Home rss national punjabi2ਰਾਸ਼ਟਰੀ ਖ਼ਬਰਾਂ ਪੰਜਾਬ ਵਿੱਚ ਮੌਨਸੂਨ ਦੌਰਾਨ 36 ਫੀਸਦ ਘੱਟ ਮੀਂਹ ਪਿਆ, ਇਹ ਸੂਬੇ ਲਈ...

ਪੰਜਾਬ ਵਿੱਚ ਮੌਨਸੂਨ ਦੌਰਾਨ 36 ਫੀਸਦ ਘੱਟ ਮੀਂਹ ਪਿਆ, ਇਹ ਸੂਬੇ ਲਈ ਕਿੰਨੀ ਵੱਡੀ ਚਿੰਤਾ

4
0

Source :- BBC PUNJABI

ਮੀਂਹ ਵਿਚਕਾਰ ਖੇਤਾਂ ਵਿੱਚ ਟਰੈਕਟਰ ਚਲਾ ਰਿਹਾ ਇੱਕ ਕਿਸਾਨ।

ਤਸਵੀਰ ਸਰੋਤ, Getty Images

ਪੰਜਾਬ ਵਿੱਚ ਇਸ ਵਾਰ ਮੌਨਸੂਨ ਸੀਜ਼ਨ ਦੌਰਾਨ ਘੱਟ ਮੀਂਹ ਪਿਆ ਹੈ। 1 ਜੂਨ ਤੋਂ 31 ਅਗਸਤ 2026 ਤੱਕ ਸੂਬੇ ਵਿੱਚ ਆਮ ਨਾਲੋਂ 36 ਫੀਸਦੀ ਘੱਟ ਮੀਂਹ ਪਿਆ ਹੈ, ਜਿਸ ਕਾਰਨ ਇਸ ਸਾਲ ਇਹ ਉੱਤਰੀ ਭਾਰਤ ਦੇ ਸਭ ਤੋਂ ਵੱਧ ਪ੍ਰਭਾਵਿਤ ਸੂਬਿਆਂ ਵਿੱਚੋਂ ਇੱਕ ਬਣ ਗਿਆ ਹੈ।

ਪੰਜਾਬ ਵਿੱਚ ਮੀਂਹ ਦੀ ਘਾਟ ਹਰਿਆਣਾ-ਦਿੱਲੀ-ਚੰਡੀਗੜ੍ਹ ਖੇਤਰ ਨਾਲੋਂ ਦੁੱਗਣੀ ਤੋਂ ਵੀ ਵੱਧ ਅਤੇ ਹਿਮਾਚਲ ਪ੍ਰਦੇਸ਼ ਨਾਲੋਂ ਲਗਭਗ ਚਾਰ ਗੁਣਾ ਹੈ।

ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਨੂੰ ਇੱਕੋ ਮੌਸਮੀ ਖੇਤਰ ਮੰਨਿਆ ਜਾਂਦਾ ਹੈ, ਜਿੱਥੇ ਮੀਂਹ ਦੀ ਘਾਟ 18 ਫੀਸਦੀ ਦਰਜ ਕੀਤੀ ਗਈ ਹੈ, ਜਦਕਿ ਹਿਮਾਚਲ ਪ੍ਰਦੇਸ਼ ਵਿੱਚ ਇਹ ਘਾਟ ਸਿਰਫ਼ 9 ਫੀਸਦੀ ਹੈ। ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, 1 ਜੂਨ ਤੋਂ 31 ਅਗਸਤ ਤੱਕ ਪੰਜਾਬ ਵਿੱਚ 230.5 ਮਿਲੀਮੀਟਰ ਮੀਂਹ ਪਿਆ, ਜਦਕਿ ਇਸ ਦੌਰਾਨ ਆਮ ਵਰਖਾ 362.1 ਮਿਲੀਮੀਟਰ ਹੁੰਦੀ ਹੈ।

ਭਾਰਤੀ ਮੌਸਮ ਵਿਭਾਗ ਦੇ ਡਾਇਰੈਕਟਰ ਜਨਰਲ ਡਾ. ਮ੍ਰਿਤਿਉਂਜਯ ਮਹਾਪਾਤਰਾ ਨੇ ਦੱਸਿਆ ਜੂਨ, ਜੁਲਾਈ ਅਤੇ ਅਗਸਤ ਲਗਾਤਾਰ ਪੰਜਾਬ ਵਿੱਚ ਆਮ ਨਾਲੋਂ ਘੱਟ ਮੀਂਹ ਪਿਆ ਹੈ। ਜਾਣਦੇ ਹਾਂ ਕਿ ਪੰਜਾਬ ਵਿੱਚ ਮੌਨਸੂਨ ਦੌਰਾਨ ਪਏ ਘੱਟ ਮੀਂਹ ਦਾ ਖੇਤੀ ਪ੍ਰਧਾਨ ਸੂਬੇ ‘ਤੇ ਕੀ ਅਸਰ ਪੈ ਸਕਦਾ ਹੈ ਅਤੇ ਇਸ ਵਾਰ ਮਾੜੇ ਮੌਨਸੂਨ ਪਿੱਛੇ ਕੀ ਕਾਰਨ ਰਹੇ ਹਨ।

ਪੰਜਾਬ ਸਣੇ ਭਾਰਤ ਵਿੱਚ ਮੌਨਸੂਨ ਦੌਰਾਨ ਕਿੰਨਾ ਮੀਂਹ ਪਿਆ ?

ਪੰਜਾਬ ਵਿੱਚ ਜੂਨ ਤੋਂ ਅਗਸਤ ਤੱਕ ਪਏ ਮੀਂਹ ਦੇ ਅੰਕੜਿਆਂ ਸਮੇਤ ਪੰਜਾਬ ਦਾ ਨਕਸ਼ਾ।

ਤਸਵੀਰ ਸਰੋਤ, IMD

ਮੌਸਮ ਵਿਭਾਗ ਚੰਡੀਗੜ੍ਹ ਦੇ ਅੰਕੜਿਆਂ ਮੁਤਾਬਕ ਪੰਜਾਬ ਦੇ ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਔਸਤਨ ਘੱਟ ਮੀਂਹ ਪਿਆ ਹੈ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹਿਆਂ ਵਿੱਚ ਫਤਿਹਗੜ੍ਹ ਸਾਹਿਬ, ਕਪੂਰਥਲਾ, ਬਰਨਾਲਾ, ਮੁਕਤਸਰ ਸਾਹਿਬ ਅਤੇ ਮਾਨਸਾ ਹਨ, ਜਿੱਥੇ ਆਮ ਨਾਲੋਂ 50 ਫੀਸਦ ਮੀਂਹ ਘੱਟ ਪਿਆ ਹੈ। ਪਠਾਨਕੋਟ, ਗੁਰਦਾਸਪੁਰ ਅਤੇ ਅੰਮ੍ਰਿਤਸਰ ਅਜਿਹੇ ਜ਼ਿਲ੍ਹੇ ਹਨ ਜਿੱਥੇ ਆਮ ਨਾਲੋਂ ਥੋੜੀ ਵੱਧ ਵਰਖਾ ਹੋਈ ਹੈ। 1 ਜੂਨ ਤੋਂ 27 ਅਗਸਤ ਦੇ ਦਰਮਿਆਨ ਪੰਜਾਬ ਵਿੱਚ ਗੁਰਦਾਸੁਪਰ ਵਿੱਚ ਆਮ ਨਾਲੋਂ 41 ਫੀਸਦ ਜ਼ਿਆਦਾ ਬਾਰਿਸ਼ ਰਿਕਾਰਡ ਕੀਤੀ ਗਈ ਜਦੋਂ ਪਠਾਨਕੋਟ ਵਿੱਚ 27 ਫੀਸਦ ਵੱਧ ਮੀਂਹ ਪਿਆ।

ਪਿਛਲੇ ਸਾਲ 2025 ਵਿੱਚ ਪੰਜਾਬ ਵਿੱਚ 1 ਜੂਨ ਤੋਂ 30 ਸਤੰਬਰ ਤੱਕ 621.5 ਮਿਲੀਮੀਟਰ ਮੀਂਹ ਪਿਆ ਸੀ, ਜਦਕਿ ਲੰਬੇ ਸਮੇਂ ਦੀ ਔਸਤ 439.8 ਮਿਲੀਮੀਟਰ ਰਹੀ। ਇਹ ਆਮ ਨਾਲੋਂ 41 ਫੀਸਦੀ ਵੱਧ ਸੀ।

ਭਾਰਤੀ ਮੌਸਮ ਵਿਭਾਗ ਵੱਲੋਂ ਕੀਤੀ ਗਈ ਪ੍ਰੈਸ ਕਾਨਫਰੈਂਸ ਦੌਰਾਨ ਦੱਸਿਆ ਗਿਆ, ਅਗਸਤ ਵਿੱਚ ਪੰਜਾਬ, ਰਾਜਸਥਾਨ, ਬਿਹਾਰ ਸਣੇ ਕੁਝ ਹੋਰ ਸੂਬਿਆਂ ਵਿੱਚ ਮੀਂਹ ਘੱਟ ਪਿਆ ਹੈ। ਸਿਰਫ ਉੜੀਸਾ ਅਜਿਹਾ ਸੂਬਾ ਹੈ ਜਿੱਥੇ ਵੱਧ ਮੀਂਹ ਪਿਆ ਹੈ। ਸਤੰਬਰ ਵਿੱਚ ਵੀ ਆਮ ਨਾਲੋਂ ਘੱਟ ਵਰਖਾ ਹੋਣ ਦੀ ਸੰਭਾਵਨਾ ਜਤਾਈ ਗਈ ਹੈ। ਪੂਰੇ ਭਾਰਤ ਵਿੱਚ ਜੂਨ ਤੋਂ ਅਗਸਤ ਦਰਮਿਆਨ ਮੌਨਸੂਨ ਦੌਰਾਨ ਮੀਂਹ 14 ਫੀਸਦ ਘੱਟ ਦਰਜ ਕੀਤਾ ਗਿਆ ਹੈ।

ਆਈਐਮਡੀ ਮੁਖੀ ਨੇ ਦੱਸਿਆ, “ਅਗਸਤ ਮਹੀਨੇ ਦੌਰਾਨ ਭਾਰੀ ਮੀਂਹ ਮੁੱਖ ਤੌਰ ‘ਤੇ ਪੂਰਬੀ, ਪੂਰਬ-ਮੱਧ ਅਤੇ ਉੱਤਰ-ਪੱਛਮੀ ਭਾਰਤ ਵਿੱਚ ਪਿਆ। ਹਾਲਾਂਕਿ, ਪੱਛਮੀ ਰਾਜਸਥਾਨ ਅਤੇ ਪੰਜਾਬ ਵਿੱਚ ਜ਼ਿਆਦਾ ਭਾਰੀ ਮੀਂਹ ਨਹੀਂ ਪਏ।”

ਮੌਸਮ ਵਿਭਾਗ ਮੁਤਾਬਕ ਦੇ ਅੰਕੜਿਆਂ ਦੇ ਮੁਤਾਬਕ ਪੂਰੇ ਭਾਰਤ ਵਿੱਚ 2026 ਵਿੱਚ ਦਰਜ ਕੀਤੀ ਗਈ ਵਰਖਾ (213.3 ਮਿਲੀਮੀਟਰ) ਸਾਲ 1901 ਤੋਂ ਬਾਅਦ 17ਵੀਂ ਸਭ ਤੋਂ ਘੱਟ ਅਤੇ ਸਾਲ 2001 ਤੋਂ ਬਾਅਦ 7ਵੀਂ ਸਭ ਤੋਂ ਘੱਟ ਰਹੀ ਹੈ।

ਕਮਜ਼ੋਰ ਮੌਨਸੂਨ ਦੇ ਕੀ ਕਾਰਨ ਹਨ ?

ਪੂਰੇ ਭਾਰਤ ਵਿੱਚ ਮੌਨਸੂਨ ਬਾਰੇ ਦੱਸਦਾ ਮੌਸਮ ਵਿਭਾਗ ਦਾ ਨਕਸ਼ਾ ।

ਤਸਵੀਰ ਸਰੋਤ, IMD

ਇਸ ਵਾਰ ਮੌਨਸੂਨ ਦੇ ਅਸਰ ਅੰਦਾਜ਼ ਹੋਣ ਦਾ ਸਭ ਤੋਂ ਵੱਡਾ ਕਾਰਨ ਐਲ ਨੀਨੋ ਦੇ ਪ੍ਰਭਾਵਾਨਾਂ ਨੂੰ ਮੰਨਿਆ ਜਾ ਰਿਹਾ ਹੈ। ਪੰਜਾਬ ਵਿੱਚ ਇਸ ਵਾਰ ਮੀਂਹ ਘੱਟ ਪੈਣ ਦੇ ਕਾਰਨਾਂ ਬਾਰੇ ਦੱਸਦੇ ਹੋਏ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਰਿਸਚਰ ਵਿਭਾਗ ਤੋਂ ਰਿਟਾਇਰ ਹੋਏ ਸਾਬਕਾ ਵਧੀਕ ਡਾਇਰੈਕਟਰ ਡਾ. ਜੀਐੱਸ ਹੀਰਾ ਨੇ ਦੱਸਿਆ “ਇਹ ਐਲ ਨੀਨੋ ਦਾ ਸਾਲ ਹੈ, ਇਸ ਦੌਰਾਨ ਪ੍ਰਸ਼ਾਂਤ ਮਹਾਸਾਗਰ ਤੋਂ ਗਰਮ ਹਵਾਵਾਂ ਚੱਲਦੀਆਂ ਹਨ। ਇਸ ਲਈ ਗਰਮੀ ਵੀ ਇਸ ਸਾਲ ਕਾਫੀ ਜ਼ਿਆਦਾ ਹੈ।”

“ਪਾਣੀ ਦੇ ਪੱਖੋਂ ਮੌਨਸੂਨ ਦੌਰਾਨ ਮੀਂਹ ਘੱਟ ਪੈਣਾ ਚਿੰਤਾ ਦਾ ਵਿਸ਼ਾ ਤਾਂ ਹੈ ਕਿਉਂਕਿ ਵਾਟਰ ਟੇਬਲ ਤਾਂ ਪਹਿਲਾਂ ਹੀ ਘੱਟ ਹੈ। ਦੇਖਣਯੋਗ ਗੱਲ ਹੈ ਕਿ ਮੌਨਸੂਨ ਦੌਰਾਨ ਹਰਿਆਣਾ ਵਿੱਚ ਮੀਂਹ ਪੈ ਗਿਆ ਅਤੇ ਪੰਜਾਬ ਵਿੱਚ ਨਹੀਂ ਪਿਆ। ਕਿਉਂਕਿ ਪੰਜਾਬ ਟੇਲ ਐਂਡ ਉੱਤੇ ਪੈਂਦਾ ਹੈ, ਬੇਅ ਆਫ ਬੰਗਾਲ ਤੋਂ ਜੋ ਸਿਲਸਿਲਾ ਸ਼ੁਰੂ ਹੁੰਦਾ ਹੈ ਉਸਦੇ ਤਹਿਤ ਬੰਗਾਲ ਵਿੱਚ ਸਭ ਤੋਂ ਜ਼ਿਆਦਾ ਮੀਂਹ ਪੈਂਦਾ, ਫਿਰ ਬਿਹਾਰ ਵਿੱਚ ਉਸ ਦਾ ਅਸਰ ਹੋਰ ਘੱਟ ਜਾਂਦਾ ਹੈ,ਹਰਿਆਣਾ ਵਿੱਚ ਉਸ ਤੋਂ ਵੀ ਘੱਟ ਅਤੇ ਪੰਜਾਬ ਵਿੱਚ ਫਿਰ ਹੋਰ ਜ਼ਿਆਦਾ ਘੱਟ ਜਾਂਦਾ ਹੈ।”

“ਵੈਸਟਰਨ ਡਿਸਟਰਬੈਂਸ ਬਾਰੇ ਉਹ ਦੱਸਦੇ ਹਨ ਕਿ ਸਰਦੀਆਂ ਵਿੱਚ ਵੈਸਟਰਨ ਡਿਸਟਰਬੈਂਸ ਦਾ ਮੀਂਹ ਲਿਆਉਣ ਵਿੱਚ ਯੋਗਦਾਨ ਹੁੰਦਾ ਹੈ, ਮੌਜੂਦਾ ਵੇਲੇ ਵਿੱਚ ਪੰਜਾਬ ਲਈ ਮੀਂਹ ਬੇਅ ਆਫ ਬੰਗਾਲ ਤੋਂ ਹੀ ਆਉਂਦਾ ਹੈ। ਵੈਸੇ ਤਾਂ ਹਵਾਵਾਂ ਅਰਬ ਸਾਗਰ ਤੋਂ ਵੀ ਆਉਂਦੀਆਂ ਹਨ, ਪਰ ਲੰਘੇ ਸਮੇਂ ਵਿੱਚ ਉੱਥੋਂ ਵੀ ਹਵਾਵਾਂ ਘੱਟ ਆਈਆਂ ਹਨ।”

ਪੰਜਾਬ ਦੀ ਖੇਤੀ ‘ਤੇ ਕੀ ਅਸਰ ਪੈ ਸਕਦਾ ?

ਹਰੇ ਖੇਤਾਂ ਉੱਤੇ ਛਾਏ ਕਾਲੇ ਬੱਦਲ

ਤਸਵੀਰ ਸਰੋਤ, Getty Images

ਭਾਰਤੀ ਮੌਸਮ ਵਿਭਾਗ ਵੱਲੋਂ ਸਤੰਬਰ ਵਿੱਚ ਵੀ ਮੌਸਮ ਗਰਮ ਰਹਿਣ ਦੀ ਸੰਭਾਵਨਾ ਜਤਾਉਂਦੇ ਹੋਏ ਖੇਤੀ ਸਣੇ ਹੋਰ ਸਬੰਧਿਤ ਵਰਗਾਂ ਨੂੰ ਅਗੇਤੀ ਤਿਆਰੀ ਦੀ ਸਲਾਹ ਦਿੱਤੀ ਗਈ ਹੈ, ਕਿਹਾ ਗਿਆ ਹੈ, “ਸਬੰਧਤ ਏਜੰਸੀਆਂ ਅਤੇ ਹਿੱਸੇਦਾਰਾਂ ਵੱਲੋਂ ਸਮੇਂ ਸਿਰ ਤਿਆਰੀ ਦੇ ਉਪਾਅ, ਜਿਨ੍ਹਾਂ ਵਿੱਚ ਪਾਣੀ ਦੀ ਸੰਭਾਲ, ਸਰੋਤਾਂ ਦਾ ਕੁਸ਼ਲ ਪ੍ਰਬੰਧਨ ਅਤੇ ਖੇਤੀਬਾੜੀ ਲਈ ਬਦਲਵੀਂ ਯੋਜਨਾਬੰਦੀ ਸ਼ਾਮਲ ਹੈ, ਮੌਸਮ ਦੇ ਪ੍ਰਭਾਵਾਂ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।”

ਪੰਜਾਬ ਵਿੱਚ ਖੇਤੀ ‘ਤੇ ਘੱਟ ਮੀਂਹ ਪੈਣ ਦੇ ਪ੍ਰਭਾਵਾਂ ਬਾਰੇ ਡਾ. ਜੀਐੱਸ ਹੀਰਾ ਦੱਸਦੇ ਹਨ, “ਭਾਵੇਂ ਮੀਂਹ ਘੱਟ ਪੈਣਾ ਚਿੰਤਾ ਦਾ ਸਬੱਬ ਹੈ ਪਰ ਝੋਨੇ ਦੀ ਫਸਲ ਦੇ ਝਾੜ ‘ਤੇ ਅਸਰ ਘੱਟ ਹੋਣ ਦੀ ਸੰਭਾਵਨਾ ਹੈ, ਕਿਉਂਕਿ ਮੀਂਹ ਘੱਟ ਪੈਣ ਕਰਕੇ ਫਸਲਾਂ ਨੂੰ ਬਿਮਾਰੀ ਲੱਗਣ ਦਾ ਖ਼ਤਰਾ ਘੱਟ ਹੁੰਦਾ ਹੈ, ਇਸ ਲਈ ਝਾੜ ਉੱਤੇ ਤਾਂ ਕੋਈ ਅਸਰ ਨਹੀਂ ਪਵੇਗਾ ਪਰ ਜੇਕਰ ਝੋਨਾ ਪੱਕਣ ਵੇਲੇ ਜੇਕਰ ਬਹੁਤ ਜ਼ਿਆਦਾ ਤਾਪਮਾਨ ਹੋਇਆ ਤਾਂ ਉਸ ਦਾ ਨੁਕਸਾਨ ਹੋ ਸਕਦਾ ਹੈ।”

“ਝਾੜ ਉਨ੍ਹਾਂ ਫਸਲਾਂ ਦੇ ਚੰਗੇ ਆਏ ਹਨ ਜਿਹੜੀਆਂ ਦੀ ਵਾਢੀ ਅਕਤੂਬਰ-ਨਵੰਬਰ ਵਿੱਚ ਹੁੰਦੀ ਹੈ , ਜੇਕਰ ਫਸਲ ਅਗੇਤੀ ਹੈ ਤਾਂ ਅਸਰ ਪੈ ਸਕਦਾ ਹੈ। ਜਿਹੜੇ ਸਾਲਾਂ ਵਿੱਚ ਮੀਂਹ ਘੱਟ ਪੈਂਦੇ ਹਨ ਉਨ੍ਹਾਂ ਸਾਲਾਂ ਵਿੱਚ ਝਾੜ ਘਟਦੇ ਨਹੀਂ ਜ਼ਿਆਦਾ ਹੀ ਆਉਂਦੇ ਹਨ। ਇਹ ਬਹੁਤ ਗੁੰਝਲਦਾਰ ਜਿਹਾ ਮਸਲਾ ਹੈ। ਜਦੋਂ ਬਾਰਿਸ਼ ਜ਼ਿਆਦਾ ਪਵੇ,ਨਮੀ ਵਾਲਾ ਮੌਸਮ ਵੱਧ ਹੋਵੇ ਤਾਂ ਨਦੀਨ ਅਤੇ ਕੀਟਾਂ ਦੇ ਹਮਲੇ ਦਾ ਵੀ ਖ਼ਤਰਾ ਜ਼ਿਆਦਾ ਰਹਿੰਦਾ ਹੈ।”

ਡਾ.ਜੀ ਐਸ ਹੀਰਾ ਦਾ ਬਿਆਨ

ਉਧਰ ਘੱਟ ਮੀਂਹ ਦੇ ਖੇਤੀ ਉੱਤੇ ਆਉਣ ਵਾਲੇ ਸਾਲਾਂ ਵਿੱਚ ਪੈਣ ਵਾਲੇ ਪ੍ਰਭਾਵਾਂ ਬਾਰੇ ਫਿਕਰ ਜ਼ਾਹਿਰ ਕਰਦਿਆਂ ਖੇਤੀਬਾੜੀ ਮਾਹਰ ਡਾ. ਦਵਿੰਦਰ ਸ਼ਰਮਾ ਕਹਿੰਦੇ ਹਨ ਇਹ ਬਹੁਤ ਸੰਜੀਦਾ ਮਸਲਾ ਹੈ।

ਉੁਨ੍ਹਾਂ ਦੱਸਿਆ, “ਪੰਜਾਬ ਵਿੱਚ ਮੀਂਹ ਦਾ 30 ਤੋਂ 40 ਫੀਸਦ ਸ਼ੌਰਟਫਾਲ ਹੈ, ਇਸ ਵਾਰ ਤਾਂ ਮਹਿਸੂਸ ਹੀ ਨਹੀਂ ਹੋਇਆ ਕਿ ਮੌਨਸੂਨ ਸੀਜ਼ਨ ਆਇਆ ਵੀ ਸੀ। ਇਸ ਦੀ ਵਜ੍ਹਾ ਐਲ ਨੀਨੋ ਦਾ ਪ੍ਰਭਾਵ ਵੀ ਹੈ ਅਤੇ ਐਲ ਨੀਨੋ ਦਾ ਸਤੰਬਰ-ਅਕਤੂਬਰ ਵਿੱਚ ਹੋਰ ਅਸਰ ਹੋਵੇਗਾ। ਜਿੰਨਾ ਅਸਰ ਅਜੇ ਹੋਇਆ ਉਸ ਤੋਂ ਵੀ ਜ਼ਿਆਦਾ ਅਸਰ ਹੋਵੇਗਾ।”

ਉਹ ਅਗਾਂਹ ਕਹਿੰਦੇ ਹਨ,”ਇਹ ਠੀਕ ਹੈ ਕਿ ਪੰਜਾਬ ਵਿੱਚ ਸਾਡੇ ਕੋਲ ਯਕੀਨੀ ਸਿੰਜਾਈ ਪ੍ਰਬੰਧ ਹਨ, ਇਸ ਲਈ ਤਰੁੰਤ ਕੋਈ ਅਸਰ ਤਾਂ ਨਹੀਂ ਦਿਖੇਗਾ ਪਰ ਇਸ ਨਾਲ ਕਿਸਾਨਾਂ ਦੀ ਫਸਲ ਦਾ ਲਾਗਤ ਮੁੱਲ ਵੱਧ ਜਾਏਗਾ। ਦੇਸ਼ ਵਿੱਚ ਸਾਲ ਦੇ ਤਿੰਨ ਹੀ ਮਹੀਨਿਆਂ ਵਿੱਚ ਮੀਂਹ ਪੈਂਦਾ ਹੈ ਅਤੇ 70 ਫੀਸਦ ਪਾਣੀ ਉਦੋਂ ਹੀ ਇਕੱਠਾ ਹੁੰਦਾ ਹੈ। ਖੇਤੀ ਦੇ ਪੱਖੋਂ ਵੇਖੀਏ ਤਾਂ ਇਹ ਬਹੁਤ ਚਿੰਤਾ ਦਾ ਵਿਸ਼ਾ ਹੈ ਜੇਕਰ ਬਰਸਾਤ ਇਓਂ ਘੱਟਦੀ ਗਈ। ਇਸ ਲਈ ਬਹੁਤ ਲੋੜ ਹੈ ਕਿ ਇਸ ਬਾਰੇ ਡੂੰਘਾ ਅਧਿਐਨ ਹੋਵੇ। ਰਿਸਰਚ ਕਰਕੇ ਢੁੱਕਵੀਆਂ ਫਸਲਾਂ ਬਾਰੇ ਜਾਗਰੂਕਤਾ ਫੈਲਾਉਣਾ ਅਤੇ ਲੋਕਾਂ ਨੂੰ ਹਾਲਾਤ ਨਾਲ ਨਜਿੱਠਣ ਲਈ ਤਿਆਰ ਕਰਨਾ ਚਾਹੀਦਾ ਹੈ।”

ਲੰਘੇ ਦਹਾਕਿਆਂ ਵਿੱਚ ਪੰਜਾਬ ਵਿੱਚ ਕਿਹੋ ਜਿਹਾ ਰਿਹਾ ਮੌਨਸੂਨ ਦਾ ਮਿਜਾਜ਼ ?

ਮੀਂਹ ਵਿੱਚ ਛਤਰੀ ਲੈ ਕੇ ਜਾ ਰਹੀ ਮਹਿਲਾ।

ਤਸਵੀਰ ਸਰੋਤ, Getty Images

ਮੌਸਮ ਵਿਭਾਗ ਦੇ ਅੰਕੜਿਆਂ ਮੁਤਾਬਕ, 1901 ਤੋਂ 2025 ਤੱਕ ਪੰਜਾਬ ਵਿੱਚ ਸਭ ਤੋਂ ਵੱਧ ਮੌਨਸੂਨੀ ਵਰਖਾ 1988 ਵਿੱਚ ਦਰਜ ਕੀਤੀ ਗਈ ਸੀ। ਉਸ ਸਾਲ ਸੂਬੇ ਵਿੱਚ 1171.0 ਮਿਲੀਮੀਟਰ ਮੀਂਹ ਪਿਆ ਸੀ। ਇਸ ਦੇ ਇਲਾਵਾ 1950 ਅਤੇ 1917 ਵਿੱਚ ਸਭ ਤੋਂ ਵੱਧ ਮੀਂਹ ਦਰਜ ਕੀਤਾ ਗਿਆ। ਇਨ੍ਹਾਂ ਸਾਲਾਂ ਵਿੱਚ ਕ੍ਰਮਵਾਰ 878.6 ਮਿਲੀਮੀਟਰ ਅਤੇ 824.2 ਮਿਲੀਮੀਟਰ ਮੀਂਹ ਪਿਆ ਸੀ, ਜਦਕਿ ਆਮ ਵਰਖਾ ਕ੍ਰਮਵਾਰ 459.4 ਮਿਲੀਮੀਟਰ ਅਤੇ 434.4 ਮਿਲੀਮੀਟਰ ਸੀ।

1901 ਤੋਂ 2025 ਤੱਕ ਪੰਜਾਬ ਵਿੱਚ ਸਭ ਤੋਂ ਘੱਟ ਮੌਨਸੂਨੀ ਵਰਖਾ 1987 ਵਿੱਚ ਦਰਜ ਕੀਤੀ ਗਈ ਸੀ। ਉਸ ਸਾਲ ਸੂਬੇ ਵਿੱਚ 170.7 ਮਿਲੀਮੀਟਰ ਮੀਂਹ ਪਿਆ ਸੀ, ਜਦਕਿ ਆਮ ਵਰਖਾ 527.5 ਮਿਲੀਮੀਟਰ ਸੀ।

2025 ਦੇ ਮੌਨਸੂਨ ਸੀਜ਼ਨ ਦੌਰਾਨ, 1 ਜੂਨ ਤੋਂ 30 ਸਤੰਬਰ 2025 ਤੱਕ, ਪੰਜਾਬ ਵਿੱਚ 620.9 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਵਰਖਾ ਦਾ ਅੰਕੜਾ 439.8 ਮਿਲੀਮੀਟਰ ਹੈ। ਇਸ ਲਈ ਇਹ ਆਮ ਨਾਲੋਂ 41 ਫੀਸਦੀ ਵੱਧ ਸੀ। 24 ਸਤੰਬਰ 2025 ਨੂੰ ਮਾਨਸੂਨ ਪੂਰੇ ਸੂਬੇ ਤੋਂ ਵਾਪਸ ਚਲਾ ਗਿਆ।

ਜਦੋਂ ਕਿ ਸਾਲ 2024 ਦੇ ਮੌਨਸੂਨ ਸੀਜ਼ਨ ਦੌਰਾਨ, ਪੰਜਾਬ ਵਿੱਚ 314.8 ਮਿਲੀਮੀਟਰ ਮੀਂਹ ਪਿਆ, ਜਦਕਿ ਆਮ ਵਰਖਾ ਦਾ ਅੰਕੜਾ 439.8 ਮਿਲੀਮੀਟਰ ਸੀ। ਇਸ ਲਈ ਇਹ ਆਮ ਨਾਲੋਂ 28 ਫੀਸਦੀ ਘੱਟ ਸੀ। 2024 ਵਿੱਚ ਸਿਰਫ ਤਰਨ ਤਾਰਨ ਜ਼ਿਲ੍ਹੇ ਵਿੱਚ ਆਮ ਨਾਲੋਂ 48ਫੀਸਦ ਵੱਧ ਬਾਰਿਸ਼ ਰਿਕਾਰਡ ਕੀਤੀ ਗਈ ਸੀ।

ਪੰਜਾਬ ਦੇ ਪਾਣੀਆਂ ਅਤੇ ਮੌਸਮੀ ਤਬਦੀਲੀਆਂ ਦਾ ਖੇਤੀ ਲਈ ਕਿੰਨਾ ਵੱਡਾ ਸੰਕਟ?

ਖੂਹ ਅੰਦਰ ਦੇਖ ਰਿਹਾ ਪੰਜਾਬੀ ਕਿਸਾਨ।

ਤਸਵੀਰ ਸਰੋਤ, Getty Images

ਡਾ. ਜੀਐੱਸ ਹੀਰਾ ਕਹਿੰਦੇ ਹਨ,”ਹੁਣ ਤੱਕ ਦੇ ਪੈਟਰਨਾਂ ‘ਤੇ ਨਜ਼ਰ ਪਾਈਏ ਤਾਂ ਪੰਜਾਬ ਵਿੱਚ ਸਾਲ ਦਰ ਸਾਲ ਪਏ ਮੀਂਹ ਦੇ ਅੰਕੜੇ ਨਕਰਾਤਮਕ ਹਨ।”

ਉਹ ਅਗਾਂਹ ਕਹਿੰਦੇ ਹਨ, “ਭੂਮੀਗਤ ਪਾਣੀ ਪੱਖੋਂ ਪੰਜਾਬ ਦਾ ਭਵਿੱਖ ਅਜੇ ਕਾਫੀ ਮਾੜਾ ਹੈ। ਪਾਣੀ ਦੀ ਲੋੜ ਤੋਂ ਵੱਧ ਵਰਤੋਂ ਕੀਤੀ ਜਾ ਚੁੱਕੀ ਹੈ। ਭਾਵੇਂ ਹੁਣੇ ਹੀ ਸਰਕਾਰ ਨੇ ਅੰਕੜੇ ਵੀ ਜਾਰੀ ਕੀਤੇ ਹਨ, ਜਿਸ ਵਿੱਚ ਕਿਹਾ ਗਿਆ ਹੈ ਕਿ ਭੂਮੀਗਤ ਪਾਣੀ ਦਾ ਪੱਧਰ ਸੁਧਰਿਆ ਹੈ। ਅਜਿਹਾ ਨਹਿਰੀ ਪਾਣੀ ਦੀ ਵਰਤੋਂ ਕਰਕੇ ਹੋਇਆ ਨਾ ਕਿ ਮੀਂਹ ਦੇ ਪਾਣੀ ਕਾਰਨ ਹੋਇਆ।”

ਦਰਅਸਲ ਪੰਜਾਬ ਸਰਕਾਰ ਨੇ ਹੁਣ ਹੀ 31 ਅਗਸਤ ਨੂੰ ਪੰਜਾਬ ਸਰਕਾਰ ਨੇ ਭੂਮੀਗਤ ਪਾਣੀ ਬਾਰੇ ਅੰਕੜੇ ਜਾਰੀ ਕਰਕੇ ਸੁਧਾਰ ਦੀ ਗੱਲ ਆਖੀ ਸੀ। ਪੰਜਾਬ ਦੇ ਜਲ ਸਰੋਤ ਮੰਤਰੀ ਬਰਿੰਦਰ ਕੁਮਾਰ ਗੋਇਲ ਨੇ ਦੱਸਿਆ ਸੀ ਕਿ ਧਰਤੀ ਹੇਠਲੇ ਪਾਣੀ ਦੀ ਵਰਤੋਂ ਦੀ ਦਰ ਸਾਲ 2022 ਦੇ 164 ਫ਼ੀਸਦੀ ਤੋਂ ਘੱਟ ਕੇ ਸਾਲ 2026 ਵਿੱਚ 152.22 ਫ਼ੀਸਦੀ ਰਹਿ ਗਈ ਹੈ ਜਦੋਂ ਕਿ ਮੁਲਾਂਕਣ ਕੀਤੇ ਅਤਿ ਸ਼ੋਸ਼ਿਤ ਬਲਾਕਾਂ ਦੀ ਗਿਣਤੀ 117 ਤੋਂ ਘਟ ਕੇ 110 ਹੋ ਗਈ ਹੈ ਅਤੇ ਸੁਰੱਖਿਅਤ ਬਲਾਕਾਂ ਦੀ ਗਿਣਤੀ 17 ਤੋਂ ਵਧ ਕੇ 20 ਹੋ ਗਈ ਹੈ।

ਡਾ. ਜੀਐੱਸ ਹੀਰਾ ਕਹਿੰਦੇ ਹਨ,”ਇਹ ਮਾਮੂਲੀ ਸੁਧਾਰ ਤਾਂ ਜ਼ਰੂਰ ਹੈ ਪਰ ਇਸ ਨੂੰ ਵੱਡਾ ਸੁਧਾਰ ਨਹੀਂ ਕਿਹਾ ਜਾ ਸਕਦਾ ਹੈ।”

ਮੌਨਸੂਨ ਵਿੱਚ ਘੱਟ ਮੀਂਹ, ਕਦੇ ਬੇਮੌਸਮੀ ਬਾਰਿਸ਼ ਅਤੇ ਅੱਤ ਗਰਮੀ, ਭਾਵ ਲਗਾਤਾਰ ਮੌਸਮੀ ਤਬਦੀਲੀਆਂ ਕਰਕੇ ਖੇਤੀ ਉੱਤੇ ਪੈਣ ਵਾਲੇ ਪ੍ਰਭਾਵਾਂ ਦੇ ਅਸਰ ਦੀ ਗੱਲ ਕਰਦਿਆਂ ਡਾ. ਦਵਿੰਦਰ ਸ਼ਰਮਾ ਕਹਿੰਦੇ ਹਨ, “ਦੇਸ਼ ਵਿੱਚ ਕੁਝ ਕਿਸਾਨ ਹੁਣ ਆਪਣੀ ਜ਼ਮੀਨ ਵੀ ਵੇਚਣਾ ਚਾਹੁੰਦੇ ਹਨ ਕਿਉਂਕਿ ਮੌਸਮੀ ਤਬਦੀਲੀਆਂ ਕਰਕੇ ਪੈਣ ਵਾਲੇ ਪ੍ਰਭਾਵਾਂ ਕਰਕੇ ਪੈਦਾ ਹੋਈ ਬੇਭਰੋਸਗੀ ਦਾ ਕੋਈ ਠੋਸ ਜਵਾਬ ਨਹੀਂ ਮਿਲ ਰਿਹਾ। ਅਨੁਮਾਨ ਹਨ ਕਿ ਇਹ ਐਲ ਨੀਨੋ ਕਈ ਦਹਾਕਿਆਂ ਦਾ ਸਭ ਤੋਂ ਭਿਆਨਕ ਐਲ ਨੀਨੋ ਹੋ ਸਕਦਾ ਹੈ ਅਤੇ ਇਸ ਦਾ ਪ੍ਰਭਾਵ 2027 ਤੱਕ ਵੀ ਜਾਏਗਾ। ਇਸ ਲਈ ਅੱਗੇ ਦੀ ਵੀ ਤਿਆਰ ਕਰਕੇ ਰੱਖਣੀ ਪਵੇਗੀ।”

ਪ੍ਰੋਫੈਸਰ ਦਵਿੰਦਰ ਸ਼ਰਮਾ ਦਾ ਬਿਆਨ

“ਅਜਿਹੀ ਸਥਿਤੀ ਵਿੱਚ ਕਿਸਾਨ ਆਪਣੇ ਪੱਧਰ ਉੱਤੇ ਕੁਝ ਖਾਸ ਨਹੀਂ ਕਰ ਸਕਦਾ,ਇਸ ਲਈ ਚੰਗੀਆਂ ਸਰਕਾਰੀ ਨੀਤੀਆਂ ਦੀ ਲੋੜ ਹੈ। ਖ਼ਾਸ ਕਰਕੇ ਪੰਜਾਬ ਅਤੇ ਹਰਿਆਣਾ ਵਿੱਚ ਇਸ ਵੇਲੇ ਖੇਤੀਬਾੜੀ ਨਾਲ ਜੁੜੀਆਂ ਮੁਸ਼ਕਿਲਾਂ ਨੂੰ ਤਰਜੀਹ ਦੇ ਕੇ ਨਜਿੱਠਣ ਦੀ ਬਹੁਤ ਲੋੜ ਹੈ ਕਿ ਖੇਤੀ ਨੂੰ ਜਲਵਾਯੂ ਦੇ ਅਨੁਕੂਲ ਕਿਵੇਂ ਬਣਾਇਆ ਜਾਏ।”

“ਪੰਜਾਬ ਦੇ ਪਾਣੀਆਂ ਅਤੇ ਖੇਤੀ ਨੂੰ ਬਚਾਉਣ ਨੂੰ ਲੈ ਕੇ ਲੰਘੇ ਦਹਾਕਿਆਂ ਦੌਰਾਨ ਹੋ ਰਹੀਆਂ ਕਵਾਇਦਾਂ ਬਾਰੇ ਨਿਰਾਸ਼ਾ ਜ਼ਾਹਿਰ ਕਰਦੇ ਹੋਏ ਉਹ ਕਹਿੰਦੇ ਹਨ,”ਅਸੀਂ 1980 ਦੇ ਦਹਾਕੇ ਤੋਂ ਫਸਲੀ ਵਿਭਿੰਨਤਾ ਦੀ ਗੱਲ ਕਰ ਰਹੇ ਹਾਂ ਪਰ ਅੱਜ ਵੀ ਜ਼ਿਆਦਾ ਰਕਬਾ ਝੋਨੇ ਥੱਲੇ ਹੈ, ਇਸ ਤੋਂ ਭਾਵ ਹੈ ਕਿ ਫਸਲੀ ਵਵਿਭਿੰਨਤਾ ਦੀ ਗੱਲ ਫੇਲ੍ਹ ਹੋ ਗਈ ਹੈ।”

“ਅਸੀਂ ਇਹ ਵੀ ਕਹਿੰਦੇ ਹਾਂ ਕਿ ਮਿਲਟਸ (ਮੋਟਾ ਅਨਾਜ ਜਿਵੇਂ ਰਾਗੀ ਅਤੇ ਹੋਰ) ਲਗਾਓ, ਪਰ ਰਾਗੀ ਵਿੱਚ ਪੈਸੇ ਹੀ ਨਹੀਂ ਹਨ ਤਾਂ ਕਿਸਾਨ ਕਿਉਂ ਲਗਾਏਗਾ।ਮਿਲਟਸ ਪਾਣੀ ਵੀ ਬਚਾਉਂਦਾ ਹੈ ਅਤੇ ਸਿਹਤ ਵੀ ਬਚਾਉਂਦਾ ਹੈ, ਅੰਤਰਰਾਸ਼ਟਰੀ ਮਿਲਟਸ ਦਿਹਾੜਾ ਵੀ ਮਨਾਇਆ ਗਿਆ ਪਰ ਕਿਸਾਨ ਤਾਂ ਇਨ੍ਹਾਂ ਗੱਲਾਂ ਤੋਂ ਅਜੇ ਵੀ ਪ੍ਰਭਾਵਿਤ ਨਹੀਂ ਹੈ, ਕਿਉਂਕਿ ਰਕਬਾ ਤਾਂ ਵੱਧ ਹੀ ਨਹੀਂ ਰਿਹਾ। ਜੇਕਰ ਇਹ ਫਾਇਦੇ ਦਾ ਸੌਦਾ ਹੁੰਦਾ ਤਾਂ ਰਕਬਾ ਵੱਧ ਰਿਹਾ ਹੁੰਦਾ। ਇਸ ਲਈ ਮੁਲਾਂਕਣ ਤੋਂ ਬਾਅਦ ਢੁਕਵੀਂ ਕੀਮਤ ਕਿਸਾਨ ਨੂੰ ਦਿੱਤੀ ਜਾਣੀ ਚਾਹੀਦੀ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI