Source :- BBC PUNJABI

 ਫ਼ਾਤਿਮਾ ਜਿਨਾਹ

ਤਸਵੀਰ ਸਰੋਤ, Getty Images

ਇਹ ਸਾਲ 1964 ਦਾ ਸੀ ਅਤੇ 71 ਸਾਲ ਦੀ ਫ਼ਾਤਿਮਾ ਜਿਨਾਹ ਰਾਸ਼ਟਰੀ ਚੋਣਾਂ ਵਿੱਚ ਪਾਕਿਸਤਾਨ ਦੇ ਰਾਸ਼ਟਰਪਤੀ ਅਯੂਬ ਖ਼ਾਨ ਦੇ ਖ਼ਿਲਾਫ਼ ਸੰਯੁਕਤ ਵਿਰੋਧੀ ਧਿਰ ਦੀ ਉਮੀਦਵਾਰ ਬਣ ਗਈ ਸੀ ਅਤੇ ਜ਼ੋਰ-ਸ਼ੋਰ ਨਾਲ ਆਪਣੀ ਚੋਣਾਵੀਂ ਮੁਹਿੰਮ ਚਲਾ ਰਹੇ ਸਨ।

ਇਸ ਚੋਣ ਮੁਹਿੰਮ ਦੀ ਗਹਿਮਾ-ਗਹਿਮੀ ਬਾਰੇ 30 ਅਕਤੂਬਰ 1964 ਨੂੰ ਪ੍ਰਕਾਸ਼ਿਤ ਇੱਕ ਰਿਪੋਰਟ ਵਿੱਚ, ‘ਟਾਈਮ’ ਮੈਗਜ਼ੀਨ ਨੇ ਲਿਖਿਆ ਕਿ ਢਾਕਾ ਵਿੱਚ ਲਗਭਗ ਢਾਈ ਲੱਖ ਲੋਕ ਉਨ੍ਹਾਂ ਨੂੰ ਮਿਲਣ ਆਏ ਸਨ।

ਟਾਈਮ ਮੈਗ਼ਜ਼ੀਨ ਨੇ ਲਿਖਿਆ ਸੀ, “ਢਾਕਾ ਤੋਂ ਚਟਗਾਓਂ ਤੱਕ 293 ਮੀਲ ਦੇ ਰਸਤੇ ‘ਤੇ ਲਗਭਗ 10 ਲੱਖ ਲੋਕ ਉਨ੍ਹਾਂ (ਫਾਤਿਮਾ ਜਿਨਾਹ) ਦਾ ਸਵਾਗਤ ਕਰਨ ਲਈ ਖੜ੍ਹੇ ਸਨ। ਉਨ੍ਹਾਂ ਦੀ ਰੇਲਗੱਡੀ (ਜਿਸਦਾ ਨਾਮ ਫਰੀਡਮ ਸਪੈਸ਼ਲ ਸੀ) 22 ਘੰਟੇ ਦੇਰੀ ਨਾਲ ਆਪਣੀ ਮੰਜ਼ਿਲ ‘ਤੇ ਪਹੁੰਚੀ ਕਿਉਂਕਿ ਹਹਰ ਸਟੇਸ਼ਨ ʼਤੇ ਲੋਕ ਚੇਨ ਪੁਲਿੰਗ ਕਰਦੇ ਅਤੇ ਉਨ੍ਹਾਂ ਨੂੰ ਭਾਸ਼ਣ ਦੇਣ ਲਈ ਕਹਿੰਦੇ।”

ਇਸੇ ਤਰ੍ਹਾਂ, ‘ਨਿਊਯਾਰਕ ਟਾਈਮਜ਼’ ਦੀ 8 ਨਵੰਬਰ 1964 ਦੀ ਇਸ ਖ਼ਬਰ ਅਨੁਸਾਰ, ਫਾਤਿਮਾ ਜਿਨਾਹ ਆਪਣੇ ਚਿੱਟੇ ਪਹਿਰਾਵੇ ਅਤੇ ਸ਼ਾਨਦਾਰ ਚਿਹਰੇ ਨਾਲ ਪਾਕਿਸਤਾਨ (ਪੂਰਬ ਅਤੇ ਪੱਛਮ) ਵਿੱਚ ਹਰ ਕਿਸੇ ਲਈ ਇੱਕ ਜਾਣੀ-ਪਛਾਣੀ ਸ਼ਖਸੀਅਤ ਸਨ।

ਰਿਪੋਰਟ ਵਿੱਚ ਕਿਹਾ ਗਿਆ ਹੈ, “ਉਹ ਉਪਰੀ ਤੌਰ ʼਤੇ ਅਲੱਗ-ਥਲੱਗ ਹਨ ਕਰੀਬ ਮਗ਼ਰੂਰ ਲੱਗਦੇ ਸਨ ਪਰ ਉਨ੍ਹਾਂ ਦੀ ਮੁਸਕੁਰਾਹਟ ਅਜਿਹੀ ਗਰਮਜੋਸ਼ੀ ਅਤੇ ਪਿਆਰ ਜਗਾਉਂਦੀ ਹੈ ਜਿਸ ਦੇ ਸਾਹਮਣੇ ਕੋਈ ਵੀ ਬੇਬਸ ਹੋ ਜਾਂਦਾ ਹੈ।”

“ਅੰਗਰੇਜ਼ੀ ਵਿੱਚ ਉਨ੍ਹਾਂ ਨੂੰ ਸੁਣਨ ਵਾਲਿਆਂ ਲਈ ਸਮਝਣਾ ਕਰੀਬ ਅਸੰਭਵ ਹੁੰਦਾ ਸੀ ਪਰ ਉਹ ਉਨ੍ਹਾਂ ਦੇ ਹਰ ਲਫ਼ਜ਼ ਨੂੰ ਧਿਆਨ ਨਾਲ ਸੁਣਦੇ ਹਨ। ਉਨ੍ਹਾਂ ਦੇ ਹਰ ਬਿਆਨ ਤੋਂ ਬਾਅਦ ਹੋਣ ਵਾਲੇ ਤਰਜਮਾ ਨਾਅਰਿਆਂ ਅਤੇ ਤਾੜੀਆਂ ਦੀ ਗੂੰਜ ਵਿੱਚ ਦਬ ਜਾਂਦਾ ਹੈ।”

ʻਮਾਦਰ-ਏ-ਮਿੱਲਤʼ (ਰਾਸ਼ਟਰਮਾਤਾ) ਦੇ ਨਾਅਰੇ ਲਗਾਉਂਦੀ ਭੀੜ ਤੋਂ ਜਦੋਂ ਉਹ ਪੁੱਛਦੀ ਹੈ ਕਿ ʻਕੀ ਤੁਸੀਂ ਮੇਰੇ ਨਾਲ ਹੋʼ, ਤਾਂ ਹਜ਼ਾਰਾਂ ਹੱਥ ਹਾਮੀ ਭਰਨ ਲਈ ਪੂਰੇ ਜੋਸ਼ ਵਿੱਚ ਹਵਾ ਵਿੱਚ ਲਹਿਰਾਉਣ ਲੱਗਦੇ।

ਮੁਹੰਮਦ ਅਲੀ ਜਿਨਾਹ ਅਤੇ ਉਨ੍ਹਾਂ ਦੀ ਭੈਣ ਫ਼ਾਤਿਮਾ

ਤਸਵੀਰ ਸਰੋਤ, Getty Images

ਅਯੂਬ ਖ਼ਾਨ ਨੂੰ ਸਾਂਝੇ ਉਮੀਦਵਾਰ ਦੀ ਉਮੀਦ ਨਹੀਂ ਸੀ

ਸ਼ਾਹਿਦ ਰਸ਼ੀਦ ਆਪਣੀ ਕਿਤਾਬ ‘ਮਦਰ-ਏ-ਮਿੱਲਤ, ਮੋਹਸੀਨਾ-ਏ-ਮਿੱਲਤ’ ਵਿੱਚ ਲਿਖਦੇ ਹਨ, “ਉਹ ਸੱਤਾ ਪ੍ਰਾਪਤ ਕਰਨ ਦੀ ਇੱਛਾ ਤੋਂ ਬਹੁਤ ਦੂਰ ਸੀ। ਪਰ ਉਹ ਸੰਵਿਧਾਨ ਨਿਰਮਾਣ ਅਤੇ ਲੋਕਾਂ ਦੇ ਅਧਿਕਾਰਾਂ ਵਿੱਚ ਦਿਲਚਸਪੀ ਰੱਖਦੀ ਸੀ।4

“ਸੱਤਾ ਤੋਂ ਦੂਰ ਹੋਣ ਦੇ ਬਾਵਜੂਦ, ਸਮੇਂ ਤੋਂ ਸਮੇਂ-ਸਮੇਂ ‘ਤੇ ਤਤਕਾਲੀ ਲੀਡਰਸ਼ਿਪ ਨੂੰ ਉਨ੍ਹਾਂ ਦੀਆਂ ਗ਼ਲਤੀਆਂ ਬਾਰੇ ਦੱਸਦੀ ਸੀ।”

“ਮਦਰ-ਏ-ਮਿੱਲਤ ਨੇ ਉਨ੍ਹਾਂ ਲੋਕਾਂ ਦੀ ਸਖ਼ਤ ਆਲੋਚਨਾ ਕੀਤੀ ਜੋ ਲੋਕਤੰਤਰ ਦੇ ਨਾਮ ‘ਤੇ ਲੋਕਾਂ ਦੇ ਅਧਿਕਾਰਾਂ ਦੀ ਉਲੰਘਣਾ ਕਰ ਰਹੇ ਸਨ ਅਤੇ ਜਦੋਂ ਦੇਸ਼ ਤਾਨਾਸ਼ਾਹੀ ਦੇ ਪੰਜੇ ਵਿੱਚ ਫਸ ਗਿਆ, ਤਾਂ ਇਹ ਆਮ ਲੋਕਾਂ ਨੂੰ ਇਸ ਦੇ ਨਤੀਜਿਆਂ ਬਾਰੇ ਦੱਸਦੀ ਰਹੀ।”

ਸਿਆਸਤਦਾਨ ਨਵਾਬਜ਼ਾਦਾ ਨਸਰੁੱਲ੍ਹਾ ਖ਼ਾਨ ਅਜ਼ਹਰ ਮੁਨੀਰ ਦੀ ਕਿਤਾਬ ‘ਮਦਰ-ਏ-ਮਿੱਲਤ ਕਾ ਜਮਹੂਰੀ ਸਫ਼ਰ’ ਦੀ ਭੂਮਿਕਾ ਵਿੱਚ ਲਿਖਦੇ ਹਨ, “ਉਨ੍ਹਾਂ ਨੇ ਅਯੂਬ ਖ਼ਾਨ ਦੇ ਮਾਰਸ਼ਲ ਲਾਅ ਅਤੇ ਉਨ੍ਹਾਂ ਦੀ ਤਾਨਾਸ਼ਾਹੀ ਦਾ ਸਖ਼ਤ ਵਿਰੋਧ ਕੀਤਾ। ਆਪਣੀ ਬੁਢਾਪੇ ਵਿੱਚ ਵੀ, ਉਹ ਤਾਨਾਸ਼ਾਹ ਸ਼ਾਸਕਾਂ ਦੇ ਵਿਰੁੱਧ ਚੋਣ ਲੜਨ ਲਈ ਤਿਆਰ ਹੋ ਗਈ।”

ਨਵਾਬਜ਼ਾਦਾ ਨਸਰੁੱਲ੍ਹਾ ਖ਼ਾਨ ਨੇ ਇਸ ਸੰਬੰਧ ਵਿੱਚ ਇੱਕ ਘਟਨਾ ਦਾ ਜ਼ਿਕਰ ਕਰਦੇ ਹੋਏ ਲਿਖਿਆ, “ਇੱਕ ਵਾਰ ਮੈਂ ਫਾਤਿਮਾ ਜਿਨਾਹ ਨੂੰ ਦੱਸਿਆ ਕਿ ਸਾਡੇ ਬਚਣ ਦੇ ਬਾਵਜੂਦ, ਪੱਤਰਕਾਰ ਸਾਡਾ ਪਿੱਛਾ ਕਰ ਕੇ ਫਲੈਗ ਸਟਾਫ ਹਾਊਸ (ਫਾਤਿਮਾ ਜਿਨਾਹ ਦੀ ਰਿਹਾਇਸ਼) ਤੱਕ ਪਹੁੰਚ ਗਏ ਸਨ।”

ਫਾਤਿਮਾ ਜਿਨਾਹ

ਤਸਵੀਰ ਸਰੋਤ, COURTESY LEARNING AND LIFE

“ਜੇ ਅਸੀਂ ਇੱਥੋਂ ਬਾਹਰ ਆ ਕੇ ਉਨ੍ਹਾਂ ਨੂੰ ਕੁਝ ਨਹੀਂ ਦੱਸ ਸਕੇ ਤਾਂ ਕੱਲ੍ਹ ਪ੍ਰੈਸ ਵਿੱਚ ਅਜਿਹੀਆਂ ਖ਼ਬਰਾਂ ਪ੍ਰਕਾਸ਼ਿਤ ਹੋਣਗੀਆਂ ਕਿ ਮੋਹਤਰਮਾ ਨੇ ਸੰਯੁਕਤ ਵਿਰੋਧੀ ਧਿਰ ਦੇ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ। ਇਸ ਨਾਲ ਜਨਤਾ ਨੂੰ ਬਹੁਤ ਨਿਰਾਸ਼ਾ ਹੋਵੇਗੀ ਅਤੇ ਅਯੂਬ ਖ਼ਾਨ ਨੂੰ ਆਪਣੀ ਮੁਹਿੰਮ ਵਿੱਚ ਫਾਇਦਾ ਪਹੁੰਚੇਗਾ।”

“ਮੋਹਤਰਮਾ ਨੇ ਮੇਹਰਬਾਨੀ ਕਰਦੇ ਹੋਏ ਸਾਡੀ ਪੇਸ਼ਕਸ਼ ਕਬੂਲ ਕਰ ਲਈ। ਉਸੇ ਵੇਲੇ ਪ੍ਰੈੱਸ ਦੇ ਨੁਮਾਇੰਦਿਆਂ ਨੂੰ ਫ਼ੈਸਲੇ ਬਾਰੇ ਦੱਸ ਦਿੱਤਾ ਗਿਆ।”

ʻਟਾਈਮʼ ਦੇ ਅਨੁਸਾਰ, “ਅਯੂਬ ਨੂੰ ਉਮੀਦ ਨਹੀਂ ਸੀ ਕਿ ਵਿਰੋਧੀ ਦਲਾਂ ਦਾ ਗਠਜੋੜ, ਜੋ ਖ਼ੂਫ਼ੀਆ ਕਮਿਊਨਿਸਟਾਂ ਤੋਂ ਲੈ ਕੇ ਸੱਜੇ-ਪੱਖੀ ਮੁਸਲਮਾਨਾਂ ਤੱਕ ਫੈਲਿਆ ਹੋਇਆ ਸੀ, ਇੱਕ ਉਮੀਦਵਾਰ ʼਤੇ ਇੱਕਜੁਟ ਹੋ ਜਾਵੇਗਾ।”

ਨਵਾਬਜ਼ਾਦਾ ਨਸਰੁੱਲ੍ਹਾ ਵਿਰੋਧੀ ਧਿਰ ਦੀਆਂ ਇਨ੍ਹਾਂ ਗਤੀਵਿਧੀਆਂ ਵਿੱਚ ਸਰਗਰਮ ਹਿੱਸਾ ਲੈ ਰਹੇ ਸਨ।

ਉਹ ਐਡਵੋਕੇਟ ਅੰਜੁਮ ਦੀ ਕਿਤਾਬ ‘ਸ਼ਮਾ-ਏ-ਜਮਹੂਰੀਅਤ’ ਦੀ ਭੂਮਿਕਾ ਵਿੱਚ ਲਿਖਦੇ ਹਨ ਕਿ ਜਦੋਂ ਰਾਸ਼ਟਰਪਤੀ ਚੋਣ ਦਾ ਐਲਾਨ ਹੋਇਆ ਤਾਂ ਅਯੂਬ ਖ਼ਾਨ ਦੇ ਕਾਨੂੰਨ ਮੰਤਰੀ ਨੇ ਦਾਅਵਾ ਕੀਤਾ ਕਿ ਵਿਰੋਧੀ ਧਿਰ ਉਨ੍ਹਾਂ ਦੇ ਖ਼ਿਲਾਫ਼ ਆਪਣਾ ਉਮੀਦਵਾਰ ਖੜ੍ਹਾ ਨਹੀਂ ਕਰ ਸਕੇਗੀ।

“ਵਿਰੋਧੀ ਧਿਰ ਦੀਆਂ ਪੰਜ ਪਾਰਟੀਆਂ ਨੇ ਕੰਬਾਈਂਡ ਓਪੋਜ਼ੀਸ਼ਨ ਦੇ ਨਾਮ ‘ਤੇ ਇੱਕ ਰਾਜਨੀਤਿਕ ਗਠਜੋੜ ਬਣਾਇਆ।”

“ਇਸਦੀ ਮੀਟਿੰਗ ਵਿੱਚ ਮੁਸਲਿਮ ਲੀਗ (ਕੌਂਸਲ) ਦੇ ਪ੍ਰਧਾਨ ਖ਼ਵਾਜਾ ਨਿਜ਼ਾਮੂਦੀਨ, ਨਿਜ਼ਾਮ-ਏ-ਇਸਲਾਮ ਪਾਰਟੀ ਦੇ ਪ੍ਰਧਾਨ ਚੌਧਰੀ ਮੁਹੰਮਦ ਅਲੀ, ਨੈਸ਼ਨਲ ਅਵਾਮੀ ਪਾਰਟੀ ਦੇ ਪ੍ਰਧਾਨ ਮੌਲਾਨਾ ਅਬਦੁਲ ਹਮੀਦ ਭਾਸ਼ਾਨੀ ਅਤੇ ਮੀਆਂ ਮੁਹੰਮਦ ਅਲੀ ਕਸੂਰੀ, ਅਵਾਮੀ ਲੀਗ ਤੋਂ ਮੈਂ ਅਤੇ ਸ਼ੇਖ ਮੁਜੀਬੁਰ ਰਹਿਮਾਨ ਅਤੇ ਜਮਾਤ-ਏ-ਇਸਲਾਮੀ ਤੋਂ ਚੌਧਰੀ ਰਹਿਮਤ ਇਲਾਹੀ ਸ਼ਾਮਲ ਹੋਏ।”

ਬਾਅਦ ਵਿੱਚ ਮੌਲਾਨਾ ਅਬੁਲ ਅਲਾ ਮੌਦੂਦੀ ਨੇ ਜਮਾਤ-ਏ-ਇਸਲਾਮੀ ਦੀ ਨੁਮਾਇੰਦਗੀ ਕੀਤੀ। ਪਹਿਲੀ ਮੁਲਾਕਾਤ ਸਮੇਂ ਉਹ ਜੇਲ੍ਹ ਵਿੱਚ ਸੀ।

ਬੀਬੀਸੀ ਪੰਜਾਬੀ

ਮੁਹੰਮਦ ਅਲੀ ਜਿਨਾਹ ਦੀ ਭੈਣ

ਨਵਾਬਜ਼ਾਦਾ ਨਸਰੁੱਲ੍ਹਾ ਦੇ ਅਨੁਸਾਰ, ਹਾਲਾਂਕਿ ਪਹਿਲੀ ਮੀਟਿੰਗ ਵਿੱਚ ਕਿਸੇ ਵੀ ਉਮੀਦਵਾਰ ਦੇ ਨਾਮ ‘ਤੇ ਵਿਚਾਰ ਨਹੀਂ ਕੀਤਾ ਗਿਆ ਸੀ, ਪਰ ਨੇਤਾਵਾਂ ਦੇ ਮਨਾਂ ਵਿੱਚ ਅਕਸਰ ਸਿਰਫ਼ ਦੋ ਨਾਮ ਹੀ ਹੁੰਦੇ ਸਨ, ਇੱਕ ਮੋਹਤਰਮਾ ਫਾਤਿਮਾ ਜਿਨਾਹ ਦਾ ਅਤੇ ਦੂਜਾ ਪੂਰਬੀ ਪਾਕਿਸਤਾਨ ਦੇ ਗਵਰਨਰ ਆਜ਼ਮ ਖ਼ਾਨ ਦਾ।

ਇਸ ਦੀ ਜਾਣਕਾਰੀ ਦੇਣ ਤੋਂ ਬਾਅਦ ਕਿ ਸਾਰੇ ਆਗੂ ਕਿਵੇਂ ਫ਼ਾਤਿਮਾ ਜਿਨਾਹ ਨੂੰ ਰਾਸ਼ਟਰਪਤੀ ਉਮੀਦਵਾਰ ਬਣਾਉਣ ਦੇ ਫ਼ੈਸਲੇ ‘ਤੇ ਪਹੁੰਚੇ ਅਤੇ ਕਿਵੇਂ ਉਹ ਦੋ ਦਿਨਾਂ ਦਾ ਸਮਾਂ ਮੰਗਣ ਤੋਂ ਬਾਅਦ ਇਸ ʼਤੇ ਰਾਜ਼ੀ ਹੋਈ, ਨਵਾਬਜ਼ਾਦਾ ਨਸਰੁੱਲ੍ਹਾ ਨੇ ਲਿਖਿਆ, ‘ਇਸ ਫ਼ੈਸਲੇ ਨੇ ਪੂਰੇ ਦੇਸ਼ ਵਿੱਚ ਬੇਮਿਸਾਲ ਜਜ਼ਬਾ ਅਤੇ ਜੋਸ਼ ਪੈਦਾ ਕਰ ਦਿੱਤਾ।ʼ

ਫ਼ਾਤਿਮਾ ਜਿਨਾਹ ਦੇ ਵਧਦੇ ਰੁਝਾਨ ਨੂੰ ਰੋਕਣ ਲਈ, ਅਚਾਨਕ ਇਹ ਐਲਾਨ ਕੀਤਾ ਗਿਆ ਕਿ ਚੋਣਾਂ 2 ਜਨਵਰੀ ਨੂੰ ਹੋਣਗੀਆਂ, ਨਾ ਕਿ ਮਾਰਚ ਵਿੱਚ ਜਿਵੇਂ ਪਹਿਲਾਂ ਫ਼ੈਸਲਾ ਕੀਤਾ ਗਿਆ ਸੀ।

1 ਦਸੰਬਰ 1964 ਨੂੰ ‘ਜੰਗ’ ਅਖ਼ਬਾਰ ਵਿੱਚ ਪ੍ਰਕਾਸ਼ਿਤ ਇੱਕ ਖ਼ਬਰ ਦੇ ਅਨੁਸਾਰ, ਚੋਣ ਕਮਿਸ਼ਨ ਨੇ ਇਸ ਬਾਰੇ ਇੱਕ ਦਿਨ ਵਿੱਚ ਤਿੰਨ ਨੋਟੀਫਿਕੇਸ਼ਨ ਜਾਰੀ ਕੀਤੇ ਜਿਨ੍ਹਾਂ ਵਿੱਚ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰਾਂ ਦੇ ਨਾਮ, ਉਨ੍ਹਾਂ ਦੇ ਚੋਣ ਚਿੰਨ੍ਹ ਅਤੇ 2 ਜਨਵਰੀ ਨੂੰ ਵੋਟ ਪਾਉਣ ਦੀ ਮਿਤੀ ਦਾ ਐਲਾਨ ਕੀਤਾ ਗਿਆ ਸੀ।

ਅਯੂਬ ਖ਼ਾਨ ਦਾ ਚੋਣ ਨਿਸ਼ਾਨ ਫੁੱਲ ਸੀ ਜਦਕਿ ਫ਼ਾਤਿਮਾ ਜਿਨਾਹ ਦਾ ਲਾਲਟੈਣ ਸੀ।

ਨਵਾਬਜ਼ਾਦਾ ਨਸਰੁੱਲ੍ਹਾ ਲਿਖਦੇ ਹਨ, “ਉਹ ਜਿੱਥੇ ਵੀ ਗਈ, ਬੱਚੇ, ਨੌਜਵਾਨ, ਬੁੱਢੇ, ਮਰਦ ਅਤੇ ਔਰਤਾਂ ਸੜਕਾਂ ‘ਤੇ ਉਨ੍ਹਾਂ ਦਾ ਸਵਾਗਤ ਕਰਨ ਲਈ ਮੌਜੂਦ ਹੁੰਦੀਆਂ ਸਨ, ਉਨ੍ਹਾਂ ਦੇ ਹੱਥਾਂ ਵਿੱਚ ਉਨ੍ਹਾਂ ਦਾ ਚੋਣ ਚਿੰਨ੍ਹ ਲਾਲਟੈਣ ਹੁੰਦਾ।”

“ਪੂਰਬੀ ਪਾਕਿਸਤਾਨ ਦੇ ਆਪਣੇ ਦੌਰੇ ਦੌਰਾਨ, ਮੋਹਤਰਮਾ ਨੇ ਚਟਗਾਂਵ ਦਾ ਟ੍ਰੇਨ ਸਫ਼ਰ ਤੈਅ ਸਮੇਂ ਤੋਂ ਤਿੰਨ ਗੁਣਾ ਜ਼ਿਆਦਾ ਸਮੇਂ ਵਿੱਚ ਤੈਅ ਕੀਤਾ ਕਿਉਂਕਿ ਲੱਖਾਂ ਲੋਕ ਹਰ ਸਟੇਸ਼ਨ ‘ਤੇ ਮੋਹਤਰਮਾ ਨੂੰ ਸੰਬੋਧਨ ਕਰਨ ਲਈ ਜ਼ੋਰ ਪਾ ਰਹੇ ਸਨ।”

“ਲੋਕ ਉਨ੍ਹਾਂ ਦੇ ਭਾਸ਼ਣ ਨੂੰ ਪੂਰਾ ਕਰਨ ਦੀ ਮੰਗ ਮਨਵਾਉਣ ਲਈ ਟ੍ਰੇਨ ਦੇ ਸਾਹਮਣੇ ਲੇਟ ਜਾਂਦੇ।”

ʻਨਿਊਯਾਰਕ ਟਾਈਮਜ਼ʼ ਨੇ ਲਿਖਿਆ ਕਿ ਫ਼ਾਤਿਮਾ ਜਿਨਾਹ ਨੂੰ ਮੁੱਖ ਤੌਰ ‘ਤੇ ਇਸ ਲਈ ਚੁਣਿਆ ਗਿਆ ਸੀ ਕਿਉਂਕਿ ਉਹ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੀ ਭੈਣ ਅਤੇ ਉਨ੍ਹਾਂ ਦੇ ਬਹੁਤ ਨੇੜੇ ਸਨ।

ਅਯੂਬ ਖਾਨ

ਤਸਵੀਰ ਸਰੋਤ, Getty Images

ਅਯੂਬ ਖ਼ਾਨ ਦੀ ਤਿੱਖੀ ਆਲੋਚਕ

ʻਨਿਊਯਾਰਕ ਟਾਈਮਜ਼ʼ ਦੇ ਅਨੁਸਾਰ, “ਦੇਸ਼ ਭਰ ਦੇ ਵਿਦਿਆਰਥੀਆਂ ਨੇ ਸਰਕਾਰ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਜ਼ਿਆਦਾਤਰ ਕਾਨੂੰਨੀ ਸੰਗਠਨ ਫ਼ਾਤਿਮਾ ਜਿਨਾਹ ਦੇ ਸਮਰਥਨ ਵਿੱਚ ਸਾਹਮਣੇ ਆਏ, ਜਿਸ ਨੂੰ ਅਯੂਬ ਨੇ ‘ਸ਼ਰਾਰਤੀ’ ਕਹਿ ਕੇ ਖਾਰਜ ਕਰ ਦਿੱਤਾ ਸੀ।”

“ਆਮ ਤੌਰ ‘ਤੇ ਸਰਕਾਰ ਦੀ ਹਾਂ ਵਿੱਚ ਹਾਂ ਮਿਲਾਉਣ ਵਾਲੇ ਅਖ਼ਬਾਰਾਂ ਦੇ ਸੰਪਾਦਕਾਂ ਨੇ ਨਵੇਂ ਕਠੋਰ ਪ੍ਰੈੱਸ ਕਾਨੂੰਨ ਦੀ ਪਾਲਣਾ ਕਰਨ ਤੋਂ ਇਨਕਾਰ ਕਰ ਦਿੱਤਾ। ਅਯੂਬ ਦੇ ਇਸ ਦਾਅਵੇ ‘ਤੇ ਕਿ ਉਹ ‘ਮੂਲ ਲੋਕਤੰਤਰ’ ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਫ਼ਾਤਿਮਾ ਜਿਨਾਹ ਨੇ ਪੁੱਛਿਆ, ਇਹ ਕਿਹੋ ਜਿਹੀ ਜਮਹੂਰੀਅਤ ਹੈ? ਇੱਕ ਵਿਅਕਤੀ ਦੀ ਜਮਹੂਰੀਅਤ? ਪੰਜਾਹ ਲੋਕਾਂ ਦੀ ਜਮਹੂਰੀਅਤ?”

ਅਖ਼ਬਾਰ ਨੇ ਅੱਗੇ ਲਿਖਿਆ, “ਸਭ ਤੋਂ ਵੱਧ, ਉਹ ਅਯੂਬ ‘ਤੇ ਤਾਨਾਸ਼ਾਹ ਹੋਣ ਦਾ ਇਲਜ਼ਾਮ ਲਗਾਉਂਦੀ ਹੈ… ਪੱਛਮੀ ਮਾਪਦੰਡਾਂ ਦੇ ਨਾਲ ਦੇਖਿਆ ਜਾਵੇ ਤਾਂ ਅਯੂਬ ਸੱਚਮੁੱਚ ਤਾਨਾਸ਼ਾਹ ਹੈ। ਉਹ ਪ੍ਰੈੱਸ ਨੂੰ ਕੰਟਰੋਲ ਕਰਦੇ ਹਨ ਅਤੇ ਬਹੁਤ ਸਾਰੇ ਵਿਰੋਧੀਆਂ ਨੂੰ ਕੈਦ ਕਰ ਚੁੱਕੇ ਹਨ।”

ਅਯੂਬ ਨੇ ਉਨ੍ਹਾਂ ਬਾਰੇ ਕਿਹਾ ਕਿ ਉਹ ‘ਬੁੱਢੀ, ਇੱਕ ਕੋਨੇ ਵਿੱਚ ਰਹਿਣ ਵਾਲੀ ਅਤੇ ਕਮਜ਼ੋਰ ਦਿਮਾਗ਼ ਵਾਲੀ ਔਰਤ’ ਹੈ। ਅਯੂਬ ਕਹਿੰਦੇ ਸਨ ਕਿ ਜੇ ਫ਼ਾਤਿਮਾ ਚੁਣੀ ਜਾਂਦੀ ਹੈ, ਤਾਂ ਹਫੜਾ-ਦਫੜੀ ਮਚ ਜਾਵੇਗੀ।

ਦੂਜੇ ਪਾਸੇ, ਉਨ੍ਹਾਂ ਦੇ ਵਿਰੋਧੀ ਸਪੱਸ਼ਟ ਤੌਰ ‘ਤੇ ਕਹਿੰਦੇ ਹਨ ਕਿ ਤੁਸੀਂ ਜ਼ਬਰਦਸਤੀ ਅਤੇ ਡੰਡ ਨਾਲ ਸਥਿਰਤਾ ਹਾਸਿਲ ਕਰ ਸਕਦੇ ਹਨ।

ਡਾ. ਰੁਬੀਨਾ ਸਹਿਗਲ ਦੇ ਖੋਜ ਪੱਤਰ ʻਫਿਮੀਨਿਜ਼ਮ ਐਂਡ ਦਿ ਵੀਮੈਂਸ ਮੂਵਮੈਂਟ ਇਨ ਪਾਕਿਸਤਾਨʼ ਅਤੇ ਉਸ ਸਮੇਂ ਦੇ ਅਖ਼ਬਾਰਾਂ ਦੇ ਅਨੁਸਾਰ, ਇਸ ਚੋਣ ਮੁਹਿੰਮ ਦੌਰਾਨ, ਅਯੂਬ ਖ਼ਾਨ ਨੇ ਫ਼ਾਤਿਮਾ ਜਿਨਾਹ ਨੂੰ ‘ਨਾਰੀਵਾਦ ਅਤੇ ਪਿਆਰ ਤੋਂ ਸੱਖਣੀ’ ਔਰਤ ਦੱਸਿਆ ਸੀ।

ਫ਼ਾਤਿਮਾ ਜਿਨਾਹ

ਉਸ ਸਮੇਂ ਦੇ ਸੂਚਨਾ ਸਕੱਤਰ ਅਲਤਾਫ਼ ਗੌਹਰ ਨੇ ਆਪਣੀ ਕਿਤਾਬ ‘ਫੌਜੀ ਰਾਜ ਦੇ ਪਹਿਲੇ 10 ਸਾਲ’ ਵਿੱਚ ਲਿਖਿਆ ਕਿ ਅਯੂਬ ਖ਼ਾਨ ਨੇ ਲਾਹੌਰ ਵਿੱਚ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ ਮਿਸ ਜਿਨਾਹ ਦੇ ਅਣਵਿਆਹੀ ਹੋਣ ਬਾਰੇ ਉਨ੍ਹਾਂ ʼਤੇ ʻਕੁਦਰਤ ਵਿਰੋਧੀʼ ਜੀਵਨ ਬਿਤਾਉਣ ਕਰਨ ਦਾ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਉਹ “ਬੁਰੀ ਆਦਤਾਂ ਵਾਲਿਆਂ ਲੋਕਾਂ ਨਾਲ ਘਿਰੀ ਹੋਈ ਹੈ।”

ਅਹਿਸਾਨ ਅਲੀ ਬਾਜਵਾ ਦੁਆਰਾ ‘ਮਦਰ-ਏ-ਮਿੱਲਤ, ਫਖ਼ਰ-ਏ-ਮਿੱਲਤ’ ਦੇ ਨਾਮ ‘ਤੇ ਪ੍ਰਕਾਸ਼ਿਤ ਖੋਜ ਵਿੱਚ, ਅਯੂਬ ਸਰਕਾਰ ਨੇ ਕਿਸੇ ਵੀ ਔਰਤ ਦੇ ਦੇਸ਼ ਦੀ ਮੁਖੀ ਬਣਨ ਵਿਰੁੱਧ ਫਤਵੇ ਵੀ ਜਾਰੀ ਕਰਵਾਏ ਸਨ ਅਤੇ ਇਸ ਦੇ ਜਵਾਬ ਵਿੱਚ ਕਰਾਚੀ ਵਿੱਚ ਮੌਲਾਨਾ ਮੌਦੂਦੀ ਨੇ ਕਿਹਾ ਸੀ ਕਿ ਜੇਕਰ ਕੌਮ ਨੂੰ ਮਰਦ ਤੋਂ ਲਾਭ ਨਹੀਂ ਹੋ ਰਿਹਾ ਹੈ, ਤਾਂ ਇੱਕ ਔਰਤ ਕੌਮ ਦੀ ਮੁਖੀ ਬਣ ਸਕਦੀ ਹੈ।

ਇਸ ਸਮੇਂ ਦੌਰਾਨ, ਮੌਲਾਨਾ ਮੌਦੂਦੀ ਦਾ ਇੱਕ ਜੁਮਲਾ ਹਰ ਕਿਸੇ ਦੇ ਬੁੱਲ੍ਹਾਂ ‘ਤੇ ਸੀ ਅਤੇ ਉਹ ਸੀ, “ਅਯੂਬ ਖ਼ਾਨ ਵਿੱਚ ਇਸ ਦੇ ਬਿਨਾਂ ਕੋਈ ਖ਼ੂਬੀ ਨਹੀਂ ਹੈ ਕਿ ਉਹ ਮਰਦ ਹੈ ਅਤੇ ਫ਼ਾਤਿਮਾ ਜਿਨਾਹ ਵਿੱਚ ਇਸ ਦੇ ਸਿਵਾਏ ਕੋਈ ਕਮੀ ਨਹੀਂ ਹੈ ਕਿ ਉਹ ਔਰਤ ਹਨ।”

ਦਾਰੁਲ ਇਫ਼ਤਾ, ਦਾਰੁਲ ਉਲੂਮ ਕਰਾਚੀ ਦੇ ਮੌਲਾਨਾ ਮੁਫ਼ਤੀ ਮੁਹੰਮਦ ਸ਼ਫੀ ਦੀ ਮੋਹਰ ਨਾਲ ਇੱਕ ਫਤਵਾ ਜਾਰੀ ਕੀਤਾ ਗਿਆ ਸੀ ਕਿ ਇੱਕ ਲੋਕਤੰਤਰੀ ਦੇਸ਼ ਵਿੱਚ ਇੱਕ ਔਰਤ ਰਾਸ਼ਟਰਪਤੀ ਬਣ ਸਕਦੀ ਹੈ।

ਸ਼ੁਰੂਆਤੀ ਵਿਰੋਧ ਤੋਂ ਬਾਅਦ, ਜਮੀਅਤ ਉਲੇਮਾ-ਏ-ਇਸਲਾਮ ਨੇ ਵੀ ਫ਼ਾਤਿਮਾ ਜਿਨਾਹ ਨੂੰ ਆਪਣਾ ਸਮਰਥਨ ਦੇਣ ਦਾ ਐਲਾਨ ਕਰ ਦਿੱਤਾ।

ਖ਼ਵਾਜਾ ਨਾਜ਼ੀਮੁਦੀਨ ਨੂੰ ਚੋਣ ਥਕਾਵਟ ਕਾਰਨ 22 ਅਕਤੂਬਰ ਨੂੰ ਦਿਲ ਦਾ ਦੌਰਾ ਪਿਆ ਅਤੇ ਅਗਲੇ ਦਿਨ ਉਨ੍ਹਾਂ ਦੀ ਮੌਤ ਹੋ ਗਈ। ਉਨ੍ਹਾਂ ਦੀ ਮੌਤ ਨੇ ਵਿਰੋਧੀ ਧਿਰ ਨੂੰ ਝੰਜੋੜ ਕੇ ਰੱਖ ਦਿੱਤਾ ਅਤੇ ਫ਼ਾਤਿਮਾ ਜਿਨਾਹ ਨੇ ਇਸ ਨੂੰ ਇੱਕ ਦੁਖਾਂਤ ਕਿਹਾ।

ਫਾਤਿਮਾ ਜਿਨਾਹ

ਤਸਵੀਰ ਸਰੋਤ, NAZARIA PAKISTAN TRUST

‘ਲੋਕਤੰਤਰ ਹਾਰ ਗਿਆ ਅਤੇ ਤਾਨਾਸ਼ਾਹੀ ਜਿੱਤ ਗਈ’

ਜਦੋਂ ਚੋਣ ਪ੍ਰਚਾਰ ਪੂਰੇ ਜ਼ੋਰਾਂ ‘ਤੇ ਸੀ, ਮੌਲਾਨਾ ਭਾਸ਼ਾਨੀ ਨੇ ਆਪਣੀ ਪਾਰਟੀ ਸਮੇਤ ਫ਼ਾਤਿਮਾ ਜਿਨਾਹ ਦੇ ਸਮਰਥਨ ਤੋਂ ਵੱਖ ਹੋ ਗਏ।

ਬੰਗਲਾਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਵਾਜਿਦ ਨੇ ਉਸ ਸਮੇਂ ਦਾਅਵਾ ਕੀਤਾ ਸੀ ਕਿ ਮੌਲਾਨਾ ਭਾਸ਼ਾਨੀ ਦੀ ʻਗੱਦਾਰੀʼ ਨਾਲ ਫ਼ਾਤਿਮਾ ਜਿਨਾਹ ਨੂੰ ਬਿਹਾਰੀਆਂ ਦੀਆਂ ਵੋਟਾਂ ਨਹੀਂ ਮਿਲੀਆਂ।

ਉਨ੍ਹਾਂ ਨੇ ਇਹ ਵੀ ਇਲਜ਼ਾਮ ਲਗਾਇਆ ਸੀ ਕਿ ਮੌਲਾਨਾ ਭਾਸ਼ਾਨੀ ਨੇ ਅਯੂਬ ਖ਼ਾਨ ਤੋਂ 40 ਲੱਖ ਰੁਪਏ ਲਏ ਸਨ।

ਪੱਤਰਕਾਰ ਅਤੇ ਐਂਕਰ ਹਾਮਿਦ ਮੀਰ ਨੇ ਆਪਣੇ ਇੱਕ ਕਾਲਮ ਵਿੱਚ ਅਬਦੁੱਲ੍ਹਾ ਮਲਿਕ ਦੀ ਕਿਤਾਬ ‘ਦਾਸਤਾਨ-ਏ-ਖਾਨਵਾੜਾ ਮੀਆਂ ਮੁਹੰਮਦ ਅਲੀ ਕਸੂਰੀ’ ਦਾ ਹਵਾਲਾ ਦਿੰਦੇ ਹੋਏ ਲਿਖਿਆ ਹੈ ਕਿ ਮੌਲਾਨਾ ਭਾਸ਼ਾਨੀ ਨੇ 40 ਲੱਖ ਰੁਪਏ ਵਿੱਚ ਮਦਰ-ਏ-ਮਿੱਲਤ ਮੋਹਤਰਮਾ ਜਿਨਾਹ ਦਾ ਸੌਦਾ ਕਰ ਦਿੱਤਾ।

ਪੂਰਬੀ ਪਾਕਿਸਤਾਨ ਵਿੱਚ ਸ਼ੇਖ ਮੁਜੀਬੁਰ ਫ਼ਾਤਿਮਾ ਜਿਨਾਹ ਦੇ ਪੋਲਿੰਗ ਏਜੰਟ ਸਨ।

ਹਾਮਿਦ ਮੀਰ ਲਿਖਦੇ ਹਨ, “ਮਦਰ-ਏ-ਮਿੱਲਤ ਪੂਰਬੀ ਪਾਕਿਸਤਾਨ ਤੋਂ ਬਹੁਮਤ ਹਾਸਿਲ ਕਰ ਲੈਂਦੀ ਅਤੇ ਚੋਣ ਜਿੱਤ ਜਾਂਦੀ, ਤਾਂ ਸ਼ਾਇਦ ਪਾਕਿਸਤਾਨ ਨਾ ਟੁੱਟਦਾ। ਅਯੂਬ ਖ਼ਾਨ ਨੇ ਚੋਣ ਜਿੱਤ ਕੇ ਪਾਕਿਸਤਾਨ ਨੂੰ ਹਰਵਾ ਦਿੱਤਾ।”

ਜਦੋਂ ਅਯੂਬ ਖ਼ਾਨ ਨੇ ਆਪਣੀ ਜਿੱਤ ਦੀ ਖ਼ਬਰ ਸੁਣੀ ਤਾਂ ਉਨ੍ਹਾਂ ਨੇ ਕਿਹਾ, “ਰੱਬ ਦਾ ਸ਼ੁਕਰ ਹੈ! ਦੇਸ਼ ਬਚ ਗਿਆ।”

ਚੋਣ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ, ਫ਼ਾਤਿਮਾ ਜਿਨਾਹ ਨੇ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਇਹ ਚੋਣ ਧਾਂਦਲੀ ਵਾਲੀ ਸੀ।

ਇਸੇ ਪਾਸੇ ਇਸ਼ਾਰਾ ਕਰਦੇ ਹੋਏ ਪਾਕਿਸਤਾਨ ਦੇ ਸ਼ਾਇਰ ਹਬੀਬ ਜਾਲਿਬ ਨੇ ਸ਼ੇਰ ਲਿਖਿਆ ਸੀ-

ਧਾਂਧਦੀ, ਧੌਂਸ, ਧਨ ਨਾਲ ਜੀਤ ਗਿਆ

ਜ਼ੁਲਮ ਫਿਰ ਮਕਰ ਵਾ ਫ਼ਨ ਸੇ ਜੀਤ ਗਿਆ

ਫਾਤਿਮਾ ਜਿਨਾਹ ਨੇ ਅਯੂਬ ਖਾਨ ਦੇ ਮਾਰਸ਼ਲ ਲਾਅ ਅਤੇ ਉਨ੍ਹਾਂ ਦੀ ਤਾਨਾਸ਼ਾਹੀ ਦਾ ਸਖ਼ਤ ਵਿਰੋਧ ਕੀਤਾ

ਤਸਵੀਰ ਸਰੋਤ, NAWA-E-WAQT

‘ਜਾਲਿਬ ਦੇ ਸ਼ੇਅਰ ਨੇ ਦੇਸ਼ ਵਿੱਚ ਹਲਚਲ ਮਚਾ ਦਿੱਤੀ’

ਨਵਾਬਜ਼ਾਦਾ ਨਸਰੁੱਲ੍ਹਾ ਲਿਖਦੇ ਹਨ, “ਜੇਕਰ ਪੱਛਮੀ ਪਾਕਿਸਤਾਨ ਵਿੱਚ ਸਰਕਾਰੀ ਮਸ਼ੀਨਰੀ ਖੁੱਲ੍ਹੇਆਮ ਧਾਂਦਲੀ ਵਿੱਚ ਸ਼ਾਮਲ ਨਾ ਹੁੰਦੀ ਅਤੇ ਪੱਛਮੀ ਪਾਕਿਸਤਾਨ ਵਿੱਚ ਬੀਡੀ ਮੈਂਬਰਾਂ (ਰਾਸ਼ਟਰਪਤੀ ਚੋਣ ਵਿੱਚ ਵੋਟ ਪਾਉਣ ਵਾਲੇ ਮੈਂਬਰ) ਨੂੰ ਵੱਡੇ ਪੱਧਰ ‘ਤੇ ਨਾ ਖਰੀਦਿਆ ਜਾਂਦਾ, ਤਾਂ ਅਯੂਬ ਖ਼ਾਨ ਜ਼ਰੂਰ ਹਾਰ ਜਾਂਦਾ।”

“ਅਤੇ ਜੇਕਰ ਬਾਲਗ਼ ਵੋਟ ਅਧਿਕਾਰ ਦੇ ਆਧਾਰ ‘ਤੇ ਸਿੱਧੀ ਚੋਣ ਹੁੰਦੀ, ਤਾਂ ਅਯੂਬ ਖ਼ਾਨ ਦੀ ਜ਼ਮਾਨਤ ਜ਼ਬਤ ਹੋ ਜਾਂਦੀ।”

ਵਕੀਲ ਅੰਜੁਮ ਦੇ ਅਨੁਸਾਰ, ਜੋ ਲੋਕ ਅਯੂਬ ਖ਼ਾਨ ਦੇ ਹੱਥ ਮਜ਼ਬੂਤ ਕਰਨ ਵਾਲੇ ਸਨ, ਉਨ੍ਹਾਂ ਨੂੰ ਬਾਅਦ ਵਿੱਚ ‘ਜਮਹੂਰੀਅਤ ਦੇ ਚੈਂਪੀਅਨ’ ਅਖਵਾਉਣ ਅਤੇ ਉਨ੍ਹਾਂ ਨੇ ਅਯੂਬ ਖ਼ਾਨ ਨੂੰ ਜੀਵਨ ਭਰ ਲਈ ਰਾਸ਼ਟਰਪਤੀ ਬਣਾਉਣ ਦੀ ਬੇਨਤੀ ਵੀ ਕੀਤੀ।

ਵਕੀਲ ਅੰਜੁਮ ਨੇ ਲਿਖਿਆ ਹੈ, “ਜ਼ੁਲਫ਼ਿਕਾਰ ਅਲੀ ਭੁੱਟੋ ਅਤੇ ਸਿੰਧ ਦੇ ਮਹੱਤਵਪੂਰਨ ਧਾਰਮਿਕ ਗੱਦੀ ਦੇ ਮੁਖੀ ਮਖ਼ਦੂਮ ਸਈਦ ਜ਼ਮਾਂ ਤਾਲਿਬ ਅਲ ਮੌਲਾ ਨੇ ਵੀ ਅਯੂਬ ਖ਼ਾਨ ਦੇ ਸਮਰਥਨ ਵਿੱਚ ਖੁੱਲ੍ਹ ਕੇ ਪ੍ਰਚਾਰ ਕੀਤਾ।”

ਬਲੋਚਿਸਤਾਨ ਦੇ ਸਰਦਾਰ ਅਯੂਬ ਖ਼ਾਨ ਦੇ ਨਾਲ ਸਨ ਅਤੇ ਮਦਰ-ਏ-ਮਿੱਲਤ ਨੂੰ ਉੱਥੋਂ ਬਹੁਤ ਘੱਟ ਵੋਟਾਂ ਮਿਲੀਆਂ।

ਦੱਖਣੀ ਪੰਜਾਬ ਦੇ ਮੁਲਤਾਨ ਡਿਵੀਜ਼ਨ ਵਿੱਚ ਫ਼ਾਤਿਮਾ ਜਿਨਾਹ ਨੂੰ ਬਹੁਤ ਜ਼ਿਆਦਾ ਸਮਰਥਨ ਮਿਲਿਆ।

ਫ਼ਾਤਿਮਾ ਜਿਨਾਹ

ਤਸਵੀਰ ਸਰੋਤ, NAZARIA PAKISTAN TRUST

ਜਦੋਂ ਭਾਰਤੀ ਰਾਜਦੂਤ ਨਾਲ ਮੁਲਾਕਾਤ ਇੱਕ ਮੁੱਦਾ ਬਣ ਗਈ

ਮੁਸਤਫ਼ਾ ਮਲਿਕ ਨੇ ਆਪਣੇ ਇੱਕ ਖੋਜ ਲੇਖ ‘ਕੌਣ ਕਿੱਥੇ ਖੜ੍ਹਾ ਸੀ’ ਵਿੱਚ ਵਿਸਥਾਰ ਨਾਲ ਦੱਸਿਆ ਹੈ ਕਿ ਕਿਹੜਾ ਸਿਆਸਤਦਾਨ, ਧਾਰਮਿਕ ਆਗੂ ਅਤੇ ਕਵੀ ਕਿਸ ਦੇ ਪੱਖ ਵਿੱਚ ਸਨ।

ਉਨ੍ਹਾਂ ਦੇ ਅਨੁਸਾਰ ਗਵਰਨਰ ਆਮਿਰ ਮੁਹੰਮਦ ਖ਼ਾਨ ਕੇਵਲ ਕੁਝ ਲੋਕਾਂ ਤੋਂ ਪਰੇਸ਼ਾਨ ਸਨ। ਉਨ੍ਹਾਂ ਵਿੱਚ ਸਭ ਤੋਂ ਉੱਤੇ ਸਈਅਦ ਅਬੁਲ ਆਲਾ ਮੌਦੂਦੀ, ਸ਼ੌਕਤ ਹਯਾਤ, ਖ਼ਵਾਜਾ ਸਫ਼ਦਰ, ਚੌਧਰੀ ਹਸਨ ਅਤੇ ਖ਼ਵਾਜ਼ਾ ਰਫ਼ੀਕ ਸ਼ਾਮਲ ਸਨ ਜੋ ਆਖ਼ਿਰੀ ਵੇਲੇ ਤੱਕ ਫ਼ਾਤਿਮਾ ਜਿਨਾਹ ਦੇ ਨਾਲ ਰਹੇ।

“ਫ਼ਾਤਿਮਾ ਜਿਨਾਹ ‘ਤੇ ਪਾਕਿਸਤਾਨ ਨੂੰ ਤੋੜਨ ਦਾ ਵੀ ਇਲਜ਼ਾਮ ਲਗਾਇਆ ਗਿਆ ਸੀ। ਇਹ ਇਲਜ਼ਾਮ ਪੱਤਰਕਾਰ ਜ਼ੈੱਡਏ ਸੁਲਹਰੀ ਨੇ ਆਪਣੀ ਇੱਕ ਰਿਪੋਰਟ ਵਿੱਚ ਲਗਾਇਆ ਸੀ ਜਿਸ ਵਿੱਚ ਮਿਸ ਜਿਨਾਹ ਦੀ ਭਾਰਤੀ ਰਾਜਦੂਤ ਨਾਲ ਮੁਲਾਕਾਤ ਦਾ ਹਵਾਲਾ ਦਿੱਤਾ ਗਿਆ ਸੀ।”

“ਇਸ ਅਖ਼ਬਾਰ ਨੂੰ ਹਰ ਚੋਣ ਰੈਲੀ ਵਿੱਚ ਲਹਿਰਾਇਆ ਗਿਆ। ਅਯੂਬ ਨੇ ਇਸ ਨੂੰ ਲਹਿਰਾ-ਲਹਿਰਾ ਕੇ ਮਿਸ ਜਿਨਾਹ ਨੂੰ ਗੱਦਾਰ ਕਹਿੰਦੇ ਰਹੇ।”

ਫਾਤਿਮਾ ਜਿਨਾਹ

ਤਸਵੀਰ ਸਰੋਤ, NAZARIA PAKISTAN TRUST

ਸਾਬਕਾ ਆਈਜੀ ਹਾਫਿਜ਼ ਸਬਾਹੂਦੀਨ ਜਾਮੀ ਨੇ ਆਪਣੀ ਕਿਤਾਬ ‘ਪੁਲਿਸ, ਕ੍ਰਾਈਮ ਐਂਡ ਪਾਲੀਟਿਕਸ’ ਵਿੱਚ ਰਾਸ਼ਟਰਪਤੀ ਚੋਣ ਵਿੱਚ ਫ਼ਾਤਿਮਾ ਜਿਨਾਹ ਵਿਰੁੱਧ ਕਰਾਚੀ ਪੁਲਿਸ ਦੇ ਸਪੱਸ਼ਟ ਦਖ਼ਲ ਬਾਰੇ ਲਿਖਿਆ ਹੈ।

ਇਸ ਦੇ ਬਾਵਜੂਦ, ਕਰਾਚੀ ਤੋਂ ਫ਼ਾਤਿਮਾ ਜਿਨਾਹ ਨੂੰ 1046 ਅਤੇ ਅਯੂਬ ਨੂੰ 837 ਵੋਟਾਂ ਮਿਲੀਆਂ। ਢਾਕਾ ਤੋਂ ਫ਼ਾਤਿਮਾ ਜਿਨਾਹ ਨੂੰ 353 ਅਤੇ ਅਯੂਬ ਨੂੰ 199 ਵੋਟਾਂ ਮਿਲੀਆਂ।

ਜਾਮੀ ਦੇ ਅਨੁਸਾਰ, “ਪਰ ਕੋਈ ਜਾਦੂ ਦੀ ਛੜੀ ਨੇ ਕੰਮ ਕੀਤਾ ਅਤੇ ਅਯੂਬ ਖ਼ਾਨ 67 ਫੀਸਦ ਵੋਟਾਂ ਨਾਲ ਜਿੱਤ ਗਏ। ਕਰਾਚੀ ਦੇ ਲੋਕਾਂ ਨੂੰ ਫ਼ਾਤਿਮਾ ਜਿਨਾਹ ਅਤੇ ਲੋਕਤੰਤਰ ਦੇ ਸਮਰਥਕ ਹੋਣ ਦੀ ਸਜ਼ਾ ਦਿੱਤੀ ਗਈ।”

15 ਜਨਵਰੀ 1965 ਦੇ ਆਪਣੇ ਅੰਕ ਵਿੱਚ ʻਟਾਈਮʼ ਨੇ ਲਿਖਿਆ, “ਪਿਛਲੇ ਹਫ਼ਤੇ ਕਰਾਚੀ ਵਿੱਚ ਇੱਕ ਲੰਬਾ ਮੋਟਰਕੇਡ ਰਾਸ਼ਟਰਪਤੀ ਮੁਹੰਮਦ ਅਯੂਬ ਖ਼ਾਨ ਦੇ ਚੋਣ ਜਿੱਤਣ ਦੀ ਖੁਸ਼ੀ ਵਿੱਚ ਗਲੀਆਂ ਵਿੱਚੋਂ ਲੰਘਿਆ।”

“ਜਦੋਂ ਕਾਫ਼ਲਾ ਲਿਆਕਤਾਬਾਦ ਇਲਾਕੇ ਵਿੱਚੋਂ ਲੰਘਿਆ ਤਾਂ ਤਣਾਅ ਵਧ ਗਿਆ ਜਿੱਥੇ ਜ਼ਿਆਦਾਤਰ ਭਾਰਤ ਤੋਂ ਆਏ ਹੋਏ ਮੁਸਲਮਾਨ ਸਨ ਅਤੇ ਜਿਨ੍ਹਾਂ ਨੇ ਫ਼ਾਤਿਮਾ ਜਿਨਾਹ ਦਾ ਭਰਪੂਰ ਸਮਰਥਨ ਕੀਤਾ ਸੀ।”

“ਲੋਕ ਟਰੱਕਾਂ ਵਿੱਚੋਂ ਨਿਕਲੇ ਅਤੇ ਰਾਹਗੀਰਾਂ ‘ਤੇ ਹਮਲਾ ਕਰਨ ਲੱਗੇ, ਦੁਕਾਨਾਂ ਨੂੰ ਲੁੱਟਿਆ ਗਿਆ ਅਤੇ ਘਰਾਂ ਨੂੰ ਅੱਗ ਲਗਾ ਦਿੱਤੀ। ਜਦੋਂ ਤੱਕ ਇਹ ਹੰਗਾਮਾ ਖ਼ਤਮ ਹੋਇਆ 33 ਲੋਕ ਮਾਰੇ ਗਏ ਸਨ ਅਤੇ 300 ਲੋਕ ਜਖ਼ਮੀ ਅਤੇ 2000 ਤੋਂ ਵੱਧ ਲੋਕ ਬੇਘਰ ਹੋ ਗਏ ਸਨ।”

ਫੈਜ਼ ਅਹਿਮਦ ਫੈਜ਼ ਨੇ ਇਸ ਬਾਰੇ ਲਿਖਿਆ:

ਨਾ ਮਦਈ, ਨਾ ਸ਼ਹਾਦਤ, ਹਿਸਾਬ ਪਾਕ ਹੂਆ

ਇਹ ਖ਼ੂਨ-ਏ-ਖ਼ਾਕ ਨਸ਼ੀਨਾਂ ਥਾ, ਰਿਜ਼ਕ-ਏ-ਖ਼ਾਕ ਹੂਆ

(ਨਾ ਕੋਈ ਮੁਦਈ, ਨਾ ਕੋਈ ਗਵਾਹ, ਨਾ ਕੋਈ ਹਿਸਾਬ ਹੋਇਆ, ਇਹ ਮਿੱਟੀ ਨਾਲ ਲਿਪਟੇ ਕਮਜ਼ੋਰਾਂ ਦਾ ਖੂਨ ਸੀ, ਮਿੱਟੀ ਨਾਲ ਜਾ ਮਿਲਿਆ।)

ਆਪਣੇ ਸਮਰਥਕਾਂ ਦੇ ਕਤਲ-ਏ-ਆਮ ʼਤੇ ਫ਼ਾਤਿਮਾ ਜਿਨਾਹ ਨੇ ਕਿਹਾ ਹੈ ਕਿ ਸੱਭਿਅਕ ਦੁਨੀਆਂ ਵਿੱਚ ਕਿਤੇ ਵੀ ਅਜਿਹੀ ਵਹਿਸ਼ੀ ਹਰਕਤ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI