Source :- BBC PUNJABI

ਭਾਰਤ ਦੇ ਵਿਦੇਸ਼ ਮੰਤਰੀ ਐੱਸਜੈ ਸ਼ੰਕਰ ਅਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ

ਤਸਵੀਰ ਸਰੋਤ, Getty Images

10 ਮਈ 2025, 18:28 IST

ਅਪਡੇਟ ਇੱਕ ਘੰਟਾ ਪਹਿਲਾਂ

ਭਾਰਤ ਦੇ ਵਿਦੇਸ਼ ਸਕੱਤਰ ਵਿਕਰਮ ਮਿਸਰੀ ਨੇ ਸ਼ਨੀਵਾਰ ਨੂੰ ਇੱਕ ਸੰਖੇਪ ਬਿਆਨ ਵਿੱਚ ਜਾਣਕਾਰੀ ਦਿੱਤੀ ਕਿ ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ‘ਤੇ ਸਹਿਮਤੀ ਬਣ ਗਈ ਹੈ।

ਉਨ੍ਹਾਂ ਕਿਹਾ , “ਪਾਕਿਸਤਾਨ ਦੇ ਪਾਕਿਸਤਾਨ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਨੇ ਭਾਰਤੀ ਸਮੇਂ ਅਨੁਸਾਰ ਦੁਪਹਿਰ 3.35 ਵਜੇ ਭਾਰਤ ਦੇ ਡਾਇਰੈਕਟਰ ਜਨਰਲ ਆਫ਼ ਮਿਲਟਰੀ ਆਪ੍ਰੇਸ਼ਨਜ਼ ਨੂੰ ਫ਼ੋਨ ਕੀਤਾ।”

“ਦੋਵਾਂ ਵਿਚਕਾਰ ਇਹ ਸਹਿਮਤੀ ਬਣੀ ਹੈ ਕਿ ਭਾਰਤੀ ਸਮੇਂ ਮੁਤਾਬਕ ਸ਼ਾਮ 5 ਵਜੇ ਤੋਂ, ਦੋਵੇਂ ਧਿਰਾਂ ਜ਼ਮੀਨ, ਹਵਾ ਅਤੇ ਸਮੁੰਦਰ ‘ਤੇ ਹਰ ਤਰ੍ਹਾਂ ਦੀ ਗੋਲੀਬਾਰੀ ਅਤੇ ਫ਼ੌਜੀ ਕਾਰਵਾਈ ਬੰਦ ਕਰ ਦੇਣਗੀਆਂ।”

“ਦੋਵਾਂ ਧਿਰਾਂ ਨੂੰ ਇਸ ਸਮਝ ਮੁਤਾਬਕ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਗਏ ਹਨ। ਦੋਵਾਂ ਦੇਸ਼ਾਂ ਦੇ ਮਿਲਟਰੀ ਆਪ੍ਰੇਸ਼ਨਾਂ ਦੇ ਡਾਇਰੈਕਟਰ ਜਨਰਲ 12 ਮਈ ਨੂੰ ਦੁਪਹਿਰ 12 ਵਜੇ ਇਸ ਬਾਰੇ ਦੁਬਾਰਾ ਚਰਚਾ ਕਰਨਗੇ।”

ਇਸ ਤੋਂ ਥੋੜ੍ਹੀ ਦੇਰ ਪਹਿਲਾਂ, ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਅਤੇ ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਵੀ ਜੰਗਬੰਦੀ ‘ਤੇ ਹੋਏ ਸਮਝੌਤੇ ਬਾਰੇ ਜਾਣਕਾਰੀ ਦਿੱਤੀ ਸੀ।

ਭਾਰਤੀ ਵਿਦੇਸ਼ ਮੰਤਰੀ ਜੈ ਸ਼ੰਕਰ ਨੇ ਕੀ ਕਿਹਾ

ਭਾਰਤੀ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ

ਤਸਵੀਰ ਸਰੋਤ, Getty Images

ਭਾਰਤੀ ਵਿਦੇਸ਼ ਮੰਤਰੀ ਐੱਸ ਜੈ ਸ਼ੰਕਰ ਨੇ ਐਕਸ ਉੱਤੇ ਇੱਕ ਪੋਸਟ ਵਿੱਚ ਲਿਖਿਆ ਭਾਰਤ ਅਤੇ ਪਾਕਿਸਤਾਨ ਨੇ ਅੱਜ ਗੋਲੀਬਾਰੀ ਰੋਕਣ ਅਤੇ ਫ਼ੌਜੀ ਕਾਰਵਾਈ ਬਾਰੇ ਇੱਕ ਸਹਿਮਤੀ ਬਣਾਈ ਹੈ।

ਉਨ੍ਹਾਂ ਲਿਖਿਆ, “ਭਾਰਤ ਨੇ ਅੱਤਵਾਦ ਦੇ ਸਾਰੇ ਰੂਪਾਂ ਅਤੇ ਪ੍ਰਗਟਾਵਿਆਂ ਵਿਰੁੱਧ ਲਗਾਤਾਰ ਇੱਕ ਦ੍ਰਿੜ ਅਤੇ ਸਮਝੌਤਾ ਰਹਿਤ ਰੁਖ਼ ਬਣਾਈ ਰੱਖਿਆ ਹੈ। ਇਹ ਅਜਿਹਾ ਕਰਨਾ ਜਾਰੀ ਰੱਖੇਗਾ।”

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ ਨੇ ਕੀ ਕਿਹਾ?

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਇਸਹਾਕ ਡਾਰ

ਤਸਵੀਰ ਸਰੋਤ, Getty Images

ਪਾਕਿਸਤਾਨ ਦੇ ਉਪ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਇਸਹਾਕ ਡਾਰ ਨੇ ਵੀ ਟਵੀਟ ਕੀਤਾ ਹੈ ਕਿ “ਪਾਕਿਸਤਾਨ ਅਤੇ ਭਾਰਤ ਇੱਕ ਪੂਰਨ ਅਤੇ ਤੁਰੰਤ ਜੰਗਬੰਦੀ ‘ਤੇ ਸਹਿਮਤ ਹੋਏ ਹਨ।”

ਇਸਹਾਕ ਡਾਰ ਨੇ ਕਿਹਾ, “ਪਾਕਿਸਤਾਨ ਅਤੇ ਭਾਰਤ ਤੁਰੰਤ ਪ੍ਰਭਾਵ ਨਾਲ ਜੰਗਬੰਦੀ ਲਈ ਸਹਿਮਤ ਹੋ ਗਏ ਹਨ। ਪਾਕਿਸਤਾਨ ਹਮੇਸ਼ਾ ਆਪਣੀ ਪ੍ਰਭੂਸੱਤਾ ਅਤੇ ਖੇਤਰੀ ਅਖੰਡਤਾ ਨਾਲ ਸਮਝੌਤਾ ਕੀਤੇ ਬਗੈਰ ਖੇਤਰ ਵਿੱਚ ਸ਼ਾਂਤੀ ਅਤੇ ਸੁਰੱਖਿਆ ਚਾਹੁੰਦਾ ਹੈ।”

ਟਰੰਪ ਨੇ ਕੀ ਕਿਹਾ

ਡੌਨਲਡ ਟਰੰਪ ਵਲੋਂ ਸਾਂਝੀ ਕੀਤੀ ਗਈ ਪੋਸਟ

ਤਸਵੀਰ ਸਰੋਤ, Donald J. Trump/X

ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਨੇ ਕਿਹਾ ਹੈ, “ਭਾਰਤ ਅਤੇ ਪਾਕਿਸਤਾਨ ਇੱਕ ਪੂਰਨ ਅਤੇ ਤੁਰੰਤ ਜੰਗਬੰਦੀ ਲਈ ਸਹਿਮਤ ਹੋ ਗਏ ਹਨ।”

ਸੋਸ਼ਲ ਮੀਡੀਆ ਪਲੇਟਫਾਰਮ ਟਰੁੱਥ ਸੋਸ਼ਲ ‘ਤੇ ਇੱਕ ਪੋਸਟ ਵਿੱਚ, ਅਮਰੀਕੀ ਰਾਸ਼ਟਰਪਤੀ ਨੇ ਕਿਹਾ, “ਅਮਰੀਕਾ ਦੀ ਵਿਚੋਲਗੀ ਨਾਲ ਰਾਤ ਭਰ ਚੱਲੀ ਗੱਲਬਾਤ ਤੋਂ ਬਾਅਦ, ਮੈਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਭਾਰਤ ਅਤੇ ਪਾਕਿਸਤਾਨ ਇੱਕ ਮੁਕੰਮਲ ਅਤੇ ਫ਼ੌਰਨ ਜੰਗਬੰਦੀ ਲਈ ਸਹਿਮਤ ਹੋ ਗਏ ਹਨ।”

“ਦੋਵਾਂ ਦੇਸ਼ਾਂ ਨੂੰ ਸਾਂਝੀ ਸਮਝ ਅਤੇ ਸੂਝ-ਬੂਝ ਦੀ ਵਰਤੋਂ ਕਰਨ ਲਈ ਵਧਾਈਆਂ। ਇਸ ਮਾਮਲੇ ਵੱਲ ਧਿਆਨ ਦੇਣ ਲਈ ਤੁਹਾਡਾ ਧੰਨਵਾਦ!”

‘ਵੱਖ-ਵੱਖ ਮੁੱਦਿਆਂ ਉੱਤੇ ਗੱਲ ਕਰਨ ਲਈ ਬਣੀ ਸਹਿਮਤੀ’-ਮਾਰਕੋ ਰੂਬੀਓ

ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ

ਤਸਵੀਰ ਸਰੋਤ, Getty Images

ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ ਨੇ ਕਿਹਾ ਹੈ ਕਿ ਭਾਰਤ ਅਤੇ ਪਾਕਿਸਤਾਨ ਵੱਖ-ਵੱਖ ਮੁੱਦਿਆਂ ‘ਤੇ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ।

ਉਨ੍ਹਾਂ ਕਿਹਾ, “ਭਾਰਤ ਅਤੇ ਪਾਕਿਸਤਾਨ ਤੁਰੰਤ ਜੰਗਬੰਦੀ ਲਈ ਸਹਿਮਤ ਹੋਏ ਹਨ ਅਤੇ ਇੱਕ ਨਿਰਪੱਖ ਥਾਂ ‘ਤੇ ਵੱਖ-ਵੱਖ ਮੁੱਦਿਆਂ ‘ਤੇ ਚਰਚਾ ਕਰਨਗੇ।”

ਭਾਰਤ-ਪਾਕਿਸਤਾਨ ਦਰਮਿਆਨ ਕਿਉਂ ਪੈਦਾ ਹੋਇਆ ਸੀ ਤਣਾਅ

ਜੰਮੀ

22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਸੈਲਾਨੀਆਂ ‘ਤੇ ਹਮਲੇ ਤੋਂ ਦੋ ਹਫ਼ਤਿਆਂ ਬਾਅਦ, ਭਾਰਤ ਨੇ 6-7 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਅਤੇ ਪਾਕਿਸਤਾਨ ਸ਼ਾਸਿਤ ਕਸ਼ਮੀਰ ਵਿੱਚ ਹਵਾਈ ਹਮਲੇ ਕੀਤੇ ਸਨ।

ਭਾਰਤ ਨੇ ਇਨ੍ਹਾਂ ਹਮਲਿਆਂ ਨੂੰ ‘ਆਪ੍ਰੇਸ਼ਨ ਸਿੰਦੂਰ’ ਦਾ ਨਾਮ ਦਿੱਤਾ ਹੈ।

ਭਾਰਤੀ ਫ਼ੌਜ ਮੁਤਾਬਕ ਆਪ੍ਰੇਸ਼ਨ ਸਿੰਦੂਰ ਤੋਂ ਬਾਅਦ 8 ਅਤੇ 9 ਮਈ ਦੀ ਰਾਤ ਨੂੰ ਪਾਕਿਸਤਾਨ ਵਲੋਂ ਜਵਾਬੀ ਕਾਰਵਾਈ ਕਰਦਿਆਂ ਭਾਰਤ ਵੱਲ ਕਈ ਡਰੋਨ ਹਮਲਿਆਂ ਦੀ ਕੋਸ਼ਿਸ਼ ਕੀਤੀ ਗਈ।

ਭਾਰਤੀ ਫੌਜ ਦੇ ਉੱਚ ਅਧਿਕਾਰੀ ਨੇ ਬੀਬੀਸੀ ਕੋਲ ਪੁਸ਼ਟੀ ਕੀਤੀ ਹੈ ਕਿ ਸਰਹੱਦ ਉੱਤੇ ਪੁੰਛ ਇਲਾਕੇ ਵਿੱਚ ਹੋਈ ਪਾਕਿਸਤਾਨੀ ਗੋਲੀਬਾਰੀ ਵਿੱਚ ਮਰਨ ਵਾਲਿਆਂ ਦੀ ਗਿਣਤੀ 16 ਹੋ ਗਈ ਹੈ ਅਤੇ 43 ਲੋਕ ਜ਼ਖ਼ਮੀ ਹਨ।

ਭਾਰਤੀ ਫ਼ੌਜ ਵੱਲੋਂ 9 ਮਈ ਦੇ ਘਟਨਾਕ੍ਰਮ ਬਾਰੇ ਸਾਂਝੀ ਕੀਤੀ ਗਈ ਜਾਣਕਾਰੀ ਵਿੱਚ ਦੱਸਿਆ ਗਿਆ ਸੀ ਕਿ ਭਾਰਤੀ ਫ਼ੌਜ ਉੱਤਰੀ ਭਾਰਤ ਦੇ ਬਾਰਾਮੂਲਾ ਤੋਂ ਲੈ ਕੇ ਦੱਖਣ ਵਿੱਚ ਭੁਜ ਤੱਕ, ਕੌਮਾਂਤਰੀ ਸਰਹੱਦ ਅਤੇ ਪਾਕਿਸਤਾਨ ਨਾਲ ਲੱਗਦੀ ਕੰਟਰੋਲ ਰੇਖਾ ਦੇ ਨਾਲ-ਨਾਲ 26 ਥਾਂਵਾਂ ‘ਤੇ ਡਰੋਨ ਦੇਖੇ ਗਏ ਹਨ।

ਜਿਨ੍ਹਾਂ ਥਾਂਵਾਂ ਤੋਂ ਡਰੋਨ ਮਿਲੇ ਹਨ ਉਨ੍ਹਾਂ ਵਿੱਚ ਬਾਰਾਮੂਲਾ, ਸ਼੍ਰੀਨਗਰ, ਅਵੰਤੀਪੁਰਾ, ਨਗਰੋਟਾ, ਜੰਮੂ, ਫਿਰੋਜ਼ਪੁਰ, ਪਠਾਨਕੋਟ, ਫਾਜ਼ਿਲਕਾ, ਲਾਲਗੜ੍ਹ ਜੱਟਾ, ਜੈਸਲਮੇਰ, ਬਾੜਮੇਰ, ਭੁਜ, ਕੁਆਰਬੇਟ ਅਤੇ ਲੱਖੀ ਨਾਲਾ ਸ਼ਾਮਲ ਹਨ।

ਭਾਰਤ ਵਲੋਂ ਕੀਤੇ ਗਏ ਹਮਲਿਆਂ ਵਿੱਚ ਹੋਏ ਨੁਕਸਾਨ ਬਾਰੇ ਦਾਅਵੇ ਕਰਦਿਆਂ ਪਾਕਿਸਤਾਨੀ ਫੌਜ ਦੇ ਬੁਲਾਰੇ ਨੇ ਦੱਸਿਆ ਸੀ ਕਿ ਹੁਣ ਤੱਕ ਹਮਲੇ ਵਿੱਚ 36 ਲੋਕਾਂ ਦੀ ਮੌਤ ਹੋਈ ਹੈ ਜਦਕਿ 57 ਲੋਕ ਜ਼ਖਮੀ ਹੋਏ ਹਨ। ਇਸ ਉੱਪਰ ਭਾਰਤ ਦੀ ਹਾਲੇ ਤੱਕ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ।

ਭਾਰਤ ਵੱਲੋਂ ਹਾਲੇ ਤੱਕ ਪਾਕਿਸਤਾਨ ਦੇ ਇਨ੍ਹਾਂ ਦਾਅਵਿਆਂ ਬਾਰੇ ਕੋਈ ਪ੍ਰਤੀਕਿਰਿਆ ਨਹੀਂ ਆਈ ਹੈ। ਬੀਬੀਸੀ ਸੁਤੰਤਰ ਤੌਰ ‘ਤੇ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਨਹੀਂ ਕਰਦਾ।

ਭਾਰਤੀ ਫੌਜ ਨੇ 10 ਮਈ ਸ਼ਨੀਵਾਰ ਨੂੰ ਕਿਹਾ ਕਿ ਪਾਕਿਸਤਾਨ ਵੱਲੋਂ ਲਗਾਤਾਰ ਪੱਛਮੀ ਫਰੰਟ ਉੱਤੇ ਹਮਲੇ ਕੀਤੇ ਜਾ ਰਹੇ ਹਨ।

ਪਾਕਿਸਤਾਨ ਦਾ ਕਹਿਣਾ ਹੈ ਕਿ ਭਾਰਤ ਨੇ 9-10 ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਦੇ 3 ਫੌਜੀ ਟਿਕਾਣਿਆਂ ਉੱਤੇ ਹਮਲੇ ਕੀਤੇ ਜਿਸ ਦਾ ਜਵਾਬ ਦਿੱਤਾ ਜਾ ਰਿਹਾ ਹੈ।

ਅੱਜ 10 ਮਈ ਸ਼ਾਮ 5 ਵਜੇ ਤੋਂ ਦੋਵਾਂ ਦੇਸ਼ਾਂ ਦੇ ਜੰਗਬੰਦੀ ਦਾ ਐਲਾਨ ਕਰ ਦਿੱਤਾ ਹੈ।

ਇਹ ਵੀ ਪੜ੍ਹੋ-

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI