Source :- BBC PUNJABI

“1989 ਵਿੱਚ ਮੇਰੇ ਪਤੀ ਚਲੇ ਗਏ ਸੀ, ਅੱਜ ਤੱਕ ਉਨ੍ਹਾਂ ਬਾਰੇ ਕੁਝ ਪਤਾ ਨਹੀਂ ਚੱਲਿਆ, ਆਪਣੀ ਜ਼ਿੰਦਗੀ ਦੇ ਪੁਰਾਣੇ ਦੌਰ ਨੂੰ ਦੇਖਣ ਆਈ ਸੀ ਕਿ ਸ਼ਾਇਦ ਇਸ ਫਿਲਮ ਵਿੱਚੋਂ ਮੇਰੇ ਬਾਰੇ ਵੀ ਕੁਝ ਨਿਕਲ ਆਵੇ।”
ਭਾਵੁਕ ਹੁੰਦਿਆਂ ਇਹ ਸ਼ਬਦ ਬਲਵਿੰਦਰ ਕੌਰ ਨੇ ਆਖੇ, ਜੋ ਮੋਗਾ ਦੇ ਇੱਕ ਗੁਰਦੁਆਰਾ ਵਿੱਚ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ‘ਸਤਲੁਜ’ ਦੇਖਣ ਲਈ ਆਏ ਸਨ।
ਦਿਲਜੀਤ ਦੋਸਾਂਝ ਦੇ ਮੁੱਖ ਕਿਰਦਾਰ ਵਾਲੀ ਫਿਲਮ ਸਤਲੁਜ 3 ਜੁਲਾਈ 2026 ਨੂੰ ਓਟੀਟੀ ਪਲੇਟਫਾਰਮ ਜ਼ੀ-5 ‘ਤੇ ਰਿਲੀਜ਼ ਹੋਈ ਸੀ, ਪਰ 48 ਘੰਟਿਆਂ ਮਗਰੋਂ ਇਸ ਫਿਲਮ ਨੂੰ ਭਾਰਤ ਵਿੱਚ ਰੋਕ ਦਿੱਤਾ ਗਿਆ।
ਇਸ ਤੋਂ ਬਾਅਦ ਪੰਜਾਬ ਦੇ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਵਿਚ ਲੋਕ ਆਪਣੇ ਪੱਧਰ ‘ਤੇ ਫਿਲਮ ਨੂੰ ਡਾਊਨਲੋਡ ਕਰਕੇ ਵੱਡੀਆਂ ਐੱਲਈਡੀ ਸਕਰੀਨਾਂ ਲਗਾ ਕੇ ਦੇਖ ਰਹੇ ਹਨ।
ਪੰਜਾਬ ਦੇ ਕਈ ਪਿੰਡਾਂ ਵਿੱਚ ਲੋਕ ਆਪਣੇ ਪੱਧਰ ‘ਤੇ ਵੱਡੀਆਂ ਐਲਈਡੀ ਸਕਰੀਨਾਂ ਕਿਰਾਏ ‘ਤੇ ਲੈ ਕੇ ਗੁਰਦੁਆਰਿਆਂ, ਖੁੱਲ੍ਹੀਆਂ ਥਾਵਾਂ ਉੱਤੇ ਇਕੱਠੇ ਬੈਠ ਕੇ ਇਸ ਫਿਲਮ ਨੂੰ ਵੇਖ ਰਹੇ ਹਨ।
ਪਿਛਲੇ ਕੁਝ ਦਿਨਾਂ ਵਿਚ ਗੁਰਦਾਸਪੁਰ, ਸੰਗਰੂਰ, ਜਲੰਧਰ, ਰੋਪੜ, ਬਠਿੰਡਾ, ਫਿਰੋਜ਼ਪੁਰ, ਮੋਗਾ, ਪਟਿਆਲਾ ਆਦਿ ਜ਼ਿਲ੍ਹਿਆਂ ਦੇ ਵੱਖ-ਵੱਖ ਪਿੰਡਾਂ ਤੋਂ ਸਤਲੁਜ ਫਿਲਮ ਦਿਖਾਏ ਜਾਣ ਦੀਆਂ ਤਸਵੀਰਾਂ ਅਤੇ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ।
ਇਸ ਤਰ੍ਹਾਂ ਦੀਆਂ ਫਿਲਮ ਦੀਆਂ ਸਕ੍ਰੀਨਿੰਗ ਦੀਆਂ ਤਸਵੀਰਾਂ ਰਾਜਸਥਾਨ ਦੇ ਸ੍ਰੀ ਗੰਗਾਨਗਰ ਇਲਾਕੇ ਤੋਂ ਵੀ ਵਾਇਰਲ ਹੋਈਆਂ ਹਨ, ਜਿਨ੍ਹਾਂ ਨੂੰ ਦਿਲਜੀਤ ਨੇ ਆਪਣੇ ਇੰਸਟਾਗ੍ਰਾਮ ਪੇਜ ‘ਤੇ ਵੀ ਸਾਂਝਾ ਕੀਤਾ ਸੀ।
‘ਆਪਣੇ ਪਤੀ ਨੂੰ ਫ਼ਿਲਮ ਵਿੱਚੋਂ ਲੱਭਣ ਆਈ ਹਾਂ’

ਮੰਗਲਵਾਰ ਨੂੰ ਮੋਗਾ ਦੇ ਗੁਰਦੁਆਰਾ ਬੀਬੀ ਕਾਹਨ ਕੌਰ ਜੀ ਵਿੱਚ ਫਿਲਮ ਦੀ ਜਨਤਕ ਸਕਰੀਨਿੰਗ ਦੇਖਣ ਗਏ ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨਾਲ ਗੱਲ ਕਰਦਿਆਂ ਬਲਵਿੰਦਰ ਕੌਰ ਬੇਹੱਦ ਭਾਵੁਕ ਹੋਏ।
ਬਲਵਿੰਦਰ ਕੌਰ ਫਿਲਮ ਦੇਖਣ ਮਗਰੋਂ ਰੋਂਦੇ ਹੋਏ ਦੱਸਦੇ ਹਨ, “ਸ਼ਾਇਦ ਮੇਰਾ ਇਸ ਵਿੱਚੋਂ ਕੁਝ ਨਿਕਲ ਆਵੇ, ਮੈਂ ਇਹ ਦੌਰ ਆਪਣੇ ਪਿੰਡੇ ‘ਤੇ ਹੰਢਾਇਆ। ਇਹ ਫਿਲਮ ਮੈਨੂੰ ਲੱਗਿਆ ਮੇਰੇ ‘ਤੇ ਹੀ ਬਣੀ ਹੋਈ ਹੈ। ਇਹ ਦੌਰ ਰੱਬ ਕਰੇ ਕਦੇ ਮੁੜ ਕੇ ਨਾ ਆਵੇ।”
ਬਲਵਿੰਦਰ ਕੌਰ ਦੇ ਪਹਿਲੇ ਪਤੀ ਸੰਨ 1989 ਵਿੱਚ ਲਾਪਤਾ ਹੋ ਗਏ ਸਨ ਜੋ ਮੁੜ ਕਦੇ ਘਰ ਵਾਪਸ ਨਹੀਂ ਪਰਤੇ। ਬਲਵਿੰਦਰ ਕੌਰ ਦੱਸਦੇ ਹਨ ਕਿ ਉਨ੍ਹਾਂ ਦਾ ਦੂਸਰਾ ਵਿਆਹ ਮੋਗਾ ਵਿੱਚ ਹੋਇਆ।
ਉਹ ਕਹਿੰਦੇ ਹਨ, “1989 ਵਿੱਚ ਮੈਂ ਆਪਣੇ ਪੇਕੇ ਘਰ ਤਰਨ ਤਾਰਨ ਵਿੱਚ ਸੀ। ਮੇਰੇ ਪਤੀ ਦਰਜੀ ਦਾ ਕੰਮ ਕਰਦੇ ਸਨ। ਮੈਂ ਚੋਹਲਾ ਸਾਹਿਬ ਵਿਆਹੀ ਹੋਈ ਸੀ। ਉਨ੍ਹਾਂ ਦਾ ਨਾਮ ਰਵਿੰਦਰਪਾਲ ਸਿੰਘ ਸੀ। ਪੁਲਿਸ ਉਨ੍ਹਾਂ ਨੂੰ ਸਵੇਰੇ ਸਵੇਰੇ ਚੁੱਕ ਕੇ ਲੈ ਗਈ ਸੀ। ਮੈਨੂੰ ਕਦੇ ਉਨ੍ਹਾਂ ਦੀ ਮ੍ਰਿਤਕ ਦੇਹ ਨਹੀਂ ਮਿਲੀ ਸੀ।”
ਬਲਵਿੰਦਰ ਕਹਿੰਦੇ ਹਨ, “ਜਿਵੇਂ ਫਿਲਮ ਵਿੱਚ ਦਿਖਾਇਆ ਗਿਆ ਹੈ ਕਿ ਉਸ ਵੇਲੇ ਕੋਈ ਕਿਸੇ ਦੀ ਸੁਣਦਾ ਨਹੀਂ ਸੀ ਓਵੇਂ ਹੀ ਸਾਡੇ ਨਾਲ ਹੋਇਆ। ਅਸੀਂ ਬਹੁਤ ਕੋਸ਼ਿਸ਼ ਕੀਤੀ ਪਰ ਉਹ ਅੱਜ ਤੱਕ ਨਹੀਂ ਮਿਲੇ।”
ਮੋਗਾ ਵਿੱਚ ਡਾ. ਸਰਬਜੀਤ ਕੌਰ ਆਪਣਾ ਕਲੀਨਕ ਬੰਦ ਕਰਕੇ ਖਾਸ ਫਿਲਮ ਦੇਖਣ ਆਏ ਸਨ।
ਉਹ ਕਹਿੰਦੇ ਹਨ, “ਇਹ ਕੋਈ ਮਨਘੜ੍ਹਤ ਕਹਾਣੀ ਨਹੀਂ, ਇਹ ਸੱਚਾਈ ਹੈ ਜੋ ਸਾਡੇ ਨਾਲ ਬੀਤੀ ਹੈ। ਪਹਿਲਾਂ ਜਿਵੇਂ ਜਸਵੰਤ ਸਿੰਘ ਖਾਲੜਾ ਦੀ ਆਵਾਜ਼ ਰੋਕਣ ਦੀ ਕੋਸ਼ਿਸ਼ ਕੀਤੀ ਗਈ ਓਵੇਂ ਹੀ ਅੱਜ ਉਨ੍ਹਾਂ ਦੀ ਫਿਲਮ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਾਨੂੰ ਅੱਜ ਵੀ ਇਹ ਮਹਿਸੂਸ ਹੁੰਦਾ ਕਿ ਜਿਵੇਂ ਜਸਵੰਤ ਸਿੰਘ ਖਾਲੜਾ ਸਾਡੇ ਵਿੱਚ ਮੌਜੂਦ ਹੋਣ।”
“ਅਸੀਂ ਛੋਟੇ ਹੁੰਦੇ ਇਸ ਤਰ੍ਹਾਂ ਇਕੱਠੇ ਟੀਵੀ ‘ਤੇ ਫ਼ਿਲਮ ਦੇਖਦੇ ਸੀ ਅੱਜ ਪਹਿਲੀ ਵਾਰ ਮੈਂ ਕੋਈ ਫਿਲਮ ਇਸ ਤਰ੍ਹਾਂ ਲੋਕਾਂ ਦੇ ਇਕੱਠ ਵਿੱਚ ਗੁਰਦੁਆਰਾ ਵਿੱਚ ਦੇਖੀ ਹੈ। ਅਸੀਂ ਆਪਣੇ ਇਲਾਕੇ ਵਿੱਚੋਂ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਕੇ ਫਿਲਮ ਦੇਖਣ ਆਏ ਹਾਂ।”
“ਫਿਲਮ ਦੇਖ ਕੇ ਪਰਿਵਾਰਾਂ ਦੀ ਉਡੀਕ ਮੁੱਕ ਗਈ”

ਬੀਬੀਸੀ ਸਹਿਯੋਗੀ ਗੁਰਪ੍ਰੀਤ ਚਾਵਲਾ ਮੁਤਾਬਕ ਗੁਰਦਾਸਪੁਰ ਦੇ ਪਿੰਡ ਮਾਨਚੋਪੜਾ ਵਿੱਚ ਜਨਤਕ ਤੌਰ ‘ਤੇ ਫਿਲਮ ਦੇਖਣ ਆਏ ਲੋਕਾਂ ਨੇ ਸਤਲੁਜ ਫਿਲਮ ਦੀ ਰੋਕ ‘ਤੇ ਸਵਾਲ ਚੁੱਕੇ ਅਤੇ ਆਪਣੇ ਪੱਧਰ ‘ਤੇ ਫਿਲਮ ਦੇਖਣ ਦੀ ਪੱਖ ਪੂਰਿਆ।
ਫਿਲਮ ਦੇਖਣ ਅਤੇ ਇਕ ਨੌਜਵਾਨ ਨੇ ਕਿਹਾ, “ਸਾਡਾ ਇਹ ਫਿਲਮ ਦਿਖਾਉਣ ਦਾ ਮਕਸਦ ਹੈ ਕਿ ਲੋਕਾਂ ਨੂੰ ਪਤਾ ਲੱਗੇ ਕਿ ਕਿਵੇਂ ਪੰਜਾਬ ਦੇ ਨਿਰਦੋਸ਼ ਨੌਜਵਾਨਾਂ ਨੂੰ ਘਰਾਂ ਤੋਂ ਚੁੱਕ ਕੇ ਮਾਰਿਆ ਗਿਆ ਅਤੇ ਕਿਵੇਂ ਜਸਵੰਤ ਸਿੰਘ ਖਾਲੜਾ ਨੇ ਉਨ੍ਹਾਂ ਦੀ ਲੜਾਈ ਲੜੀ। ਇਹ ਪਹਿਲੀ ਵਾਰ ਕਿਸੇ ਨੇ ਫਿਲਮ ਰਾਹੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਅਜਿਹੀ ਫਿਲਮ ਦਾ ਲੋਕਾਂ ਤੱਕ ਪਹੁੰਚਣਾ ਜ਼ਰੂਰੀ ਹੈ। ਪਰ ਸਰਕਾਰ ਫਿਲਮ ਨੂੰ ਰਿਲੀਜ਼ ਨਹੀਂ ਹੋਣ ਦੇ ਰਹੀ ਇਸ ਲਈ ਅਸੀਂ ਆਪਣੇ ਪੱਧਰ ‘ਤੇ ਫਿਲਮ ਲੋਕਾਂ ਨੂੰ ਦਿਖਾ ਰਹੇ ਹਾਂ।”
ਪਿੰਡ ਵਿੱਚ ਆਪਣੇ ਪੱਧਰ ‘ਤੇ ਫਿਲਮ ਦੀ ਸਕਰੀਨਿੰਗ ਕਰਵਾਉਣ ਵਾਲੇ ਨੌਜਵਾਨਾਂ ਵਿੱਚੋਂ ਇੱਕ ਕਹਿੰਦੇ ਹਨ, “ਫਿਲਮ ਦੇਖ ਕੇ ਉਨ੍ਹਾਂ ਪਰਿਵਾਰਾਂ ਦੀ ਉਡੀਕ ਮੁਕ ਗਈ ਜਿਨ੍ਹਾਂ ਦੇ ਪਰਿਵਾਰਕ ਮੈਂਬਰ ਉਸ ਦੌਰ ਵਿੱਚ ਲਾਪਤਾ ਹੋ ਗਏ। ਸਾਨੂੰ ਪੰਜਾਬ ਦੇ ਇਤਿਹਾਸ ਅਤੇ ਖਾਲੜਾ ਸਾਹਿਬ ਬਾਰੇ ਬਹੁਤ ਤੱਥ ਅਜਿਹੇ ਪਤਾ ਲੱਗੇ ਜੋ ਪਹਿਲਾਂ ਨਹੀਂ ਪਤਾ ਸਨ। ਅਸੀਂ ਕੋਈ ਗਲਤ ਕੰਮ ਨਹੀਂ ਕਰ ਰਹੇ, ਜੇਕਰ ਫਿਲਮ ਆਈ ਹੈ ਤਾਂ ਸਾਨੂੰ ਦੇਖਣ ਦਿੱਤੀ ਜਾਵੇ। ਸਰਕਾਰ ਨੂੰ ਅਸੀਂ ਅਪੀਲ ਕਰਦੇ ਹਾਂ।”
ਮੋਗਾ ਵਿੱਚ ਹੀ ਆਪਣੇ ਪਤੀ ਅਤੇ ਬੱਚਿਆਂ ਨਾਲ ਫਿਲਮ ਦੇਖਣ ਆਏ ਵੀਰਪਾਲ ਕੌਰ ਕਹਿੰਦੇ ਹਨ, “ਜਿਸ ਦਿਨ ਦਾ ਸਾਨੂੰ ਪਤਾ ਲੱਗਿਆ ਕਿ ਫਿਲਮ ਆ ਗਈ ਤਾਂ ਸਾਡਾ ਮਨ ਸੀ ਕਿ ਅਸੀਂ ਫਿਲਮ ਦੇਖੀਏ। ਫੇਰ ਇਸ ਨੂੰ ਜ਼ੀਫਾਈਵ ਤੋਂ ਹਟਾ ਦਿੱਤਾ ਗਿਆ ਤੇ ਮੰਗਲਵਾਰ ਸ਼ਾਮ ਨੂੰ ਜਿਵੇਂ ਹੀ ਸਾਨੂੰ ਪਤਾ ਲੱਗਿਆ ਕਿ ਫਿਲਮ ਗੁਰਦੁਆਰਾ ਸਾਹਿਬ ਵਿੱਚ ਦਿਖਾਈ ਜਾ ਰਹੀ ਹੈ ਤਾਂ ਅਸੀਂ ਪੂਰਾ ਪਰਿਵਾਰ ਬੱਚਿਆਂ ਨੂੰ ਨਾਲ ਲੈ ਕੇ ਫਿਲਮ ਦੇਖਣ ਆਏ ਹਾਂ।”
ਕਾਨੂੰਨੀ ਕਾਰਵਾਈ ਲਈ ਵੀ ਤਿਆਰ ਹਾਂ : ਪ੍ਰਬੰਧਕ

ਹਾਲਾਂਕਿ ਸਤਲੁਜ ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਅਤੇ ਜ਼ੀ ਫਾਈਵ ਵੱਲੋਂ ਦਰਸ਼ਕਾਂ ਨੂੰ ਅਪੀਲ ਕੀਤੀ ਗਈ ਕਿ ਫਿਲਮ ਦੇ ਮੁੜ ਰਿਲੀਜ਼ ਹੋਣ ਦਾ ਇੰਤਜ਼ਾਰ ਕੀਤਾ ਜਾਵੇ।
ਨਿਰਦੇਸ਼ਕ ਹਨੀ ਤ੍ਰੇਹਨ ਨੇ ਗੈਰ-ਕਾਨੂੰਨੀ ਢੰਗ ਨਾਲ ਆਪ ਡਾਊਨਲੋਡ ਕਰਕੇ ਫਿਲਮ ਦਿਖਾਉਣ ਵਾਲੇ ਲੋਕਾਂ ਨੂੰ ਅਪੀਲ ਵੀ ਕੀਤੀ ਹੈ ਕਿ ਅਜਿਹਾ ਨਾ ਕੀਤਾ ਜਾਵੇ।
ਪਰ ਇਸਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ, ਜਥੇਬੰਦੀਆਂ ਅਤੇ ਨੌਜਵਾਨ ਆਪਣੇ ਪੱਧਰ ‘ਤੇ ਫਿਲਮ ਦੀ ਸਕਰੀਨਿੰਗ ਵੱਖ-ਵੱਖ ਪਿੰਡਾਂ ਵਿੱਚ ਕਰਵਾ ਰਹੇ ਹਨ।
ਮੋਗਾ ਦੇ ਗੁਰਦੁਆਰਾ ਸਾਹਿਬ ਵਿੱਚ ਫਿਲਮ ਦੀ ਸਕਰੀਨਿੰਗ ਕਰਵਾਉਣ ਵਾਲੇ ਪ੍ਰਬੰਧਕ ਰਾਜਵੰਤ ਸਿੰਘ ਮੱਲ ਕਹਿੰਦੇ ਹਨ, “ਸਾਡੀ ਦੇਸ਼ ਦੀ ਸਰਕਾਰ ਨੇ ਜਸਵੰਤ ਸਿੰਘ ਖਾਲੜਾ ਦੀ ਫਿਲਮ ਰਿਲੀਜ਼ ਨਹੀਂ ਹੋਣ ਦਿੱਤੀ। ਸਾਡੇ ਮਨਾਂ ਵਿੱਚ ਉਤਸੁਕਤਾ ਸੀ ਕਿ ਸਾਡੇ ਨਾਇਕ ਜਿਸਨੇ ਸਾਡੇ ਲਈ ਲੜਾਈ ਲੜ੍ਹੀ ਹੈ, ਉਸਦੀ ਫਿਲਮ ਸਾਨੂੰ ਨਹੀਂ ਦੇਖਣ ਦਿੱਤੀ ਜਾ ਰਹੀ। ਇਸ ਕਰਕੇ ਅਸੀਂ ਗੁਰਦੁਆਰਾ ਕਮੇਟੀ ਨਾਲ ਮਿਲ ਕੇ ਗੁਰਦੁਆਰਾ ਸਾਹਿਬ ਵਿੱਚ ਇਹ ਫਿਲਮ ਦਿਖਾਈ।”
ਉਹ ਕਹਿੰਦੇ ਹਨ ਕਿ “ਜੇਕਰ ਫਿਲਮ ਨੂੰ ਇਸ ਤਰ੍ਹਾਂ ਗੈਰ ਕਾਨੂੰਨੀ ਤਰੀਕੇ ਨਾਲ ਦਿਖਾਉਣ ‘ਤੇ ਸਾਡੇ ਖਿਲਾਫ ਕੋਈ ਕਾਰਵਾਈ ਹੁੰਦੀ ਹੈ ਤਾਂ ਅਸੀਂ ਉਸ ਲਈ ਤਿਆਰ ਹਾਂ। ਸਭ ਤੋਂ ਵੱਡਾ ਅਪਰਾਧ ਹੈ ਕਿ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲੇ ਵਿਅਕਤੀ ਦੀ ਫਿਲਮ ਨੂੰ ਲੋਕਾਂ ਨੂੰ ਨਹੀਂ ਦੇਖਣ ਦਿੱਤਾ ਜਾ ਰਿਹਾ। ਲੋਕਾਂ ਨੇ ਸਾਡੀ ਉਮੀਦ ਨਾਲੋਂ ਵੱਧ ਸਾਨੂੰ ਸਹਿਯੋਗ ਦਿੱਤਾ ਹੈ।”
ਦਿਲਜੀਤ ਨੇ ਪਿੰਡਾਂ ਵਿੱਚ ਫਿਲਮ ਦਿਖਾਉਣ ਦੀ ਕੀਤੀ ਹਮਾਇਤ
ਤਸਵੀਰ ਸਰੋਤ, Diljit Dosanjh/Insta & KHALRA MISSION ORGANISATION/FB
ਫਿਲਮ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਨੇ ਆਪਣੇ ਇੰਸਟਾਗ੍ਰਾਮ ਲਾਈਵ ਵੀ ਵੱਖ-ਵੱਖ ਥਾਵਾਂ ‘ਤੇ ਫਿਲਮ ਦੀ ਪਬਲਿਕ ਸਕਰੀਨਿੰਗ ਕਰਨ ਦੀ ਹਮਾਇਤ ਕੀਤੀ। ਉਨ੍ਹਾਂ ਨੇ ਇੰਸਟਾਗ੍ਰਾਮ ‘ਤੇ ਲਾਈਵ ਜੁੜੇ ਹੋਏ ਵੱਡੀ ਗਿਣਤੀ ਉਪਭੋਗਤਾਵਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਣ ਇਹ ਫਿਲਮ ਨਹੀਂ ਰੁਕਣੀ। ਇਹ ਫਿਲਮ ਲੋਕਾਂ ਤੱਕ ਪਹੁੰਚ ਚੁੱਕੀ ਹੈ।
ਇਸਦੇ ਨਾਲ ਹੀ ਦਿਲਜੀਤ ਦੋਸਾਂਝ ਦੇ ਇੰਸਟਾਗ੍ਰਾਮ ਖਾਤੇ ‘ਤੇ ਲਗਭਗ ਹਰ ਰੋਜ਼ ਹੀ ਸਟੋਰੀਆਂ ਜਿਹੀ ਸਾਂਝੀ ਕੀਤੀ ਗਈ ਹੁੰਦੀ ਹੈ ਜਿਸ ਵਿੱਚ ਬੈਨ ਹੋਣ ਮਗਰੋਂ ਵੀ ਭਾਰਤ ਵਿੱਚ ਵੱਖ-ਵੱਖ ਥਾਵਾਂ ‘ਤੇ ਫਿਲਮ ਨੂੰ ਲੋਕ ਆਪਣੇ ਆਪ ਦੇਖ ਰਹੇ ਹਨ।
ਜਦਕਿ ਫਿਲਮ ਦੇ ਨਿਰਦੇਸ਼ਕ ਹਨੀ ਤ੍ਰੇਹਨ ਨੇ ਆਪਣੇ ਇੰਸਟਾਗ੍ਰਾਮ ਖਾਤੇ ‘ਤੇ ਇਕ ਸਟੋਰੀ ਸਾਂਝੀ ਕਰਦਿਆਂ ਅਪੀਲ ਕੀਤੀ ਸੀ ਕਿ ਅਜਿਹਾ ਨਾ ਕੀਤਾ ਜਾਵੇ। ਫਿਲਮ ਨੂੰ ਡਾਊਨਲੋਡ ਕਰਕੇ ਨਾ ਦੇਖਿਆ ਜਾਵੇ। ਉਨ੍ਹਾਂ ਨੇ ਕਿਹਾ ਸੀ ਕਿ ਲੋਕ ਸਬਰ ਰੱਖਣ, ਫਿਲਮ ਮੁੜ ਉਨ੍ਹਾਂ ਕੋਲ ਆਵੇਗੀ।
ਮਨਜ਼ੂਰੀ ਤੋਂ ਬਿਨ੍ਹਾ ਫਿਲਮ ਦੀ ਜਨਤਕ ਸਕਰੀਨਿੰਗ ਬਾਰੇ ਕੀ ਕਹਿੰਦਾ ਹੈ ਕਾਨੂੰਨ
ਤਸਵੀਰ ਸਰੋਤ, ZEE5/INSTA
ਸਿਨੇਮਾ ਵਿੱਚ ਰਿਲੀਜ਼ ਹੋਣ ਵਾਲ਼ੀਆਂ ਫ਼ਿਲਮਾਂ ਦੀ ਤਰ੍ਹਾਂ ਜ਼ੀਫਾਈਵ ਵਰਗੇ ਓਟੀਟੀ ਪਲੇਟਫਾਰਮਾਂ ‘ਤੇ ਸਿੱਧੇ ਰਿਲੀਜ਼ ਹੋਣ ਵਾਲੀਆਂ ਫਿਲਮਾਂ ਨੂੰ ਸੀਬੀਐੱਫਸੀ ਸਰਟੀਫਿਕੇਟ ਦੀ ਲੋੜ ਨਹੀਂ ਹੁੰਦੀ।
ਪਰ ਇਹ ਓਟੀਟੀ ਪਲੇਟਫਾਰਮਾਂ ਭਾਰਤ ਸਰਕਾਰ ਦੇ ਸੂਚਨਾ ਤਕਨਾਲੋਜੀ ਐਕਟ, 2000, ਅਤੇ ਸੂਚਨਾ ਤਕਨਾਲੋਜੀ ਨਿਯਮਾਂ, 2021 ਦੇ ਅਧੀਨ ਜ਼ਰੂਰ ਆਉਂਦੇ ਹਨ।
ਭਾਰਤ ਸਰਕਾਰ ਨੇ ਸਤਲੁਜ ਫਿਲਮ ਨੂੰ ਭਾਰਤ ਤੋਂ ਹਟਾਉਣ ਦਾ ਆਦੇਸ਼ ਦੇਣ ਲਈ ਆਈਟੀ ਐਕਟ ਦੀ ਧਾਰਾ 69A ਦੀ ਵਰਤੋਂ ਕੀਤੀ ਹੈ। ਇਹ ਧਾਰਾ ਸਰਕਾਰ ਨੂੰ ਔਨਲਾਈਨ ਸਮੱਗਰੀ ਨੂੰ ਬਲੌਕ ਕਰਨ ਜਾਂ ਹਟਾਉਣ ਦਾ ਅਧਿਕਾਰ ਦਿੰਦੀ ਹੈ।
ਜਿਸਦੇ ਤਹਿਤ ਕੋਈ ਵੀ ਫਿਲਮ ਨੂੰ ਭਾਰਤ ਵਿੱਚ ਜਨਤਕ ਤੌਰ ‘ਤੇ ਨਹੀਂ ਦਿਖਾਇਆ ਜਾ ਸਕਦਾ। ਇਸ ਕਾਨੂੰਨ ਦੀ ਉਲੰਘਣਾ ਕਰਨ ‘ਤੇ ਸੱਤ ਸਾਲ ਦੀ ਸਜ਼ਾ ਅਤੇ ਜੁਰਮਾਨਾ ਲੱਗ ਸਕਦਾ ਹੈ।
ਰਾਜਨੀਤਿਕ ਪਾਰਟੀਆਂ ਕਰਵਾ ਰਹੀਆਂ ਫਿਲਮ ਦੀ ਸਕਰੀਨਿੰਗ
ਤਸਵੀਰ ਸਰੋਤ, officeofssbadal
ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਬੁੱਧਵਾਰ ਨੂੰ ਇੱਕ ਬਿਆਨ ਜਾਰੀ ਕਰਕੇ ਕਿਹਾ, “ਸ਼੍ਰੋਮਣੀ ਅਕਾਲੀ ਦਲ ਫ਼ਿਲਮ ‘ਸਤਲੁਜ’ ਨੂੰ ਪੰਜਾਬ ਦੇ ਪਿੰਡ-ਪਿੰਡ ਵਿੱਚ ਤੇ ਕੋਨੇ-ਕੋਨੇ ਵਿੱਚ ਦਿਖਾਵੇਗਾ ਤਾਂ ਕਿ ਸਾਡੇ ਬੱਚਿਆਂ ਅਤੇ ਆਉਣ ਵਾਲੀਆਂ ਪੀੜੀਆਂ ਨੂੰ ਕੌਮ ਉੱਤੇ ਢਾਏ ਗਏ ਜ਼ੁਲਮ ਤੋਂ ਚੰਗੀ ਤਰਾਂ ਜਾਣੂ ਕਰਵਾਇਆ ਜਾਏ।”
ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਐਲਾਨ ਕੀਤਾ ਹੈ ਕਿ ਉਹ ਦਿੱਲੀ ਵਿੱਚ ਫਿਲਮ ਦੀ ਜਨਤਕ ਸਕ੍ਰੀਨਿੰਗ ਕਰਵਾਉਣਗੇ ਅਤੇ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਲੋਕਾਂ ਨੂੰ ਜਾਗਰੂਕ ਕਰਨਗੇ।
ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਵੱਲੋਂ ਵੀ ਸਤਲੁਜ ਫਿਲਮ ਦੀ ਸਕਰੀਨਿੰਗ ਲਈ ਪ੍ਰਬੰਧ ਕੀਤੇ ਜਾ ਰਹੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI




