Source :- BBC PUNJABI

ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਦਰਮਿਆਨ ਚੱਲਦੇ ਤਣਾਅ ਵਿਚਾਲੇ ਸ਼ਨੀਵਾਰ ਨੂੰ ਦੋਵਾਂ ਦੇਸ਼ਾਂ ਦੀ ਜੰਗਬੰਦੀ ਲਈ ਸਹਿਮਤੀ ਬਣੀ। ਹਾਲਾਂਕਿ, ਜੰਗਬੰਦੀ ਦੇ ਐਲਾਨ ਤੋਂ ਕੁੱਝ ਸਮਾਂ ਬਾਅਦ, ਭਾਰਤੀ ਵਿਦੇਸ਼ ਸਕੱਤਰ ਨੇ ਇੱਕ ਵਿਸ਼ੇਸ਼ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ “ਪਾਕਿਸਤਾਨ ਵੱਲੋਂ ਇਸ ਸਮਝੌਤੇ ਦੀ ਘੋਰ ਉਲੰਘਣਾ ਕੀਤੀ ਜਾ ਰਹੀ ਹੈ।”
ਤਣਾਅ ਦੇ ਦਿਨਾਂ ਵਿੱਚ ਦੋਵਾਂ ਪਾਸਿਆਂ ਤੋਂ ਇੱਕ ਦੂਜੇ ‘ਤੇ ਹਮਲਾ ਕਰਨ ਲਈ ਡਰੋਨ ਦੀ ਵਰਤੋਂ ਕੀਤੀ ਗਈ। ਦੱਖਣੀ ਏਸ਼ੀਆ ਦੇ ਇਹ ਦੋਵੇਂ ਹੀ ਮੁਲਕ ਪਰਮਾਣੂ ਸ਼ਕਤੀ ਦੇ ਮਾਲਕ ਹਨ।
ਭਾਰਤੀ ਫੌਜ ਨੇ ਸ਼ੁੱਕਰਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਪਾਕਿਸਤਾਨ ਨੇ 8 ਅਤੇ 9 ਮਈ ਦੀ ਰਾਤ ਨੂੰ ਭਾਰਤ ‘ਚ ਕਈ ਥਾਵਾਂ ‘ਤੇ ਡਰੋਨ ਨਾਲ ਹਮਲੇ ਕੀਤੇ ਸਨ।
ਭਾਰਤੀ ਫੌਜ ਦੀ ਤਰਜ਼ਮਾਨ ਕਰਨਲ ਸੋਫ਼ੀਆ ਕੁਰੈਸ਼ੀ ਨੇ 9 ਮਈ ਨੂੰ ਕੀਤੀ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਸੀ, “ਪਾਕਿਸਤਾਨ ਨੇ ਲਗਭਗ 300-400 ਡਰੋਨ ਦਾਗੇ ਹਨ।”
ਇਸ ਤਰ੍ਹਾਂ ਦਾ ਦਾਅਵਾ ਪਾਕਿਸਤਾਨ ਵੱਲੋਂ ਵੀ ਕੀਤਾ ਗਿਆ ਸੀ। ਪਾਕਿਸਤਾਨ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਭਾਰਤ ਦੇ 25 ਡਰੋਨ ਨਿਸ਼ਾਨੇ ‘ਤੇ ਲੈ ਕੇ ਤਬਾਹ ਕੀਤੇ ਹਨ, ਜਿਸ ‘ਤੇ ਭਾਰਤ ਵੱਲੋਂ ਕੋਈ ਅਧਿਕਾਰਤ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।
ਇਸ ਦੌਰਾਨ ਡਰੋਨ ਦੀ ਵਰਤੋਂ ‘ਤੇ ਰੱਖਿਆ ਮਾਹਰ ਬ੍ਰਿਗੇਡੀਅਰ ਸ਼ਾਰਦੇਂਦੂ ਕਹਿੰਦੇ ਹਨ, “ਇਹ ਨਵੇਂ ਢੰਗ ਅਤੇ ਤਕਨੀਕ ਨਾਲ ਪੂਰੀਂ ਤਰ੍ਹਾਂ ਨਾਲ ਲੈਸ ਹਨ, ਜੋ ਕਿ ਮਨੁੱਖ ਰਹਿਤ ਹਨ।”
“ਇਸ ‘ਚ ਤੁਹਾਡੇ ਲੜਾਕੂ ਜਹਾਜ਼ ਦੀ ਵਰਤੋਂ ਨਹੀਂ ਹੁੰਦੀ ਹੈ। ਹਮਲਾ ਕਰਨ ਵਾਲੇ ਦਾ ਕਿਸੇ ਤਰ੍ਹਾਂ ਦਾ ਜਾਨੀ ਨੁਕਸਾਨ ਨਹੀਂ ਹੁੰਦਾ ਹੈ, ਕਿਉਂਕਿ ਇਹ ਮਨੁੱਖ ਰਹਿਤ ਹੈ, ਇਸ ਲਈ ਪਾਇਲਟ ਭੇਜਣ ਦਾ ਵੀ ਕੋਈ ਖ਼ਤਰਾ ਨਹੀਂ ਚੁੱਕਣਾ ਪੈਂਦਾ ਹੈ।”
ਡਰੋਨ ਦੀ ਅਹਿਮ ਭੂਮਿਕਾ

ਤਸਵੀਰ ਸਰੋਤ, Getty Images
ਭਾਰਤ-ਪਾਕਿਸਤਾਨ ਵਿਚਾਲੇ ਇਹ ਤਣਾਅ ਦੀ ਸਥਿਤੀ 22 ਅਪ੍ਰੈਲ ਨੂੰ ਪਹਿਲਗਾਮ ‘ਚ ਸੈਲਾਨੀਆਂ ‘ਤੇ ਹੋਏ ਹਮਲੇ ਤੋਂ ਬਾਅਦ ਸਿਖਰ ‘ਤੇ ਪਹੁੰਚੀ ਸੀ।
ਇਸ ਹਮਲੇ ‘ਚ ਸੈਲਾਨੀਆਂ ਸਮੇਤ ਕੁੱਲ 26 ਲੋਕਾਂ ਦੀਆਂ ਜਾਨਾਂ ਗਈਆਂ। ਭਾਰਤ ਨੇ ਇਸ ਹਮਲੇ ਦੇ ਜਵਾਬ ‘ਚ 6-7 ਮਈ ਦੀ ਰਾਤ ਨੂੰ ਪਾਕਿਸਤਾਨ ‘ਚ 9 ਥਾਵਾਂ ‘ਤੇ ਹਮਲਾ ਕੀਤਾ ਸੀ।
ਹੁਣ ਇਸ ਤਣਾਅ ‘ਚ ਡਰੋਨ ਦੀ ਐਂਟਰੀ ਹੋ ਗਈ ਹੈ। ਡਰੋਨ ਨੂੰ ਰਸਮੀ ਤੌਰ ‘ਤੇ ਮਾਨਵ ਰਹਿਤ ਹਵਾਈ ਵਾਹਨ (ਅਨਮੈਂਡ ਏਰੀਅਲ ਵੀਹਕਲ) ਵੱਜੋਂ ਜਾਣਿਆ ਜਾਂਦਾ ਹੈ।
ਡਰੋਨ ਇੱਕ ਤਰ੍ਹਾਂ ਦਾ ਉੱਡਣ ਵਾਲਾ ਰੋਬੋਟ ਹੈ, ਜਿਸ ਨੂੰ ਸਾਫਟਵੇਅਰ ਸਿਸਟਮ ਰਾਹੀਂ ਕੰਟਰੋਲ ਕੀਤਾ ਜਾਂਦਾ ਹੈ। ਡਰੋਨ ਦੇ ਸਾਫਟਵੇਅਰ ‘ਚ ਉਡਾਣ ਯੋਜਨਾ, ਉਡਾਣ ਦੇ ਰਸਤੇ ਆਦਿ ਨੂੰ ਪਹਿਲਾਂ ਹੀ ਪ੍ਰੋਗਰਾਮ ਕਰਕੇ ਦੂਰ ਤੋਂ ਕੰਟਰੋਲ ਕੀਤਾ ਜਾ ਸਕਦਾ ਹੈ।
ਇਸ ਨੂੰ ਆਪਣੇ ਆਪ ਉਡਾਇਆ ਜਾ ਸਕਦਾ ਹੈ। ਡਰੋਨ ਔਨਬੋਰਡ ਸੈਂਸਰ ਅਤੇ ਗਲੋਬਲ ਪੋਜ਼ੀਸ਼ਨਿੰਗ ਸਿਸਟਮ (ਜੀਪੀਐਸ) ਦੇ ਨਾਲ ਮਿਲ ਕੇ ਕੰਮ ਕਰਦੇ ਹਨ।
ਇੰਪੀਰੀਅਲ ਵਾਰ ਮਿਊਜ਼ੀਅਮ ਦੀ ਵੈੱਬਸਾਈਟ ਦੇ ਅਨੁਸਾਰ, ਪਹਿਲਾਂ ਇਹ ਰਿਮੋਟਲੀ ਪਾਈਲੇਟਿਡ ਵਹੀਕਲ (ਆਰਪੀਵੀ) ਕਹਿਲਾਉਂਦਾ ਸੀ।
ਪਹਿਲੇ ਵਿਸ਼ਵ ਯੁੱਧ ਦੌਰਾਨ ਅਮਰੀਕਾ ਅਤੇ ਇੰਗਲੈਂਡ ਨੇ ਡਰੋਨ ਦਾ ਨਿਰਮਾਣ ਕੀਤਾ ਸੀ ਜਿਸ ਦਾ ਪ੍ਰੀਖਣ 1917-1918 ਨੂੰ ਕੀਤਾ ਗਿਆ ਸੀ। ਇਹ ਪਹਿਲਾਂ ਰੇਡੀਓ ਰਾਹੀਂ ਕੰਟਰੋਲ ਕੀਤੇ ਜਾਂਦੇ ਸਨ।
ਰੱਖਿਆ ਮਾਹਰ ਬ੍ਰਿਗੇਡੀਅਰ ਸ਼ਾਰਦੇਂਦੂ ਕਹਿੰਦੇ ਹਨ, ” ਮੌਜੂਦਾ ਸਮੇਂ ਜੋ ਡਰੋਨ ਬਣ ਰਹੇ ਹਨ, ਉਹ ਬਹੁਤ ਹੀ ਉੱਨਤ ਕਿਸਮ ਦੇ ਹਨ। ਦੂਰ ਤੋਂ ਹੀ ਆਪਣੇ ਟਾਰਗੇਟ ਦਾ ਪਤਾ ਲਗਾ ਕੇ ਉਸ ਨੂੰ ਨਿਸ਼ਾਨਾ ਬਣਾ ਸਕਦੇ ਹਨ। ਜੇਕਰ ਤਬਾਹ ਹੋ ਜਾਵੇ ਤਾਂ ਲੜਾਕੂ ਜਹਾਜ਼ ਦੇ ਮੁਕਾਬਲੇ ਇਸ ‘ਚ ਆਰਥਿਕ ਨੁਕਸਾਨ ਬਹੁਤ ਘੱਟ ਹੁੰਦਾ ਹੈ।”
ਹਾਲਾਂਕਿ ਅਮਰੀਕਾ ਨੇ 9/11 ਦੇ ਹਮਲੇ ਤੋਂ ਬਾਅਦ ਅਫਗਾਨਿਸਤਾਨ ‘ਚ ਇਸ ਦੀ ਵੱਡੇ ਪੱਧਰ ‘ਤੇ ਵਰਤੋਂ ਕੀਤੀ ਗਈ ਸੀ। ਹਾਲ ਹੀ ‘ਚ ਰੂਸ ਅਤੇ ਯੂਕਰੇਨ ਦੀ ਜੰਗ ਦੌਰਾਨ ਵੀ ਇਸ ਦੀ ਵਰਤੋਂ ਕੀਤੀ ਜਾ ਰਹੀ ਹੈ।
ਰਾਇਟਰਜ਼ ਦੀ 9 ਮਈ ਦੀ ਰਿਪੋਰਟ ਦੇ ਅਨੁਸਾਰ, ਗੇਰਨ-2, ਕਾਮੀਕੇਜ਼ ਭਾਵ ਆਤਮਘਾਤੀ ਡਰੋਨ ਹੈ। ਇਸ ਦੀ ਵਰਤੋਂ ਰੂਸ ਨੇ ਯੂਕਰੇਨ ਦੀ ਊਰਜਾ ਸੰਬੰਧਤ ਢਾਂਚੇ ਨੂੰ ਤਬਾਹ ਕਰਨ ਲਈ ਕੀਤੀ ਹੈ।
ਰਾਈਟਰਜ਼ ਦੇ ਅਨੁਸਾਰ ਰੂਸ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਦੋ ਦਰਜਨ ਵਿਦੇਸ਼ੀ ਆਗੂਆਂ ਦੇ ਸਾਹਮਣੇ ਰੂਸ ਵੱਲੋਂ ਤਿਆਰ ਕੀਤੇ ਗਏ ਡਰੋਨ ਦਾ ਮਾਸਕੋ ਦੇ ਰੈੱਡ ਸਕੁਏਅਰ ਵਿਖੇ ਪ੍ਰਦਰਸ਼ਨ ਕੀਤਾ ਹੈ।
ਭਾਰਤ-ਪਾਕਿਸਤਾਨ ਦਰਮਿਆਨ ਬੀਤੇ ਦਿਨਾਂ ਵਿੱਚ ਰਹੇ ਤਣਾਅ ‘ਤੇ ਝਾਤ ਮਾਰੀ ਜਾਵੇ ਤਾਂ ਇਹ ਸਪੱਸ਼ਟ ਹੁੰਦਾ ਹੈ ਕਿ ਆਧੁਨਿਕ ਜੰਗਾਂ ਵਿੱਚ ਡਰੋਨ ਦੀ ਭੂਮਿਕਾ ਅਹਿਮ ਹੁੰਦੀ ਜਾ ਰਹੀ ਹੈ।
ਵੀਰਵਾਰ ਨੂੰ ਪਾਕਿਸਤਾਨੀ ਫੌਜ ਦੇ ਬੁਲਾਰੇ ਲੈਫਟੀਨੈਂਟ ਜਨਰਲ ਅਹਿਮਦ ਸ਼ਰੀਫ ਚੌਧਰੀ ਨੇ ਕਿਹਾ ਸੀ ਕਿ ਉਨ੍ਹਾਂ ਦਾ ਮੁਲਕ ‘ਡਰੋਨ ਦੇ ਹਮਲਿਆਂ ਦੀ ਰਡਾਰ ਹੇਠ ਸੀ, ਕਰਾਚੀ-ਲਾਹੌਰ ਵਰਗੇ ਵੱਡੇ ਆਬਾਦੀ ਵਾਲੇ ਸ਼ਹਿਰਾਂ ਨੂੰ ਡਰੋਨਾਂ ਰਾਹੀਂ ਨਿਸ਼ਾਨੇ ‘ਤੇ ਲਿਆ ਗਿਆ ਹੈ।”
ਹਾਲਾਂਕਿ ਭਾਰਤ ਨੇ ਪਹਿਲੇ ਦਿਨ ਕਿਹਾ ਸੀ ਕਿ ਉਨ੍ਹਾਂ ਵੱਲੋਂ ਕੀਤੇ ਗਏ ਹਮਲੇ ‘ਚ ਕਿਸੇ ਵੀ ਫੌਜੀ ਟਿਕਾਣੇ ਨੂੰ ਨਿਸ਼ਾਨੇ ‘ਤੇ ਨਹੀਂ ਲਿਆ ਗਿਆ ਸੀ। ਪਰ ਬਦਲਦੇ ਹਾਲਾਤਾਂ ਦੇ ਵਿਚਾਲੇ ਭਾਰਤੀ ਫੌਜ ਦੀ ਤਰਜਮਾਨ ਕਰਨਲ ਸੋਫੀਆ ਕੁਰੈਸ਼ੀ ਨੇ ਕਿਹਾ, “ਭਾਰਤ ਨੇ ਲਾਹੌਰ ‘ਚ ਹਵਾਈ ਰੱਖਿਆ ਪ੍ਰਣਾਲੀ ਨੂੰ ਸਫਲਤਾਪੂਰਵਕ ਤਬਾਹ ਕਰ ਦਿੱਤਾ ਹੈ।”
ਕੁਰੈਸ਼ੀ ਨੇ ਇਹ ਸਪੱਸ਼ਟ ਨਹੀਂ ਕੀਤਾ ਸੀ ਕਿ ਇਸ ਹਮਲੇ ‘ਚ ਡਰੋਨ ਦੀ ਵਰਤੋਂ ਕੀਤੀ ਗਈ ਸੀ ਜਾਂ ਫਿਰ ਮਿਜ਼ਾਈਲ ਦਾਗੀ ਗਈ ਸੀ।
ਭਾਰਤ ਦੇ ਕੋਲ ਡਰੋਨ

ਤਸਵੀਰ ਸਰੋਤ, Getty Images
ਭਾਰਤ ਦੇ ਕੋਲ ਕਈ ਤਰ੍ਹਾਂ ਦੇ ਡਰੋਨ ਹਨ। ਬਾਲਾਕੋਟ ਸਰਜੀਕਲ ਸਟ੍ਰਾਈਕ ਤੋਂ ਬਾਅਦ ਇਜ਼ਰਾਈਲ ਨਾਲ ਕਈ ਡਰੋਨ ਦੇ ਸੌਦੇ ਹੋਏ ਹਨ।
ਹਾਲਾਂਕਿ ਰੱਖਿਆ ਮਾਹਰ ਬ੍ਰਿਗੇਡੀਅਰ ਸ਼ਾਰਦੇਂਦੂ ਦਾ ਕਹਿਣਾ ਹੈ, “ਪਾਕਿਸਤਾਨ ਦੇ ਇੱਕ ਦੇ ਮੁਕਾਬਲੇ ‘ਚ ਭਾਰਤ ਕੋਲ ਤਿੰਨ ਡਰੋਨ ਹਨ, ਜਿਸ ਕਾਰਨ ਭਾਰਤ ਦੀ ਫਾਇਰ ਸ਼ਕਤੀ ਵਧੇਰੇ ਹੈ। ਇਸ ਤਰ੍ਹਾਂ ਦੀ ਲੜਾਈ ‘ਚ ਭਾਰਤ ਦੇ ਕੋਲ ਪਾਕਿਸਤਾਨ ਦੇ ਮੁਕਾਬਲੇ ਵੱਧ ਸਮਰੱਥਾ ਹੈ। ਇਨ੍ਹਾਂ ‘ਚ ਹੈਰੋਪ, ਹਿਰੋਨ ਮਾਰਕ-2 ਅਤੇ ਸਕਾਈ-ਸਟ੍ਰਾਈਕਰ ਵਰਗੇ ਡਰੋਨ ਸ਼ਾਮਲ ਹਨ।”
ਭਾਰਤ ਕੋਲ ਸਕਾਈ ਸਟ੍ਰਾਈਕਰ ਡਰੋਨ ਹਨ, ਜਿਨ੍ਹਾਂ ਦਾ ਭਾਰਤ ਅਤੇ ਇਜ਼ਰਾਈਲ ਦੇ ਸਾਂਝੇ ਉੱਦਮ ਸਦਕਾ ਬੰਗਲੂਰੂ ‘ਚ ਨਿਰਮਾਣ ਕੀਤਾ ਗਿਆ ਹੈ।
ਨਵੀਂ ਦਿੱਲੀ ਸਥਿਤ ਸੈਂਟਰ ਫਾਰ ਏਅਰ ਪਾਵਰ ਸਟੱਡੀਜ਼ ਦੇ ਸੀਨੀਅਰ ਫੇਲੋ, ਸੇਵਾਮੁਕਤ ਗਰੁੱਪ ਕੈਪਟਨ ਡਾਕਟਰ ਦਿਨੇਸ਼ ਕੁਮਾਰ ਪਾਂਡੇ ਦਾ ਕਹਿਣਾ ਹੈ, “ਭਾਰਤ ਦੇ ਕੋਲ ਕਈ ਤਰ੍ਹਾਂ ਦੇ ਡਰੋਨ ਹਨ। ਇਹ ਫੌਜ ‘ਤੇ ਨਿਰਭਰ ਕਰਦਾ ਹੈ ਕਿ ਉਹ ਸਮੇਂ ਦੀ ਨਜ਼ਾਕਤ ਦੇ ਹਿਸਾਬ ਨਾਲ ਕਿਹੜੇ ਡਰੋਨ ਦੀ ਵਰਤੋਂ ਕਰਦੀ ਹੈ।”
ਉਨ੍ਹਾਂ ਦਾ ਕਹਿਣਾ ਹੈ, ਮੌਜੂਦਾ ਸਮੇਂ ਭਾਰਤ ਕਈ ਦੇਸ਼ਾਂ ਨੂੰ ਡਰੋਨ ਨਿਰਯਾਤ ਕਰ ਰਿਹਾ ਹੈ। ਅਮਰੀਕਾ, ਇਜ਼ਰਾਈਲ ਅਤੇ ਹੋਰ ਬਹੁਤ ਸਾਰੇ ਦੇਸ਼ ਭਾਰਤ ਤੋਂ ਡਰੋਨ ਲੈ ਰਹੇ ਹਨ।”
ਭਾਰਤ ਨੇ ਸਾਲ 2021 ‘ਚ ਲਗਭਗ 100 ਸਕਾਈ-ਸਟ੍ਰਾਈਕਰ ਡਰੋਨ ਲਏ ਸਨ, ਜਿਨ੍ਹਾਂ ਦੀ ਰੇਂਜ ਲਗਭਗ 100 ਕਿਲੋਮੀਟਰ ਤੱਕ ਦੀ ਹੈ। ਇਹ ਡਰੋਨ 10 ਕਿਲੋ ਤੱਕ ਵਾਰਹੈੱਡ ਲੈ ਜਾ ਸਕਦੇ ਹਨ।
ਇਹਨਾਂ ਦੀ ਆਵਾਜ਼ ਘੱਟ ਹੁੰਦੀ ਹੈ। ਜਿਸ ਕਰਕੇ ਇਹ ਘੱਟ ਉੱਚਾਈ ‘ਤੇ ਵੀ ਕਾਰਗਰ ਸਿੱਧ ਹੁੰਦੇ ਹਨ। ਇਸ ਨੂੰ ਬਣਾਉਣ ਵਾਲੀ ਕੰਪਨੀ ਦਾ ਦਾਅਵਾ ਹੈ, “ਇਹ ਸ਼ਾਂਤ, ਅਦਿੱਖ ਅਤੇ ਅਚਾਨਕ ਹਮਲਾ ਕਰਨ ਵਾਲੇ ਹਨ।”
ਦੂਜੇ ਪਾਸੇ ਹੈਰੋਪ ਡਰੋਨ ਦੀ ਰੇਂਜ ਬਹੁਤ ਜ਼ਿਆਦਾ ਹੈ। ਇਜ਼ਰਾਈਲ ਨਿਰਮਿਤ ਇਸ ਡਰੋਨ ਦੀ ਖਾਸੀਅਤ ਇਹ ਹੈ ਕਿ ਇਹ 1000 ਕਿਲੋਮੀਟਰ ਤੱਕ ਜਾ ਸਕਦਾ ਹੈ ਅਤੇ ਹਵਾ ‘ਚ ਲਗਭਗ 9 ਘੰਟੇ ਤੱਕ ਉੱਡਾਣ ਭਰ ਸਕਦਾ ਹੈ।

ਪਾਕਿਸਤਾਨ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਭਾਰਤ ਨੇ ਉਸ ਦੇ ਖਿਲਾਫ ਹੈਰੋਪ ਦੀ ਵਰਤੋਂ ਕੀਤੀ ਹੈ।
ਅਧਿਕਾਰਤ ਜਾਣਕਾਰੀ ਅਨੁਸਾਰ ਹੈਰੋਪ ਐਂਟੀ ਰਡਾਰ ਤਕਨੀਕ ਹੈ। ਇਸ ਦੇ ਕੈਮਰੇ ਵੱਡੀ ਫੌਜੀ ਮਸ਼ਨੀਰੀ ਦੀ ਪਛਾਣ ਕਰ ਸਕਦੇ ਹਨ। ਇਹ ਸਟੀਕ ਸਰਜੀਕਲ ਸਟ੍ਰਾਈਕ ਕਰਨ ਦੀ ਸਮਰੱਥਾ ਵੀ ਰੱਖਦਾ ਹੈ।
ਇਹ 23 ਕਿਲੋ ਤੱਕ ਦਾ ਵਾਰਹੈੱਡ ਜਾਂ ਬੰਬ ਲੈ ਜਾ ਸਕਦਾ ਹੈ। ਇਸ ਦੀ ਵਰਤੋਂ ਸਮੁੰਦਰ ‘ਚ ਜੰਗੀ ਜਹਾਜ਼ ਤੋਂ ਵੀ ਕੀਤੀ ਜਾ ਸਕਦੀ ਹੈ।
ਹਾਲਾਂਕ ਇਸ ਤੋਂ ਇਲਾਵਾ ਭਾਰਤ ਦੇ ਕੋਲ 3000 ਕਿਲੋਮੀਟਰ ਤੱਕ ਦੀ ਰੇਂਜ ਦਾ ਹੈਰੋਨ ਮਾਰਕ-2 ਵੀ ਹੈ। ਇਸ ਨੂੰ 2023 ‘ਚ ਖਰੀਦਿਆ ਗਿਆ ਸੀ, ਜੋ ਕਿ 24 ਘੰਟੇ ਤੱਕ ਹਵਾ ‘ਚ ਰਹਿਣ ਦੀ ਸਮਰੱਥਾ ਰੱਖਦਾ ਹੈ।
ਇਨ੍ਹਾਂ ਦੇ ਅੰਦਰ ਰਡਾਰ ਆਈਆਰ ਕੈਮਰਾ ਫਿੱਟ ਹੈ। ਇਹ ਡਰੋਨ ਲੇਜ਼ਰ ਮਾਰਕਿੰਗ ਰਾਹੀਂ ਨਿਸ਼ਾਨੇ ਦਾ ਸਹੀ ਪਤਾ ਵੀ ਦਿੰਦੇ ਹਨ। ਇਹ ਜ਼ਮੀਨ ਤੋਂ ਡੇਟਾ ਲਿੰਕ ਰਾਹੀਂ ਕੰਟਰੋਲ ਕੀਤੇ ਜਾ ਸਕਦੇ ਹਨ।
ਸੇਵਾਮੁਕਤ ਗਰੁੱਪ ਕੈਪਟਨ ਦਿਨੇਸ਼ ਪਾਂਡੇ ਕਹਿੰਦੇ ਹਨ, “ਕਿਹੜਾ ਡਰੋਨ ਕਿੰਨਾ ਪੇਲੋਡ ਲਿਜਾ ਸਕਦਾ ਹੈ, ਇਸ ਉਸ ਦੀ ਇੰਜਣ ਸਮਰੱਥਾ ‘ਤੇ ਨਿਰਭਰ ਕਰਦਾ ਹੈ। ਡਰੋਨ ‘ਤੇ ਪੇਲੋਡ ਜਿਨ੍ਹਾਂ ਜ਼ਿਆਦਾ ਹੋਵੇਗਾ, ਉਸ ਦੀ ਜ਼ਿਆਦਾ ਦੂਰ ਜਾਣ ਦੀ ਸਮਰੱਥਾ ਓਨੀ ਹੀ ਘੱਟ ਹੁੰਦੀ ਜਾਵੇਗੀ।”
ਪਾਕਿਸਤਾਨ ਦੇ ਕੋਲ ਵੀ ਡਰੋਨ

ਤਸਵੀਰ ਸਰੋਤ, Getty Images
ਭਾਰਤ ਵੱਲੋਂ ਸ਼ੁੱਕਰਵਾਰ ਨੂੰ ਫੌਜ ਨੇ ਕਿਹਾ ਸੀ ਕਿ ਜੰਮੂ, ਪਠਾਨਕੋਟ ਅਤੇ ਉੱਧਮਪੁਰ ‘ਚ ਫੌਜੀ ਟਿਕਾਣਿਆਂ ‘ਤੇ ਪਾਕਿਸਤਾਨ ਨੇ ਵੀਰਵਾਰ ਦੀ ਰਾਤ ਨੂੰ ਹਮਲਾ ਕੀਤਾ ਸੀ, ਜਿਸ ਨੂੰ ਨਾਕਾਮ ਕਰ ਦਿੱਤਾ ਗਿਆ ਹੈ। ਦੂਜੇ ਪਾਸੇ ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਹਮਲੇ ਦੀ ਗੱਲ ਨੂੰ ਨਕਾਰਿਆ ਹੈ।
ਭਾਰਤ ਨੇ ਵੀਰਵਾਰ ਨੂੰ ਕਿਹਾ ਕਿ ਪਾਕਿਸਤਾਨ ਨੇ ਤੁਰਕੀ-ਨਿਰਮਿਤ ਡਰੋਨ ਦੀ ਵਰਤੋਂ ਕੀਤੀ ਹੈ। ਪਾਕਿਸਤਾਨ ਦੇ ਕੋਲ ਸਵਾਰਮ ਡਰੋਨ ਹੈ।
ਸਵਾਰਮ ਡਰੋਨ ਬਾਰੇ ਸੇਵਾਮੁਕਤ ਗਰੁੱਪ ਕੈਪਟਨ ਦਿਨੇਸ ਕੁਮਾਰ ਪਾਂਡੇ ਦੱਸਦੇ ਹਨ ਕਿ “ਇਹ ਗਰੁੱਪ ‘ਚ ਚੱਲਦੇ ਹਨ, ਇਨ੍ਹਾਂ ਨੂੰ ਮਾਰਨਾ ਸੌਖਾ ਨਹੀਂ ਹੁੰਦਾ ਹੈ, ਇਨ੍ਹਾਂ ‘ਚੋਂ ਕਈ ਬਚ ਜਾਂਦੇ ਹਨ।”
ਉਨ੍ਹਾਂ ਅੱਗੇ ਕਿਹਾ ਕਿ “ਇਹ ਛੋਟੇ-ਛੋਟੇ ਸਮੂਹਾਂ ‘ਚ ਛੱਡੇ ਜਾਂਦੇ ਹਨ, ਪਰ ਹਵਾ ‘ਚ ਆਉਣ ਤੋਂ ਬਾਅਦ ਇੱਕਠੇ ਹੋ ਜਾਂਦੇ ਹਨ। ਇਹ ਕਿਸੇ ਟਾਰਗੇਟ ਨੂੰ ਨਿਸ਼ਾਨਾ ਵੀ ਬਣਾ ਸਕਦੇ ਹਨ ਅਤੇ ਬਚਾਅ ਵੀ ਸਕਦੇ ਹਨ।”
ਹਾਲਾਂਕਿ ਪਾਕਿਸਤਾਨ ਦੇ ਕੋਲ ਸ਼ਾਹਪਾਰ-2 ਡਰੋਨ ਹਨ, ਜਿਨ੍ਹਾਂ ਦੀ ਸਮਰੱਥਾ 23000 ਫੁੱਟ ਤੱਕ ਉਡਾਣ ਭਰਨ ਦੀ ਹੈ।
ਉੱਥੇ ਹੀ ਅਰਬ ਨਿਊਜ਼ ਦੇ ਅਨੁਸਾਰ ਨਵੰਬਰ 2024 ‘ਚ ਸ਼ਾਹਪਾਰ-3 ਦਾ ਪ੍ਰੀਖਣ ਪਾਕਿਸਤਾਨ ਵੱਲੋਂ ਕੀਤਾ ਗਿਆ ਸੀ। ਇਹ ਡਰੋਨ ਲਗਭਗ 35000 ਫੁੱਟ ਦੀ ਉਚਾਈ ਤੱਕ ਉੱਡ ਸਕਦਾ ਹੈ।
ਪਾਕਿਸਤਾਨ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਲਗਭਗ 500 ਕਿਲੋ ਤੱਕ ਦਾ ਪੇਲੋਡ ਲੈ ਕੇ ਉੱਡ ਸਕਦਾ ਹੈ।
ਸੇਵਾਮੁਕਤ ਗਰੁੱਪ ਕੈਪਟਨ ਦਿਨੇਸ਼ ਕੁਮਾਰ ਪਾਂਡੇ ਦੱਸਦੇ ਹਨ, “ਪਾਕਿਸਤਾਨ ਦੇ ਕੋਲ ਆਪਣਾ ਸਿਰਫ ਬੁਰਰਾਕ ਡਰੋਨ ਹੈ, ਬਾਕੀ ਸਾਰੇ ਵਿਦੇਸ਼ੀ ਹਨ।”
ਇਸ ਤੋਂ ਇਲਾਵਾ ਪਾਕਿਸਤਾਨ ਕੋਲ ਤੁਰਕੀ ਵੱਲੋਂ ਨਿਰਮਾਣ ਕੀਤਾ ਗਿਆ ਅਕੰਸੀ ਡਰੋਨ ਵੀ ਹੈ। ੲਹ ਹਵਾ ਤੋਂ ਹਵਾ ਅਤੇ ਹਵਾ ਤੋਂ ਜ਼ਮੀਨ ‘ਤੇ ਹਮਲਾ ਕਰਨ ਦੀ ਸਮਰੱਥਾ ਰੱਖਦਾ ਹੈ। ਇਹ ਆਧੁਨਿਕ ਤਕਨੀਕ ਅਤੇ ਰਡਾਰ ਨਾਲ ਲੈਸ ਹੈ।
ਜਿੱਥੋਂ ਤੱਕ ਅਕਿੰਸੀ ਦਾ ਸਵਾਲ ਹੈ ਤਾਂ ਉਸ ਦੇ ਬਾਰੇ ‘ਚ ਸੇਵਾਮੁਕਤ ਗਰੁੱਪ ਕੈਪਟਨ ਦਿਨੇਸ਼ ਕੁਮਾਰ ਪਾਂਡੇ ਦਾ ਕਹਿਣਾ ਹੈ, “ਇਹ ਬਹੁਤ ਹੀ ਉੱਨਤ ਕਿਸਮ ਦਾ ਡਰੋਨ ਹੈ, ਪਰ ਇਹ ਗਿਣਤੀ ‘ਚ ਕਿੰਨੇ ਹਨ, ਇਸ ਬਾਰੇ ਜਾਣਕਾਰੀ ਨਹੀਂ ਹੈ। ਕਿਉਂਕਿ ਇਹ ਅਜੇ ਜ਼ਿਆਦਾ ਨਹੀਂ ਬਣੇ ਹਨ, ਇਸ ਲਈ ਇਹ ਇੱਕ ਹਨ ਜਾਂ ਫਿਰ ਦੋ-ਤਿੰਨ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ।”
ਹਾਲਾਂਕਿ ਭਾਰਤ ਦੇ ਖਿਲਾਫ ਪਾਕਿਸਤਾਨ ਕਿਹੜੇ ਡਰੋਨ ਦੀ ਵਰਤੋਂ ਕਰ ਰਿਹਾ ਹੈ, ਇਸ ਦੀ ਪੁਸ਼ਟੀ ਅਜੇ ਨਹੀਂ ਹੋਈ ਹੈ।
ਦੋਵਾਂ ਦੇਸ਼ਾਂ ਦੇ ਡਰੋਨ ਦੀ ਤਾਕਤ

ਤਸਵੀਰ ਸਰੋਤ, Getty Images
ਟੈਕੀ.ਕਾਮ ਦੇ ਅਨੁਸਾਰ ਭਾਰਤ ਦੇ ਕੋਲ 200 ਮੱਧਮ ਉਚਾਈ ਦੇ (ਐਮਏਐਲਈ) ਅਤੇ 980 ਮਿੰਨੀ ਯੂਏਵੀ ਹਨ। ਪਾਕਿਸਤਾਨ ਦੇ ਕੋਲ 60 ਐਮਏਐਲਈ, 60 ਨੇਵੀ, 70 ਏਅਰ ਫੋਰਸ ਅਤੇ 100 ਫੌਜ ਦੇ ਯੂਏਵੀ ਹਨ। ਹਾਲਾਂਕਿ ਅਧਿਕਾਰਤ ਤੌਰ ‘ਤੇ ਕੋਈ ਪੁਸ਼ਟੀ ਨਹੀਂ ਹੈ।
ਭਾਰਤ ਦੇ ਕੋਲ ਹਾਰਪੀ, ਹੈਰੋਪ, ਐਮਕਿਊ-9 ਰੀਪਰ ਅਤੇ ਰੁਸਤਮ-2 ਹਨ।
ਹਾਰਪੀ ਇਜ਼ਰਾਈਲ ਨਿਰਮਿਤ ਡਰੋਨ ਹੈ। ਇਹ 9 ਘੰਟਿਆਂ ਤੱਕ ਉੱਡ ਸਕਦਾ ਹੈ। ਇਸ ਦੀ ਰੇਂਜ 500 ਕਿਲੋਮੀਟਰ ਤੱਕ ਦੀ ਹੈ ਅਤੇ ਇਹ 32 ਕਿਲੋ ਪੇਲੋਡ ਲੈ ਜਾ ਸਕਦਾ ਹੈ। ਇਸ ਦੀ ਕੀਮਤ ਲਗਭਗ 40 ਲੱਖ ਡਾਲਰ ਹੈ।
ਹੈਰੋਪ ਵੀ ਇਜ਼ਰਾਈਲ ਵੱਲੋਂ ਬਣਾਇਆ ਗਿਆ ਡਰੋਨ ਹੈ। ਇਹ ਵੀ 9 ਘੰਟਿਆਂ ਤੱਕ ਉਡਾਣ ਭਰ ਸਕਦਾ ਹੈ, ਪਰ ਇਸ ਦੀ ਰੇਂਜ ਲਗਭਗ 100 ਕਿਲੋਮੀਟਰ ਤੱਕ ਦੀ ਹੀ ਹੈ। ਇਹ 23 ਕਿਲੋ ਪੇਲੋਡ ਲੈ ਕੇ ਉੱਡਣ ਦੀ ਸਮਰੱਥਾ ਰੱਖਦਾ ਹੈ।
ਉੱਥੇ ਹੀ ਐਮਕਿਊ ਰੀਪਰ ਦਾ ਨਿਰਮਾਣ ਅਮਰੀਕਾ ਵੱਲੋਂ ਕੀਤਾ ਗਿਆ ਹੈ। ਇਹ 1700 ਕਿਲੋ ਤੱਕ ਦਾ ਪੇਲੋਡ ਲੈ ਜਾ ਸਕਦਾ ਹੈ। ਇਸ ਦੀ ਵਰਤੋਂ ਅਮਰੀਕਾ ਨੇ ਇਰਾਕ, ਸੀਰੀਆ ਅਤੇ ਅਫਗਾਨਿਸਤਾਨ ‘ਚ ਕੀਤੀ ਸੀ।
ਇਹ ਹਵਾ ‘ਚ 27 ਘੰਟੇ ਰਹਿ ਸਕਦਾ ਹੈ ਅਤੇ ਇਸ ਦੀ ਰੇਂਜ 1850 ਕਿਲੋਮੀਟਰ ਤੱਕ ਦੀ ਹੈ। ਇਸ ਦੀ ਕੀਮਤ 3 ਕਰੋੜ 20 ਲੱਖ ਡਾਲਰ ਪ੍ਰਤੀ ਯੂਨਿਟ ਹੈ।
ਰੁਸਤਮ-2 ਦਾ ਨਿਰਮਾਣ ਭਾਰਤ ਦੇ ਡੀਆਰਡੀਓ ਵੱਲੋਂ ਕੀਤਾ ਗਿਆ ਹੈ। ਇਸ ਦੀ ਰੇਂਜ 200 ਕਿਲੋਮੀਟਰ ਤੱਕ ਦੀ ਹੈ ਅਤੇ ਇਹ 350 ਕਿਲੋ ਪੇਲੋਡ ਲੈ ਕੇ ਉੱਡ ਸਕਦਾ ਹੈ। ਇਸ ਦੀ ਕੀਮਤ 50 ਤੋਂ 60 ਲੱਖ ਡਾਲਰ ਪ੍ਰਤੀ ਯੂਨਿਟ ਹੈ। ਹਾਲਾਂਕਿ ਅਜੇ ਇਹ ਟੈਸਟਿੰਗ ਪੜਾਅ ‘ਚ ਹੈ।
ਟੈਕੀ ਡਾਟ ਕਾਮ ਦੇ ਅਨੁਸਾਰ ਪਾਕਿਸਤਾਨ ਦੇ ਕੋਲ ਬੈਰਾਕਤਾਰ ਅਕਿੰਸੀ ਹੈ, ਜਿਸ ਦਾ ਨਿਰਮਾਣ ਤੁਰਕੀ ਵੱਲੋਂ ਕੀਤਾ ਗਿਆ ਹੈ। ਇਸ ਦੀ ਲੰਬਾਈ 12.2 ਮੀਟਰ ਹੈ। ਇਹ 1500 ਕਿਲੋ ਤੱਕ ਦਾ ਪੇਲੋਡ ਲੈ ਜਾ ਸਕਦਾ ਹੈ ਅਤੇ 40000 ਫੁੱਟ ਦੀ ਉਚਾਈ ਤੱਕ ਜਾ ਸਕਦਾ ਹੈ।
ਬੈਰਾਕਤਾਰ ਟੀਬੀ-2 ਵੀ ਤੁਰਕੀ ‘ਚ ਬਣਿਆ ਹੈ। ਇਹ 18000 ਫੁੱਟ ‘ਤੇ 27 ਘੰਟੇ ਰਹ ਸਕਦਾ ਹੈ। ਇਹ 150 ਕਿਲੋ ਤੱਕ ਪੇਲੋਡ ਲੈ ਜਾ ਸਕਦਾ ਹੈ।
ਇਸ ਤੋਂ ਇਲਾਵਾ ਚੀਨ ਵੱਲੋਂ ਨਿਰਮਾਣ ਕੀਤੇ ਗਏ ਸੀਐਚ-4 ਹਨ। ਇਹ 3000-5000 ਕਲੋਮੀਟਰ ਤੱਕ ਉੱਡ ਸਕਦੇ ਹਨ ਅਤੇ 345 ਕਿਲੋ ਤੱਕ ਪੇਲੋਡ ਲੈ ਜਾਣ ਦੀ ਸਮਰੱਥਾ ਰੱਖਦੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI