Source :- BBC PUNJABI

ਤਸਵੀਰ ਸਰੋਤ, EPA
ਅਪਡੇਟ ਇੱਕ ਘੰਟਾ ਪਹਿਲਾਂ
ਪੋਪ ਫਰਾਂਸਿਸ ਦਾ 88 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਵੈਟੀਕਨ ਸਿਟੀ ਵਿੱਚ ਉਨ੍ਹਾਂ ਨੇ ਆਖ਼ਰੀ ਸਾਹ ਲਏ।
ਕਾਰਡੀਨਲ ਕੇਵਿਨ ਫੇਰੇਲ ਨੇ ਪੋਪ ਦੇ ਦੇਹਾਂਤ ਦਾ ਐਲਾਨ ਕੀਤਾ।
ਫੇਰੇਲ ਨੇ ਆਪਣੇ ਐਲਾਨ ਵਿੱਚ ਕਿਹਾ, ”ਰੋਮ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 7.35 ਵਜੇ ਪੋਪ ਫਰਾਂਸਿਸ ਨੇ ਆਖ਼ਰੀ ਸਾਹ ਲਏ। ਫਰਾਂਸਿਸ ਦੀ ਪੂਰੀ ਜ਼ਿੰਦਗੀ ਲਾਰਡ ਤੇ ਚਰਚ ਦੀ ਸੇਵਾ ਨੂੰ ਸਮਰਪਿਤ ਸੀ।”
”ਉਨ੍ਹਾਂ ਨੇ ਹਮੇਸ਼ਾ ਸਾਨੂੰ ਹਿੰਮਤ, ਪਿਆਰ ਅਤੇ ਹਾਸ਼ੀਏ ਦੇ ਲੋਕਾਂ ਲਈ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ ਹੈ। ਪੋਪ ਫਰਾਂਸਿਸ ਪ੍ਰਭੂ ਦੇ ਯਿਸ਼ੂ ਸੱਚੇ ਚੇਲੇ ਸਨ।”

ਤਸਵੀਰ ਸਰੋਤ, AP/BBC
ਪੋਪ ਦਾ ਅੰਤਿਮ ਸੰਸਕਾਰ ਰਵਾਇਤੀ ਤੌਰ ‘ਤੇ ਇੱਕ ਜਟਿਲ ਮਾਮਲਾ ਰਿਹਾ ਹੈ, ਪਰ ਪੋਪ ਫਰਾਂਸਿਸ ਨੇ ਹਾਲ ਹੀ ਵਿੱਚ ਪੂਰੀ ਪ੍ਰਕਿਰਿਆ ਨੂੰ ਘੱਟ ਗੁੰਝਲਦਾਰ ਬਣਾਉਣ ਲਈ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ ਹੈ।
ਪਿਛਲੇ ਪੋਪ ਨੂੰ ਸਾਈਪ੍ਰਸ, ਸੀਸਾ ਅਤੇ ਓਕ ਦੇ ਬਣੇ ਤਿੰਨ ਨੇਸਟਡ ਤਾਬੂਤਾਂ ਵਿੱਚ ਦਫ਼ਨਾਇਆ ਗਿਆ ਸੀ।
ਹਾਲਾਂਕਿ, ਪੋਪ ਫਰਾਂਸਿਸ ਨੇ ਜ਼ਿੰਕ ਨਾਲ ਬਣੇ ਇੱਕ ਸਧਾਰਨ ਲੱਕੜ ਦੇ ਤਾਬੂਤ ਨੂੰ ਚੁਣਿਆ ਹੈ।
ਉਨ੍ਹਾਂ ਨੇ ਪੋਪ ਦੀ ਮ੍ਰਿਤਕ ਦੇਹ ਨੂੰ ਸੇਂਟ ਪੀਟਰਜ਼ ਬੇਸਿਲਿਕਾ ਵਿੱਚ ਲੋਕਾਂ ਦੇ ਦਰਸ਼ਨ ਕਰਨ ਲਈ ਇੱਕ ਉੱਚੇ ਪਲੇਟਫਾਰਮ, ਜਿਸ ਨੂੰ ਕੈਟਾਫਾਲਕ ਕਿਹਾ ਜਾਂਦਾ ਹੈ ‘ਤੇ ਰੱਖਣ ਦੀ ਰਵਾਇਤ ਨੂੰ ਵੀ ਖ਼ਤਮ ਕਰ ਦਿੱਤਾ ਹੈ।

ਤਸਵੀਰ ਸਰੋਤ, Reuters
ਇਸ ਦੀ ਬਜਾਏ, ਉਨ੍ਹਾਂ ਦੀ ਦੇਹ ਨੂੰ ਤਾਬੂਤ ਦੇ ਅੰਦਰ ਰੱਖ ਕੇ ਹੀ ਸੋਗ ਕਰਨ ਵਾਲਿਆਂ ਨੂੰ ਸ਼ਰਧਾਂਜਲੀ ਦੇਣ ਲਈ ਸੱਦਾ ਦਿੱਤਾ ਜਾਵੇਗਾ। ਜਿਸ ਵੇਲੇ ਲੋਕ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਆਉਣਗੇ, ਉਸ ਸਮੇਂ ਦੌਰਾਨ ਤਾਬੂਤ ਦਾ ਢੱਕਣ ਖੁੱਲ੍ਹਾ ਰੱਖਿਆ ਜਾਵੇਗਾ।
ਪਿਛਲੀ ਇੱਕ ਸਦੀ ਵਿੱਚ ਫਰਾਂਸਿਸ ਅਜਿਹੇ ਪਹਿਲੇ ਪੋਪ ਵੀ ਹੋਣਗੇ, ਜਿਨ੍ਹਾਂ ਨੂੰ ਵੈਟੀਕਨ ਦੇ ਬਾਹਰ ਦਫ਼ਨਾਇਆ ਜਾਵੇਗਾ।
ਉਨ੍ਹਾਂ ਨੂੰ ਰੋਮ ਦੇ ਚਾਰ ਪ੍ਰਮੁੱਖ ਪੋਪ ਬੇਸਿਲਿਕਾਵਾਂ ਵਿੱਚੋਂ ਇੱਕ, ਸੇਂਟ ਮੈਰੀ ਮੇਜਰ ਦੇ ਬੇਸਿਲਿਕਾ ਵਿੱਚ ਦਫ਼ਨਾਇਆ ਜਾਵੇਗਾ।
ਪੋਪ ਈਸਟਰ ਮੌਕੇ ਐਤਵਾਰ ਨੂੰ ਆਖ਼ਰੀ ਵਾਰੀ ਜਨਤਾ ਦੇ ਰੂਬਰੂ ਹੋਏ ਸਨ। ਉਨ੍ਹਾਂ ਨੇ ਜਨਤਾ ਨੂੰ ਈਸਟਰ ਦੀਆਂ ਸ਼ੁਭਕਾਮਨਾਵਾਂ ਅਤੇ ਆਸ਼ੀਰਵਾਦ ਦਿੱਤਾ ਸੀ। ਹਾਲਾਂਕਿ, ਇਸ ਦੌਰਾਨ ਉਹ ਆਪ ਇੱਕ ਵ੍ਹੀਲਚੇਅਰ ‘ਤੇ ਬੈਠੇ ਬਸ ਦੇਖ ਰਹੇ ਸਨ ਅਤੇ ਉਨ੍ਹਾਂ ਵੱਲੋਂ ਉਹ ਸ਼ੁਭਕਾਨਾਵਾਂ ਇੱਕ ਸਹਿਯੋਗੀ ਨੇ ਦਿੱਤੀਆਂ ਸਨ।
ਪੋਪ ਫਰਾਂਸਿਸ ਬਾਰੇ ਜਾਣੋ

ਤਸਵੀਰ ਸਰੋਤ, Getty Images
ਕਾਰਡੀਨਲ ਜਾਰਜ ਮਾਰੀਓ ਬਰਗੋਗਲੀਓ ਜਦੋਂ 2013 ਵਿੱਚ ਬੇਨੇਡਿਕਟ ਸੋਲ੍ਹਵੇਂ ਦੇ ਉਤਰਾਧਿਕਾਰੀ ਚੁਣੇ ਗਏ ਸਨ, ਉਦੋਂ ਤੁਲਨਾਤਮਕ ਤੌਰ ‘ਤੇ ਉਹ ਬਾਹਰੀ ਵਿਅਕਤੀ ਸਨ।
ਪੋਪ ਫਰਾਂਸਿਸ, ਰੋਮਨ ਕੈਥੋਲਿਕ ਚਰਚ ਦੀ ਅਗਵਾਈ ਕਰਨ ਵਾਲੇ ਪਹਿਲੇ ਲਾਤੀਨੀ ਅਮਰੀਕੀ ਅਤੇ ਪਹਿਲੇ ਜੇਸੁਇਟ ਸਨ।
266ਵੇਂ ਪੋਪ ਵਜੋਂ ਉਨ੍ਹਾਂ ਦੀ ਚੋਣ ਨੇ ਵਿਸ਼ਲੇਸ਼ਕਾਂ ਨੂੰ ਹੈਰਾਨ ਕਰ ਦਿੱਤਾ ਸੀ ਜੋ ਸ਼ਾਇਦ 76 ਸਾਲ ਦੇ ਪੋਪ ਤੋਂ ਘੱਟ ਉਮਰ ਦੇ ਕਿਸੇ ਵਿਅਕਤੀ ਦੇ ਪੋਪ ਬਣਨ ਦੀ ਉਮੀਦ ਕਰ ਰਹੇ ਸਨ।
ਆਪਣੀ ਚੋਣ ਦੇ ਸਮੇਂ ਉਨ੍ਹਾਂ ਨੂੰ ਚਰਚ ਦੇ ਰੂੜੀਵਾਦੀਆਂ ਅਤੇ ਸੁਧਾਰਕਾਂ ਦੋਵਾਂ ਦਾ ਵਿਆਪਕ ਸਮਰਥਨ ਪ੍ਰਾਪਤ ਹੋਇਆ ਸੀ। ਉਨ੍ਹਾਂ ਨੂੰ ਜਿਨਸੀ ਮਾਮਲਿਆਂ ਵਿੱਚ ਰੂੜੀਵਾਦੀ, ਪਰ ਸਮਾਜਿਕ ਮਾਮਲਿਆਂ ਵਿੱਚ ਉਦਾਰ ਮੰਨਿਆ ਜਾਂਦਾ ਸੀ।
ਜਵਾਨੀ ਵਿੱਚ, ਉਨ੍ਹਾਂ ਦਾ ਇੱਕ ਫੇਫੜਾ ਇਨਫੈਕਸ਼ਨ ਕਾਰਨ ਕੱਢ ਦਿੱਤਾ ਗਿਆ ਸੀ।
ਉਹ 1992 ਵਿੱਚ ਬਿਸ਼ਪ ਅਤੇ 1998 ਵਿੱਚ ਬਿਊਨਸ ਆਇਰਸ ਦੇ ਆਰਕਬਿਸ਼ਪ ਬਣੇ।
ਕਾਰਡੀਨਲ ਬਰਗੋਗਲੀਓ ਦੇ ਰੂਪ ਵਿੱਚ, ਉਨ੍ਹਾਂ ਦੇ ਉਪਦੇਸ਼ਾਂ ਦਾ ਅਰਜਨਟੀਨਾ ਵਿੱਚ ਹਮੇਸ਼ਾ ਪ੍ਰਭਾਵ ਰਿਹਾ ਅਤੇ ਉਹ ਅਕਸਰ ਸਮਾਜਿਕ ਨਿਰਪੱਖਤਾ ‘ਤੇ ਜ਼ੋਰ ਦਿੰਦੇ ਸਨ ਅਤੇ ਅਸਿੱਧੇ ਤੌਰ ‘ਤੇ ਉਨ੍ਹਾਂ ਸਰਕਾਰਾਂ ਦੀ ਆਲੋਚਨਾ ਕਰਦੇ ਸਨ ਜੋ ਸਮਾਜ ਦੇ ਹਾਸ਼ੀਏ ‘ਤੇ ਰਹਿਣ ਵਾਲੇ ਲੋਕਾਂ ਵੱਲ ਧਿਆਨ ਨਹੀਂ ਦਿੰਦੀਆਂ।
ਜਾਰਜ ਮਾਰੀਓ ਬਰਗੋਗਲੀਓ ਦਾ ਜਨਮ 17 ਦਸੰਬਰ 1936 ਨੂੰ ਬਿਊਨਸ ਆਇਰਸ ਵਿੱਚ ਹੋਇਆ ਸੀ। ਉਨ੍ਹਾਂ ਨੇ ਅਰਜਨਟੀਨਾ, ਚਿਲੀ ਅਤੇ ਜਰਮਨੀ ਵਿੱਚ ਪੜ੍ਹਾਈ ਕੀਤੀ।

ਤਸਵੀਰ ਸਰੋਤ, Reuters
ਕਾਰਡੀਨਲਾਂ ਵੱਲੋਂ ਪੋਪ ਦੀ ਚੋਣ
ਪੋਪ ਦੀ ਚੋਣ ‘ਕਾਰਡੀਨਲਾਂ ਦੇ ਕਾਲਜ’ ਦੁਆਰਾ ਕੀਤੀ ਜਾਂਦੀ ਹੈ ਜੋ ਚਰਚ ਦੇ ਸਭ ਤੋਂ ਸੀਨੀਅਰ ਅਧਿਕਾਰੀ ਹੁੰਦੇ ਹਨ। ਉਨ੍ਹਾਂ ਦੀ ਨਿਯੁਕਤੀ ਪੋਪ ਦੁਆਰਾ ਕੀਤੀ ਜਾਂਦੀ ਹੈ ਅਤੇ ਆਮ ਤੌਰ ‘ਤੇ ਬਿਸ਼ਪ ਨਿਯੁਕਤ ਕੀਤੇ ਜਾਂਦੇ ਹਨ।
ਉਨ੍ਹਾਂ ਨੂੰ ਵੈਟੀਕਨ ਵਿਖੇ ਮੀਟਿੰਗ ਲਈ ਬੁਲਾਇਆ ਜਾਂਦਾ ਹੈ ਜਿਸ ਤੋਂ ਬਾਅਦ ਪੋਪ ਦੀ ਚੋਣ ਜਾਂ ਕਨਕਲੇਵ ਹੁੰਦਾ ਹੈ।
ਮੌਜੂਦਾ ਸਮੇਂ 69 ਦੇਸ਼ਾਂ ਦੇ 203 ਕਾਰਡੀਨਲ ਹਨ। 1975 ਵਿੱਚ ਕਨਕਲੇਵ ਦੇ ਨਿਯਮਾਂ ਨੂੰ ਬਦਲਿਆ ਗਿਆ ਸੀ। ਜਿਸ ਤਹਿਤ 80 ਸਾਲ ਤੋਂ ਵੱਧ ਉਮਰ ਦੇ ਸਾਰੇ ਕਾਰਡੀਨਲਾਂ ਨੂੰ ਵੋਟ ਪਾਉਣ ਤੋਂ ਬਾਹਰ ਰੱਖਿਆ ਗਿਆ ਸੀ। ਕਾਰਡੀਨਲ ਵੋਟਰਾਂ ਦੀ ਵੱਧ ਤੋਂ ਵੱਧ ਗਿਣਤੀ 120 ਹੈ।
ਪਿਛਲੇ ਕਨਕਲੇਵ ਦੌਰਾਨ, 115 ਕਾਰਡੀਨਲ ਚੋਣਕਾਰ ਸਨ। ਵੋਟ ਪਾਉਣ ਦੇ ਯੋਗ ਹੋਣ ਲਈ ਉਨ੍ਹਾਂ ਦੀ ਉਮਰ 80 ਸਾਲ ਤੋਂ ਘੱਟ ਹੋਣੀ ਚਾਹੀਦੀ ਹੈ।
ਆਮ ਤੌਰ ‘ਤੇ ਕਾਰਡੀਨਲਾਂ ਦੇ ਕਾਲਜ ਦੇ ਡੀਨ ਕਨਕਲੇਵ ਨੂੰ ਬੁਲਾਉਣ ਲਈ ਜ਼ਿੰਮੇਵਾਰ ਹੁੰਦੇ ਹਨ।
ਪੋਪ ਦੇ ਅਸਤੀਫ਼ੇ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਚੋਣ ਦੇ ਵਿਚਕਾਰ ਵਾਲੇ ਸਮੇਂ ਵਿੱਚ ਕਾਰਡੀਨਲ ਕਾਲਜ ਚਰਚ ਦਾ ਸੰਚਾਲਨ ਕਰਦਾ ਹੈ, ਜਿਸ ਦੀ ਅਗਵਾਈ 2013 ਵਿੱਚ ਕਾਰਡੀਨਲ ਟਾਰਸੀਸੀਓ ਬਰਟੋਨ ਨੇ ਕੀਤੀ ਸੀ ਜਿਨ੍ਹਾਂ ਨੇ ਕਾਰਡੀਨਲ ਕੈਮਰਲੇਂਗੋ ਜਾਂ ਚੈਂਬਰਲੇਨ ਦੇ ਰੂਪ ਵਿੱਚ ਕਾਰਜ ਕੀਤਾ ਸੀ।
ਪੂਰੀ ਚੋਣ ਪ੍ਰਕਿਰਿਆ ਦੀ ਨਿਗਰਾਨੀ ਕਰਨਾ ਉਨ੍ਹਾਂ ਦਾ ਕੰਮ ਸੀ, ਜਿਸ ਵਿੱਚ ਵੈਟੀਕਨ ਦੇ ਸਿਸਟੀਨ ਚੈਪਲ ਦੇ ਅੰਦਰ ਰੋਜ਼ਾਨਾ ਚਾਰ ਵਾਰ ਗੁਪਤ ਮਤਦਾਨ ਹੁੰਦਾ ਹੈ। ਕਨਕਲੇਵ ਦੌਰਾਨ ਕਾਰਡੀਨਲ ਵੈਟੀਕਨ ਦੇ ਅੰਦਰ ਰਹਿੰਦੇ ਹਨ ਅਤੇ ਉਨ੍ਹਾਂ ਨੂੰ ਬਾਹਰੀ ਦੁਨੀਆਂ ਨਾਲ ਕਿਸੇ ਵੀ ਤਰ੍ਹਾਂ ਦੇ ਸੰਪਰਕ ਦੀ ਆਗਿਆ ਨਹੀਂ ਹੁੰਦੀ।

ਤਸਵੀਰ ਸਰੋਤ, Getty Images
ਇਸ ਸਮੇਂ ਦੌਰਾਨ ਸਾਰੇ ਕਾਰਡੀਨਲ ਜਿਸ ਵਿੱਚ ਸੇਵਾਮੁਕਤ ਕਾਰਡੀਨਲ ਵੀ ਸ਼ਾਮਲ ਹੁੰਦੇ ਹਨ, ਉਹ ਸੰਭਾਵਿਤ ਉਮੀਦਵਾਰਾਂ ਦੇ ਗੁਣਾਂ ਬਾਰੇ ਸਖ਼ਤੀ ਨਾਲ ਗੁਪਤਤਾ ਰੱਖਦੇ ਹੋਏ ਚਰਚਾ ਕਰਨੀ ਸ਼ੁਰੂ ਕਰ ਦਿੰਦੇ ਹਨ।
ਕਾਰਡੀਨਲਾਂ ਨੂੰ ਆਪਣੇ ਵਿੱਚੋਂ ਕਿਸੇ ਨੂੰ ਚੁਣਨ ਦੀ ਲੋੜ ਨਹੀਂ ਹੁੰਦੀ। ਸਿਧਾਂਤਕ ਤੌਰ ‘ਤੇ ਕੋਈ ਵੀ ਬਪਤਿਸਮਾ ਪ੍ਰਾਪਤ ਪੁਰਸ਼ ਕੈਥੋਲਿਕ ਪੋਪ ਚੁਣਿਆ ਜਾ ਸਕਦਾ ਹੈ, ਪਰ ਪਰੰਪਰਾ ਕਹਿੰਦੀ ਹੈ ਕਿ ਉਹ ਲਗਭਗ ਨਿਸ਼ਚਿਤ ਰੂਪ ਨਾਲ ਇਹ ਅਹੁਦੇ ਕਿਸੇ ਕਾਰਡੀਨਲ ਨੂੰ ਹੀ ਦੇਣਗੇ।
ਵੈਟੀਕਨ ਕਾਰਡੀਨਲ ਬਾਰੇ ਕਹਿੰਦੇ ਹਨ ਉਹ ਪਵਿੱਤਰ ਆਤਮਾ ਦੁਆਰਾ ਨਿਰਦੇਸ਼ਿਤ ਹੁੰਦੇ ਹਨ। ਪਰ ਹਾਲਾਂਕਿ ਖੁੱਲ੍ਹਾ ਪ੍ਰਚਾਰ ਕਰਨਾ ਵਰਜਿਤ ਹੈ, ਪੋਪ ਦੀ ਚੋਣ ਅਜੇ ਵੀ ਬਹੁਤ ਜ਼ਿਆਦਾ ਰਾਜਨੀਤਿਕ ਪ੍ਰਕਿਰਿਆ ਬਣੀ ਹੋਈ ਹੈ।
ਗਠਜੋੜ ਕਰਨ ਵਾਲਿਆਂ ਕੋਲ ਗਠਜੋੜ ਬਣਾਉਣ ਲਈ ਲਗਭਗ ਦੋ ਹਫ਼ਤੇ ਦਾ ਸਮਾਂ ਹੁੰਦਾ ਹੈ ਅਤੇ ਸੀਨੀਅਰ ਕਾਰਡੀਨਲ, ਜਿਨ੍ਹਾਂ ਕੋਲ ਖੁਦ ਪੋਪ ਬਣਨ ਦੀ ਸੰਭਾਵਨਾ ਬਹੁਤ ਘੱਟ ਹੁੰਦੀ ਹੈ, ਫਿਰ ਵੀ ਉਹ ਦੂਜਿਆਂ ਉੱਤੇ ਕਾਫ਼ੀ ਪ੍ਰਭਾਵ ਪਾ ਸਕਦੇ ਹਨ।

ਤਸਵੀਰ ਸਰੋਤ, Getty Images
ਗੁਪਤ ਕਨਕਲੇਵ
ਪੋਪ ਦੀ ਚੋਣ ਆਧੁਨਿਕ ਦੁਨੀਆ ਵਿੱਚ ਵਿਲੱਖਣ ਗੁਪਤਤਾ ਦੀ ਸਥਿਤੀ ਵਿੱਚ ਕੀਤੀ ਜਾਂਦੀ ਹੈ।
ਕਾਰਡੀਨਲਾਂ ਨੂੰ ਵੈਟੀਕਨ ਵਿੱਚ ਉਦੋਂ ਤੱਕ ਬੰਦ ਰੱਖਿਆ ਜਾਂਦਾ ਹੈ ਜਦੋਂ ਤੱਕ ਉਹ ਕਿਸੇ ਸਮਝੌਤੇ ‘ਤੇ ਨਹੀਂ ਪਹੁੰਚ ਜਾਂਦੇ। ਕਨਕਲੇਵ ਸ਼ਬਦ ਦਾ ਅਰਥ ਦਰਸਾਉਂਦਾ ਹੈ ਕਿ ਉਨ੍ਹਾਂ ਨੂੰ ਸੱਚਮੁੱਚ ‘ਇੱਕ ਚਾਬੀ ਨਾਲ’ ਬੰਦ ਕਰ ਦਿੱਤਾ ਜਾਂਦਾ ਹੈ।
ਚੋਣ ਪ੍ਰਕਿਰਿਆ ਵਿੱਚ ਕਈ ਦਿਨ ਲੱਗ ਸਕਦੇ ਹਨ। ਪਿਛਲੀਆਂ ਸਦੀਆਂ ਵਿੱਚ ਇਹ ਪ੍ਰਕਿਰਿਆ ਕਈ ਹਫ਼ਤਿਆਂ ਜਾਂ ਮਹੀਨਿਆਂ ਤੱਕ ਚੱਲਦੀ ਰਹੀ ਹੈ। ਕੁਝ ਕਾਰਡੀਨਲਾਂ ਦੀ ਤਾਂ ਕਨਕਲੇਵ ਦੇ ਦੌਰਾਨ ਮੌਤ ਵੀ ਹੋ ਗਈ ਸੀ।
ਇਹ ਪ੍ਰਕਿਰਿਆ ਵੋਟਿੰਗ ਦੌਰਾਨ ਜਾਂ ਉਸ ਤੋਂ ਬਾਅਦ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਨੂੰ ਉਜਾਗਰ ਹੋਣ ਤੋਂ ਰੋਕਣ ਲਈ ਬਣਾਈ ਗਈ ਹੈ। ਇਸ ਚੁੱਪੀ ਨੂੰ ਤੋੜਨ ਦੀ ਕੋਸ਼ਿਸ਼ ਕਰਨ ਵਾਲੇ ਕਿਸੇ ਵੀ ਵਿਅਕਤੀ ‘ਤੇ ਬਾਈਕਾਟ ਦਾ ਖ਼ਤਰਾ ਮੰਡਰਾਉਂਦਾ ਹੈ।
ਜੌਨ ਪਾਲ ਦੂਜੇ ਨੇ ਕਨਕਲੇਵ ਦੇ ਨਿਯਮਾਂ ਨੂੰ ਬਦਲ ਦਿੱਤਾ ਤਾਂ ਕਿ ਪੋਪ ਨੂੰ ਸਧਾਰਨ ਬਹੁਮਤ ਨਾਲ ਚੁਣਿਆ ਜਾ ਸਕੇ।
ਪਰ ਬੇਨੇਡਿਕਟ 16ਵੇਂ ਨੇ ਸ਼ਰਤਾਂ ਨੂੰ ਮੁੜ ਬਦਲ ਦਿੱਤਾ ਜਿਸ ਨਾਲ ਦੋ-ਤਿਹਾਈ ਬਹੁਮਤ ਦੀ ਲੋੜ ਹੋ ਗਈ ਹੈ, ਜਿਸ ਦਾ ਅਰਥ ਹੈ ਕਿ ਚੁਣਿਆ ਗਿਆ ਵਿਅਕਤੀ ਸੰਭਾਵਿਤ ਤੌਰ ‘ਤੇ ‘ਸਮਝੌਤਾ ਕਰਨ ਵਾਲਾ ਉਮੀਦਵਾਰ’ ਹੋਵੇਗਾ।
ਸਿਸਟੀਨ ਚੈਪਲ ਵਿੱਚ ਵੋਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਸੁਰੱਖਿਆ ਮਾਹਿਰਾਂ ਦੁਆਰਾ ਪੂਰੇ ਖੇਤਰ ਦੀ ਜਾਂਚ ਕੀਤੀ ਜਾਂਦੀ ਹੈ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੋਈ ਛੁਪਿਆ ਹੋਇਆ ਮਾਈਕ੍ਰੋਫੋਨ ਜਾਂ ਕੈਮਰਾ ਤਾਂ ਨਹੀਂ ਹੈ।

ਤਸਵੀਰ ਸਰੋਤ, Getty Images
ਇੱਕ ਵਾਰ ਜਦੋਂ ਕਨਕਲੇਵ ਸ਼ੁਰੂ ਹੋ ਜਾਂਦਾ ਹੈ ਤਾਂ ਕਾਰਡੀਨਲ ਨਵੇਂ ਪੋਪ ਦੇ ਚੁਣੇ ਜਾਣ ਤੱਕ ਬੰਦ ਖੇਤਰਾਂ ਵਿੱਚ ਹੀ ਖਾਣਾ ਖਾਂਦੇ ਹਨ, ਵੋਟ ਪਾਉਂਦੇ ਹਨ ਅਤੇ ਉੱਥੇ ਹੀ ਸੌਂਦੇ ਹਨ।
ਉਨ੍ਹਾਂ ਨੂੰ ਬਾਹਰੀ ਦੁਨੀਆਂ ਨਾਲ ਕੋਈ ਸੰਪਰਕ ਨਹੀਂ ਕਰਨ ਦਿੱਤਾ ਜਾਂਦਾ ਸਿਵਾਏ ਕਿਸੇ ਮੈਡੀਕਲ ਐਮਰਜੈਂਸੀ ਦੇ। ਸਾਰੇ ਰੇਡੀਓ ਅਤੇ ਟੈਲੀਵਿਜ਼ਨ ਸੈੱਟ ਹਟਾ ਦਿੱਤੇ ਜਾਂਦੇ ਹਨ, ਅਖ਼ਬਾਰ ਜਾਂ ਮੈਗਜ਼ੀਨ ਅੰਦਰ ਨਹੀਂ ਲਿਆਂਦੇ ਜਾਂਦੇ ਅਤੇ ਮੋਬਾਈਲ ਫੋਨਾਂ ‘ਤੇ ਪਾਬੰਦੀ ਲਗਾ ਦਿੱਤੀ ਜਾਂਦੀ ਹੈ।
ਇਸ ਕਨਕਲੇਵ ਵਿੱਚ ਦੋ ਡਾਕਟਰਾਂ ਨੂੰ ਆਉਣ ਦੀ ਇਜਾਜ਼ਤ ਹੈ, ਨਾਲ ਹੀ ਪਾਦਰੀਆਂ ਨੂੰ ਵੀ ਆਉਣ ਦੀ ਆਗਿਆ ਹੈ ਜੋ ਵੱਖ-ਵੱਖ ਭਾਸ਼ਾਵਾਂ ਵਿੱਚ ਇਕਬਾਲੀਆ ਬਿਆਨ ਸੁਣਨ ਦੇ ਯੋਗ ਹੁੰਦੇ ਹਨ ਅਤੇ ਨਾਲ ਹੀ ਹਾਊਸਕੀਪਿੰਗ ਸਟਾਫ ਨੂੰ ਵੀ ਆਉਣ ਦੀ ਆਗਿਆ ਹੁੰਦੀ ਹੈ।
ਇਨ੍ਹਾਂ ਸਾਰੇ ਸਟਾਫ਼ ਕਰਮਚਾਰੀਆਂ ਨੂੰ ਸਹੁੰ ਚੁੱਕਣੀ ਪੈਂਦੀ ਹੈ ਕਿ ਉਹ ਹਮੇਸ਼ਾ ਗੋਪਨੀਅਤਾ ਰੱਖਣ ਦਾ ਵਾਅਦਾ ਕਰਦੇ ਹਨ ਅਤੇ ਆਵਾਜ਼ ਜਾਂ ਵੀਡੀਓ ਰਿਕਾਰਡਿੰਗ ਉਪਕਰਣਾਂ ਦੀ ਵਰਤੋਂ ਨਹੀਂ ਕਰਨਗੇ।
ਵੋਟ ਪਾਉਣ ਦੀਆਂ ਰਵਾਇਤਾਂ
ਵੋਟਿੰਗ ਸਿਸਟੀਨ ਚੈਪਲ ਵਿੱਚ ਹੁੰਦੀ ਹੈ, ਜਿੱਥੇ ਸਭ ਕੁਝ ਪਰਮਾਤਮਾ ਦੀ ਮੌਜੂਦਗੀ ਪ੍ਰਤੀ ਜਾਗਰੂਕਤਾ ਲਈ ਅਨੁਕੂਲ ਹੈ, ਜਿਨ੍ਹਾਂ ਦੀ ਨਜ਼ਰ ਵਿੱਚ ਹਰੇਕ ਵਿਅਕਤੀ ਨਾਲ ਇੱਕ ਦਿਨ ਨਿਆਂ ਹੋਵੇਗਾ।
ਜਿਸ ਦਿਨ ਕਨਕਲੇਵ ਸ਼ੁਰੂ ਹੁੰਦਾ ਹੈ, ਉਸ ਦਿਨ ਕਾਰਡੀਨਲ ਜਲੂਸ ਦੇ ਰੂਪ ਵਿੱਚ ਚੈਪਲ ਤੱਕ ਜਾਣ ਤੋਂ ਪਹਿਲਾਂ ਸਵੇਰੇ ਸਮੂਹ ਵਿੱਚ ਇਕੱਠੇ ਹੁੰਦੇ ਹਨ।
ਇੱਕ ਵਾਰ ਜਦੋਂ ਕਾਰਡੀਨਲ ਕਨਕਲੇਵ ਖੇਤਰ ਦੇ ਅੰਦਰ ਪਹੁੰਚ ਜਾਂਦੇ ਹਨ, ਤਾਂ ਉਨ੍ਹਾਂ ਨੂੰ ਗੁਪਤਤਾ ਦੀ ਸਹੁੰ ਚੁੱਕਣੀ ਹੁੰਦੀ ਹੈ। ਫਿਰ, ਲਾਤੀਨੀ ਹੁਕਮ ‘ਐਕਸਟਰਾ ਓਮਨੇਸ’ (ਹਰ ਕੋਈ ਬਾਹਰ) ਚੋਣਾਂ ਵਿੱਚ ਸ਼ਾਮਲ ਨਹੀਂ ਹੋਣ ਵਾਲੇ ਸਾਰੇ ਲਕਾਂ ਨੂੰ ਦਰਵਾਜ਼ੇ ਬੰਦ ਹੋਣ ਤੋਂ ਪਹਿਲਾਂ ਬਾਹਰ ਨਿਕਲਣ ਦਾ ਨਿਰਦੇਸ਼ ਦਿੰਦਾ ਹੈ।
ਕਾਰਡੀਨਲਾਂ ਕੋਲ ਪਹਿਲੇ ਦਿਨ ਦੁਪਹਿਰ ਨੂੰ ਇੱਕ ਹੀ ਵੋਟ ਪਾਉਣ ਦਾ ਬਦਲ ਹੁੰਦਾ ਹੈ। ਦੂਜੇ ਦਿਨ ਤੋਂ ਦੋ ਵੋਟਾਂ ਸਵੇਰੇ ਅਤੇ ਦੋ ਦੁਪਹਿਰ ਨੂੰ ਪਾਈਆਂ ਜਾਂਦੀਆਂ ਹਨ।
ਬੈਲੇਟ ਪੇਪਰ ਆਇਤਾਕਾਰ ਹੁੰਦਾ ਹੈ। ਇਸ ਦੇ ਉੱਪਰਲੇ ਅੱਧੇ ਭਾਗ ‘ਤੇ “ਅਲਿਗਿਓ ਇਨ ਸੁੰਮਮ ਪੋਂਟੀਫਿਸਮ” (Eligio in Summum Pontificem) (ਮੈਂ ਸੁਪਰੀਮ ਪੋਪ ਦੇ ਰੂਪ ਵਿੱਚ ਚੁਣਦਾ ਹਾਂ’) ਸ਼ਬਦ ਛਪੇ ਹੁੰਦੇ ਹਨ। ਹੇਠਾਂ ਚੁਣੇ ਗਏ ਵਿਅਕਤੀ ਦੇ ਨਾਮ ਲਈ ਜਗ੍ਹਾ ਹੁੰਦੀ ਹੈ। ਕਾਰਡੀਨਲਾਂ ਨੂੰ ਨਿਰਦੇਸ਼ ਦਿੱਤਾ ਜਾਂਦਾ ਹੈ ਕਿ ਉਹ ਨਾਮ ਇਸ ਤਰ੍ਹਾਂ ਨਾਲ ਲਿਖਣ ਕਿ ਉਨ੍ਹਾਂ ਦੀ ਪਛਾਣ ਨਾ ਹੋਵੇ ਅਤੇ ਕਾਗਜ਼ ਨੂੰ ਦੋ ਵਾਰ ਮੋੜਨ।

ਤਸਵੀਰ ਸਰੋਤ, Getty Images
ਸਾਰੀਆਂ ਵੋਟਾਂ ਪੈਣ ਤੋਂ ਬਾਅਦ, ਬੈਲਟ ਪੇਪਰਾਂ ਨੂੰ ਮਿਲਾਇਆ ਜਾਂਦਾ ਹੈ, ਗਿਣਿਆ ਜਾਂਦਾ ਹੈ ਅਤੇ ਖੋਲ੍ਹਿਆ ਜਾਂਦਾ ਹੈ।
ਜਿਵੇਂ ਹੀ ਬੈਲੇਟ ਪੇਪਰਾਂ ਦੀ ਗਿਣਤੀ ਹੁੰਦੀ ਹੈ, ਜਾਂਚ ਕਰਨ ਵਾਲਿਆਂ ਵਿੱਚੋਂ ਇੱਕ ਵਿਅਕਤੀ ਉਨ੍ਹਾਂ ਕਾਰਡੀਨਲਾਂ ਦੇ ਨਾਮ ਪੁਕਾਰਦਾ ਹੈ ਜਿਨ੍ਹਾਂ ਨੂੰ ਵੋਟਾਂ ਮਿਲੀਆਂ ਹਨ। ਉਹ ਹਰੇਕ ਬੈਲੇਟ ਪੇਪਰ ਨੂੰ ਸੂਈ ਨਾਲ ਵਿੰਨ੍ਹਦਾ ਹੈ। ‘ਏਲੀਗਿਓ’ ਸ਼ਬਦ ਰਾਹੀਂ ਸਾਰੇ ਬੈਲਟ ਪੇਪਰਾਂ ਨੂੰ ਇੱਕ ਧਾਗੇ ‘ਤੇ ਰੱਖਦਾ ਹੈ।
ਇਸ ਤੋਂ ਬਾਅਦ ਬੈਲਟ ਪੇਪਰਾਂ ਨੂੰ ਸਾੜ ਦਿੱਤਾ ਜਾਂਦਾ ਹੈ- ਜਿਸ ਤੋਂ ਨਿਕਲਣ ਵਾਲਾ ਧੂੰਆਂ ਬਾਹਰ ਖੜ੍ਹੇ ਦਰਸ਼ਕਾਂ ਨੂੰ ਦਿਖਾਈ ਦਿੰਦਾ ਹੈ, ਜੋ ਰਵਾਇਤੀ ਤੌਰ ‘ਤੇ ਨਵੇਂ ਪੋਪ ਦੇ ਚੁਣੇ ਜਾਣ ਦੇ ਬਾਅਦ ਕਾਲੇ ਤੋਂ ਚਿੱਟੇ ਰੰਗ ਵਿੱਚ ਬਦਲ ਜਾਂਦਾ ਹੈ।
ਇੱਕ ਸਮੇਂ ਵਿੱਚ ਧੂੰਏਂ ਨੂੰ ਕਾਲਾ ਕਰਨ ਲਈ ਚੁੱਲ੍ਹੇ ਵਿੱਚ ਗਿੱਲੀ ਤੂੜੀ ਪਾਈ ਜਾਂਦੀ ਸੀ, ਪਰ ਪਿਛਲੇ ਕੁਝ ਸਾਲਾਂ ਵਿੱਚ ਧੂੰਏਂ ਦੇ ਰੰਗ ਨੂੰ ਲੈ ਕੇ ਅਕਸਰ ਭਰਮ ਦੀ ਸਥਿਤੀ ਬਣੀ ਰਹੀ ਹੈ। ਹਾਲ ਹੀ ਵਿੱਚ ਇਸ ਲਈ ਰੰਗ ਦੀ ਵਰਤੋਂ ਕੀਤੀ ਜਾਣ ਲੱਗੀ ਹੈ।
ਜੇਕਰ ਦੂਜੀ ਵੋਟਿੰਗ ਤੁਰੰਤ ਹੋਣੀ ਹੈ, ਤਾਂ ਪਹਿਲੀ ਵੋਟਿੰਗ ਦੇ ਬੈਲੇਟ ਪੇਪਰਾਂ ਨੂੰ ਇੱਕ ਪਾਸੇ ਰੱਖ ਦਿੱਤਾ ਜਾਂਦਾ ਹੈ ਅਤੇ ਫਿਰ ਦੂਜੀ ਵੋਟਿੰਗ ਦੇ ਬੈਲੇਟ ਪੇਪਰਾਂ ਦੇ ਨਾਲ ਉਨ੍ਹਾਂ ਨੂੰ ਸਾੜ ਦਿੱਤਾ ਜਾਂਦਾ ਹੈ। ਇਹ ਪ੍ਰਕਿਰਿਆ ਉਦੋਂ ਤੱਕ ਜਾਰੀ ਰਹਿੰਦੀ ਹੈ ਜਦੋਂ ਤੱਕ ਇੱਕ ਉਮੀਦਵਾਰ ਨੂੰ ਲੋੜੀਂਦਾ ਬਹੁਮਤ ਨਹੀਂ ਮਿਲ ਜਾਂਦਾ।

ਤਸਵੀਰ ਸਰੋਤ, Getty Images
ਫੈਸਲੇ ‘ਤੇ ਪਹੁੰਚਣਾ
ਪੋਪ ਜੌਨ ਪਾਲ ਦੂਜੇ ਨੇ 1996 ਵਿੱਚ ਚੋਣ ਦੇ ਨਿਯਮਾਂ ਨੂੰ ਬਦਲ ਦਿੱਤਾ। ਇਸ ਤੋਂ ਪਹਿਲਾਂ, ਕਿਸੇ ਉਮੀਦਵਾਰ ਨੂੰ ਪੋਪ ਚੁਣੇ ਜਾਣ ਲਈ ਦੋ-ਤਿਹਾਈ ਬਹੁਮਤ ਪ੍ਰਾਪਤ ਕਰਨਾ ਹੁੰਦਾ ਸੀ (ਜੇਕਰ ਕਾਰਡੀਨਲਾਂ ਦੀ ਗਿਣਤੀ ਤਿੰਨ ਨਾਲ ਨਹੀਂ ਵੰਡੀ ਜਾਂਦੀ ਤਾਂ ਦੋ-ਤਿਹਾਈ ਪਲੱਸ ਇੱਕ ਵੋਟ)।
ਜੌਨ ਪਾਲ ਦੂਜੇ ਨੇ ਫੈਸਲਾ ਦਿੱਤਾ ਕਿ ਲਗਭਗ 12 ਦਿਨਾਂ ਦੀ ਗੈਰ ਫੈਸਲਾਕੁੰਨ ਵੋਟਿੰਗ ਤੋਂ ਬਾਅਦ ਵੋਟਿੰਗ ਸਧਾਰਨ ਬਹੁਮਤ (50% ਪਲੱਸ ਇੱਕ ਵੋਟ) ਵਿੱਚ ਬਦਲ ਸਕਦੀ ਹੈ।
2007 ਵਿੱਚ ਪੋਪ ਬੇਨੇਡਿਕਟ ਨੇ ਦੋ-ਤਿਹਾਈ ਬਹੁਮਤ ਤੋਂ ਬਾਹਰ ਇੱਕ ਆਦੇਸ਼ ਪਾਸ ਕੀਤਾ, ਜਿਸ ਨਾਲ ਕਾਰਡੀਨਲਾਂ ਨੂੰ ਆਮ ਸਹਿਮਤੀ ਤੱਕ ਪਹੁੰਚਣ ਲਈ ਉਤਸ਼ਾਹਿਤ ਕੀਤਾ ਗਿਆ, ਬਜਾਇ ਇਸ ਦੇ ਕਿ ਇੱਕ ਗੁੱਟ ਅੱਧੇ ਤੋਂ ਵੱਧ ਵੋਟਾਂ ਵਾਲੇ ਉਮੀਦਵਾਰ ਦਾ ਸਮਰਥਨ ਕਰੇ ਅਤੇ ਫਿਰ ਉਸ ਦੀ ਚੋਣ ਨੂੰ ਯਕੀਨੀ ਬਣਾਉਣ ਲਈ 12 ਦਿਨਾਂ ਤੱਕ ਇੰਤਜ਼ਾਰ ਕਰੇ।
ਜੇਕਰ ਵੋਟਿੰਗ ਦੇ ਤਿੰਨ ਦਿਨਾਂ ਦੇ ਬਾਅਦ ਵੀ ਕਿਸੇ ਨੂੰ ਦੋ-ਤਿਹਾਈ ਬਹੁਮਤ ਪ੍ਰਾਪਤ ਨਹੀਂ ਹੁੰਦਾ, ਤਾਂ ਵੋਟਿੰਗ ਨੂੰ ਵੱਧ ਤੋਂ ਵੱਧ ਇੱਕ ਦਿਨ ਲਈ ਮੁਲਤਵੀ ਕੀਤਾ ਜਾਂਦਾ ਹੈ, ਤਾਂ ਕਿ ਪ੍ਰਾਰਥਨਾ, ਗੈਰ-ਰਸਮੀ ਚਰਚਾ ਅਤੇ ਡੀਕਨਜ਼ ਦੇ ਸੀਨੀਅਰ ਕਾਰਡੀਨਲ ਦੁਆਰਾ ‘ਸੰਖੇਪ ਅਧਿਆਤਮਕ ਉਪਦੇਸ਼’ ਲਈ ਵਿਰਾਮ ਦਿੱਤਾ ਜਾ ਸਕੇ।
ਚੋਣ ਦੇ ਅੰਤ ‘ਤੇ ਹਰੇਕ ਸੈਸ਼ਨ ਵਿੱਚ ਵੋਟਿੰਗ ਦੇ ਨਤੀਜੇ ਦੇਣ ਵਾਲਾ ਇੱਕ ਦਸਤਾਵੇਜ਼ ਤਿਆਰ ਕੀਤਾ ਜਾਂਦਾ ਹੈ ਅਤੇ ਨਵੇਂ ਪੋਪ ਨੂੰ ਸੌਂਪ ਦਿੱਤਾ ਜਾਂਦਾ ਹੈ। ਇਸ ਨੂੰ ਸੀਲਬੰਦ ਲਿਫਾਫ਼ੇ ਵਿੱਚ ਇੱਕ ਪੁਰਾਲੇਖ ਵਿੱਚ ਰੱਖਿਆ ਜਾਂਦਾ ਹੈ, ਜਿਸ ਨੂੰ ਪੋਪ ਦੇ ਹੁਕਮ ‘ਤੇ ਹੀ ਖੋਲ੍ਹਿਆ ਜਾ ਸਕਦਾ ਹੈ।
ਸਿਸਟੀਨ ਚੈਪਲ ਦੇ ਅੰਦਰ ਕੀ ਹੋ ਰਿਹਾ ਹੈ, ਇਸ ਬਾਰੇ ਇੱਕੋ ਇੱਕ ਸੁਰਾਗ ਦਿਨ ਵਿੱਚ ਦੋ ਬਾਰ ਬੈਲਟ ਪੇਪਰ ਸਾੜਨ ਕਾਰਨ ਨਿਕਲਣ ਵਾਲਾ ਧੂੰਆਂ ਹੈ। ਕਾਲਾ ਧੂੰਆਂ ਅਸਫਲਤਾ ਦਾ ਸੰਕੇਤ ਦਿੰਦਾ ਹੈ। ਰਵਾਇਤੀ ਚਿੱਟੇ ਧੂੰਏ ਦਾ ਮਤਲਬ ਹੈ ਕਿ ਨਵਾਂ ਪੋਪ ਚੁਣ ਲਿਆ ਗਿਆ ਹੈ।

ਤਸਵੀਰ ਸਰੋਤ, Getty Images
ਨਵੇਂ ਪੋਪ ਦਾ ਐਲਾਨ
ਸਿਸਟੀਨ ਚੈਪਲ ਦੀ ਚਿਮਨੀ ਤੋਂ ਉੱਠਦੇ ਚਿੱਟੇ ਧੂੰਏਂ ਤੋਂ ਨਵੇਂ ਪੋਪ ਦੀ ਚੋਣ ਦਾ ਸੰਕੇਤ ਮਿਲਣ ਤੋਂ ਬਾਅਦ, ਉਨ੍ਹਾਂ ਦੀ ਪਛਾਣ ਦੁਨੀਆਂ ਦੇ ਸਾਹਮਣੇ ਆਉਣ ਵਿੱਚ ਥੋੜ੍ਹੀ ਦੇਰ ਲੱਗਦੀ ਹੈ।
ਜਦੋਂ ਇੱਕ ਉਮੀਦਵਾਰ ਨੂੰ ਲੋੜੀਂਦਾ ਬਹੁਮਤ ਪ੍ਰਾਪਤ ਹੋ ਜਾਂਦਾ ਹੈ, ਤਾਂ ਉਸ ਨੂੰ ਪੁੱਛਿਆ ਜਾਂਦਾ ਹੈ: “ਕੀ ਤੁਸੀਂ ਸੁਪਰੀਮ ਪੋਪ ਵਜੋਂ ਆਪਣੀ ਚੋਣ ਨੂੰ ਸਵੀਕਾਰ ਕਰਦੇ ਹੋ?”
ਆਪਣੀ ਸਹਿਮਤੀ ਦੇਣ ਤੋਂ ਬਾਅਦ, ਨਵੇਂ ਪੋਪ ਨੂੰ ਪੁੱਛਿਆ ਜਾਂਦਾ ਹੈ: “ਤੁਸੀਂ ਕਿਸ ਨਾਮ ਨਾਲ ਬੁਲਾਇਆ ਜਾਣਾ ਚਾਹੁੰਦੇ ਹੋ?”
ਨਵਾਂ ਨਾਮ ਚੁਣਨ ਤੋਂ ਬਾਅਦ, ਦੂਜੇ ਕਾਰਡੀਨਲ ਨਵੇਂ ਪੋਪ ਕੋਲ ਜਾ ਕੇ ਉਨ੍ਹਾਂ ਨੂੰ ਸਤਿਕਾਰ ਭੇਂਟ ਕਰਦੇ ਹਨ ਅਤੇ ਉਨ੍ਹਾਂ ਦੇ ਆਗਿਆਕਾਰੀ ਬਣ ਜਾਂਦੇ ਹਨ।
ਨਵੇਂ ਪੋਪ ਨੂੰ ਵੀ ਆਪਣੇ ਨਵੇਂ ਚੋਲੇ ਪਹਿਨਣੇ ਹੁੰਦੇ ਹਨ। ਪੋਪ ਦੇ ਦਰਜ਼ੀ ਵੱਲੋਂ ਕਿਸੇ ਵੀ ਆਕਾਰ ਯਾਨੀ ਛੋਟੇ, ਦਰਮਿਆਨੇ ਜਾਂ ਵੱਡੇ ਸਾਈਜ਼ ਵਿੱਚ ਪੋਪ ਲਈ ਕੱਪੜੇ ਤਿਆਰ ਰੱਖੇ ਜਾਂਦੇ ਹਨ, ਪਰ ਕੁਝ ਆਖ਼ਰੀ ਸਮੇਂ ਵਿੱਚ ਇਨ੍ਹਾਂ ਦੀ ਫੀਟਿੰਗ ਕਰਨ ਦੀ ਲੋੜ ਹੋ ਸਕਦੀ ਹੈ।
ਫਿਰ, ਸੇਂਟ ਪੀਟਰਜ਼ ਬੇਸਿਲਿਕਾ ਦੀ ਬਾਲਕੋਨੀ ਤੋਂ ਪੂਰੇ ਚੌਕ ਵਿੱਚ ਰਵਾਇਤੀ ਐਲਾਨ ਗੂੰਜਦਾ ਹੈ, “ਅਨੂਨਿਟੀਓ ਵੋਬਿਸ ਗੌਡੀਅਮ ਮੈਗਨਮ… ਹੈਬੇਮਸ ਪਾਪਮ!” ਯਾਨੀ “ਮੈਂ ਤੁਹਾਡੇ ਲਈ ਇੱਕ ਵੱਡੀ ਖੁਸ਼ੀ ਦਾ ਐਲਾਨ ਕਰਦਾ ਹਾਂ… ਸਾਡੇ ਕੋਲ ਪੋਪ ਹੈ! “
ਇਸ ਦੇ ਬਾਅਦ ਉਨ੍ਹਾਂ ਦੇ ਨਾਮ ਦਾ ਐਲਾਨ ਕੀਤਾ ਜਾਂਦਾ ਹੈ ਅਤੇ ਨਵੇਂ ਚੁਣੇ ਗਏ ਪੋਪ ਪਹਿਲੀ ਬਾਰ ਜਨਤਕ ʼਤੇ ਮੌਜੂਦ ਹੁੰਦੇ ਹਨ।
ਕੁਝ ਸ਼ਬਦ ਕਹਿਣ ਤੋਂ ਬਾਅਦ ਪੋਪ ‘ਉਰਬੀ ਏਟ ਓਰਬੀ’ ਯਾਨੀ ‘ਸ਼ਹਿਰ ਅਤੇ ਦੁਨੀਆਂ ਨੂੰ’ ਦਾ ਰਵਾਇਤੀ ਆਸ਼ੀਰਵਾਦ ਦਿੰਦੇ ਹਨ ਅਤੇ ਇਸ ਪ੍ਰਕਾਰ ਨਵੇਂ ਪੋਪ ਦਾ ਕਾਰਜਕਾਲ ਸ਼ੁਰੂ ਹੋ ਜਾਂਦਾ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI