Source :- BBC PUNJABI

ਪੰਜਾਬ ਕਾਂਗਰਸ ਤੋਂ ਬਾਅਦ ਹੁਣ ਸੂਬੇ ਵਿੱਚ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲੋਂ ਵੀ ਕਈ ਜ਼ਿਲ੍ਹਿਆਂ ਵਿੱਚ ਆਪਣੀ ਹੀ ਪਾਰਟੀ ਦੀ ਲੀਡਰਸ਼ਿਪ ‘ਤੇ ਸਵਾਲ ਚੁੱਕੇ ਜਾ ਰਹੇ ਹਨ।
ਇਸ ਦੇ ਚੱਲਦਿਆਂ ਪੰਜਾਬ ਭਾਜਪਾ ਦੇ ਅੰਦਰੂਨੀ ਸੰਗਠਨ ਵਿੱਚ ਵਿਵਾਦ ਖੜ੍ਹਾ ਹੁੰਦਾ ਨਜ਼ਰ ਆ ਰਿਹਾ ਹੈ।
ਦਰਅਸਲ, ਭਾਜਪਾ ਪਾਰਟੀ ਵੱਲੋਂ 2 ਅਗਸਤ 2026 ਨੂੰ ਐਲਾਨੀਆਂ ਗਈਆਂ ਜ਼ਿਲ੍ਹਾ ਪ੍ਰਧਾਨਾਂ ਦੀਆਂ ਨਵੀਆਂ ਨਿਯੁਕਤੀਆਂ ਅਤੇ ਫਿਰ ਇਸ ਵਿੱਚ ਕੀਤੀਆਂ ਗਈਆਂ ਤਬਦੀਲੀਆਂ ਨੇ ਪਾਰਟੀ ਦੇ ਅੰਦਰ ਹੀ ‘ਅਸੰਤੁਸ਼ਟੀ’ ਨੂੰ ਹਵਾ ਦੇ ਦਿੱਤੀ ਹੈ।
ਇਸ ਰਿਪੋਰਟ ਵਿੱਚ ਜਾਣਦੇ ਹਾਂ ਕਿ ਪੰਜਾਬ ਦੇ ਟਕਸਾਲੀ ਅਤੇ ਪੁਰਾਣੇ ਭਾਜਪਾ ਆਗੂ ਪਾਰਟੀ ਲੀਡਰਸ਼ਿਪ ਦੇ ਫ਼ੈਸਲਿਆਂ ‘ਤੇ ਕੀ ਸਵਾਲ ਚੁੱਕ ਰਹੇ ਹਨ ਅਤੇ ਪੁਰਾਣੇ ਵਰਕਰ ਖੁੱਲ੍ਹ ਕੇ ਆਪਣੀ ਨਾਰਾਜ਼ਗੀ ਕਿਉਂ ਜ਼ਾਹਰ ਕਰ ਰਹੇ ਹਨ।
ਕਿਹੜਾ ਫ਼ੈਸਲਾ ਬਣਿਆ ਵਿਵਾਦ ਦੀ ਜੜ੍ਹ?
17 ਜੁਲਾਈ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਆਏ ਅਤੇ ਜਲੰਧਰ ਵਿੱਚ ਰੈਲੀ ਨੂੰ ਸੰਬੋਧਨ ਕੀਤਾ। ਇਸ ਤੋਂ ਅਗਲੇ ਦਿਨ, 18 ਜੁਲਾਈ ਨੂੰ ਪੰਜਾਬ ਭਾਜਪਾ ਨੇ 16 ਸੰਗਠਨਾਤਮਕ ਜ਼ਿਲ੍ਹਿਆਂ ਲਈ ਨਵੇਂ ਪ੍ਰਧਾਨਾਂ ਦੀ ਸੂਚੀ ਜਾਰੀ ਕੀਤੀ। ਭਾਵ 16 ਥਾਵਾਂ ‘ਤੇ ਨਵੇਂ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਗਏ।
ਇਸ ਤੋਂ ਕਰੀਬ 15 ਦਿਨ ਬਾਅਦ, 2 ਅਗਸਤ ਨੂੰ ਪੰਜਾਬ ਭਾਜਪਾ ਵੱਲੋਂ ਇੱਕ ਹੋਰ ਸੂਚੀ ਜਾਰੀ ਕੀਤੇ ਜਾਣ ਦੀ ਗੱਲ ਸਾਹਮਣੇ ਆਈ, ਜਿਸ ਵਿੱਚ ਪਹਿਲਾਂ ਨਿਯੁਕਤ ਕੀਤੇ ਗਏ ਕੁਝ ਜ਼ਿਲ੍ਹਾ ਪ੍ਰਧਾਨਾਂ ਨੂੰ ਹਟਾ ਕੇ ਉਨ੍ਹਾਂ ਦੀ ਥਾਂ ਨਵੇਂ ਪ੍ਰਧਾਨ ਲਗਾਏ ਗਏ।
ਭਾਜਪਾ ਆਗੂ ਅਨਿਲ ਸਰੀਨ ਵੱਲੋਂ ਜਾਰੀ ਕੀਤੀ ਗਈ ਨਵੀਂ ਸੂਚੀ ਮੁਤਾਬਕ, ਫ਼ਰੀਦਕੋਟ ਤੋਂ ਗੌਰਵ ਕੱਕੜ ਦੀ ਥਾਂ ਸੰਦੀਪ ਸਿੰਘ ਬਰਾੜ, ਹੁਸ਼ਿਆਰਪੁਰ ਦਿਹਾਤੀ ਤੋਂ ਯੋਗੇਸ਼ ਸਪਰਾ ਦੀ ਥਾਂ ਸੰਜੀਵ ਮਨਹਾਸ, ਹੁਸ਼ਿਆਰਪੁਰ ਸ਼ਹਿਰੀ ਤੋਂ ਸਤੀਸ਼ ਠਾਕੁਰ ਬਾਵਾ ਦੀ ਥਾਂ ਨੀਤਿਨ ਗੁਪਤਾ ਨੰਨੂ, ਸ੍ਰੀ ਮੁਕਤਸਰ ਸਾਹਿਬ ਤੋਂ ਸਤੀਸ਼ ਆਸੀਜਾ ਦੀ ਥਾਂ ਕੁਲਦੀਪ ਸਿੰਘ ਭੰਗੇਵਾਲਾ ਅਤੇ ਸੰਗਰੂਰ-1 ਤੋਂ ਪਹਿਲਾਂ ਨਿਯੁਕਤ ਕੀਤੇ ਗਏ ਪ੍ਰਧਾਨ ਦੀ ਥਾਂ ਸਰਜੀਵਨ ਜਿੰਦਲ ਨੂੰ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ ਹੈ।
ਭਾਜਪਾ ‘ਚ ਵਿਰੋਧ ਕਿਉਂ ਉੱਠ ਰਿਹਾ?

ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਅਤੇ ਉਨ੍ਹਾਂ ਨੂੰ ਹਟਾਉਣ ਲਈ ਪਾਰਟੀ ਵਿੱਚ ਇੱਕ ਪ੍ਰਕਿਰਿਆ ਤੈਅ ਹੈ।
ਤੀਕਸ਼ਣ ਸੂਦ ਨੇ ਕਿਹਾ ਕਿ ਪਾਰਟੀ ਦੇ ਇਤਿਹਾਸ ਵਿੱਚ ਉਨ੍ਹਾਂ ਨੇ ਕਦੇ ਅਜਿਹਾ ਨਹੀਂ ਦੇਖਿਆ ਕਿ ਬਿਨਾਂ ਕਿਸੇ ਠੋਸ ਕਾਰਨ ਜਾਂ ਸਪੱਸ਼ਟੀਕਰਨ ਦੇ ਕਿਸੇ ਮਿਹਨਤੀ ਅਹੁਦੇਦਾਰ ਨੂੰ ਦੋ ਹਫ਼ਤਿਆਂ ਦੇ ਅੰਦਰ ਅਹੁਦੇ ਤੋਂ ਹਟਾ ਦਿੱਤਾ ਜਾਵੇ।
ਉਨ੍ਹਾਂ ਕਿਹਾ, “ਜੇਕਰ ਕਿਸੇ ਵੀ ਪ੍ਰਧਾਨ ਨੂੰ ਹਟਾਉਣਾ ਹੁੰਦਾ ਹੈ ਤਾਂ ਪਹਿਲਾਂ ਉਸ ਦੀ ਰਿਪੋਰਟ ਜਾਂਦੀ ਹੈ, ਫਿਰ ਉਸ ਰਿਪੋਰਟ ਦੀ ਪੜਤਾਲ ਹੁੰਦੀ ਹੈ। ਜੇਕਰ ਰਿਪੋਰਟ ਵਿੱਚ ਲਗਾਏ ਇਲਜ਼ਾਮ ਸਹੀ ਹੁੰਦੇ ਹਨ ਤਾਂ ਪ੍ਰਧਾਨ ਨੂੰ ਹਟਾਉਣ ਦੀ ਪ੍ਰਕਿਰਿਆ ਸ਼ੁਰੂ ਹੁੰਦੀ ਹੈ। ਪਰ ਇਸ ਪ੍ਰਕਿਰਿਆ ਨੂੰ ਅਣਗੌਲਿਆਂ ਕਰਕੇ 15 ਦਿਨਾਂ ਵਿੱਚ ਪ੍ਰਧਾਨ ਬਦਲ ਦਿੱਤੇ ਗਏ, ਜੋ ਬਿਲਕੁਲ ਗ਼ਲਤ ਹੈ।”
ਹੁਸ਼ਿਆਰਪੁਰ ਸ਼ਹਿਰੀ ਤੋਂ ਹਟਾਏ ਗਏ ਪ੍ਰਧਾਨ ਸਤੀਸ਼ ਠਾਕੁਰ ਬਾਵਾ ਨੇ ਦੱਸਿਆ ਕਿ ਉਨ੍ਹਾਂ ਨੂੰ ਪ੍ਰਧਾਨਗੀ ਤੋਂ ਹਟਾਉਣ ਪਿੱਛੇ ਕੋਈ ਕਾਰਨ ਨਹੀਂ ਦੱਸਿਆ ਗਿਆ।
ਸਤੀਸ਼ ਬਾਵਾ ਨੇ ਸਵਾਲ ਚੁੱਕਦਿਆਂ ਕਿਹਾ ਕਿ ਜੇਕਰ ਉਨ੍ਹਾਂ ਨੂੰ ਅਹੁਦੇ ਤੋਂ ਹਟਾਉਣਾ ਹੀ ਸੀ ਤਾਂ ਪਹਿਲਾਂ ਇਹ ਜ਼ਿੰਮੇਵਾਰੀ ਦਿੱਤੀ ਕਿਉਂ ਗਈ ਸੀ?
ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਅਚਾਨਕ ਅਤੇ ਮਨਮਰਜ਼ੀ ਵਾਲੇ ਫ਼ੈਸਲਿਆਂ ਨਾਲ ਜ਼ਿਲ੍ਹੇ ਦਾ ਹਰ ਜ਼ਮੀਨੀ ਵਰਕਰ ਆਪਣੇ ਆਪ ਨੂੰ ਅਪਮਾਨਿਤ ਮਹਿਸੂਸ ਕਰ ਰਿਹਾ ਹੈ।
ਸਤੀਸ਼ ਠਾਕੁਰ ਨੇ ਕਿਹਾ, “ਅਸੀਂ ਕੇਂਦਰੀ ਲੀਡਰਸ਼ਿਪ ਕੋਲ ਆਪਣੀ ਮੰਗ ਪਹੁੰਚਾ ਦਿੱਤੀ ਹੈ। ਹਾਈਕਮਾਂਡ ਨੇ ਸਾਨੂੰ ਭਰੋਸਾ ਦਿੱਤਾ ਹੈ ਕਿ ਇਸ ਮਾਮਲੇ ‘ਤੇ ਵਿਚਾਰ ਕਰਕੇ ਜਲਦ ਕੋਈ ਫ਼ੈਸਲਾ ਲਿਆ ਜਾਵੇਗਾ।”
ਸੰਗਰੂਰ-1 ਤੋਂ ਹਟਾਏ ਗਏ ਪ੍ਰਧਾਨ ਮਨਿੰਦਰ ਕਪਿਆਲ ਨੇ ਕਿਹਾ ਕਿ ਉਹ ਕਿਸਾਨ ਪਰਿਵਾਰ ਤੋਂ ਹਨ ਅਤੇ 20 ਸਾਲਾਂ ਤੋਂ ਭਾਜਪਾ ਨਾਲ ਜੁੜੇ ਹੋਏ ਹਨ।
ਉਨ੍ਹਾਂ ਕਿਹਾ ਕਿ ਆਪਣੇ 20 ਸਾਲਾਂ ਦੇ ਸਿਆਸੀ ਸਫ਼ਰ ਦੌਰਾਨ ਉਨ੍ਹਾਂ ਨੇ ਭਾਜਪਾ ਦਾ ਅਜਿਹਾ ਫ਼ੈਸਲਾ ਕਦੇ ਨਹੀਂ ਦੇਖਿਆ।
ਮਨਿੰਦਰ ਕਪਿਆਲ ਨੇ ਕਿਹਾ, “ਪ੍ਰਧਾਨ ਲਗਾਇਆ ਜਾਣਾ ਅਤੇ ਫਿਰ 12-15 ਦਿਨਾਂ ਤੋਂ ਬਾਅਦ ਪ੍ਰਧਾਨਗੀ ਤੋਂ ਹਟਾਉਣਾ ਇਸ ਫ਼ੈਸਲੇ ਨੇ ਉਨ੍ਹਾਂ ਦਾ ਸਿਆਸੀ ਕਤਲ ਕੀਤਾ ਹੈ। ਸਾਨੂੰ ਹਟਾਏ ਜਾਣ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ।”
‘ਨਾਰਾਜ਼’ ਆਗੂਆਂ ਨੇ ਕੀ ਸਵਾਲ ਚੁੱਕੇ?
ਤਸਵੀਰ ਸਰੋਤ, Sanjeev Manhas
ਸਾਬਕਾ ਮੰਤਰੀ ਤੀਕਸ਼ਣ ਸੂਦ ਨੇ ਸੰਗਠਨ ਮਹਾਂਮੰਤਰੀ ਭਾਵ ਜਨਰਲ ਸਕੱਤਰ ਸ਼੍ਰੀਨਿਵਾਸੁਲੂ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਤੀਕਸ਼ਣ ਸੂਦ ਨੇ ਕਿਹਾ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ ਕਿ ਸੰਗਠਨ ਮਹਾਂਮੰਤਰੀ ਸ਼੍ਰੀਨਿਵਾਸੁਲੂ ਦੇ ਕਹਿਣ ‘ਤੇ ਪ੍ਰਧਾਨਗੀਆਂ ਵਿੱਚ ਤਬਦੀਲੀਆਂ ਕੀਤੀਆਂ ਗਈਆਂ।
ਉਨ੍ਹਾਂ ਕਿਹਾ ਕਿ ਸੰਗਠਨ ਮੰਤਰੀ ਦੇ ਇਸ ਤਰ੍ਹਾਂ ਦੇ ਫ਼ੈਸਲੇ ਦਾ ਪੰਜਾਬ ਭਰ ਵਿੱਚ ਵਿਰੋਧ ਹੋ ਰਿਹਾ ਹੈ। ਉਨ੍ਹਾਂ ਮੁਤਾਬਕ ਹੁਸ਼ਿਆਰਪੁਰ, ਗੁਰਦਾਸਪੁਰ, ਪਟਿਆਲਾ, ਸੰਗਰੂਰ ਅਤੇ ਫ਼ਾਜ਼ਿਲਕਾ ਸਮੇਤ ਜਿੱਥੇ ਵੀ ਅਜਿਹਾ ਹੋਇਆ ਹੈ, ਉੱਥੇ ਪਾਰਟੀ ਵਰਕਰ ਵਿਰੋਧ ਕਰ ਰਹੇ ਹਨ।
ਸੰਗਰੂਰ-1 ਤੋਂ ਹਟਾਏ ਗਏ ਪ੍ਰਧਾਨ ਮਨਿੰਦਰ ਕਪਿਆਲ ਨੇ ਵੀ ਕਿਹਾ ਕਿ ਉਨ੍ਹਾਂ ਦੀ ਲੜਾਈ ਭਾਜਪਾ ਨਾਲ ਨਹੀਂ, ਸਗੋਂ ਸੰਗਠਨ ਮੰਤਰੀ ਸ਼੍ਰੀਨਿਵਾਸੁਲੂ ਨਾਲ ਹੈ।
ਮਨਿੰਦਰ ਕਪਿਆਲ ਨੇ ਕਿਹਾ, “ਸ਼੍ਰੀਨਿਵਾਸੁਲੂ ਆਪਣੇ ਚਹੇਤਿਆਂ ਨੂੰ ਜ਼ਿੰਮੇਵਾਰੀਆਂ ਦੇ ਰਹੇ ਹਨ ਜਾਂ ਫਿਰ ਜਿਨ੍ਹਾਂ ਦਾ ਚੰਗਾ ਕਾਰੋਬਾਰ ਹੈ, ਉਨ੍ਹਾਂ ਨੂੰ ਅਹੁਦੇ ਵੰਡ ਰਹੇ ਹਨ।”
ਇਨ੍ਹਾਂ ਇਲਜ਼ਾਮਾਂ ‘ਤੇ ਜਨਰਲ ਸਕੱਤਰ ਮੰਥਰੀ ਸ਼੍ਰੀਨਿਵਾਸੁਲੂ ਦਾ ਪੱਖ ਜਾਣਨ ਲਈ ਉਨ੍ਹਾਂ ਨਾਲ ਫ਼ੋਨ ਅਤੇ ਵ੍ਹਟਸਐਪ ਰਾਹੀਂ ਕਈ ਵਾਰ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਨਾਲ ਗੱਲਬਾਤ ਨਹੀਂ ਹੋ ਸਕੀ।
ਹਾਲਾਂਕਿ, ਹੁਸ਼ਿਆਰਪੁਰ ਦਿਹਾਤੀ ਦੇ ਨਵੇਂ ਪ੍ਰਧਾਨ ਬਣਾਏ ਗਏ ਸੰਜੀਵ ਮਨਹਾਸ ਨੇ ਬੀਬੀਸੀ ਪੰਜਾਬੀ ਨਾਲ ਫ਼ੋਨ ‘ਤੇ ਗੱਲਬਾਤ ਕਰਦਿਆਂ ਕਿਹਾ ਕਿ ਭਾਜਪਾ ਉਸੇ ਵਿਅਕਤੀ ਨੂੰ ਜ਼ਿੰਮੇਵਾਰੀ ਦਿੰਦੀ ਹੈ ਜੋ ਪਾਰਟੀ ਪ੍ਰਤੀ ਸਮਰਪਿਤ ਹੁੰਦਾ ਹੈ।
ਸ਼੍ਰੀਨਿਵਾਸੁਲੂ ਦੇ ਨਜ਼ਦੀਕੀ ਹੋਣ ਕਾਰਨ ਪ੍ਰਧਾਨਗੀ ਮਿਲਣ ਦੇ ਸਵਾਲ ‘ਤੇ ਸੰਜੀਵ ਮਨਹਾਸ ਨੇ ਕਿਹਾ ਕਿ ਅਜਿਹਾ ਕੁਝ ਵੀ ਨਹੀਂ ਹੈ।
ਉਨ੍ਹਾਂ ਕਿਹਾ, “ਮਹਾਂਮੰਤਰੀ ਸ਼੍ਰੀਨਿਵਾਸੁਲੂ ਭਾਜਪਾ ਦੀ ਮਜ਼ਬੂਤੀ ਲਈ ਕੰਮ ਕਰ ਰਹੇ ਹਨ।”
ਸੰਜੀਵ ਮਨਹਾਸ ਨੇ ਕਿਹਾ ਕਿ ਉਨ੍ਹਾਂ ਦੇ ਜ਼ਿਲ੍ਹੇ ਹੁਸ਼ਿਆਰਪੁਰ ਦਿਹਾਤੀ ਵਿੱਚ ਹਾਈਕਮਾਂਡ ਦੇ ਫ਼ੈਸਲੇ ਦਾ ਕਿਸੇ ਤਰ੍ਹਾਂ ਦਾ ਵਿਰੋਧ ਨਹੀਂ ਹੋ ਰਿਹਾ।
ਸਤੀਸ਼ ਬਾਵਾ ਨੇ ਇਲਜ਼ਾਮ ਲਾਇਆ ਕਿ ਪੰਜਾਬ ਵਿੱਚ ਪਾਰਟੀ ਦੇ ਅੰਦਰ ਫ਼ੈਸਲੇ ਲੈਂਦੇ ਸਮੇਂ ਸਥਾਨਕ ਆਗੂਆਂ, ਵਿਧਾਇਕਾਂ ਅਤੇ ਸੀਨੀਅਰ ਵਰਕਰਾਂ ਦੀ ਰਾਇ ਨੂੰ ਬਿਲਕੁਲ ਅਣਡਿੱਠਾ ਕੀਤਾ ਜਾ ਰਿਹਾ ਹੈ।
ਬਾਵਾ ਨੇ ਕਿਹਾ ਕਿ ਉਨ੍ਹਾਂ ਨੂੰ ਭਾਜਪਾ ਨਾਲ ਜੁੜਿਆਂ 28 ਸਾਲ ਹੋ ਗਏ ਹਨ ਅਤੇ ਉਨ੍ਹਾਂ ਨੇ ਬੂਥ ਪੱਧਰ ਤੋਂ ਕੰਮ ਸ਼ੁਰੂ ਕੀਤਾ ਸੀ। ਪਰ ਹੁਣ ਬਾਹਰੋਂ ਆਏ ਕੁਝ ਖ਼ਾਸ ਲੋਕਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ, ਜਦਕਿ ਸਾਲਾਂਬੱਧੀ ਪਾਰਟੀ ਦੇ ਝੰਡੇ ਚੁੱਕਣ ਵਾਲੇ ਟਕਸਾਲੀ ਅਤੇ ਪੁਰਾਣੇ ਵਰਕਰਾਂ ਨੂੰ ਹਾਸ਼ੀਏ ‘ਤੇ ਧੱਕਿਆ ਜਾ ਰਿਹਾ ਹੈ।
‘ਟਕਸਾਲੀ ਸਾਈਡਲਾਈਨ ਮਹਿਸੂਸ ਕਰ ਰਹੇ ਹਨ’
ਦੂਜੇ ਪਾਸੇ ਭਾਜਪਾ ਇਸ ਮਸਲੇ ਨੂੰ ਜਲਦ ਹੀ ਹੱਲ ਕਰਨ ਦੀ ਗੱਲ ਆਖ ਰਹੀ ਹੈ।
ਪੰਜਾਬ ਭਾਜਪਾ ਦੀ ਸੂਬਾ ਲੀਡਰਸ਼ਿਪ ਇਸ ਪੂਰੇ ਵਿਵਾਦ ਬਾਰੇ ਕੀ ਕਹਿ ਰਹੀ ਹੈ, ਇਹ ਜਾਣਨ ਲਈ ਪੰਜਾਬ ਭਾਜਪਾ ਦੇ ਕਾਰਜਕਾਰੀ ਪ੍ਰਧਾਨ ਅਸ਼ਵਨੀ ਸ਼ਰਮਾ ਨਾਲ ਫ਼ੋਨ ‘ਤੇ ਗੱਲਬਾਤ ਕੀਤੀ ਗਈ। ਉਨ੍ਹਾਂ ਨੇ ਇਸ ਮੁੱਦੇ ‘ਤੇ ਬੋਲਣ ਤੋਂ ਇਨਕਾਰ ਕਰ ਦਿੱਤਾ।
ਹਾਲਾਂਕਿ, ਭਾਜਪਾ ਆਗੂ ਵਨੀਤ ਜੋਸ਼ੀ ਨੇ ਬੀਬੀਸੀ ਪੰਜਾਬੀ ਨਾਲ ਗੱਲਬਾਤ ਕਰਦਿਆਂ ਕਿਹਾ, “ਭਾਜਪਾ ਅੰਦਰ ਕਿਸੇ ਵੀ ਅਹੁਦੇ ‘ਤੇ ਕਿਸੇ ਨੂੰ ਜ਼ਿੰਮੇਵਾਰੀ ਦੇਣਾ ਕਿਸੇ ਇੱਕ ਵਿਅਕਤੀ ਦੇ ਹੱਥ ਵਿੱਚ ਨਹੀਂ ਹੈ। ਸੂਬਾ ਪ੍ਰਧਾਨ ਪਾਰਟੀ ਦੇ ਸਾਰੇ ਸਾਬਕਾ ਪ੍ਰਧਾਨਾਂ ਨਾਲ ਸਲਾਹ ਕਰਦਾ ਹੈ ਅਤੇ ਫੀਡਬੈਕ ਲੈਣ ਤੋਂ ਬਾਅਦ ਆਪਣੀ ਰਾਇ ਹਾਈਕਮਾਂਡ ਨੂੰ ਭੇਜਦਾ ਹੈ।”
ਉਨ੍ਹਾਂ ਕਿਹਾ, “ਸੰਗਠਨ ਮੰਤਰੀ ਸ਼੍ਰੀਨਿਵਾਸੁਲੂ ‘ਤੇ ਇਹ ਸਵਾਲ ਖੜ੍ਹੇ ਕਰਨਾ ਕਿ ਉਹ ਆਪਣੇ ਚਹੇਤੇ ਲੋਕਾਂ ਨੂੰ ਲਗਾ ਰਹੇ ਹਨ, ਭਾਜਪਾ ਵਿੱਚ ਅਜਿਹਾ ਕੋਈ ਪ੍ਰੋਸੈੱਸ ਹੀ ਨਹੀਂ ਹੈ।”
ਵਨੀਤ ਜੋਸ਼ੀ ਨੇ ਕਿਹਾ ਕਿ ਭਾਜਪਾ ਇੱਕ ਵੱਡਾ ਪਰਿਵਾਰ ਹੈ ਅਤੇ ਕਈ ਵਾਰ ਪਰਿਵਾਰਕ ਵਿਚਾਰਾਂ ਵਿੱਚ ਮਤਭੇਦ ਹੋ ਜਾਂਦੇ ਹਨ, ਜਿਨ੍ਹਾਂ ਨੂੰ ਬੈਠ ਕੇ ਆਪਸੀ ਗੱਲਬਾਤ ਰਾਹੀਂ ਜਲਦ ਹੀ ਹੱਲ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਨੇ ਕਰੀਬ 34 ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤੇ ਹਨ। ਜੇਕਰ ਚਾਰ-ਪੰਜ ਜਣੇ ਵਿਰੋਧ ਕਰ ਰਹੇ ਹਨ ਤਾਂ ਪਾਰਟੀ ਪੱਧਰ ‘ਤੇ ਉਨ੍ਹਾਂ ਨਾਲ ਗੱਲਬਾਤ ਕੀਤੀ ਜਾਵੇਗੀ ਅਤੇ ਜਲਦ ਹੀ ਨਾਰਾਜ਼ ਆਗੂ ਵੀ ਪਾਰਟੀ ਦਾ ਪ੍ਰਚਾਰ ਕਰਦੇ ਨਜ਼ਰ ਆਉਣਗੇ।
ਸਿਆਸੀ ਮਾਹਰ ਕੀ ਕਹਿ ਰਹੇ ਹਨ
ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਦੇ ਸਾਬਕਾ ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਹਨ ਕਿ ਭਾਜਪਾ ਇੱਕ ਅਨੁਸ਼ਾਸਿਤ ਪਾਰਟੀ ਹੈ ਅਤੇ ਇਹ ਪਹਿਲੀ ਵਾਰ ਹੈ ਕਿ ਪਾਰਟੀ ਅੰਦਰ ਵੀ ਬਾਗ਼ੀ ਸੁਰ ਪੈਦਾ ਹੁੰਦੇ ਨਜ਼ਰ ਆ ਰਹੇ ਹਨ।
ਉਨ੍ਹਾਂ ਮੁਤਾਬਕ ਇਸ ਦਾ ਇੱਕ ਕਾਰਨ ਪੁਰਾਣੇ ਭਾਜਪਾ ਆਗੂਆਂ ਨੂੰ ਇੱਕ ਪਾਸੇ ਕਰਕੇ ਕਾਂਗਰਸ ਵਿੱਚੋਂ ਆਏ ਆਗੂਆਂ ਨੂੰ ਅੱਗੇ ਲਿਆਉਣਾ ਹੈ।
ਮਨਜੀਤ ਸਿੰਘ ਨੇ ਕਿਹਾ, “ਮੌਜੂਦਾ ਸਮੇਂ ਪੰਜਾਬ ਭਾਜਪਾ ਦੇ ਪ੍ਰਧਾਨ ਕੇਵਲ ਸਿੰਘ ਢਿੱਲੋਂ ਦੀ ਪਿਛਲੀ ਪਾਰਟੀ ਕਾਂਗਰਸ ਸੀ। ਇਸ ਤੋਂ ਪਹਿਲਾਂ ਸਾਬਕਾ ਪ੍ਰਧਾਨ ਸੁਨੀਲ ਜਾਖੜ ਸਨ, ਉਹ ਵੀ ਕਾਂਗਰਸ ਛੱਡ ਕੇ ਭਾਜਪਾ ਵਿੱਚ ਆਏ ਸਨ। ਇਸ ਤਰ੍ਹਾਂ ਟਕਸਾਲੀ ਭਾਜਪਾਈਆਂ ਨੂੰ ਲੱਗ ਰਿਹਾ ਹੈ ਕਿ ਉਨ੍ਹਾਂ ਦੀ ਸਾਰ ਨਹੀਂ ਲਈ ਜਾ ਰਹੀ।”
ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪ੍ਰੋਫੈਸਰ ਮੁਹੰਮਦ ਖ਼ਾਲਿਦ ਕਹਿੰਦੇ ਹਨ ਕਿ ਜੇਕਰ ਇਹ ਮੁੱਦਾ ਸ਼ਾਂਤ ਨਾ ਹੋਇਆ ਤਾਂ ਇਸ ਦਾ ਅਸਰ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਦਿਖਾਈ ਦੇ ਸਕਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਅੰਦਰ ਟਕਸਾਲੀ ਆਗੂ ਆਪਣੇ ਆਪ ਨੂੰ ਸਾਈਡਲਾਈਨ ਕੀਤਾ ਮਹਿਸੂਸ ਕਰ ਰਹੇ ਹਨ, ਜਦੋਂਕਿ ਕਾਂਗਰਸ ਜਾਂ ਹੋਰ ਪਾਰਟੀਆਂ ਤੋਂ ਆਏ ਆਗੂ ਮੋਹਰੀ ਹੋ ਗਏ ਹਨ।
ਪ੍ਰੋਫੈਸਰ ਖ਼ਾਲਿਦ ਮੁਤਾਬਕ, ਭਾਜਪਾ ਲਈ ਔਖਾ ਦੌਰ ਵਿਧਾਨ ਸਭਾ ਚੋਣਾਂ ਦੇ ਨੇੜੇ ਆ ਸਕਦਾ ਹੈ। ਜਦੋਂ ਟਿਕਟਾਂ ਦੀ ਵੰਡ ਹੋਵੇਗੀ, ਉਦੋਂ ਟਕਸਾਲੀ ਆਗੂਆਂ ਦੀ ਨਾਰਾਜ਼ਗੀ ਹੋਰ ਸਪੱਸ਼ਟ ਤੌਰ ‘ਤੇ ਸਾਹਮਣੇ ਆ ਸਕਦੀ ਹੈ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



