Home rss national punjabi2ਰਾਸ਼ਟਰੀ ਖ਼ਬਰਾਂ ਭਾਰਤ ਦੀ ਇਸ ਗਲੇਸ਼ੀਅਲ ਝੀਲ ਵਿੱਚ ਲੱਗੇਗਾ ਅਰਲੀ ਵਾਰਨਿੰਗ ਸਿਸਟਮ, ਕਿਸ ਖ਼ਤਰੇ...

ਭਾਰਤ ਦੀ ਇਸ ਗਲੇਸ਼ੀਅਲ ਝੀਲ ਵਿੱਚ ਲੱਗੇਗਾ ਅਰਲੀ ਵਾਰਨਿੰਗ ਸਿਸਟਮ, ਕਿਸ ਖ਼ਤਰੇ ਦਾ ਹੈ ਖ਼ਦਸ਼ਾ

5
0

Source :- BBC PUNJABI

ਝੀਲ

ਨੇਪਾਲ ਵਿੱਚ ਆਈ ਫ਼ਲੈਸ਼ ਫ਼ਲੱਡ ਆਫ਼ਤ ਦੇ ਇੱਕ ਮਹੀਨੇ ਬਾਅਦ ਭਾਰਤ ਦੇ ਹਿਮਾਲਿਆਈ ਸੂਬੇ ਉੱਤਰਾਖੰਡ ਨੇ ਇੱਕ ਗਲੇਸ਼ੀਅਲ ਝੀਲ ਉੱਤੇ ਅਰਲੀ ਵਾਰਨਿੰਗ ਸਿਸਟਮ ਸਥਾਪਤ ਕਰਨ ਦਾ ਕਦਮ ਚੁੱਕਿਆ ਹੈ।

ਉੱਤਰਾਖੰਡ ਦੇ ਉੱਚ ਹਿਮਾਲਿਆਈ ਖੇਤਰਾਂ ਵਿੱਚ ਗਲੇਸ਼ੀਅਰ ਝੀਲਾਂ ਦੇ ਟੁੱਟਣ ਨਾਲ ਹੋਣ ਵਾਲੇ ਨੁਕਸਾਨ ਨੂੰ ਘਟਾਉਣ, ਝੀਲਾਂ ਦੀ ਨਿਗਰਾਨੀ ਅਤੇ ਚੇਤਾਵਨੀ ਤੰਤਰ ਨੂੰ ਮਜ਼ਬੂਤ ਕਰਨ ਲਈ ਇਹ ਪਹਿਲ ਸ਼ੁਰੂ ਹੋਈ ਹੈ।

ਚਮੋਲੀ ਦੀ ਵਸੁਧਾਰਾ ਗਲੇਸ਼ੀਅਲ ਝੀਲ ਵਿੱਚ ਅਰਲੀ ਵਾਰਨਿੰਗ ਸਿਸਟਮ ਸਥਾਪਤ ਕਰਨ ਲਈ ਵਿਗਿਆਨੀਆਂ ਦਾ ਇੱਕ ਦਲ ਬੀਤੇ ਮੰਗਲਵਾਰ ਨੂੰ ਦੇਹਰਾਦੂਨ ਤੋਂ ਰਵਾਨਾ ਹੋਇਆ। ਵਸੁਧਾਰਾ ਝੀਲ ਨੂੰ ਵਸੁੰਧਰਾ ਤਾਲ ਵੀ ਕਿਹਾ ਜਾਂਦਾ ਹੈ।

ਗਲੇਸ਼ੀਅਲ ਝੀਲ ਉੱਤੇ ਲਗਾਇਆ ਜਾਣ ਵਾਲਾ ਇਹ ਸੂਬੇ ਦਾ ਪਹਿਲਾ ਅਰਲੀ ਵਾਰਨਿੰਗ ਸਿਸਟਮ ਹੈ।

ਇਸ ਦੇ ਜ਼ਰੀਏ ਅਤਿ-ਆਧੁਨਿਕ ਸੈਂਸਰ, ਉਪਗ੍ਰਹਿ ਸੰਚਾਰ ਅਤੇ ਰੀਅਲ ਟਾਈਮ ਅੰਕੜੇ ਮਿਲਣ ਨਾਲ ਝੀਲ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੀ ਨਿਗਰਾਨੀ ਕੀਤੀ ਜਾ ਸਕੇਗੀ। ਇਸ ਤਰ੍ਹਾਂ ਸਮੇਂ ਸਿਰ ਖ਼ਤਰੇ ਦਾ ਅੰਦਾਜ਼ਾ ਲਗਾਇਆ ਜਾ ਸਕੇਗਾ।

ਤੇਜ਼ੀ ਨਾਲ ਵਧ ਰਿਹਾ ਵਸੁੰਧਰਾ ਝੀਲ ਦਾ ਦਾਇਰਾ

ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ (ਐੱਨਆਰਐੱਸਸੀ) ਦੀ ਰਿਪੋਰਟ ਮੁਤਾਬਕ, ਪਿਛਲੇ ਛੇ ਦਹਾਕਿਆਂ ਵਿੱਚ ਵਸੁਧਾਰਾ ਤਾਲ ਦਾ ਜਲ-ਵਿਸਤਾਰ ਖੇਤਰ ਕਰੀਬ ਪੰਜ ਗੁਣਾ ਵਧਿਆ ਹੈ।

ਸਾਲ 1962 ਵਿੱਚ ਇਹ ਝੀਲ 10.53 ਹੈਕਟੇਅਰ ਵਿੱਚ ਫੈਲੀ ਸੀ, ਜਿਸ ਦਾ ਜਲ-ਵਿਸਤਾਰ ਖੇਤਰ ਸਾਲ 2024 ਵਿੱਚ ਵਧ ਕੇ 51.07 ਹੈਕਟੇਅਰ ਹੋ ਗਿਆ।

ਇਹ ਝੀਲ ਇੱਕ ਸੁਪਰਾ-ਗਲੇਸ਼ੀਅਲ (ਹਿਮਨਦ ਦੀ ਸਤ੍ਹਾ ਉੱਤੇ ਬਣੀ) ਝੀਲ ਹੈ, ਜੋ ਕਈ ਛੋਟੀਆਂ ਝੀਲਾਂ ਦੇ ਆਪਸ ਵਿੱਚ ਮਿਲ ਕੇ ਬਣਨ ਨਾਲ ਵਿਕਸਿਤ ਹੋਈ ਹੈ।

ਸੂਬਾ ਸਰਕਾਰ ਦਾ ਕਹਿਣਾ ਹੈ ਕਿ ਝੀਲ ਦੇ ਵਧਦੇ ਆਕਾਰ ਅਤੇ ਇਸ ਦੇ ਹੇਠਾਂ ਵੱਸੇ ਇਲਾਕਿਆਂ ਅਤੇ ਹੋਰ ਮਹੱਤਵਪੂਰਨ ਢਾਂਚਿਆਂ ਉੱਤੇ ਸੰਭਾਵਿਤ ਖ਼ਤਰੇ ਨੂੰ ਦੇਖਦੇ ਹੋਏ ਇਸ ਦੀ ਲਗਾਤਾਰ ਨਿਗਰਾਨੀ ਅਤੇ ਸਮੇਂ ਸਿਰ ਚੇਤਾਵਨੀ ਦੇਣ ਲਈ ਅਰਲੀ ਵਾਰਨਿੰਗ ਸਿਸਟਮ ਲਗਾਇਆ ਜਾ ਰਿਹਾ ਹੈ।

29 ਸਤੰਬਰ ਤੋਂ ਸ਼ੁਰੂ ਹੋਇਆ ਇਹ ਅਭਿਆਨ 15 ਅਕਤੂਬਰ ਤੱਕ ਪ੍ਰਸਤਾਵਿਤ ਹੈ।

ਅਭਿਆਨ ਦਲ ਵਿੱਚ ਰੁੜਕੀ ਸਥਿਤ ਕੇਂਦਰੀ ਭਵਨ ਖੋਜ ਸੰਸਥਾਨ (ਸੀਬੀਆਰਆਈ) ਅਤੇ ਦੇਹਰਾਦੂਨ ਸਥਿਤ ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾਨ ਦੇ ਵਿਗਿਆਨੀ ਅਤੇ ਤਕਨੀਕੀ ਮਾਹਰ ਸ਼ਾਮਲ ਹਨ।

ਉੱਚ ਹਿਮਾਲਿਆਈ ਅਤੇ ਦੂਰ-ਦੁਰਾਢੇ ਦੇ ਖੇਤਰ ਵਿੱਚ ਅਭਿਆਨ ਦਲ ਦੀ ਸੁਰੱਖਿਆ, ਆਵਾਜਾਈ ਅਤੇ ਫ਼ੀਲਡ ਸਹਿਯੋਗ ਲਈ ਐੱਸਡੀਆਰਐੱਫ਼, ਐੱਨਡੀਆਰਐੱਫ਼ ਅਤੇ ਆਈਟੀਬੀਪੀ ਦੇ ਜਵਾਨ ਵੀ ਦਲ ਦੇ ਨਾਲ ਰਹਿਣਗੇ।

ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਕਿ ਸੂਬਾ ਸਰਕਾਰ ਦਾ ਯਤਨ ਹੈ ਕਿ ਵਿਗਿਆਨਕ ਸੰਸਥਾਵਾਂ, ਮਾਹਰਾਂ ਅਤੇ ਆਫ਼ਤ ਪ੍ਰਬੰਧਨ ਨਾਲ ਜੁੜੇ ਸਾਰੇ ਵਿਭਾਗਾਂ ਦੇ ਆਪਸੀ ਤਾਲਮੇਲ ਨਾਲ ਉੱਚ ਹਿਮਾਲਿਆਈ ਖੇਤਰਾਂ ਵਿੱਚ ਆਧੁਨਿਕ ਨਿਗਰਾਨੀ ਅਤੇ ਪੂਰਵ ਚੇਤਾਵਨੀ ਤੰਤਰ ਨੂੰ ਮਜ਼ਬੂਤ ਬਣਾਇਆ ਜਾਵੇ।

ਅਭਿਆਨ ਦਲ ਦੇ ਮੈਂਬਰ ਬੁੱਧਵਾਰ ਸਵੇਰੇ ਰਿਸ਼ੀਕੇਸ਼ ਤੋਂ ਜੋਸ਼ੀਮਠ ਲਈ ਰਵਾਨਾ ਹੋਏ।

ਵਾਡੀਆ ਭੂ-ਵਿਗਿਆਨ ਸੰਸਥਾਨ ਦੇ ਗਲੇਸ਼ਿਓਲੋਜੀ ਵਿਭਾਗ ਵਿੱਚ ਵਿਗਿਆਨੀ ਅਤੇ ਦਲ ਵਿੱਚ ਸ਼ਾਮਲ ਡਾ. ਅਮਿਤ ਕੁਮਾਰ ਨੇ ਬੀਬੀਸੀ ਨਿਊਜ਼ ਹਿੰਦੀ ਨੂੰ ਦੱਸਿਆ ਕਿ 3 ਅਕਤੂਬਰ ਨੂੰ ਟੀਮ ਕਰੀਬ ਚਾਰ ਹਜ਼ਾਰ ਮੀਟਰ ਉਚਾਈ ਉੱਤੇ ਸਥਿਤ ਪਹਿਲੇ ਬੇਸ ਕੈਂਪ ਵਿੱਚ ਪਹੁੰਚ ਜਾਵੇਗੀ।

ਸੂਬੇ ਦੀਆਂ 13 ਗਲੇਸ਼ੀਅਲ ਝੀਲਾਂ ਸੰਵੇਦਨਸ਼ੀਲ

ਝੀਲ

ਨੈਸ਼ਨਲ ਰਿਮੋਟ ਸੈਂਸਿੰਗ ਸੈਂਟਰ ਦੀ ਸਾਲ 2023 ਦੀ ਰਿਪੋਰਟ ਅਨੁਸਾਰ, ਉੱਤਰਾਖੰਡ ਵਿੱਚ ਕੁੱਲ 344 ਗਲੇਸ਼ੀਅਲ ਝੀਲਾਂ ਦੀ ਪਛਾਣ ਕੀਤੀ ਗਈ ਹੈ।

ਇਨ੍ਹਾਂ ਵਿੱਚੋਂ 13 ਗਲੇਸ਼ੀਅਲ ਝੀਲਾਂ ਨੂੰ ਉੱਚ ਜੋਖ਼ਮ ਵਾਲੀਆਂ ਝੀਲਾਂ ਵਜੋਂ ਚਿੰਨ੍ਹਿਤ ਕੀਤਾ ਗਿਆ ਹੈ।

ਇਨ੍ਹਾਂ ਵਿੱਚ ਬਾਗੇਸ਼ਵਰ ਦੀ ਇੱਕ, ਚਮੋਲੀ ਦੀਆਂ ਚਾਰ, ਪਿਥੌਰਾਗੜ੍ਹ ਦੀਆਂ ਛੇ, ਟਿਹਰੀ ਗੜ੍ਹਵਾਲ ਦੀ ਇੱਕ ਅਤੇ ਉੱਤਰਕਾਸ਼ੀ ਦੀ ਇੱਕ ਝੀਲ ਸ਼ਾਮਲ ਹੈ।

ਆਫ਼ਤ ਪ੍ਰਬੰਧਨ ਸਕੱਤਰ ਵਿਨੋਦ ਕੁਮਾਰ ਸੁਮਨ ਮੁਤਾਬਕ, ਉੱਚ ਜੋਖ਼ਮ ਵਾਲੀਆਂ ਛੇ ਗਲੇਸ਼ੀਅਲ ਝੀਲਾਂ ਦਾ ਬਾਥੀਮੈਟ੍ਰਿਕ ਸਰਵੇ ਪੂਰਾ ਕੀਤਾ ਜਾ ਚੁੱਕਾ ਹੈ।

ਇਸ ਸਰਵੇਖਣ ਵਿੱਚ ਝੀਲ ਦੀ ਡੂੰਘਾਈ, ਪਾਣੀ ਦੇ ਹੇਠਾਂ ਝੀਲ ਦੇ ਤਲ ਦੀ ਜਾਣਕਾਰੀ, ਪਾਣੀ ਧਾਰਨ ਕਰਨ ਦੀ ਸਮਰੱਥਾ ਅਤੇ ਪਾਣੀ ਦੀ ਕੁੱਲ ਮਾਤਰਾ ਦਾ ਮੁਲਾਂਕਣ ਕੀਤਾ ਜਾਂਦਾ ਹੈ।

ਲੋਕਾਂ ਤੱਕ ਅਲਰਟ ਪਹੁੰਚਾਉਣ ਦਾ ਬਣੇਗਾ ਤੰਤਰ

ਦੇਹਰਾਦੂਨ

26 ਅਗਸਤ ਨੂੰ ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਜ਼ਮੀਨ ਖਿਸਕਣ ਅਤੇ ਉਸ ਤੋਂ ਬਾਅਦ ਆਈ ਅਚਾਨਕ ਹੜ੍ਹ ਨੇ ਭਾਰੀ ਤਬਾਹੀ ਮਚਾਈ।

ਅਜਿਹੀਆਂ ਆਫ਼ਤਾਂ ਦਾ ਖ਼ਤਰਾ ਉੱਤਰਾਖੰਡ ਵਿੱਚ ਵੀ ਸਾਹਮਣੇ ਆ ਚੁੱਕਾ ਹੈ। ਫਰਵਰੀ 2021 ਵਿੱਚ ਚਮੋਲੀ ਵਿੱਚ ਬਰਫ਼ ਅਤੇ ਚੱਟਾਨਾਂ ਦੇ ਵੱਡੇ ਹਿੱਸੇ ਦੇ ਟੁੱਟ ਕੇ ਡਿੱਗਣ ਨਾਲ ਅਚਾਨਕ ਹੜ੍ਹ ਆਈ ਸੀ, ਜਿਸ ਵਿੱਚ 200 ਤੋਂ ਵੱਧ ਲੋਕ ਮਾਰੇ ਗਏ ਜਾਂ ਲਾਪਤਾ ਹੋ ਗਏ।

ਇਨ੍ਹਾਂ ਆਫ਼ਤਾਂ ਨੂੰ ਦੇਖਦੇ ਹੋਏ ਉੱਚ ਹਿਮਾਲਿਆਈ ਖੇਤਰਾਂ ਅਤੇ ਉੱਥੇ ਹੋ ਰਹੀਆਂ ਤਬਦੀਲੀਆਂ ਦੀ ਨਿਗਰਾਨੀ ਦੀ ਲੋੜ ਵਧ ਗਈ ਹੈ।

ਗਲੇਸ਼ਿਓਲੋਜਿਸਟ ਡਾ. ਅਮਿਤ ਮੁਤਾਬਕ, ਚਾਰ ਪਹਿਲੂਆਂ ਉੱਤੇ ਕੰਮ ਕੀਤਾ ਜਾ ਰਿਹਾ ਹੈ, ਜਿਸ ਵਿੱਚ ਝੀਲਾਂ ਦੀ ਨਿਗਰਾਨੀ, ਅਰਲੀ ਵਾਰਨਿੰਗ ਸਿਸਟਮ, ਜਾਣਕਾਰੀ ਲੋਕਾਂ ਤੱਕ ਪਹੁੰਚਾਉਣਾ ਅਤੇ ਜੋਖ਼ਮ ਘਟਾਉਣ ਦੇ ਉਪਾਅ ਸ਼ਾਮਲ ਹਨ।

ਅਰਲੀ ਵਾਰਨਿੰਗ ਸਿਸਟਮ ਸਥਾਪਤ ਕਰਨ ਤੋਂ ਬਾਅਦ ਵਸੁੰਧਰਾ ਝੀਲ ਨਾਲ ਜੁੜੇ ਅੰਕੜੇ ਮਿਲਣੇ ਸ਼ੁਰੂ ਹੋ ਜਾਣਗੇ।

ਉਨ੍ਹਾਂ ਨੇ ਕਿਹਾ, “ਇਸ ਨਾਲ ਸਾਨੂੰ ਝੀਲ ਦੇ ਪਾਣੀ ਦੇ ਪੱਧਰ ਵਿੱਚ ਉਤਾਰ-ਚੜ੍ਹਾਅ ਨਾਲ ਜੁੜਿਆ ਰੀਅਲ ਟਾਈਮ ਡਾਟਾ ਮਿਲਣਾ ਸ਼ੁਰੂ ਹੋ ਜਾਵੇਗਾ ਅਤੇ ਅਸੀਂ ਇਸ ਦੀ ਨਿਗਰਾਨੀ ਕਰ ਸਕਾਂਗੇ। ਜਾਣਕਾਰੀ ਦਾ ਪ੍ਰਚਾਰ-ਪ੍ਰਸਾਰ ਕਰ ਸਕਾਂਗੇ। ਲੋੜ ਪੈਣ ‘ਤੇ ਸਾਇਰਨ ਦੇ ਜ਼ਰੀਏ ਲੋਕਾਂ ਨੂੰ ਸੁਚੇਤ ਵੀ ਕੀਤਾ ਜਾ ਸਕੇਗਾ।”

ਉਹ ਦੱਸਦੇ ਹਨ ਕਿ ਇਸ ਲਈ ਝੀਲ ਤੋਂ ਸੰਭਾਵਿਤ ਤੌਰ ‘ਤੇ ਪ੍ਰਭਾਵਿਤ ਖੇਤਰ ਦੀ ਮੈਪਿੰਗ ਕੀਤੀ ਜਾਵੇਗੀ।

“ਅਸੀਂ ਇਹ ਵੀ ਅਧਿਐਨ ਕਰਾਂਗੇ ਕਿ ਕਿੱਥੇ-ਕਿੱਥੇ ਮਕਾਨ, ਬੰਨ੍ਹ ਅਤੇ ਹੋਰ ਢਾਂਚੇ ਹਨ। ਬਾਥੀਮੈਟ੍ਰਿਕ ਸਰਵੇ ਤੋਂ ਸਾਨੂੰ ਪਤਾ ਹੈ ਕਿ ਝੀਲ ਵਿੱਚ ਪਾਣੀ ਦੀ ਮਾਤਰਾ ਕਿੰਨੀ ਹੈ। ਹੁਣ ਅਸੀਂ ਇਹ ਮੁਲਾਂਕਣ ਕਰਾਂਗੇ ਕਿ ਝੀਲ ਟੁੱਟਣ ਦੀ ਸਥਿਤੀ ਵਿੱਚ ਪਾਣੀ ਹੇਠਾਂ ਵੱਸੀਆਂ ਬਸਤੀਆਂ ਤੱਕ ਕਿੰਨੀ ਦੇਰ ਵਿੱਚ ਪਹੁੰਚੇਗਾ।”

“ਇਸ ਨਾਲ ਹਰ ਝੀਲ ਲਈ ਰਿਸਪਾਂਸ ਟਾਈਮ ਤੈਅ ਕਰਨ ਅਤੇ ਇਹ ਸਮਝਣ ਵਿੱਚ ਮਦਦ ਮਿਲੇਗੀ ਕਿ ਕਿੱਥੇ ਸਾਇਰਨ ਲਗਾਉਣੇ ਹਨ ਅਤੇ ਕਿੱਥੇ ਪਹਿਲਾਂ ਤੋਂ ਜਾਗਰੂਕਤਾ ਪ੍ਰੋਗਰਾਮ ਚਲਾ ਕੇ ਲੋਕਾਂ ਨੂੰ ਸੁਚੇਤ ਕਰਨਾ ਹੈ।”

“ਅਸੀਂ ਇਹ ਵੀ ਦੇਖਾਂਗੇ ਕਿ ਕੀ ਝੀਲ ਦੇ ਪਾਣੀ ਦਾ ਹੌਲੀ-ਹੌਲੀ ਰਿਸਾਅ ਕਰਕੇ ਇਸ ਨੂੰ ਬਾਹਰ ਕੱਢਿਆ ਜਾ ਸਕਦਾ ਹੈ, ਜਿਸ ਨਾਲ ਇਸ ਦੇ ਟੁੱਟਣ ਦਾ ਖ਼ਤਰਾ ਘੱਟ ਹੋ ਜਾਵੇ।”

ਡਾ. ਅਮਿਤ ਮੁਤਾਬਕ, ਹਰ ਝੀਲ ਨਾਲ ਜੁੜਿਆ ਖ਼ਤਰਾ ਵੱਖਰਾ ਹੈ। ਜ਼ਰੂਰੀ ਨਹੀਂ ਕਿ ਵਸੁੰਧਰਾ ਝੀਲ ਵਰਗੀ ਸਥਿਤੀ ਪਿਥੌਰਾਗੜ੍ਹ ਦੀਆਂ ਝੀਲਾਂ ਦੀ ਵੀ ਹੋਵੇ। ਉੱਥੇ ਹਾਲਾਤ ਵੱਖਰੇ ਹਨ। ਅਗਲੇ ਸਾਲ ਪਿਥੌਰਾਗੜ੍ਹ ਦੀਆਂ ਝੀਲਾਂ ਦਾ ਅਧਿਐਨ ਸ਼ੁਰੂ ਕੀਤਾ ਜਾਵੇਗਾ।

2007 ਵਿੱਚ ਲੱਗੇ ਮੌਸਮ ਸਿਸਟਮ ਆਫ਼ਤ ਵਿੱਚ ਰੁੜ੍ਹ ਗਏ ਸਨ

ਵਾਡੀਆ ਹਿਮਾਲਿਆ ਭੂ-ਵਿਗਿਆਨ ਸੰਸਥਾਨ ਵਿੱਚ ਗਲੇਸ਼ਿਓਲੋਜੀ ਵਿਭਾਗ ਵਿੱਚ ਰਹਿ ਚੁੱਕੇ ਵਿਗਿਆਨੀ ਡਾ. ਡੀਪੀ ਡੋਭਾਲ ਦੇ ਅਨੁਸਾਰ, ਗਲੇਸ਼ੀਅਰ ਦੀ ਸਥਿਤੀ ਨੂੰ ਸਮਝਣ ਲਈ 2007-08 ਵਿੱਚ ਪਹਿਲੀ ਵਾਰ ਰੁਦ੍ਰਪ੍ਰਯਾਗ ਜ਼ਿਲ੍ਹੇ ਵਿੱਚ ਚੋਰਾਬਾੜੀ ਗਲੇਸ਼ੀਅਰ ਦੇ ਨੇੜੇ ਆਟੋਮੈਟਿਕ ਵੇਦਰ ਸਟੇਸ਼ਨ (ਏਡਬਲਿਊਐਸ) ਲਗਾਏ ਗਏ ਸਨ।

ਇਸ ਤੋਂ ਬਾਅਦ 2011-12 ਵਿੱਚ ਡੋਕਰਾਨੀ ਅਤੇ ਚੋਰਾਬਾੜੀ ਗਲੇਸ਼ੀਅਰਾਂ ਉੱਤੇ ਵੱਖ-ਵੱਖ ਉਚਾਈਆਂ ‘ਤੇ ਛੇ ਏਡਬਲਿਊਐੱਸ ਲਗਾਏ ਗਏ।

ਬੀਬੀਸੀ ਨਿਊਜ਼ ਹਿੰਦੀ ਨਾਲ ਗੱਲਬਾਤ ਵਿੱਚ ਉਨ੍ਹਾਂ ਨੇ ਦੱਸਿਆ ਕਿ ਸੂਬੇ ਵਿੱਚ ਇੰਨੀ ਉਚਾਈ ‘ਤੇ ਮੌਸਮ ਦੇ ਅਧਿਐਨ ਲਈ ਪਹਿਲੀ ਵਾਰ ਇਸ ਤਰ੍ਹਾਂ ਦਾ ਉਪਕਰਨ ਲਗਾਇਆ ਗਿਆ ਸੀ।

ਉਹ ਯਾਦ ਕਰਦੇ ਹਨ, “ਗਲੇਸ਼ੀਅਰ ਅਧਿਐਨ ਲਈ ਸਾਡਾ ਫ਼ੀਲਡ ਵਰਕ ਚੰਗਾ ਸੀ ਪਰ ਉੱਚ ਹਿਮਾਲਿਆਈ ਖੇਤਰ ਵਿੱਚ ਆਧੁਨਿਕ ਉਪਕਰਨਾਂ ਦੇ ਮਾਮਲੇ ਵਿੱਚ ਅਸੀਂ ਪਿੱਛੇ ਸੀ, 2013 ਦੀ ਆਫ਼ਤ ਵਿੱਚ ਸਾਡੇ ਕੁਝ ਉਪਕਰਨ ਰੁੜ੍ਹ ਗਏ ਸਨ।”

“2019 ਵਿੱਚ ਜਦੋਂ ਮੈਂ ਵਾਪਸ ਉਨ੍ਹਾਂ ਏਡਬਲਿਊਐੱਸ ਸਿਸਟਮਾਂ ਨੂੰ ਦੇਖਣ ਗਿਆ ਤਾਂ ਜੰਗ ਲੱਗਣ ਕਾਰਨ ਉਹ ਟੁੱਟ ਰਹੇ ਸਨ। ਉੱਥੇ ਲਗਾਏ ਜਾਣ ਵਾਲੇ ਉਪਕਰਨਾਂ ਦੀ ਗੁਣਵੱਤਾ ਬਿਹਤਰੀਨ ਹੋਣੀ ਚਾਹੀਦੀ ਹੈ।”

ਝੀਲ

ਬਰਫ਼ ਪੈਣ ਦਾ ਸਹੀ ਡਾਟਾ ਮਿਲ ਸਕੇਗਾ

ਵਸੁੰਧਰਾ ਤਾਲ ਦੀ ਨਿਗਰਾਨੀ ਲਈ ਅਰਲੀ ਵਾਰਨਿੰਗ ਸਿਸਟਮ ਲਗਾਉਣ ਦੀ ਇਸ ਪਹਿਲ ਬਾਰੇ ਉਨ੍ਹਾਂ ਨੇ ਕਿਹਾ, “ਇਨ੍ਹਾਂ ਉਪਕਰਨਾਂ ਤੋਂ ਮਿਲੇ ਅੰਕੜੇ ਸਾਨੂੰ ਉੱਥੋਂ ਦੇ ਮੌਸਮੀ ਬਦਲਾਵਾਂ ਨੂੰ ਸਮਝਣ ਵਿੱਚ ਮਦਦ ਕਰਨਗੇ।”

“ਸਾਡੇ ਕੋਲ ਸਹੀ ਡਾਟਾ ਹੋਵੇਗਾ ਕਿ ਕਦੋਂ ਅਤੇ ਕਿੰਨੀ ਬਰਫ਼ ਪੈ ਰਹੀ ਹੈ ਜਾਂ ਮੀਂਹ ਪੈ ਰਿਹਾ ਹੈ। ਅਸੀਂ ਕਹਿੰਦੇ ਹਾਂ ਕਿ ਹੁਣ ਗਰਮੀਆਂ ਦੀ ਮਿਆਦ ਵਧ ਰਹੀ ਹੈ ਅਤੇ ਸਰਦੀਆਂ ਸੁੰਗੜ ਰਹੀਆਂ ਹਨ, ਤਾਂ ਇਹ ਉਪਕਰਨ ਸਾਨੂੰ ਉੱਥੇ ਤਾਪਮਾਨ ਦੇ ਉਤਾਰ-ਚੜ੍ਹਾਅ ਦਾ ਅਸਲ ਅੰਕੜਾ ਦੇਣਗੇ।”

ਇਨ੍ਹਾਂ ਉਪਕਰਨਾਂ ਨਾਲ ਵਸੁੰਧਰਾ ਝੀਲ ਦੇ ਪਾਣੀ ਦੇ ਪੱਧਰ ਦੀ ਨਿਗਰਾਨੀ ਕੀਤੀ ਜਾ ਸਕੇਗੀ।

ਡਾ. ਡੋਭਾਲ ਮੁਤਾਬਕ, “ਸਾਨੂੰ ਝੀਲ ਦੀ ਡੂੰਘਾਈ ਪਤਾ ਹੈ, ਜਦੋਂ ਝੀਲ ਦਾ ਪਾਣੀ ਦਾ ਪੱਧਰ ਘਟੇਗਾ ਜਾਂ ਵਧੇਗਾ ਤਾਂ ਇਸ ਨਾਲ ਝੀਲ ਦੇ ਆਕਾਰ ਵਿੱਚ ਆ ਰਹੀਆਂ ਤਬਦੀਲੀਆਂ ਦਾ ਮੁਲਾਂਕਣ ਵੀ ਕੀਤਾ ਜਾ ਸਕੇਗਾ। ਜਦੋਂ ਝੀਲ ਵਿੱਚ ਇੱਕ ਤੈਅ ਪੱਧਰ ਤੋਂ ਉੱਪਰ ਪਾਣੀ ਵਧੇਗਾ ਤਾਂ ਸੈਂਸਰ ਟ੍ਰਿਗਰ ਕਰੇਗਾ ਅਤੇ ਸਮੇਂ ਸਿਰ ਚੇਤਾਵਨੀ ਜਾਰੀ ਕੀਤੀ ਜਾ ਸਕੇਗੀ।”

ਵਸੁੰਧਰਾ ਤਾਲ ਤੋਂ ਕਰੀਬ 18 ਕਿਲੋਮੀਟਰ ਹੇਠਾਂ ਧੌਲੀਗੰਗਾ ਘਾਟੀ ਵਿੱਚ ਨੀਤੀ, ਗਮਸ਼ਾਲੀ ਸਮੇਤ ਰਿਹਾਇਸ਼ੀ ਇਲਾਕੇ ਸ਼ੁਰੂ ਹੁੰਦੇ ਹਨ।

ਡਾ. ਡੋਭਾਲ ਮੁਤਾਬਕ, ਝੀਲ ਵਿੱਚ ਪਾਣੀ ਦਾ ਪੱਧਰ ਇੱਕ ਨਿਰਧਾਰਤ ਪੱਧਰ ਤੋਂ ਉੱਪਰ ਪਹੁੰਚਣ ‘ਤੇ ਸੈਂਸਰ ਟ੍ਰਿਗਰ ਹੋਵੇਗਾ ਅਤੇ ਸਿਸਟਮ ਦੇ ਜ਼ਰੀਏ ਅਲਰਟ ਜਾਰੀ ਕੀਤਾ ਜਾ ਸਕੇਗਾ। ਅਜਿਹੀ ਸਥਿਤੀ ਵਿੱਚ ਬਚਾਅ ਅਤੇ ਰਿਸਪਾਂਸ ਲਈ ਕਰੀਬ ਅੱਧੇ ਘੰਟੇ ਦਾ ਸਮਾਂ ਮਿਲ ਸਕਦਾ ਹੈ।

ਇਨ੍ਹਾਂ ਉਪਕਰਨਾਂ ਨਾਲ ਹੋਵੇਗੀ ਨਿਗਰਾਨੀ

ਪਾਣੀ ਦੇ ਪੱਧਰ ਦਾ ਸੈਂਸਰ: ਝੀਲ ਵਿੱਚ ਉਤਾਰ-ਚੜ੍ਹਾਅ ਅਤੇ ਅਚਾਨਕ ਹੋਣ ਵਾਲੀਆਂ ਅਸਧਾਰਨ ਤਬਦੀਲੀਆਂ ਦੀ ਨਿਗਰਾਨੀ।

ਆਟੋਮੈਟਿਕ ਵੇਦਰ ਸਟੇਸ਼ਨ: ਤਾਪਮਾਨ, ਨਮੀ, ਮੀਂਹ, ਹਵਾ ਦੀ ਗਤੀ ਅਤੇ ਦਿਸ਼ਾ, ਹਵਾ ਦਾ ਦਬਾਅ ਅਤੇ ਰੌਸ਼ਨੀ ਦੀ ਤੀਬਰਤਾ ਵਰਗੇ ਮੌਸਮ ਨਾਲ ਸਬੰਧਤ ਅੰਕੜੇ ਦਰਜ ਕਰੇਗਾ।

ਸਨੋ ਡੈਪਥ ਸੈਂਸਰ: ਝੀਲ ਦੇ ਆਲੇ-ਦੁਆਲੇ ਬਰਫ਼ ਦੀ ਡੂੰਘਾਈ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੀ ਨਿਗਰਾਨੀ।

ਸਨੋ ਸਬ-ਸਰਫੇਸ ਟੈਂਪਰੇਚਰ ਸੈਂਸਰ: ਬਰਫ਼ ਦੀਆਂ ਵੱਖ-ਵੱਖ ਡੂੰਘਾਈਆਂ ‘ਤੇ ਤਾਪਮਾਨ ਵਿੱਚ ਹੋਣ ਵਾਲੀਆਂ ਤਬਦੀਲੀਆਂ ਦਰਜ ਕਰਨ ਲਈ ਅੱਠ ਸੈਂਸਰ ਲਗਾਏ ਜਾਣਗੇ।

ਟਿਲਟ ਅਤੇ ਐਕਸੇਲਰੋਮੀਟਰ ਸੈਂਸਰ: ਚੁਣੇ ਹੋਏ ਸਥਾਨਾਂ ‘ਤੇ ਝੁਕਾਅ, ਕੰਪਨ ਅਤੇ ਹਲਚਲ ਦੀ ਨਿਗਰਾਨੀ।

ਪਾਣੀ ਦੇ ਵਹਾਅ ਦਾ ਸੈਂਸਰ: ਪਾਣੀ ਦੇ ਵਹਾਅ ਵਿੱਚ ਹੋਣ ਵਾਲੀਆਂ ਤਬਦੀਲੀਆਂ ਦੀ ਨਿਗਰਾਨੀ।

ਸੂਰਜੀ ਊਰਜਾ ਪ੍ਰਣਾਲੀ: ਦੁਰਗਮ ਉੱਚ ਹਿਮਾਲਿਆਈ ਖੇਤਰ ਵਿੱਚ ਲੱਗੇ ਉਪਕਰਨਾਂ ਨੂੰ ਬਿਜਲੀ ਉਪਲਬਧ ਕਰਵਾਏਗੀ।

ਉਪਗ੍ਰਹਿ ਸੰਚਾਰ ਪ੍ਰਣਾਲੀ: ਮੋਬਾਈਲ ਨੈੱਟਵਰਕ ਨਾ ਹੋਣ ਦੀ ਸਥਿਤੀ ਵਿੱਚ ਸੈਂਸਰ ਤੋਂ ਮਿਲੇ ਅੰਕੜਿਆਂ ਨੂੰ ਬੇਸ ਸਟੇਸ਼ਨ ਤੱਕ ਭੇਜੇਗੀ।

ਡਾਟਾ ਲੌਗਰ ਅਤੇ ਮਾਨੀਟਰਿੰਗ ਡੈਸ਼ਬੋਰਡ: ਸੈਂਸਰ ਤੋਂ ਮਿਲੇ ਅੰਕੜਿਆਂ ਨੂੰ ਰਿਕਾਰਡ ਕਰੇਗਾ ਅਤੇ ਆਨਲਾਈਨ ਦਿਖਾਏਗਾ। ਤੈਅ ਸੀਮਾ ਤੋਂ ਵੱਧ ਤਬਦੀਲੀ ਹੋਣ ‘ਤੇ ਅਲਰਟ ਜਾਰੀ ਕਰਨ ਵਿੱਚ ਮਦਦ ਕਰੇਗਾ।

ਖ਼ਤਰੇ ਦਾ ਮੁਲਾਂਕਣ

ਵਸੁੰਧਰਾ ਤਾਲ ਅਤੇ ਇਸ ਦੇ ਆਲੇ-ਦੁਆਲੇ ਦੇ ਵਾਤਾਵਰਣਕ ਅਤੇ ਜਲ-ਵਿਗਿਆਨਕ ਬਦਲਾਵਾਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਸਕੇਗੀ।

ਸੈਂਸਰ ਤੋਂ ਮਿਲੇ ਅੰਕੜਿਆਂ ਦੇ ਆਧਾਰ ‘ਤੇ ਸੰਭਾਵਿਤ ਅਸਧਾਰਨ ਤਬਦੀਲੀਆਂ ਦੀ ਪਛਾਣ ਕਰਨ ਅਤੇ ਸਮੇਂ ਸਿਰ ਸਬੰਧਤ ਤੰਤਰ ਨੂੰ ਅਲਰਟ ਉਪਲਬਧ ਕਰਵਾਉਣ ਵਿੱਚ ਮਦਦ ਮਿਲੇਗੀ।

ਮੁੱਖ ਸਕੱਤਰ ਆਨੰਦ ਬਰਧਨ ਨੇ ਕਿਹਾ ਕਿ ਵਸੁੰਧਰਾ ਤਾਲ ਵਿੱਚ ਸ਼ੁਰੂ ਕੀਤੀ ਜਾ ਰਹੀ ਇਹ ਪਹਿਲ ਭਵਿੱਖ ਵਿੱਚ ਹੋਰ ਸੰਵੇਦਨਸ਼ੀਲ ਗਲੇਸ਼ੀਅਰ ਝੀਲਾਂ ਵਿੱਚ ਵੀ ਅਜਿਹੇ ਸਿਸਟਮ ਸਥਾਪਤ ਕਰਨ ਦਾ ਆਧਾਰ ਬਣੇਗੀ।

ਆਫ਼ਤ ਪ੍ਰਬੰਧਨ ਅਤੇ ਪੁਨਰਵਾਸ ਮੰਤਰੀ ਮਦਨ ਕੌਸ਼ਿਕ ਨੇ ਕਿਹਾ ਕਿ ਅਰਲੀ ਵਾਰਨਿੰਗ ਸਿਸਟਮ ਨਾਲ ਪਾਣੀ ਦੇ ਪੱਧਰ, ਮੌਸਮ, ਬਰਫ਼ ਦੀ ਸਥਿਤੀ, ਪਾਣੀ ਦੇ ਵਹਾਅ ਵਰਗੇ ਮਹੱਤਵਪੂਰਨ ਅੰਕੜੇ ਲਗਾਤਾਰ ਮਿਲਣਗੇ।

ਜੋ ਆਫ਼ਤ ਦੇ ਜੋਖ਼ਮ ਨੂੰ ਘਟਾਉਣ ਅਤੇ ਉੱਚ ਹਿਮਾਲਿਆਈ ਖੇਤਰਾਂ ਵਿੱਚ ਰਹਿਣ ਵਾਲੇ ਲੋਕਾਂ ਦੀ ਸੁਰੱਖਿਆ ਨੂੰ ਮਜ਼ਬੂਤ ਬਣਾਉਣ ਵਿੱਚ ਮਦਦ ਕਰਨਗੇ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI