Source :- BBC PUNJABI

ਜਪਾਨ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਸਮਾਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਨ ਤੋਂ ਬਾਅਦ ਸਤੰਬਰ 2024 ਵਿੱਚ, 88 ਸਾਲ ਦੀ ਉਮਰ ਵਿੱਚ ਆਖਰ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।

ਤਸਵੀਰ ਸਰੋਤ, Getty Images

ਇਵੇਓ ਹਾਕਾਮਾਟਾ ਪਿਛਲੇ 56 ਸਾਲਾਂ ਤੋਂ ਮੌਤ ਦੀ ਸਜ਼ਾ ਦੀ ਉਡੀਕ ਕਰ ਰਹੇ ਸਨ ਪਰ ਸਤੰਬਰ ਵਿੱਚ ਅਦਾਲਤ ਨੇ ਉਨ੍ਹਾਂ ਨੂੰ ਬੇਕਸੂਰ ਐਲਾਨ ਦਿੱਤਾ।

ਉਨ੍ਹਾਂ ਦੀ 91 ਸਾਲਾ ਵੱਡੀ ਭੈਣ ਹਿਡੇਕੋ ਹਾਕਾਮਾਟਾ ਨੇ ਜਪਾਨ ਦੇ ਹਮਾਮਸਤੋ ਵਿੱਚ ਆਪਣੇ ਘਰ ਤੋਂ ਬੀਬੀਸੀ ਨੂੰ ਕਿਹਾ, ”ਮੈਂ ਉਸ ਨੂੰ ਦੱਸਿਆ ਕਿ ਉਸ ਨੂੰ ਬਰੀ ਕਰ ਦਿੱਤਾ ਗਿਆ ਹੈ ਅਤੇ ਉਹ ਖਾਮੋਸ਼ ਸੀ…ਮੈਂ ਨਹੀਂ ਦੱਸ ਸਕਦੀ ਕਿ ਉਹ ਸਮਝਿਆ ਸੀ ਜਾਂ ਨਹੀਂ।”

ਸਾਲ 1968 ਵਿੱਚ ਹਾਕਾਮਾਟੋ ਨੂੰ ਸਜ਼ਾ ਸੁਣਾਏ ਜਾਣ ਤੋਂ ਹੀ ਹਿਡੇਕੋ ਆਪਣੇ ਭਰਾ ਦਾ ਮੁਕੱਦਮਾ ਦੁਬਾਰਾ ਸ਼ੁਰੂ ਕਰਵਾਉਣ ਲਈ ਲੜਾਈ ਲੜ ਰਹੇ ਸਨ।

ਜਪਾਨ ਦੇ ਇਤਿਹਾਸ ਵਿੱਚ ਸਭ ਤੋਂ ਲੰਬਾ ਸਮਾਂ ਮੌਤ ਦੀ ਸਜ਼ਾ ਦਾ ਇੰਤਜ਼ਾਰ ਕਰਨ ਤੋਂ ਬਾਅਦ ਸਤੰਬਰ 2024 ਵਿੱਚ, 88 ਸਾਲ ਦੀ ਉਮਰ ਵਿੱਚ ਆਖਰ ਉਨ੍ਹਾਂ ਨੂੰ ਬਰੀ ਕਰ ਦਿੱਤਾ ਗਿਆ।

ਬੀਬੀਸੀ ਪੰਜਾਬੀ

ਹਾਕਾਮਾਟਾ ਦਾ ਮੁਕੱਦਮਾ ਮਿਸਾਲੀ ਹੈ, ਜੋ ਜਪਾਨ ਦੀ ਨਿਆਂ ਪ੍ਰਣਾਲੀ ਦੀ ਕਰੂਰਤਾ ਨੂੰ ਵੀ ਉਜਾਗਰ ਕਰਦਾ ਹੈ।

ਜਪਾਨ ਵਿੱਚ ਕੈਦੀਆਂ ਨੂੰ ਉਨ੍ਹਾਂ ਦੀ ਮੌਤ ਦੀ ਸਜ਼ਾ ਅਮਲ ਵਿੱਚ ਲਿਆਂਦੇ ਜਾਣ ਤੋਂ ਕੁਝ ਘੰਟੇ ਪਹਿਲਾਂ ਹੀ ਇਸ ਬਾਰੇ ਦੱਸਿਆ ਜਾਂਦਾ ਹੈ। ਕਈ ਵਾਰ ਉਹ ਹਰ ਦਿਨ ਇਸੇ ਸ਼ਸ਼ੋਪੰਜ ਵਿੱਚ ਕੱਢਦੇ ਹਨ ਕਿ ਪਤਾ ਨਹੀਂ ਕਿਹੜਾ ਦਿਨ ਉਨ੍ਹਾਂ ਦਾ ਆਖਰੀ ਦਿਨ ਹੋਵੇਗਾ।

ਮਨੁੱਖੀ ਹੱਕਾਂ ਦੇ ਮਾਹਰ ਲੰਬੇ ਸਮੇਂ ਤੋਂ ਇਸ ਪ੍ਰਕਿਰਿਆ ਨੂੰ ਕਰੂਰ ਅਤੇ ਅਣਮਨੁੱਖੀ ਕਹਿ ਕੇ ਇਸਦੀ ਆਲੋਚਨਾ ਕਰਦੇ ਆ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਨਾਲ ਕੈਦੀਆਂ ਵਿੱਚ ਗੰਭੀਰ ਮਾਨਸਿਕ ਰੋਗ ਪੈਦਾ ਹੋ ਸਕਦੇ ਹਨ।

ਹਾਕਾਮਾਟਾ ਨੇ ਵੀ ਉਸ ਅਪਰਾਧ ਦੀ ਸਜ਼ਾ ਦੇ ਇੰਤਜ਼ਾਰ ਵਿੱਚ ਆਪਣੀ ਅੱਧੀ ਤੋਂ ਜ਼ਿਆਦਾ ਜ਼ਿੰਦਗੀ ਕੈਦ ਵਿੱਚ ਕੱਟੀ ਹੈ, ਜੋ ਉਨ੍ਹਾਂ ਨੇ ਕੀਤਾ ਹੀ ਨਹੀਂ। ਇਸ ਨੇ ਉਨ੍ਹਾਂ ਦੀ ਮਾਨਸਿਕ ਸਿਹਤ ਉੱਤੇ ਡੂੰਘਾ ਅਸਰ ਪਾਇਆ ਹੈ।

ਸਾਲ 2014 ਵਿੱਚ ਉਨ੍ਹਾਂ ਦਾ ਮੁਕੱਦਮਾ ਦੁਬਾਰਾ ਚਲਾਉਣ ਦੀ ਆਗਿਆ ਦਿੱਤੀ ਗਈ। ਹਾਕਾਮਾਟਾ ਉਦੋਂ ਤੋਂ ਹੀ ਆਪਣੀ ਵੱਡੀ ਭੈਣ ਦੀ ਦੇਖ-ਰੇਖ ਵਿੱਚ ਰਹਿ ਰਹੇ ਹਨ।

ਦੋਵਾਂ ਭੈਣ-ਭਾਰਾਵਾਂ ਦੀ ਇੱਕ ਸਵੈ-ਸੇਵੀ ਸਮੂਹ ਵੀ ਮਦਦ ਕਰ ਰਿਹਾ ਹੈ। ਹਾਕਾਮਾਟਾ ਅਜਨਬੀਆਂ ਵਿੱਚ ਘਬਰਾ ਜਾਂਦੇ ਹਨ ਅਤੇ ਪਿਛਲੇ ਕਈ ਸਾਲਾਂ ਤੋਂ “ਆਪਣੀ ਹੀ ਦੁਨੀਆਂ” ਵਿੱਚ ਗੁਆਚੇ ਰਹਿੰਦੇ ਹਨ।

ਹਿਡੇਕੋ ਮੁਤਾਬਕ, “ਉਨ੍ਹਾਂ ਨੇ ਉਸਦੀ ਜ਼ਿੰਦਗੀ ਇੱਕ ਜਾਨਵਰ ਵਰਗੀ ਬਣਾ ਦਿੱਤੀ ਹੈ।”

ਮੌਤ ਦੀ ਉਡੀਕ ਵਿੱਚ ਜ਼ਿੰਦਗੀ

ਜਵਾਨੀ ਵਿੱਚ ਹਾਕਾਮਾਟਾ ਇੱਕ ਪੇਸ਼ੇਵਰ ਮੁੱਕੇਬਾਜ਼ ਸਨ ਅਤੇ ਇੱਕ ਮੀਸੋ ਫੂਡ ਪ੍ਰੋਸੈਸਿੰਗ ਪਲਾਂਟ ਵਿੱਚ ਕੰਮ ਕਰਦੇ ਸਨ। ਇੱਕ ਦਿਨ ਪਲਾਂਟ ਦੇ ਮਾਲਕ, ਉਸਦੀ ਪਤਨੀ ਅਤੇ ਦੋ ਬੱਚਿਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ। ਚਾਰਾਂ ਜਣਿਆਂ ਨੂੰ ਛੁਰੇ ਮਾਰ ਕੇ ਮਾਰਿਆ ਗਿਆ ਸੀ।

ਪੁਲਿਸ ਨੇ ਹਾਕਾਮਾਟਾ ਨੂੰ ਪਰਿਵਾਰ ਦੇ ਕਤਲ, ਘਰ ਨੂੰ ਅੱਗ ਲਾਉਣ ਅਤੇ 2,00,000 ਯੇਨ (ਜਪਾਨੀ ਮੁਦਰਾ) ਦੀ ਚੋਰੀ ਦਾ ਮੁਜਰਮ ਬਣਾਇਆ।

ਹਾਕਾਮਾਟਾ ਦਾ ਮੁਕੱਦਮਾ ਮਿਸਾਲੀ ਹੈ, ਜੋ ਜਪਾਨ ਦੀ ਨਿਆਂ ਪ੍ਰਣਾਲੀ ਦੀ ਕਰੂਰਤਾ ਨੂੰ ਵੀ ਉਜਾਗਰ ਕਰਦਾ ਹੈ।

ਤਸਵੀਰ ਸਰੋਤ, Getty Images

ਸਾਲ 1966 ਵਿੱਚ ਜਦੋਂ ਪੁਲਿਸ ਹਿਡੇਕੋ ਦੇ ਭਰਾ ਨੂੰ ਫੜਨ ਆਈ, ਉਹ ਉਸ ਦਿਨ ਨੂੰ ਯਾਦ ਕਰਦਿਆਂ ਕਹਿੰਦੇ ਹਨ, “ਸਾਨੂੰ ਕੁਝ ਪਤਾ ਨਹੀਂ ਸੀ ਕਿ ਕੀ ਹੋ ਰਿਹਾ ਹੈ।”

ਪਰਿਵਾਰਕ ਘਰ ਤੋਂ ਇਲਾਵਾ ਉਨ੍ਹਾਂ ਦੀਆਂ ਦੋ ਵੱਡੀਆਂ ਭੈਣਾਂ ਦੇ ਘਰਾਂ ਦੀ ਵੀ ਤਲਾਸ਼ੀ ਲਈ ਗਈ ਅਤੇ ਉਹ ਹਾਕਾਮਾਟਾ ਨੂੰ ਲੈ ਗਏ।

ਸ਼ੁਰੂ ਵਿੱਚ ਹਾਕਾਮਾਟਾ ਨੇ ਇਲਜ਼ਾਮਾਂ ਤੋਂ ਇਨਕਾਰ ਕੀਤਾ ਪਰ ਬਾਅਦ ਵਿੱਚ ਦਿਨ ਵਿੱਚ 12-12 ਘੰਟੇ ਚੱਲੀ ਕੁੱਟਮਾਰ ਅਤੇ ਪੁੱਛ-ਗਿੱਛ ਤੋਂ ਬਾਅਦ ਉਨ੍ਹਾਂ ਨੇ ਆਪਣਾ ਇਕਬਾਲੀਆ ਬਿਆਨ ਦੇ ਦਿੱਤਾ।

ਗ੍ਰਿਫ਼ਤਾਰੀ ਤੋਂ ਦੋ ਸਾਲ ਬਾਅਦ, ਹਾਕਾਮਾਟਾ ਨੂੰ ਕਤਲ ਅਤੇ ਅੱਗਜ਼ਨੀ ਦੇ ਕੇਸ ਵਿੱਚ ਦੋਸ਼ੀ ਕਰਾਰ ਦਿੰਦੇ ਹੋਏ ਮੌਤ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਹਾਕਾਮਾਟਾ ਨੂੰ ਮੌਤ ਦੀ ਸਜ਼ਾ ਦੀ ਕਤਾਰ ਵਿੱਚ ਲਾ ਕੇ ਕਾਲ ਕੋਠੜੀ ਵਿੱਚ ਭੇਜ ਦਿੱਤਾ ਗਿਆ। ਇਹੀ ਉਹ ਸਮਾਂ ਸੀ ਜਦੋਂ ਹਿਡੇਕੋ ਨੂੰ ਉਨ੍ਹਾਂ ਦੇ ਸੁਭਾਅ ਵਿੱਚ ਆਈ ਤਬਦੀਲੀ ਦਾ ਅਹਿਸਾਸ ਹੋਇਆ।

ਇਸ ਪ੍ਰਸੰਗ ਵਿੱਚ ਉਨ੍ਹਾਂ ਦੀ ਇੱਕ ਜੇਲ੍ਹ ਮਿਲਣੀ ਵਰਣਨਯੋਗ ਹੈ।

“ਉਸ ਨੇ ਮੈਨੂੰ ਕਿਹਾ, ਕੱਲ੍ਹ ਇੱਕ ਸਜ਼ਾ ਦਿੱਤੀ ਗਈ ਸੀ- ਇਹ ਅਗਲੀ ਕੋਠੜੀ ਵਾਲਾ ਸ਼ਖਸ ਸੀ। ਉਸ ਨੇ ਮੈਨੂੰ ਆਪਣਾ ਧਿਆਨ ਰੱਖਣ ਲਈ ਕਿਹਾ ਅਤੇ ਉਸ ਤੋਂ ਬਾਅਦ ਉਹ ਮਾਨਸਿਕ ਰੂਪ ਵਿੱਚ ਬਿਲਕੁਲ ਬਦਲ ਗਿਆ ਅਤੇ ਚੁੱਪ ਹੋ ਗਿਆ।”

ਹਾਕਾਮਾਟਾ ਇਕੱਲੇ ਨਹੀਂ ਹਨ ਜਿਨ੍ਹਾਂ ਨੇ ਜਪਾਨ ਵਿੱਚ ਮੌਤ ਦੀ ਉਡੀਕ ਵਿੱਚ ਇਸ ਤਰ੍ਹਾਂ ਦੀ ਜ਼ਿੰਦਗੀ ਹੰਢਾਈ ਹੈ, ਉੱਥੇ ਕੈਦੀ ਸਵੇਰੇ ਉੱਠਦੇ ਹਨ ਅਤੇ ਉਨ੍ਹਾਂ ਨੂੰ ਪਤਾ ਲਗਦਾ ਹੈ ਕਿ, ਇਹ ਉਨ੍ਹਾਂ ਦੀ ਜ਼ਿੰਦਗੀ ਦਾ ਆਖਰੀ ਦਿਨ ਹੈ।

ਹਿਡੇਕੋ ਮੁਤਾਬਕ, “ਉਨ੍ਹਾਂ ਨੇ ਉਸਦੀ ਜ਼ਿੰਦਗੀ ਇੱਕ ਜਾਨਵਰ ਵਰਗੀ ਬਣਾ ਦਿੱਤੀ ਹੈ।”

ਮੈਂਡਾ ਸਾਕੇ ਨੇ 34 ਸਾਲ ਮੌਤ ਦੀ ਉਡੀਕ ਕੀਤੀ ਅਤੇ ਹੁਣ ਉਨ੍ਹਾਂ ਨੂੰ ਦੋਸ਼ ਮੁਕਤ ਕੀਤਾ ਗਿਆ ਹੈ। ਆਪਣੇ ਅਨੁਭਵ ਬਾਰੇ ਉਹ ਆਪਣੀ ਕਿਤਾਬ ਵਿੱਚ ਲਿਖਦੇ ਹਨ, “ਸਵੇਰੇ ਅੱਠ ਤੋਂ ਸਾਢੇ ਅੱਠ ਵਜੇ ਦਾ ਸਮਾਂ ਸਭ ਤੋਂ ਅਹਿਮ ਹੁੰਦਾ ਸੀ, ਜਦੋਂ ਆਮ ਤੌਰ ਉੱਤੇ ਕੈਦੀਆਂ ਨੂੰ ਉਨ੍ਹਾਂ ਦੀ ਸਜ਼ਾ ਬਾਰੇ ਦੱਸਿਆ ਜਾਂਦਾ ਸੀ।”

“ਬਹੁਤ ਭਿਆਨਕ ਤਣਾਅ ਹੁੰਦਾ ਹੈ ਕਿਉਂਕਿ ਤੁਸੀਂ ਨਹੀਂ ਜਾਣਦੇ ਕਿ ਕੀ ਉਹ ਤੁਹਾਡੀ ਕੋਠੜੀ ਦੇ ਅੱਗੇ ਰੁਕਣਗੇ। ਉਸ ਸਮੇਂ ਜੋ ਮਹਿਸੂਸ ਹੁੰਦਾ ਹੈ, ਉਸ ਨੂੰ ਬਿਆਨ ਕਰ ਸਕਣਾ ਅਸੰਭਵ ਹੈ।”

ਜੇਮਸ ਵੇਲਸ਼, ਮੌਤ ਦੀ ਸਜ਼ਾ ਦੀ ਉਡੀਕ ਕਰਨ ਦੀਆਂ ਸਥਿਤੀਆਂ ਬਾਰੇ ਐਮਨਿਸਟੀ ਇੰਟਰਨੈਸ਼ਨਲ ਦੀ ਇੱਕ ਰਿਪੋਰਟ ਦੇ ਮੁੱਖ ਲੇਖਕ ਹਨ।

ਉਨ੍ਹਾਂ ਮੁਤਾਬਕ, “ਕੈਦੀਆਂ ਨੂੰ ਹਰ ਦਿਨ ਮੌਤ ਦੇ ਭੈਅ ਵਿੱਚ ਰੱਖਣਾ ਕਰੂਰ, ਅਣ-ਮਨੁੱਖੀ ਅਤੇ ਅਪਮਾਨਜਨਕ ਹੈ।” ਰਿਪੋਰਟ ਵਿੱਚ ਕਿਹਾ ਗਿਆ ਕਿ ਇਨ੍ਹਾਂ ਕੈਦੀਆਂ ਨੂੰ “ਮਾਨਸਿਕ ਸਿਹਤ ਦੀਆਂ ਗੰਭੀਰ ਸਮੱਸਿਆਵਾਂ” ਦਾ ਖ਼ਤਰਾ ਸੀ।

ਜਿਵੇਂ-ਜਿਵੇਂ ਸਾਲ ਲੰਘ ਰਹੇ ਸਨ, ਹਿਡੇਕੋ ਆਪਣੇ ਭਰਾ ਦੀ ਵਿਗੜਦੀ ਜਾ ਰਹੀ ਮਾਨਸਿਕ ਸਿਹਤ ਨੂੰ ਦੇਖ ਰਹੇ ਸਨ।

“ਇੱਕ ਵਾਰ ਉਸ ਨੇ ਮੈਨੂੰ ਪੁੱਛਿਆ, ‘ਤੁਹਾਨੂੰ ਪਤਾ ਹੈ ਮੈਂ ਕੌਣ ਹਾਂ?’ ਮੈਂ ਕਿਹਾ ‘ਹਾਂ ਮੈਨੂੰ ਪਤਾ ਹੈ, ਤੂੰ ਅਵੇਓ ਹਾਕਾਮਾਟਾ ਹੈਂ।’ ਉਸ ਨੇ ਕਿਹਾ ‘ਨਹੀਂ, ਤੁਸੀਂ ਇੱਥੇ ਕਿਸੇ ਹੋਰ ਨੂੰ ਮਿਲਣ ਆਏ ਹੋਵੋਗੇ’ ਅਤੇ ਉਹ ਆਪਣੀ ਕੋਠੜੀ ਵਿੱਚ ਵਾਪਸ ਚਲਾ ਗਿਆ।”

ਹਿਡੇਕੋ ਨੇ ਆਪਣੇ ਭਰਾ ਦਾ ਮੁੱਖ ਬੁਲਾਰਾ ਅਤੇ ਵਕੀਲ ਬਣਨ ਦਾ ਫੈਸਲਾ ਕੀਤਾ। ਲੇਕਿਨ 2014 ਤੱਕ ਇਸ ਕੇਸ ਵਿੱਚ ਕੋਈ ਅਹਿਮ ਮੋੜ ਨਹੀਂ ਆਇਆ।

ਇਸ ਮੁੱਕਦਮੇ ਵਿੱਚ ਹਾਕਾਮਾਟਾ ਦੇ ਖਿਲਾਫ਼ ਸਭ ਤੋਂ ਅਹਿਮ ਸਬੂਤ ਪਲਾਂਟ ਦੇ ਇੱਕ ਟੈਂਕ ਵਿੱਚੋਂ ਮਿਲੇ ਖੂਨ ਨਾਲ ਭਿੱਜੇ ਕੱਪੜੇ ਸਨ।

ਇਹ ਸਬੂਤ ਕਤਲ ਤੋਂ ਇੱਕ ਸਾਲ ਅਤੇ ਦੋ ਮਹੀਨੇ ਬਾਅਦ ਬਰਾਮਦ ਕੀਤੇ ਗਏ ਸਨ ਅਤੇ ਸਰਕਾਰੀ ਪੱਖ ਦਾ ਕਹਿਣਾ ਸੀ ਕਿ ਇਹ ਕੱਪੜੇ ਹਾਕਾਮਾਟਾ ਦੇ ਸਨ। ਹਾਕਾਮਾਟੇ ਦੇ ਬਚਾਅ ਪੱਖ ਮੁਤਾਬਕ ਕੱਪੜਿਆਂ ਤੋਂ ਮਿਲਿਆ ਡੀਐੱਨਏ ਹਾਕਾਮਾਟਾ ਦੇ ਨਾਲ ਮੇਲ ਨਹੀਂ ਖਾਂਦਾ ਅਤੇ ਦਾਅਵਾ ਕੀਤਾ ਕਿ ਸਬੂਤ ਉੱਥੇ ਰੱਖਿਆ (ਪਲਾਂਟ ਕੀਤਾ) ਗਿਆ ਸੀ।

ਸਾਲ 2014 ਵਿੱਚ ਉਹ ਇੱਕ ਜੱਜ ਨੂੰ ਹਾਕਾਮਾਟਾ ਨੂੰ ਪੇਰੋਲ ਉੱਤੇ ਜੇਲ੍ਹ ਤੋਂ ਰਿਹਾ ਕਰਨ ਅਤੇ ਮੁਕੱਦਮਾ ਮੁੜ ਸ਼ੁਰੂ ਕਰਨ ਲਈ ਮਨਾਉਣ ਵਿੱਚ ਕਾਮਯਾਬ ਹੋ ਗਏ।

ਹਿਡੇਕੋ ਨੇ ਆਪਣੇ ਭਰਾ ਦਾ ਮੁੱਖ ਬੁਲਾਰਾ ਅਤੇ ਵਕੀਲ ਬਣਨ ਦਾ ਫੈਸਲਾ ਕੀਤਾ।

ਲੰਬੀ ਸੁਣਵਾਈ ਤੋਂ ਬਾਅਦ ਪਿਛਲੇ ਅਕਤੂਬਰ ਵਿੱਚ ਮੁਕੱਦਮਾ ਮੁੜ ਸ਼ੁਰੂ ਹੋਇਆ। ਜਦੋਂ ਉਹ ਘੜੀ ਆਈ ਤਾਂ ਹਿਡੇਕੋ ਨੇ ਆਪਣੇ ਭਰਾ ਵੱਲੋਂ ਪੇਸ਼ ਹੋ ਕੇ ਉਸਦੀ ਜ਼ਿੰਦਗੀ ਲਈ ਅਪੀਲ ਕੀਤੀ।

ਸਰਕਾਰੀ ਪੱਖ ਨੇ ਕਿਹਾ ਕਿ ਜਦੋਂ ਕੱਪੜੇ ਬਰਾਮਦ ਕੀਤੇ ਗਏ ਸਨ ਤਾਂ ਖੂਨ ਦੇ ਧੱਬੇ ਲਾਲੀ ਵਿੱਚ ਸਨ। ਲੇਕਿਨ ਬਚਾਅ ਪੱਖ ਨੇ ਕਿਹਾ ਕਿ ਮੀਸੋ (ਖਾਣ ਦੀ ਇੱਕ ਜਪਾਨੀ ਵਸਤੂ) ਦੇ ਘੋਲ ਵਿੱਚ ਇੰਨਾ ਲੰਬਾ ਸਮਾਂ ਡੁੱਬੇ ਰਹਿਣ ਮਗਰੋਂ ਇਹ ਕਾਲੇ ਪੈ ਗਏ ਹੋਣਗੇ।

ਇਸ ਦਲੀਲ ਨਾਲ ਮੁੱਖ ਜੱਜ ਨੂੰ ਯਕੀਨ ਆ ਗਿਆ ਅਤੇ ਉਨ੍ਹਾਂ ਨੇ ਕਿਹਾ, “ਜਾਂਚ ਅਧਿਕਾਰੀਆਂ ਨੇ ਖੂਨ ਦੇ ਧੱਬੇ ਲਾਏ ਸਨ ਅਤੇ ਘਟਨਾ ਦੇ ਵਾਪਰਨ ਤੋਂ ਬਾਅਦ ਇਨ੍ਹਾਂ ਚੀਜ਼ਾਂ ਨੂੰ ਮੀਸੋ ਦੇ ਟੈਂਕ ਵਿੱਚ ਲੁਕਾਇਆ ਸੀ।”

ਜੱਜ ਕੂਨੀ ਨੇ ਅੱਗੇ ਕਿਹਾ ਕਿ ਜਾਂਚ ਦੇ ਰਿਕਾਰਡ ਸਮੇਤ ਹੋਰ ਸਬੂਤ ਵੀ ਪੈਦਾ ਕੀਤੇ ਗਏ ਸਨ ਅਤੇ ਹਾਕਾਮਾਟਾ ਨੂੰ ਬੇਕਸੂਰ ਘੋਸ਼ਿਤ ਕਰ ਦਿੱਤਾ।

ਹਿਡੇਕੋ ਦੀ ਪਹਿਲੀ ਪ੍ਰਤੀਕਿਰਿਆ ਰੋਣ ਦੇ ਰੂਪ ਵਿੱਚ ਆਈ।

ਉਹ ਕਹਿੰਦੇ ਹਨ,”ਜਦੋਂ ਜੱਜ ਨੇ ਕਿਹਾ ਕਿ ਬਚਾਅ ਪੱਖ ਦੋਸ਼ੀ ਨਹੀਂ ਹੈ, ਮੈਂ ਬਹੁਤ ਖੁਸ਼ ਹੋਈ, ਮੇਰੇ ਅੱਥਰੂ ਆ ਗਏ। ਮੈਂ ਅਕਸਰ ਨਹੀਂ ਰੋਂਦੀ ਪਰ ਉਸ ਸਮੇਂ ਮੇਰੇ ਅੱਥਰੂ ਬਿਨਾਂ ਰੁਕੇ ਇੱਕ ਘੰਟੇ ਤੱਕ ਵਹਿੰਦੇ ਰਹੇ।”

ਇਹ ਵੀ ਪੜ੍ਹੋ-

ਬੰਦੀ ਨਿਆਂ

ਅਦਾਲਤ ਦਾ ਇਹ ਕਹਿਣਾ ਕਿ ਸਬੂਤ ਘੜੇ ਗਏ ਸਨ, ਜਪਾਨ ਦੀ ਨਿਆਂ ਪ੍ਰਣਾਲੀ ਉੱਤੇ ਗੰਭੀਰ ਸਵਾਲ ਖੜ੍ਹੇ ਕਰ ਗਿਆ ਹੈ।

ਜਪਾਨ ਵਿੱਚ ਸਜ਼ਾ ਦੀ ਦਰ 99% ਹੈ, ਇੱਕ ਅਜਿਹੀ ਪ੍ਰਣਾਲੀ ਜਿਸ ਨੂੰ ਬੰਦੀ ਨਿਆਂ ਕਿਹਾ ਜਾਂਦਾ ਹੈ।

ਜਪਾਨ ਵਿੱਚ ਹਿਊਮਨ ਰਾਈਟਸ ਵਾਚ ਦੇ ਨਿਰਦੇਸ਼ਕ ਕਨਾਏ ਡੋਈ ਮੁਤਾਬਕ, “(ਇਹ ਪ੍ਰਣਾਲੀ) ਹਿਰਾਸਤੀਆਂ ਨੂੰ ਬੇਕਸੂਰ ਮੰਨ ਕੇ ਦਿੱਤੇ ਜਾਣ ਵਾਲੇ ਨਿਰਪੱਖ ਸੁਣਵਾਈ ਅਤੇ ਜ਼ਮਾਨਤ ਦੇ ਹੱਕ ਤੋਂ ਮੁਨਕਰ ਹੈ।”

ਜੱਜ ਕੂਨੀ ਨੇ ਅੱਗੇ ਕਿਹਾ ਕਿ ਜਾਂਚ ਦੇ ਰਿਕਾਰਡ ਸਮੇਤ ਹੋਰ ਸਬੂਤ ਵੀ ਪੈਦਾ ਕੀਤੇ ਗਏ ਸਨ ਅਤੇ ਹਾਕਾਮਾਟਾ ਨੂੰ ਬੇਕਸੂਰ ਘੋਸ਼ਿਤ ਕਰ ਦਿੱਤਾ।

ਡੋਈ ਨੇ 2023 ਵਿੱਚ ਲਿਖਿਆ, “ਇਨ੍ਹਾਂ ਸ਼ੋਸ਼ਣਕਾਰੀ ਅਮਲਾਂ ਕਾਰਨ ਕਈ ਜ਼ਿੰਦਗੀਆਂ ਅਤੇ ਪਰਿਵਾਰ ਟੁੱਟੇ ਹਨ, ਅਤੇ ਗਲਤ ਸਜ਼ਾਵਾਂ ਦਿੱਤੀਆਂ ਗਈਆਂ ਹਨ।”

ਡੇਵਿਡ ਟੀ ਜੌਹਨਸਨ, ਮਨੋਈ ਦੀ ਯੂਨੀਵਰਸਿਟੀ ਆਫ਼ ਹਵਾਈ ਵਿੱਚ ਸਮਾਜ ਵਿਗਿਆਨ ਦੇ ਪ੍ਰੋਫੈਸਰ ਹਨ। ਜੌਹਨਸਨ ਦੇ ਖੋਜ ਕਾਰਜ ਦਾ ਕੇਂਦਰ ਜਪਾਨ ਦੀ ਅਪਰਾਧਿਕ ਨਿਆਂ ਪ੍ਰਣਾਲੀ ਹੈ। ਉਨ੍ਹਾਂ ਨੇ 30 ਸਾਲ ਹਾਕਾਮਾਟਾ ਦੇ ਮੁੱਕਦਮੇ ਨੂੰ ਵਾਚਿਆ ਹੈ।

ਉਨ੍ਹਾਂ ਨੇ ਕਿਹਾ ਕਿ, ਇਸ ਮੁਕੱਦਮੇ ਦੇ ਇੰਨਾ ਲੰਬਾ ਖਿੱਚ ਜਾਣ ਦਾ ਇੱਕ “ਕਾਰਨ ਬਚਾਅ ਪੱਖ ਲਈ ਅਹਿਮ ਸਬੂਤ ਬਾਰੇ ਉਨ੍ਹਾਂ ਨੂੰ 2010 ਤੱਕ ਨਾ ਦੱਸਿਆ ਜਾਣਾ” ਸੀ।

ਉਨ੍ਹਾਂ ਨੇ ਬੀਬੀਸੀ ਨੂੰ ਦੱਸਿਆ, ਇਹ “ਅਸਫ਼ਲਤਾ ਬਹੁਤ ਬੁਰੀ ਅਤੇ ਨਾ-ਮਾਫ਼ੀਯੋਗ ਸੀ”। “ਜੱਜ ਮੁਕੱਦਮੇ ਨੂੰ ਅਗਾਂਹ ਪਾਉਂਦੇ ਰਹੇ ਜਿਵੇਂ ਉਹ ਅਕਸਰ ਕਰਦੇ ਹਨ, ਕਿਉਂਕਿ ਉਹ ਬਹੁਤ ਰੁੱਝੇ ਹੁੰਦੇ ਹਨ, ਅਤੇ ਕਨੂੰਨ ਉਨ੍ਹਾਂ ਨੂੰ ਅਜਿਹਾ ਕਰਨ ਦੀ ਆਗਿਆ ਵੀ ਦਿੰਦਾ ਹੈ।”

ਹਿਡੇਕੋ ਦਾ ਕਹਿਣਾ ਹੈ ਕਿ ਘੋਰ ਅਨਿਆਂ ਤਾਂ ਧੱਕੇ ਨਾਲ ਲਿਆ ਗਿਆ ਇਕਬਾਲੀਆ ਬਿਆਨ ਅਤੇ ਤਸ਼ੱਦਦ ਸੀ ਜੋ ਉਨ੍ਹਾਂ ਦੇ ਭਰਾ ਨੇ ਝੱਲੀ।

ਲੇਕਿਨ ਜੌਹਨਸਨ ਕਹਿੰਦੇ ਹਨ ਕਿ ਝੂਠੇ ਮੁਕੱਦਮੇ ਸਿਰਫ ਇੱਕ ਗਲਤੀ ਸਦਕਾ ਨਹੀਂ ਸਗੋਂ, ਅਜਿਹਾ ਪੁਲਿਸ ਤੋਂ ਲੈ ਕੇ ਸਰਕਾਰੀ ਵਕੀਲਾਂ , ਅਦਾਲਤਾਂ ਅਤੇ ਸੰਸਦ ਤੱਕ, ਹਰ ਪੱਧਰ ਦੀ ਨਕਾਮੀ ਕਰਕੇ ਹੁੰਦਾ ਹੈ।

ਜੱਜ ਦਾ ਫੈਸਲਾ ਆਖਰੀ ਹੁੰਦਾ ਹੈ। ਜਦੋਂ ਗਲਤ ਸਜ਼ਾ ਹੁੰਦੀ ਹੈ, ਤਾਂ ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਜੱਜ ਨੇ ਸੁਣਾਈ ਸੀ। ਜੱਜਾਂ ਵੱਲੋਂ ਗਲਤ ਸਜ਼ਾ ਸੁਣਾਏ ਜਾਣ ਅਤੇ ਕਾਇਮ ਰੱਖਣ ਦੀ ਜ਼ਿੰਮੇਵਾਰੀ ਦੀ ਅਕਸਰ ਅਣਦੇਖੀ ਕੀਤੀ ਜਾਂਦੀ ਹੈ।

ਇਸ ਪਿਛੋਕੜ ਵਿੱਚ ਹਾਕਾਮਾਟਾ ਨੂੰ ਬਰੀ ਕੀਤਾ ਜਾਣਾ ਇੱਕ ਅਹਿਮ ਘਟਨਾਕ੍ਰਮ ਹੈ। ਇੱਕ ਅਜਿਹੀ ਘਟਨਾ ਜਿਸ ਵਿੱਚ ਸਮੇਂ ਦੇ ਵਿੱਚ ਪਿੱਛੇ ਜਾ ਕੇ ਨਿਆਂ ਕੀਤਾ ਗਿਆ ਹੈ।

ਹਾਕਾਮਾਟਾ ਨੂੰ ਬੇਕਸੂਰ ਕਹਿਣ ਤੋਂ ਬਾਅਦ ਸੁਣਵਾਈ ਕਰ ਰਹੇ ਮੁੱਖ ਜੱਜ ਨੇ ਹਿਡੇਕੋ ਤੋਂ ਇਨਸਾਫ਼ ਮਿਲਣ ਵਿੱਚ ਇੰਨੀ ਦੇਰ ਹੋ ਜਾਣ ਲਈ ਮਾਫ਼ੀ ਮੰਗੀ।

ਇਸ ਤੋਂ ਕੁਝ ਦੇਰ ਬਾਅਦ ਹੀ ਸ਼ਹਿਰ ਦੀ ਪੁਲਿਸ ਦੇ ਮੁਖੀ ਉਨ੍ਹਾਂ ਦੇ ਘਰ ਗਏ ਅਤੇ ਦੋਵਾਂ ਭੈਣ-ਭਾਰਾਵਾਂ ਦੇ ਸਾਹਮਣੇ ਨੀਵੇਂ ਹੋ ਕੇ ਮਾਫ਼ੀ ਮੰਗੀ।

ਪੁਲਿਸ ਮੁਖੀ ਤੁਸਾਡਾ ਨੇ ਕਿਹਾ, “ਪਿਛਲੇ 56 ਸਾਲ… ਅਸੀਂ ਤੁਹਾਡੇ ਵਰਨਣ ਨਾ ਕੀਤਾ ਜਾ ਸਕਣ ਵਾਲਾ ਤਣਾਅ ਅਤੇ ਬੋਝ ਦਾ ਕਾਰਨ ਬਣੇ ਹਾਂ। ਅਸੀਂ ਵਾਕਈ ਮਾਫ਼ੀ ਚਾਹੁੰਦੇ ਹਾਂ।”

ਹਿਡੋਕੇ ਨੇ ਉਮੀਦ ਤੋਂ ਉਲਟ ਜਵਾਬ ਦਿੰਦਿਆਂ ਕਿਹਾ, “ਅਸੀਂ ਸਮਝਦੇ ਹਾਂ ਕਿ ਜੋ ਕੁਝ ਵੀ ਹੋਇਆ, ਉਹ ਸਾਡੀ ਕਿਸਮਤ ਸੀ, ਹੁਣ ਅਸੀਂ ਕੋਈ ਸ਼ਿਕਾਇਤ ਨਹੀਂ ਕਰਾਂਗੇ।”

ਗੁਲਾਬੀ ਦਰਵਾਜ਼ਾ

ਇਸ ਮੁੱਕਦਮੇ ਵਿੱਚ ਹਾਕਾਮਾਟਾ ਦੇ ਖਿਲਾਫ਼ ਸਭ ਤੋਂ ਅਹਿਮ ਸਬੂਤ ਪਲਾਂਟ ਦੇ ਇੱਕ ਟੈਂਕ ਵਿੱਚੋਂ ਮਿਲੇ ਖੂਨ ਨਾਲ ਭਿੱਜੇ ਕੱਪੜੇ ਸਨ।

ਸੱਠ ਸਾਲ ਦੇ ਕਸ਼ਟ ਤੋਂ ਬਾਅਦ ਹਿਡੇਕੋ ਨੇ ਆਪਣੇ ਘਰ ਨੂੰ ਨਵਾਂ ਰੰਗ ਕਰਵਾਇਆ ਹੈ, ਤਾਂ ਜੋ ਨਵੀਂ ਉਮੀਦ ਘਰ ਵਿੱਚ ਆ ਸਕੇ। ਕਮਰੇ ਚਟਖ ਅਤੇ ਸਵਾਗਤੀ ਰੰਗ ਕੀਤੇ ਗਏ ਹਨ ਅਤੇ ਇਨ੍ਹਾਂ ਵਿੱਚ ਉਨ੍ਹਾਂ ਦੇ ਪਰਿਵਾਰ ਅਤੇ ਮਦਦਗਾਰਾਂ ਦੀਆਂ ਤਸਵੀਰਾਂ ਲਾਈਆਂ ਗਈਆਂ ਹਨ।

ਹਿਡੇਕੋ ਪੁਰਾਣੀਆਂ ਸਿਆਹ-ਸਫ਼ੇਦ ਤਸਵੀਰਾਂ ਪਲਟਦੇ ਹੋਏ ਆਪਣੇ ਛੋਟੇ ਭਰਾ ਦੀਆਂ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਹੋਏ ਹੱਸਦੇ ਹਨ।

“ਜਦੋਂ ਅਸੀਂ ਬੱਚੇ ਸੀ ਤਾਂ ਹਮੇਸ਼ਾ ਇਕੱਠੇ ਰਹਿੰਦੇ ਸੀ। ਮੈਨੂੰ ਹਮੇਸ਼ਾ ਪਤਾ ਸੀ ਕਿ ਮੈਨੂੰ ਆਪਣੇ ਨਿੱਕੇ ਭਰਾ ਦਾ ਧਿਆਨ ਰੱਖਣਾ ਪਵੇਗਾ। ਇਸ ਲਈ ਇਹ ਜਾਰੀ ਹੈ।”

ਉਹ ਹਾਕਾਮਾਟਾ ਦੇ ਕਮਰੇ ਵਿੱਚ ਜਾਂਦੇ ਹਨ ਅਤੇ ਆਪਣੀ ਬਿੱਲੀ ਜਿੰਜਰ ਨਾਲ ਮਿਲਵਾਉਂਦੇ ਹਨ, ਜੋ ਹਾਕਾਮਾਟਾ ਦੀ ਕੁਰਸੀ ਉੱਤੇ ਬੈਠੀ ਹੈ। ਫਿਰ ਉਹ ਕੰਧ ਉੱਤੇ ਲਟਕ ਰਹੀ ਹਾਕਾਮਾਟਾ ਦੀ, ਜਵਾਨੀ ਦੇ ਮੁੱਕੇਬਾਜ਼ੀ ਦੇ ਦਿਨਾਂ ਦੀ ਇੱਕ ਤਸਵੀਰ ਵੱਲ ਇਸ਼ਾਰਾ ਕਰਦੇ ਹਨ।

ਉਹ ਦੱਸਦੇ ਹਨ, “ਉਹ ਇੱਕ ਚੈਂਪੀਅਨ ਬਣਨਾ ਚਾਹੁੰਦਾ ਸੀ ਕਿ ਇਹ ਵਾਪਰ ਗਿਆ।”

ਜਦੋਂ ਸਾਲ 2014 ਵਿੱਚ ਹਾਕਾਮਾਟਾ ਨੂੰ ਪੇਰੋਲ ਉੱਤੇ ਰਿਹਾ ਕੀਤਾ ਗਿਆ ਤਾਂ ਹਿਡੇਕੋ ਆਪਣੇ ਘਰ ਨੂੰ ਜਿੰਨਾ ਹੋ ਸਕੇ ਉਨਾਂ ਚਮਕਾਉਣਾ ਚਾਹੁੰਦੇ ਸਨ, ਇਸ ਲਈ ਉਨ੍ਹਾਂ ਨੇ ਘਰ ਦੇ ਮੁੱਖ ਦਵਾਰਜ਼ੇ ਨੂੰ ਗੁਲਾਬੀ ਰੰਗ ਵਿੱਚ ਰੰਗਵਾਇਆ।

“ਮੇਰਾ ਮੰਨਣਾ ਸੀ ਕਿ ਜੇ ਉਹ ਚਮਕਦਾਰ ਕਮਰੇ ਵਿੱਚ ਖੁਸ਼ਗਵਾਰ ਜ਼ਿੰਦਗੀ ਜੀਵੇ ਤਾਂ ਉਹ ਕੁਦਰਤੀ ਹੀ ਠੀਕ ਹੋ ਜਾਵੇਗਾ।”

ਉਨ੍ਹਾਂ ਦੇ ਘਰ ਦਾ ਗੁਲਾਬੀ ਦਰਵਾਜ਼ਾ ਉਹ ਪਹਿਲੀ ਚੀਜ਼ ਹੈ ਜਿਸ ਵੱਲ ਹਰ ਕਿਸੇ ਦਾ ਧਿਆਨ ਜਾਂਦਾ ਹੈ। ਇਹ ਉਮੀਦ ਅਤੇ ਦ੍ਰਿੜਤਾ ਦਾ ਗੁਲਾਬੀ ਬਿਆਨ ਹੈ।

ਇਸ ਤਰਕੀਬ ਕਾਰਗਰ ਰਹੀ ਜਾਂ ਨਹੀਂ ਇਸ ਬਾਰੇ ਤਾਂ ਕੁਝ ਨਹੀਂ ਕਿਹਾ ਜਾ ਸਕਦਾ, ਲੇਕਿਨ ਹਾਕਾਮਾਟਾ ਅਜੇ ਵੀ ਘੰਟਿਆਂ ਬੱਧੀ ਚੱਕਰ ਕੱਟਦੇ ਰਹਿੰਦੇ ਹਨ, ਜਿਵੇਂ ਉਹ ਕਈ ਸਾਲਾਂ ਤੱਕ ਜੇਲ੍ਹ ਦੀ ਕਾਲ ਕੋਠੜੀ ਵਿੱਚ ਕਰਦੇ ਰਹੇ ਹੋਣਗੇ।

ਲੇਕਿਨ ਹਿਡੇਕੋ ਹੁਣ ਇਸ ਸਵਾਲ ਬਾਰੇ ਨਹੀਂ ਸੋਚਣਾ ਚਾਹੁੰਦੇ ਕਿ ਜੇ ਨਿਆਂ ਦਾ ਇਸ ਤਰ੍ਹਾਂ ਗਰਭਪਾਤ ਨਾ ਹੁੰਦਾ ਤਾਂ ਉਨ੍ਹਾਂ ਦੀ ਜ਼ਿੰਦਗੀ ਕਿਸ ਤਰ੍ਹਾਂ ਦੀ ਹੋਣੀ ਸੀ।

ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਉਹ ਇਸ ਸਭ ਲਈ ਕਿਸ ਨੂੰ ਕਸੂਰਵਾਰ ਮੰਨਦੇ ਹਨ ਤਾਂ ਉਹ ਕਹਿੰਦੇ ਹਨ— “ਕਿਸੇ ਨੂੰ ਨਹੀਂ”।

ਪੀੜਤ

ਤਸਵੀਰ ਸਰੋਤ, Reuters

“ਕੀ ਹੋਇਆ ਇਸ ਬਾਰੇ ਸ਼ਿਕਾਇਤ ਕਰਨਾ ਸਾਨੂੰ ਕਿਤੇ ਨਹੀਂ ਲਿਜਾਵੇਗਾ।”

ਹੁਣ ਉਨ੍ਹਾਂ ਦੀ ਪਹਿਲ ਆਪਣੇ ਭਰਾ ਨੂੰ ਅਰਾਮ ਨਾਲ ਰੱਖਣਾ ਹੈ। ਉਹ ਉਨ੍ਹਾਂ ਦੀ ਦਾੜ੍ਹੀ ਬਣਾਉਂਦੇ ਹਨ, ਸਿਰ ਝੱਸਦੇ ਹਨ, ਉਨ੍ਹਾਂ ਦੇ ਨਾਸ਼ਤੇ ਲਈ ਹਰ ਸਵੇਰ ਸੇਬ ਅਤੇ ਆੜੂ ਕੱਟਦੇ ਹਨ।

ਹਿਡੇਕੋ ਜਿਨ੍ਹਾਂ ਨੇ ਆਪਣੀ 91 ਸਾਲ ਦੀ ਜ਼ਿੰਦਗੀ ਵਿੱਚੋਂ ਜ਼ਿਆਦਾਤਰ ਸਮਾਂ ਆਪਣੇ ਭਰਾ ਦੀ ਆਜ਼ਾਦੀ ਲਈ ਲੜਾਈ ਲੜਦਿਆਂ ਕੱਟੀ ਹੈ। ਉਹ ਕਹਿੰਦੇ ਹਨ ਇਹ ਉਨ੍ਹਾਂ ਦੀ ਕਿਸਮਤ ਸੀ।

“ਮੈਂ ਅਤੀਤ ਬਾਰੇ ਨਹੀਂ ਸੋਚਣਾ ਚਾਹੁੰਦੀ। ਮੈਨੂੰ ਨਹੀਂ ਪਤਾ ਮੈਂ ਕਿੰਨੀ ਦੇਰ ਜ਼ਿੰਦਾ ਰਹਾਂਗੀ, ਮੈਂ ਸਿਰਫ ਇਹ ਚਾਹੁੰਦੀ ਹਾਂ ਕਿ ਇਵੇਓ ਇੱਕ ਚੈਨ ਪੂਰਬਕ ਅਤੇ ਸ਼ਾਂਤ ਜ਼ਿੰਦਗੀ ਬਤੀਤ ਕਰੇ।”

(ਚੀਕਾ ਨੈਕਾਯਾਮਾ ਦੇ ਰਿਪੋਰਟਿੰਗ ਵਿੱਚ ਸਹਿਯੋਗ ਨਾਲ)

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI