Home rss national punjabi2ਰਾਸ਼ਟਰੀ ਖ਼ਬਰਾਂ ਫਰਾਂਸ ਵਿੱਚ ਪ੍ਰਦਰਸ਼ਨ ਇੰਨੇ ਹਿੰਸਕ ਕਿਵੇਂ ਹੋ ਗਏ, ਮੈਕਰੋਨ ਸਰਕਾਰ ਨੂੰ ਲੈ...

ਫਰਾਂਸ ਵਿੱਚ ਪ੍ਰਦਰਸ਼ਨ ਇੰਨੇ ਹਿੰਸਕ ਕਿਵੇਂ ਹੋ ਗਏ, ਮੈਕਰੋਨ ਸਰਕਾਰ ਨੂੰ ਲੈ ਕੇ ਲੋਕਾਂ ਦਾ ਗੁੱਸਾ ਕੀ ਹੈ, ਹੁਣ ਤੱਕ ਕੀ-ਕੀ ਹੋਇਆ

5
0

Source :- BBC PUNJABI

ਫ਼ਰਾਂਸ ਵਿੱਚ ਹਿੰਸਕ ਹੋਏ ਪ੍ਰਦਰਸ਼ਨ

ਵਿਰੋਧ ਪ੍ਰਦਰਸ਼ਨ ਕਰਨ ਦੇ ਮਾਮਲੇ ਵਿੱਚ ਫ਼ਰਾਂਸੀਸੀ ਲੋਕਾਂ ਦਾ ਜਨੂੰਨ ਪੂਰੇ ਯੂਰਪ ਵਿੱਚ ਮਸ਼ਹੂਰ ਹੈ।

ਪਿਛਲੇ ਕੁਝ ਸਾਲਾਂ ਵਿੱਚ, ਅਸੀਂ ਅਕਸਰ ਦੇਖਿਆ ਹੈ ਕਿ ਮਹਿੰਗੇ ਨਿਯਮਾਂ ਤੋਂ ਨਾਰਾਜ਼ ਕਿਸਾਨ ਸਥਾਨਕ ਮੇਅਰ ਦੇ ਦਫ਼ਤਰਾਂ ‘ਤੇ ਗੋਹਾ ਸੁੱਟਦੇ ਹਨ, ਜਦਕਿ ਸ਼ਹਿਰਾਂ ਦੇ ਪਿੱਛੜੇ ਇਲਾਕਿਆਂ ਵਿੱਚ ਨਕਾਬਪੋਸ਼ ਨੌਜਵਾਨ ਦੰਗਾ-ਰੋਕੂ ਪੁਲਿਸ ‘ਤੇ ਘਰ ਵਿੱਚ ਬਣਾਏ ਗਏ ਬੰਬ (ਗ੍ਰਨੇਡ) ਸੁੱਟਦੇ ਰਹਿੰਦੇ ਹਨ।

ਪਿਛਲੇ ਤਿੰਨ ਹਫ਼ਤਿਆਂ ਤੋਂ ਵੀ ਵੱਧ ਸਮੇਂ ਤੋਂ, ਫ਼ਰਾਂਸ ਵਿੱਚ ਹਜ਼ਾਰਾਂ ਵਿਦਿਆਰਥੀਆਂ ਨੇ ਹਾਈ ਸਕੂਲਾਂ ਦੇ ਪ੍ਰਵੇਸ਼ ਦੁਆਰਾਂ ਨੂੰ ਬੰਦ ਕਰ ਦਿੱਤਾ ਹੈ ਅਤੇ ਆਪਣੀਆਂ ਸ਼ਿਕਾਇਤਾਂ ਨੂੰ ਲੈ ਕੇ ਸੜਕਾਂ ‘ਤੇ ਉਤਰ ਆਏ ਹਨ।

ਇਸ ਸ਼ਨੀਵਾਰ ਨੂੰ, ਪੂਰੇ ਫ਼ਰਾਂਸ ਵਿੱਚ ਸੈਂਕੜੇ ਨਵੇਂ ਪ੍ਰਦਰਸ਼ਨਾਂ ਦਾ ਐਲਾਨ ਕੀਤਾ ਗਿਆ ਹੈ।

ਵਿਦਿਆਰਥੀਆਂ ਦੇ ਨਾਲ ਮਜ਼ਦੂਰ ਯੂਨੀਅਨਾਂ ਅਤੇ ਕਥਿਤ ‘ਯੈਲੋ ਵੈਸਟ’ (ਪੀਲੀਆਂ ਜੈਕਟਾਂ) ਅੰਦੋਲਨ ਨਾਲ ਜੁੜੇ ਪ੍ਰਮੁੱਖ ਲੋਕ ਵੀ ਇਸ ਵਿੱਚ ਸ਼ਾਮਿਲ ਹੋ ਸਕਦੇ ਹਨ।

ਫ਼ਰਾਂਸ ਦੇ ਪ੍ਰਧਾਨ ਮੰਤਰੀ ਸੇਬਾਸਟਿਸਨ ਲੇਕੋਰਨੂ ਨੇ ਇਸ ਹਫ਼ਤੇ ਕਿਹਾ ਕਿ ਅਗਲੇ ਸਾਲ ਹੋਣ ਵਾਲੀਆਂ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਜਿਵੇਂ-ਜਿਵੇਂ ਸਿਆਸੀ ਮਾਹੌਲ ਗਰਮਾ ਰਿਹਾ ਹੈ, ਵਿਦਿਆਰਥੀਆਂ ਦੇ ਗੁੱਸੇ ਨੂੰ ਆਪਣੇ ਫ਼ਾਇਦੇ ਲਈ ਵਰਤਿਆ ਜਾ ਰਿਹਾ ਹੈ।

ਫ਼ਰਾਂਸ ਦੇ ਪ੍ਰਧਾਨ ਮੰਤਰੀ ਸੇਬਾਸਟਿਅਨ ਲੇਕੋਰਨੂ

ਪ੍ਰਧਾਨ ਮੰਤਰੀ ਲੇਕੋਰਨੂ ਸੋਮਵਾਰ ਨੂੰ ਕੈਬਨਿਟ ਦੀ ਐਮਰਜੈਂਸੀ ਮੀਟਿੰਗ ਵੀ ਕਰ ਰਹੇ ਹਨ। ਇਸ ਦਾ ਮਕਸਦ ਪੂਰੇ ਦੇਸ਼ ਵਿੱਚ ਹਫ਼ਤੇ ਦੇ ਅਖ਼ੀਰ ਦੌਰਾਨ ਹੋਈ ਹਿੰਸਾ ਅਤੇ ਲੁੱਟਮਾਰ ਦੀਆਂ ਘਟਨਾਵਾਂ ਦਾ ਜਾਇਜ਼ਾ ਲੈਣਾ ਹੈ।

ਇਸ ਹਫ਼ਤੇ ਦੇ ਅੰਤ ‘ਤੇ ਪੈਰਿਸ, ਲਿਓਂ ਅਤੇ ਮਾਰਸੇਈ ਸਮੇਤ ਪੂਰੇ ਫਰਾਂਸ ਵਿੱਚ ਭੜਕੀ ਹਿੰਸਾ ਤੋਂ ਬਾਅਦ ਫ਼ਰਾਂਸ ਦੇ ਗ੍ਰਹਿ ਮੰਤਰੀ ਲੌਰਾਂ ਨੂਨੇਜ਼ ‘ਤੇ ਅਸਤੀਫ਼ਾ ਦੇਣ ਦਾ ਦਬਾਅ ਸੀ ਅਤੇ ਇਸਦੇ ਚੱਲਦਿਆਂ ਉਨ੍ਹਾਂ ਨੇ ਆਪਣਾ ਅਹੁਦਾ ਤਿਆਗਣ ਲਈ ਅਸਤੀਫ਼ਾ ਦੇਣਾ ਵੀ ਚਾਹਿਆ।

ਪਰ ਐਲੀਜ਼ੇ ਪੈਲੇਸ ਮੁਤਾਬਕ, ਮੈਕਰੋਨ ਨੇ ਉਨ੍ਹਾਂ ਦਾ ਅਸਤੀਫ਼ਾ ਇਹ ਕਹਿੰਦਿਆਂ ਠੁਕਰਾ ਦਿੱਤਾ ਕਿ “ਕਾਨੂੰਨ-ਵਿਵਸਥਾ ਬਣਾਈ ਰੱਖਣ ਲਈ ਉਨ੍ਹਾਂ ਦੀ ਅਗਵਾਈ ਦੀ ਲਗਾਤਾਰ ਲੋੜ ਹੈ।”

ਸ਼ਨੀਵਾਰ ਅਤੇ ਐਤਵਾਰ ਨੂੰ ਕੀ-ਕੀ ਹੋਇਆ

ਫ਼ਰਾਂਸ ਵਿੱਚ ਹਿੰਸਕ ਹੋਏ ਪ੍ਰਦਰਸ਼ਨ

ਸ਼ਨੀਵਾਰ ਨੂੰ, ਮੁੱਖ ਤੌਰ ‘ਤੇ ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਪੰਜ ਲੱਖ ਤੋਂ ਵੱਧ ਲੋਕਾਂ ਨੇ ਵਧਦੀ ਮਹਿੰਗਾਈ ਅਤੇ ਚੰਗੀਆਂ ਜਨਤਕ ਸੇਵਾਵਾਂ (ਜਿਨ੍ਹਾਂ ਵਿੱਚ ਬਿਹਤਰ ਸਰਕਾਰੀ ਸਿੱਖਿਆ ਵੀ ਸ਼ਾਮਿਲ ਹੈ) ਤੱਕ ਪਹੁੰਚ ਘਟਣ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ।

ਪਰ ਕਾਲੇ ਕੱਪੜੇ ਪਹਿਨੇ ਅਤੇ ਨਕਾਬਪੋਸ਼ ਪ੍ਰਦਰਸ਼ਨਕਾਰੀਆਂ ਤੇ ਹੁੱਲੜਬਾਜ਼ਾਂ ਦੇ ਸਮੂਹਾਂ ਦੇ ਆਉਣ ਤੋਂ ਬਾਅਦ ਇਹ ਪ੍ਰਦਰਸ਼ਨ ਹਿੰਸਕ ਹੋ ਗਏ।

ਅੰਦਾਜ਼ਾ ਹੈ ਕਿ ਲਗਭਗ 1,500 ਦੁਕਾਨਾਂ ਅਤੇ ਕਾਰੋਬਾਰੀ ਅਦਾਰਿਆਂ ਵਿੱਚ ਲੁੱਟਮਾਰ ਕੀਤੀ ਗਈ ਅਤੇ ਉਨ੍ਹਾਂ ਨੂੰ ਤਬਾਹ ਕਰ ਦਿੱਤਾ ਗਿਆ।

ਦੰਗਾ-ਰੋਕੂ ਪੁਲਿਸ ਨੇ ਭੀੜ ‘ਤੇ ਅੱਥਰੂ ਗੈਸ ਦੇ ਗੋਲੇ ਛੱਡੇ ਅਤੇ ਵਾਟਰ ਕੈਨਨ ਦੀ ਵਰਤੋਂ ਕੀਤੀ। ਕਈ ਥਾਵਾਂ ‘ਤੇ ਪੁਲਿਸ ਨੂੰ ਲੋਕਾਂ ‘ਤੇ ਲਾਠੀਆਂ ਵਰ੍ਹਾਉਂਦੇ ਵੀ ਦੇਖਿਆ ਗਿਆ।

ਫ਼ਰਾਂਸ ਦੇ ਗ੍ਰਹਿ ਮੰਤਰਾਲੇ ਨੇ ਦੱਸਿਆ ਕਿ ਸ਼ਨੀਵਾਰ ਨੂੰ ਲਗਭਗ 1,000 ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ, ਜਿਨ੍ਹਾਂ ਵਿੱਚੋਂ ਸੱਤ ਦੀ ਹਾਲਤ ਗੰਭੀਰ ਹੈ।

ਫ਼ਰਾਂਸ ਵਿੱਚ ਹਿੰਸਕ ਹੋਏ ਪ੍ਰਦਰਸ਼ਨ

ਪੈਰਿਸ ਵਿੱਚ ਕੱਪੜਿਆਂ ਅਤੇ ਖਾਣ-ਪੀਣ ਦੀਆਂ ਚੀਜ਼ਾਂ ਦੀਆਂ ਦੁਕਾਨਾਂ ਵਿੱਚ ਲੁੱਟਮਾਰ ਕੀਤੀ ਗਈ, ਜਦਕਿ ਲੀਲ ਸ਼ਹਿਰ ਵਿੱਚ ਐਪਲ ਸਟੋਰ ਵਿੱਚ ਦਾਖ਼ਲ ਹੋ ਕੇ ਉੱਥੋਂ ਸਾਮਾਨ ਲੁੱਟ ਲਿਆ ਗਿਆ।

ਬੀਬੀਸੀ ਵੈਰੀਫਾਈ ਨੇ ਇੱਕ ਵੀਡੀਓ ਦੀ ਪੁਸ਼ਟੀ ਕੀਤੀ, ਜਿਸ ਵਿੱਚ ਗ੍ਰੇਨੋਬਲ ਦੇ ਸ਼ਹਿਰ ਦੇ ਕੇਂਦਰ ਵਿੱਚ ਇੱਕ ਤੰਗ ਗਲੀ ਵਿੱਚ ਨਕਾਬਪੋਸ਼ ਲੋਕ ਸੈਲਾਨੀਆਂ ਵਾਲੀ ਇੱਕ ਟ੍ਰੇਨ ਚਲਾਉਂਦੇ ਹੋਏ ਘੱਟੋ-ਘੱਟ ਤਿੰਨ ਦੰਗਾ-ਰੋਕੂ ਪੁਲਿਸ ਮੁਲਾਜ਼ਮਾਂ ਵੱਲ ਵਧਦੇ ਦਿਖਾਈ ਦਿੱਤੇ।

ਹੁਣ ਕੀ ਹੋਵੇਗਾ, ਅੱਗੇ ਕੀ ਹੋਵੇਗਾ? ਕੀ ਸਾਡਾ ਦੇਸ਼ ਟੁੱਟ ਗਿਆ ਹੈ? ਫ਼ਰਾਂਸ ‘ਚ ਅੱਜਕੱਲ੍ਹ ਲੋਕ ਅਕਸਰ ਹੀ ਅਜਿਹੇ ਸਵਾਲ ਪੁੱਛਦੇ ਸੁਣਾਈ ਦਿੰਦੇ ਹਨ।

ਸ਼ਨੀਵਾਰ-ਐਤਵਾਰ ਦੀਆਂ ਘਟਨਾਵਾਂ ਨੇ ਪੂਰੇ ਫ਼ਰਾਂਸ ਦੇ ਲੋਕਾਂ ਨੂੰ ਹੈਰਾਨ ਅਤੇ ਪਰੇਸ਼ਾਨ ਕਰ ਦਿੱਤਾ ਹੈ। ਅੱਥਰੂ ਗੈਸ ਨਾਲ ਭਰੇ ਸ਼ਹਿਰ, ਬੇਖ਼ੌਫ਼ ਲੁੱਟਮਾਰ ਕਰਦੇ ਲੋਕ ਅਤੇ ਅੱਗ ਦੀ ਲਪੇਟ ਵਿੱਚ ਆਈਆਂ ਸਰਕਾਰੀ ਇਮਾਰਤਾਂ – ਇਨ੍ਹਾਂ ਦ੍ਰਿਸ਼ਾਂ ਨੇ ਪੂਰੇ ਦੇਸ਼ ਨੂੰ ਚਿੰਤਾ ਵਿੱਚ ਪਾ ਦਿੱਤਾ ਹੈ।

ਬੀਬੀਸੀ ਨਾਲ ਗੱਲ ਕਰਦਿਆਂ ਕਈ ਰਾਹਗੀਰਾਂ ਨੇ ਨਿਰਾਸ਼ਾ ਜ਼ਾਹਰ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਇੱਕ ਪਾਸੇ ਉਹ ਆਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ, ਜਦਕਿ ਉਨ੍ਹਾਂ ਦੇ ਪ੍ਰਮੁੱਖ ਸਿਆਸਤਦਾਨ ਇੱਕ-ਦੂਜੇ ‘ਤੇ ਦੋਸ਼ ਲਾਉਣ ਵਿੱਚ ਹੀ ਲੱਗੇ ਹੋਏ ਹਨ। ਉਹ ਇਸ ਅਸਥਿਰਤਾ ਲਈ ਇੱਕ-ਦੂਜੇ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ।

ਇਤਿਹਾਸਿਕ ਇਮਾਰਤ ਵਿੱਚ ਅੱਗਜ਼ਨੀ

ਫ਼ਰਾਂਸ ਵਿੱਚ ਹਿੰਸਕ ਹੋਏ ਪ੍ਰਦਰਸ਼ਨ

ਲਓਨ ਦੇ ਮੇਅਰ ਗ੍ਰੇਗੋਰੀ ਦੂਸੇ ਨੇ ਸ਼ਹਿਰ ਦੇ ਸੈਰ-ਸਪਾਟਾ ਦਫ਼ਤਰ ਵਿੱਚ ਅੱਗ ਲਗਾਏ ਜਾਣ ਦੀ ਘਟਨਾ ਨੂੰ ਸ਼ਹਿਰ ਲਈ “ਇੱਕ ਤ੍ਰਾਸਦੀ” ਦੱਸਿਆ।

ਉਨ੍ਹਾਂ ਨੇ ਬੀਐੱਫਐੱਮਟੀਵੀ ਨਾਲ ਗੱਲਬਾਤ ਕਰਦਿਆਂ ਕਿਹਾ, “ਇਸ ਨਾਲ ਸਾਡਾ ਦਿਲ ਟੁੱਟ ਗਿਆ ਹੈ, ਕਿਉਂਕਿ ਇਹ ਇੱਕ ਬੇਹੱਦ ਮਸ਼ਹੂਰ ਅਤੇ ਇਤਿਹਾਸਕ ਇਮਾਰਤ ਹੈ।”

ਸਥਾਨਕ ਪੁਲਿਸ ਨੇ ਕਿਹਾ ਕਿ “ਹਮਲਾਵਰ ਰਵੱਈਏ ਵਾਲੇ ਲੋਕਾਂ” ਨੇ ਅੱਗ ਬੁਝਾਉਣ ਵਾਲੇ ਮੁਲਾਜ਼ਮਾਂ ਨੂੰ ਸੁਰੱਖਿਅਤ ਢੰਗ ਨਾਲ ਅੱਗ ਬੁਝਾਉਣ ਤੋਂ ਰੋਕਿਆ।

ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਲਿਮੋਜ਼ ਦੇ ਟਾਊਨ ਹਾਲ ਵਿੱਚ ਲੱਗੀ ਅੱਗ ‘ਤੇ ਵੀ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਅੱਗ ਕਾਰਨ ਇਮਾਰਤ ਦਾ ਇੱਕ ਹਿੱਸਾ ਢਹਿ ਗਿਆ।

ਐਤਵਾਰ ਸਵੇਰੇ ਲਿਮੋਜ਼ ਸ਼ਹਿਰ ਦੇ ਸਿਟੀ ਹਾਲ ਦੇ ਅੰਦਰ ਹੋਏ ਨੁਕਸਾਨ ਦੀ ਇੱਕ ਝਲਕ

ਦੱਖਣ-ਪੂਰਬੀ ਸ਼ਹਿਰ ਸੇਂਟ-ਐਟੀਨ ਦੇ ਮੇਅਰ ਰੇਜਿਸ ਜੁਆਨੀਕੋ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਇੱਕ ਨੌਜਵਾਨ ਦਾ “ਗ੍ਰਨੇਡ ਕਾਰਨ ਹੱਥ ਉੱਡ ਗਿਆ”।

ਉਨ੍ਹਾਂ ਅੱਗੇ ਕਿਹਾ, “ਅਜਿਹੀ ਤ੍ਰਾਸਦੀ ਕਦੇ ਨਹੀਂ ਵਾਪਰਨੀ ਚਾਹੀਦੀ ਸੀ।”

ਗ੍ਰਹਿ ਮੰਤਰਾਲੇ ਨੇ ਕਿਹਾ ਕਿ ਪ੍ਰਦਰਸ਼ਨਾਂ ਦੌਰਾਨ ਰਾਜਧਾਨੀ ਦੇ ਕੁਝ ਹਿੱਸਿਆਂ ਅਤੇ ਮਾਰਸੇਈ, ਰੇਨੇਸ, ਟੂਲੂਜ਼ ਤੇ ਆਂਜੇ ਸਮੇਤ ਕਈ ਥਾਵਾਂ ‘ਤੇ “ਨਕਾਬਪੋਸ਼ ਲੋਕਾਂ” ਨੇ “ਨਿਸ਼ਾਨਾ ਬਣਾ ਕੇ ਹਿੰਸਕ ਘਟਨਾਵਾਂ” ਨੂੰ ਅੰਜਾਮ ਦਿੱਤਾ।

ਫ਼ਰਾਂਸ ਵਿੱਚ ਇਮਾਰਤਾਂ ਨੂੰ ਨੁਕਸਾਨ ਪਹੁੰਚਣ ਦੀਆਂ ਖ਼ਬਰਾਂ ਸਾਹਮਣੇ ਆਈਆਂ। ਇਨ੍ਹਾਂ ਵਿੱਚ ਗ੍ਰੇਨੋਬਲ, ਐਵਿਨਿਓਂ, ਪੋ, ਮੋਨਪੇਲੀਏ ਅਤੇ ਵਾਲਾਂਸ ਸ਼ਾਮਿਲ ਹਨ।

ਮੈਕਰੋਨ ਅਤੇ ਪ੍ਰਸ਼ਾਸਨ ਨੇ ਕੀ ਕਿਹਾ?

ਰਾਸ਼ਟਰਪਤੀ ਇਮੈਨੁਅਲ ਮੈਕਰੋਨ

ਫ਼ਰਾਂਸ ਵਿੱਚ ਅਜਿਹੀਆਂ ਅਫ਼ਵਾਹਾਂ ਸਨ ਕਿ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਦੇਸ਼ ਦੇ ਕੁਝ ਹਿੱਸਿਆਂ ਵਿੱਚ ਆਰਜ਼ੀ ਤੌਰ ‘ਤੇ ਕਰਫ਼ਿਊ ਲਗਾ ਸਕਦੇ ਹਨ ਜਾਂ ਤਣਾਅਪੂਰਨ ਮਾਹੌਲ ਨੂੰ ਸ਼ਾਂਤ ਕਰਨ ਲਈ ਐਮਰਜੈਂਸੀ ਦਾ ਐਲਾਨ ਕਰ ਸਕਦੇ ਹਨ।

ਅਖ਼ੀਰ, ਐਤਵਾਰ ਨੂੰ ਉਨ੍ਹਾਂ ਨੇ ਟੈਲੀਵਿਜ਼ਨ ਰਾਹੀਂ ਦੇਸ਼ ਨੂੰ ਸੰਬੋਧਨ ਕਰਦਿਆਂ ਲੋਕਾਂ ਨੂੰ ਕੌਮੀ ਏਕਤਾ ਦੀ ਅਪੀਲ ਕੀਤੀ ਅਤੇ ਫ਼ਰਾਂਸੀਸੀ ਲੋਕਾਂ ਨੂੰ ਭਰੋਸਾ ਦਿਵਾਇਆ ਕਿ ਹਿੰਸਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇਗੀ।

ਨਾਲ ਹੀ, ਫ਼ਰਾਂਸੀਸੀ ਪ੍ਰਸ਼ਾਸਨ ਨੂੰ ਉਮੀਦ ਹੈ ਕਿ ਅਗਲੇ ਦੋ ਹਫ਼ਤਿਆਂ ਦੌਰਾਨ ਉਸ ਨੂੰ ਕੁਝ ਰਾਹਤ ਮਿਲੇਗੀ। ਸੋਮਵਾਰ ਤੋਂ ਵਿਦਿਆਰਥੀਆਂ ਦੀਆਂ ‘ਹਾਫ਼-ਟਰਮ’ ਛੁੱਟੀਆਂ ਵੀ ਸ਼ੁਰੂ ਹੋ ਰਹੀਆਂ ਹਨ।

ਪਰ 5 ਨਵੰਬਰ ਨੂੰ ਕਈ ਟਰੇਡ ਯੂਨੀਅਨਾਂ ਅਤੇ ਫ਼ਰਾਂਸ ਦੇ ‘ਯੈਲੋ ਜੈਕਟ’ (ਜੀਲੇ ਜੌਨ) ਅੰਦੋਲਨ ਨਾਲ ਜੁੜੇ ਲੋਕਾਂ ਨੇ ਵੱਡੇ ਪੱਧਰ ‘ਤੇ ਵਿਰੋਧ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਹੈ।

ਫ਼ਰਾਂਸ ਵਿੱਚ ਇਸ ਸਮੇਂ ਭਾਰੀ ਤਣਾਅ ਅਤੇ ਬੇਚੈਨੀ ਦਾ ਮਾਹੌਲ ਹੈ।

ਮੈਕਰੋਨ ਦੀ ਆਲੋਚਨਾ

ਫ਼ਰਾਂਸ ਵਿੱਚ ਹਿੰਸਕ ਹੋਏ ਪ੍ਰਦਰਸ਼ਨ

ਸੋਸ਼ਲ ਮੀਡੀਆ ਅਤੇ ਸਿਆਸੀ ਵਿਰੋਧੀਆਂ ਨੇ ਮੈਕਰੋਨ ਦੇ ਐਤਵਾਰ ਵਾਲੇ ਭਾਸ਼ਣ ਦੀ ਸਖ਼ਤ ਆਲੋਚਨਾ ਕੀਤੀ ਹੈ ਅਤੇ ਕਿਹਾ ਕਿ ਇਸ ਵਿੱਚ ਕੋਈ ਠੋਸ ਜਾਣਕਾਰੀ ਨਹੀਂ ਦਿੱਤੀ ਗਈ ਸੀ।

ਸਵਾਲ ਕੀਤੇ ਜਾ ਰਹੇ ਹਨ ਕਿ ਹੁਣ ਹੁੱਲੜਬਾਜ਼ਾਂ ਅਤੇ ਦੰਗਾ ਕਰਨ ਵਾਲਿਆਂ ਨੂੰ ਜਵਾਬਦੇਹ ਕਿਵੇਂ ਠਹਿਰਾਇਆ ਜਾਵੇਗਾ?

ਫ਼ਰਾਂਸ ਦੇ ਕਸਬਿਆਂ ਅਤੇ ਸ਼ਹਿਰਾਂ ਨੂੰ ਬਿਹਤਰ ਸੁਰੱਖਿਆ ਕਿਵੇਂ ਦਿੱਤੀ ਜਾ ਸਕਦੀ ਹੈ, ਖ਼ਾਸ ਕਰਕੇ ਉਦੋਂ ਜਦੋਂ ਕੁਝ ਹਫ਼ਤਿਆਂ ਵਿੱਚ ਮੁੜ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ ਗਿਆ ਹੈ?

ਤਬਾਹ ਹੋਏ ਕਾਰੋਬਾਰਾਂ ਦੇ ਨੁਕਸਾਨ ਦੀ ਭਰਪਾਈ ਕਿਵੇਂ ਕੀਤੀ ਜਾਵੇਗੀ?

ਅਤੇ ਸਿੱਖਿਆ ਦੇ ਮੁੱਦੇ ‘ਤੇ ਵਿਦਿਆਰਥੀਆਂ ਤੇ ਅਧਿਆਪਕਾਂ ਦੀਆਂ ਜਥੇਬੰਦੀਆਂ ਨਾਲ ਗੱਲਬਾਤ ਕਦੋਂ ਸ਼ੁਰੂ ਹੋਵੇਗੀ?

ਐਤਵਾਰ ਨੂੰ ਸੀਜੀਟੀ ਯੂਨੀਅਨ ਦੇ ਜਨਰਲ ਸਕੱਤਰ ਸੋਫੀ ਬਿਨੇ ਨੇ ਮੈਕਰੋਨ ‘ਤੇ ਇਲਜ਼ਾਮ ਲਾਇਆ ਕਿ ਉਹ ਵਿਦਿਆਰਥੀਆਂ ਦੀਆਂ ਚਿੰਤਾਵਾਂ, ਵਧਦੀ ਮਹਿੰਗਾਈ ਦੇ ਸੰਕਟ ਅਤੇ ਫ਼ਰਾਂਸ ਵਿੱਚ ਜਨਤਕ ਸੇਵਾਵਾਂ ਦੀ ਡਿੱਗਦੀ ਗੁਣਵੱਤਾ ਦੇ ਮਾਮਲੇ ਵਿੱਚ ਕੁਝ ਵੀ ਕਰਨ ਵਿੱਚ ਨਾਕਾਮ ਰਹੇ ਹਨ।

ਫ਼ਰਾਂਸ ਵਿੱਚ ਕਈ ਲੋਕ ਮੈਕਰੋਨ ਅਤੇ ਉਨ੍ਹਾਂ ਦੇ ਗ੍ਰਹਿ ਮੰਤਰੀ ‘ਤੇ ਇਲਜ਼ਾਮ ਲਾ ਰਹੇ ਹਨ ਕਿ ਸ਼ਨੀਵਾਰ ਨੂੰ ਪਹਿਲਾਂ ਤੋਂ ਤੈਅ ਪ੍ਰਦਰਸ਼ਨਾਂ ਨਾਲ ਨਜਿੱਠਣ ਲਈ ਉਨ੍ਹਾਂ ਦੀਆਂ ਤਿਆਰੀਆਂ ਬਹੁਤ ਕਮਜ਼ੋਰ ਸਨ ਅਤੇ ਉੱਥੇ ਲੋੜੀਂਦੀ ਗਿਣਤੀ ਵਿੱਚ ਪੁਲਿਸ ਮੁਲਾਜ਼ਮ ਤਾਇਨਾਤ ਨਹੀਂ ਕੀਤੇ ਗਏ ਸਨ।

ਫ਼ਰਾਂਸ ਦੀ ਸੰਸਦ ਦੇ ਹੇਠਲੇ ਸਦਨ ਦੇ ਸਪੀਕਰ ਯਾਏਲ ਬ੍ਰੌਨ-ਪਿਵੇ ਕਹਿੰਦੇ ਹਨ ਕਿ ਉਹ ਇਸ ਗੱਲ ਦੀ ਜਾਂਚ ਸ਼ੁਰੂ ਕਰਨਾ ਚਾਹੁੰਦੇ ਹਨ ਕਿ ਇਸ ਹਫ਼ਤੇ ਦੇ ਅਖ਼ੀਰ ਵਿੱਚ ਅਸਲ ਵਿੱਚ ਕੀ ਹੋਇਆ ਅਤੇ ਕਿਉਂ ਹੋਇਆ।

ਐਤਵਾਰ ਰਾਤ ਨੂੰ ਫ਼ਰਾਂਸ ਦੀ ਰਾਜਧਾਨੀ ਵਿੱਚ ਭੰਨ-ਤੋੜ ਦਾ ਸ਼ਿਕਾਰ ਹੋਈਆਂ ਦੁਕਾਨਾਂ ਦੀ ਇੱਕ ਕਤਾਰ ਦੇ ਨੇੜੇ ਕੰਧ ‘ਤੇ ਲਾਲ ਰੰਗ ਨਾਲ ਲਿਖਿਆ ਹੋਇਆ ਸੀ, “ਰੌਸ਼ਨੀਆਂ ਦੇ ਸ਼ਹਿਰ [ਪੈਰਿਸ ਦਾ ਉਪਨਾਮ] ਵਿੱਚ ਚੀਜ਼ਾਂ ਹਨ੍ਹੇਰੀਆਂ ਹੋ ਗਈਆਂ ਹਨ।”

ਪ੍ਰਦਰਸ਼ਨ ਕਿਉਂ ਸ਼ੁਰੂ ਹੋਏ?

ਫ਼ਰਾਂਸ ਵਿੱਚ ਹਿੰਸਕ ਹੋਏ ਪ੍ਰਦਰਸ਼ਨ

ਹਾਲ ਹੀ ਦੇ ਹਫ਼ਤਿਆਂ ਵਿੱਚ ਲੱਖਾਂ ਵਿਦਿਆਰਥੀਆਂ ਨੇ ਦੇਸ਼ ਦੇ ਲੀਸੀ ਯਾਨੀ ਸੈਕੰਡਰੀ ਸਕੂਲਾਂ ਵਿੱਚ ਸਟਾਫ਼ ਦੀ ਘਾਟ ਅਤੇ ਖਸਤਾ ਹਾਲਤ ਸਹੂਲਤਾਂ ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਹੈ। ਇਨ੍ਹਾਂ ਸਕੂਲਾਂ ਵਿੱਚ 15 ਤੋਂ 18 ਸਾਲ ਦੀ ਉਮਰ ਦੇ ਬੱਚੇ ਪੜ੍ਹਦੇ ਹਨ।

ਸਤੰਬਰ ਦੇ ਅਖ਼ੀਰ ਤੋਂ ਫ਼ਰਾਂਸ ਦੇ ਵਿਦਿਆਰਥੀਆਂ ਨੇ ਬਿਹਤਰ ਹਾਲਾਤ ਦੀ ਮੰਗ ਕਰਦਿਆਂ ਦੇਸ਼ ਭਰ ਦੇ ਸੈਂਕੜੇ ਹਾਈ ਸਕੂਲਾਂ ਦੇ ਗੇਟ ਬੰਦ ਕਰ ਦਿੱਤੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੌਰਾਨ ਸੁਰੱਖਿਆ ਬਲਾਂ ਨਾਲ ਝੜਪਾਂ ਵੀ ਹੋਈਆਂ ਹਨ।

ਫ਼ਰਾਂਸ ਦੇ ਸਕੂਲਾਂ ਵਿੱਚ ਵਧੇਰੇ ਨਿਵੇਸ਼ ਦੀ ਮੰਗ ਨੂੰ ਲੈ ਕੇ ਹਾਈ ਸਕੂਲਾਂ ਅਤੇ ਯੂਨੀਵਰਸਿਟੀਆਂ ਦੇ ਵਿਦਿਆਰਥੀਆਂ ਦੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਜਾਰੀ ਹਨ। ਦੇਸ਼ ਦੀਆਂ ਕੁਝ ਸਭ ਤੋਂ ਵੱਡੀਆਂ ਟਰੇਡ ਯੂਨੀਅਨਾਂ ਦਾ ਗੱਠਜੋੜ ਵੀ ਉਨ੍ਹਾਂ ਦੇ ਨਾਲ ਸ਼ਾਮਿਲ ਹੋ ਗਿਆ ਹੈ।

ਸ਼ਨੀਵਾਰ ਨੂੰ ਟਰੇਡ ਯੂਨੀਅਨ ਦੇ ਮੈਂਬਰਾਂ ਅਤੇ ਹੋਰ ਵਿਰੋਧੀ ਸਮੂਹਾਂ ਦੇ ਸ਼ਾਮਿਲ ਹੋਣ ਨਾਲ ਪ੍ਰਦਰਸ਼ਨਕਾਰੀਆਂ ਦੀ ਗਿਣਤੀ ਵਧ ਗਈ।

ਇਨ੍ਹਾਂ ਸਮੂਹਾਂ ਵਿੱਚ ਕਥਿਤ ‘ਯੈਲੋ ਵੈਸਟ’ ਅੰਦੋਲਨ ਦੇ ਮੈਂਬਰ ਵੀ ਸ਼ਾਮਿਲ ਹਨ। ਇਸ ਅੰਦੋਲਨ ਦੇ ਮੈਂਬਰਾਂ ਨੇ 2018 ਤੋਂ ਇੱਕ ਸਾਲ ਤੋਂ ਵੱਧ ਸਮੇਂ ਤੱਕ ਜੀਵਨ-ਨਿਰਬਾਹ ਦੀ ਵਧਦੀ ਲਾਗਤ (ਮਹਿੰਗਾਈ) ਦੇ ਖ਼ਿਲਾਫ਼ ਪ੍ਰਦਰਸ਼ਨ ਕੀਤਾ ਸੀ।

ਇਹ ਫ਼ਰਾਂਸ ਦੇ ਇਤਿਹਾਸ ਦੇ ਸਭ ਤੋਂ ਲੰਬੇ ਸਮੇਂ ਤੱਕ ਚੱਲਣ ਵਾਲੇ ਵਿਰੋਧ ਅੰਦੋਲਨਾਂ ਵਿੱਚੋਂ ਇੱਕ ਬਣ ਗਿਆ ਸੀ।

ਫ਼ਰਾਂਸ ਵਿੱਚ ਵਿਰੋਧ ਪ੍ਰਦਰਸ਼ਨ ਅਤੇ ਅਸ਼ਾਂਤੀ ਦੀਆਂ ਘਟਨਾਵਾਂ ਨਵੀਆਂ ਨਹੀਂ ਹਨ, ਪਰ ਇਸ ਵਾਰ ਇਹ ਪ੍ਰਦਰਸ਼ਨ ਅਜਿਹੇ ਸਮੇਂ ਹੋ ਰਹੇ ਹਨ, ਜਦੋਂ ਦੇਸ਼ ਡੂੰਘੀ ਸਿਆਸੀ ਅਨਿਸ਼ਚਿਤਤਾ ਦੇ ਦੌਰ ਵਿੱਚ ਦਾਖ਼ਲ ਹੋ ਰਿਹਾ ਹੈ।

ਹਿੰਸਾ ਦੌਰਾਨ ਲੱਗੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦਾ ਇੱਕ ਵਿਅਕਤੀ

ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਅਗਲੇ ਸਾਲ ਅਹੁਦਾ ਛੱਡ ਦੇਣਗੇ। ਜਨਮਤ ਸਰਵੇਖਣਾਂ ਮੁਤਾਬਕ, ਅਪ੍ਰੈਲ ਵਿੱਚ ਹੋਣ ਵਾਲੀ ਰਾਸ਼ਟਰਪਤੀ ਚੋਣ ਨੈਸ਼ਨਲ ਰੈਲੀ ਦੇ ਆਗੂ ਮਰੀਨ ਲੇ ਪੇਨ ਅਤੇ ਕੱਟੜ ਖੱਬੇ-ਪੱਖੀ ਪਾਰਟੀ ‘ਲਾ ਫ਼ਰਾਂਸ ਇਨਸੂਮੀਜ਼’ ਦੇ ਆਗੂ ਜਾਂ-ਲਿਊਕ ਮੇਲਾਂਸ਼ੋਂ ਵਿਚਾਲੇ ਮੁਕਾਬਲੇ ਵਿੱਚ ਬਦਲ ਸਕਦੀ ਹੈ।

ਮੇਲਾਂਸ਼ੋਂ ਨੇ ਫ਼ਰਾਂਸ ਵਿੱਚ ਹੋਏ ਪ੍ਰਦਰਸ਼ਨਾਂ ਵਿੱਚ ਹਿੱਸਾ ਲਿਆ। ਬਾਅਦ ਵਿੱਚ ਉਨ੍ਹਾਂ ਨੇ ਪੁਲਿਸ ਅਧਿਕਾਰੀਆਂ ‘ਤੇ ਪ੍ਰਦਰਸ਼ਨਕਾਰੀਆਂ ਦੇ ਖ਼ਿਲਾਫ਼ “ਟੁੱਟ ਪੈਣ” ਦਾ ਇਲਜ਼ਾਮ ਲਾਇਆ, ਹਾਲਾਂਕਿ ਉਨ੍ਹਾਂ ਨੇ ਲੁੱਟਮਾਰ ਅਤੇ ਅੱਗਜ਼ਨੀ ਦੀ ਨਿੰਦਾ ਵੀ ਕੀਤੀ।

ਪ੍ਰਧਾਨ ਮੰਤਰੀ ਲੇਕੋਰਨੂ ਨੇ ਉਨ੍ਹਾਂ ਦੀਆਂ ਟਿੱਪਣੀਆਂ ਨੂੰ “ਖ਼ਤਰਨਾਕ ਅਤੇ ਨਿੰਦਣਯੋਗ” ਦੱਸਿਆ।

ਇਸ ਤੋਂ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਪੁਲਿਸ ਨੂੰ “ਬਹੁਤ ਜ਼ਿਆਦਾ ਹਿੰਸਾ” ਦਾ ਸਾਹਮਣਾ ਕਰਨਾ ਪਿਆ।

ਫ਼ਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਕਿਹਾ, “ਜਿਨ੍ਹਾਂ ਲੋਕਾਂ ਨੇ ਪ੍ਰੀਫੈਕਚਰ ਅਤੇ ਵਪਾਰਕ ਅਦਾਰਿਆਂ ਵਿੱਚ ਭੰਨ-ਤੋੜ ਕੀਤੀ, ਉਨ੍ਹਾਂ ‘ਤੇ ਹਮਲਾ ਕੀਤਾ ਅਤੇ ਇੱਥੋਂ ਤੱਕ ਕਿ ਸਾਡੇ ਟਾਊਨ ਹਾਲ ਵਿੱਚ ਵੀ ਲੁੱਟਮਾਰ ਕੀਤੀ, ਉਨ੍ਹਾਂ ਖ਼ਿਲਾਫ਼ ਮੁਕੱਦਮਾ ਚਲਾਇਆ ਜਾਵੇਗਾ ਅਤੇ ਉਨ੍ਹਾਂ ਨੂੰ ਸਜ਼ਾ ਦਿੱਤੀ ਜਾਵੇਗੀ।”

ਸਰਕਾਰ ਨੇ ਰਿਆਇਤਾਂ ਦੇਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਹਨ। ਸਿੱਖਿਆ ਮੰਤਰੀ ਐਡੁਆਰ ਗੇਫਰੇ ਨੇ 8 ਅਕਤੂਬਰ ਨੂੰ ਇੱਕ ਟੈਲੀਵਿਜ਼ਨ ਇੰਟਰਵਿਊ ਦੌਰਾਨ 3,000 ਵਾਧੂ ਅਸਥਾਈ ਅਧਿਆਪਕਾਂ ਦੀ ਨਿਯੁਕਤੀ ਕਰਨ ਦਾ ਵਾਅਦਾ ਕੀਤਾ।

ਹਾਲਾਂਕਿ, ਵਿਰੋਧ ਪ੍ਰਦਰਸ਼ਨ ਜਾਰੀ ਹਨ ਅਤੇ ਇਨ੍ਹਾਂ ਦੀ ਤੀਬਰਤਾ ਵਧ ਗਈ ਹੈ।

ਸਿਆਸਤ ਭਖੀ

ਮੈਕਰੋਨ

ਫ਼ਰਾਂਸ ਵਿੱਚ ਮੈਕਰੋਨ ਨੂੰ ਇੱਕ ‘ਕਮਜ਼ੋਰ’ (ਲੇਮ-ਡੱਕ) ਰਾਸ਼ਟਰਪਤੀ ਵਜੋਂ ਦੇਖਿਆ ਜਾ ਰਿਹਾ ਹੈ। ਉਨ੍ਹਾਂ ਦਾ ਕਾਰਜਕਾਲ ਖ਼ਤਮ ਹੋਣ ਵਾਲਾ ਹੈ

ਉਨ੍ਹਾਂ ਦਾ ਉੱਤਰਾਧਿਕਾਰੀ ਬਣਨ ਲਈ ਸਖ਼ਤ ਮੁਕਾਬਲਾ ਚੱਲ ਰਿਹਾ ਹੈ ਅਤੇ ਛੇ ਮਹੀਨਿਆਂ ਬਾਅਦ ਚੋਣਾਂ ਹੋਣੀਆਂ ਹਨ।

ਪਰਵਾਸ ਦਾ ਵਿਰੋਧ ਕਰਨ ਵਾਲੇ ਰਾਸ਼ਟਰਵਾਦੀ ਦੱਖਣਪੰਥੀ ਆਗੂ ਮਰੀਨ ਲੇ ਪੇਨ ਅਤੇ ਪੂੰਜੀਵਾਦ ਦਾ ਵਿਰੋਧ ਕਰਨ ਵਾਲੇ ਖੱਬੇਪੱਖੀ ਆਗੂ ਜਾਂ-ਲਿਊਕ ਮੇਲਾਂਸ਼ੋਂ – ਦੋਵੇਂ ਹੀ ਰਾਸ਼ਟਰਪਤੀ ਅਹੁਦੇ ਦੇ ਸੰਭਾਵੀ ਉਮੀਦਵਾਰ ਹਨ ਅਤੇ ਸੁਰਖ਼ੀਆਂ ਵਿੱਚ ਬਣੇ ਰਹਿਣ ਦੀ ਕੋਸ਼ਿਸ਼ ਕਰ ਰਹੇ ਹਨ।

ਇਸ ਨਾਲ ਫ਼ਰਾਂਸ ਵਿੱਚ ਮੌਜੂਦਾ ਤਣਾਅ ਹੋਰ ਵਧ ਰਿਹਾ ਹੈ – ਸਿਆਸਤ ਵਿੱਚ ਵੀ ਅਤੇ ਸੜਕਾਂ ‘ਤੇ ਵੀ।

ਇੱਥੋਂ ਦੀ ਸੰਸਦ ਦਾ ਕੰਮਕਾਜ ਠੱਪ ਪਿਆ ਹੈ ਅਤੇ ਇਹ ਤਿੰਨ ਵੱਖ-ਵੱਖ ਸਿਆਸੀ ਧੜਿਆਂ ਵਿੱਚ ਬੁਰੀ ਤਰ੍ਹਾਂ ਵੰਡੀ ਹੋਈ ਹੈ।

ਇਸ ਤੋਂ ਇਲਾਵਾ, ਫ਼ਰਾਂਸ ਆਰਥਿਕ ਸੰਕਟ ਦਾ ਵੀ ਸਾਹਮਣਾ ਕਰ ਰਿਹਾ ਹੈ। ਨਿਵੇਸ਼ਕ ਦੇਸ਼ ‘ਤੇ ਵਧਦੇ ਜਨਤਕ ਕਰਜ਼ੇ ਨੂੰ ਕਾਬੂ ਕਰਨ ਲਈ ਦਬਾਅ ਪਾ ਰਹੇ ਹਨ। ਪਰ ਫ਼ਰਾਂਸੀਸੀ ਸਰਕਾਰ ਨੂੰ ਡਰ ਹੈ ਕਿ ਜੇਕਰ ਉਸ ਨੇ ਜਨਤਕ ਸੇਵਾਵਾਂ ਜਾਂ ਭਲਾਈ ਯੋਜਨਾਵਾਂ ਵਿੱਚ ਕਟੌਤੀ ਕੀਤੀ, ਤਾਂ ਹੋਰ ਵੀ ਵੱਡੀ ਗਿਣਤੀ ਵਿੱਚ ਲੋਕ ਨਾਰਾਜ਼ ਹੋ ਜਾਣਗੇ ਅਤੇ ਸੜਕਾਂ ‘ਤੇ ਉਤਰ ਆਉਣਗੇ।

ਫ਼ਰਾਂਸ ਵਿੱਚ ਹਿੰਸਕ ਹੋਏ ਪ੍ਰਦਰਸ਼ਨ

ਮੈਕਰੋਨ ਅਤੇ ਉਨ੍ਹਾਂ ਦੇ ਪ੍ਰਧਾਨ ਮੰਤਰੀ ਨੇ ਸ਼ਨੀਵਾਰ ਦੀ ਹਿੰਸਕ ਅਰਾਜਕਤਾ ਲਈ ਕੱਟੜ ਖੱਬੇਪੱਖੀ ਸਮੂਹਾਂ ਅਤੇ ਹੁੱਲੜਬਾਜ਼ਾਂ ਨੂੰ ਜ਼ਿੰਮੇਵਾਰ ਠਹਿਰਾਇਆ।

ਦੂਜੇ ਪਾਸੇ, ਕੱਟੜ ਖੱਬੇਪੱਖੀ ਆਗੂ ਜਾਂ-ਲਿਊਕ ਮੇਲਾਂਸ਼ੋਂ ਨੇ ਸਰਕਾਰ ‘ਤੇ “ਨਾਕਾਬਲੀਅਤ” ਦਾ ਇਲਜ਼ਾਮ ਲਾਇਆ। ਰਾਸ਼ਟਰਵਾਦੀ ਦੱਖਣਪੱਖੀ ਵਿਚਾਰਧਾਰਾ ਵਾਲੀ ਮਰੀਨ ਲੇ ਪੇਨ, ਜੋ ਕਾਨੂੰਨ ਵਿਵਸਥਾ ਦੇ ਮਾਮਲੇ ਵਿੱਚ ਆਪਣੇ ਆਪ ਨੂੰ ਸਖ਼ਤ ਆਗੂ ਵਜੋਂ ਪੇਸ਼ ਕਰਨਾ ਪਸੰਦ ਕਰਦੇ ਹਨ, ਨੇ ਫ਼ਰਾਂਸੀਸੀ ਝੰਡੇ ਦੇ ਸਾਹਮਣੇ ਬੈਠ ਕੇ ਇੱਕ ਵੀਡੀਓ ਜਾਰੀ ਕੀਤਾ।

ਰਾਸ਼ਟਰਪਤੀ ਵਾਂਗ ਦਿੱਤੇ ਗਏ ਆਪਣੇ ਸੰਬੋਧਨ ਵਿੱਚ ਉਨ੍ਹਾਂ ਨੇ ਮੈਕਰੋਨ ਪ੍ਰਸ਼ਾਸਨ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਇਹ ਪ੍ਰਸ਼ਾਸਨ “ਪੂਰੀ ਤਰ੍ਹਾਂ ਥੱਕ ਚੁੱਕਾ ਹੈ, ਇਸ ਦੀ ਊਰਜਾ ਖ਼ਤਮ ਹੋ ਗਈ ਹੈ ਅਤੇ ਇਹ ਦਿਸ਼ਾਹੀਣ ਹੋ ਗਿਆ ਹੈ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI