Source :- BBC PUNJABI
ਤਸਵੀਰ ਸਰੋਤ, Narendra Modi
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 6 ਮਿੰਟ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ਨੀਵਾਰ ਨੂੰ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਵਿੱਚ ਹੋਏ ਪ੍ਰੋਗਰਾਮ ਦੌਰਾਨ ਵਿਰੋਧੀਆਂ ‘ਤੇ ਤਿੱਖਾ ਸ਼ਬਦੀ ਹਮਲਾ ਕੀਤਾ।
ਡੀਯੂ ਦੇ ਸ਼੍ਰੀ ਰਾਮ ਕਾਲਜ ਆਫ਼ ਕਾਮਰਸ (ਐੱਸਆਰਸੀਸੀ) ਦੇ ਇੱਕ ਪ੍ਰੋਗਰਾਮ ਵਿੱਚ ਉਨ੍ਹਾਂ ਨੇ ‘ਦਿਮਾਗ਼ੀ ਨਕਸਲ’ ਦਾ ਇੱਕ ਵਾਰ ਫਿਰ ਜ਼ਿਕਰ ਕੀਤਾ।
ਉਨ੍ਹਾਂ ਕਿਹਾ, “ਅੱਜ 2013 ਦੇ ਮੁਕਾਬਲੇ ਦੇਸ਼ ਆਰਥਿਕ ਅਤੇ ਸਮਾਜਿਕ ਤੌਰ ‘ਤੇ ਕਿਤੇ ਜ਼ਿਆਦਾ ਸੁਰੱਖਿਅਤ ਹੈ। ਪਰ ਕੁਝ ਲੋਕਾਂ ਵਿੱਚ ਬੇਚੈਨੀ ਸ਼ੁਰੂ ਹੋ ਗਈ ਹੈ। ਮੈਂ ਅਜਿਹੇ ਲੋਕਾਂ ਲਈ ਲਾਲ ਕਿਲ੍ਹੇ ਤੋਂ 15 ਅਗਸਤ ਨੂੰ ਹੋਮਿਓਪੈਥੀ ਦੀ ਗੋਲੀ ਦਿੱਤੀ ਸੀ। ਉਦੋਂ ਮੈਂ ਇੱਕ ਸ਼ਬਦ ਕਿਹਾ ਸੀ – ਦਿਮਾਗ਼ੀ ਨਕਸਲ।”
“ਹੋਮਿਓਪੈਥੀ ਦਾ ਇਲਾਜ ਬਿਮਾਰੀ ਨੂੰ ਕੁਝ ਸਮੇਂ ਲਈ ਹੋਰ ਉਭਾਰ ਦਿੰਦਾ ਹੈ। ਜਿਵੇਂ ਹੀ ਮੈਂ ਇਹ ਗੋਲੀ ਦਿੱਤੀ, ਸਾਰੇ ਦਿਮਾਗ਼ੀ ਨਕਸਲ ਬਾਹਰ ਆਉਣ ਲੱਗੇ। ਪਰ ਜਨਤਾ ਉਨ੍ਹਾਂ ਦਾ ਅਸਲੀ ਰੰਗ ਦੇਖ ਰਹੀ ਹੈ।”
ਦਰਅਸਲ, ਦਿਮਾਗ਼ੀ ਨਕਸਲ ਨੂੰ ਲੈ ਕੇ ਕਾਫ਼ੀ ਪ੍ਰਤੀਕਿਰਿਆਵਾਂ ਆਈਆਂ ਅਤੇ ਕੁਝ ਆਲੋਚਕਾਂ ਨੇ ਇਲਜ਼ਾਮ ਲਗਾਇਆ ਸੀ ਕਿ ਸਰਕਾਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕਣ ਵਾਲੇ ਨੌਜਵਾਨਾਂ, ਬੁੱਧੀਜੀਵੀਆਂ ਅਤੇ ਵਿਚਾਰਕਾਂ ਨੂੰ ਅਜਿਹੇ ਸ਼ਬਦਾਂ ਨਾਲ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਸ਼ਨੀਵਾਰ ਨੂੰ ਐੱਸਆਰਸੀਸੀ ਦੇ ਸ਼ਤਾਬਦੀ ਸਮਾਰੋਹ ਦੇ ਮੌਕੇ ‘ਤੇ ਇਹ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਸੀ।
ਪੀਐੱਮ ਮੋਦੀ ਨੇ ਐੱਸਆਰਸੀਸੀ ਪਹੁੰਚਣ ਲਈ ਮੈਟਰੋ ਦੀ ਵਰਤੋਂ ਕੀਤੀ, ਇਸ ਦੌਰਾਨ ਬੱਚਿਆਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਹਨ।
ਜੈੱਨ ਜ਼ੀ ਨਾਲ ਕਨੈਕਟ ਕਰਨ ਦੀ ਕੋਸ਼ਿਸ਼
ਤਸਵੀਰ ਸਰੋਤ, ANI
ਆਪਣੇ ਸੰਬੋਧਨ ਵਿੱਚ ਪੀਐੱਮ ਮੋਦੀ ਨੇ ਖ਼ਾਸ ਤੌਰ ‘ਤੇ ਅਜਿਹੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਜੋ ਜੈੱਨ ਜ਼ੀ ਦੇ ਵਿਚਕਾਰ ਪਾਪੁਲਰ ਹਨ।
ਪੀਐੱਮ ਮੋਦੀ ਨੇ ਕਿਹਾ ਕਿ ਡੀਯੂ ਦੇ ਕਾਲਜਾਂ ਵਿੱਚ ਐੱਸਆਰਸੀਸੀ ਕਹਿਣਾ ਹੀ ਆਪਣੇ ਆਪ ਵਿੱਚ ਇੱਕ ‘ਫ਼ਲੈਕਸ’ ਹੁੰਦਾ ਹੈ।
ਉਨ੍ਹਾਂ ਕਿਹਾ, “ਐੱਸਆਰਸੀਸੀ ਦੇ ਐਲੁਮਨਾਈ ਵੀ ਸਪੈਸ਼ਲ ਰਹੇ। ਤੁਹਾਡੀ ਭਾਸ਼ਾ ਵਿੱਚ ਵੀ ਕਹਾਂ ਤਾਂ ਇੱਥੋਂ ਦੇ ਐਲੁਮਨਾਈ ਓਜੀ ਹਨ, ਜਿਨ੍ਹਾਂ ਨੇ ਐੱਸਆਰਸੀਸੀ ਦਾ ਨਾਮ ਦੁਨੀਆ ਭਰ ਵਿੱਚ ਪਹੁੰਚਾਇਆ ਹੈ। ਇੱਥੋਂ ਨਿਕਲੇ ਲੋਕਾਂ ਨੇ ਹਰ ਖੇਤਰ ਵਿੱਚ ਧੂਮ ਮਚਾਈ ਹੈ। ਉਹ ਧੁਰੰਧਰ ਭਾਵੇਂ ਨਾ ਹੋਣ, ਪਰ ਧੂਮ ਤਾਂ ਮਚਾਈ ਹੈ।”
ਦਰਅਸਲ, ਓਜੀ ਦੀ ਵਰਤੋਂ ਜੈੱਨ ਜ਼ੀ ਆਪਣੀ ਗੱਲਬਾਤ ਵਿੱਚ ਆਮ ਤੌਰ ‘ਤੇ ਤਜਰਬੇਕਾਰ ਅਤੇ ਸਨਮਾਨਿਤ ਵਿਅਕਤੀ ਲਈ ਕਰਦੇ ਹਨ।
ਪ੍ਰੋਗਰਾਮ ਵਿੱਚ ਮੌਜੂਦ ਵਿਦਿਆਰਥੀਆਂ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਕਿਹਾ, “ਕੈਂਪਸ ਤੋਂ ਬਾਹਰ ਤੁਹਾਨੂੰ ਦੋ ਤਰੀਕਿਆਂ ਦੇ ਲੋਕ ਮਿਲਣਗੇ… ਇੱਕ ਉਹ ਲੋਕ ਜੋ ਸਕਾਰਾਤਮਕ ਤਰੀਕੇ ਨਾਲ ਸਮਾਜ ਦੀ ਤਾਕਤ ਨੂੰ ਰਾਸ਼ਟਰ ਦੀ ਤਾਕਤ ਵਿੱਚ ਬਦਲਦੇ ਹਨ। ਦੂਜੀ ਪ੍ਰਜਾਤੀ ਉਨ੍ਹਾਂ ਲੋਕਾਂ ਦੀ ਹੈ, ਜੋ ਕੋਈ ਵੀ ਕੰਮ ਸ਼ੁਰੂ ਹੋਣ ‘ਤੇ ਨਾਰਾਜ਼ ਫੁੱਫੜ ਬਣ ਜਾਂਦੇ ਹਨ। ਉਨ੍ਹਾਂ ਦਾ ਮਨਪਸੰਦ ਕੰਮ ਹੁੰਦਾ ਹੈ ਹਰ ਕੰਮ ਦਾ ਵਿਰੋਧ ਕਰਨਾ। ਉਨ੍ਹਾਂ ਦਾ ਇੱਕ ਹੀ ਡਾਇਲਾਗ ਹੁੰਦਾ ਹੈ… ਇਸਦੀ ਕੀ ਲੋੜ ਹੈ।”
ਉਨ੍ਹਾਂ ਕਿਹਾ, “ਜਦੋਂ ਅਸੀਂ ਦੁਨੀਆ ਦਾ ਸਭ ਤੋਂ ਵੱਡਾ ਸਟੈਚੂ ਬਣਾ ਰਹੇ ਸੀ ਤਾਂ ਫੁੱਫੜ ਜੀ ਨੇ ਕਮਰ ਕੱਸ ਲਈ, ਇਸਦੀ ਲੋੜ ਕੀ ਹੈ। ਜਦੋਂ ਅਸੀਂ ਹਾਈ ਸਪੀਡ ਟ੍ਰੇਨ ‘ਤੇ ਕੰਮ ਕੀਤਾ ਤਾਂ ਫੁੱਫੜ ਜੀ ਬੋਲੇ, ਇਸਦੀ ਲੋੜ ਕੀ ਹੈ। ਜਦੋਂ ਯੂਪੀਆਈ ਲੈਕੇ ਆਏ ਤਾਂ ਫੁੱਫੜ ਬੋਲੇ, ਇਸਦੀ ਲੋੜ ਕੀ ਹੈ।”
“ਅਸੀਂ ਨਵੀਂ ਪਾਰਲੀਮੈਂਟ ਬਿਲਡਿੰਗ ਬਣਾਈ ਤਾਂ ਫਿਰ ਬੋਲੇ, ਇਸਦੀ ਲੋੜ ਕੀ ਹੈ। ਜਦੋਂ ਅਸੀਂ ਆਪਣੇ ਵੀਰ ਫੌਜੀ ਨਾਇਕਾਂ ਦਾ ਮੈਮੋਰੀਅਲ ਬਣਾਇਆ ਤਾਂ ਫੁੱਫੜ ਫਿਰ ਮੈਦਾਨ ਵਿੱਚ ਆ ਗਏ, ਇਸਦੀ ਕੀ ਲੋੜ ਸੀ। ਪਰ ਭਾਰਤ ਨੇ ਅਜਿਹੇ ਸਾਰੇ ਫੁੱਫੜਾਂ ਨੂੰ ਜਵਾਬ ਦਿੱਤਾ। ਜੋ ਦੇਸ਼ ਲਈ ਜ਼ਰੂਰੀ ਹੈ, ਉਹ ਭਾਰਤ ਨੂੰ ਕਰਨ ਤੋਂ ਕੋਈ ਰੋਕ ਨਹੀਂ ਸਕਦਾ।”
ਗਿਣਵਾਈਆਂ 12 ਸਾਲਾਂ ਦੀਆਂ ਉਪਲਬਧੀਆਂ
ਤਸਵੀਰ ਸਰੋਤ, Narendra Modi
ਪੀਐੱਮ ਮੋਦੀ ਨੇ ਆਪਣੇ ਭਾਸ਼ਣ ਵਿੱਚ 2013 ਵਿੱਚ ਸ਼੍ਰੀ ਰਾਮ ਕਾਲਜ ਵਿੱਚ ਦਿੱਤੇ ਆਪਣੇ ਭਾਸ਼ਣ ਨੂੰ ਵੀ ਯਾਦ ਕੀਤਾ। ਉਸ ਸਮੇਂ ਉਹ ਗੁਜਰਾਤ ਦੇ ਮੁੱਖ ਮੰਤਰੀ ਸਨ।
ਪੀਐੱਮ ਨੇ ਕਿਹਾ, “ਮੈਂ 2013 ਵਿੱਚ ਪਾਣੀ ਦੇ ਗਿਲਾਸ ਦੀ ਉਦਾਹਰਣ ਦਿੱਤੀ ਸੀ। ਗਿਲਾਸ ਨੂੰ ਦੇਖਣ ਵਾਲੇ ਇੱਕ ਉਹ ਹੁੰਦੇ ਹਨ, ਜਿਨ੍ਹਾਂ ਨੂੰ ਅੱਧਾ ਗਿਲਾਸ ਖਾਲੀ ਦਿਖਾਈ ਦਿੰਦਾ ਹੈ ਅਤੇ ਇੱਕ ਨਜ਼ਰੀਆ ਉਹ ਹੁੰਦਾ ਹੈ ਜਿਨ੍ਹਾਂ ਨੂੰ ਗਿਲਾਸ ਪੂਰਾ ਭਰਿਆ ਦਿਖਾਈ ਦਿੰਦਾ ਹੈ, ਅੱਧਾ ਹਵਾ ਨਾਲ ਅੱਧਾ ਪਾਣੀ ਨਾਲ।”
ਉਨ੍ਹਾਂ ਕਿਹਾ, “2014 ਵਿੱਚ ਸਰਕਾਰ ਬਣਨ ਤੋਂ ਬਾਅਦ ਅਸੀਂ ਇਹ ਕਰਕੇ ਦਿਖਾਇਆ, ਮੈਂ ਤੁਹਾਨੂੰ ਇੱਕ ਉਦਾਹਰਣ ਦੇ ਜ਼ਰੀਏ ਦੱਸਦਾ ਹਾਂ। ਹਾਲ ਹੀ ਵਿੱਚ ਜਨਧਨ ਯੋਜਨਾ ਨੂੰ 12 ਸਾਲ ਪੂਰੇ ਹੋਏ ਹਨ। ਅੱਜ ਤੁਸੀਂ ਫਿਨਟੈਕ ਦੇ ਇੱਕ ਵੱਖਰੇ ਹੀ ਦੌਰ ਵਿੱਚ ਜੀ ਰਹੇ ਹੋ। ਪਰ 2014 ਤੋਂ ਪਹਿਲਾਂ ਪਿੰਡਾਂ ਅਤੇ ਛੋਟੇ ਸ਼ਹਿਰਾਂ ਦੇ ਬੱਚਿਆਂ ਨੂੰ ਸੇਵਿੰਗ ਅਕਾਊਂਟ ਖੁਲਵਾਉਣ ਲਈ ਸੰਘਰਸ਼ ਕਰਨਾ ਪੈਂਦਾ ਸੀ। ਇਸ ਲਈ ਅਸੀਂ ਜਨਧਨ ਸਕੀਮ ਲੈਕੇ ਆਏ। ਅਤੇ ਪਿਛਲੇ 12 ਸਾਲਾਂ ਵਿੱਚ ਇਸ ਨਾਲ 60 ਕਰੋੜ ਨਵੇਂ ਅਕਾਊਂਟ ਖੁੱਲ੍ਹੇ।”
ਪੀਐੱਮ ਮੋਦੀ ਨੇ ਕਿਹਾ, “ਇੱਕ ਗੈਂਗ ਹੈ, ਮੈਂ ਜੋ ਬੋਲ ਰਿਹਾ ਹਾਂ, ਉਸ ਦੇ ਛੋਟੇ-ਛੋਟੇ ਟੁਕੜੇ ਕਰਕੇ ਮੇਰੇ ਖਾਤੇ ਵਿੱਚ ਪਾ ਦੇਵੇਗਾ। ਮੈਂ ਪਹਿਲਾਂ ਤੋਂ ਸੁਚੇਤ ਕਰਦਾ ਹਾਂ, ਮੈਂ ਜੋ ਗੱਲਾਂ ਬੋਲ ਰਿਹਾ ਹਾਂ, ਉਹ 2013 ਦੇ ਉਸ ਦੌਰ ਵਿੱਚ ਮੀਡੀਆ ਵਿੱਚ ਛਾਈਆਂ ਰਹਿੰਦੀਆਂ ਸਨ।”
“ਜਿਵੇਂ… ਐਲਓਸੀ ‘ਤੇ ਭਾਰਤੀ ਫੌਜੀਆਂ ਦਾ ਕਤਲ, ਵਿਸ਼ਵ ਬੈਂਕ ਨੇ ਜੀਡੀਪੀ ਗ੍ਰੋਥ ਰੇਟ ਦਾ ਅਨੁਮਾਨ ਘਟਾਇਆ, ਕਰੰਟ ਅਕਾਊਂਟ ਡੈਫਿਸਿਟ ਆਲ ਟਾਈਮ ਹਾਈ, ਮਹਿੰਗਾਈ ਦਰ ਕਰੀਬ 10 ਫ਼ੀਸਦ ‘ਤੇ, ਇੰਡਸਟਰੀਅਲ ਸੈਕਟਰ ਮੰਦੀ ਦੀ ਮਾਰ ਵਿੱਚ, ਹੈਲੀਕਾਪਟਰ ਸੌਦੇ ਵਿੱਚ ਰਿਸ਼ਵਤਖੋਰੀ ਦਾ ਪਰਦਾਫਾਸ਼, ਹੈਦਰਾਬਾਦ ਵਿੱਚ ਬੰਬ ਧਮਾਕਾ। ਇਹ ਉਸ ਸਮੇਂ ਦੀਆਂ ਹੈੱਡਲਾਈਨਾਂ ਸਨ।”
ਉਨ੍ਹਾਂ ਕਿਹਾ, “ਉਸ ਸਮੇਂ ਵਿਕਾਸ ਫ਼ਰਸ਼ ‘ਤੇ ਸੀ ਅਤੇ ਮਹਿੰਗਾਈ ਅਰਸ਼ ‘ਤੇ ਸੀ। ਉਸ ਸਮੇਂ ਘੋਟਾਲੇ ਚਰਮ ‘ਤੇ ਸਨ ਅਤੇ ਭ੍ਰਿਸ਼ਟਾਚਾਰੀ ਬੇਖ਼ੌਫ਼ ਘੁੰਮਦੇ ਸਨ। ਅੱਤਵਾਦੀ ਬੇਲਗਾਮ ਸਨ ਅਤੇ ਪਾਕਿਸਤਾਨ ਬੇਕਾਬੂ ਸੀ। ਇੱਕ ਉਹ ਦਿਨ ਸੀ ਅਤੇ ਇੱਕ ਅੱਜ ਦਾ ਦਿਨ ਹੈ ਜਦੋਂ ਅੱਤਵਾਦ ਫੈਲਾਉਣ ਵਾਲੇ ਪਸਤ ਪਏ ਹਨ, ਪਾਕਿਸਤਾਨ ਕੋਈ ਨਾਪਾਕ ਹਰਕਤ ਕਰਦਾ ਹੈ ਤਾਂ ਭਾਰਤੀ ਫੌਜ ਘਰ ‘ਚ ਵੜ ਕੇ ਮਾਰਦੀ ਹੈ, ਨਕਸਲਵਾਦ ਦੀ ਕਮਰ ਤੋੜ ਦਿੱਤੀ ਗਈ ਹੈ।”
ਪੀਐੱਮ ਮੋਦੀ ਨੇ ਆਪਣੇ ਭਾਸ਼ਣ ਵਿੱਚ ਭਾਰਤੀ ਜੀਡੀਪੀ ਦੀ ਵਿਕਾਸ ਦਰ ਦਾ ਵੀ ਜ਼ਿਕਰ ਕੀਤਾ।
ਉਨ੍ਹਾਂ ਕਿਹਾ, “ਭਾਰਤ ਦੀ 7.8% ਦੀ ਗ੍ਰੋਥ ਵੀ ਅਜਿਹੇ ਸਮੇਂ ਵਿੱਚ ਆਈ ਹੈ, ਜਦੋਂ ਵੈਸਟ ਏਸ਼ੀਆ ਵਿੱਚ ਜੰਗ ਚੱਲ ਰਹੀ ਹੈ ਅਤੇ ਜਦੋਂ ਟ੍ਰੇਡ ਨਾਲ ਜੁੜੀਆਂ ਔਕੜਾਂ ਵੀ ਰਹੀਆਂ ਹਨ। ਉਸ ਸਮੇਂ ਅਜਿਹੀ ਗ੍ਰੋਥ ਹਾਸਿਲ ਕਰਨਾ ਭਾਰਤ ਦੀ ਸਮਰੱਥਾ ਨੂੰ ਦਰਸਾਉਂਦਾ ਹੈ।”
ਦਰਅਸਲ, ਭਾਰਤ ਸਰਕਾਰ ਦਾ ਕਹਿਣਾ ਹੈ ਕਿ ਚਾਲੂ ਵਿੱਤੀ ਸਾਲ (2026-27) ਦੀ ਪਹਿਲੀ ਤਿਮਾਹੀ ਵਿੱਚ ਜੀਡੀਪੀ ਵਿਕਾਸ ਦਰ 7.8 ਫ਼ੀਸਦੀ ਰਹੀ ਹੈ। ਹਾਲਾਂਕਿ, ਇਸ ਸਰਕਾਰੀ ਦਾਅਵੇ ‘ਤੇ ਵਿਵਾਦ ਸਾਹਮਣੇ ਆਇਆ।
ਦੇਸ਼ ਦੇ ਸਾਬਕਾ ਵਿੱਤ ਸਕੱਤਰ ਸੁਭਾਸ਼ ਚੰਦਰ ਗਰਗ ਅਤੇ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਇਨ੍ਹਾਂ ਅੰਕੜਿਆਂ ਦੀ ਗਣਨਾ ਕਰਨ ਦੇ ਤਰੀਕੇ ਅਤੇ ‘ਬੇਸ ਈਅਰ’ (ਆਧਾਰ ਸਾਲ) ਵਿੱਚ ਕੀਤੇ ਗਏ ਬਦਲਾਵਾਂ ਨੂੰ ਲੈਕੇ ਗੰਭੀਰ ਸਵਾਲ ਚੁੱਕੇ ਹਨ।
ਕਾਂਗਰਸ ਨੇ ਕੀ ਕਿਹਾ
ਤਸਵੀਰ ਸਰੋਤ, Santosh Kumar/Hindustan Times via Getty Images
ਕਾਂਗਰਸ ਆਗੂ ਅਤੇ ਰਾਜ ਸਭਾ ਮੈਂਬਰ ਪਵਨ ਖੇੜਾ ਨੇ ਪੀਐੱਮ ਮੋਦੀ ਦੇ ਭਾਸ਼ਣ ‘ਤੇ ਪ੍ਰਤੀਕਿਰਿਆ ਦਿੱਤੀ ਹੈ।
ਪ੍ਰੋਗਰਾਮ ਤੋਂ ਪਹਿਲਾਂ ਪਵਨ ਖੇੜਾ ਨੇ ਐੱਸਆਰਸੀਸੀ ਦੇ ਇੱਕ ਵਿਦਿਆਰਥੀ ਦਾ ਜ਼ਿਕਰ ਕੀਤਾ ਸੀ।
ਪਵਨ ਖੇੜਾ ਨੇ ਐਕਸ ‘ਤੇ ਲਿਖਿਆ, “ਮੋਦੀ ਫਿਰ ਤੋਂ ਐੱਸਆਰਸੀਸੀ ਵਿੱਚ ਹਨ। ਇਹੀ ਉਹ ਥਾਂ ਹੈ, ਜਿੱਥੋਂ 2013 ਵਿੱਚ ਉਨ੍ਹਾਂ ਨੇ ਦੇਸ਼ ਦੇ ਨੌਜਵਾਨਾਂ ਨੂੰ ਵੱਡੇ ਸੁਪਨੇ ਦਿਖਾ ਕੇ ਗੁਮਰਾਹ ਕੀਤਾ ਸੀ। ਅੱਜ ਦੇ ਪ੍ਰੋਗਰਾਮ ਵਿੱਚ ਰਾਜਸਥਾਨ ਦੇ ਕਬਾਇਲੀ ਐੱਸਆਰਸੀਸੀ ਗ੍ਰੈਜੂਏਟ ਯੋਗੇਸ਼ ਮੀਣਾ ਨਹੀਂ ਹਨ, ਜੋ ਹੁਣ ਨੋਇਡਾ ਦੇ ਮਜ਼ਦੂਰਾਂ ਦੇ ਪ੍ਰਦਰਸ਼ਨ ਦੇ ਮਾਮਲੇ ਵਿੱਚ ਫਸਾਏ ਜਾਣ ਤੋਂ ਬਾਅਦ ਜੇਲ੍ਹ ਵਿੱਚ ਹਨ।”
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



