Source :- BBC PUNJABI

ਆਈਸਕ੍ਰੀਮ ਖਾਂਦੀਆਂ ਔਰਤਾਂ

ਤਸਵੀਰ ਸਰੋਤ, Getty Images

ਜੇ ਤੁਹਾਨੂੰ ਆਈਸ ਕ੍ਰੀਮ ਖਾਣ ਨਾਲ ਹੋਣ ਵਾਲਾ ਸਿਰਦਰਦ ਅਕਸਰ ਹੁੰਦਾ ਹੈ, ਤਾਂ ਇਹ ਵੇਖਣਾ ਫਾਇਦੇਮੰਦ ਹੋ ਸਕਦਾ ਹੈ ਕਿ ਕੀ ਇਹ ਤੁਹਾਡੇ ਪਰਿਵਾਰ ਵਿੱਚ ਵੀ ਹੁੰਦਾ ਹੈ ਅਤੇ ਉਹਨਾਂ ਸਿਰਦਰਦਾਂ ਵੱਲ ਵੀ ਦੁਬਾਰਾ ਧਿਆਨ ਦੇਣਾ ਚਾਹੀਦਾ ਹੈ ਜੋ ਬ੍ਰੇਨ ਫ੍ਰੀਜ਼ ਨਾਲ ਸੰਬੰਧਿਤ ਨਹੀਂ ਹਨ।

ਇੱਕ ਤਪਦੀ ਗਰਮੀਆਂ ਦਾ ਦਿਨ ਹੈ ਅਤੇ ਤੁਸੀਂ ਆਪਣੀ ਮਨਪਸੰਦ ਠੰਢੀ ਮਿੱਠੀ ਚੀਜ਼ ਖਾ ਰਹੇ ਹੋ, ਜਦੋਂ ਅਚਾਨਕ ਤੁਹਾਨੂੰ ਮਹਿਸੂਸ ਹੁੰਦਾ ਹੈ ਜਿਵੇਂ ਕਿਸੇ ਨੇ ਤੁਹਾਡੇ ਮੱਥੇ ਵਿੱਚ ਬਰਫ਼ ਤੋੜਨ ਵਾਲੀ ਨੁਕੀਲੀ ਸੂਈ ਮਾਰ ਦਿੱਤੀ ਹੋਵੇ।

ਇੱਕ ਤੇਜ਼, ਚੁੱਭਣ ਵਾਲਾ ਦਰਦ ਮਹਿਸੂਸ ਹੁੰਦਾ ਹੈ ਜੋ ਜਿਵੇਂ ਤੁਹਾਡੇ ਦਿਮਾਗ਼ ਦੇ ਅੰਦਰੋਂ ਆ ਰਿਹਾ ਹੋਵੇ। ਤੁਸੀਂ ਸਿਰਫ਼ ਉੱਥੇ ਬੈਠੇ ਰਹਿ ਸਕਦੇ ਹੋ, ਆਪਣੇ ਆਪ ਨੂੰ ਮੂਰਖ ਮਹਿਸੂਸ ਕਰਦੇ ਹੋਏ, ਜਦੋਂ ਤੁਹਾਡੀ ਆਈਸ ਕ੍ਰੀਮ ਪਿਘਲਦੀ ਰਹਿੰਦੀ ਹੈ ਅਤੇ ਦਰਦ ਹੌਲੀ-ਹੌਲੀ ਖ਼ਤਮ ਹੋ ਜਾਂਦਾ ਹੈ।

ਅਮਰੀਕਾ ਦੇ ਮਿਨੇਸੋਟਾ ਵਿੱਚ ਸਥਿਤ ਮੇਯੋ ਕਲੀਨਿਕ ਦੀ ਨਿਊਰੋਲੋਜਿਸਟ ਅਮਾਲ ਸਟਾਰਲਿੰਗ, ਜਿਨ੍ਹਾਂ ਨੂੰ ਚਾਕਲੇਟ ਆਈਸ ਕ੍ਰੀਮ ਪਸੰਦ ਹੈ। ਉਹ ਕਹਿੰਦੀ ਹੈ, “ਆਈਸ ਕ੍ਰੀਮ ਨਾਲ ਹੋਣ ਵਾਲਾ ਸਿਰਦਰਦ ਬਹੁਤ, ਬਹੁਤ ਆਮ ਹੈ। ਇਹ ਨੁਕਸਾਨਦੇਹ ਨਹੀਂ ਹੁੰਦਾ, ਇਹ ਆਉਂਦਾ ਹੈ ਅਤੇ ਫਿਰ ਚਲਾ ਜਾਂਦਾ ਹੈ।”

ਤਾਂ ਫਿਰ ਠੰਢੀਆਂ ਚੀਜ਼ਾਂ ਬਹੁਤ ਤੇਜ਼ੀ ਨਾਲ ਖਾਣ ਦੀ ਸਜ਼ਾ ਸਾਨੂੰ ਇਸ ਤਰ੍ਹਾਂ ਕਿਉਂ ਮਿਲਦੀ ਹੈ?

ਇਹ ਪਤਾ ਲੱਗਦਾ ਹੈ ਕਿ ਬ੍ਰੇਨ ਫ੍ਰੀਜ਼ ਨਾ ਸਿਰਫ਼ ਕਈ ਪੀੜ੍ਹੀਆਂ ਤੋਂ ਮਿੱਠੇ ਪਦਾਰਥਾਂ ਦੇ ਸ਼ੌਕੀਨਾਂ ਨੂੰ ਪ੍ਰਭਾਵਿਤ ਕਰਦਾ ਆ ਰਿਹਾ ਹੈ, ਸਗੋਂ ਇਸਦਾ ਵਿਗਿਆਨਕ ਤਰੱਕੀ ਵਿੱਚ ਵੀ ਦਹਾਕਿਆਂ ਪੁਰਾਣਾ ਯੋਗਦਾਨ ਰਿਹਾ ਹੈ ਅਤੇ ਇਹ ਤੁਹਾਡੀ ਸਿਹਤ ਬਾਰੇ ਤੁਹਾਡੀ ਸੋਚ ਨਾਲੋਂ ਕਾਫ਼ੀ ਵੱਧ ਜਾਣਕਾਰੀ ਦੇ ਸਕਦਾ ਹੈ।

ਆਈਸਕ੍ਰੀਮ ਖਾਂਦੇ ਬੱਚੇ

ਤਸਵੀਰ ਸਰੋਤ, Getty Images

ਬ੍ਰੇਨ ਫ੍ਰੀਜ਼ ਕੀ ਹੁੰਦਾ ਹੈ?

ਸਟਾਰਲਿੰਗ ਮੁਤਾਬਕ, ਜਿਸ ਨੂੰ ਸਾਡੇ ਵਿੱਚੋਂ ਬਹੁਤੇ ਲੋਕ ਬਚਪਨ ਤੋਂ “ਬ੍ਰੇਨ ਫ੍ਰੀਜ਼” ਜਾਂ “ਆਈਸ ਕ੍ਰੀਮ ਹੈਡੇਕ” ਕਹਿੰਦੇ ਆਏ ਹਾਂ, ਵਿਗਿਆਨੀ ਇਸ ਨੂੰ “ਕੋਲਡ-ਸਟਿਮੂਲਸ ਹੈਡੇਕ” ਕਹਿੰਦੇ ਹਨ।

ਖੋਜਕਾਰਾਂ ਦਾ ਮੰਨਣਾ ਹੈ ਕਿ ਇਹ ਸਿਰਦਰਦ “ਤਾਲੂ ਜਾਂ ਗਲੇ ਦੇ ਬਿਲਕੁਲ ਪਿਛਲੇ ਹਿੱਸੇ ਦੇ ਤੇਜ਼ੀ ਨਾਲ ਠੰਢੇ ਹੋਣ” ਕਾਰਨ ਹੁੰਦਾ ਹੈ।

ਉਹ ਦੱਸਦੀ ਹੈ ਕਿ ਖੂਨ ਦੀਆਂ ਇਨ੍ਹਾਂ ਨਲੀਆਂ ਦੀਆਂ ਕੰਧਾਂ ਵਿੱਚ ਮੌਜੂਦ ਦਰਦ ਮਹਿਸੂਸ ਕਰਨ ਵਾਲੇ ਤੰਤੂ ਟ੍ਰਾਈਜੈਮਿਨਲ ਨਰਵ ਨਾਲ ਜੁੜੇ ਹੁੰਦੇ ਹਨ, ਜੋ ਤੁਹਾਡੇ ਮੱਥੇ ਅਤੇ ਚਿਹਰੇ ਤੋਂ ਆਉਣ ਵਾਲੇ ਦਰਦ ਦੇ ਸੰਕੇਤਾਂ ਨੂੰ ਪ੍ਰੋਸੈਸ ਕਰਨ ਲਈ ਜ਼ਿੰਮੇਵਾਰ ਹੁੰਦੀ ਹੈ।

ਇਸੇ ਕਰਕੇ ਆਈਸ ਕ੍ਰੀਮ ਨਾਲ ਹੋਣ ਵਾਲਾ ਸਿਰਦਰਦ ਮੂੰਹ ਦੇ ਅੰਦਰ ਨਹੀਂ, ਸਗੋਂ ਦਿਮਾਗ਼ ਜਾਂ ਮੱਥੇ ਵਿੱਚ ਦਬਾਅ ਅਤੇ ਦਰਦ ਵਾਂਗ ਮਹਿਸੂਸ ਹੁੰਦਾ ਹੈ।

ਔਰਤ

ਤਸਵੀਰ ਸਰੋਤ, Getty Images

(ਇੱਕ ਹੋਰ ਗੰਭੀਰ ਗੱਲ ਇਹ ਹੈ ਕਿ ਕੁਝ ਅੰਕੜੇ ਦਰਸਾਉਂਦੇ ਹਨ ਕਿ ਠੰਢੇ ਖਾਣੇ ਜਾਂ ਪੀਣ ਵਾਲੀਆਂ ਚੀਜ਼ਾਂ ਦਿਲ ਦੀ ਧੜਕਨ ਦੇ ਅਸਧਾਰਣ ਤੌਰ ‘ਤੇ ਤੇਜ਼ ਜਾਂ ਅਣਗਠਿਤ ਹੋ ਜਾਣ, ਜਿਸ ਨੂੰ “ਕੋਲਡ ਡ੍ਰਿੰਕ ਹਾਰਟ” ਕਿਹਾ ਜਾਂਦਾ ਹੈ ਅਤੇ ਦਿਲ ਦੀ ਧੜਕਨ ਦੀ ਗੜਬੜ ਦਾ ਕਾਰਨ ਵੀ ਬਣ ਸਕਦੀਆਂ ਹਨ, ਖ਼ਾਸ ਕਰਕੇ ਮੱਧ-ਉਮਰ ਦੇ ਮਰਦਾਂ ਵਿੱਚ।)

ਸਟਾਰਲਿੰਗ ਕਹਿੰਦੀ ਹੈ ਕਿ ਕੋਲਡ-ਸਟਿਮੂਲਸ ਹੈਡੇਕ ਤੋਂ ਬਚਣ ਲਈ ਠੰਢੇ ਖਾਣੇ ਅਤੇ ਪੀਣ ਵਾਲੀਆਂ ਚੀਜ਼ਾਂ ਹੌਲੀ-ਹੌਲੀ ਖਾਣੀਆਂ ਜਾਂ ਪੀਣੀਆਂ ਚਾਹੀਦੀਆਂ ਹਨ। ਲੱਗਦਾ ਹੈ ਕਿ ਬ੍ਰੇਨ ਫ੍ਰੀਜ਼ ਦਾ ਕਾਰਨ ਤੇਜ਼ੀ ਨਾਲ ਹੋਣ ਵਾਲੀ ਠੰਢਕ ਹੈ, ਇਸ ਲਈ ਹਰ ਘੁੱਟ ਜਾਂ ਬੁਰਕੀ ਦੇ ਵਿਚਕਾਰ ਆਪਣੇ ਮੂੰਹ ਦੇ ਤਾਲੂ ਨੂੰ ਥੋੜ੍ਹਾ ਗਰਮ ਹੋਣ ਦਾ ਸਮਾਂ ਦੇਣਾ ਇਸ ਤੋਂ ਬਚਾਅ ਕਰ ਸਕਦਾ ਹੈ।

ਸਟਾਰਲਿੰਗ ਕਹਿੰਦੀ ਹੈ ਕਿ ਪਰ ਜੇ ਤੁਸੀਂ ਜ਼ਰਾ ਜ਼ਿਆਦਾ ਉਤਸ਼ਾਹ ਵਿੱਚ ਆ ਗਏ ਹੋ (ਅਜਿਹਾ ਕੌਣ ਨਹੀਂ ਕਰਦਾ!) ਅਤੇ ਤੁਹਾਨੂੰ ਪਹਿਲਾਂ ਹੀ ਆਈਸ ਕ੍ਰੀਮ ਵਾਲਾ ਸਿਰਦਰਦ ਹੋ ਗਿਆ ਹੈ, ਤਾਂ ਇਸ ਨੂੰ ਘੱਟ ਸਮੇਂ ਲਈ ਅਤੇ ਘੱਟ ਦਰਦਨਾਕ ਬਣਾਉਣ ਦੇ ਕੁਝ ਅਜ਼ਮਾਏ ਹੋਏ ਤਰੀਕੇ ਹਨ।

ਉਹ ਸੁਝਾਅ ਦਿੰਦੀ ਹੈ ਕਿ ਆਪਣੇ ਮੂੰਹ ਦੇ ਤਾਲੂ ਨੂੰ ਦੁਬਾਰਾ ਗਰਮ ਕਰਨ ਲਈ ਜੀਭ ਦੇ ਹੇਠਲੇ ਹਿੱਸੇ ਦੀ ਵਰਤੋਂ ਕਰੋ। ਜਾਂ ਜੇ ਤੁਹਾਡੀ ਜੀਭ ਦੇ ਦੋਵੇਂ ਪਾਸੇ ਠੰਢੇ ਹੋ ਗਈ ਹੈ, ਤਾਂ ਆਪਣੇ ਅੰਗੂਠੇ ਜਾਂ ਕਿਸੇ ਗਰਮ ਪੀਣ ਵਾਲੀ ਚੀਜ਼ ਦੀ ਵਰਤੋਂ ਕਰੋ।

ਇੱਕ ਹੈਰਾਨ ਕਰਨ ਵਾਲਾ ਸੰਬੰਧ

ਫਿਰ ਵੀ, ਕੁਝ ਲੋਕਾਂ ਨੂੰ ਬ੍ਰੇਨ ਫ੍ਰੀਜ਼ ਕਿਉਂ ਹੁੰਦਾ ਹੈ ਜਦਕਿ ਹੋਰ ਲੋਕ ਬਿਨਾਂ ਕਿਸੇ ਸਮੱਸਿਆ ਦੇ ਮਿਲਕਸ਼ੇਕ ਪੀ ਜਾਂਦੇ ਹਨ?

ਇਟਲੀ ਦੀ ਪਾਦੂਆ ਯੂਨੀਵਰਸਿਟੀ ਵਿੱਚ ਬਾਲ ਨਿਊਰੋਲੋਜੀ ਅਤੇ ਮਨੋਚਿਕਿਤਸਾ ਦੀ ਪ੍ਰੋਫੈਸਰ ਆਇਰੀਨ ਟੋਲਡੋ ਅਤੇ ਉਨ੍ਹਾਂ ਦੇ ਸਹਿਕਰਮੀਆਂ ਨੇ ਇਹ ਜਾਣਨ ਲਈ ਆਈਸ ਕ੍ਰੀਮ ਨਾਲ ਹੋਣ ਵਾਲੇ ਸਿਰਦਰਦ ਬਾਰੇ ਚਾਰ ਦਹਾਕਿਆਂ ਦੀ ਵਿਗਿਆਨਕ ਖੋਜ ਦਾ ਅਧਿਐਨ ਕੀਤਾ।

ਦੁਨੀਆ ਭਰ ਦੀ ਖੋਜ ਨੂੰ ਇਕੱਠਾ ਕਰਦੇ ਹੋਏ, ਟੋਲਡੋ ਨੇ ਕਈ ਪੈਟਰਨਾਂ ਦੀ ਪਛਾਣ ਕੀਤੀ, ਜਿਸ ਵਿੱਚ ਤਾਈਵਾਨ, ਜਰਮਨੀ ਅਤੇ ਕੈਨੇਡਾ ਦੇ ਹਜ਼ਾਰਾਂ ਸਕੂਲੀ ਬੱਚਿਆਂ ਅਤੇ ਬ੍ਰਾਜ਼ੀਲ, ਤੁਰਕੀ ਅਤੇ ਯੂਕੇ ਦੇ ਦਰਜਨਾਂ ਮਾਈਗ੍ਰੇਨ ਪੀੜਤ ਬਾਲਗਾਂ ਉੱਤੇ ਹੋਈਆਂ ਖੋਜਾਂ ਸ਼ਾਮਲ ਸਨ,

ਸਭ ਤੋਂ ਪਹਿਲਾਂ, ਖੋਜ ਇਹ ਦਰਸਾਉਂਦੀ ਹੈ ਕਿ ਬ੍ਰੇਨ ਫ੍ਰੀਜ਼ ਪੀੜੀ ਦਰ ਪੀੜੀ ਵਿੱਚ ਚੱਲ ਸਕਦਾ ਹੈ, ਜੇ ਤੁਹਾਡੇ ਮਾਤਾ-ਪਿਤਾ ਨੂੰ ਆਈਸ ਕ੍ਰੀਮ ਖਾਣ ਨਾਲ ਸਿਰਦਰਦ ਹੁੰਦਾ ਹੈ, ਤਾਂ ਸੰਭਾਵਨਾ ਹੈ ਕਿ ਤੁਹਾਨੂੰ ਵੀ ਹੋਵੇ।

(ਹੁਣ ਤੱਕ ਇਹ ਨਤੀਜੇ ਸਿਰਫ਼ ਆਪਸੀ ਸੰਬੰਧ ਦਰਸਾਉਂਦੇ ਹਨ ਅਤੇ ਵਿਗਿਆਨੀਆਂ ਨੇ ਅਜੇ ਤੱਕ ਉਹ ਖ਼ਾਸ ਜੀਨ ਨਹੀਂ ਲੱਭੇ ਜੋ ਇਸ ਸੰਬੰਧ ਲਈ ਜ਼ਿੰਮੇਵਾਰ ਹੋ ਸਕਦੇ ਹਨ।)

ਜਿੱਥੇ ਤੱਕ ਇਹ ਗੱਲ ਹੈ ਕਿ ਬ੍ਰੇਨ ਫ੍ਰੀਜ਼ ਦਾ ਦਰਦ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਵਿੱਚ ਕਿਵੇਂ ਵੱਖਰਾ ਹੋ ਸਕਦਾ ਹੈ, ਸਭ ਤੋਂ ਮਹੱਤਵਪੂਰਨ ਕਾਰਕ ਇਹ ਲੱਗਦਾ ਹੈ ਕਿ ਕੀ ਤੁਹਾਨੂੰ ਆਈਸ ਕ੍ਰੀਮ ਨਾਲ ਨਾ ਜੁੜੇ ਸਿਰਦਰਦ ਅਤੇ ਮਾਈਗ੍ਰੇਨ ਦੇ ਦੌਰੇ ਪੈਂਦੇ ਹਨ ਜਾਂ ਨਹੀਂ। ਅਜਿਹੇ ਤੀਬਰ ਸਿਰਦਰਦ ਜੋ ਘੰਟਿਆਂ ਜਾਂ ਕਈ ਵਾਰ ਦਿਨਾਂ ਤੱਕ ਰਹਿ ਸਕਦੇ ਹਨ।

ਟੋਲਡੋ ਕਹਿੰਦੀ ਹੈ, “ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਹੁੰਦਾ ਹੈ, ਉਹ ਆਮ ਤੌਰ ‘ਤੇ ਇਸ ਕਿਸਮ ਦੇ ਸਿਰਦਰਦ ਦੀ ਵੱਧ ਤੀਬਰਤਾ ਮਹਿਸੂਸ ਕਰਦੇ ਹਨ।”

1970 ਦੇ ਦਹਾਕੇ ਦੀ ਇੱਕ ਛੋਟੀ ਜਿਹੀ ਖੋਜ ਵਿੱਚ, ਮਾਈਗ੍ਰੇਨ ਦੇ ਦੌਰੇ ਪੈਣ ਵਾਲੇ 93% ਲੋਕਾਂ ਨੂੰ ਆਈਸ ਕ੍ਰੀਮ ਵਾਲਾ ਸਿਰਦਰਦ ਵੀ ਹੋਇਆ ਸੀ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਨੇ ਦਰਮਿਆਨੇ ਤੋਂ ਲੈ ਕੇ ਗੰਭੀਰ ਪੱਧਰ ਦੀ ਤਕਲੀਫ਼ ਮਹਿਸੂਸ ਕੀਤੀ।

ਬ੍ਰੇਨ ਫਰੀਜ਼

ਜਦਕਿ ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਨਹੀਂ ਹੁੰਦਾ ਸੀ, ਉਨ੍ਹਾਂ ਵਿੱਚੋਂ ਸਿਰਫ਼ ਇੱਕ-ਤਿਹਾਈ ਨੇ ਹੀ ਆਈਸ ਕ੍ਰੀਮ ਵਾਲਾ ਸਿਰਦਰਦ ਮਹਿਸੂਸ ਕੀਤਾ ਸੀ।

ਸਟਾਰਲਿੰਗ ਖੁਦ ਮਾਈਗ੍ਰੇਨ ਦੇ ਦੌਰਿਆਂ ਅਤੇ ਬਹੁਤ ਦਰਦਨਾਕ ਆਈਸ ਕ੍ਰੀਮ ਵਾਲੇ ਸਿਰਦਰਦ ਦੋਵਾਂ ਦਾ ਅਨੁਭਵ ਕਰਦੀ ਹੈ। ਉਹ ਕਹਿੰਦੀ ਹੈ, “ਮੇਰੀ ਟ੍ਰਾਈਜੈਮਿਨਲ ਨਰਵ ਮਾਈਗ੍ਰੇਨ ਦੇ ਦੌਰਿਆਂ ਕਾਰਨ ਬਹੁਤ ਸੰਵੇਦਨਸ਼ੀਲ ਹੈ ਅਤੇ ਇਸ ਲਈ… ਜਦੋਂ ਇਹ ਠੰਢ ਦੇ ਸੰਪਰਕ ਵਿੱਚ ਆਉਂਦੀ ਹੈ, ਤਾਂ ਇਹ ਹੋਰ ਵੀ ਜ਼ਿਆਦਾ ਸਰਗਰਮ ਹੋ ਸਕਦੀ ਹੈ।”

ਅਖ਼ੀਰਕਾਰ, ਜੇ ਤੁਹਾਨੂੰ ਜਾਂ ਤੁਹਾਡੇ ਬੱਚੇ ਨੂੰ ਬਹੁਤ ਦਰਦਨਾਕ ਬ੍ਰੇਨ ਫ੍ਰੀਜ਼ ਹੁੰਦਾ ਹੈ, ਤਾਂ ਇਹ ਤੁਹਾਡੇ ਸਿਰਦਰਦ ਦੇ ਇਤਿਹਾਸ ਬਾਰੇ ਸੋਚਣ ਅਤੇ ਆਈਸ ਕ੍ਰੀਮ ਨਾਲ ਨਾ ਜੁੜੇ ਸਿਰਦਰਦਾਂ ਵੱਲ ਦੁਬਾਰਾ ਧਿਆਨ ਦੇਣ ਯੋਗ ਹੋ ਸਕਦਾ ਹੈ।

ਜਿਸ ਚੀਜ਼ ਨੂੰ ਤੁਸੀਂ ਆਮ ਸਮਝ ਕੇ ਸਵੀਕਾਰ ਕਰ ਲਿਆ ਹੋਵੇ, ਉਹ ਇੱਕ ਗੰਭੀਰ ਪਰ ਇਲਾਜਯੋਗ ਸਥਿਤੀ ਹੋ ਸਕਦੀ ਹੈ ਜਿਸ ਦੀ ਜਾਂਚ ਕਰਵਾਉਣੀ ਚਾਹੀਦੀ ਹੈ।

“ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਹੁੰਦਾ ਹੈ, ਉਨ੍ਹਾਂ ਵਿੱਚੋਂ 50% ਤੋਂ ਵੱਧ ਨੇ ਆਪਣੇ ਲੱਛਣਾਂ ਬਾਰੇ ਕਦੇ ਡਾਕਟਰ ਨਾਲ ਗੱਲ ਵੀ ਨਹੀਂ ਕੀਤੀ। ਇਸ ਦੀ ਪਛਾਣ ਕੀਤੀ ਜਾ ਸਕਦੀ ਹੈ। ਇਸ ਦਾ ਇਲਾਜ ਉਪਲਬਧ ਹੈ।”

ਆਈਸ ਕ੍ਰੀਮ ਖਾਂਦੀ ਔਰਤ

ਤਸਵੀਰ ਸਰੋਤ, Getty Images

ਇੱਕ ਜੰਮਿਆ ਹੋਇਆ (ਫ੍ਰੋਜ਼ਨ) ਮਾਈਗ੍ਰੇਨ

ਇਸ ਹੈਰਾਨ ਕਰਨ ਵਾਲੇ ਸੰਬੰਧ ਨੂੰ ਦੇਖਦਿਆਂ, ਘੱਟੋ-ਘੱਟ 1960 ਦੇ ਦਹਾਕੇ ਤੋਂ ਵਿਗਿਆਨੀ ਵਲੰਟੀਅਰਾਂ ਨੂੰ ਜਾਣਬੁੱਝ ਕੇ ਬ੍ਰੇਨ ਫ੍ਰੀਜ਼ ਕਰਵਾਉਣ ਲਈ ਕਹਿੰਦੇ ਆ ਰਹੇ ਹਨ ਤਾਂ ਜੋ ਮਾਈਗ੍ਰੇਨ ਰੋਗ ਦਾ ਅਧਿਐਨ ਕੀਤਾ ਜਾ ਸਕੇ, ਜੋ ਦੁਨੀਆ ਭਰ ਵਿੱਚ ਅਪੰਗਤਾ ਦੇ ਪ੍ਰਮੁੱਖ ਕਾਰਨਾਂ ਵਿੱਚੋਂ ਇੱਕ ਹੈ।

ਇਸ ਸਥਿਤੀ ਦੇ ਇੰਨੇ ਆਮ ਹੋਣ ਦੇ ਬਾਵਜੂਦ, ਖੋਜਕਾਰਾਂ ਲਈ ਐੱਮਆਈਆਰ ਅਤੇ ਸੀਟੀ ਸਕੈਨਾਂ ਰਾਹੀਂ ਮਾਈਗ੍ਰੇਨ ਦੇ ਦੌਰੇ ਨੂੰ ਉਸ ਸਮੇਂ ਕੈਦ ਕਰਨਾ ਮੁਸ਼ਕਲ ਹੁੰਦਾ ਹੈ ਕਿਉਂਕਿ ਇਹ ਸਿਰਦਰਦ ਪਹਿਲਾਂ ਤੋਂ ਅਨੁਮਾਨ ਲਗਾਉਣਾ ਔਖਾ ਹੁੰਦਾ ਹੈ।

ਇਸ ਤੋਂ ਇਲਾਵਾ, ਇਹ ਇੰਨੇ ਦਰਦਨਾਕ ਹੁੰਦੇ ਹਨ ਕਿ ਕਈ ਵਾਰ ਵਲੰਟੀਅਰਾਂ ਲਈ ਮਾਈਗ੍ਰੇਨ ਦੇ ਦੌਰਾਨ ਹੀ ਲੈਬ ਤੱਕ ਪਹੁੰਚਣਾ ਵੀ ਮੁਸ਼ਕਲ ਹੋ ਜਾਂਦਾ ਹੈ।

ਸਟਾਰਲਿੰਗ ਮੁਤਾਬਕ, ਇੱਥੇ ਹੀ ਬ੍ਰੇਨ ਫ੍ਰੀਜ਼ ਮਦਦਗਾਰ ਸਾਬਤ ਹੋ ਸਕਦਾ ਹੈ।

ਕੋਲਡ-ਸਟਿਮੂਲਸ ਹੈਡੇਕ ਮਿੱਠੀਆਂ ਠੰਢੀਆਂ ਚੀਜ਼ਾਂ ਰਾਹੀਂ (ਅਤੇ ਘੱਟ ਸੁਆਦਲੇ ਤਰੀਕੇ ਨਾਲ, ਬਰਫ਼ ਦੇ ਟੁਕੜਿਆਂ ਅਤੇ ਬਹੁਤ ਠੰਢੇ ਪਾਣੀ ਰਾਹੀਂ) ਮਨਚਾਹੇ ਸਮੇਂ ਪੈਦਾ ਕੀਤਾ ਜਾ ਸਕਦਾ ਹੈ।

ਇਹ ਮਾਈਗ੍ਰੇਨ ਦੇ ਦੌਰੇ ਵਾਂਗ ਹੀ ਉਸੇ ਨਰਵ ਸਮੂਹ, ਟ੍ਰਾਈਜੈਮਿਨਲ ਨਰਵ, ਨੂੰ ਪ੍ਰਭਾਵਿਤ ਕਰਦਾ ਹੈ, ਇਸ ਲਈ ਇਹ ਮਾਈਗ੍ਰੇਨ ਦੇ ਚੱਲ ਰਹੇ ਦੌਰੇ ਦੇ ਇੱਕ ਵਿਗਿਆਨਕ ਬਦਲ ਵਜੋਂ ਕੰਮ ਕਰ ਸਕਦਾ ਹੈ।

ਆਈਸ ਕ੍ਰੀਮ ਖਾਂਦੀ ਔਰਤ

ਤਸਵੀਰ ਸਰੋਤ, Getty Images

ਸਟਾਰਲਿੰਗ ਸਮਝਾਉਂਦੀ ਹੈ, “ਸਿਰਦਰਦ ਨਾਲ ਸੰਬੰਧਿਤ ਚਿਕਿਤਸਾ ਦੇ ਸ਼ੁਰੂਆਤੀ ਦਿਨਾਂ ਵਿੱਚ, ਜਦੋਂ ਖੋਜਕਾਰ ਸਿਰ ਦੇ ਦਰਦ ਦੇ ਬੁਨਿਆਦੀ ਤਰੀਕਿਆਂ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਸਨ, ਬ੍ਰੇਨ ਫ੍ਰੀਜ਼ ਇੱਕ ਸੁਵਿਧਾਜਨਕ ਪ੍ਰਯੋਗਾਤਮਕ ਮਾਡਲ ਸੀ।”

ਹਾਲਾਂਕਿ, ਹਾਲ ਦੇ ਸਾਲਾਂ ਵਿੱਚ, ਖੋਜਕਾਰਾਂ ਨੇ ਮਨੁੱਖਾਂ ਵਿੱਚ ਮਾਈਗ੍ਰੇਨ ਦੇ ਦੌਰੇ ਨੂੰ ਉਤਸ਼ਾਹਿਤ ਕਰਨ ਲਈ ਹੋਰ ਤਰੀਕਿਆਂ ਦੀ ਵਰਤੋਂ ਕੀਤੀ ਹੈ, ਜਿਨ੍ਹਾਂ ਵਿੱਚ ਨਾਈਟ੍ਰੋਗਲਿਸਰਿਨ ਦੇ ਇੰਫਿਊਜ਼ਨ ਵੀ ਸ਼ਾਮਲ ਹਨ (ਹਾਂ, ਉਹੀ ਨਾਈਟ੍ਰੋਗਲਿਸਰਿਨ ਜੋ ਵਿਸਫੋਟਕ ਬਣਾਉਣ ਲਈ ਵਰਤੀ ਜਾਂਦੀ ਹੈ) ਤਾਂ ਜੋ ਮਾਈਗ੍ਰੇਨ ਦੀਆਂ ਅਗਲੀ ਪੀੜ੍ਹੀ ਦੀਆਂ ਦਵਾਈਆਂ ਵਿਕਸਿਤ ਕੀਤੀਆਂ ਜਾ ਸਕਣ।

ਜਿਨ੍ਹਾਂ ਲੋਕਾਂ ਨੂੰ ਮਾਈਗ੍ਰੇਨ ਦੀ ਸਮੱਸਿਆ ਹੈ, ਉਨ੍ਹਾਂ ਲਈ ਬ੍ਰੇਨ ਫ੍ਰੀਜ਼ ਦੇ ਡਰ ਕਾਰਨ ਠੰਢੀਆਂ ਮਿੱਠੀਆਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਕੋਈ ਲੋੜ ਨਹੀਂ ਹੈ।

ਟੋਲਡੋ ਕਹਿੰਦੀ ਹੈ, “ਤੁਹਾਨੂੰ ਆਈਸ ਕ੍ਰੀਮ ਖਾਣੀ ਬੰਦ ਕਰਨ ਦੀ ਲੋੜ ਨਹੀਂ ਹੈ। ਤੁਸੀਂ ਇਸ ਨੂੰ ਸੰਭਾਲਣਾ ਸਿੱਖ ਸਕਦੇ ਹੋ।”

ਖੁਸ਼ਕਿਸਮਤੀ ਨਾਲ, ਸਲਾਹ ਹਰ ਕਿਸੇ ਲਈ ਇੱਕੋ ਜਿਹੀ ਹੈ। ਆਈਸ ਕ੍ਰੀਮ ਖਾਂਦੇ ਸਮੇਂ ਥੋੜ੍ਹਾ ਹੋਰ ਸਮਾਂ ਲਓ, ਤਾਂ ਜੋ ਤੁਸੀਂ ਇਸ ਦੇ ਸੁਆਦਾਂ ਦਾ ਹੋਰ ਵਧੀਆ ਆਨੰਦ ਵੀ ਲੈ ਸਕੋ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI