Home rss national punjabi2ਰਾਸ਼ਟਰੀ ਖ਼ਬਰਾਂ ਪੀਐੱਮ ਮੋਦੀ ਨੇ ਆਪਣਾ ਮਜ਼ਬੂਤ ਅਕਸ ਬਣਾਉਣ ਵਿੱਚ ਕਈ ਸਾਲ ਬਿਤਾਏ, ਤਾਂ...

ਪੀਐੱਮ ਮੋਦੀ ਨੇ ਆਪਣਾ ਮਜ਼ਬੂਤ ਅਕਸ ਬਣਾਉਣ ਵਿੱਚ ਕਈ ਸਾਲ ਬਿਤਾਏ, ਤਾਂ ਹੁਣ ਉਹ ਜੈੱਨ ਜ਼ੀ ਲਈ ਵੀਡੀਓ ਕਿਉਂ ਬਣਾ ਰਹੇ ਹਨ?

3
0

Source :- BBC PUNJABI

 ਪੀਐੱਮ ਮੋਦੀ

ਤਸਵੀਰ ਸਰੋਤ, Getty Images

ਭਾਰਤ ਦੀ ਜੈੱਨ ਜ਼ੀ ਪੀੜ੍ਹੀ ਦੇ ਕਈ ਲੋਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੋਸਤ ਦੇ ਰੂਪ ਵਿੱਚ ਨਹੀਂ ਦੇਖਦੇ ਹੋਣੇ, ਪਰ ਹੁਣ ਉਹ ਉਨ੍ਹਾਂ ਨਾਲ ਇੱਕ ਦੋਸਤ ਵਾਂਗ ਗੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਇਸ 75 ਸਾਲਾ ਸਿਆਸਤਦਾਨ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਯੋਜਨਾਬੱਧ ਭਾਸ਼ਣਾਂ, ਰਸਮੀ ਪ੍ਰਸਾਰਣਾਂ ਅਤੇ ਯੋਜਨਾਬੱਧ ਮੌਜੂਦਗੀ ਜ਼ਰੀਏ ਇੱਕ ਮਜ਼ਬੂਤ ਨੇਤਾ ਦਾ ਅਕਸ ਬਣਾਇਆ ਹੈ, ਉਨ੍ਹਾਂ ਨੇ ਹਾਲ ਹੀ ਦੇ ਹਫ਼ਤਿਆਂ ਵਿੱਚ ਨੌਜਵਾਨਾਂ ਵਿੱਚ ਹਰਮਨਪਿਆਰੇ ਫੋਟੋ ਅਤੇ ਵੀਡੀਓ ਪਲੈਟਫਾਰਮ ਇੰਸਟਾਗ੍ਰਾਮ ‘ਤੇ ਆਪਣਾ ਜ਼ਿਆਦਾ ਹੀ ਆਮ ਅੰਦਾਜ਼ ਅਪਣਾਇਆ ਹੈ।

ਮੋਦੀ ਦੀ ਟਾਈਮਲਾਈਨ ਜਿਸ ਵਿੱਚ ਇੱਕ ਮਹੀਨਾ ਪਹਿਲਾਂ ਤੱਕ ਸਾਵਧਾਨੀਪੂਰਵਕ ਚੁਣੀਆਂ ਗਈਆਂ ਪੋਸਟਾਂ ਹੁੰਦੀਆਂ ਸਨ, ਹੁਣ ਉਸ ਵਿੱਚ ਜ਼ਿਆਦਾ ‘ਸਪੱਸ਼ਟ’ ਕੰਟੈਂਟ ਵੀ ਸ਼ਾਮਲ ਹੈ। ਜਿਵੇਂ ਕਿ ‘ਮੇਰੇ ਨਾਲ ਤਿਆਰ ਹੋ ਜਾਓ’ (ਗੈੱਟ ਰੈਡੀ ਵਿਦ ਮੀ) ਰੀਲ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਨ ਲਈ ਸੈਲਫੀ ਸ਼ੈਲੀ ਪੋਸਟਾਂ, ਜਿਨ੍ਹਾਂ ਵਿੱਚ ਉਹ ਨੌਜਵਾਨਾਂ ਨੂੰ ‘ਫਰੈਂਡਜ਼’ ਕਹਿੰਦੇ ਹਨ।

ਇੱਕ ਵੀਡੀਓ ਵਿੱਚ ਉਹ ਦਿੱਲੀ ਵਿੱਚ ਇੱਕ ਡਿਗਰੀ ਵੰਡ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਜੈੱਨ ਜ਼ੀ ਵਿੱਚ ਹਰਮਨਪਿਆਰੇ ਇੱਕ ਮੁਹਾਵਰੇ ਦਾ ਜ਼ਿਕਰ ਕਰਦੇ ਹੋਏ ਕਹਿੰਦੇ ਹਨ, ”ਆਪਣੇ ਖਾਨਦਾਨ ਵਿੱਚ ਰਾਕੇਟ, ਚਿਪ ਅਤੇ ਡਰੋਨ ਬਣਾਉਣ ਵਾਲਾ ਮੈਂ ਪਹਿਲਾਂ ਵਿਅਕਤੀ ਹਾਂ।”

ਸਭ ਤੋਂ ਵੱਧ ਫੋਲੋਅਰਜ਼ ਵਾਲੇ ਲੀਡਰ

ਇੰਸਟਾਗ੍ਰਾਮ 'ਤੇ ਪੀਐੱਮ ਮੋਦੀ ਦੇ 10.6 ਕਰੋੜ ਤੋਂ ਜ਼ਿਆਦਾ ਫੋਲੋਅਰਜ਼

ਤਸਵੀਰ ਸਰੋਤ, Instagram/Narendramodi

ਇੰਸਟਾਗ੍ਰਾਮ ‘ਤੇ ਮੋਦੀ ਦੇ 10.6 ਕਰੋੜ ਤੋਂ ਜ਼ਿਆਦਾ ਫੋਲੋਅਰਜ਼ ਹਨ, ਜਿਸ ਨਾਲ ਉਹ ਇਸ ਪਲੈਟਫਾਰਮ ‘ਤੇ ਸਭ ਤੋਂ ਜ਼ਿਆਦਾ ਫੋਲੋ ਕੀਤੇ ਜਾਣ ਵਾਲੇ ਸਿਆਸਤਦਾਨਾਂ ਵਿੱਚੋਂ ਇੱਕ ਬਣ ਗਏ ਹਨ।

ਪਰ ਮੰਚ ‘ਤੇ ਉਨ੍ਹਾਂ ਦੇ ਸੰਚਾਰ ਦਾ ਲਹਿਜਾ ਕਦੇ ਵੀ ਉਨ੍ਹਾਂ ਦੀ ਟੀਮ ਜਾਂ ਭਾਰਤੀ ਜਨਤਾ ਪਾਰਟੀ ਦੀ ਸੋਸ਼ਲ ਮੀਡੀਆ ਰਣਨੀਤੀ ਦਾ ਕੇਂਦਰ ਬਿੰਦੂ ਨਹੀਂ ਸੀ, ਇਸ ਦੇ ਬਾਵਜੂਦ ਕਿ ਪਾਰਟੀ ਦੀ ਡਿਜੀਟਲ ਰਣਨੀਤੀ ਵਿੱਚ ਮੁਹਾਰਤ ਹਾਸਲ ਕਰਨ ਦੀ ਪ੍ਰਤਿਸ਼ਠਾ ਸੀ ਜਿਸ ਨੇ ਉਨ੍ਹਾਂ ਨੂੰ 2014 ਦੀ ਚੋਣ ਜਿੱਤਣ ਵਿੱਚ ਮਦਦ ਕੀਤੀ ਸੀ।

ਹਾਲਾਂਕਿ, ਇਸ ਸਾਲ ਭਾਰਤ ਵਿੱਚ ਹੋਏ ਨੌਜਵਾਨਾਂ ਦੇ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਹਾਲਾਤ ਬਦਲ ਗਏ।

ਵਿਅੰਗਾਤਮਕ ਕਾਕਰੋਚ ਜਨਤਾ ਪਾਰਟੀ (ਸੀਜੇਪੀ) ਦੀ ਅਗਵਾਈ ਵਿੱਚ ਇਹ ਅੰਦੋਲਨ ਮੀਮਜ਼, ਲਾਈਵਸਟਰੀਮ ਅਤੇ ਇੰਸਟਾਗ੍ਰਾਮ ਰੀਲਾਂ ਜ਼ਰੀਏ ਫੈਲਿਆ ਅਤੇ ਆਖਿਰ ਇੰਨਾ ਸ਼ਕਤੀਸ਼ਾਲੀ ਬਣ ਗਿਆ ਕਿ ਇੱਕ ਕੇਂਦਰੀ ਮੰਤਰੀ ਨੂੰ ਅਸਤੀਫ਼ਾ ਦੇਣ ਲਈ ਮਜਬੂਰ ਹੋਣਾ ਪਿਆ।

ਸੀਜੇਪੀ ਦੀ ਸ਼ੁਰੂਆਤ ਇੱਕ ਮਜ਼ਾਕ ਦੇ ਤੌਰ ‘ਤੇ ਹੋਈ ਸੀ, ਪਰ ਇਸ ਆਨਲਾਈਨ ਰੁਝਾਨ ਨੂੰ ਸੜਕਾਂ ‘ਤੇ ਲਾਮਬੰਦੀ ਅਤੇ ਰਾਜਨੀਤਕ ਦਬਾਅ ਵਿੱਚ ਬਦਲਣ ਦੀ ਇਸ ਦੀ ਸਮਰੱਥਾ ਨੇ ਭਾਜਪਾ ਨੂੰ ਹੈਰਾਨ ਕਰ ਦਿੱਤਾ।

ਮਾਹਰਾਂ ਦਾ ਕੀ ਕਹਿਣਾ

ਸੀਜੇਪੀ

ਤਸਵੀਰ ਸਰੋਤ, Reuters

ਲੇਖਕ ਅਤੇ ਟਿੱਪਣੀਕਾਰ ਅਨੁਰਾਗ ਮਿਨਸ ਵਰਮਾ ਦਾ ਕਹਿਣਾ ਹੈ ਕਿ ਇੱਕ ਦਹਾਕੇ ਤੋਂ ਜ਼ਿਆਦਾ ਸਮੇਂ ਤੋਂ ਹਿੰਦੂ ਰਾਸ਼ਟਰਵਾਦੀ ਪਾਰਟੀ ਨੇ ਵ੍ਹਟਸਐਪ ਗਰੁੱਪ, ਫੇਸਬੁੱਕ ਪੇਜ ਅਤੇ ਐਕਸ ਅਕਾਊਂਟ ਦੀ ਵਰਤੋਂ ਕਰਕੇ ਆਪਣੇ ਸੰਦੇਸ਼ ਨੂੰ ਫੈਲਾਉਣ ਲਈ ਭਾਰਤ ਦੀਆਂ ਸਭ ਤੋਂ ਸ਼ਕਤੀਸ਼ਾਲੀ ਰਾਜਨੀਤਕ ਤਾਕਤਾਂ ਵਿੱਚੋਂ ਇੱਕ ਦਾ ਨਿਰਮਾਣ ਕੀਤਾ ਹੈ।

ਪਰ ਨੌਜਵਾਨ ਭਾਰਤੀ ਕੰਟੈਂਟ ਅਤੇ ਰਾਜਨੀਤੀ ਨੂੰ ਅਲੱਗ ਤਰ੍ਹਾਂ ਨਾਲ ਦੇਖਦੇ ਅਤੇ ਸਮਝਦੇ ਹਨ।

ਮਾਹਿਰਾਂ ਦਾ ਕਹਿਣਾ ਹੈ ਕਿ ਭਾਰਤ ਦੀ 60 ਫੀਸਦੀ ਤੋਂ ਜ਼ਿਆਦਾ ਆਬਾਦੀ 35 ਸਾਲ ਤੋਂ ਘੱਟ ਉਮਰ ਦੀ ਹੈ ਅਤੇ ਜੈਨਰੇਸ਼ਨ ਜ਼ੀ (1997 ਅਤੇ 2012 ਵਿਚਕਾਰ ਪੈਦਾ ਹੋਏ) ਦੇ 2029 ਦੀਆਂ ਆਮ ਚੋਣਾਂ ਤੱਕ ਦੇਸ਼ ਦੇ ਸਭ ਤੋਂ ਵੱਡੇ ਵੋਟਰ ਸਮੂਹਾਂ ਵਿੱਚੋਂ ਇੱਕ ਬਣਨ ਦੀ ਉਮੀਦ ਹੈ।

ਉਨ੍ਹਾਂ ਨੂੰ ਆਪਣੇ ਪੱਖ ਵਿੱਚ ਕਰਨ ਦਾ ਮਤਲਬ ਹੈ ਇੰਸਟਾਗ੍ਰਾਮ ਵਰਗੇ ਪਲੈਟਫਾਰਮਾਂ ‘ਤੇ ਉਨ੍ਹਾਂ ਤੱਕ ਪਹੁੰਚਣਾ, ਜਿੱਥੇ ਵਿਅਕਤੀਗਤ ਪੱਧਰ ‘ਤੇ ਅਤੇ ਬਿਨਾਂ ਕਿਸੇ ਰੋਕ-ਟੋਕ ਵਾਲੀ ਸਮੱਗਰੀ ਰਵਾਇਤੀ ਰਾਜਨੀਤਕ ਸੰਦੇਸ਼ਾਂ ਦੀ ਤੁਲਨਾ ਵਿੱਚ ਜ਼ਿਆਦਾ ਪ੍ਰਭਾਵਸ਼ਾਲੀ ਹੋ ਸਕਦੀ ਹੈ।

ਇਹ ਬਦਲਾਅ ਉਦੋਂ ਸਪੱਸ਼ਟ ਹੋਇਆ ਜਦੋਂ ਮੋਦੀ ਦੀ ਪੋਸਟ ਪਹਿਲੀ ਵਾਰ ਇੰਸਟਾਗ੍ਰਾਮ ‘ਤੇ ਦਿਖਾਈ ਦਿੱਤੀ। ਨੌਜਵਾਨ ਯੂਜ਼ਰਜ਼ ਨੇ ਤੁਰੰਤ ਵਿਅੰਗਮਈ ਪ੍ਰਤੀਕਿਰਿਆਵਾਂ ਦਿੱਤੀਆਂ।

ਕਈ ਲੋਕਾਂ ਨੇ ਉਨ੍ਹਾਂ ਦੀ ਪਹਿਲੀ ਸੈਲਫੀ ਵੀਡੀਓ ਰੀਲ ਦਾ ਮਜ਼ਾਕ ਉਡਾਇਆ, ਜਿਸ ਵਿੱਚ ਉਨ੍ਹਾਂ ਨੇ ਚੱਲ ਰਹੇ ਨੌਜਵਾਨ ਵਿਰੋਧ ਪ੍ਰਦਰਸ਼ਨਾਂ ‘ਤੇ ਆਪਣੀ ਚੁੱਪੀ ਤੋੜੀ ਸੀ। ਪਰ ਜਿਸ ਗੱਲ ਨੇ ਅਸਲ ਵਿੱਚ ਸਭ ਦਾ ਧਿਆਨ ਖਿੱਚਿਆ, ਉਹ ਸੀ ਮੋਦੀ ਦੇ ‘ਫਰੈਂਡਜ਼’ ਕਹਿਣ ਤੋਂ ਬਾਅਦ ਲੰਬਾ ਵਿਰਾਮ।

ਇਸ ਦੇ ਕਈ ਸੰਸਕਰਣ ਜਲਦੀ ਹੀ ਆਨਲਾਈਨ ਟਰੈਂਡ ਕਰਨ ਲੱਗੇ, ਜਿਸ ਵਿੱਚ ਯੂਜ਼ਰਜ਼ ਐਡਿਟ ਅਤੇ ਚੁਟਕੁਲੇ ਜੋੜ ਕੇ ਅਤੇ ਵੀਡੀਓ ਵਿੱਚ ਲਾਈਟਿੰਗ ਅਤੇ ਕੈਮਰਾ ਐਂਗਲ ਦਾ ਮਜ਼ਾਕ ਉਡਾਉਂਦੇ ਹੋਏ ਦਿਖਾਈ ਦਿੱਤੇ।

ਇਸ ਤੋਂ ਬਾਅਦ ਦੀਆਂ ਪੋਸਟਾਂ ਵਿੱਚ ਮੋਦੀ ਦੀ ਟੀਮ ਨੇ ਕੁਝ ਆਲੋਚਨਾਵਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਅਲੱਗ-ਅਲੱਗ ਕੈਮਰਾ ਐਂਗਲ, ਬੈਕਡਰਾਪ ਅਤੇ ਲਾਈਟਿੰਗ ਨਾਲ ਪ੍ਰਯੋਗ ਕੀਤੇ ਗਏ।

ਨੌਜਵਾਨਾਂ ਨੇ ਕੀ ਪ੍ਰਤੀਕਿਰਿਆ ਦਿੱਤੀ

ਜੈੱਨ ਜ਼ੀ

ਤਸਵੀਰ ਸਰੋਤ, NurPhoto via Getty Images

ਹਾਲਾਂਕਿ ਕੁਝ ਨੌਜਵਾਨ ਯੂਜਰਜ਼ ਨੇ ਇਸ ਪਹਿਲ ਦੀ ਸ਼ਲਾਘਾ ਕੀਤੀ, ਪਰ ਕਈ ਲੋਕ ਅਜੇ ਵੀ ਇਸ ਦੇ ਸਮੇਂ ਨੂੰ ਲੈ ਕੇ ਦੁਬਿਧਾ ਵਿੱਚ ਸਨ।

22 ਸਾਲਾ ਗਿੰਨੀ ਮਾਲੀਆ ਸਮਝਦੇ ਹਨ ਕਿ ਭਾਜਪਾ ਉਨ੍ਹਾਂ ਦੀ ਉਮਰ ਦੇ ਲੋਕਾਂ ਨਾਲ ਕਿਉਂ ਜੁੜਨਾ ਚਾਹੁੰਦੀ ਹੈ, ਪਰ ਉਨ੍ਹਾਂ ਦਾ ਕਹਿਣਾ ਹੈ ਕਿ ”ਇਸ ਅਚਾਨਕ ਵਧੇ ਜੁੜਾਅ ਦੇ ਸਮੇਂ ‘ਤੇ ਸਾਨੂੰ ਅਸਲ ਵਿੱਚ ਧਿਆਨ ਦੇਣ ਦੀ ਜ਼ਰੂਰਤ ਹੈ।”

ਉਹ ਅੱਗੇ ਕਹਿੰਦੇ ਹਨ ਕਿ ਵੀਡੀਓ ਵਿੱਚ ਜੈਨਰੇਸ਼ਨ ਜ਼ੀ ਦੀ ਭਾਸ਼ਾ ਅਤੇ ਫਾਰਮੈੱਟ ਨੂੰ ਅਪਣਾਇਆ ਗਿਆ ਪ੍ਰਤੀਤ ਹੁੰਦਾ ਹੈ, ਪਰ ਉਹ ਉਨ੍ਹਾਂ ਚਿੰਤਾਵਾਂ ਨੂੰ ਦੂਰ ਕਰਨ ਵਿੱਚ ਅਸਫਲ ਰਹਿੰਦੇ ਹਨ ਜਿਨ੍ਹਾਂ ਨੇ ਵਿਰੋਧ ਪ੍ਰਦਰਸ਼ਨਾਂ ਨੂੰ ਹਵਾ ਦਿੱਤੀ।

ਇਹ ਸਿਰਫ਼ ਮੋਦੀ ਦਾ ਅਕਾਊਂਟ ਨਹੀਂ ਹੈ। ਭਾਜਪਾ ਦੇ ਸੋਸ਼ਲ ਮੀਡੀਆ ਪੇਜ ਵੀ ਨੌਜਵਾਨ ਦਰਸ਼ਕਾਂ ਤੱਕ ਪਹੁੰਚਣ ਲਈ ਮੀਮਜ਼, ਬੋਲਚਾਲ ਦੀ ਭਾਸ਼ਾ ਅਤੇ ਹਰਮਨਪਿਆਰੇ ਸੰਸਕ੍ਰਿਤ ਦੇ ਸੰਦਰਭਾਂ ਦੀ ਵਰਤੋਂ ਕਰਨ ਲੱਗੇ ਹਨ।

ਵਿਰੋਧ ਪ੍ਰਦਰਸ਼ਨ ਖਤਮ ਹੋਣ ਦੇ ਕੁਝ ਹੀ ਸਮੇਂ ਬਾਅਦ ਭਾਜਪਾ ਨੇ ਇੱਕ ਜਿਮ ਵਿੱਚ ਫਿਲਮਾਈ ਗਈ ਵੀਡੀਓ ਪੋਸਟ ਕੀਤੀ। ਇਸ ਵਿੱਚ ਨੌਜਵਾਨ ਅਤੇ ਇੱਕ ਬਜ਼ੁਰਗ ਟਰੇਨਰ ਬਹਿਸ ਦੌਰਾਨ ਇਹ ਤਰਕ ਦਿੰਦੇ ਹੋਏ ਦਿਖਾਈ ਦਿੱਤੇ ਕਿ ਨੌਜਵਾਨ ਭਾਰਤੀਆਂ ਨੂੰ ਵਿਰੋਧ ਪ੍ਰਦਰਸ਼ਨਾਂ ਤੋਂ ਦੂਰ ਰਹਿਣਾ ਚਾਹੀਦਾ ਹੈ। ਪਰ ਕਈ ਟਿੱਪਣੀਆਂ ਅਤੇ ਸ਼ੇਅਰ ਕਰਨ ਵਾਲਿਆਂ ਨੇ ਵੀਡੀਓ ਨੂੰ ‘ਬੇਹੁਦਾ’ ਦੱਸਿਆ।

ਭਾਜਪਾ ਦੁਆਰਾ ਪੋਸਟ ਕੀਤੇ ਗਏ ਇੱਕ ਹੋਰ ਵੀਡੀਓ ਵਿੱਚ 90 ਦੇ ਦਹਾਕੇ ਦੇ ਸਿਟਕਾਮ ‘ਫਰੈਂਡਜ਼’ ਦਾ ਟਾਈਟਲ ਟਰੈਕ ਪਿਛੋਕੜ ਵਿੱਚ ਵੱਜ ਰਿਹਾ ਸੀ, ਜਿਸ ਵਿੱਚ ਕੈਪਸ਼ਨ ਸੀ, ”ਪੀਐੱਮ ਮੋਦੀ ਤੁਹਾਡੇ ਲਈ ਹਨ।” ਇਹ ਉਸ ਸ਼ੋਅ ਦਾ ਸੰਦਰਭ ਸੀ ਜੋ ਮਿਲੇਨੀਅਲਜ਼ ਵਿਚਕਾਰ ਹਿੱਟ ਸੀ, ਪਰ ਜੈਨਰੇਸ਼ਨ ਜ਼ੀ ਵਿਚਕਾਰ ਇਸ ਦੀ ਯਾਦਾਸ਼ਤ ਬਹੁਤ ਘੱਟ ਹੈ।

ਮਾਲੀਆ ਦਾ ਕਹਿਣਾ ਹੈ ਕਿ ਉਸ ਦੇ ਸਾਥੀਆਂ ਵਿਚਕਾਰ, ਇਸ ਵੀਡੀਓ ਨੂੰ ਰਾਜਨੀਤਕ ਸੰਦੇਸ਼ ਜਾਂ ਜਨਸੰਪਰਕ ਦੀ ਬਜਾਏ ‘ਮਜ਼ਾਕੀਆ ਕੰਟੈਂਟ’ ਦੇ ਰੂਪ ਵਿੱਚ ਦੇਖਿਆ ਜਾਂਦਾ ਹੈ।

ਸੋਸ਼ਲ ਮੀਡੀਆ ਬਾਬਤ ਕਿਹੜੀ ਸਲਾਹ ਦਿੱਤੀ

ਸੀਜੇਪੀ

ਤਸਵੀਰ ਸਰੋਤ, Getty Images

ਰਿਪੋਰਟਾਂ ਦੇ ਮੁਤਾਬਿਕ ਭਾਜਪਾ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਹੈ ਕਿ ਨੌਜਵਾਨ ਦਰਸ਼ਕਾਂ ਤੱਕ ਪਹੁੰਚਣ ਦੇ ਉਸ ਦੇ ਯਤਨ ਉਮੀਦ ਦੇ ਮੁਤਾਬਿਕ ਸਫਲ ਨਹੀਂ ਹੋ ਰਹੇ ਹਨ।

ਖ਼ਬਰਾਂ ਦੇ ਮੁਤਾਬਿਕ ਵਿਰੋਧ ਪ੍ਰਦਰਸ਼ਨਾਂ ਦੇ ਦੌਰਾਨ ਮੋਦੀ ਨੇ ਆਪਣੇ ਮੰਤਰੀ ਮੰਡਲ ਦੇ ਮੰਤਰੀਆਂ ਨੂੰ ਸੋਸ਼ਲ ਮੀਡੀਆ ‘ਤੇ ਆਪਣੀ ਸਰਗਰਮੀ ਵਧਾਉਣ ਅਤੇ ਨੌਜਵਾਨਾਂ ਤੱਕ ਪਹੁੰਚਣ ਲਈ ਕਿਹਾ ਸੀ।

ਹਿੰਦੁਸਤਾਨ ਟਾਈਮਜ਼ ਦੀ ਰਿਪੋਰਟ ਦੇ ਅਨੁਸਾਰ ਬੁੱਧਵਾਰ ਨੂੰ ਕੇਂਦਰੀ ਮੰਤਰੀਆਂ ਨੂੰ ਉਨ੍ਹਾਂ ਦੇ ਸੋਸ਼ਲ ਮੀਡੀਆ ਪ੍ਰਦਰਸ਼ਨ ‘ਤੇ ਇੱਕ ‘ਰਿਪੋਰਟ ਕਾਰਡ’ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਸਾਰੇ ਪਲੈਟਫਾਰਮਾਂ ‘ਤੇ ਆਪਣੀ ਮੌਜੂਦਗੀ ਵਧਾਉਣ ਲਈ ਕਿਹਾ ਗਿਆ।

ਹਾਲ ਹੀ ਵਿੱਚ ਪਾਰਟੀ ਨੇ ਆਪਣੇ ਸੋਸ਼ਲ ਮੀਡੀਆ ਪ੍ਰਮੁੱਖ ਅਮਿਤ ਮਾਲਵੀਆ ਨੂੰ ਵੀ ਬਦਲ ਦਿੱਤਾ ਜੋ 2015 ਤੋਂ ਇਸ ਅਹੁਦੇ ‘ਤੇ ਸਨ। ਕੁਝ ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਇਸ ਦਾ ਕਾਰਨ ਵਿਰੋਧ ਪ੍ਰਦਰਸ਼ਨਾਂ ਦੌਰਾਨ ਭਾਜਪਾ ‘ਤੇ ਆਨਲਾਈਨ ਹੋ ਰਹੀ ਆਲੋਚਨਾ ਅਤੇ ਸੋਸ਼ਲ ਮੀਡੀਆ ‘ਤੇ ਚੱਲ ਰਹੀ ਚਰਚਾ ਨੂੰ ਕੰਟਰੋਲ ਕਰਨ ਵਿੱਚ ਉਨ੍ਹਾਂ ਦੀ ਅਸਮਰੱਥਾ ਹੋ ਸਕਦੀ ਹੈ।

ਨੌਜਵਾਨ ਦਰਸ਼ਕਾਂ ਨਾਲ ਜੁੜਨ ਦੀ ਕੋਸ਼ਿਸ਼ ਕਰਨ ਵਾਲੀ ਭਾਜਪਾ ਇਕੱਲੀ ਪਾਰਟੀ ਨਹੀਂ ਹੈ।

‘ਇੰਸਟਾਗ੍ਰਾਮ ‘ਤੇ ਧਿਆਨ ਆਕਰਸ਼ਿਤ ਕਰਨਾ’

ਰਾਹੁਲ ਗਾਂਧੀ

ਤਸਵੀਰ ਸਰੋਤ, Getty Images

ਕਾਂਗਰਸ ਨੇਤਾ ਰਾਹੁਲ ਗਾਂਧੀ ਜੋ ਅਕਸਰ ਇੰਸਟਾਗ੍ਰਾਮ ‘ਤੇ ਸੈਲਫੀ-ਸਟਾਇਲ ਵੀਡੀਓ ਅਤੇ ਬੇਬਾਕ ਤਸਵੀਰਾਂ ਪੋਸਟ ਕਰਦੇ ਹਨ, ਨੇ ਵਿਰੋਧ ਪ੍ਰਦਰਸ਼ਨਾਂ ਦੇ ਬਾਅਦ ਇੰਸਟਾਗ੍ਰਾਮ ‘ਤੇ ‘ਆਸਕ ਮੀ ਐਨੀਥਿੰਗ’ (ਮੈਨੂੰ ਕੁਝ ਵੀ ਪੁੱਛੋ) ਸੈਸ਼ਨ ਵੀ ਕੀਤਾ ਸੀ ਜਿਸ ਵਿੱਚ ਉਨ੍ਹਾਂ ਨੇ ”ਕੀ ਤੁਸੀਂ ਮੈਨੂੰ ਅਤੇ ਬੈਟਮੈਨ ਨੂੰ ਇੱਕ ਹੀ ਕਮਰੇ ਵਿੱਚ ਇਕੱਠੇ ਦੇਖਿਆ ਹੈ?” ਵਰਗੇ ਮਜ਼ਾਕੀਆ ਜਵਾਬ ਦਿੱਤੇ।

ਹਾਲਾਂਕਿ, ਇੰਸਟਾਗ੍ਰਾਮ ‘ਤੇ ਧਿਆਨ ਆਕਰਸ਼ਿਤ ਕਰਨਾ ਇੱਕ ਗੱਲ ਹੈ ਅਤੇ ਉੱਥੋਂ ਦੀ ਗੱਲਬਾਤ ਨੂੰ ਕੰਟਰੋਲ ਕਰਨਾ ਦੂਜੀ ਗੱਲ।

ਮਿਸ਼ੀਗਨ ਯੂਨੀਵਰਸਿਟੀ ਵਿੱਚ ਸੋਸ਼ਲ ਮੀਡੀਆ ਦੇ ਰਾਜਨੀਤਕ ਉਪਯੋਗ ਦਾ ਅਧਿਐਨ ਕਰਨ ਵਾਲੇ ਜੋਓਜੀਤ ਪਾਲ ਦਾ ਕਹਿਣਾ ਹੈ ਕਿ ਭਾਜਪਾ ਲੰਬੇ ਸਮੇਂ ਤੋਂ ਆਪਣੇ ਸੰਦੇਸ਼ਾਂ ਨੂੰ ਫੈਲਾਉਣ ਅਤੇ ਬਿਰਤਾਂਤ ਨੂੰ ਆਕਾਰ ਦੇਣ ਲਈ ਐਕਸ ਅਤੇ ਵ੍ਹਟਸਐਪ ‘ਤੇ ਸਮਰਥਕਾਂ ਦੇ ਨੈੱਟਵਰਕ ‘ਤੇ ਨਿਰਭਰ ਰਹੀ ਹੈ, ਪਰ ਇਹ ਇੰਸਟਾਗ੍ਰਾਮ ‘ਤੇ ਕੰਮ ਨਹੀਂ ਕਰਦਾ ਹੈ।

ਇਹ ਪਲੈਟਫਾਰਮ ਅਜਿਹੀ ਸਮੱਗਰੀ ਨੂੰ ਪ੍ਰੋਤਸਾਹਨ ਦਿੰਦਾ ਹੈ ਜੋ ਜ਼ਿਆਦਾ ਜੁੜਾਅ ਉਤਪੰਨ ਕਰਦੀ ਹੈ ਜਿਵੇਂ ਕਿ ਲੰਬੇ ਸਮੇਂ ਤੱਕ ਦੇਖਣਾ, ਬਾਰ-ਬਾਰ ਦੇਖਣਾ, ਸ਼ੇਅਰ ਕਰਨਾ ਅਤੇ ਟਿੱਪਣੀਆਂ ਕਰਨਾ।

ਪਾਲ ਕਹਿੰਦੇ ਹਨ, ”ਅਜਿਹੀ ਰੀਲ ਲੱਭਣਾ ਜ਼ਿਆਦਾ ਮੁਸ਼ਕਿਲ ਨਹੀਂ ਹੈ ਜਿਸ ਨੂੰ 200 ਫੋਲੋਅਰਜ਼ ਵਾਲੇ ਅਕਾਊਂਟ ਤੋਂ ਪੋਸਟ ਕੀਤਾ ਗਿਆ ਹੋਵੇ ਅਤੇ ਜਿਸ ਨੂੰ 10 ਮਿਲੀਅਨ ਵਿਊਜ਼ ਮਿਲੇ ਹੋਣ, ਜਦੋਂਕਿ ਵੱਡੀ ਗਿਣਤੀ ਵਿੱਚ ਫੋਲੋਅਰਜ਼ ਵਾਲੇ ਲੋਕਾਂ ਦੁਆਰਾ ਪੋਸਟ ਕੀਤੀ ਗਈ ਰੀਲ ਨੂੰ ਸਿਰਫ਼ ਕੁਝ ਹਜ਼ਾਰ ਵਿਊਜ਼ ਹੀ ਮਿਲਦੇ ਹਨ।”

”ਇਹ ਭਾਜਪਾ ਲਈ ਇੱਕ ਚੁਣੌਤੀ ਹੈ ਕਿਉਂਕਿ ਉਸ ਦੀ ਰਣਨੀਤੀ ਨੈੱਟਵਰਕ-ਕੇਂਦਰਿਤ ਇੰਟਰਨੈੱਟ ਲਈ ਬਣਾਈ ਗਈ ਸੀ, ਜਦੋਂਕਿ ਅੱਜ ਦੇ ਪਲੈਟਫਾਰਮ ਕਿਧਰੇ ਜ਼ਿਆਦਾ ਭਾਵਨਾ ਕੇਂਦਰਿਤ ਹਨ।”

ਵੀਡੀਓ ਪੋਸਟ ਹੋਣ ਦੇ ਬਾਅਦ ਕੀ ਹੁੰਦਾ ਹੈ, ਇਸ ‘ਤੇ ਕੰਟਰੋਲ ਖੋਣਾ ਭਾਜਪਾ ਲਈ ਇੱਕ ਹੋਰ ਰੁਕਾਵਟ ਹੋ ਸਕਦੀ ਹੈ।

ਮੋਦੀ ਦੀ ਪਹਿਲੀ ਰੀਲ ਜਿਸ ਨੂੰ 40 ਕਰੋੜ ਤੋਂ ਜ਼ਿਆਦਾ ਵਾਰ ਦੇਖਿਆ ਜਾ ਚੁੱਕਾ ਹੈ, ਇਸ ਦਾ ਇੱਕ ਸਟੀਕ ਉਦਾਹਰਨ ਹੈ।

ਵਰਮਾ ਦਾ ਕਹਿਣਾ ਹੈ ਕਿ ਹਾਲਾਂਕਿ ਇਸ ਨੇ ਭਾਰੀ ਦਰਸ਼ਕ ਵਰਗ ਨੂੰ ਆਕਰਸ਼ਿਤ ਕੀਤਾ, ਪਰ ਨੌਜਵਾਨਾਂ ਨੇ ਵਿਅੰਗਾਤਮਕ ਅਤੇ ਮਜ਼ਾਕ ਉਡਾਉਣ ਵਾਲੇ ਸੰਪਾਦਨਾਂ ਨਾਲ ਇਸ ਨੂੰ ਦੁਬਾਰਾ ਸ਼ੇਅਰ ਕੀਤਾ, ਜਿਸ ਨਾਲ ਇਸ ਦਾ ਲਹਿਜਾ ਮੋਦੀ ਦੇ ਮੂਲ ਉਦੇਸ਼ ਤੋਂ ਬਿਲਕੁਲ ਅਲੱਗ ਹੋ ਗਿਆ। ਭਾਜਪਾ ਲਈ ਇਸ ਤਬਦੀਲੀ ਨੂੰ ਸਵੀਕਾਰ ਕਰਨਾ ਇੱਕ ਚੁਣੌਤੀ ਹੋ ਸਕਦੀ ਹੈ।

ਵਰਮਾ ਕਹਿੰਦੇ ਹਨ, ”ਇੰਸਟਾਗ੍ਰਾਮ ਮੂਲ ਰੂਪ ਨਾਲ ਵਿਅੰਗ ‘ਤੇ ਆਧਾਰਿਤ ਇੱਕ ਮੰਚ ਹੈ। ਰੀਲ ਦੇ ਰੂਪ ਵਿੱਚ ਪੇਸ਼ ਕੀਤੇ ਗਏ ਗੰਭੀਰ ਰਾਜਨੀਤਕ ਸੰਦੇਸ਼ ਨੂੰ ਵੀ ਟਰੋਲ ਕੀਤਾ ਜਾ ਸਕਦਾ ਹੈ।”

ਹਾਲਾਂਕਿ, ਮਾਹਿਰ ਭਾਜਪਾ ਦੁਆਰਾ ਜੈਨਰੇਸ਼ਨ ਜ਼ੀ ਨੂੰ ਲੁਭਾਉਣ ਦੇ ਯਤਨਾਂ ਨੂੰ ਜ਼ਿਆਦਾ ਮਹੱਤਵ ਦੇਣ ਪ੍ਰਤੀ ਸੁਚੇਤ ਕਰਦੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਪਾਰਟੀ ਦੀ ਚੋਣ ਸਫਲਤਾ ਅਜੇ ਵੀ ਇੰਸਟਾਗ੍ਰਾਮ ‘ਤੇ ਉਸ ਦੀ ਸਮੱਗਰੀ ਦੇ ਪ੍ਰਦਰਸ਼ਨ ਦੀ ਤੁਲਨਾ ਵਿੱਚ ਉਸ ਦੀ ਸੰਗਠਨਾਤਮਕ ਸ਼ਕਤੀ ਅਤੇ ਵਫ਼ਾਦਾਰ ਸਮਰਥਕ ਆਧਾਰ ‘ਤੇ ਕਿਧਰੇ ਜ਼ਿਆਦਾ ਨਿਰਭਰ ਕਰਦੀ ਹੈ।

ਪਾਲ ਕਹਿੰਦੇ ਹਨ, ”ਚੋਣ ਜਿੱਤਣ ਦੀ ਸਮਰੱਥਾ ਅਤੇ ਸੋਸ਼ਲ ਮੀਡੀਆ ‘ਤੇ ਆਪਣੀ ਪਕੜ ਮਜ਼ਬੂਤ ਕਰਨ ਦੀ ਸਮਰੱਥਾ ਵਿੱਚ ਅੰਤਰ ਕਰਨਾ ਮਹੱਤਵਪੂਰਨ ਹੈ। ਬੇਸ਼ੱਕ ਸੋਸ਼ਲ ਮੀਡੀਆ ‘ਤੇ ਹਰ ਜੈਨਰੇਸ਼ਨ ਜ਼ੈੱਡ ਦੇ ਲੋਕ ਭਾਜਪਾ ਨੂੰ ਨਫ਼ਰਤ ਕਰਦੇ ਹੋਣ, ਭਾਜਪਾ ਨਿਸ਼ਚਤ ਰੂਪ ਨਾਲ ਚੋਣਾਂ ਵਿੱਚ ਭਾਰੀ ਜਿੱਤ ਹਾਸਲ ਕਰਨ ਵਿੱਚ ਸਮਰੱਥ ਹੈ।”

ਫਿਲਹਾਲ ਇਹ ਪਾਰਟੀ ਭਾਰਤ ਦੇ ਰਾਜਨੀਤਕ ਦ੍ਰਿਸ਼ ਵਿੱਚ ਕਈ ਹੋਰ ਪਾਰਟੀਆਂ ਵਾਂਗ ਅਣਜਾਣ ਖੇਤਰ ਵਿੱਚ ਕੰਮ ਕਰਨਾ ਸਿੱਖ ਰਹੀ ਹੈ।

ਪਰ ਪਾਲ ਦਾ ਕਹਿਣਾ ਹੈ ਕਿ ਜੇਕਰ ਭਾਜਪਾ ਅੰਤ ਵਿੱਚ ਇਸ ਦਾ ਹੱਲ ਕੱਢ ਲੈਂਦੀ ਹੈ ਤਾਂ ਇਸ ਵਿੱਚ ਕੋਈ ਹੈਰਾਨੀ ਦੀ ਗੱਲ ਨਹੀਂ ਹੋਵੇਗੀ।

ਇਸ ਪਾਰਟੀ ਦਾ ਰਾਜਨੀਤਕ ਸੰਚਾਰ ਦੇ ਨਵੇਂ ਰੂਪਾਂ ਦੇ ਅਨੁਕੂਲ ਢਲਣ ਦਾ ਇੱਕ ਲੰਬਾ ਇਤਿਹਾਸ ਰਿਹਾ ਹੈ, ਜਿਸ ਵਿੱਚ ਚੋਣ ਪ੍ਰਚਾਰ ਲਈ ਸੋਸ਼ਲ ਮੀਡੀਆ ਨੂੰ ਅਪਣਾਉਣ ਵਾਲੀਆਂ ਸ਼ੁਰੂਆਤੀ ਪਾਰਟੀਆਂ ਵਿੱਚੋਂ ਇੱਕ ਹੋਣ ਤੋਂ ਲੈ ਕੇ ਪੌਡਕਾਸਟ ਅਤੇ ਪ੍ਰਭਾਵਸ਼ਾਲੀ ਵਿਅਕਤੀਆਂ (ਇਨਫਲੂਐਂਜ਼ਰਸ) ਨੂੰ ਇੰਟਰਵਿਊ ਵਰਗੇ ਨਵੇਂ ਸਰੂਪਾਂ ਨੂੰ ਅਪਣਾਉਣਾ ਸ਼ਾਮਲ ਹੈ।

ਉਹ ਅੱਗੇ ਕਹਿੰਦੇ ਹਨ, ”ਪਰ ਇਸ ਵਿੱਚ ਸਮਾਂ ਲੱਗੇਗਾ ਅਤੇ ਇਹ ਤੱਥ ਕਿ ਅਸੀਂ ਇਸ ਸਮੱਸਿਆ ਨੂੰ ਅਜੇ ਦੇਖ ਰਹੇ ਹਾਂ, ਇਸ ਦਾ ਮਤਲਬ ਹੈ ਕਿ ਉਨ੍ਹਾਂ ਨੂੰ ਨਿਯਮਾਂ ਦਾ ਇੱਕ ਨਵਾਂ ਸੈੱਟ ਸਿੱਖਣਾ ਹੋਵੇਗਾ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI