Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ’ਚ ਤਿੰਨ ਅਕਾਲੀ ਦਲ ਕਿਵੇਂ ਪੰਥਕ ਸਿਆਸਤ ਚ ਆਪਣੀ ਜ਼ਮੀਨ ਤਲਾਸ਼...

ਪੰਜਾਬ ’ਚ ਤਿੰਨ ਅਕਾਲੀ ਦਲ ਕਿਵੇਂ ਪੰਥਕ ਸਿਆਸਤ ਚ ਆਪਣੀ ਜ਼ਮੀਨ ਤਲਾਸ਼ ਰਹੇ ਹਨ

5
0

Source :- BBC PUNJABI

ਅੰਮ੍ਰਿਤਪਾਲ ਸਿੰਘ, ਸੁਖਬੀਰ ਸਿੰਘ ਬਾਦਲ ਅਤੇ ਗਿਆਨੀ ਹਰਪ੍ਰੀਤ ਸਿੰਘ ਦੀਆਂ ਤਸਵੀਰਾਂ ਦਾ ਕੋਲਾਜ।

ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਪੰਥਕ ਅਤੇ ਖੇਤਰੀ ਵੋਟ ਬੈਂਕ ਨੂੰ ਹਾਸਿਲ ਕਰਨ ਲਈ ਵੱਖ ਵੱਖ ਪੰਥਕ ਧੜੇ ਜਿਨ੍ਹਾਂ ਵਿੱਚ ਮੁੱਖ ਰੂਪ ‘ਚ ਤਿੰਨ ਅਕਾਲੀ ਦਲ ਹਨ, ਆਪੋ ਆਪਣੀ ਵਾਹ ਲਗਾ ਰਹੇ ਹਨ।

ਸ਼੍ਰੋਮਣੀ ਅਕਾਲੀ ਦਲ ਮੁੱਖ ਖੇਤਰੀ ਪਾਰਟੀ ਵਜੋਂ ਆਪਣੀ ਹੋਂਦ ਨੂੰ ਬਚਾਉਣ ਅਤੇ ਗਵਾਇਆ ਹੋਇਆ ਭਰੋਸਾ ਜਿੱਤਣ ਲਈ ਤਰਲੋ ਮੱਛੀ ਹੋ ਰਿਹਾ ਹੈ।

ਦੂਜੇ ਪਾਸੇ ਅਕਾਲੀ ਦਲ ਤੋਂ ਬਾਗੀ ਹੋਏ ਲੀਡਰਾਂ ਦਾ ਧੜਾ ਯਾਨੀ ਕਿ ਸ਼੍ਰੋਮਣੀ ਅਕਾਲ ਦਲ(ਪੁਨਰ ਸੁਰਜੀਤ) ਖੁਦ ਨੂੰ ਅਸਲ ਅਕਾਲੀ ਦਲ ਵਜੋਂ ਪੇਸ਼ ਕਰਕੇ ਨਵਾਂ ਖੇਤਰੀ ਸਿਆਸੀ ਬਦਲ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ।

ਇਸ ਸਭ ਦੇ ਵਿਚਕਾਰ ਅਕਾਲੀ ਦਲ(ਵਾਰਿਸ ਪੰਜਾਬ ਦੇ ) ਰਵਾਇਤੀ ਅਕਾਲੀਆਂ ਨੂੰ ਨਕਾਰ ਕੇ ਖੁਦ ਨੂੰ ਮਜ਼ਬੂਤ ਵਧੇਰੇ ਸਖ਼ਤ ਪੰਥਕ ਰੁਖ ਵਾਲੇ ਸਿਆਸੀ ਬਦਲ ਵਜੋਂ ਪੇਸ਼ ਕਰ ਰਿਹਾ ਹੈ।

ਤਿੰਨੋਂ ਅਕਾਲੀ ਦਲ ਕਿਵੇਂ ਪੰਜਾਬ ਵਿੱਚ ਆਪੋ-ਆਪਣੀ ਸਿਆਸੀ ਜ਼ਮੀਨ ਲਈ ਲੜ ਰਹੇ ਹਨ ਅਤੇ ਇਹ ਖਿੱਚੋਤਾਣ ਪੰਜਾਬ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਸਿਆਸੀ ਸਮੀਕਰਨਾਂ ਨੂੰ ਕਿਵੇਂ ਪ੍ਰਭਾਵਿਤ ਕਰ ਸਕਦੀ ਹੈ, ਇਸ ਬਾਰੇ ਸਿਆਸੀ ਮਾਹਿਰ ਆਪੋ ਆਪਣੀ ਰਾਏ ਪੇਸ਼ ਕਰ ਰਹੇ ਹਨ।

ਕੀ ਸਾਖ ਬਚਾ ਸਕੇਗਾ ਸ਼੍ਰੋਮਣੀ ਅਕਾਲੀ ਦਲ (ਬਾਦਲ) ?

ਹਰਸਿਮਰਤ ਕੌਰ ਬਾਦਲ ਅਤੇ ਸੁਖਬੀਰ ਸਿੰਘ ਬਾਦਲ

ਤਸਵੀਰ ਸਰੋਤ, FB/Harsimrat Kaur Badal

ਪੰਜਾਬ ਦੀ ਸਿਆਸਤ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਾਖ ਮਜ਼ਬੂਤ ਪੰਥਕ ਧੁਰੇ ਵਜੋਂ ਰਹੀ ਹੈ ਅਤੇ ਇਹ ਪਾਰਟੀ ਦੇਸ਼ ਦੀ ਸਭ ਤੋਂ ਪੁਰਾਣੀ ਖੇਤਰੀ ਪਾਰਟੀ ਮੰਨੀ ਜਾਂਦੀ ਹੈ, ਪਰ ਪਿਛਲੇ ਦਹਾਕੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੂੰ ਆਪਣੀ ਸਿਆਸੀ ਜ਼ਮੀਨ ਅਤੇ ਪੰਥਕ ਹਲਕਿਆਂ ਵਿੱਚ ਭਰੋਸਾ ਕਾਇਮ ਰੱਖਣ ਲਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਹੈ।

ਸ਼੍ਰੋਮਣੀ ਅਕਾਲੀ ਦਲ ਦੀ ਪੰਜਾਬ ਵਿੱਚ ਸਰਕਾਰ ਦੌਰਾਨ ਬੇਅਦਬੀਆਂ, ਉਸ ਤੋਂ ਬਾਅਦ ਹੋਈਆਂ ਹਿੰਸਕ ਘਟਨਾਵਾਂ ਅਤੇ ਨਸ਼ਿਆਂ ਦੇ ਮਾਮਲੇ ‘ਤੇ ਪਾਰਟੀ ਖ਼ਿਲਾਫ਼ ਅਜਿਹਾ ਮਾਹੌਲ ਬਣਿਆ, ਜੋ ਤਕਰੀਬਨ ਦਹਾਕੇ ਬਾਅਦ ਵੀ ਨਰਮ ਨਹੀਂ ਹੋ ਸਕਿਆ ਹੈ।

ਕਦੇ ਵੱਡੀ ਖੇਤਰੀ ਪਾਰਟੀ ਵਜੋਂ ਜਾਣੀ ਜਾਂਦੀ ਸ਼੍ਰੋਮਣੀ ਅਕਾਲੀ ਦਲ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ ਤਿੰਨ ਸੀਟਾਂ ਜਿੱਤੀਆਂ ਸਨ।

ਹੁਣ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਪੰਜਾਬ ਵਿੱਚ ਵਿਕਾਸ ਕਰਵਾਉਣ ਵਾਲੀ ਪਾਰਟੀ ਦੱਸਣ ਦੇ ਨਾਲ ਨਾਲ ਧਾਰਮਿਕ ਤੌਰ ‘ਤੇ ਖੁਦ ਨੂੰ ਨਿਮਰ ਅਤੇ ਸੇਵਾ ਭਾਵਨਾ ਵਾਲੇ ਆਗੂਆਂ ਦੀ ਪਾਰਟੀ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਪਾਰਟੀ ਕਈ ਥਾਈਂ ਦੁੱਗਣੀ ਪੈਨਸ਼ਨ ਜਿਹੇ ਵਾਅਦੇ ਅਤੇ ਸੱਤਾ ਧਿਰ ਆਮ ਆਦਮੀ ਪਾਰਟੀ ਖ਼ਿਲਾਫ਼ ਤੰਜ ਕੱਸਣ ਅਤੇ ਸਿਆਸੀ ਬਦਲਾਖੋਰੀ ਦੇ ਇਲਜ਼ਾਮ ਲਗਾ ਕੇ ਖੁਦ ਲਈ ਸਿਆਸੀ ਜ਼ਮੀਨ ਤਲਾਸ਼ਣ ਦੀ ਕੋਸ਼ਿਸ਼ ਕਰ ਰਹੀ ਹੈ।

ਪਰ ਸ਼੍ਰੋਮਣੀ ਅਕਾਲੀ ਦਲ ਲਈ ਇਸ ਵੇਲੇ ਬੇਅਦਬੀ ਅਤੇ ਨਸ਼ੇ ਦੇ ਮਾਮਲੇ ਵਿੱਚ ਖ਼ੁਦ ਦੀ ਸਾਖ ਸਾਫ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੇ ਵੋਟ ਬੈਂਕ ਨੂੰ ‘ਟਾਰਗੇਟ’ ਕਰਨ ਵਾਲੇ ਅਕਾਲੀ ਦਲ (ਪੁਨਰ ਸੁਰਜੀਤ) ਅਤੇ ਅਕਾਲੀ ਦਲ (ਵਾਰਿਸ ਪੰਜਾਬ ਦੇ) ਵੀ ਵੱਡੀ ਚੁਣੌਤੀ ਸਾਬਿਤ ਹੋ ਰਹੇ ਹਨ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਅਕਾਲੀ ਦਲ ਅੱਗੇ ਕਈ ਚੁਣੌਤੀਆਂ ਗਿਣਵਾਈਆਂ। ਉਹ ਕਹਿੰਦੇ ਹਨ, “ਨੱਬੇ ਦੇ ਦਹਾਕੇ ਵਿੱਚ ਪੰਜਾਬ ਅਸ਼ਾਂਤੀ ਦੇ ਦੌਰ ਤੋਂ ਬਾਹਰ ਆਇਆ ਹੀ ਸੀ, ਤਾਂ ਪੰਜਾਬ ਵਿੱਚ ਸ਼ਾਂਤੀ ਬਹਾਲੀ ਦੀ ਗੱਲ ਕਰਕੇ ਅਤੇ ਪ੍ਰਕਾਸ਼ ਸਿੰਘ ਬਾਦਲ ਵੱਡਾ ਲੀਡਰ ਹੋਣ ਕਰਕੇ ਉਹ ਪੰਜਾਬ ਵਿੱਚ ਜਿੱਤਦੇ ਰਹੇ ਹਨ।”

ਜਸਪਾਲ ਸਿੱਧੂ ਮਹਿਸੂਸ ਕਰਦੇ ਹਨ ਕਿ ਸੁਖਬੀਰ ਬਾਦਲ ‘ਤੇ ਲੱਗੇ ਇਲਜ਼ਾਮ ਅਤੇ ਲੋਕਾਂ ਵਿੱਚ ਰੋਸ ਹਾਲੇ ਖਤਮ ਨਹੀਂ ਹੋਇਆ ਹੈ, ਵਿਰੋਧੀ ਪਾਰਟੀਆਂ ਨੇ ਵੀ ਇਸ ਨੂੰ ਪੂਰੀ ਤੂਲ ਦਿੱਤੀ ਅਤੇ ਬਾਅਦ ਵਿੱਚ ਅਕਾਲੀਆਂ ਦੀ ਆਪਸ ਵਿੱਚ ਟੁੱਟ ਫੁੱਟ ਹੋ ਗਈ।

ਉਹ ਕਹਿੰਦੇ ਹਨ ਕਿ ਜੇ ਸ਼੍ਰੋਮਣੀ ਅਕਾਲੀ ਦਲ ਚਿਹਰਾ ਬਦਲੇ ਤਾਂ ਵੀ ਫ਼ਾਇਦਾ ਹੋ ਸਕਦਾ ਹੈ ਪਰ ਇਹ ਨਿੱਜੀ ਤੌਰ ‘ਤੇ ਸੁਖਬੀਰ ਬਾਦਲ ਦੇ ਹੱਕ ਵਿੱਚ ਨਹੀਂ ਜਾਏਗਾ।

ਸਿੱਧੂ ਇਹ ਵੀ ਕਹਿੰਦੇ ਹਨ ਕਿ ਜਿੰਨਾ ਚਿਰ ਸੁਖਬੀਰ ਬਾਦਲ ਦਾ ਅਕਸ ਉਨ੍ਹਾਂ ਪ੍ਰਭਾਵਸ਼ਾਲੀ ਨਹੀਂ ਬਣਦਾ ਹੋਰ ਵੱਡੇ ਲੀਡਰ ਪਾਰਟੀ ਵਿੱਚ ਨਹੀਂ ਆਉਣਗੇ ਅਤੇ ਪਾਰਟੀ ਦੀ ਮਜ਼ਬੂਤੀ ਦਾ ਰਾਹ ਨਹੀਂ ਖੁੱਲ੍ਹੇਗਾ।

ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਦੀ ਰਾਏ

ਜਦਕਿ ਸਿਆਸੀ ਮਾਹਿਰ ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ, “ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਮਹੱਤਵਪੂਰਨ ਖੇਤਰੀ ਪਾਰਟੀ ਹੈ ਜੋ ਕਿ ਪੰਜਾਬ ਦੇ ਹਿਤਾਂ ਨੂੰ ਕੌਮੀ ਪਾਰਟੀਆਂ ਤੋਂ ਬਿਹਤਰ ਦੇਖ ਸਕਦੀ ਹੈ ਪਰ ਮੰਦਭਾਗੀ ਗੱਲ ਹੈ ਕਿ ਅਕਾਲੀ ਦਲ ਖੇਰੂੰ ਖੇਰੂੰ ਹੋਈ ਪਈ ਹੈ।”

ਪਰ ਨਾਲ ਹੀ ਉਹ ਕਹਿੰਦੇ ਹਨ ਕਿ ਅਕਾਲੀ ਦਲ ਦੇ ਕਿੰਨੇ ਵੀ ਧੜੇ ਬਣ ਜਾਣ ਪਰ ਮੁੱਖ ਅਕਾਲੀ ਦਲ, ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਾਲਾ ਸ਼੍ਰੋਮਣੀ ਅਕਾਲੀ ਦਲ ਹੈ। ਉਹ ਇਹ ਵੀ ਮੰਨਦੇ ਹਨ ਕਿ ਭਾਵੇਂ ਪਹਿਲਾਂ ਦੇ ਮੁਕਾਬਲੇ ਲੋਕਾਂ ਵਿੱਚ ਗੁੱਸਾ ਘੱਟ ਹੈ ਪਰ ਹਾਲੇ ਵੀ ਅਕਾਲੀ ਦਲ ਪੁਰਾਣੀ ਸਾਖ ਬਹਾਲ ਨਹੀਂ ਕਰ ਸਕਿਆ ਹੈ, ਇਸ ਲਈ ਅਕਾਲੀ ਦਲ ਨੂੰ ਲੋਕਾਂ ਵਿੱਚ ਵਿਚਰਨਾ ਪਵੇਗਾ ਅਤੇ ਜ਼ਮੀਨ ‘ਤੇ ਆਪਣਾ ਕੇਡਰ ਮਜ਼ਬੂਤ ਕਰਨਾ ਪਵੇਗਾ।

ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਕਹਿੰਦੇ ਹਨ, “ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਗਠਜੋੜ ਨੂੰ ਲੈ ਕੇ ਦੁਚਿੱਤੀ ਵਿੱਚ ਜਾਪ ਰਿਹਾ ਹੈ ਜਿਸ ਕਾਰਨ ਬਹੁਤ ਸਾਰੇ ਮਸਲਿਆਂ ‘ਤੇ ਸਪਸ਼ਟ ਸਟੈਂਡ ਨਾ ਲੈ ਪਾਉਣਾ ਵੀ ਪਾਰਟੀ ਨੂੰ ਕਮਜ਼ੋਰ ਸਥਿਤੀ ਵੱਲ ਧੱਕ ਰਿਹਾ ਹੈ। ਜਦਕਿ ਇਸ ਤੋਂ ਉਲਟ ਅਕਾਲੀ ਦਲ ਦੇ ਦੂਜੇ ਧੜੇ ਖਾਸ ਕਰਕੇ ‘ਵਾਰਿਸ ਪੰਜਾਬ ਦੇ’ ਹਮਲਾਵਰ ਤਰੀਕੇ ਨਾਲ ਆਪਣਾ ਸਟੈਂਡ ਸਪਸ਼ਟ ਕਰ ਰਹੇ ਹਨ ਜਿਵੇਂ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ 21 ਅਗਸਤ ਦੇ ਪੰਜਾਬ ਬੰਦ ਨੂੰ ਪੂਰੀ ਤਰ੍ਹਾਂ ਸਮਰਥਨ ਦੇਣਾ।”

ਸੁਖਬੀਰ ਬਾਦਲ ਦੀ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਤੋਂ ਬਾਅਦ ਸੰਭਾਵਨਾ ਲੱਗ ਰਹੀ ਸੀ, ਪਰ ਪੰਜਾਬ ਬੀਜੇਪੀ ਪ੍ਰਧਾਨ ਕੇਵਲ ਸਿੰਘ ਢਿਲੋਂ ਨੇ ਸਾਰੀਆਂ ਸੀਟਾਂ ਤੇ ਬੀਜੇਪੀ ਵੱਲੋਂ ਇਕੱਲੇ ਲੜਨ ਦੀ ਗੱਲ ਕਹੀ। ਇਸ ਲਈ ਸ਼੍ਰੋਮਣੀ ਅਕਾਲੀ ਦਲ ਦੀ ਲਾਈਨ ਸਪਸ਼ਟ ਨਹੀਂ ਹੋਈ ਕਿ ਉਨ੍ਹਾਂ ਨੇ ਬੀਜੇਪੀ ਦੇ ਖ਼ਿਲਾਫ਼ ਬੋਲਣਾ ਹੈ ਜਾਂ ਨਾਲ ਲੈ ਕੇ ਚੱਲਣਾ ਹੈ।

ਦੱਸ ਦੇਈਏ ਕਿ ਪੰਜਾਬ ਵਿੱਚ ਨੱਬੇਵਿਆਂ ਦੇ ਮੱਧ ਤੋਂ ਲੈ ਕੇ ਦੋ ਦਹਾਕੇ ਤੋਂ ਵੱਧ ਸਮੇਂ ਤੱਕ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਦਾ ਮਜ਼ਬੂਤ ਗਠਜੋੜ ਰਿਹਾ ਹੈ, ਪਰ 2020 ਵਿੱਚ ਤਿੰਨ ਖੇਤੀ ਬਿੱਲਾਂ ਖ਼ਿਲਾਫ਼ ਪੰਜਾਬ ਵਿੱਚ ਬਣੇ ਮਾਹੌਲ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਆਪਣੀ ਪੁਰਾਣੀ ਭਾਈਵਾਲ਼ ਬੀਜੇਪੀ ਨਾਲੋਂ ਗਠਜੋੜ ਤੋੜਨ ਲਈ ਮਜਬੂਰ ਹੋ ਗਿਆ ਸੀ।

ਮਾਹਿਰਾਂ ਦਾ ਮੰਨਣਾ ਹੈ ਕਿ ਹੁਣ ਵੀ ਜੇ ਗਠਜੋੜ ਹੁੰਦਾ ਹੈ ਤਾਂ ਅਕਾਲੀਆਂ ਨੂੰ ਸ਼ਹਿਰੀ ਖੇਤਰ ਅਤੇ ਬੀਜੇਪੀ ਨੂੰ ਪੇਂਡੂ ਸਿੱਖ ਬਹੁਤਾਤ ਤੇ ਕਿਸਾਨੀ ਖੇਤਰਾਂ ਵਿੱਚ ਫ਼ਾਇਦਾ ਹੋ ਸਕਦਾ ਹੈ।

ਅਕਾਲੀ ਦਲ ‘ਪੁਨਰ ਸੁਰਜੀਤ’ ਕਰ ਸਕੇਗਾ ਅਕਾਲੀ ਸਿਆਸਤ ਨੂੰ ਮੁੜ ਸੁਰਜੀਤ ?

ਬੀਬੀ ਜਗੀਰ ਕੌਰ, ਗਿਆਨੀ ਹਰਪ੍ਰੀਤ ਸਿੰਘ, ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਨੇਤਾ ਇੱਕ ਸਮਾਗਮ ਦੌਰਾਨ ਸਟੇਜ 'ਤੇ।

ਤਸਵੀਰ ਸਰੋਤ, FB/Bibi Jagir kaur

ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ), ਖੁਦ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਸਿੱਧੀ ਟੱਕਰ ਵਜੋਂ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਾਰਟੀ ਦੀ ਅਗਵਾਈ ਕਰ ਰਹੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਸਮੇਤ ਹੋਰ ਆਗੂ ਲਗਾਤਾਰ ਸੁਖਬੀਰ ਸਿੰਘ ਬਾਦਲ ‘ਤੇ ਸਿੱਧੇ ਸ਼ਬਦੀ ਹਮਲੇ ਕਰਦੇ ਰਹੇ ਹਨ।

ਇੰਨਾ ਹੀ ਨਹੀਂ ਵੀਰਵਾਰ ਯਾਨੀ 20 ਅਗਸਤ ਨੂੰ ਹਰਚੰਦ ਸਿੰਘ ਲੌਂਗੋਵਾਲ ਦੀ ਬਰਸੀ ਸਮਾਗਮ ਸਟੇਜ ਦੀ ਥਾਂ ਨੂੰ ਲੈ ਕੇ ਵੀ ਪੁਨਰ ਸੁਰਜੀਤ, ਸ਼੍ਰੋਮਣੀ ਅਕਾਲੀ ਦਲ(ਬਾਦਲ) ਨਾਲ ਸਿੱਧੀ ਟੱਕਰ ਵਿੱਚ ਨਜ਼ਰ ਆਈ। ਅਕਾਲੀ ਦਲ ਨੇ ਇਲਜ਼ਾਮ ਲਗਾਇਆ ਕਿ ਪਹਿਲਾਂ ਉਨ੍ਹਾਂ ਨੂੰ ਅਨਾਜ ਮੰਡੀ ਵਿੱਚ ਸਟੇਜ ਲਗਾਉਣ ਦੀ ਇਜਾਜ਼ਤ ਦਿੱਤੀ ਗਈ ਫਿਰ ਵਾਪਸ ਲੈ ਲਈ ਗਈ ਅਤੇ ਸ਼੍ਰੋਮਣੀ ਅਕਾਲੀ ਦਲ(ਪੁਨਰ ਸੁਰਜੀਤ) ਨੇ ਫਿਰ ਉਸ ਜਗ੍ਹਾ ਆਪਣੀ ਸਿਆਸੀ ਕਾਨਫਰੰਸ ਦੀ ਸਟੇਜ ਸਜਾਈ।

ਇਸ ਮੌਕੇ ਸਟੇਜ ਸਜਾ ਕੇ ਪੁਨਰ ਸੁਰਜੀਤ ਧੜੇ ਨੇ ਖੁਦ ਨੂੰ ‘ਅਸਲ ਪੰਥਕ ਪਾਰਟੀ ਤੇ ਅਕਾਲੀ ਸਿਧਾਂਤਾਂ ਦੀ ਵਾਰਿਸ’ ਕਲੇਮ ਕਰਨ ਦੀ ਕੋਸ਼ਿਸ਼ ਕੀਤੀ ਹੈ।

ਹਾਲਾਂਕਿ ਇਸ ਧੜੇ ਵੱਲੋਂ ਕਦੇ ਵਾਰਿਸ ਪੰਜਾਬ ਦੇ, ਕਦੇ ਬੀਜੇਪੀ ਨਾਲ ਰਲਣ ਦੀਆਂ ਕੋਸ਼ਿਸ਼ਾਂ ਦੀਆਂ ਖ਼ਬਰਾਂ ਸਾਹਮਣੇ ਆਈਆਂ, ਪਰ ਸਿਆਸੀ ਮਾਹਿਰਾਂ ਦੀ ਰਾਏ ਹੈ ਕਿ ਇਸ ਸਭ ਦੇ ਬਾਵਜੂਦ ਪਾਰਟੀ ਕਮਜ਼ੋਰ ਸਥਿਤੀ ਵਿੱਚ ਹੈ।

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਲੀਡਰਾਂ ਦੇ ਛੱਡ ਜਾਣ ਨੇ ਇਸ ਧੜੇ ਨੂੰ ਕਮਜ਼ੋਰ ਕਰ ਦਿੱਤਾ ਹੈ।

ਸਿਆਸੀ ਮਾਹਿਰ ਮੁਹੰਮਦ ਖਾਲਿਦ ਕਹਿੰਦੇ ਹਨ ਕਿ ਪੁਨਰ ਸੁਰਜੀਤ ਧੜੇ, ਦੇ ਨਾਮੀ ਲੀਡਰ ਆਪਣੇ ਹਲਕਿਆਂ ਵਿੱਚੋਂ ਸ਼ੇਅਰ ਲਿਜਾ ਸਕਦੇ ਹਨ, ਪਰ ਪਾਰਟੀ ਵਜੋਂ ਬਹੁਤੀ ਮਜ਼ਬੂਤੀ ਨਹੀਂ ਦਿਸ ਰਹੀ।

ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਦਾ ਮੰਨਣਾ ਹੈ ਕਿ ਜਦੋਂ ਪੁਨਰ ਸੁਰਜੀਤ ਪਾਰਟੀ ਬਣਾਈ ਗਈ ਸੀ ਤਾਂ ਜਾਪ ਰਿਹਾ ਸੀ ਕਿ ਵੱਡੇ ਪੱਧਰ ‘ਤੇ ਉੱਭਰੇਗੀ, ਪਰ ਉਹ ‘ਟੇਕ ਆਫ’ ਹੀ ਨਹੀਂ ਹੋ ਸਕੀ।

‘ਵਾਰਿਸ ਪੰਜਾਬ ਦੇ’ ਦੀ ਸਥਿਤੀ ਕੀ ?

ਮਨਪ੍ਰੀਤ ਸਿੰਘ ਅਯਾਲੀ ਸਮੇਤ ਅਕਾਲੀ ਦਲ 'ਵਾਰਿਸ ਪੰਜਾਬ ਦੇ',ਹੋਰ ਆਗੂ।

ਤਸਵੀਰ ਸਰੋਤ, FB/Manpreet Singh Ayali

ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਸਿੱਖ ਭਾਵਨਾਵਾਂ ਅਤੇ ਜੇਲ੍ਹ ਵਿੱਚ ਬੰਦ ਖਡੂਰ ਸਾਹਿਬ ਤੋਂ ਐੱਮਪੀ ਅਮ੍ਰਿਤਪਾਲ ਸਿੰਘ ਦੇ ਨਾਮ ‘ਤੇ ਚੋਣਾਂ ਵਿੱਚ ਜਾਣ ਦੀ ਤਿਆਰੀ ਵਿੱਚ ਲੱਗ ਰਹੀ ਹੈ।

ਅਮ੍ਰਿਤਪਾਲ ਸਿੰਘ ਨੂੰ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਕਰਕੇ ਅਤੇ ਉਨ੍ਹਾਂ ਨੂੰ ਮਹੱਤਵਪੂਰਨ ਸੀਟਾਂ ਜਿਵੇਂ ਕਿ ਭਗਵੰਤ ਮਾਨ ਖ਼ਿਲਾਫ਼ ਜਾਂ ਸੁਖਬੀਰ ਸਿੰਘ ਬਾਦਲ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਾਰਨ ਦਾ ਸੰਕੇਤ ਦੇ ਕੇ ਹਮਲਾਵਰ ਸਿਆਸੀ ਰੁਖ ਜ਼ਾਹਿਰ ਕਰ ਰਹੀ ਹੈ।

ਮੀਡੀਆ ਰਿਪੋਰਟਾਂ ਮੁਤਾਬਕ, ਪਾਰਟੀ ਨੇ ਅਮ੍ਰਿਤਪਾਲ ਸਿੰਘ ਲਈ ਤਲਵੰਡੀ ਸਾਬੋ ਸੀਟ ਬਾਰੇ ਵੀ ਵਿਚਾਰ ਕੀਤਾ ਹੈ ਤਾਂ ਜੋ ਸੂਬੇ ਦੇ ਵੱਡੇ ਮਾਲਵਾ ਖੇਤਰ ਵਿੱਚ ਪ੍ਰਭਾਵ ਬਣਾਇਆ ਜਾ ਸਕੇ। ਪਾਰਟੀ ਨੇ 28 ਅਗਸਤ ਨੂੰ ਬਾਬਾ ਬਕਾਲਾ ਵਿਖੇ ਹੋਣ ਜਾ ਰਹੀ ਪੰਥਕ ਕਾਨਫਰੰਸ ਲਈ ਵੀ ਲਾਮਬੰਦੀ ਤੇਜ਼ ਕੀਤੀ ਹੈ। ਇਹ ਵੀ ਸੰਦੇਸ਼ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੂਜੇ ਸਿਆਸੀ ਲੀਡਰਾਂ ਦੀ ਤਰ੍ਹਾਂ ਅਮ੍ਰਿਤਪਾਲ ਸਿੰਘ ਦਾ ਪ੍ਰਭਾਵ ਪੰਜਾਬ ਦੇ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ ਹੈ।

ਪਰ ਮਾਹਿਰਾਂ ਮੁਤਾਬਕ ਪਾਰਟੀ ਕੋਲ ਠੋਸ ਰਣਨੀਤੀ ਅਤੇ ਵੱਡੇ ਚਿਹਰਿਆਂ ਦੀ ਕਮੀ ਚੁਣੌਤੀ ਬਣ ਸਕਦੀ ਹੈ।

ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਕਹਿੰਦੇ ਹਨ, “ਤਿੰਨਾਂ ਅਕਾਲੀ ਦਲਾਂ ਵਿੱਚੋਂ ਇਸ ਵੇਲੇ ਵਾਰਿਸ ਪੰਜਾਬ ਦੇ ਵਧੇਰੇ ਸਰਗਰਮ ਜਾਪ ਰਹੇ ਹਨ ਜਿਨਾਂ ਨੇ ਕਈ ਹਲਕਿਆਂ ਵਿਚੋਂ ਉਮੀਦਵਾਰ ਵੀ ਐਲਾਨ ਕਰ ਦਿੱਤੇ ਹਨ ਅਤੇ ਜ਼ਮੀਨੀ ਪੱਧਰ ‘ਤੇ ਸਰਗਰਮੀ ਵੀ ਵਧਾਈ ਹੋਈ ਹੈ। ਪਿਛਲੇ ਦਿਨੀ ਚੰਡੀਗੜ੍ਹ ਵਿੱਚ ਹੋਇਆ ਇਕੱਠ ਵੀ ਇਸ ਦੀ ਉਦਾਹਰਨ ਹੈ।”

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ ਕਿ ਨੌਜਵਾਨ, ਗਰਮ ਖਿਆਲੀ ਸਿਆਸਤ ਨਾਲ ਜੁੜ ਜਾਂਦੇ ਹਨ ਅਤੇ ਇਸੇ ਨੂੰ ‘ਵਾਰਿਸ ਪੰਜਾਬ ਦੇ’ ਕੈਸ਼ ਕਰ ਰਿਹਾ ਹੈ। ਪਰ ਇੱਕ ਹਾਲੇ ਤੱਕ ਉਨ੍ਹਾਂ ਨੇ ਪੰਜਾਬ ਲਈ ਆਪਣੀ ਰਣਨੀਤੀ ਸਪਸ਼ਟ ਨਹੀਂ ਕੀਤੀ ਹੈ।

ਪ੍ਰੋਫੈਸਰ ਖਾਲਿਦ ਕਹਿੰਦੇ ਹਨ ਕਿ ਲੋਕਤੰਤਰ ਵਿੱਚ ਸਿਰਫ਼ ਭਾਵਨਾਵਾਂ ਦੇ ਸਿਰ ‘ਤੇ ਨਹੀਂ ਜਿੱਤਿਆ ਜਾ ਸਕਦਾ। ਉਨ੍ਹਾਂ ਮੁਤਾਬਕ, ਚੋਣਾਂ ਲਈ ਬੂਥ ਪੱਧਰ ‘ਤੇ ਕੇਡਰ ਚਾਹੀਦਾ ਹੈ, ਪਰ ਕੀ ਵਾਰਿਸ ਪੰਜਾਬ ਦੇ ਕੋਲ ਅਜਿਹਾ ਕੇਡਰ ਹੈ?

ਉਹ ਕਹਿੰਦੇ ਹਨ, “ਕੀ ਅੰਮ੍ਰਿਤਪਾਲ ਸਿੰਘ ਜੇਲ੍ਹ ਵਿੱਚ ਬੈਠ ਕੇ ਲੋਕਾਂ ਦੀ ਨੁਮਾਇੰਦਗੀ ਕਰ ਸਕਦੇ ਹਨ? ਲੋਕ ਨੁਮਾਇੰਦੇ ਇਸ ਲਈ ਚੁਣਦੇ ਹਨ ਕਿ ਸਦਨ ਵਿੱਚ ਤੁਹਾਡੇ ਇਲਾਕੇ ਦੀ ਗੱਲ ਰੱਖ ਸਕੇ, ਇਹ ਸਵਾਲ ਸਿਰਫ਼ ਮੈਂ ਹੀ ਨਹੀਂ ਸੋਚ ਰਿਹਾ, ਲੋਕਾਂ ਦੇ ਮਨ ਵਿੱਚ ਵੀ ਆਉਂਦਾ ਹੈ, ਕਿਉਂਕਿ ਬਹੁਤ ਘੱਟ ਲੋਕ ਹੁੰਦੇ ਹਨ ਜੋ ਅੱਖਾਂ ਮੀਚ ਕੇ ਵੋਟ ਪਾਉਂਦੇ ਹਨ, ਜ਼ਿਆਦਤੀ ਲੋਕ ਸੋਚਦੇ ਹਨ ਕਿ ਸਾਡਾ ਭਵਿੱਖ ਕੀ ਹੈ ?”

ਉਹ ਕਹਿੰਦੇ ਹਨ ਕਿ ਭਾਵਨਾਵਾਂ ਕੈਸ਼ ਕਰਕੇ ਇੱਕ ਵਾਰ ਚੋਣ ਜਿੱਤੀ ਜਾ ਸਕਦੀ ਹੈ, ਪਰ ਵਾਰ ਵਾਰ ਨਹੀਂ ਅਤੇ ਵੋਟਰ ਸਿਰਫ਼ ਸਿੱਖ ਨਹੀਂ ਹਨ, ਹੋਰ ਧਰਮਾਂ ਦੇ ਲੋਕ ਵੀ ਹਨ।

ਪ੍ਰੋਫੈਸਰ ਖਾਲਿਦ ਕਹਿੰਦੇ ਹਨ, “ਜੇ ਵਾਰਿਸ ਪੰਜਾਬ ਦੇ ਕੁਝ ਕ ਸੀਟਾਂ ਤਾਂ ਜਿੱਤ ਵੀ ਲੈਣਗੇ ਤਾਂ ਕੋਈ ਫਰਕ ਨਹੀਂ ਪੈਂਦਾ।”

ਕਿਹੜੀ ਪਾਰਟੀ ਵੱਲ ਖਿਸਕੇਗਾ ਵੋਟਰ ?

ਵੋਟਿੰਗ ਕਾਰਡ ਦਿਖਾਉਂਦੀਆਂ ਮਹਿਲਾਵਾਂ ਦੀ ਪੁਰਾਣੀ ਤਸਵੀਰ।

ਤਸਵੀਰ ਸਰੋਤ, Getty Images

ਪੰਜਾਬ ਦੀਆਂ ਬਾਕੀ ਸਿਆਸੀ ਧਿਰਾਂ ਦੇ ਉਲਟ ਸਾਰੇ ਅਕਾਲੀ ਧੜੇ ਸਿੱਖ ਮਸਲਿਆਂ ਦੇ ਇਰਦ ਗਿਰਦ ਘੁੰਮ ਰਹੇ ਹਨ ਅਤੇ ਇੱਕੋ ਵੋਟ ਬੈਂਕ ਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਇਸ ਵਿਚਕਾਰ ਸਵਾਲ ਉੱਠ ਰਿਹਾ ਹੈ ਕਿ ਕੀ ਇਹ ਵੋਟ ਬੈਂਕ ਤਿੰਨਾਂ ਵਿੱਚੋਂ ਕਿਸੇ ਇੱਕ ਅਕਾਲੀ ਦਲ ਵੱਲ ਭੁਗਤੇਗਾ ਜਾਂ ਫਿਰ ਤਿੰਨੋਂ ਆਪਸ ਵਿੱਚ ਵੋਟ ਬੈਂਕ ਵੰਡ ਕੇ ਬੀਜੇਪੀ, ਆਪ ਜਾਂ ਕਾਂਗਰਸ ਨੂੰ ਫ਼ਾਇਦਾ ਦੇਣਗੇ?

ਸਿਆਸੀ ਮਾਹਿਰ ਪ੍ਰੋਫੈਸਰ ਮੁਹੰਮਦ ਖਾਲਿਦ ਕਹਿੰਦੇ ਹਨ ਕਿ ਸਾਰੇ ਅਕਾਲੀ ਦਲਾਂ ਦਾ ਵੋਟ ਬੈਂਕ ਇੱਕ ਹੈ, ਜੇ ਉਹ ਉਸ ਨੂੰ ਸੁਰੱਖਿਅਤ ਰੱਖਣਾ ਚਾਹੁੰਦੇ ਹਨ ਤਾਂ ਇਕਜੁੱਟ ਹੋਣਾ ਪਵੇਗਾ, ਨਹੀਂ ਤਾਂ ਉਨ੍ਹਾਂ ਦਾ ਵੋਟ ਬੈਕ ਖਿੰਡਣਾ ਹੀ ਹੈ। ਖਾਲਿਦ ਮੁਤਾਬਕ, ਗਰਮ ਖਿਆਲੀ ਧੜਾ ਵਾਰਿਸ ਪੰਜਾਬ ਦੇ ਵੱਲ ਭੁਗਤੇਗਾ ਜਦਕਿ ਮੌਡਰੇਟ ਅਕਾਲੀ ਦਲ ਦੇ ਅੱਗੇ ਦੋ ਧੜੇ ਹੋ ਗਏ- ਇੱਕ ਸੁਖਬੀਰ ਬਾਦਲ ਦਾ , ਦੂਜਾ ਪੁਨਰ ਸੁਰਜੀਤ ਦਾ।

ਖਾਲਿਦ ਕਹਿੰਦੇ ਹਨ, “ਉਸ ਦਾ ਫ਼ਾਇਦਾ ਆਪ ਕਾਂਗਰਸ ਜਾਂ ਬੀਜੇਪੀ ਨੂੰ ਹੋਏਗਾ, ਕਿਉਂਕਿ ਅਕਾਲੀ ਦਲ ਦਾ ਵੋਟਰ, ਬੀਜੇਪੀ ਨੂੰ ਬਹੁਤਾ ਪਸੰਦ ਨਹੀਂ ਕਰਦਾ, ਇਸ ਲਈ ਆਪ ਜਾਂ ਕਾਂਗਰਸ ਵੱਲ ਉਨ੍ਹਾਂ ਵੋਟਰਾਂ ਦੇ ਜਾਣ ਦੀ ਸੰਭਾਵਨਾ ਜ਼ਿਆਦਾ ਹੈ।”

ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਕਹਿੰਦੇ ਹਨ, “ਸਾਰੀਆਂ ਪਾਰਟੀਆਂ ਦੀ ਕੋਈ ਨਾ ਕੋਈ ਵਿਚਾਰਧਾਰਾ ਜਾਂ ਸਿਆਸਤ ਹੁੰਦੀ ਹੈ, ਬਦਕਿਸਮਤੀ ਹੈ ਕਿ ਸਿੱਖਾਂ ਦੇ ਕਿਸੇ ਵੀ ਧੜੇ ਦੀ ਕੋਈ ਵਿਚਾਰਧਾਰਾ ਨਹੀਂ, ਕੋਈ ਸਿਆਸੀ ਸਟੈਂਡ ਨਹੀਂ।”

ਸਿੱਧੂ ਨੇ ਕਿਹਾ, “ਜਿਵੇਂ ਕਿ ਬੰਦੀ ਸਿੰਘ ਕੁਝ ਕੁ ਬੰਦੇ ਹਨ, ਉਨ੍ਹਾਂ ਦੀ ਰਿਹਾਈ ਲਈ ਕੋਸ਼ਿਸ਼ਾਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ, ਪਰ ਇਹ ਨਹੀਂ ਹੋਣਾ ਚਾਹੀਦਾ ਕਿ ਸਾਰੀ ਸਿਆਸਤ ਇਸ ਦੁਆਲੇ ਘੁਮਾਈ ਜਾਣ।”

ਜਸਪਾਲ ਸਿੱਧੂ ਕਹਿੰਦੇ ਹਨ, “ਇਨ੍ਹਾਂ ਵਿੱਚੋਂ ਕੋਈ ਵੀ ਪਾਰਟੀ ਗੱਲ ਨਹੀਂ ਕਰ ਰਹੀ ਕਿ ਉਹ ਰੋਜ਼ਗਾਰ ਲਈ ਕੀ ਕਰਨਗੇ, ਜਾਂ ਸੂਬੇ ਦੇ ਪਾਣੀ ਸ੍ਰੋਤਾਂ ਨੂੰ ਰੀ-ਕਲੇਮ ਕਰਨਗੇ ਜਾਂ ਖੇਤੀ ਲਈ ਕੀ ਕਰਨਗੇ।”

ਉਹ ਕਹਿੰਦੇ ਹਨ ਕਿਸੇ ਅਕਾਲੀ ਦਲ ਨੇ ਇਸ ਮਸਲੇ ਬਾਰੇ ਗੱਲ ਨਹੀਂ ਕੀਤੀ ਹੈ ਕਿ ਪਾਕਿਸਤਾਨ ਨਾਲ ਬਾਰਡਰ ਖੋਲ੍ਹ ਕੇ ਵਪਾਰ ਹੋਵੇ ਅਤੇ ਖੁਸ਼ਹਾਲੀ ਆਵੇ। ਮਾਹਿਰਾਂ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਸਿਰਫ਼ ਸਿੱਖ ਵੋਟਰ ਹੀ ਨਹੀਂ ਹਨ, ਹੋਰ ਧਰਮਾਂ ਦੇ ਲੋਕ ਵੀ ਹਨ ਇਸ ਲਈ ਸਿਰਫ਼ ਸਿੱਖ ਮਸਲਿਆਂ ਦੇ ਇਰਦ ਗਿਰਦ ਸਿਆਸਤ ਨਹੀਂ ਕੀਤੀ ਜਾ ਸਕਦੀ।

ਪਰ ਸੀਨੀਅਰ ਪੱਤਰਕਾਰ ਸਰਬਜੀਤ ਧਾਲੀਵਾਲ ਨੂੰ ਜਾਪਦਾ ਹੈ ਕਿ ਪੰਥਕ ਵੋਟ ਵੰਡਿਆ ਨਹੀਂ ਜਾਵੇਗਾ ਬਲਕਿ ਕਿਸੇ ਇੱਕ ਪਾਰਟੀ ਵੱਲ ਜਾ ਸਕਦਾ ਹੈ।

ਤਿੰਨੋਂ ਅਕਾਲੀ ਦਲਾਂ ਦਾ ਚੋਣ ਨਤੀਜਿਆਂ ਵਿਚ ਪ੍ਰਦਰਸ਼ਨ, ਵੋਟ ਬੈਂਕ ਦੀ ਆਪਸੀ ਲੜਾਈ ਤੋਂ ਇਲਾਵਾ ਬਾਕੀ ਸਿਆਸੀ ਪਾਰਟੀਆਂ ਦੀ ਸਥਿਤੀ ਅਤੇ ਰਣਨੀਤੀ ‘ਤੇ ਵੀ ਨਿਰਭਰ ਕਰਦਾ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI