Home ਰਾਸ਼ਟਰੀ ਖ਼ਬਰਾਂ ਪੰਜਾਬ ਵਿੱਚ ਬੱਚੇ ਕਿਉਂ ਹੋ ਰਹੇ ਮੋਟਾਪੇ ਦਾ ਸ਼ਿਕਾਰ, ਡਾਕਟਰ ਨੇ ਦੱਸੇ...

ਪੰਜਾਬ ਵਿੱਚ ਬੱਚੇ ਕਿਉਂ ਹੋ ਰਹੇ ਮੋਟਾਪੇ ਦਾ ਸ਼ਿਕਾਰ, ਡਾਕਟਰ ਨੇ ਦੱਸੇ ਬਚਣ ਦੇ ਤਰੀਕੇ

4
0

Source :- BBC PUNJABI

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਾਲ 2025 ਵਿੱਚ ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਆਈ ਜਿਸ ਵਿੱਚ ਕਿਹਾ ਗਿਆ ਕਿ ਸਾਲ 2022 ਵਿੱਚ ਪੂਰੀ ਦੁਨੀਆ ‘ਚ ਹਰ 8 ਪਿੱਛੇ 1 ਸ਼ਖ਼ਸ ਮੋਟਾਪੇ ਨਾਲ ਜੂਝ ਰਿਹਾ ਸੀ। ਦੁਨੀਆ ਭਰ ਵਿੱਚ ਮੋਟਾਪਾ ਇੱਕ ਅਜਿਹੀ ਸਮੱਸਿਆ ਬਣ ਗਿਆ ਹੈ, ਜੋ ਸਾਡੀ ਜ਼ਿੰਦਗੀ ਵਿੱਚ ਕਈ ਗੰਭੀਰ ਬਿਮਾਰੀਆਂ ਨੂੰ ਦਸਤਕ ਦੇ ਰਿਹਾ ਹੈ।

ਅਜਿਹੇ ‘ਚ ਮੋਟਾਪੇ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੀ ਕੀਤਾ ਜਾਵੇ ਅਤੇ ਤੁਸੀਂ ਆਪਣੀ ਜ਼ਿੰਦਗੀ ਵਿੱਚ ਅਜਿਹੇ ਕਿਹੜੇ ਬਦਲਾਅ ਕਰ ਸਕਦੇ ਹੋ, ਜਿਸ ਨਾਲ ਓਬੇਸਿਟੀ ਵਰਗੀ ਸਮੱਸਿਆ ਨੂੰ ਸ਼ੁਰੂ ਹੋਣ ਤੋਂ ਪਹਿਲਾਂ ਹੀ ਰੋਕ ਲਿਆ ਜਾਵੇ।

ਬੀਬੀਸੀ ਪੰਜਾਬੀ ਦੇ ਹੈਲਥ ਪੌਡਕਾਸਟ ਸਿਹਤ ਸੀਕ੍ਰੇਟਸ ਵਿੱਚ ਇਸ ਵਾਰ ਗੱਲ ਮੋਟਾਪੇ ਵਰਗੀ ਗੰਭੀਰ ਸਮੱਸਿਆ ਬਾਰੇ ਕਰਾਂਗੇ। ਇਸ ਨਾਲ ਜੁੜੇ ਅਹਿਮ ਸਵਾਲਾਂ ਦੇ ਜਵਾਬ ਜਾਨਣ ਲਈ ਅਸੀਂ ਦਿੱਲੀ ਦੇ ਫੋਰਟਿਸ ਹਸਪਤਾਲ ਵਿੱਚ ਓਬੇਸਿਟੀ ਵਿਭਾਗ ਦੇ ਮੁਖੀ ਡਾ. ਮੁਗਧਾ ਨਾਲ ਗੱਲਬਾਤ ਕੀਤੀ।

ਬੀਬੀਸੀ ਪੱਤਰਕਾਰ ਪ੍ਰਿਅੰਕਾ ਧੀਮਾਨ ਡਾ. ਮੁਗਧਾ ਨਾਲ ਗੱਲਬਾਤ ਕਰਦੇ ਹੋਏ

ਸਵਾਲ- ਪੰਜਾਬ ਵਿੱਚ ਪਿਛਲੇ ਸਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਇੱਕ ਸਟਡੀ ਵਿੱਚ ਪਾਇਆ ਸੀ ਕਿ 10 ਤੋਂ 16 ਸਾਲ ਦੀ ਉਮਰ ਦੇ ਜੋ ਸਕੂਲੀ ਬੱਚੇ ਹਨ, ਉਨ੍ਹਾਂ ਵਿੱਚੋਂ ਹਰ 3 ਪਿੱਛੇ 1 ਬੱਚਾ ਮੋਟਾਪੇ ਦਾ ਸ਼ਿਕਾਰ ਹੈ, ਬੱਚਿਆਂ ਵਿੱਚ ਮੋਟਾਪੇ ਦੀ ਸਮੱਸਿਆ ਇੰਨੀ ਕਿਵੇਂ ਵੱਧ ਰਹੀ ਹੈ ?

ਜਵਾਬ- ਬੱਚਿਆਂ ਵਿੱਚ ਅੱਜ ਦੇ ਸਮੇਂ ਮੋਟਾਪੇ ਦਾ ਸਭ ਤੋਂ ਵੱਡਾ ਕਾਰਨ ਹੈ ਸਕ੍ਰੀਨ । ਜਦੋਂ ਬੱਚੇ ਘੰਟਿਆਂ ਤੱਕ ਮੋਬਾਇਲ, ਟੀਵੀ ਅਤੇ ਲੈਪਟਾਪ ਦੇਖਦੇ ਹਨ ਤਾਂ ਉਨ੍ਹਾਂ ਦੀ ਸਰੀਰਕ ਗਤੀਵਿਧੀ ਬਹੁਤ ਘੱਟ ਜਾਂਦੀ ਹੈ। ਬੱਚੇ ਜਦੋਂ ਸਕ੍ਰੀਨ ਦੇਖਦੇ ਹਨ ਤਾਂ ਬਿਨ੍ਹਾਂ ਸੋਚੇ-ਸਮਝੇ ਖਾਂਦੇ ਹਨ, ਇਸ ਨਾਲ ਉਨ੍ਹਾਂ ਦੇ ਸਰੀਰ ਵਿੱਚ ਲੋੜ ਤੋਂ ਵੱਧ ਕੈਲੋਰੀਜ਼ ਜਾਂਦੀਆਂ ਹਨ ਜੋ ਮੋਟਾਪੇ ਦਾ ਇੱਕ ਮੁੱਖ ਕਾਰਨ ਬਣਦਾ ਹੈ। ਬੱਚਿਆਂ ਵਿੱਚ ਸਰੀਰਕ ਤੌਰ ‘ਤੇ ਦੋਸਤਾਂ ਨੂੰ ਮਿਲਣ ਦੀ ਥਾਂ ਆਨਲਾਈਨ ਗੱਲ ਕਰਨ ਦਾ ਚਲਣ ਵੱਧ ਰਿਹਾ ਹੈ, ਜੋ ਮੋਟਾਪੇ ਵਰਗੀ ਸਮੱਸਿਆ ਦੇ ਕਾਰਨਾਂ ਵਿੱਚੋਂ ਇੱਕ ਹੈ।

ਇੱਕ ਤੱਥ ਇਹ ਵੀ ਹੈ ਕਿ ਜੇਕਰ ਬੱਚਾ ਆਪਣੇ ਸ਼ੁਰੂਆਤੀ 5 ਸਾਲਾਂ ਵਿੱਚ ਮੋਟਾਪੇ ਦਾ ਸ਼ਿਕਾਰ ਹੋ ਗਿਆ ਤਾਂ ਵੱਡੇ ਹੋ ਕੇ ਉਸ ਦੇ ਮੋਟੇ ਹੋਣ ਦੇ 70 ਤੋਂ 80 ਫ਼ੀਸਦ ਚਾਂਸ ਹਨ।

ਸਵਾਲ- ਮਾਪੇ ਕਿਵੇਂ ਬੱਚਿਆਂ ਦੀਆਂ ਆਦਤਾਂ ‘ਚ ਸੁਧਾਰ ਲਿਆ ਸਕਦੇ ਹਨ, ਖਾਣ-ਪੀਣ ਦੀਆਂ ਚੀਜ਼ਾਂ ਵਿੱਚ ਕਿਸ ਤਰ੍ਹਾਂ ਦੇ ਬਦਲਾਅ ਕਰ ਸਕਦੇ ਹਨ ?

ਜਵਾਬ- ਇਹ ਬਹੁਤ ਜ਼ਰੂਰੀ ਹੈ ਕਿ ਮਾਪੇ ਪਹਿਲਾਂ ਆਪ ਸਿਹਤਮੰਦ ਖਾਣਾ ਖਾਣ। ਜੇਕਰ ਮਾਪੇ ਸਿਹਤਮੰਦ ਖਾਣਾ ਖਾਣਗੇ ਤਾਂ ਬੱਚੇ ਵੀ ਉਨ੍ਹਾਂ ਨੂੰ ਵੇਖ ਕੇ ਫੌਲੋ ਕਰਨਗੇ। ਬੱਚਿਆਂ ਨੂੰ ਵੱਧ ਤੋਂ ਵੱਧ ਬਾਹਰ ਦੇ ਖਾਣੇ ਤੋਂ ਦੂਰ ਰੱਖੋ। ਹਫ਼ਤੇ ਵਿੱਚ ਇੱਕ ਵਾਰ ਤੋਂ ਵੱਧ ਬਾਹਰ ਦਾ ਖਾਣਾ ਨਾ ਦਿਓ। ਸਕੂਲਾਂ ਦੇ ਵਿੱਚ ਵੀ ਅਧਿਆਪਕਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਬੱਚਿਆਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ। ਸਕੂਲ ਦੀਆਂ ਕੰਟੀਨਾਂ ਵਿੱਚ ਹੀ ਫ੍ਰਾਈਡ ਫੂਡ ਦੀ ਥਾਂ ਸਿਹਤਮੰਦ ਖਾਣਾ ਮਿਲਣਾ ਚਾਹੀਦਾ ਹੈ ਅਤੇ ਡੱਬੇ ਵਾਲੇ ਜੂਸਾਂ ਦੀ ਥਾਂ ਨਿੰਬੂ ਪਾਣੀ ਮਿਲਣਾ ਚਾਹੀਦਾ ਹੈ।

ਇਨ੍ਹਾਂ ਸਾਰੇ ਬਦਲਾਵਾਂ ਦੇ ਨਾਲ ਬੱਚਿਆਂ ਨੂੰ ਮੋਟਾਪੇ ਵਰਗੀ ਸਮੱਸਿਆ ਤੋਂ ਬਚਾਇਆ ਜਾ ਸਕਦਾ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਵਾਲ- ਬੱਚਿਆਂ ਦੇ ਖਾਣੇ ਦੀ ਪਲੇਟ ਕਿਹੋ ਜਿਹੀ ਹੋਣੀ ਚਾਹੀਦੀ ਹੈ ?

ਜਵਾਬ- ਜੋ 5 ਸਾਲ ਤੋਂ ਵੱਡੇ ਬੱਚੇ ਹਨ, ਉਨ੍ਹਾਂ ਦੀ ਖਾਣ ਦੀ ਪਲੇਟ ਵਿੱਚ ਸਲਾਦ, ਪ੍ਰੋਟੀਨ (ਚਿਕਨ, ਪਨੀਰ, ਆਂਡੇ), ਸਬਜ਼ੀ ਅਤੇ ਰੋਟੀ ਹੋਣੀ ਚਾਹੀਦੀ ਹੈ। ਫਲ ਅਤੇ ਲੱਸੀ ਵਰਗੀਆਂ ਚੀਜ਼ਾਂ ਨੂੰ ਬੱਚੇ ਦੀ ਡਾਈਟ ਵਿੱਚ ਸ਼ਾਮਲ ਕਰਨਾ ਚਾਹੀਦਾ ਹੈ। ਮੈਦੇ ਅਤੇ ਮਿੱਠੇ ਵਰਗੀਆਂ ਚੀਜ਼ਾਂ ਨੂੰ ਬੱਚੇ ਦੀ ਡਾਈਟ ਵਿੱਚੋਂ ਹਟਾਉਣਾ ਚਾਹੀਦਾ ਹੈ।

ਸਵਾਲ- ਕੀ ਮੋਟਾਪਾ ਤੁਹਾਡੀ ਉਮਰ ਉੱਤੇ ਵੀ ਅਸਰ ਪਾਉਂਦਾ ਹੈ ?

ਜਵਾਬ- ਜੇਕਰ ਤੁਹਾਨੂੰ ਵੱਡੇ ਪੱਧਰ ਦੀ ਓਬੇਸਿਟੀ ਹੋਵੇ ਤਾਂ ਤੁਹਾਡੀ ਉਮਰ 10 ਤੋਂ 20 ਸਾਲ ਘੱਟ ਸਕਦੀ ਹੈ। ਜੇਕਰ ਕੋਈ ਪੰਜ ਫੀਸਦ ਤੱਕ ਵੀ ਭਾਰ ਘਟਾਉਂਦਾ ਹੈ ਤਾਂ ਵੀ ਕਈ ਸਮੱਸਿਆਵਾਂ ਦੂਰ ਕੀਤੀਆਂ ਜਾ ਸਕਦੀਆਂ ਹਨ।

ਮੰਨ ਲਵੋ ਜੇਕਰ ਕਿਸੇ ਦਾ ਭਾਰ 100 ਕਿੱਲੋ ਹੈ ਅਤੇ ਉਸ ਨੇ ਆਪਣਾ ਭਾਰ ਘਟਾ ਕੇ 95 ਕਿੱਲੋ ਕਰ ਲਿਆ ਤਾਂ ਉਸ ਨਾਲ ਵੀ ਉਸਦਾ ਬੀਪੀ ਅਤੇ ਸ਼ੂਗਰ ਕੰਟਰੋਲ ਹੋਵੇਗਾ। ਜੇਕਰ 10 ਫ਼ੀਸਦ ਭਾਰ ਘਟਾਇਆ, ਮੰਨ ਲਵੋ 100 ਤੋਂ 90 ਕਰ ਲਿਆ ਤਾਂ ਸੌਣ ਵੇਲੇ ਜਿਹੜੀ ਤੁਹਾਨੂੰ ਸਾਹ ਲੈਣ ਵਿੱਚ ਤਕਲੀਫ਼ ਆਉਂਦੀ ਹੈ, ਉਹ ਘੱਟ ਜਾਂਦੀ ਹੈ।

ਜੇਕਰ ਤੁਹਾਡਾ ਭਾਰ 15 ਤੋਂ 20 ਫ਼ੀਸਦ ਘੱਟ ਗਿਆ ਤਾਂ ਕਈ ਸਾਰੀਆਂ ਬਿਮਾਰੀਆਂ ਠੀਕ ਹੋ ਸਕਦੀਆਂ ਹਨ। ਹਾਰਟ ਦਾ ਰਿਸਕ ਘੱਟ ਸਕਦਾ ਹੈ, ਫੈਟੀ ਲਿਵਰ ਠੀਕ ਹੋ ਸਕਦਾ ਹੈ ਅਤੇ ਤੁਸੀਂ ਹਾਰਟ ਅਟੈਕ ਵਰਗੀਆਂ ਬਿਮਾਰੀਆਂ ਤੋਂ ਬਚ ਸਕਦੇ ਹੋ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਵਾਲ- ਓਬੇਸਿਟੀ ਬਾਰੇ ਲੋਕਾਂ ਦੇ ਵਿੱਚ ਕੀ ਮਿਥ ਹਨ ?

ਜਵਾਬ- ਮੋਟਾਪੇ ਨੂੰ ਲੈ ਕੇ ਲੋਕਾਂ ਦੇ ਵਿੱਚ ਸਭ ਤੋਂ ਵੱਧ ਆਮ ਧਾਰਨਾ ਇਹ ਹੈ ਕਿ ਮੋਟਾਪੇ ਦਾ ਸਬੰਧ ਸਿਰਫ਼ ਖਾਣ-ਪੀਣ ਨਾਲ ਅਤੇ ਕੈਲੋਰੀਜ਼ ਇਨ ਅਤੇ ਕੈਲੋਰੀਜ਼ ਆਊਟ ਨਾਲ ਹੀ ਹੈ। ਇਹ ਕਿਸੇ ਹੱਦ ਤੱਕ ਠੀਕ ਹੈ ਪਰ ਪੂਰੀ ਤਰ੍ਹਾਂ ਸੱਚ ਨਹੀਂ ਹੈ। ਜੈਨੇਟਿਕਸ ਦਾ ਵੀ ਇਸ ਵਿੱਚ ਬਹੁਤ ਮਹੱਤਵਪੂਰਨ ਰੋਲ ਹੈ। ਹਾਰਮੋਨਜ਼ ਦਾ ਵੀ ਇਸ ਨਾਲ ਇੱਕ ਅਹਿਮ ਲਿੰਕ ਹੈ।

ਸਵਾਲ- ਜੈਨੇਟਿਕਸ ਵੀ ਮੋਟਾਪੇ ਲਈ ਕਿਵੇਂ ਜ਼ਿੰਮੇਵਾਰ ਹਨ ?

ਜਵਾਬ- ਜੇਕਰ ਤੁਹਾਡੇ ਮਾਂ ਤੇ ਪਿਤਾ ਦੋਵੇਂ ਮੋਟਾਪੇ ਨਾਲ ਜੂਝ ਰਹੇ ਹਨ ਤਾਂ ਤੁਹਾਡੇ ਮੋਟੇ ਹੋਣ ਦੇ ਚਾਂਸ 70 ਤੋਂ 80 ਫ਼ੀਸਦ ਤੱਕ ਵੱਧ ਜਾਂਦੇ ਹਨ। ਜੇਕਰ ਤੁਹਾਡੇ ਮਾਤਾ ਤੇ ਪਿਤਾ ਦੋਵਾਂ ਵਿੱਚੋਂ ਇੱਕ ਜੀਅ ਮੋਟਾਪੇ ਨਾਲ ਜੂਝ ਰਿਹਾ ਹੈ ਤਾਂ ਤੁਹਾਡੇ 50 ਫ਼ੀਸਦ ਮੋਟੇ ਹੋਣ ਦੇ ਚਾਂਸ ਹੁੰਦੇ ਹਨ।

ਪਰ ਇਹ ਤੁਹਾਡੇ ਹੱਥ ਵਿੱਚ ਵੀ ਹੁੰਦਾ ਹੈ। ਜੇਕਰ ਤੁਹਾਨੂੰ ਇਹ ਪਤਾ ਹੋਵੇ ਕਿ ਤੁਹਾਡੇ ਜੀਂਸ ਤੋਂ ਤੁਹਾਨੂੰ ਇਹ ਬਿਮਾਰੀਆਂ ਮਿਲ ਸਕਦੀਆਂ ਹਨ ਤਾਂ ਤੁਸੀਂ ਸ਼ੁਰੂ ਤੋਂ ਹੀ ਸੁਚੇਤ ਰਹੋ। ਜੇਕਰ ਤੁਸੀਂ ਲੋੜੀਂਦੇ ਕਦਮ ਚੁੱਕਦੇ ਹੋ ਤਾਂ ਜ਼ਰੂਰੀ ਨਹੀਂ ਕਿ ਤੁਹਾਨੂੰ ਵੀ ਉਹ ਬਿਮਾਰੀਆਂ ਲੱਗਣ, ਤੁਸੀਂ ਉਸ ਤੋਂ ਬਚ ਸਕਦੇ ਹੋ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਵਾਲ- ਮੋਟਾਪੇ ਤੋਂ ਬਚਣ ਲਈ ਕਰਨਾ ਕੀ ਚਾਹੀਦਾ ਹੈ ?

ਜਵਾਬ- ਸਭ ਤੋਂ ਪਹਿਲਾਂ ਹਾਰਮੋਨਲ ਲੈਵਲ ਚੈੱਕ ਕਰਵਾਉਣੇ ਚਾਹੀਦੇ ਹਨ। ਜੇਕਰ ਪਰਿਵਾਰਕ ਹਿਸਟਰੀ ਹੈ ਤਾਂ 30 ਸਾਲ ਦੀ ਉਮਰ ਤੋਂ ਬਾਅਦ ਰੈਗੂਲਰ ਟੈਸਟ ਕਰਵਾਉਣੇ ਚਾਹੀਦੇ ਹਨ। ਆਪਣੀ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਬਦਲਾਅ ਕਰਨੇ ਚਾਹੀਦੇ ਹਨ।

ਚੰਗਾ ਖਾਣਾ-ਪੀਣਾ, ਘੱਟੋ-ਘੱਟ ਇੱਕ ਘੰਟੇ ਦੀ ਕਸਰਤ ਅਤੇ 7 ਤੋਂ 8 ਘੰਟੇ ਦੀ ਨੀਂਦ ਤੁਹਾਨੂੰ ਮੋਟਾਪੇ ਅਤੇ ਇਸ ਕਾਰਨ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾ ਸਕਦੀ ਹੈ।

ਸਵਾਲ- ਮੋਟਾਪੇ ਦੇ ਲੱਛਣ ਕੀ ਹਨ, ਕਿਵੇਂ ਇੱਕ ਇਨਸਾਨ ਨੂੰ ਪਤਾ ਲੱਗੇ ਕਿ ਮੋਟਾਪੇ ਨਾਲ ਜੂਝ ਰਿਹਾ ਹੈ ?

ਜਵਾਬ- ਪੌੜੀਆਂ ਚੜ੍ਹਨ ਵੇਲੇ ਤੁਹਾਨੂੰ ਸਾਹ ਚੜ੍ਹ ਰਿਹਾ ਹੈ, ਗੋਡਿਆਂ ਵਿੱਚ ਦਰਦ ਹੋ ਰਹੀ ਹੈ, ਲੱਤਾਂ ਵਿੱਚ ਦਰਦ ਹੋ ਰਹੀ ਹੈ ਅਤੇ ਤੁਸੀਂ ਛੇਤੀ ਥੱਕ ਜਾਂਦੇ ਹੋ। ਤੁਹਾਨੂੰ ਆਪਣੇ ਭਾਰ ਨੂੰ ਲੈ ਕੇ ਸੁਚੇਤ ਰਹਿਣਾ ਚਾਹੀਦਾ ਹੈ ਕਿ ਕਿਤੇ ਤੁਹਾਡਾ ਭਾਰ ਤਾਂ ਨਹੀਂ ਵੱਧ ਰਿਹਾ।

ਇਹ ਸਾਰੇ ਸ਼ੁਰੂਆਤੀ ਲੱਛਣ ਹੁੰਦੇ ਹਨ। ਜੇਕਰ ਤੁਸੀਂ ਓਵਰਵੇਟ ਸਟੇਜ ‘ਤੇ ਹੀ ਇਸ ਉੱਤੇ ਕਾਬੂ ਨਾ ਪਾਇਆ ਤਾਂ ਤੁਸੀ ਓਬੇਸਿਟੀ ਦਾ ਸ਼ਿਕਾਰ ਕਦੋਂ ਹੋ ਜਾਵੋਗੇ, ਇਸਦਾ ਪਤਾ ਵੀ ਨਹੀਂ ਲੱਗੇਗਾ।

ਡਾ. ਮੁਗਧਾ ਦੀ ਟਿੱਪਣੀ

ਸਵਾਲ- ਮੋਟਾਪਾ ਕਿਹੜੀਆਂ ਗੰਭੀਰ ਬਿਮਾਰੀਆਂ ਦਾ ਕਾਰਨ ਬਣਦਾ ਹੈ ?

ਜਵਾਬ- ਓਬੇਸਿਟੀ ਇਜ਼ ਮਦਰ ਆਫ਼ ਆਲ ਡਿਜ਼ੀਜ਼। ਜੇਕਰ ਤੁਹਾਨੂੰ ਮੋਟਾਪਾ ਹੈ ਤਾਂ ਹਾਰਟ ਅਟੈਕ, ਹਾਰਟ ਸਟ੍ਰੋਕ, ਬਲੱਡ ਪ੍ਰੈਸ਼ਰ ਵਰਗੀਆਂ ਬਿਮਾਰੀਆਂ ਹੋਣ ਦੇ ਚਾਂਸ ਦੁੱਗਣੇ ਹੋ ਜਾਂਦੇ ਹਨ।

ਮੈਟਾਬੋਲਿਕ ਡਿਜ਼ੀਜ਼ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਡਾਇਬਟੀਜ਼, ਹਾਈਪੋਥਾਇਰਡ, ਹਾਈ ਕੋਲੇਸਟਰੋਲ, ਮੈਟਾਬੋਲਿਕ ਸਿੰਡਰੋਮ ਅਤੇ ਪੀਸੀਓਡੀ ਵਰਗੀਆਂ ਬਿਮਾਰੀਆਂ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ।

ਕਈ ਸਾਰੇ ਕੈਂਸਰ ਮੋਟਾਪੇ ਨਾਲ ਜੁੜੇ ਹੋਏ ਹਨ। ਐਂਡੋਮੈਟਰੀਓਲ ਕੈਂਸਰ, ਕੋਲੋਨ ਕੈਂਸਰ, ਗੋਲਬਲੈਡਰ ਕੈਂਸਰ…ਇਹ ਸਾਰੇ ਮੋਟਾਪੇ ਨਾਲ ਜੁੜੇ ਹੋਏ ਹਨ। ਮੋਟਾਪੇ ਕਾਰਨ ਕਈ ਲੋਕਾਂ ਦੀ ਕਿਡਨੀ ਡਿਸਫੰਕਸ਼ਨ ਹੋ ਜਾਂਦੀ ਹੈ, ਦਿਮਾਗ ਵਿੱਚ ਸੋਜ ਆ ਜਾਂਦੀ ਹੈ।

ਉਂਝ ਵੇਖਿਆ ਜਾਵੇ ਤਾਂ ਮੋਟਾਪੇ ਨਾਲ 200 ਦੇ ਕਰੀਬ ਸਮੱਸਿਆਵਾਂ ਜੁੜੀਆਂ ਹੋਈਆਂ ਹਨ ਜੋ ਕਿ ਬਹੁਤ ਹੀ ਗੰਭੀਰ ਹਨ ਅਤੇ ਅਸੀਂ ਇਸ ਨੂੰ ਬਹੁਤ ਹਲਕੇ ਵਿੱਚ ਲੈ ਲੈਂਦੇ ਹਾਂ। ਪਰ ਅਸਲ ਵਿੱਚ ਮੋਟਾਰਾ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਿੰਦਾ ਹੈ।

ਸਵਾਲ- ਓਬੇਸਿਟੀ ਵਰਗੀ ਬਿਮਾਰੀ ਨੂੰ ਜੜ੍ਹੋਂ ਖ਼ਤਮ ਕਰਨ ਲਈ ਕੀਤਾ ਕੀ ਜਾਵੇ ?

ਜਵਾਬ- ਮੋਟਾਪਾ ਠੀਕ ਕਰਨ ਦੇ 3 ਤਰੀਕੇ ਹਨ। ਪਹਿਲਾ ਹੈ ਡਾਈਟ ਅਤੇ ਕਸਰਤ। ਮੋਟਾਪਾ ਘਟਾਉਣ ਵਿੱਚ ਡਾਈਟ ਦਾ 70 ਤੋਂ 80 ਫ਼ੀਸਦ ਅਤੇ ਕਸਰਤ ਦਾ 20 ਤੋਂ 30 ਫੀਸਦ ਯੋਗਦਾਨ ਹੈ।

ਪਰ ਇਸਦੇ ਨਾਲ ਹਾਰਮੋਨਲ ਬਦਲਾਅ ਅਤੇ ਮੈਡੀਕਲ ਡਿਸਆਰਡਰਸ ਦਾ ਵੀ ਅਹਿਮ ਰੋਲ ਹੁੰਦਾ ਹੈ ਅਤੇ ਇਸਦਾ ਇਲਾਜ ਕਰਵਾਉਣ ਲਈ ਤੁਸੀਂ ਡਾਕਟਰ ਨਾਲ ਸੰਪਰਕ ਕਰੋ।

ਡਾਈਟ ਵੀ ਤੁਸੀਂ ਸੋਸ਼ਲ ਮੀਡੀਆ ਵੇਖ ਕੇ ਫੌਲੋ ਨਾ ਕਰੋ, ਇਹ ਸਾਰੀਆਂ ਸਲਾਹਾਂ ਪਰਸਨਲਾਈਜ਼ਡ ਨਹੀਂ ਬਲਕਿ ਜਨਰਲਾਈਜ਼ਡ ਹੁੰਦੀਆਂ ਹਨ ਜੋ ਸਹੀ ਤਰੀਕੇ ਨਾਲ ਕੰਮ ਨਹੀਂ ਕਰਦੀਆਂ। ਇਸਦੇ ਲਈ ਤੁਸੀਂ ਕਿਸੇ ਮਾਹਰ ਤੋਂ ਸਲਾਹ ਲਓ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਵਾਲ- ਖਾਣ-ਪੀਣ ਦੀਆਂ ਆਦਤਾਂ ਵਿੱਚ ਕਿਸ ਤਰੀਕੇ ਦਾ ਬਦਲਾਅ ਕਰਨਾ ਚਾਹੀਦਾ ਹੈ ?

ਜਵਾਬ- ਗਾਈਡਲਾਈਨਜ਼ ਇਹ ਕਹਿੰਦੀਆਂ ਹਨ ਕਿ ਮੈਡੀਟੀਰੇਨੀਅਨ ਡਾਈਟ ਲਈ ਜਾਵੇ। ਜਿਵੇਂ ਖਾਣੇ ਵਿੱਚ ਫਾਈਬਰ ਹੋਣਾ ਚਾਹੀਦਾ ਹੈ, ਸਬਜ਼ੀਆਂ ਅਤੇ ਫਲਾਂ ਵਿੱਚ ਫਾਈਬਰ ਹੁੰਦਾ ਹੈ।

ਪ੍ਰੋਟੀਨ ਜ਼ਿਆਦਾ ਲਵੋ (ਜਿਵੇਂ ਦਾਲਾਂ, ਚਿਕਨ ਆਂਡੇ, ਮੱਛੀ ਅਤੇ ਡਰਾਈ ਫਰੂਟਸ) ਪਰ ਰੈੱਡ ਮੀਟ ਨੂੰ ਲੈਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੋਰਸ਼ਨ ਦਾ ਵੀ ਖਿਆਲ ਰੱਖਣਾ ਚਾਹੀਦਾ ਹੈ ਕਿ ਤੁਸੀਂ ਖਾ ਕਿੰਨਾ ਰਹੇ ਹੋ।

ਸਰੀਰਕ ਕਸਰਤ ਵੀ ਜ਼ਰੂਰ ਕਰੋ। ਸਿਰਫ਼ ਕਾਰਡੀਓ (ਜਿਵੇਂ ਕਿ ਸਾਈਕਲਿੰਗ ਟ੍ਰੈਡਮਿਲ, ਜਾਂ ਸੈਰ ਹੀ ਨਹੀਂ) ਸਗੋਂ ਸਟ੍ਰੈਂਥ ਟ੍ਰੇਨਿੰਗ ਵੀ ਬਹੁਤ ਜ਼ਰੂਰੀ ਹੈ।

ਜਿਹੜੇ ਲੋਕ ਜਿੰਮ ਨਹੀਂ ਜਾ ਸਕਦੇ, ਉਹ ਘਰ ਵਿੱਚ ਹੀ ਯੋਗਾ ਕਰ ਸਕਦੇ ਹਨ। ਸੂਰਿਆ ਨਮਸਕਾਰ, ਵਾਲ ਪੁਸ਼ਅਪਸ, ਸਿਟਅਪ, ਬਿਨਾਂ ਸਹਾਰੇ ਦੇ ਉਠਕ-ਬੈਠਕ ਕਰੋ, ਪਲੈਂਕ ਕਰੋ, ਇਹ ਸਾਰੀਆਂ ਹੀ ਕਸਰਤਾਂ ਬਹੁਤ ਮਦਦ ਕਰਦੀਆਂ ਹਨ।

ਸਵਾਲ- ਕਈ ਲੋਕ ਮੋਟਾਪਾ ਘਟਾਉਣ ਲਈ ਕ੍ਰੈਸ਼ ਡਾਈਟ ਦਾ ਸਹਾਰਾ ਲੈਂਦੇ ਹਨ, ਇਸਦਾ ਕੋਈ ਅਸਰ ਹੁੰਦਾ ਹੈ ਜਾਂ ਸਿਰਫ਼ ਨੁਕਸਾਨ ਪਹੁੰਚਾਉਂਦੀਆਂ ਹਨ ?

ਜਵਾਬ- ਜਦੋਂ ਤੁਸੀਂ ਕੈਲੋਰੀਜ਼ ਘੱਟ ਲੈਂਦੇ ਹੋ, ਮਤਲਬ ਬੌਡੀ ਸਟਾਰਵੇਸ਼ਨ ਮੋਡ ਵਿੱਚ ਚਲੀ ਜਾਂਦੀ ਹੈ। ਫਿਰ ਇਸ ਤਰ੍ਹਾਂ ਦੇ ਐਂਜ਼ਾਈਮ ਬਣਦੇ ਹਨ ਜੋ ਸਰੀਰ ਲਈ ਚੰਗੇ ਨਹੀਂ ਹੁੰਦੇ।

ਇਸ ਨਾਲ ਫੈਟ ਸਟੋਰ ਹੋਣ ਲਗਦੇ ਹਨ ਅਤੇ ਮਸਲ ਘਟਣ ਲਗਦੇ ਹਨ। ਮਸਲ ਆਪਣੇ ਸਰੀਰ ਲਈ ਬਹੁਤ ਜ਼ਰੂਰੀ ਹੈ।

ਜਦੋਂ ਤੁਸੀਂ ਭਾਰ ਘਟਾਉਣ ਲਈ ਕ੍ਰੈਸ਼ ਡਾਈਟ ਕਰਦੇ ਹੋ ਤਾਂ ਇਸ ਨਾਲ ਪਿੱਤੇ ਵਿੱਚ ਪੱਥਰੀਆਂ, ਮਾਸਪੇਸ਼ੀਆਂ ਕਮਜ਼ੋਰ ਹੋਣ ਵਗੀਆਂ ਕਈ ਸਮੱਸਿਆਵਾਂ ਪੈਦਾ ਹੁੰਦੀਆਂ ਹਨ।

ਜਦੋਂ ਤੁਸੀਂ ਇਸ ਡਾਈਟ ਨੂੰ ਛੱਡੋਗੇ ਅਤੇ ਨਾਰਮਲ ਡਾਈਟ ‘ਤੇ ਆਓਗੇ ਤਾਂ ਤੁਹਾਨੂੰ ਮਹਿਸੂਸ ਹੋਵੇਗਾ ਕਿ ਤੁਹਾਡਾ ਭਾਰ ਪਹਿਲਾਂ ਨਾਲੋਂ ਵੀ ਵਧ ਗਿਆ ਹੈ।

ਸੰਕੇਤਕ ਤਸਵੀਰ

ਤਸਵੀਰ ਸਰੋਤ, Getty Images

ਸਵਾਲ- ਮੋਟਾਪਾ ਕਿਸੇ ਸ਼ਖ਼ਸ ਦੇ ਆਤਮ ਵਿਸ਼ਵਾਸ ਅਤੇ ਮਾਨਸਿਕ ਸਿਹਤ ਨੂੰ ਕਿਸ ਹੱਦ ਤੱਕ ਪ੍ਰਭਾਵਿਤ ਕਰਦਾ ਹੈ ?

ਜਵਾਬ- ਮੋਟਾਪੇ ਨਾਲ ਜੂਝ ਰਹੇ ਬਹੁਤ ਸਾਰੇ ਲੋਕਾਂ ਨੂੰ ਸਕੂਲਾਂ, ਕਾਲਜਾਂ, ਦਫਤਰਾਂ ਅਤੇ ਹੋਰ ਥਾਂਵਾਂ ਉੱਤੇ ਬੌਡੀ ਸ਼ੇਮਿੰਗ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ, ਜਿਸ ਨਾਲ ਉਨ੍ਹਾਂ ਦੀ ਮਾਨਸਿਕ ਸਿਹਤ ਉੱਤੇ ਡੂੰਘਾ ਅਸਰ ਪੈਂਦਾ ਹੈ।

ਕਈ ਲੋਕ ਡਿਪ੍ਰੈਸ਼ਨ ਦਾ ਵੀ ਸ਼ਿਕਾਰ ਹੋ ਜਾਂਦੇ ਹਨ। ਡਿਪ੍ਰੈਸ਼ਨ ਕਾਰਨ ਕਈ ਲੋਕ ਖਾਣਾ ਵੀ ਵੱਧ ਖਾਂਦੇ ਹਨ ਅਤੇ ਇੱਕ ਵਿਸ਼ੀਅਸ ਸਾਈਕਲ ਬਣ ਜਾਂਦਾ ਹੈ, ਜਿਸ ਨਾਲ ਮੋਟਾਪਾ ਹੋਰ ਵੱਧ ਜਾਂਦਾ ਹੈ।

ਸਵਾਲ- ਓਬੇਸਿਟੀ ਨਾਲ ਜੂਝ ਰਹੇ ਲੋਕਾਂ ਲਈ ਤੁਹਾਡਾ ਕੀ ਸੁਨੇਹਾ ਹੈ ?

ਜਵਾਬ- ਓਬੇਸਿਟੀ ਨੂੰ ਸਿਰਫ਼ ਖਾਣੇ ਅਤੇ ਆਲਸਪਣ ਨਾਲ ਜੋੜ ਕੇ ਨਾ ਵੇਖੋ। ਇਹ ਸਮਝੋ ਕਿ ਓਬੇਸਿਟੀ ਇੱਕ ਬਿਮਾਰੀ ਹੈ ਜਿਸ ਤਰ੍ਹਾਂ ਥਾਇਰਡ, ਬੀਪੀ, ਸ਼ੂਗਰ ਅਤੇ ਕੋਲੇਸਟ੍ਰੋਲ।

ਜੇ ਤੁਸੀਂ ਓਬੇਸਿਟੀ ਨਾਲ ਜੂਝ ਰਹੇ ਹੋ ਤਾਂ ਮੈਡੀਕਲ ਸਹਾਇਤਾ ਲਵੋ ਅਤੇ ਖ਼ੁਦ ਭਾਰ ਘਟਾਉਣ ਦੀ ਕੋਸ਼ਿਸ਼ ਕਰੋ ਪਰ ਜੇਕਰ ਤੁਸੀਂ ਫੇਲ੍ਹ ਹੋ ਜਾਂਦੇ ਹੋ ਤਾਂ ਡਾਕਟਰ ਨਾਲ ਸੰਪਰਕ ਕਰਕੇ ਆਪਣਾ ਇਲਾਜ ਕਰਵਾਓ।

ਸਿਹਤ ਸੀਕ੍ਰੇਟਸ ਬੀਬੀਸੀ ਪੰਜਾਬੀ ਵੱਲੋਂ ਚਲਾਇਆ ਜਾ ਰਿਹਾ ਇੱਕ ਅਜਿਹਾ ਹੈਲਥ ਪੌਡਕਾਸਟ ਹੈ, ਜਿੱਥੇ ਤੁਹਾਨੂੰ ਮਰਦਾਂ, ਔਰਤਾਂ ਅਤੇ ਬੱਚਿਆਂ ਦੀ ਸਿਹਤ ਨਾਲ ਜੁੜੀ ਅਹਿਮ ਜਾਣਕਾਰੀ ਮਿਲੇਗੀ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI