Source :- BBC PUNJABI

9 ਮਿੰਟ ਪਹਿਲਾਂ
ਭਾਰਤੀ ਫੌਜ ਮੁਤਾਬਕ ਪਾਕਿਸਤਾਨ ਵੱਲੋਂ 9 ਅਤੇ 10 ਮਈ ਵਿਚਾਲੇ ਪਠਾਨਕੋਟ, ਆਦਮਪੁਰ ਤੇ ਬਠਿੰਡਾ ਦੇ ਹਵਾਈ ਸਟੇਸ਼ਨਾਂ ਸਣੇ ਹੋਰ ਕਈ ਥਾਵਾਂ ਨੂੰ ਨਿਸ਼ਾਨਾ ਬਣਾਇਆ ਗਿਆ।
ਫੌਜ ਮੁਤਾਬਕ ਇੱਥੇ ਯੰਤਰਾਂ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਆਰਮੀ ਦੇ ਸਟਾਫ਼ ਨੂੰ ਵੀ ਨੁਕਸਾਨ ਹੋਇਆ ਹੈ।
ਫੌਜ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੇ ਸਵੇਰੇ 1 ਵੱਜ ਕੇ 40 ਮਿੰਟ ਉੱਤੇ ਹਾਈ ਸਪੀਡ ਮਿਜ਼ਾਇਲ ਵਰਤ ਕੇ ਪੰਜਾਬ ਦੇ ਏਅਰ ਬੇਸ ਸਟੇਸ਼ਨ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ।
ਬੀਤੀ ਰਾਤ ਪੰਜਾਬ ਵਿੱਚ ਕਈ ਥਾਂਵਾਂ ‘ਤੇ ਲੋਕਾਂ ਨੂੰ ਧਮਾਕਿਆਂ ਦੀਆਂ ਅਵਾਜ਼ਾਂ ਸੁਣੀਆਂ ਅਤੇ ਕਈ ਥਾਵਾਂ ਤੋਂ ਮਲਬਾ ਵੀ ਮਿਲਿਆ ਹੈ।
ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕੀ-ਕੀ ਵਾਪਰਿਆ ਪੜ੍ਹੋ ਇਸ ਰਿਪੋਰਟ ਵਿੱਚ –
ਗੁਰਦਾਸਪੁਰ – ‘ਇਹ ਪਿੰਡ ਵਿੱਚ ਵੀ ਡਿੱਗ ਸਕਦੇ ਸੀ’

ਤਸਵੀਰ ਸਰੋਤ, BBC/Gurpreet Chawla
ਗੁਰਦਾਸਪੁਰ ਦੇ ਪਿੰਡ ਛਿੱਛਰਾ ਵਿੱਚ ਸਵੇਰੇ ਕਰੀਬ 4:45 ਵਜੇ ਇੱਕ ਚੀਜ਼ ਡਿੱਗਣ ਕਰਕੇ ਕਈ ਫੁੱਟ ਚੌੜਾ ਅਤੇ ਡੂੰਘਾ ਟੋਆ ਹੋਇਆ ਹੈ। ਧਮਾਕੇ ਵਾਲੀ ਥਾਂ ਤੋਂ ਕੁਝ ਹੀ ਮੀਟਰ ਦੀ ਦੂਰੀ ਉੱਤੇ ਲੋਕਾਂ ਦੇ ਘਰ ਵੀ ਹਨ।
ਧਮਾਕੇ ਦੀ ਧਮਕ ਕਾਰਨ ਆਲੇ-ਦੁਆਲੇ ਦੇ ਘਰਾਂ ਦੇ ਸ਼ੀਸ਼ੇ ਵੀ ਟੁੱਟੇ ਹਨ।
ਪਿੰਡ ਦੇ ਵਸਨੀਕ ਲਖਵਿੰਦਰ ਸਿੰਘ ਨੇ ਦੱਸਿਆ, “ਮੈਂ ਸਵੇਰੇ ਸੁੱਤਾ ਪਿਆ ਸੀ ਤੇ ਜ਼ੋਰਦਾਰ ਖੜ੍ਹਾਕਾ ਹੋਇਆ ਮੈਂ ਉੱਠ ਪਿਆ, ਕਾਫੀ ਜ਼ਿਆਦਾ ਧੂੰਆਂ ਉੱਡ ਰਿਹਾ ਸੀ।

ਪਵਨਜੋਤ ਸਿੰਘ ਨੇ ਦੱਸਿਆ ਕਿ ਉਹ ਧਮਾਕੇ ਦੀ ਅਵਾਜ਼ ਕਰਕੇ ਉੱਠੇ ਸਨ ਅਤੇ ਇਸ ਤੋਂ ਬਾਅਦ ਲਗਾਤਾਰ ਕਰੀਬ 5 ਧਮਾਕੇ ਸੁਣਾਈ ਦਿੱਤੇ।
ਉਨ੍ਹਾਂ ਦੱਸਿਆ, “ਲੋਕ ਬਹੁਤ ਡਰ ਗਏ ਹਨ, ਇਹ ਪਿੰਡ ਵੀ ਡਿੱਗ ਸਕਦੇ ਸੀ, ਜੇਕਰ ਪਿੰਡ ਵਿੱਚ ਡਿੱਗਦੇ ਤਾਂ ਨੁਕਸਾਨ ਬਹੁਤ ਜ਼ਿਆਦਾ ਹੋਣਾ ਸੀ, ਗੁਰੂਆਂ-ਪੀਰਾਂ ਦੀ ਧਰਤੀ ਹੈ ਜਿਹਦੇ ਕਰਕੇ ਪ੍ਰਮਾਤਮਾ ਨੇ ਪਿੰਡ ਬਚਾ ਲਿਆ ਜਿਹੜਾ ਪੈਲੀ ਉੱਤੇ ਸੁੱਟ ਗਏ ਹਨ।”
ਪ੍ਰੀਤਮ ਸਿੰਘ ਦੱਸਦੇ ਹਨ ਕਿ ਉਨ੍ਹਾਂ ਨੇ 1:30 ਵਜੇ ਦੇ ਕਰੀਬ ਵੀ ਧਮਾਕੇ ਦੀ ਆਵਾਜ਼ ਸੁਣੀ।
ਸਵੇਰੇ ਕਰੀਬ 4:50 ਵਜੇ ਹੋਏ ਧਮਾਕੇ ਬਾਰੇ ਉਹ ਦੱਸਦੇ ਹਨ ਕਿ ਜਿਸ ਵੇਲੇ ਧਮਾਕਾ ਹੋਇਆ ਤਾਂ ਇਸ ਤਰ੍ਹਾਂ ਲੱਗਾ ਜਿਵੇਂ ਇਹ ਸਾਡੇ ਕੋਲ ਹੀ ਹੋਇਆ ਹੋਵੇ। ਧਮਾਕੇ ਕਾਰਨ ਟ੍ਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਦਾ ਵੀ ਨੁਕਸਾਨ ਹੋਇਆ ਹੈ।
ਅੰਮ੍ਰਿਤਸਰ – ਹਵਾ ਵਿੱਚ ਡਰੋਨ ਦਿਖਾਈ ਦਿੱਤੇ

ਤਸਵੀਰ ਸਰੋਤ, X/ADGPI
ਅੰਮ੍ਰਿਤਸਰ ਵਿੱਚ ਸਵੇਰੇ 5 ਵਜੇ ਆਸਮਾਨ ਵਿੱਚ ਡਰੋਨ ਉੱਡਦੇ ਵੇਖੇ ਗਏ।
ਭਾਰਤੀ ਫੌਜ ਦੇ ਅਡੀਸ਼ਨਲ ਡਾਇਰੈਕਟਰੇਟ ਜਨਰਲ ਆਫ ਪਬਲਿਕ ਇਨਫੌਰਮੇਸ਼ਨ ਨੇ ਐਕਸ ਉੱਤੇ ਪਾਈ ਇੱਕ ਪੋਸਟ ਵਿੱਚ ਕਿਹਾ ਕਿ, “ਅੱਜ ਸਵੇਰੇ 5 ਵਜੇ ਅੰਮ੍ਰਿਤਸਰ ਦੇ ਖਾਸਾ ਕੈਂਟ ਦੇ ਉੱਤੇ ਕਈ ਹਥਿਆਰਬੰਦ ਡਰੋਨ ਉੱਡਦੇ ਦੇਖੇ ਗਏ। ਸਾਡੇ ਏਅਰ ਡਿਫੈਂਸ ਸਿਸਟਮ ਨੇ ਇਨ੍ਹਾਂ ਨੂੰ ਨਾਕਾਮ ਕਰ ਦਿੱਤਾ ਹੈ।”
ਅੰਮ੍ਰਿਤਸਰ ਦੇ ਪਿੰਡ ਰਾਨੇਵਾਲੀ ਵਿੱਚ ਵੀ ਪਿੰਡ ਦੇ ਸਰਪੰਚ ਮੁਤਾਬਕ ਕੋਈ ਚੀਜ਼ ਡਿੱਗੀ ਸੀ, ਜਿਸ ਕਰਕੇ ਅੱਗ ਲੱਗ ਗਈ।
ਖ਼ਬਰ ਏਜੰਸੀ ਏਐੱਨਆਈ ਦੀ ਰਿਪੋਰਟ ਮੁਤਾਬਕ ਅੰਮ੍ਰਿਤਸਰ ਦੇ ਪਿੰਡ ਜੱਲੂਪੁਰ ਖੇੜਾ ਦੇ ਲੋਕਾਂ ਦਾ ਕਹਿਣਾ ਕਿ ਉਨ੍ਹਾਂ ਨੇ ਲੰਘੀ ਰਾਤ ਧਮਾਕੇ ਦੀ ਅਵਾਜ ਸੁਣੀ ਅਤੇ ਫਿਰ ਇੱਕ ਚੀਜ਼ ਬਰਾਮਦ ਹੋਈ।
ਅੰਮ੍ਰਿਤਸਰ ਦੇ ਵਡਾਲਾ ਭਿੱਟੇਵੰਡ ਦੇ ਲੋਕਾਂ ਨੇ ਵੀ ਸ਼ਨੀਵਾਰ ਸਵੇਰੇ ਧਮਾਕੇ ਦੀ ਅਵਾਜ਼ ਸੁਣੀ।

ਤਸਵੀਰ ਸਰੋਤ, Ravinder Singh Robin/BBC
ਅੰਮ੍ਰਿਤਸਰ ਦੇ ਮੋਹਕਮਪੁਰ ਦੀ ਰਹਿਣ ਵਾਲੀ ਰਿਤੂ ਰਾਤ ਨੂੰ ਕਰੀਬ 9:30 ਵਜੇ ਆਪਣੇ ਘਰ ਦੀ ਚੌਥੀ ਮੰਜ਼ਿਲ ਉੱਤੇ ਗਏ ਸਨ ਜਿੱਥੇ ਉਨ੍ਹਾਂ ਨੇ ਇੱਕ ਲੋਹੇ ਦੀ ਇੱਕ ਚੀਜ਼ ਵੇਖੀ।
ਇਸ ਮਗਰੋਂ ਪੁਲਿਸ ਮੌਕੇ ਉੱਤੇ ਜਾਂਚ ਲਈ ਵੀ ਪਹੁੰਚੀ।

ਹੁਣ ਤੱਕ ਦਾ ਮੁੱਖ ਘਟਨਾਕ੍ਰਮ
22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ 6-7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ।
ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਹੈ।
ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਕਿ ਹੁਣ ਤੱਕ ਹਮਲੇ ਵਿੱਚ 36 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।
ਭਾਰਤ ਵੱਲੋਂ ਹਾਲੇ ਤੱਕ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ ‘ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।
ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।
ਭਾਰਤੀ ਫੌਜ ਨੇ 10 ਮਈ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਪੱਛਮੀ ਫਰੰਟ ਉੱਤੇ ਹਮਲੇ ਕੀਤੇ ਜਾ ਰਹੇ ਹਨ।
ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨੇ 9-10 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੇ 3 ਫੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਜਿਸ ਦਾ ਜਵਾਬ ਦਿੱਤਾ ਜਾ ਰਿਹਾ ਹੈ।
ਕੇਂਦਰ ਸਰਕਾਰ ਨੇ ਆਲ ਪਾਰਟੀ ਮੀਟਿੰਗ ਬੁਲਾਈ। ਵਿਰੋਧੀ ਪਾਰਟੀਆਂ ਨੇ ਸਰਕਾਰ ਨਾਲ ਖੜ੍ਹਨ ਦੀ ਗੱਲ ਆਖੀ।
ਯੂਕੇ ਦੀ ਸੰਸਦ ਵਿੱਚ ਭਾਰਤ-ਪਾਕਿਸਤਾਨ ਟਕਰਾਅ ‘ਤੇ ਹੋਈ ਚਰਚਾ।

ਜਲੰਧਰ – ਧਮਾਕੇ ਮਗਰੋਂ ਕਣਕ ਦੀ ਨਾੜ ਸੜੀ

ਤਸਵੀਰ ਸਰੋਤ, BBC/Pardeep Sharma
ਨਾਹਲਾਂ ਦੀ ਰਵਿੰਦਰ ਕੌਰ ਨੇ ਦੱਸਿਆ ਕਿ ਉਨ੍ਹਾਂ ਸਵੇਰੇ 8:45 ਵਜੇ ਇੱਕ ਜ਼ੋਰਦਾਰ ਆਵਾਜ਼ ਸੁਣੀ ਜਿਸ ਕਰਕੇ ਉਨ੍ਹਾਂ ਦੇ ਘਰ ਦੀਆਂ ਕੰਧਾਂ ਅਤੇ ਸ਼ੀਸ਼ੇ ਕੰਬ ਗਏ।
ਲੋਕਾਂ ਮੁਤਾਬਕ ਇੱਥੇ ਖੇਤਾਂ ਵਿੱਚ ਧਮਾਕਾ ਹੋਇਆ ਹੋੋਇਆ ਜਿਸ ਮਗਰੋਂ ਮਿੱਟੀ ਕਾਫੀ ਉੱਚਾਈ ਤੱਕ ਉੱਡੀ ਅਤੇ ਕਣਕ ਦੀ ਨਾੜ ਨੂੰ ਵੀ ਅੱਗ ਲੱਗ ਗਈ।
ਜਲੰਧਰ ਦੇ ਹੀ ਈਸਰਵਾਲ ਪਿੰਡ ਦੇ ਬਾਹਰਲੇ ਇਲਾਕੇ ਵਿੱਚ ਕਰੀਬ 1:30 ਵਜੇ ਇੱਕ ਚੀਜ਼ ਡਿੱਗਣ ਬਾਰੇ ਪਤਾ ਲੱਗਾ
ਪਿੰਡ ਦੇ ਰਹਿਣ ਵਾਲੇ ਕਮਲਜੀਤ ਮੁਤਾਬਕ ਉਨ੍ਹਾਂ ਨੇ ਸਵੇਰੇ 5 ਵਜੇ ਜਾ ਕੇ ਵੇਖਿਆ ਤਾਂ ਉੱਥੇ 1.5 ਫੁੱਟ ਡੂੰਘਾ ਟੋਇਆ ਸੀ।
ਫ਼ਿਰੋਜ਼ਪੁਰ – 3 ਲੋਕ ਜ਼ਖਮੀ ਹੋਏ

ਤਸਵੀਰ ਸਰੋਤ, UGC
ਸ਼ੁੱਕਰਵਾਰ ਨੂੰ ਫ਼ਿਰੋਜ਼ਪੁਰ ਵਿੱਚ ਖਾਈ ਫੇਮੇ ਪਿੰਡ ਦੇ ਇੱਕ ਘਰ ਵਿੱਚ ਖੜ੍ਹੀ ਕਾਰ ਉੱਤੇ ਡਰੋਨ ਡਿੱਗਣ ਕਾਰਨ ਅੱਗ ਲੱਗ ਗਈ, ਜਿਸ ਕਰਕੇ ਪਰਿਵਾਰ ਦੇ 3 ਜੀਅ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ ਸਨ।
ਭਾਰਤੀ ਫੌਜ ਵੱਲੋਂ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ।
ਬਠਿੰਡਾ
ਬੀਬੀਸੀ ਪੱਤਰਕਾਰ ਹਰਮਨਦੀਪ ਸਿੰਘ ਨੇ ਦੱਸਿਆ ਕਿ ਬਠਿੰਡਾ ਏਅਰ ਫੋਰਸ ਬੇਸ ਦੇ ਅੰਦਰ ਧਮਾਕਾ ਹੋਇਆ ਹੈ।
ਭਾਰਤੀ ਫੌਜ ਵੱਲੋਂ ਵੀ 10 ਮਈ ਨੂੰ ਆਪਣੀ ਪ੍ਰੈੱਸ ਕਾਨਫਰੰਸ ਵਿੱਚ ਬਠਿੰਡਾ ਵਿੱਚ ਹਵਾਈ ਫੌਜ ਦੇ ਸਟੇਸ਼ਨ ਨੂੰ ਨਿਸ਼ਾਨਾ ਬਣਾਏ ਜਾਣ ਦੀ ਗੱਲ ਕਹੀ ਗਈ।
ਫੌਜ ਮੁਤਾਬਕ ਇੱਥੇ ਯੰਤਰਾਂ ਨੂੰ ਨੁਕਸਾਨ ਹੋਣ ਦੇ ਨਾਲ-ਨਾਲ ਆਰਮੀ ਦੇ ਸਟਾਫ਼ ਨੂੰ ਵੀ ਨੁਕਸਾਨ ਹੋਇਆ ਹੈ।
ਸਿਰਸਾ ਦੇ ਪਿੰਡ ਖਾਜਾਖੇੜਾ ਵਿੱਚ ਵੀ ਲੋਕਾਂ ਨੇ ਸੁਣਿਆ ਧਮਾਕਾ

ਤਸਵੀਰ ਸਰੋਤ, BBC/Prabhu Dayal
ਸਿਰਸਾ ਦੇ ਪਿੰਡ ਖਾਜਾਖੇੜਾ ਵਿੱਚ ਵੀ ਲੋਕਾਂ ਨੂੰ ਕਰੀਬ 12:15 ਵਜੇ ਉੱਤੇ ਧਮਾਕੇ ਦੀ ਅਵਾਜ਼ ਸੁਣਾਈ ਦਿੱਤੀ। ਸਵੇਰੇ ਲੋਕਾਂ ਨੇ ਧਮਾਕੇ ਵਾਲੀ ਥਾਂ ਉੱਤੇ ਇੱਕ ਚੀਜ਼ ਡਿੱਗੀ ਪਈ ਵੇਖੀ।
ਇਲਾਕੇ ਵਿੱਚ ਵੱਡੀ ਗਿਣਤੀ ਵਿੱਚ ਲੋਕ ਇਸ ਚੀਜ਼ ਨੂੰ ਵੇਖਣ ਲਈ ਇਕੱਠੇ ਹੋ ਗਏ ਸਨ।
ਸਥਾਨਕ ਵਸਨੀਕ ਸੁਨੀਲ ਕੁਮਾਰ ਨੇ ਦੱਸਿਆ, “ਉੱਥੇ ਕੁਝ ਡਿੱਗਾ ਹੋਇਆ ਸੀ ਜਿਸ ਬਾਰੇ ਸਾਨੂੰ ਨਹੀਂ ਪਤਾ ਕਿ ਇਹ ਡਰੋਨ ਹੈ ਜਾਂ ਮਿਜ਼ਾਇਲ।”
ਉਨ੍ਹਾਂ ਨੇ ਦੱਸਿਆ ਕਿ ਇਸ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਇਸ ਚੀਜ਼ ਨੂੰ ਪੁਲਿਸ ਅਤੇ ਫੌਜ ਦੇ ਮੁਲਾਜ਼ਮ ਇੱਕ ਵਾਹਨ ਦੇ ਵਿੱਚ ਉੱਥੋਂ ਲੈ ਗਏ।
ਕਿੱਥੇ ਲੱਗੇਗਾ ਠੀਕਰੀ ਪਹਿਰਾ
ਫ਼ਰੀਦਕੋਟ ਅਤੇ ਕੋਟਕਪੂਰਾ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਆਪਣੇ ਪਿੰਡਾਂ ਵਿੱਚ ਰੋਜ਼ਾਨਾ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਠੀਕਰੀ ਪਹਿਰਾ ਲਾਉਣ ਦੀ ਹਦਾਇਤ ਜਾਰੀ ਕੀਤੀ ਗਈ ਹੈ।
ਪ੍ਰਸ਼ਾਸਨ ਵੱਲੋਂ ਗ੍ਰਾਮ ਪੰਚਾਇਤਾਂ ਨੂੰ ਕਮੇਟੀ ਬਣਾਉਣ ਰੋਜ਼ਾਨਾ ਰਿਪੋਰਟ ਐੱਸਈਪੀਓ ਨੂੰ ਭੇਜਣ ਲਈ ਕਿਹਾ ਗਿਆ ਹੈ।
ਇਸ ਦੇ ਨਾਲ ਹੀ ਸਰਕਾਰੀ ਮੁਲਾਜ਼ਮਾਂ ਤੇ ਅਫ਼ਸਰਾਂ ਦੀਆਂ ਛੁੱਟੀਆਂ ਰੱਦ ਕਰਦਿਆਂ ਇਹ ਹਦਾਇਤ ਦਿੱਤੀ ਗਈ ਹੈ ਕਿ ਉਹ ਸ਼ਨੀਵਾਰ ਅਤੇ ਐਤਵਾਰ ਦੇ ਦਿਨ ਸਟੇਸ਼ਨ ਨਾ ਛੱਡਣ।
ਕਿਹੜੇ ਜ਼ਿਲ੍ਹਿਆਂ ਵਿੱਚ ਡਰੋਨ ਉਡਾਉਣ ਦੇ ਪਾਬੰਦੀ
ਲੁਧਿਆਣਾ, ਅੰਮ੍ਰਿਤਸਰ, ਅਤੇ ਗੁਰਦਾਸਪੁਰ ਵਿੱਚ ਜ਼ਿਲ੍ਹਾਂ ਪ੍ਰਸ਼ਾਸਨ ਵੱਲੋਂ ਡਰੋਨ ਉਡਾਉਣ ਉੱਤੇ ਪਾਬੰਦੀ ਲਾਈ ਗਈ ਹੈ।

ਪਾਕਿਸਤਾਨੀ ਫੌਜ ਨੇ ਕੀ ਕਿਹਾ
ਪਾਕਿਸਤਾਨੀ ਫੌਜ ਨੇ ਵੀ ਕਿਹਾ ਹੈ ਕਿ ਭਾਰਤੀ ਫੌਜ ਨੇ ਪਾਕਿਸਤਾਨ ਵਿੱਚ ਹਮਲੇ ਕੀਤੇ ਹਨ।
ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਹੈ ਕਿ ਭਾਰਤ ਨੇ ਉਨ੍ਹਾਂ ਦੇ ਤਿੰਨ ਫੌਜੀ ਅੱਡਿਆਂ ‘ਤੇ ਮਿਜ਼ਾਈਲ ਨਾਲ ਹਮਲਾ ਕੀਤਾ ਹੈ।
ਸਰਕਾਰੀ ਟੈਲੀਵਿਜ਼ਨ ‘ਤੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਕਿ ਦੇਸ਼ ਦੀਆਂ ਫੌਜਾਂ “ਪੂਰੀ ਤਰ੍ਹਾਂ ਤਿਆਰ” ਹਨ। ਪਾਕਿਸਤਾਨੀ ਫੌਜ ਦੇ ਜਨਸੰਪਰਕ ਵਿਭਾਗ, ਆਈਐਸਪੀਆਰ ਦੇ ਅਨੁਸਾਰ, ਪਾਕਿਸਤਾਨ ਨੇ ਜਵਾਬੀ ਕਾਰਵਾਈ ਨੂੰ ‘ਆਪ੍ਰੇਸ਼ਨ ਬੁਨਯਾਨ ਮਰਸੂਸ’ ਦਾ ਨਾਮ ਦਿੱਤਾ ਹੈ।
ਭਾਰਤ ਨੇ ਪਾਕਿਸਤਾਨ ‘ਚ ਕਿਹੜੀਆਂ ਥਾਵਾਂ ਨੂੰ ਨਿਸ਼ਾਨਾ ਬਣਾਇਆ

ਤਸਵੀਰ ਸਰੋਤ, YT/MEA
ਭਾਰਤੀ ਫੌਜ ਦੇ ਕਰਨਲ ਸੋਫ਼ੀਆ ਕੁਰੈਸ਼ੀ ਨੇ ਕਿਹਾ ”ਭਾਰਤੀ ਬਲਾਂ ਨੇ ਤੁਰੰਤ ਅਤੇ ਸੁਨਿਯੋਜਿਤ ਢੰਗ ਨਾਲ, (ਪਾਕਿਸਤਾਨ ਵਿੱਚ) ਟੈਕਨੀਕਲ ਇੰਸਟਾਲੇਸ਼ਨਜ਼, ਕਮਾਂਡ ਅਤੇ ਕੰਟਰੋਲ ਸੈਂਟਰ, ਰਡਾਰ ਸਾਈਟਸ ਅਤੇ ਹਥਿਆਰ ਭੰਡਾਰਾਂ ਨੂੰ ਚੁਣ ਕੇ ਨਿਸ਼ਾਨਾ ਬਣਾਇਆ।”
”ਰਫੀਕੀ, ਮੁਰੀਦ, ਚੱਕਲਾਲਾ, ਰਹਿਮ ਯਾਰ ਖਾਂ, ਸੁਕੁਰ ਅਤੇ ਚੁਨੀਆਂ ਸਥਿਤ ਪਾਕਿਸਤਾਨ ਦੇ ਫੌਜੀ ਟਿਕਾਣਿਆਂ ‘ਤੇ ਏਅਰ ਲਾਂਚਡ ਸਟੀਕ ਹਥਿਆਰਾਂ ਅਤੇ ਲੜਾਕੂ ਜਹਾਜ਼ਾਂ ਨਾਲ ਹਮਲੇ ਕੀਤੇ ਗਏ।”
”ਪਸਰੂਰ ਸਥਿਤ ਰਡਾਰ ਸਾਈਟ ਅਤੇ ਸਿਆਲਕੋਟ ਦੇ ਏਵੀਏਸ਼ਨ ਬੇਸ ‘ਤੇ ਹਮਲਾ ਕੀਤਾ ਗਿਆ। ਇਨ੍ਹਾਂ ਕਾਰਵਾਈਆਂ ਦੌਰਾਨ ਭਾਰਤ ਨੇ ਘੱਟੋ-ਘੱਟ ਕੋਲੈਟਰਲ ਡੈਮੇਜ ( ਆਮ ਨਾਗਰਿਕਾਂ ਨੂੰ ਘੱਟੋ-ਘੱਟ ਨੁਕਸਾਨ) ਯਕੀਨੀ ਬਣਾਇਆ।”
ਉਨ੍ਹਾਂ ਕਿਹਾ ਕਿ, ”ਪਾਕਿਸਤਾਨ ਨੇ ਲਾਹੌਰ ਤੋਂ ਉਡਾਨ ਭਰਨ ਵਾਲੇ ਯਾਤਰੂ ਜਹਾਜ਼ਾਂ ਦੀ ਆੜ ਲੈ ਕੇ ਕੌਮਾਂਤਰੀ ਹਵਾਈ ਰਸਤਿਆਂ ਦੀ ਦੁਰਵਰਤੋਂ ਕੀਤੀ, ਤਾਂ ਜੋ ਉਹ ਆਪਣੀਆਂ ਗਤੀਵਿਧੀਆਂ ਲੁਕਾ ਸਕਣ।”
”ਪਾਕਿਸਤਾਨ ਨੇ ਆਦਮਪੁਰ ਸਥਿਤ ਐਸ 400 ਪ੍ਰਣਾਲੀ, ਸੂਰਤਗੜ੍ਹ ਤੇ ਸਿਰਸਾ ਦੇ ਹਵਾਈ ਅੱਡਾ, ਨਗਰੋਟਾ ਦੇ ਬ੍ਰਹਮੋਸ ਬੇਸ, ਦੇਹਰਾਗੀਰੀ ਦੇ ਤੋਪਖਾਨਾ ਅਤੇ ਚੰਡੀਗੜ੍ਹ ਦੇ ਅਗ੍ਰੀਮ ਗੋਲਾ-ਬਾਰੂਦ ਡਿਪੋ ਨੂੰ ਨਸ਼ਟ ਕਰਨ ਦੇ ਝੂਠੇ ਦਾਅਵੇ ਸੋਸ਼ਲ ਮੀਡੀਆ ‘ਤੇ ਫੈਲਾਏ, ਜਿਨ੍ਹਾਂ ਦਾ ਭਾਰਤੀ ਫੌਜ ਪੂਰੀ ਤਰ੍ਹਾਂ ਖੰਡਨ ਕਰਦੀ ਹੈ।”
ਉਨ੍ਹਾਂ ਕਿਹਾ ਕਿ ਭਾਰਤੀ ਹਥਿਆਰਬੰਦ ਬਲ ਇਸ ਗੱਲ ਨੂੰ ਦੁਹਰਾਉਂਦੇ ਹਨ ਕਿ ‘ਉਹ ਤਣਾਅ ਨੂੰ ਵਧਾਉਣਾ ਨਹੀਂ ਚਾਹੁੰਦੇ, ਬਸ਼ਰਤੇ ਪਾਕਿਸਤਾਨ ਵੀ ਅਜਿਹਾ ਹੀ ਵਿਵਹਾਰ ਕਰੇ’।
(ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ)
source : BBC PUNJABI