Home rss national punjabi2ਰਾਸ਼ਟਰੀ ਖ਼ਬਰਾਂ ਬੂਟਾ ਸਿੰਘ ਬਾਰੇ ਟਿੱਪਣੀ ਦੇ ਮਾਮਲੇ ‘ਚ ਰਾਜਾ ਵੜਿੰਗ ‘ਤੇ ਕਾਰਵਾਈ ਦੀ...

ਬੂਟਾ ਸਿੰਘ ਬਾਰੇ ਟਿੱਪਣੀ ਦੇ ਮਾਮਲੇ ‘ਚ ਰਾਜਾ ਵੜਿੰਗ ‘ਤੇ ਕਾਰਵਾਈ ਦੀ ਮੰਗ, ਐੱਨਸੀਐੱਸਸੀ ਨੇ 5 ਦਿਨਾਂ ਵਿੱਚ ਗ੍ਰਿਫ਼ਤਾਰੀ ਬਾਰੇ ਸਟੇਟਸ ਮੰਗਿਆ

4
0

Source :- BBC PUNJABI

ਰਾਜਾ ਵੜਿੰਗ ਅਤੇ ਬੂਟਾ ਸਿੰਘ

ਤਸਵੀਰ ਸਰੋਤ, Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 6 ਮਿੰਟ

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵੱਲੋਂ ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਅਤੇ ਕਾਂਗਰਸ ਦੇ ਸੀਨੀਅਰ ਆਗੂ ਮਰਹੂਮ ਬੂਟਾ ਸਿੰਘ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀ ਦੇ ਮਾਮਲੇ ਵਿੱਚ ਹੁਣ ਕੌਮੀ ਪੱਧਰ ‘ਤੇ ਕਾਰਵਾਈ ਤੇਜ਼ ਹੋਣ ਦੀ ਗੱਲ ਸਾਹਮਣੇ ਆਈ ਹੈ।

ਨੈਸ਼ਨਲ ਕਮਿਸ਼ਨ ਫਾਰ ਸ਼ੈਡਿਊਲਡ ਕਾਸਟਸ (ਐੱਨਸੀਐੱਸਸੀ) ਨੇ 31 ਅਗਸਤ 2026 ਨੂੰ ਇਸ ਮਾਮਲੇ ਦੀ ਸੁਣਵਾਈ ਕੀਤੀ ਅਤੇ ਜਾਂਚ ਤੇ ਗ੍ਰਿਫ਼ਤਾਰੀ ਵਿੱਚ ਹੋ ਰਹੀ ਦੇਰੀ ‘ਤੇ ਗੰਭੀਰ ਚਿੰਤਾ ਜਤਾਈ ਹੈ।

ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਮੁਤਾਬਕ ਮਾਮਲੇ ਵਿੱਚ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਅਤੇ ਇਸ ਕਾਰਵਾਈ ਦੀ ਸਥਿਤੀ ਬਾਰੇ ਪੰਜ ਦਿਨਾਂ ਦੇ ਅੰਦਰ ਕਮਿਸ਼ਨ ਨੂੰ ਜਾਣੂ ਕਰਵਾਉਣ ਦੀ ਸਿਫ਼ਾਰਸ਼ ਕੀਤੀ ਹੈ।

ਇਸ ਦੇ ਨਾਲ ਹੀ ਜਾਂਚ ਜਲਦ ਪੂਰੀ ਕਰਨ ਅਤੇ ਸਮਰੱਥ ਅਦਾਲਤ ਵਿੱਚ ਚਾਰਜਸ਼ੀਟ ਦਾਖ਼ਲ ਕਰਨ ਲਈ ਵੀ ਕਿਹਾ ਗਿਆ ਹੈ।

ਭਾਰਤ ਦੇ ਸਾਬਕਾ ਗ੍ਰਹਿ ਮੰਤਰੀ ਬੂਟਾ ਸਿੰਘ ਕਾਂਗਰਸ ਦੇ ਸੀਨੀਅਨ ਲੀਡਰ ਸਨ ਅਤੇ ਸਾਲ 2005 ਵਿੱਚ ਆਖ਼ਰੀ ਵਾਰ ਉਸ ਸਮੇਂ ਚਰਚਾ ਵਿੱਚ ਆਏ ਸਨ ਜਦੋਂ ਉਨ੍ਹਾਂ ਨੇ ਰਾਜਪਾਲ ਹੁੰਦਿਆਂ ਬਿਹਾਰ ਵਿਧਾਨ ਸਭਾ ਨੂੰ ਭੰਗ ਕਰਨ ਫੈਸਲਾ ਕੀਤਾ ਸੀ।

ਉਸ ਤੋਂ ਪਹਿਲਾਂ ਉਨ੍ਹਾਂ ਨੂੰ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਅਕਾਲ ਤਖ਼ਤ ਦੀ ਮੁੜ ਉਸਾਰੀ ਕਰਵਾਉਣ ਕਰਕੇ ਅਲੋਚਨਾ ਦਾ ਸਾਹਮਣਾ ਕੀਤਾ ਸੀ।

ਕੀ ਹੈ ਪੂਰਾ ਮਾਮਲਾ?

ਅਮਰਿੰਦਰ ਸਿੰਘ ਰਾਜਾ ਵੜਿੰਗ

ਤਸਵੀਰ ਸਰੋਤ, INC/Raja Warring

ਇਹ ਮਾਮਲਾ ਨਵੰਬਰ 2025 ਵਿੱਚ ਹੋਈ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਹੋਏ ਚੋਣ ਪ੍ਰਚਾਰ ਨਾਲ ਜੁੜਿਆ ਹੈ। ਜਦੋਂ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਚੋਣ ਪ੍ਰਚਾਰ ਦੌਰਾਨ ਇੱਕ ਭਾਸ਼ਣ ਵਿੱਚ ਸਾਬਕਾ ਕੇਂਦਰੀ ਗ੍ਰਹਿ ਮੰਤਰੀ ਅਤੇ ਦਲਿਤ ਆਗੂ ਮਰਹੂਮ ਬੂਟਾ ਸਿੰਘ ਦਾ ਹਵਾਲਾ ਦਿੱਤਾ ਸੀ।

ਉਸੇ ਦੌਰਾਨ ਵਰਤੇ ਗਏ ਸ਼ਬਦਾਂ ਉਪਰ ਵਿਰੋਧੀਆਂ ਪਾਰਟੀਆਂ ਨੇ ਇਤਰਾਜ਼ ਪ੍ਰਗਟ ਕੀਤਾ ਸੀ।

ਇਸ ਭਾਸ਼ਣ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵੜਿੰਗ ਵੱਲੋਂ ਵਰਤੇ ਗਏ ਕੁਝ ਸ਼ਬਦਾਂ ‘ਤੇ ਇਤਰਾਜ਼ ਪ੍ਰਗਟ ਕੀਤਾ ਗਿਆ।

ਇਸ ਮਾਮਲੇ ਵਿੱਚ ਬੂਟਾ ਸਿੰਘ ਦੇ ਪੁੱਤਰ ਸਰਬਜੋਤ ਸਿੰਘ ਦੀ ਸ਼ਿਕਾਇਤ ਦਾ ਵੀ ਜ਼ਿਕਰ ਹੈ ਅਤੇ ਰਾਜਾ ਵੜਿੰਗ ਖ਼ਿਲਾਫ਼ ਐੱਫਆਈਆਰ ਵੀ ਦਰਜ ਹੋਈ ਸੀ।

ਹਾਲਾਂਕਿ, ਵੜਿੰਗ ਨੇ ਆਪਣੀ ਸਫ਼ਾਈ ਵਿੱਚ ਕਿਹਾ ਸੀ ਕਿ ਬੂਟਾ ਸਿੰਘ ਉਨ੍ਹਾਂ ਲਈ ਬਹੁਤ ਸਤਿਕਾਰਯੋਗ ਹਨ।

ਵੜਿੰਗ ਨੇ ਬਾਅਦ ਵਿੱਚ ਆਪਣੀ ਸਫ਼ਾਈ ਵਿੱਚ ਕਿਹਾ ਸੀ ਕਿ ਉਹ ਕਿਸੇ ਵਿਅਕਤੀ ਜਾਂ ਭਾਈਚਾਰੇ ਦੀ ਬੇਇੱਜ਼ਤੀ ਕਰਨ ਲਈ ਨਹੀਂ ਬੋਲ ਰਹੇ ਸਨ, ਸਗੋਂ ਇੱਕ ਗੱਲ ਦਾ ਹਵਾਲਾ ਦਿੰਦਿਆਂ ਆਪਣੀ ਗੱਲ ਰੱਖ ਰਹੇ ਸਨ। ਉਨ੍ਹਾਂ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਦੇ ਸ਼ਬਦਾਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

ਉਨ੍ਹਾਂ ਕਿਹਾ ਸੀ ਕਿ ਬੂਟਾ ਸਿੰਘ ਉਨ੍ਹਾਂ ਦੇ ਪਰਿਵਾਰ ਵਰਗੇ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਬੇਮਿਸਾਲ ਹਨ। ਵੜਿੰਗ ਨੇ ਇਹ ਵੀ ਕਿਹਾ ਸੀ ਕਿ ਜੇ ਉਨ੍ਹਾਂ ਦੀ ਕਿਸੇ ਗੱਲ ਨਾਲ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਉਹ ਖਿਮਾ ਦੇ ਜਾਚਕ ਹਨ।

ਪੰਜਾਬ ਐੱਸਸੀ ਕਮਿਸ਼ਨ ਵੱਲੋਂ ਵੀ ਹੋਈ ਸੀ ਕਾਰਵਾਈ

ਇਸ ਮਾਮਲੇ ਵਿੱਚ ਉਸ ਵੇਲੇ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਵੱਲੋਂ ਵੀ ਕਾਰਵਾਈ ਕੀਤੀ ਗਈ ਸੀ। ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ, ਤਰਨ ਤਾਰਨ ਦੇ ਚੋਣ ਅਧਿਕਾਰੀਆਂ ਤੋਂ ਮਾਮਲੇ ਸਬੰਧੀ ਰਿਪੋਰਟ ਮੰਗੀ ਗਈ ਸੀ।

ਸਹਾਇਕ ਰਿਟਰਨਿੰਗ ਅਫ਼ਸਰ-ਕਮ-ਨਾਇਬ ਤਹਿਸੀਲਦਾਰ ਜਸਵਿੰਦਰ ਸਿੰਘ ਵੱਲੋਂ ਪੇਸ਼ ਕੀਤੀ ਰਿਪੋਰਟ ਵਿੱਚ ਦਿੱਤਾ ਗਿਆ ਜਵਾਬ ਕਮਿਸ਼ਨ ਨੂੰ ਤਸੱਲੀਬਖ਼ਸ਼ ਨਹੀਂ ਲੱਗਿਆ। ਇਸ ਤੋਂ ਬਾਅਦ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਤਰਨ ਤਾਰਨ ਨੂੰ 6 ਨਵੰਬਰ 2025 ਨੂੰ ਤਲਬ ਕਰਨ ਦੀ ਗੱਲ ਸਾਹਮਣੇ ਆਈ ਸੀ।

ਹੁਣ ਐੱਨਸੀਐੱਸਸੀ ਨੇ ਕੀ ਕਿਹਾ?

ਬੂਟਾ ਸਿੰਘ

ਤਸਵੀਰ ਸਰੋਤ, Getty Images

ਐੱਨਸੀਐੱਸਸੀ ਦੇ 31 ਅਗਸਤ ਦੇ ਬਿਆਨ ਮੁਤਾਬਕ, ਕਮਿਸ਼ਨ ਦੇ ਚੇਅਰਮੈਨ ਕਿਸ਼ੋਰ ਮਕਵਾਣਾ ਦੀ ਅਗਵਾਈ ਹੇਠ ਇਸ ਮਾਮਲੇ ਦੀ ਸੁਣਵਾਈ ਹੋਈ। ਪੰਜਾਬ ਪੁਲਿਸ ਵੱਲੋਂ ਡੀਐੱਸਪੀ ਹਰਪ੍ਰੀਤ ਸਿੰਘ ਅਤੇ ਡੀਐੱਸਪੀ, ਈਓ ਅਤੇ ਸਾਈਬਰ ਕ੍ਰਾਈਮ ਗੁਲਜ਼ਾਰ ਸਿੰਘ ਪੇਸ਼ ਹੋਏ, ਜਦਕਿ ਸ਼ਿਕਾਇਤਕਰਤਾ ਸਰਬਜੋਤ ਸਿੰਘ ਵੀ ਸੁਣਵਾਈ ਵਿੱਚ ਮੌਜੂਦ ਸਨ।

ਕਮਿਸ਼ਨ ਨੇ ਕਿਹਾ ਕਿ 5 ਮਈ 2026 ਨੂੰ ਹੋਈ ਪਿਛਲੀ ਸੁਣਵਾਈ ਵਿੱਚ ਜਾਂਚ ਨਿਰਧਾਰਤ ਸਮੇਂ ਅੰਦਰ ਪੂਰੀ ਕਰਨ ਅਤੇ 30 ਦਿਨਾਂ ਵਿੱਚ ਐਕਸ਼ਨ ਟੇਕਨ ਰਿਪੋਰਟ ਦੇਣ ਲਈ ਕਿਹਾ ਗਿਆ ਸੀ।

ਸਰਬਜੋਤ ਸਿੰਘ ਨੇ ਕਥਿਤ ਧਮਕੀ ਭਰੀਆਂ ਕਾਲਾਂ ਮਿਲਣ ਦੀ ਸ਼ਿਕਾਇਤ ਵੀ ਕੀਤੀ ਸੀ। ਇਸ ਦੇ ਮੱਦੇਨਜ਼ਰ ਕਮਿਸ਼ਨ ਨੇ ਉਨ੍ਹਾਂ ਅਤੇ ਉਨ੍ਹਾਂ ਦੇ ਆਸ਼ਰਿਤਾਂ ਨੂੰ ਐੱਸਸੀ/ਐੱਸਟੀ ਐਕਟ ਦੀ ਧਾਰਾ 15ਏ ਤਹਿਤ ਲੋੜੀਂਦੀ ਸੁਰੱਖਿਆ ਦੇਣ ਦੀ ਸਿਫ਼ਾਰਸ਼ ਕੀਤੀ ਸੀ।

ਪਰ 31 ਅਗਸਤ ਦੀ ਸੁਣਵਾਈ ਦੌਰਾਨ ਕਮਿਸ਼ਨ ਨੇ ਨੋਟ ਕੀਤਾ ਕਿ ਉਸ ਵੱਲੋਂ ਪਹਿਲਾਂ ਦਿੱਤੀਆਂ ਹਦਾਇਤਾਂ ‘ਤੇ ਕੀਤੀ ਗਈ ਕਾਰਵਾਈ ਦੀ ਲੋੜੀਂਦੀ ਰਿਪੋਰਟ ਹਾਲੇ ਤੱਕ ਪ੍ਰਾਪਤ ਨਹੀਂ ਹੋਈ।

ਇਸ ‘ਤੇ ਕਮਿਸ਼ਨ ਨੇ ਸਬੰਧਤ ਅਧਿਕਾਰੀਆਂ ਨੂੰ ਕਾਨੂੰਨ ਮੁਤਾਬਕ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਅਤੇ ਇਸ ਸਬੰਧੀ ਕੀਤੀ ਕਾਰਵਾਈ ਦੀ ਸਥਿਤੀ ਬਾਰੇ ਪੰਜ ਦਿਨਾਂ ਅੰਦਰ ਕਮਿਸ਼ਨ ਨੂੰ ਜਾਣੂ ਕਰਵਾਉਣ ਦੀ ਸਿਫ਼ਾਰਸ਼ ਕੀਤੀ।

ਕਮਿਸ਼ਨ ਨੇ ਜਾਂਚ ਜਲਦ ਪੂਰੀ ਕਰਕੇ ਚਾਰਜਸ਼ੀਟ ਅਦਾਲਤ ਵਿੱਚ ਪੇਸ਼ ਕਰਨ ਲਈ ਵੀ ਕਿਹਾ ਹੈ।

ਇਸ ਦੇ ਨਾਲ ਹੀ ਜਾਂਚ ਅਤੇ ਗ੍ਰਿਫ਼ਤਾਰੀ ਵਿੱਚ ਹੋਈ ਦੇਰੀ ਲਈ ਜਵਾਬਦੇਹੀ ਤੈਅ ਕਰਨ ਦੀ ਸਿਫ਼ਾਰਸ਼ ਕੀਤੀ ਗਈ ਹੈ। ਜੇਕਰ ਕਿਸੇ ਜਾਂਚ ਅਧਿਕਾਰੀ ਵੱਲੋਂ ਜਾਣਬੁੱਝ ਕੇ ਡਿਊਟੀ ਵਿੱਚ ਲਾਪਰਵਾਹੀ ਸਾਹਮਣੇ ਆਉਂਦੀ ਹੈ ਤਾਂ ਕਾਨੂੰਨ ਮੁਤਾਬਕ ਵਿਭਾਗੀ ਕਾਰਵਾਈ ‘ਤੇ ਵਿਚਾਰ ਕਰਨ ਲਈ ਵੀ ਕਿਹਾ ਗਿਆ ਹੈ।

ਰਾਜਾ ਵੜਿੰਗ ਦੀ ਪ੍ਰਤੀਕਿਰਿਆ

ਰਾਜਾ ਵੜਿੰਗ

ਐੱਨਸੀਐੱਸਸੀ ਦੀ ਤਾਜ਼ਾ ਕਾਰਵਾਈ ‘ਤੇ ਪ੍ਰਤੀਕਿਰਿਆ ਦਿੰਦਿਆਂ ਰਾਜਾ ਵੜਿੰਗ ਨੇ ਇਸ ਨੂੰ “ਸਿਆਸੀ ਬਦਲਾਖੋਰੀ” ਕਰਾਰ ਦਿੱਤਾ।

ਵੜਿੰਗ ਨੇ ਕਿਹਾ, “ਮੈਂ ਹੈਰਾਨ ਹਾਂ ਕਿ ਪੰਜ ਦਿਨਾਂ ਅੰਦਰ ਗ੍ਰਿਫ਼ਤਾਰ ਕਰਨ ਦੇ ਹੁਕਮ ਕਮਿਸ਼ਨ ਕਿਵੇਂ ਦੇ ਸਕਦਾ ਹੈ। ਪੰਜਾਬ ਐੱਸਸੀ ਕਮਿਸ਼ਨ ਵੱਲੋਂ ਵੀ ਅਜਿਹੇ ਗ੍ਰਿਫ਼ਤਾਰੀ ਦੇ ਹੁਕਮ ਦਿੱਤੇ ਗਏ ਸਨ ਜਿਸ ‘ਤੇ ਹਾਈਕੋਰਟ ਨੇ ਸਟੇਅ ਲਗਾਇਆ ਸੀ।”

“ਮੈਂ ਤਾਂ ਉਸ ਤੋਂ ਪਹਿਲਾਂ ਦੋ ਵਾਰ ਨੈਸ਼ਨਲ ਕਮਿਸ਼ਨ ਦੇ ਚੇਅਰਮੈਨ ਨੂੰ ਮਿਲ ਚੁੱਕਿਆ ਹਾਂ। ਸਵਾਲ ਇਹ ਹੈ ਕਿ 10 ਮਹੀਨਿਆਂ ਬਾਅਦ ਕੌਮੀ ਐੱਸਸੀ ਕਮਿਸ਼ਨ ਅਚਨਚੇਤ ਹਰਕਤ ਵਿੱਚ ਕਿਉਂ ਆਇਆ? ਇਹ ਸਭ ‘ਸ਼ੁੱਧੀਕਰਨ ਵਾਲੇ ਮਾਮਲੇ’ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਹੈ। ਰਾਜਾ ਵੜਿੰਗ ਨੂੰ ਫੜ੍ਹਨ ਨਾਲ ਕੁਝ ਨਹੀਂ ਹੋਣਾ, ਬੀਜੇਪੀ ਇਸ ਮੁੱਦੇ ‘ਤੇ ਜਵਾਬ ਦੇਵੇ।”

ਬੂਟਾ ਸਿੰਘ ਬਾਰੇ ਆਪਣੀ ਟਿੱਪਣੀ ‘ਤੇ ਸਫ਼ਾਈ ਦਿੰਦਿਆਂ ਵੜਿੰਗ ਨੇ ਕਿਹਾ, “ਬੂਟਾ ਸਿੰਘ ਜੀ ਦਾ ਪਰਿਵਾਰ ਸਾਡਾ ਪਰਿਵਾਰ ਹੈ। ਮੈਂ ਉਸ ਵੇਲੇ ਮਾਫ਼ੀ ਵੀ ਮੰਗੀ ਸੀ।”

ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਕਿਸੇ ਗੱਲ ਦਾ ਹਵਾਲਾ ਦਿੰਦਿਆਂ ਆਪਣੀ ਗੱਲ ਰੱਖੀ ਸੀ ਅਤੇ ਇਸ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ।

ਵੜਿੰਗ ਨੇ ਕਿਹਾ ਕਿ ਉਨ੍ਹਾਂ ਨੂੰ ਐੱਨਸੀਐੱਸਸੀ ਦੀ ਪ੍ਰੈੱਸ ਰਿਲੀਜ਼ ਮਿਲੀ ਹੈ ਪਰ ਕਮਿਸ਼ਨ ਦਾ ਅਸਲ ਆਦੇਸ਼ ਉਨ੍ਹਾਂ ਨੂੰ ਨਹੀਂ ਮਿਲਿਆ।

ਉਨ੍ਹਾਂ ਕਿਹਾ, “ਮੈਂ ਇਸ ਦੇ ਖ਼ਿਲਾਫ਼ ਅਦਾਲਤ ਜਾਵਾਂਗਾ।”

ਉਨ੍ਹਾਂ ਪੰਜਾਬ ਐੱਸਸੀ ਕਮਿਸ਼ਨ ਨਾਲ ਜੁੜੇ ਪੁਰਾਣੇ ਮਾਮਲੇ ਦਾ ਜ਼ਿਕਰ ਕਰਦਿਆਂ ਕਿਹਾ ਕਿ ਉਹ ਹਾਈ ਕੋਰਟ ਗਏ ਸਨ ਅਤੇ ਉਨ੍ਹਾਂ ਕੋਲ ਅਦਾਲਤ ਵੱਲੋਂ ਦਿੱਤੇ ਸਟੇਅ ਦੀ ਕਾਪੀ ਹੈ।

ਵੜਿੰਗ ਨੇ ਇਲਜ਼ਾਮ ਲਾਇਆ ਕਿ ਐੱਨਸੀਐੱਸਸੀ ਦੀ ਇਹ ਕਾਰਵਾਈ ਅਸਲ ਮੁੱਦੇ ਤੋਂ ਧਿਆਨ ਭਟਕਾਉਣ ਲਈ ਕੀਤੀ ਜਾ ਰਹੀ ਹੈ।

ਵੜਿੰਗ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਬੂਟਾ ਸਿੰਘ ਜਾਂ ਉਨ੍ਹਾਂ ਦੇ ਪਰਿਵਾਰ ਦਾ ਅਪਮਾਨ ਕਰਨ ਦੀ ਕੋਈ ਨੀਅਤ ਨਹੀਂ ਰੱਖੀ ਸੀ ਅਤੇ ਜੇ ਕਿਸੇ ਦੇ ਮਨ ਨੂੰ ਉਨ੍ਹਾਂ ਦੀ ਗੱਲ ਨਾਲ ਠੇਸ ਪਹੁੰਚੀ ਹੈ ਤਾਂ ਉਹ ਪਹਿਲਾਂ ਹੀ ਮੁਆਫ਼ੀ ਮੰਗ ਚੁੱਕੇ ਹਨ।

ਪੰਜਾਬ ਸਰਕਾਰ ਦਾ ਕੀ ਕਹਿਣਾ ਹੈ?

ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਤਰਨ ਤਾਰਨ ਜ਼ਿਮਨੀ ਚੋਣ ਦੌਰਾਨ ਰਾਜਾ ਵੜਿੰਗ ਵੱਲੋਂ ਬੂਟਾ ਸਿੰਘ ਦੇ ਰੰਗ ਅਤੇ ਜਾਤ ਨੂੰ ਲੈ ਕੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਗਈਆਂ ਸਨ ਅਤੇ ਇਸ ਮਾਮਲੇ ਵਿੱਚ ਪਹਿਲਾਂ ਵੀ ਐੱਸਸੀ ਕਮਿਸ਼ਨ ਨੇ ਨੋਟਿਸ ਲਿਆ ਸੀ।

ਐੱਨਸੀਐੱਸਸੀ ਦੀ ਤਾਜ਼ਾ ਕਾਰਵਾਈ ਬਾਰੇ ਚੀਮਾ ਨੇ ਕਿਹਾ, “ਕਮਿਸ਼ਨ ਦੇ ਹੁਕਮਾਂ ਨੂੰ ਪੰਜਾਬ ਸਰਕਾਰ ਦੀ ਕਾਨੂੰਨੀ ਟੀਮ ਦੇਖੇਗੀ ਅਤੇ ਉਸ ਤੋਂ ਬਾਅਦ ਜੋ ਵੀ ਕਾਨੂੰਨੀ ਕਾਰਵਾਈ ਬਣਦੀ ਹੋਵੇਗੀ, ਉਹ ਕੀਤੀ ਜਾਵੇਗੀ।”

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI