Home ਰਾਸ਼ਟਰੀ ਖ਼ਬਰਾਂ ਬ੍ਰਿਜ ਭੂਸ਼ਣ ਸ਼ਰਨ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਅਦਾਲਤ...

ਬ੍ਰਿਜ ਭੂਸ਼ਣ ਸ਼ਰਨ ਸਿੰਘ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਮਾਮਲੇ ਵਿੱਚ ਅਦਾਲਤ ਵੱਲੋਂ ਬਰੀ, ਬ੍ਰਿਜ ਭੂਸ਼ਣ ਨੇ ਫੈਸਲੇ ਤੋਂ ਬਾਅਦ ਕੀ ਕਿਹਾ

3
0

Source :- BBC PUNJABI

ਬ੍ਰਿਜ ਭੂਸ਼ਣ ਸ਼ਰਨ ਸਿੰਘ

ਤਸਵੀਰ ਸਰੋਤ, Sonu Mehta/Hindustan Times via Getty Images

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 4 ਮਿੰਟ

ਭਾਰਤੀ ਜਨਤਾ ਪਾਰਟੀ ਦੇ ਆਗੂ ਅਤੇ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੂੰ ਦਿੱਲੀ ਦੀ ਇੱਕ ਅਦਾਲਤ ਨੇ ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਬਰੀ ਕਰ ਦਿੱਤਾ ਹੈ।

ਲਾਈਵ ਲਾਅ ਦੇ ਮੁਤਾਬਕ, ਇਹ ਫ਼ੈਸਲਾ ਰਾਊਜ਼ ਐਵੇਨਿਊ ਅਦਾਲਤ ਨੇ ਸੁਣਾਇਆ ਹੈ। ਬ੍ਰਿਜ ਭੂਸ਼ਣ ਸ਼ਰਨ ਸਿੰਘ ਉੱਤੇ ਛੇ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲਗਾਏ ਸਨ।

ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਅਦਾਲਤ ਦੇ ਇਸ ਤਾਜ਼ਾ ਫ਼ੈਸਲੇ ‘ਤੇ ਕਿਹਾ, “ਅਦਾਲਤ ਨੇ ਕਿਹਾ ਕਿ ‘ਬ੍ਰਿਜ ਭੂਸ਼ਣ ਸਿੰਘ ਅਤੇ ਵਿਨੋਦ ਤੋਮਰ, ਤੁਹਾਨੂੰ ਦੋਵਾਂ ਨੂੰ ਬਾਇਜ਼ੱਤ ਬਰੀ ਕੀਤਾ ਜਾਂਦਾ ਹੈ। ਪਹਿਲੇ ਹੀ ਦਿਨ ਮੈਂ ਕਿਹਾ ਸੀ ਕਿ ਜੇ ਮੇਰੇ ਖ਼ਿਲਾਫ਼ ਕੋਈ ਫ਼ੈਸਲਾ ਆਉਂਦਾ ਹੈ ਜਾਂ ਕੋਈ ਇਲਜ਼ਾਮ ਸਾਬਿਤ ਹੁੰਦਾ ਹੈ ਤਾਂ ਮੈਂ ਖ਼ੁਦ ਫਾਂਸੀ ‘ਤੇ ਲਟਕ ਜਾਵਾਂਗਾ।”

“ਅੱਜ ਅਦਾਲਤ ਨੇ ਮੈਨੂੰ ਬਾਇਜ਼ੱਤ ਬਰੀ ਕੀਤਾ ਹੈ। ਇਹ ਮੇਰੇ ਲਈ ਅਤੇ ਮੇਰੇ ਸਮਰਥਕਾਂ ਲਈ ਖ਼ੁਸ਼ੀ ਦੀ ਗੱਲ ਹੈ। ਇਸ ਤੋਂ ਅੱਗੇ ਮੈਂ ਅੱਜ ਕੁੱਝ ਨਹੀਂ ਕਹਾਂਗਾ।”

ਇਸ ਮਾਮਲੇ ਵਿੱਚ ਅਪ੍ਰੈਲ 2023 ਵਿੱਚ ਮਹਿਲਾ ਪਹਿਲਵਾਨਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਦੇ ਖ਼ਿਲਾਫ਼ ਇੱਕ ਐੱਫਆਈਆਰ ਦਰਜ ਕਰਵਾਈ ਸੀ।

ਵਿਨੋਦ ਤੋਮਰ ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਸਕੱਤਰ ਸਨ।

ਵਿਨੇਸ਼ ਫੋਗਾਟ ਦੇ ਵਕੀਲ ਰੇਬੇਕਾ ਜੌਨ ਨੇ ਕਿਹਾ ਹੈ, “ਇਹ ਫ਼ੈਸਲਾ ਬੇਹੱਦ ਨਿਰਾਸ਼ਾਜਨਕ ਹੈ। ਇਸ ਮਾਮਲੇ ਵਿੱਚ ਸ਼ਿਕਾਇਤ ਕਰਨ ਵਾਲੀਆਂ ਚਾਰੋਂ ਮਹਿਲਾਵਾਂ ਨੇ ਅਦਾਲਤ ਵਿੱਚ ਪੂਰੀ ਇਮਾਨਦਾਰੀ ਨਾਲ ਗਵਾਹੀ ਦਿੱਤੀ। ਬਹਿਸ ਦੌਰਾਨ ਵੀ ਉਨ੍ਹਾਂ ਦੇ ਬਿਆਨਾਂ ਵਿੱਚ ਕੋਈ ਬਦਲਾਅ ਨਹੀਂ ਆਇਆ।”

ਅਦਾਲਤ ਦੇ ਫ਼ੈਸਲੇ ਤੋਂ ਬਾਅਦ ਪਹਿਲਵਾਨ ਬਜਰੰਗ ਪੂਨੀਆ ਨੇ ਕਿਹਾ, “ਅੱਜ ਦੇ ਫ਼ੈਸਲੇ ਤੋਂ ਇਹ ਸਾਫ਼ ਹੋ ਗਿਆ ਹੈ ਕਿ ਸਾਰੀ ਤਾਕਤ ਉਨ੍ਹਾਂ ਕੋਲ ਹੈ, ਸਭ ਕੁਝ ਉਨ੍ਹਾਂ ਦੇ ਕੋਲ ਹੈ। ਉਨ੍ਹਾਂ ਨੇ ਗਵਾਹਾਂ ਨੂੰ ਤੋੜ ਦਿੱਤਾ। ਅਸੀਂ ਹੁਣ ਅਦਾਲਤ ਦੇ ਹੁਕਮ ਦਾ ਵਿਸਥਾਰ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਸਮਝ ਨਹੀਂ ਆ ਰਿਹਾ ਕਿ ਕਿਸ ਆਧਾਰ ‘ਤੇ ਉਨ੍ਹਾਂ ਨੂੰ ਬਰੀ ਕੀਤਾ ਗਿਆ ਹੈ।”

ਐੱਫਆਈਆਰ ਵਿੱਚ ਮਹਿਲਾ ਪਹਿਲਵਾਨਾਂ ਨੇ ਜਿਨਸੀ ਸ਼ੋਸ਼ਣ ਦੀਆਂ ਕਈ ਘਟਨਾਵਾਂ ਦਾ ਜ਼ਿਕਰ ਕੀਤਾ ਸੀ।

ਮਈ 2024 ਵਿੱਚ ਅਦਾਲਤ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਅਤੇ ਵਿਨੋਦ ਤੋਮਰ ਦੇ ਖ਼ਿਲਾਫ਼ ‘ਚਾਰਜ ਫ੍ਰੇਮ’ ਕੀਤੇ ਸਨ। ਖ਼ਬਰਾਂ ਮੁਤਾਬਕ, ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਭਾਰਤੀ ਦੰਡ ਸੰਹਿਤਾ ਦੀ ਧਾਰਾ 354 (ਮਹਿਲਾ ਦੀ ਲਾਜ ਨੂੰ ਭੰਗ ਕਰਨਾ) ਅਤੇ 354ਏ (ਜਿਨਸੀ ਸ਼ੋਸ਼ਣ) ਤਹਿਤ ‘ਚਾਰਜ ਫ੍ਰੇਮ’ ਕੀਤੇ ਗਏ ਸਨ।

ਇਹ ਚਾਰਜ ਛੇ ਵਿੱਚੋਂ ਪੰਜ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ਦੇ ਆਧਾਰ ‘ਤੇ ਲਗਾਏ ਗਏ ਸਨ। ਇੱਕ ਮਹਿਲਾ ਪਹਿਲਵਾਨ ਦੀ ਸ਼ਿਕਾਇਤ ਦੇ ਮਾਮਲੇ ਵਿੱਚ ਅਦਾਲਤ ਨੇ ਬ੍ਰਿਜ ਭੂਸ਼ਣ ਸਿੰਘ ਨੂੰ ‘ਡਿਸਚਾਰਜ’ ਕਰ ਦਿੱਤਾ ਸੀ।

ਇਸ ਦੇ ਨਾਲ ਹੀ, ਵਿਨੋਦ ਤੋਮਰ ਦੇ ਖ਼ਿਲਾਫ਼ ‘ਕ੍ਰਿਮਿਨਲ ਇੰਟੀਮੀਡੇਸ਼ਨ’ ਦੀਆਂ ਧਾਰਾਵਾਂ ਵੀ ਲਗਾਈਆਂ ਗਈਆਂ ਸਨ।

ਹਾਲਾਂਕਿ, ਬ੍ਰਿਜ ਭੂਸ਼ਣ ਸ਼ਰਨ ਸਿੰਘ ਆਪਣੇ ਉੱਤੇ ਲੱਗੇ ਇਲਜ਼ਾਮਾਂ ਨੂੰ ਲਗਾਤਾਰ ਗਲਤ ਕਰਾਰ ਦਿੰਦੇ ਰਹੇ ਹਨ।

ਉਨ੍ਹਾਂ ਨੂੰ ਇਸ ਮਾਮਲੇ ਵਿੱਚ ਅਗਸਤ 2023 ਤੋਂ ਜ਼ਮਾਨਤ ਮਿਲੀ ਹੋਈ ਸੀ। ਇਸ ਮਾਮਲੇ ਵਿੱਚ ਜਾਂਚ ਏਜੰਸੀ ਨੇ ਉਨ੍ਹਾਂ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਸੀ। ਨਾਲ ਹੀ, ਉਨ੍ਹਾਂ ਦੀ ਜ਼ਮਾਨਤ ਪਟੀਸ਼ਨ ਦਾ ਅਦਾਲਤ ਵਿੱਚ ਵਿਰੋਧ ਵੀ ਨਹੀਂ ਕੀਤਾ ਸੀ।

ਜਦੋਂ ਮਹਿਲਾ ਪਹਿਲਵਾਨ ਸੜਕ ‘ਤੇ ਉੱਤਰੀਆਂ

ਜਿਨਸੀ ਸ਼ੋਸ਼ਣ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਮਹਿਲਾ ਪਹਿਲਵਾਨ (ਫਾਈਲ ਫੋਟੋ)

ਤਸਵੀਰ ਸਰੋਤ, @BAJRANGPUNIA

ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਪਹਿਲੀ ਵਾਰ ਜਨਵਰੀ 2023 ਵਿੱਚ ਸਾਹਮਣੇ ਆਏ ਸਨ, ਜਦੋਂ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੁਨੀਆ ਨੇ ਦਿੱਲੀ ਦੇ ਜੰਤਰ-ਮੰਤਰ ‘ਤੇ ਪ੍ਰਦਰਸ਼ਨ ਕੀਤਾ ਸੀ।

ਇਸ ਪ੍ਰਦਰਸ਼ਨ ਦੇ ਕੁਝ ਮਹੀਨਿਆਂ ਬਾਅਦ, ਮਹਿਲਾ ਪਹਿਲਵਾਨਾਂ ਨੇ ਇਲਜ਼ਾਮ ਲਗਾਏ ਸਨ ਕਿ ਉਨ੍ਹਾਂ ਨੇ ਦਿੱਲੀ ਦੇ ਕਨਾਟ ਪਲੇਸ ਥਾਣੇ ਵਿੱਚ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ, ਪਰ ਪੁਲਿਸ ਨੇ ਐੱਫਆਈਆਰ ਦਰਜ ਨਹੀਂ ਕੀਤੀ।

ਇਸ ਤੋਂ ਬਾਅਦ ਵਿਨੇਸ਼ ਫੋਗਾਟ ਸਮੇਤ ਕਈ ਹੋਰ ਮਹਿਲਾ ਪਹਿਲਵਾਨਾਂ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਕੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖ਼ਿਲਾਫ਼ ਐੱਫਆਈਆਰ ਦਰਜ ਕਰਨ ਦੀ ਮੰਗ ਕੀਤੀ ਸੀ।

ਇਸ ਤੋਂ ਬਾਅਦ ਹੋਈ ਸੁਣਵਾਈ ਦੌਰਾਨ ਦਿੱਲੀ ਪੁਲਿਸ ਨੇ ਕਿਹਾ ਸੀ ਕਿ ਉਹ ਇਸ ਮਾਮਲੇ ਵਿੱਚ ਐੱਫਆਈਆਰ ਦਰਜ ਕਰ ਰਹੀ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI