Source :- BBC PUNJABI

ਤਸਵੀਰ ਸਰੋਤ, Getty Images
“ਪਾਕਿਸਤਾਨ, ਤੁਰਕੀ ਦੋਸਤੀ ਜ਼ਿੰਦਾਬਾਦ!”
ਇਹ ਸ਼ਬਦ ਤੁਰਕੀ ਦੇ ਰਾਸ਼ਟਰਪਤੀ ਰੇਚੇਪ ਤੈਯਪ ਅਰਦੋਆਨ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਲਿਖੇ ਹਨ।
ਮੰਗਲਵਾਰ ਨੂੰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ ਨੇ ਅਰਦੋਆਨ ਦਾ ਧੰਨਵਾਦ ਕੀਤਾ ਅਤੇ ਫਿਰ ਉਨ੍ਹਾਂ ਨੇ ਸ਼ਹਿਬਾਜ਼ ਸ਼ਰੀਫ ਨੂੰ ਇਸ ਤਰੀਕੇ ਨਾਲ ਜਵਾਬ ਦਿੱਤਾ।
ਭਾਰਤ ਅਤੇ ਪਾਕਿਸਤਾਨ ਟਕਰਾਅ ਦੌਰਾਨ ਜਦੋਂ ਦੋਵੇਂ ਦੇਸ਼ ਆਹਮੋ-ਸਾਹਮਣੇ ਸਨ, ਤਾਂ ਤੁਰਕੀ ਖੁੱਲ੍ਹ ਕੇ ਪਾਕਿਸਤਾਨ ਦਾ ਸਮਰਥਨ ਕਰ ਰਿਹਾ ਸੀ।
ਇਹ ਪਹਿਲੀ ਵਾਰ ਨਹੀਂ ਹੈ ਜਦੋਂ ਤੁਰਕੀ, ਭਾਰਤ-ਪਾਕਿਸਤਾਨ ਦੇ ਕਿਸੇ ਮੁੱਦੇ ‘ਤੇ ਪਾਕਿਸਤਾਨ ਨਾਲ ਖੜ੍ਹਾ ਹੋਇਆ ਹੈ। ਤੁਰਕੀ ਨੇ ਸੰਯੁਕਤ ਰਾਸ਼ਟਰ ਵਰਗੇ ਅੰਤਰਰਾਸ਼ਟਰੀ ਮੰਚਾਂ ‘ਤੇ ਵੀ ਕਈ ਮੌਕਿਆਂ ‘ਤੇ ਪਾਕਿਸਤਾਨ ਦਾ ਸਮਰਥਨ ਕੀਤਾ ਹੈ।
ਭਾਰਤ-ਪਾਕਿਸਤਾਨ ਸੰਘਰਸ਼ ਵਿੱਚ ਤੁਰਕੀ

ਤਸਵੀਰ ਸਰੋਤ, Getty Images
ਭਾਰਤ ਅਤੇ ਪਾਕਿਸਤਾਨ ਵਿਚਕਾਰ ਟਕਰਾਅ ਸ਼ੁਰੂ ਹੋਣ ਤੋਂ ਬਾਅਦ 9 ਮਈ ਨੂੰ ਅਰਦੋਆਨ ਨੇ ਇੰਸਟਾਗ੍ਰਾਮ ‘ਤੇ ਪਾਕਿਸਤਾਨ ਦੇ ਸਮਰਥਨ ਵਿੱਚ ਪੋਸਟ ਕੀਤਾ ਸੀ।
ਉਨ੍ਹਾਂ ਨੇ ਪਾਕਿਸਤਾਨ ਦੇ ਲੋਕਾਂ ਨੂੰ ਆਪਣੇ ਭਰਾ ਵਾਂਗ ਦੱਸਿਆ ਸੀ ਅਤੇ ਕਿਹਾ ਸੀ ਕਿ ਉਹ ਉਨ੍ਹਾਂ ਲਈ ਅੱਲ੍ਹਾ ਅੱਗੇ ਅਰਦਾਸ ਕਰਨਗੇ। ਨਾਲ ਹੀ ਉਨ੍ਹਾਂ ਨੇ ਪਹਿਲਗਾਮ ਹਮਲੇ ਦੀ ਅੰਤਰਰਾਸ਼ਟਰੀ ਜਾਂਚ ਦੇ ਪਾਕਿਸਤਾਨ ਦੇ ਪ੍ਰਸਤਾਵ ਦਾ ਵੀ ਸਮਰਥਨ ਕੀਤਾ ਸੀ।
ਹਮਲੇ ਤੋਂ ਕੁਝ ਦਿਨ ਬਾਅਦ, ਟਰਕਿਸ਼ ਏਅਰਫੋਰਸ ਦਾ ਸੀ-130 ਜੈੱਟ ਪਾਕਿਸਤਾਨ ਵਿੱਚ ਲੈਂਡ ਹੋਇਆ ਸੀ। ਹਾਲਾਂਕਿ, ਤੁਰਕੀ ਨੇ ਇਸ ਲੈਂਡਿੰਗ ਨੂੰ ਰਿਫਿਊਲਿੰਗ ਨਾਲ ਜੋੜਿਆ ਸੀ। ਇਸ ਤੋਂ ਇਲਾਵਾ, ਟਕਰਾਅ ਤੋਂ ਪਹਿਲਾਂ ਤੁਰਕੀ ਦਾ ਜੰਗੀ ਜਹਾਜ਼ ਵੀ ਕਰਾਚੀ ਬੰਦਰਗਾਹ ‘ਤੇ ਮੌਜੂਦ ਸੀ ਅਤੇ ਤੁਰਕੀ ਨੇ ਇਸ ਨੂੰ ਆਪਸੀ ਸਦਭਾਵਨਾ ਨਾਲ ਜੋੜਿਆ ਸੀ।
ਟਕਰਾਅ ਦੌਰਾਨ, ਭਾਰਤ ਨੇ ਦਾਅਵਾ ਕੀਤਾ ਸੀ ਕਿ 8 ਮਈ ਨੂੰ ਪਾਕਿਸਤਾਨ ਨੇ ਵੱਡੀ ਗਿਣਤੀ ਵਿੱਚ ਡਰੋਨਾਂ ਨਾਲ ਹਮਲਾ ਕੀਤਾ ਸੀ, ਜੋ ਕਿ ਤੁਰਕੀ ਦੇ ਬਣੇ ਸੋਨਗਾਰ ਡਰੋਨ ਸਨ।
ਹਾਲਾਂਕਿ, ਪਾਕਿਸਤਾਨ ਦੇ ਰੱਖਿਆ ਮੰਤਰੀ ਨੇ ਹਮਲੇ ਤੋਂ ਇਨਕਾਰ ਕੀਤਾ ਸੀ।
ਸਨਗਾਰ ਡਰੋਨ, ਹਥਿਆਰ ਲੈ ਕੇ ਜਾਣ ਦੀ ਸਮਰੱਥਾ ਵਾਲੇ ਯੂਏਵੀ (ਮਨੁੱਖ ਰਹਿਤ ਹਵਾਈ ਵਾਹਨ) ਹਨ ਜੋ ਤੁਰਕੀ ਦੀ ਰੱਖਿਆ ਫਰਮ ਏਸਿਸਗਾਰਡ ਦੁਆਰਾ ਡਿਜ਼ਾਈਨ ਅਤੇ ਵਿਕਸਤ ਕੀਤੇ ਗਏ ਹਨ।
ਤੁਰਕੀ ਪੱਛਮੀ ਏਸ਼ੀਆ ਦਾ ਇੱਕੋ-ਇੱਕ ਦੇਸ਼ ਸੀ ਜਿਸ ਨੇ ‘ਆਪ੍ਰੇਸ਼ਨ ਸਿੰਦੂਰ’ ਦੀ ਖੁੱਲ੍ਹ ਕੇ ਨਿੰਦਾ ਕੀਤੀ ਸੀ। ਜਦਕਿ ਹੋਰ ਖਾੜੀ ਦੇਸ਼ਾਂ ਨੇ ਪਾਕਿਸਤਾਨ ਦਾ ਸਮਰਥਨ ਕਰਨ ਤੋਂ ਗੁਰੇਜ਼ ਕੀਤਾ ਸੀ।
ਭਾਰਤ ਦੇ ਨਾਲ ਕਿਉਂ ਨਹੀਂ ਹੈ ਤੁਰਕੀ?

ਤਸਵੀਰ ਸਰੋਤ, Getty Images
ਸਾਲ 2023 ਦੇ ਫਰਵਰੀ ਮਹੀਨੇ ਵਿੱਚ, ਤੁਰਕੀ ਅਤੇ ਸੀਰੀਆ ਵਿੱਚ ਇੱਕ ਖ਼ਤਰਨਾਕ ਭੂਚਾਲ ਆਇਆ ਸੀ। ਇਸ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਅਤੇ ਲੱਖਾਂ ਲੋਕ ਬੇਘਰ ਹੋ ਗਏ ਸਨ।
ਭਾਰਤ ਸਰਕਾਰ ਨੇ ਰਾਹਤ ਅਤੇ ਬਚਾਅ ਲਈ ਤੁਰਕੀ ਅਤੇ ਸੀਰੀਆ ਵਿੱਚ ‘ਆਪ੍ਰੇਸ਼ਨ ਦੋਸਤ’ ਸ਼ੁਰੂ ਕੀਤਾ ਸੀ। ਇਸ ਦੇ ਤਹਿਤ ਭਾਰਤ ਤੋਂ ਹਵਾਈ ਜਹਾਜ਼ ਰਾਹੀਂ ਤੁਰਕੀ ਰਾਹਤ ਸਮੱਗਰੀ ਵੀ ਭੇਜੀ ਗਈ।
ਉਦੋਂ ਭਾਰਤ ਵਿੱਚ ਤੁਰਕੀ ਦੇ ਤਤਕਾਲੀ ਰਾਜਦੂਤ ਫਿਰਾਤ ਸੁਨੇਲ ਨੇ ਕਿਹਾ ਸੀ, “ਇਹ ਆਪ੍ਰੇਸ਼ਨ ਭਾਰਤ ਅਤੇ ਤੁਰਕੀ ਵਿੱਚ ਦੋਸਤੀ ਨੂੰ ਦਰਸਾਉਂਦਾ ਹੈ ਅਤੇ ਦੋਸਤ ਹਮੇਸ਼ਾ ਇੱਕ-ਦੂਜੇ ਦੀ ਮਦਦ ਕਰਦੇ ਹਨ।”
ਇਹ ਇੱਕ ਮਨੁੱਖਤਾਵਾਦੀ ਸਹਾਇਤਾ ਸੀ ਪਰ ਉਮੀਦ ਕੀਤੀ ਜਾ ਰਹੀ ਸੀ ਕਿ ਇਸ ਨਾਲ ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਸੁਧਾਰ ਹੋਵੇਗਾ।
ਤੁਰਕੀ ਭਾਰਤ ਨੂੰ ਦੋਸਤ ਦੱਸਦਾ ਹੈ ਅਤੇ ਪਾਕਿਸਤਾਨ ਨੂੰ ਭਰਾ।
ਜਦੋਂ-ਜਦੋਂ ਦੋਵਾਂ ਵਿੱਚੋਂ ਕਿਸੇ ਇੱਕ ਦੀ ਚੋਣ ਕਰਨੀ ਪੈਂਦੀ ਹੈ, ਤਾਂ ਜ਼ਿਆਦਾਤਰ ਮੌਕਿਆਂ ‘ਤੇ ਤੁਰਕੀ ਪਾਕਿਸਤਾਨ ਦਾ ਪੱਖ ਲੈਂਦਾ ਦਿਖਾਈ ਦਿੰਦਾ ਹੈ।

ਤਸਵੀਰ ਸਰੋਤ, Getty Images
ਅੱਜ, ਭਾਰਤ ਸਾਊਦੀ ਅਰਬ ਅਤੇ ਯੂਏਈ ਨਾਲ ਮਜ਼ਬੂਤ ਸਬੰਧਾਂ ਦਾ ਦਾਅਵਾ ਕਰਦਾ ਹੈ, ਜੋ ਇਤਿਹਾਸਕ ਤੌਰ ‘ਤੇ ਪਾਕਿਸਤਾਨ ਦੇ ਕਰੀਬੀ ਰਹੇ ਹਨ।
ਪਰ ਤੁਰਕੀ ਇਸ ਮਾਮਲੇ ਵਿੱਚ ਵੱਖਰਾ ਕਿਉਂ ਹੈ?
ਡਾਕਟਰ ਓਮੈਰ ਅਨਸ ਤੁਰਕੀ ਦੀ ਅੰਕਾਰਾ ਯੂਨੀਵਰਸਿਟੀ ਵਿੱਚ ਅੰਤਰਰਾਸ਼ਟਰੀ ਸਬੰਧਾਂ ਦੇ ਵਿਭਾਗ ਵਿੱਚ ਸਹਾਇਕ ਪ੍ਰੋਫੈਸਰ ਹਨ।
ਇਸ ਸਵਾਲ ਦੇ ਜਵਾਬ ਵਿੱਚ ਉਹ ਕਹਿੰਦੇ ਹਨ, “ਭਾਰਤ ਦੇ ਸਾਊਦੀ ਅਰਬ ਅਤੇ ਯੂਏਈ ਨਾਲ ਸਬੰਧ ਅੱਜ ਦੇ ਸਮੇਂ ਵਿੱਚ ਜ਼ਰੂਰੀ ਹੋ ਗਏ ਹਨ ਕਿਉਂਕਿ ਭਾਰਤ ਨੇ ਤੇਲ ਖਰੀਦਣਾ ਹੈ। ਇਸ ਤੋਂ ਇਲਾਵਾ, ਭਾਰਤ ਤੋਂ ਲੱਖਾਂ ਕਾਮੇ ਇਨ੍ਹਾਂ ਦੇਸ਼ਾਂ ਵਿੱਚ ਕੰਮ ਕਰਦੇ ਹਨ।”
”ਜਦਕਿ ਤੁਰਕੀ ਅਤੇ ਭਾਰਤ ਵਿਚਕਾਰ ਵਪਾਰਕ ਸਬੰਧ ਘੱਟ ਹਨ ਅਤੇ ਇੱਕ ਦੂਜੇ ‘ਤੇ ਬਹੁਤੇ ਨਿਰਭਰ ਨਹੀਂ ਹਨ। ਇਸੇ ਲਈ ਤੁਰਕੀ ਇੰਨੀ ਚਿੰਤਾ ਨਹੀਂ ਕਰਦਾ ਜਦਕਿ ਸਾਊਦੀ ਅਰਬ ਅਤੇ ਯੂਏਈ ਨਿਰਪੱਖ ਰਹਿੰਦੇ ਹਨ ਜਾਂ ਭਾਰਤ ਨਾਲ ਹਮਦਰਦੀ ਜਤਾਉਂਦੇ ਹਨ।”
ਤੁਰਕੀ ਅਤੇ ਭਾਰਤ ਵਿਚਕਾਰ ਕੂਟਨੀਤਕ ਸਬੰਧ 1948 ਵਿੱਚ ਸਥਾਪਿਤ ਹੋਏ ਸਨ। ਪਰ ਕਈ ਦਹਾਕਿਆਂ ਬਾਅਦ ਵੀ, ਦੋਵੇਂ ਨੇੜਲੇ ਭਾਈਵਾਲ ਨਹੀਂ ਬਣ ਸਕੇ।
ਤੁਰਕੀ ਅਤੇ ਭਾਰਤ ਵਿਚਕਾਰ ਤਣਾਅ ਦੇ ਦੋ ਮਹੱਤਵਪੂਰਨ ਕਾਰਨ ਮੰਨੇ ਜਾਂਦੇ ਹਨ। ਪਹਿਲਾ, ਕਸ਼ਮੀਰ ਮੁੱਦੇ ‘ਤੇ ਤੁਰਕੀ ਦਾ ਪਾਕਿਸਤਾਨ ਵੱਲ ਝੁਕਾਅ ਅਤੇ ਦੂਜਾ, ਸ਼ੀਤ ਯੁੱਧ ‘ਚ ਤੁਰਕੀ ਦਾ ਅਮਰੀਕੀ ਖੇਮੇ ‘ਚ ਹੋਣਾ ਜਦਕਿ ਭਾਰਤ ਗੁੱਟਨਿਰਪੇਖਤਾ ਦੀ ਵਕਾਲਤ ਕਰ ਰਿਹਾ ਸੀ।
ਸ਼ੀਤ ਯੁੱਧ ਸੰਯੁਕਤ ਰਾਜ ਅਮਰੀਕਾ ਅਤੇ ਸੋਵੀਅਤ ਸੰਘ ਵਿਚਕਾਰ ਇੱਕ ਲੰਮਾ ਸਿਆਸੀ ਅਤੇ ਫੌਜੀ ਮੁਕਾਬਲਾ ਸੀ, ਜੋ 1947 ਤੋਂ 1991 ਤੱਕ ਚੱਲਿਆ।
ਜਦੋਂ ਸ਼ੀਤ ਯੁੱਧ ਕਮਜ਼ੋਰ ਪੈਣ ਲੱਗਾ, ਤਾਂ ਤੁਰਕੀ ਦੇ ‘ਪੱਛਮ-ਪੱਖੀ’ ਅਤੇ ‘ਉਦਾਰਵਾਦੀ’ ਰਾਸ਼ਟਰਪਤੀ ਮੰਨੇ ਜਾਂਦੇ ਤੁਰਗੁਤ ਓਜ਼ਾਲ ਨੇ ਭਾਰਤ ਨਾਲ ਸਬੰਧਾਂ ਨੂੰ ਪਟੜੀ ‘ਤੇ ਲਿਆਉਣ ਦੀ ਕੋਸ਼ਿਸ਼ ਕੀਤੀ ਸੀ।
1986 ਵਿੱਚ ਓਜ਼ਾਲ ਨੇ ਭਾਰਤ ਦਾ ਦੌਰਾ ਕੀਤਾ ਸੀ। ਇਸ ਦੌਰੇ ਦੌਰਾਨ, ਓਜ਼ਾਲ ਨੇ ਦੋਵਾਂ ਦੇਸ਼ਾਂ ਦੇ ਦੂਤਘਰਾਂ ਵਿੱਚ ਫੌਜੀ ਪ੍ਰਤੀਨਿਧੀਆਂ ਦੇ ਦਫ਼ਤਰ ਸਥਾਪਤ ਕਰਨ ਦਾ ਪ੍ਰਸਤਾਵ ਰੱਖਿਆ ਸੀ।
ਇਸ ਤੋਂ ਬਾਅਦ, 1988 ਵਿੱਚ ਭਾਰਤ ਦੇ ਤਤਕਾਲੀ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨੇ ਤੁਰਕੀ ਦਾ ਦੌਰਾ ਕੀਤਾ ਸੀ। ਰਾਜੀਵ ਗਾਂਧੀ ਦੇ ਦੌਰੇ ਤੋਂ ਬਾਅਦ, ਦੋਵਾਂ ਦੇਸ਼ਾਂ ਦੇ ਸਬੰਧਾਂ ਵਿੱਚ ਕਈ ਮੋਰਚਿਆਂ ‘ਤੇ ਸੁਧਾਰ ਹੋਇਆ ਸੀ।
ਪਰ ਇਸ ਦੇ ਬਾਵਜੂਦ, ਕਸ਼ਮੀਰ ਮੁੱਦੇ ‘ਤੇ ਤੁਰਕੀ ਦਾ ਰੁਖ ਪਾਕਿਸਤਾਨ ਦੇ ਹੱਕ ਵਿੱਚ ਹੀ ਰਿਹਾ, ਇਸ ਲਈ ਰਿਸ਼ਤੇ ਵਿੱਚ ਨੇੜਤਾ ਨਹੀਂ ਆਈ।
ਸਾਲ 2014 ਵਿੱਚ, ਨਰਿੰਦਰ ਮੋਦੀ ਭਾਰਤ ਦੇ ਪ੍ਰਧਾਨ ਮੰਤਰੀ ਬਣੇ ਅਤੇ ਉਸੇ ਸਾਲ ਅਰਦੋਆਨ ਪ੍ਰਧਾਨ ਮੰਤਰੀ ਤੋਂ ਰਾਸ਼ਟਰਪਤੀ ਬਣੇ। ਅਰਦੋਆਨ ਨੇ 2017 ਵਿੱਚ ਰਾਸ਼ਟਰਪਤੀ ਵਜੋਂ ਭਾਰਤ ਦਾ ਦੌਰਾ ਕੀਤਾ ਸੀ ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਦੇ ਵੀ ਤੁਰਕੀ ਦੇ ਅਧਿਕਾਰਤ ਦੌਰੇ ‘ਤੇ ਨਹੀਂ ਗਏ।
ਸਾਲ 2019 ਵਿੱਚ, ਪ੍ਰਧਾਨ ਮੰਤਰੀ ਮੋਦੀ ਨੇ ਤੁਰਕੀ ਦਾ ਦੌਰਾ ਕਰਨਾ ਸੀ ਪਰ ਸੰਯੁਕਤ ਰਾਸ਼ਟਰ ਮਹਾਂਸਭਾ ਵਿੱਚ ਕਸ਼ਮੀਰ ‘ਤੇ ਅਰਦੋਆਨ ਦੇ ਬਿਆਨ ਤੋਂ ਬਾਅਦ ਇਹ ਦੌਰਾ ਟਾਲ਼ ਦਿੱਤਾ ਗਿਆ ਸੀ।
ਪਾਕਿਸਤਾਨ ਦਾ ਲਗਾਤਾਰ ਸਮਰਥਨ ਕਰਨ ਤੋਂ ਬਾਅਦ, ਸਵਾਲ ਇਹ ਉੱਠਦਾ ਹੈ ਕਿ ਕੀ ਤੁਰਕੀ ਨੂੰ ਭਾਰਤ ਦੀ ਨਾਰਾਜ਼ਗੀ ਦੀ ਚਿੰਤਾ ਨਹੀਂ ਹੁੰਦੀ?
ਦਿੱਲੀ ਸਥਿਤ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸੈਂਟਰ ਫਾਰ ਵੈਸਟ ਏਸ਼ੀਆ ਸਟੱਡੀਜ਼ ਦੇ ਪ੍ਰੋਫੈਸਰ ਏਕੇ ਪਾਸ਼ਾ ਕਹਿੰਦੇ ਹਨ, “ਅਮਰੀਕਾ ਫੈਕਟਰ ਦੇ ਕਾਰਨ ਤੁਰਕੀ ਨੂੰ ਇਸ ਗੱਲ ਦੀ ਚਿੰਤਾ ਨਹੀਂ ਹੈ ਕਿ ਭਾਰਤ ਕੀ ਸੋਚੇਗਾ। ਭਾਰਤ ਅਮਰੀਕਾ ਦਾ ਇੱਕ ਕਰੀਬੀ ਦੇਸ਼ ਹੈ ਅਤੇ ਤੁਰਕੀ ਦੇ ਪਿਛਲੇ ਕਈ ਸਾਲਾਂ ਤੋਂ ਅਮਰੀਕਾ ਅਤੇ ਯੂਰਪ ਨਾਲ ਸਬੰਧ ਚੰਗੇ ਨਹੀਂ ਹਨ।”
ਤੁਰਕੀ ਅਤੇ ਪਾਕਿਸਤਾਨ ਦੇ ਸਾਂਝੇ ਹਿੱਤ

ਪਾਕਿਸਤਾਨ ਅਤੇ ਤੁਰਕੀ ਦੀ ਇਸਲਾਮੀ ਪਛਾਣ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿਚਕਾਰ ਇੱਕ ਮਜ਼ਬੂਤ ਸਾਂਝੇਦਾਰੀ ਦਾ ਆਧਾਰ ਰਹੀ ਹੈ।
ਪਰ ਇਹ ਸਿਰਫ਼ ਇੱਥੇ ਤੱਕ ਸੀਮਤ ਨਹੀਂ ਹੈ। ਸੰਕਟ ਦੇ ਸਮੇਂ ਦੋਵੇਂ ਇੱਕ-ਦੂਜੇ ਦੇ ਨਾਲ ਖੜ੍ਹੇ ਵੀ ਦਿਖਾਈ ਦਿੰਦੇ ਹਨ।
ਸ਼ੀਤ ਯੁੱਧ ਦੌਰਾਨ, ਪਾਕਿਸਤਾਨ ਅਤੇ ਤੁਰਕੀ ਸੈਂਟਰਲ ਟ੍ਰੀਟੀ ਆਰਗੇਨਾਈਜ਼ੇਸ਼ਨ ਅਤੇ ਖੇਤਰੀ ਸਹਿਯੋਗ ਵਿਕਾਸ ਵਰਗੇ ਸੰਗਠਨਾਂ ਵਿੱਚ ਇਕੱਠੇ ਸਨ।
ਪਾਕਿਸਤਾਨ ਨੇ ਸਾਈਪ੍ਰਸ ਵਿੱਚ ਗ੍ਰੀਕ ਦੇ ਵਿਰੁੱਧ ਤੁਰਕੀ ਦੇ ਦਾਅਵਿਆਂ ਦਾ ਲਗਾਤਾਰ ਸਮਰਥਨ ਕੀਤਾ ਹੈ। ਇਸ ਦੇ ਲਈ ਪਾਕਿਸਤਾਨ ਸਾਲ 1964 ਅਤੇ 1971 ਵਿੱਚ ਫੌਜੀ ਸਹਾਇਤਾ ਦੇਣ ਦਾ ਵਾਅਦਾ ਕਰ ਚੁੱਕਿਆ ਹੈ।
ਤੁਰਕੀ ਵੀ ਕਸ਼ਮੀਰ ਮੁੱਦੇ ‘ਤੇ ਪਾਕਿਸਤਾਨ ਦਾ ਲਗਾਤਾਰ ਸਮਰਥਨ ਕਰਦਾ ਆਇਆ ਹੈ।
5 ਅਗਸਤ, 2019 ਨੂੰ ਜਦੋਂ ਭਾਰਤ ਨੇ ਜੰਮੂ-ਕਸ਼ਮੀਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਤਾਂ ਅਗਲੇ ਮਹੀਨੇ ਸਤੰਬਰ ਵਿੱਚ ਹੀ ਅਰਦੋਆਨ ਨੇ ਸੰਯੁਕਤ ਰਾਸ਼ਟਰ ਦੀ ਆਮ ਸਭਾ ਨੂੰ ਸੰਬੋਧਨ ਕਰਦੇ ਹੋਏ ਵਿਸ਼ੇਸ਼ ਦਰਜਾ ਖਤਮ ਕਰਨ ਦਾ ਵਿਰੋਧ ਕੀਤਾ ਸੀ।
ਹਾਲਾਂਕਿ, ਡਾਕਟਰ ਅਨਸ ਕਹਿੰਦੇ ਹਨ ਕਿ ਕੁਝ ਸਮੇਂ ਤੋਂ ਅਰਦੋਆਨ ਨੇ ਵੱਡੇ ਪਲੇਟਫਾਰਮਾਂ ‘ਤੇ ਕਸ਼ਮੀਰ ਦਾ ਮੁੱਦਾ ਨਹੀਂ ਚੁੱਕਿਆ ਹੈ।
ਤੁਰਕੀ ਦੇ ਰਾਸ਼ਟਰਪਤੀ ਅਰਦੋਆਨ ਨੇ 24 ਸਤੰਬਰ ਨੂੰ ਸੰਯੁਕਤ ਰਾਸ਼ਟਰ ਆਮ ਸਭਾ ਨੂੰ ਸੰਬੋਧਨ ਕਰਦੇ ਸਮੇਂ ਕਸ਼ਮੀਰ ਦਾ ਜ਼ਿਕਰ ਨਹੀਂ ਕੀਤਾ। ਅਜਿਹਾ ਕਈ ਸਾਲਾਂ ਬਾਅਦ ਹੋਇਆ ਹੈ, ਜਦੋਂ ਅਰਦੋਆਨ ਨੇ ਸੰਯੁਕਤ ਰਾਸ਼ਟਰ ਵਿੱਚ ਕਸ਼ਮੀਰ ਦਾ ਮੁੱਦਾ ਨਹੀਂ ਚੁੱਕਿਆ।
ਪਰ ਪ੍ਰੋਫੈਸਰ ਏਕੇ ਪਾਸ਼ਾ ਦਾ ਮੰਨਣਾ ਹੈ ਕਿ ਕਸ਼ਮੀਰ ਬਾਰੇ ਅਰਦੋਆਨ ਦਾ ਰੁਖ਼ ਭਵਿੱਖ ਵਿੱਚ ਹੋਰ ਸਖ਼ਤ ਹੋ ਜਾਵੇਗਾ।

ਤਸਵੀਰ ਸਰੋਤ, Recep Tayyip Erdoğan/X
2003 ਵਿੱਚ ਪ੍ਰਧਾਨ ਮੰਤਰੀ ਅਤੇ 2014 ਵਿੱਚ ਰਾਸ਼ਟਰਪਤੀ ਬਣਨ ਤੋਂ ਬਾਅਦ, ਅਰਦੋਆਨ 10 ਤੋਂ ਵੱਧ ਵਾਰ ਪਾਕਿਸਤਾਨ ਦਾ ਦੌਰਾ ਕਰ ਚੁੱਕੇ ਹਨ। ਇਸੇ ਸਾਲ ਫਰਵਰੀ ਵਿੱਚ ਉਨ੍ਹਾਂ ਦਾ ਹਾਲੀਆ ਪਾਕਿਸਤਾਨ ਦੌਰਾ ਸੀ ਅਤੇ ਉਨ੍ਹਾਂ ਨੇ ਪਾਕਿਸਤਾਨ ਨੂੰ ਆਪਣਾ ‘ਦੂਜਾ ਘਰ’ ਦੱਸਿਆ ਸੀ।
ਇਸ ਸਮੇਂ ਦੌਰਾਨ, ਦੋਵਾਂ ਦੇਸ਼ਾਂ ਨੇ 24 ਸਮਝੌਤਿਆਂ ‘ਤੇ ਦਸਤਖਤ ਕੀਤੇ ਸਨ ਅਤੇ ਪੰਜ ਬਿਲੀਅਨ ਡਾਲਰ ਦੇ ਵਪਾਰ ਟੀਚੇ ‘ਤੇ ਸਹਿਮਤ ਹੋਏ ਸਨ।
ਡਾਕਟਰ ਓਮੈਰ ਅਨਸ ਦੱਸਦੇ ਹਨ, “ਬੀਤੇ ਦੋ ਦਹਾਕਿਆਂ ਵਿੱਚ ਤੁਰਕੀ ਦੀ ਨਾਟੋ ‘ਤੇ ਪਕੜ ਕਮਜ਼ੋਰ ਹੋਈ ਹੈ। ਇਸ ਲਈ, ਪਿਛਲੇ ਵੀਹ ਸਾਲਾਂ ਵਿੱਚ, ਤੁਰਕੀ ਨੇ ਰੂਸ, ਚੀਨ ਅਤੇ ਪਾਕਿਸਤਾਨ ਨਾਲ ਸਬੰਧ ਬਣਾਏ ਹਨ। ਜੇਕਰ ਨਾਟੋ ਵਿੱਚ ਕੁਝ ਹੁੰਦਾ ਹੈ, ਤਾਂ ਪਾਕਿਸਤਾਨ ਵੀ ਤੁਰਕੀ ਲਈ ਇੱਕ ਮਹੱਤਵਪੂਰਨ ਦੇਸ਼ ਹੋਵੇਗਾ।”
ਉਹ ਕਹਿੰਦੇ ਹਨ, “ਦੂਜਾ ਪਹਿਲੂ ਇਹ ਹੈ ਕਿ ਹਥਿਆਰਾਂ ਦੇ ਮਾਮਲੇ ਵਿੱਚ, ਇੱਕ ਪਾਸੇ ਪੱਛਮੀ ਦੇਸ਼ ਹਨ ਅਤੇ ਦੂਜੇ ਪਾਸੇ ਚੀਨ ਅਤੇ ਤੁਰਕੀ ਵੀ ਉੱਭਰ ਕੇ ਸਾਹਮਣੇ ਆ ਗਏ ਹਨ। ਭਾਰਤ-ਪਾਕਿਸਤਾਨ ਟਕਰਾਅ ਵਿੱਚ ਤੁਰਕੀ ਆਪਣੇ ਹਥਿਆਰਾਂ ਦੀ ਜਾਂਚ ਕਰ ਰਿਹਾ ਸੀ ਅਤੇ ਉਹ ਚਾਹੁੰਦਾ ਹੈ ਕਿ ਉਸਦੇ ਹਥਿਆਰ ਪੂਰੀ ਦੁਨੀਆਂ ਖਰੀਦੇ।”
ਭੂ-ਰਾਜਨੀਤਿਕ ਤੌਰ ‘ਤੇ, ਤੁਰਕੀ ਖਾੜੀ ਖੇਤਰ ਵਿੱਚ ਸਾਊਦੀ ਅਰਬ ਅਤੇ ਸੰਯੁਕਤ ਅਰਬ ਅਮੀਰਾਤ ਦੀ ਅਗਵਾਈ ਦੀ ਚੁਣੌਤੀ ਦਾ ਸਾਹਮਣਾ ਕਰ ਰਿਹਾ ਹੈ। ਇਨ੍ਹਾਂ ਦੇਸ਼ਾਂ ਦੇ ਪ੍ਰਭਾਵ ਨੂੰ ਘਟਾਉਣ ਲਈ ਵੀ ਉਹ ਪਾਕਿਸਤਾਨ ਅਤੇ ਮਲੇਸ਼ੀਆ ਵਰਗੇ ਗੈਰ-ਖਾੜੀ ਮੁਸਲਿਮ ਦੇਸ਼ਾਂ ਨਾਲ ਵੀ ਸਬੰਧ ਮਜ਼ਬੂਤ ਕਰ ਰਿਹਾ ਹੈ।
ਇਸ ਦੇ ਨਾਲ ਹੀ, ਤੁਰਕੀ ਹਿੰਦ ਮਹਾਸਾਗਰ ‘ਤੇ ਆਪਣਾ ਧਿਆਨ ਵਧਾ ਰਿਹਾ ਹੈ। ਹਾਲ ਹੀ ਦੇ ਸਾਲਾਂ ਵਿੱਚ, ਤੁਰਕੀ ਜਲ ਸੈਨਾ ਅਤੇ ਪਾਕਿਸਤਾਨੀ ਜਲ ਸੈਨਾ ਨੇ ਹਿੰਦ ਮਹਾਸਾਗਰ ਵਿੱਚ ਕਈ ਸਾਂਝੇ ਜੰਗੀ ਅਭਿਆਸ ਕੀਤੇ ਹਨ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI