਸੀਂ ਦੁਨੀਆਂ ਦਾ ਪਹਿਲਾ ਦੇਸ਼ ਹਾਂ ਜਿਸ ਕੋਲ ਬੈਦੂ ਸਿਸਟਮ ਦੀ ਫੌਜੀ ਪੱਧਰ ਦੀ ਪਹੁੰਚ ਹੈ।”
ਦੱਸ ਦੇਈਏ ਕਿ ਬੈਦੂ ਚੀਨ ਦੀ ਸਭ ਤੋਂ ਵੱਡੀ ਇੰਟਰਨੈੱਟ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ ਕੰਪਨੀ ਹੈ ਜੋ ਸਰਚ ਇੰਜਣ, ਆਟੋਮੈਟਿਕ ਵਾਹਨਾਂ ਅਤੇ ਕਲਾਉਡ ਕੰਪਿਊਟਿੰਗ ਦੀਆਂ ਸੇਵਾਵਾਂ ਪ੍ਰਦਾਨ ਕਰਦੀ ਹੈ। ਇਹ ਕੰਪਨੀ ਗੂਗਲ ਵਾਂਗ, ਚੀਨ ਵਿੱਚ ਵੈੱਬ ਸਰਚ ਅਤੇ ਏਆਈ ਤਕਨਾਲੋਜੀ ਦੇ ਖੇਤਰ ਵਿੱਚ ਕੰਮ ਕਰਦੀ ਹੈ।
ਪ੍ਰੋਫੈਸਰ ਸ਼ੋਏਬ ਦਾ ਕਹਿਣਾ ਹੈ ਕਿ ਪਾਕਿਸਤਾਨ ਨੂੰ ਭਾਰਤੀ ਜਹਾਜ਼ਾਂ ਅਤੇ ਫੌਜਾਂ ਦੀ ਆਵਾਜਾਈ ਬਾਰੇ ਜਾਣਕਾਰੀ ਲਈ ਚੀਨ ‘ਤੇ ਨਿਰਭਰ ਰਹਿਣਾ ਪਵੇਗਾ।
ਚੀਨ ਤੋਂ ਆਏ ਪਾਕਿਸਤਾਨ ਦੇ ਹਥਿਆਰ

ਤਸਵੀਰ ਸਰੋਤ, Getty Images
ਇਸ ਤੋਂ ਇਲਾਵਾ, ਪਾਕਿਸਤਾਨ ਬੀਵੀਆਰ ਮਿਜ਼ਾਈਲਾਂ ਲਈ ਵੀ ਚੀਨ ‘ਤੇ ਨਿਰਭਰ ਕਰਦਾ ਹੈ। ਪਾਕਿਸਤਾਨ ਦੇ ਲਗਭਗ 80 ਫੀਸਦੀ ਫੌਜੀ ਉਪਕਰਣ ਚੀਨ ਤੋਂ ਆਉਂਦੇ ਹਨ।
ਪ੍ਰੋਫੈਸਰ ਸ਼ੋਏਬ ਕਹਿੰਦੇ ਹਨ ਕਿ ਪਿਛਲੇ ਪੰਜ ਸਾਲਾਂ ਵਿੱਚ ਪਾਕਿਸਤਾਨ ਵਿੱਚ ਆਏ ਪੰਜ ਵਿੱਚੋਂ ਚਾਰ ਹਥਿਆਰ ਚੀਨ ਦੇ ਹਨ। ਉਨ੍ਹਾਂ ਅਨੁਸਾਰ, ਇਹ ਹਥਿਆਰ ਭਾਰਤ ਨਾਲ ਸੰਘਰਸ਼ ਵਿੱਚ ਕੰਮ ਆਉਣਗੇ।
ਈਨਾਰ ਟੈਂਗਨ ਦੇ ਅਨੁਸਾਰ, ਚੀਨ ਨੇ ਪਾਕਿਸਤਾਨ ਨੂੰ ਪੀਐੱਲ 15 ਮਿਜ਼ਾਈਲਾਂ ਦਿੱਤੀਆਂ ਹਨ ਪਰ ਜ਼ਿਆਦਾ ਸੰਭਾਵਨਾ ਇਹੀ ਹੈ ਕਿ ਇਹ ਇੱਕ ਪਹਿਲਾਂ ਤੋਂ ਤੈਅ ਸਮਝੌਤੇ ਦਾ ਹਿੱਸਾ ਹਨ ਅਤੇ ਉਨ੍ਹਾਂ ਦਾ ਹਾਲ ਦੀ ਕਿਸੇ ਘਟਨਾ ਨਾਲ ਕੋਈ ਸਬੰਧ ਨਹੀਂ ਹੈ।
ਪੀਐੱਲ 15 ਅਤੇ ਐੱਸਡੀ 10 ਵਰਗੀਆਂ ਮਿਜ਼ਾਈਲਾਂ, ਚੀਨ ਦੀ ਆਧੁਨਿਕ ਬੀਵੀਆਰ ਤਕਨਾਲੋਜੀ ਨਾਲ ਬਣੀਆਂ ਹਨ। ਇਨ੍ਹਾਂ ਮਿਜ਼ਾਈਲਾਂ ਵਿੱਚ ਜਹਾਜ਼ਾਂ ਨੂੰ ਲੰਮੀ ਦੂਰੀ ਤੋਂ ਹਵਾ ਵਿੱਚ ਤਬਾਹ ਕਰਨ ਦੀ ਸਮਰੱਥਾ ਰੱਖਦੀਆਂ ਹਨ।
ਈਨਾਰ ਟੈਂਗਨ ਦਾ ਮੰਨਣਾ ਹੈ ਕਿ ਭਾਰਤ ਅਤੇ ਪਾਕਿਸਤਾਨ ਦਾ ਪ੍ਰਮਾਣੂ ਸ਼ਕਤੀ ਨਾਲ ਲੈਸ ਹੋਣਾ ਇੱਕ ਖੁੱਲ੍ਹੀ ਜੰਗ ਨੂੰ ਰੋਕ ਰਿਹਾ ਹੈ।
ਪਰ ਵਿਸ਼ਲੇਸ਼ਕ ਪ੍ਰੋਫੈਸਰ ਸ਼ੋਏਬ ਦਾ ਮੰਨਣਾ ਹੈ ਕਿ ‘ਚੀਨ ਫੈਕਟਰ’ ਯਕੀਨੀ ਤੌਰ ‘ਤੇ ਮਹੱਤਵਪੂਰਨ ਹੈ।
ਉਹ ਕਹਿੰਦੇ ਹਨ, “ਭਾਰਤ ਲੰਬੇ ਸਮੇਂ ਤੋਂ ‘ਦੋ ਮੋਰਚਿਆਂ ‘ਤੇ ਜੰਗ’ ਬਾਰੇ ਗੱਲ ਕਰਦਾ ਰਿਹਾ ਹੈ। ਯਾਨੀ ਭਾਰਤ ਪਾਕਿਸਤਾਨ ਨਾਲ ਲੜਾਈ ਮੁੱਲ ਲੈ ਸਕਦਾ ਹੈ, ਪਰ ਉਸ ਨੂੰ ਇਸ ਗੱਲ ਦਾ ਅੰਦਾਜ਼ਾ ਨਹੀਂ ਕਿ ਚੀਨ ਇਸ ‘ਤੇ ਕੀ ਪ੍ਰਤੀਕਿਰਿਆ ਦੇਵੇਗਾ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI