Source :- BBC PUNJABI
ਇੱਕ ਘੰਟਾ ਪਹਿਲਾਂ
ਅਮਰੀਕਾ ਦੇ ਲਾਸ ਏਂਜਲਸ ਵਿੱਚ ਲੱਗੀ ਅੱਗ ʼਤੇ ਕਾਬੂ ਪਾਉਣ ਲਈ ਕਈ ਜਹਾਜ਼ਾਂ ਨੂੰ ਲਗਾਤਾਰ ਗੁਲਾਬੀ ਰੰਗ ਦਾ ਇੱਕ ਤਰਲ ਪਦਾਰਥ ਅੱਗ ʼਤੇ ਸੁਟਦੇ ਦੇਖਿਆ ਜਾ ਰਿਹਾ ਹੈ।
ਲਾਸ ਏਂਜਲਸ ਵਿੱਚ ਜੰਗਲ ਦੀ ਅੱਗ ਨੇ ਕਈ ਰਿਹਾਇਸ਼ੀ ਇਲਾਕਿਆਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੈ। ਇਸ ਅੱਗ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 24 ਹੋ ਗਈ ਹੈ।
ਇਸ ਅੱਗ ਕਾਰਨ ਹੁਣ ਤੱਕ ਅਰਬਾਂ ਡਾਲਰ ਦੀ ਜਾਇਦਾਦ ਦਾ ਨੁਕਸਾਨ ਹੋ ਗਿਆ ਹੈ। ਐਤਵਾਰ ਨੂੰ ਮੌਸਮ ʼਤੇ ਨਜ਼ਰ ਰੱਖਣ ਵਾਲੀ ਇੱਕ ਨਿੱਜੀ ਕੰਪਨੀ ਨੇ ਅੱਗ ਦੇ ਕਾਰਨ ਕਰੀਬ 250 ਅਰਬ ਅਮਰੀਕੀ ਡਾਲਰ ਦੇ ਆਰਥਿਕ ਨੁਕਸਾਨ ਦਾ ਅੰਦਾਜ਼ਾ ਲਗਾਇਆ ਹੈ।
ਇਸ ਅੱਗ ʼਤੇ ਕਾਬੂ ਪਾਉਣ ਲਈ ਫਾਇਰ ਫਾਇਟਰਸ ਲਗਾਤਾਰ ਕੋਸ਼ਿਸ਼ ਕਰ ਰਹੇ ਹਨ ਅਤੇ ਅਜੇ ਵੀ ਕਈ ਥਾਵਾਂ ʼਤੇ ਉਨ੍ਹਾਂ ਦੀ ਇਹ ਕੋਸ਼ਿਸ਼ ਜਾਰੀ ਹੈ।
ਕੀ ਹੈ ਇਹ ਪਿੰਕ ਲਿਕੁਇਡ
ਲਾਸ ਏਂਜਲਸ ਵਿੱਚ ਜਹਾਜ਼ ਨਾਲ ਅੱਗ ʼਤੇ ਗੁਲਾਬੀ ਯਾਨਿ ਪਿੰਕ ਰੰਗ ਦਾ ਲਿਕੁਇਡ ਸੁੱਟਿਆ ਜਾ ਰਿਹਾ ਹੈ।
ਦਰਅਸਲ, ਇਹ ਇੱਕ ਫਾਇਰ ਰਿਟਾਰਡੈਂਟ ਹਨ, ਯਾਨਿ ਅਜਿਹਾ ਪਦਾਰਥ ਜੋ ਅੱਗ ਲੱਗਣ ਜਾਂ ਸੜਨ ਦੀ ਪ੍ਰਕਿਰਿਆ ਨੂੰ ਹੌਲੀ ਕਰ ਦਿੰਦਾ ਹੈ।
ਇਹ ਗੁਲਾਬੀ ਪਦਾਰਥ ਪਾਣੀ, ਲੂਣ (ਰਸਾਇਣਾਂ) ਅਤੇ ਖਾਦਾਂ ਦਾ ਮਿਸ਼ਰਣ ਹੈ। ਇਸ ਵਿੱਚ ਮੂਲ ਰੂਪ ਵਿੱਚ ਅਮੋਨੀਅਮ ਫਾਸਫੇਟ ਵਾਲਾ ਘੋਲ ਹੁੰਦਾ ਹੈ।
ਅੱਗ ਨੂੰ ਬਲਣ ਲਈ ਆਕਸੀਜਨ ਦੀ ਲੋੜ ਹੁੰਦੀ ਹੈ ਅਤੇ ਇਹ ਰਸਾਇਣਕ ਮਿਸ਼ਰਣ ਅੱਗ ਨੂੰ ਆਕਸੀਜਨ ਦੀ ਸਪਲਾਈ ਰੋਕਦਾ ਹੈ ਤਾਂ ਜੋ ਇਹ ਬਹੁਤ ਤੇਜ਼ੀ ਨਾਲ ਨਾ ਫੈਲ ਸਕੇ।
ਅੰਗਰੇਜ਼ੀ ਅਖ਼ਬਾਰ ਇੰਡੀਅਨ ਐਕਸਪ੍ਰੈੱਸ ਦੀ ਇੱਕ ਰਿਪੋਰਟ ਦੇ ਅਨੁਸਾਰ, ਇਹ ਅਮੋਨੀਅਮ ਪੌਲੀਫਾਸਫੇਟ ਵਰਗੇ ਲੂਣ (ਰਸਾਇਣਾਂ) ਤੋਂ ਬਣਿਆ ਹੁੰਦਾ ਹੈ, ਜੋ ਪਾਣੀ ਵਾਂਗ ਆਸਾਨੀ ਨਾਲ ਭਾਫ਼ ਬਣ ਕੇ ਨਹੀਂ ਉੱਡਦਾ ਹੈ, ਬਲਕਿ ਲੰਬੇ ਸਮੇਂ ਤੱਕ ਤਲ ʼਤੇ ਮੌਜੂਦ ਰਹਿੰਦਾ ਹੈ।
ਇਸ ਨਾਲ ਤਲ (ਜਿੱਥੇ ਅੱਗ ਲੱਗੀ ਹੋਵੇ) ਨੂੰ ਆਕਸੀਜਨ ਦੀ ਸਪਲਾਈ ਨਹੀਂ ਹੁੰਦੀ ਹੈ ਅਤੇ ਅੱਗ ਦੀਆਂ ਲਪਟਾਂ ਹੌਲੀ ਹੋ ਜਾਂਦੀਆਂ ਹਨ।
ਇਸ ਤਰ੍ਹਾਂ ਨਾਲ ਇਹ ਤਰਲ ਪਦਾਰਥ ਅੱਗ ਨੂੰ ਫੈਲਣ ਤੋਂ ਰੋਕਣ ਦਾ ਕੰਮ ਕਰਦਾ ਹੈ।
ਅੱਗ ਬੁਝਾਉਣ ਲਈ ਇਸਤੇਮਾਲ ਇਸ ਰਸਾਇਣ ਨੂੰ ਗੁਲਾਬੀ ਰੰਗ ਇਸ ਲਈ ਦਿੱਤਾ ਜਾਂਦਾ ਹੈ ਤਾਂ ਜੋ ਅੱਗ ਬੁਝਾਊ ਦਸਤੇ ਦੇ ਕਰਮੀਆਂ ਨੂੰ ਇਹ ਪਤਾ ਲੱਗ ਜਾਵੇ ਕਿ ਕਿੱਥੇ ਇਸ ਦਾ ਇਸਤੇਮਾਲ ਹੋ ਗਿਆ ਹੈ।
ਇਸ ਤੋਂ ਇਲਾਵਾ ਇਹ ਰੰਗ ਅੱਗ ਦੀ ਲਪੇਟ ਵਿੱਚ ਆਏ ਖੇਤਰ ਨੂੰ ਵੀ ਸਾਫ਼ ਦਿਖਾਉਂਦਾ ਹੈ। ਇਸ ਨਾਲ ਲੋਕਾਂ ਨੂੰ ਪਤਾ ਲੱਗਦਾ ਹੈ ਕਿ ਕਿਹੜੇ ਇਲਾਕੇ ਅੱਗ ਨਾਲ ਪ੍ਰਭਾਵਿਤ ਹਨ।
ਅੱਗ ʼਤੇ ਕਾਬੂ ਪਾਉਣ ਦੀ ਇਹ ਤਕਨੀਕ ਵਿਵਾਦਾਂ ਵਿੱਚ ਵੀ ਰਹੀ ਹੈ ਕਿਉਂਕਿ ਇਸ ਰਸਾਇਣ ਨਾਲ ਇਨਸਾਨਾਂ ਅਤੇ ਵਾਤਾਵਰਣ ʼਤੇ ਹੋਣ ਵਾਲੇ ਅਸਰ ਨੂੰ ਲੈ ਕੇ ਚਿੰਤਾ ਜਤਾਈ ਜਾਂਦੀ ਹੈ।
ਅੱਗ ਕਿੰਨੀ ਭਿਆਨਕ
ਅੰਗਰੇਜ਼ ਅਖ਼ਬਾਰ ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ, ਵੀਰਵਾਰ ਨੂੰ ਅਮਰੀਕੀ ਫੌਰੈਸਟ ਸਰਵਿਸ ਨੇ ਦੱਸਿਆ ਹੈ ਕਿ ਅਜਿਹਾ 9 ਵੱਡੇ ਹਵਾਈ ਜਹਾਜ਼ ਅਤੇ ਪਾਣੀ ਛਿੜਕਣ ਵਾਲੇ 20 ਹੈਲੀਕਾਪਟਰਸ ਨੂੰ ਅੱਗ ʼਤੇ ਕਾਬੂ ਪਾਉਣ ਦੀ ਮੁਹਿੰਮ ਵਿੱਚ ਸ਼ਾਮਲ ਕੀਤਾ ਗਿਆ ਹੈ।
ਅਮਰੀਕਾ ਦੇ ਲਾਸ ਏਂਜਲਸ ਵਿੱਚ ਫਾਇਰ ਫਾਈਟਰਸ ਦੇ ਹਵਾਲੇ ਨਾਲ ਮਿਲੀ ਅਧਿਕਾਰਤ ਜਾਣਕਾਰੀ ਮੁਤਾਬਕ ਤਿੰਨ ਥਾਵਾਂ ʼਤੇ ਅਜੇ ਵੀ ਅੱਗ ਬੁਝਾਉਣ ਦਾ ਕੰਮ ਜਾਰੀ ਹੈ।
ਇੱਥੇ ਘੱਟੋ-ਘੱਟ ਛੇ ਥਾਵਾਂ ʼਤੇ ਅੱਗ ਲੱਗੀ ਸੀ, ਜਿਸ ਵਿੱਚੋਂ ਕੁਝ ਥਾਵਾਂ ʼਤੇ ਅੱਗ ʼਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ।
ਉੱਥੇ ਇਟਨ ਅਤੇ ਹਸਰਟ ਵਿੱਚ ਅਜੇ ਵੀ ਵੱਡੇ ਹਿੱਸੇ ਅੱਗ ਦੀ ਮਾਰ ਵਿੱਚ ਹਨ। ਐਤਵਾਰ ਸ਼ਾਮ ਫਾਇਰ ਫਾਇਟਰਸ ਨੇ ਜਾਣਕਾਰੀ ਦਿੱਤੀ ਹੈ ਕਿ ਕੈਨੇਥ ਵਿੱਚ ਲੱਗੀ ਅੱਗ ਨੂੰ 100 ਫੀਸਦ ਕਾਬੂ ਕਰ ਲਿਆ ਗਿਆ ਹੈ।
ਅੱਗ ਕਾਰਨ ਹੁਣ ਤੱਕ ਲਾਸ ਏਂਜਲਸ ਵਿੱਚ ਹੁਣ ਤੱਕ 24 ਲੋਕਾਂ ਦੀ ਮੌਤ ਹੋਈ ਹੈ। ਹਜ਼ਾਰਾਂ ਏਕੜ ʼਤੇ ਫੈਲੀ ਇਸ ਅੱਗ ਕਾਰਨ ਲੱਖਾਂ ਲੋਕਾਂ ਨੂੰ ਇਲਾਕਾ ਖਾਲ੍ਹੀ ਕਰ ਕੇ ਸੁਰੱਖਿਅਤ ਥਾਵਾਂ ʼਤੇ ਜਾਣਾ ਪਿਆ ਹੈ।
ਇਸ ਅੱਗ ਨੇ ਇੱਥੇ ਹਜ਼ਾਰਾਂ ਘਰ ਅਤੇ ਲੱਖਾਂ ਵਾਹਨ ਸਾੜ ਦਿੱਤੇ ਹਨ। ਇਸ ਅੱਗ ਵਿੱਚ ਜਿਨ੍ਹਾਂ ਦੇ ਘਰ ਤਬਾਹ ਹੋ ਗਏ ਹਨ, ਉਨ੍ਹਾਂ ਵਿੱਚ ਆਮ ਲੋਕਾਂ ਦੇ ਨਾਲ-ਨਾਲ ਕਈ ਮਸ਼ਹੂਰ ਹਸਤੀਆਂ ਵੀ ਸ਼ਾਮਲ ਹਨ।
ਨੈੱਟਫਲਿਕਸ ਸ਼ੋਅ ‘ਨੋਬਡੀ ਵਾਂਟਸ ਦਿਸ’ ਵਿੱਚ ਕੰਮ ਕਰਨ ਵਾਲੇ ਅਦਾਕਾਰ ਐਡਮ ਬ੍ਰੋਡੀ ਅਤੇ ਉਨ੍ਹਾਂ ਦੀ ਪਤਨੀ ਲੀਟਨ ਮੀਸਟਰ (ਜੋ ‘ਗੌਸਿਪ ਗਰਲ’ ਵਿੱਚ ਕੰਮ ਕਰ ਚੁੱਕੇ ਹਨ ) ਦਾ ਘਰ ਅੱਗ ਲੱਗਣ ਨਾਲ ਤਬਾਹ ਹੋ ਗਿਆ ਹੈ।
ਲਾਸ ਏਂਜਲਸ ਦੇ ਹਾਲੀਵੁੱਡ ਹਿਲਜ਼ ਇਲਾਕੇ ਵਿੱਚ ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਹਨ। ਇਨ੍ਹਾਂ ਵਿੱਚ ਘਰ, ਸਕੂਲ ਅਤੇ ਵੱਕਾਰੀ ਸਨਸੈੱਟ ਬੁਲੇਵਾਰਡ ‘ਤੇ ਸਥਿਤ ਵਪਾਰਕ ਇਮਾਰਤਾਂ ਸ਼ਾਮਲ ਹਨ।
ਅੱਗ ਫੈਲਣ ਦਾ ਕਾਰਨ ਕੀ ਹੈ?
ਸਥਾਨਕ ਅਧਿਕਾਰੀਆਂ ਨੇ ਲਾਸ ਏਂਜਲਸ ਵਿੱਚ ਅੱਗ ਲੱਗਣ ਦੇ ਪਿੱਛੇ ਤੇਜ਼ ਹਵਾਵਾਂ ਅਤੇ ਖੁਸ਼ਕ ਮੌਸਮ ਵੱਲ ਇਸ਼ਾਰਾ ਕੀਤਾ ਹੈ। ਜਿਸ ਕਾਰਨ ਦਰੱਖ਼ਤ ਅਤੇ ਪੌਦੇ ਸੁੱਕ ਗਏ ਅਤੇ ਉਨ੍ਹਾਂ ਵਿੱਚ ਅੱਗ ਫੈਲਣਾ ਆਸਾਨ ਹੋ ਗਿਆ।
ਹਾਲਾਂਕਿ, ਤੇਜ਼ ਹਵਾਵਾਂ ਅਤੇ ਮੀਂਹ ਦੀ ਘਾਟ ਮੌਜੂਦਾ ਅੱਗ ਦਾ ਕਾਰਨ ਬਣ ਰਹੀ ਹੈ।
ਇਸ ਅੱਗ ਦੇ ਫੈਲਣ ਦਾ ਇੱਕ ਵੱਡਾ ਕਾਰਨ ‘ਸੈਂਟਾ ਏਨਾ’ ਹਵਾਵਾਂ ਹਨ, ਜੋ ਜ਼ਮੀਨ ਤੋਂ ਸਮੁੰਦਰ ਤਟ ਵੱਲ ਵਗਦੀਆਂ ਹਨ। ਇਹ ਮੰਨਿਆ ਜਾ ਰਿਹਾ ਹੈ ਕਿ 100 ਕਿਲੋਮੀਟਰ ਪ੍ਰਤੀ ਘੰਟੇ ਤੋਂ ਵੱਧ ਦੀ ਰਫ਼ਤਾਰ ਨਾਲ ਚੱਲ ਰਹੀਆਂ ਇਨ੍ਹਾਂ ਹਵਾਵਾਂ ਨੇ ਅੱਗ ਨੂੰ ਹੋਰ ਵਧਾ ਦਿੱਤਾ।
ਸੈਂਟ ਏਨਾ ਹਵਾਵਾਂ ਪੂਰਬ ਜਾਂ ਉੱਤਰ-ਪੂਰਬ ਤੋਂ ਸੰਯੁਕਤ ਰਾਜ ਅਮਰੀਕਾ ਦੇ ਤੱਟ ਵੱਲ ਵਗਦੀਆਂ ਹਨ। ਇਹ ਹਵਾਵਾਂ ਸਾਲ ਵਿੱਚ ਕਈ ਵਾਰ ਵਗਦੀਆਂ ਹਨ।
ਮਾਹਿਰਾਂ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਸਥਿਤੀ ਨੂੰ ਬਦਲ ਰਿਹਾ ਹੈ। ਇਸ ਕਾਰਨ ਅੱਗ ਲੱਗਣ ਦੀ ਸੰਭਾਵਨਾ ਲਗਾਤਾਰ ਵੱਧ ਰਹੀ ਹੈ।
ਅਮਰੀਕੀ ਸਰਕਾਰ ਦੀ ਖੋਜ ਸਪੱਸ਼ਟ ਤੌਰ ‘ਤੇ ਕਹਿੰਦੀ ਹੈ ਕਿ ਪੱਛਮੀ ਅਮਰੀਕਾ ਵਿੱਚ ਜੰਗਲਾਂ ਦੀ ਭਿਆਨਕ ਅੱਗ ਜਲਵਾਯੂ ਪਰਿਵਰਤਨ ਨਾਲ ਜੁੜੀ ਹੋਈ ਹੈ।
ਅਮਰੀਕੀ ਸਮੁੰਦਰ ਅਤੇ ਵਾਯੂਮੰਡਲ ਪ੍ਰਸ਼ਾਸਨ ਦਾ ਕਹਿਣਾ ਹੈ, “ਵਧਦੀ ਗਰਮੀ, ਲੰਬੇ ਸਮੇਂ ਤੱਕ ਸੋਕਾ ਅਤੇ ਪਿਆਸੇ ਵਾਯੂਮੰਡਲ ਸਣੇ ਜਲਵਾਯੂ ਪਰਿਵਰਤਨ ਪੱਛਮੀ ਅਮਰੀਕਾ ਦੇ ਜੰਗਲਾਂ ਵਿੱਚ ਅੱਗ ਦੇ ਖ਼ਤਰੇ ਅਤੇ ਇਸ ਦੇ ਫੈਲਣ ਦੇ ਮੁੱਖ ਕਾਰਨ ਰਹੇ ਹਨ।”
ਹਾਲ ਦੇ ਮਹੀਨਿਆਂ ਵਿੱਚ ਗਰਮੀ ਦੇ ਮੌਸਮ ਦਾ ਬਹੁਤ ਜ਼ਿਆਦਾ ਗਰਮ ਰਹਿਣਾ ਅਤੇ ਮੀਂਹ ਦੀ ਘਾਟ ਕਾਰਨ ਕੈਲੀਫੌਰਨੀਆ ਖ਼ਾਸ ਤੌਰ ʼਤੇ ਅਸੁਰੱਖਿਅਤ ਹੈ।
ਅਮਰੀਕਾ ਵਿੱਚ, ਦੱਖਣੀ ਕੈਲੀਫੋਰਨੀਆ ਵਿੱਚ ਅੱਗ ਲੱਗਣ ਦਾ ਮੌਸਮ ਆਮ ਤੌਰ ‘ਤੇ ਮਈ ਤੋਂ ਅਕਤੂਬਰ ਤੱਕ ਮੰਨਿਆ ਜਾਂਦਾ ਹੈ। ਪਰ ਰਾਜ ਦੇ ਗਵਰਨਰ ਗੈਵਿਨ ਨਿਊਸਮ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਅੱਗ ਪੂਰੇ ਸਾਲ ਦੀ ਸਮੱਸਿਆ ਬਣ ਗਈ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI