Source :- BBC PUNJABI
ਤਸਵੀਰ ਸਰੋਤ, Getty Images
ਪ੍ਰਕਾਸ਼ਿਤ
ਪੜ੍ਹਨ ਦਾ ਸਮਾਂ: 10 ਮਿੰਟ
ਪਿੰਗ ਪੌਂਗ ਦੀ ਗੇਂਦ ਤੋਂ ਥੋੜ੍ਹੇ ਵੱਡੇ ਕਾਲੇ ਗੋਲ ਧੱਬਿਆਂ ਦੇ ਚਾਰ-ਚੁਫੇਰੇ ਬਣੇ ਸਫੇਦ ਘੇਰੇ ਅਤੇ ਫੇਫੜਿਆਂ ‘ਤੇ ਫੈਲੇ ਸਫੇਦ ਦਾਗ਼ਾਂ ਦੇ ਗੁੱਛੇ ਇਹ ਦੱਸ ਰਹੇ ਸੀ ਕਿ ਟੀਬੀ ਫੇਫੜਿਆਂ ਨੂੰ ਹੌਲੀ-ਹੌਲੀ ਖਤਮ ਕਰ ਰਹੀ ਸੀ।
ਇਹ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਫੇਫੜਿਆਂ ਦਾ ਐਕਸ-ਰੇ ਸੀ।
ਲੈਰੀ ਕਾਲਿਨਸ ਅਤੇ ਡੋਮਿਨਿਕ ਲੈਪੀਅਰ ਨੇ ਆਪਣੀ ਕਿਤਾਬ ਫ੍ਰੀਡਮ ਐਟ ਮਿਡਨਾਈਟ ਵਿੱਚ ਲਿਖਿਆ ਹੈ ਕਿ ਜੂਨ 1946 ਵਿੱਚ ਬੰਬਈ ਦੇ ਡਾ. ਜਲ ਰਤਨਜੀ ਪਟੇਲ ਅਤੇ ਰੇਡੀਓਲਾਜਿਸਟ ਡਾ.ਜਲ ਡੀਬੂ ਨੇ ਇਸੇ ਐਕਸ ਰੇ ਨੂੰ ਦੇਖ ਕੇ ਸਮਝ ਲਿਆ ਸੀ ਕਿ ਬਿਮਾਰੀ ਇੰਨੀ ਵਧ ਚੁੱਕੀ ਹੈ ਕਿ ਜਿਨਾਹ ਸ਼ਾਇਦ ਸਿਰਫ਼ ਇੱਕ ਜਾਂ ਦੋ ਸਾਲ ਹੀ ਜਿਉਂਦੇ ਰਹਿ ਸਕਣ।
“ਪਰ ਦੋਹਾਂ ਡਾਕਟਰਾਂ ਨੇ ਜਿਨਾਹ ਦੇ ਕਹਿਣ ‘ਤੇ ਇਸ ਰਿਪੋਰਟ ਨੂੰ ਆਪਣੇ ਤੱਕ ਹੀ ਸੀਮਤ ਰੱਖਿਆ।”
ਪਾਕਿਸਤਾਨ ਦੀ ਸਥਾਪਨਾ ਦੇ 79 ਸਾਲ ਬਾਅਦ ਇਨ੍ਹਾਂ ਦੋਹਾਂ ਪਾਰਸੀ ਡਾਕਟਰਾਂ ਨੂੰ ਉਨ੍ਹਾਂ ਦੀ ਇਸ ਮੌਨ ਪਰ ਅਸਧਾਰਨ ਸੇਵਾ ਲਈ ਦੇਸ਼ ਦੇ ਸਰਵ ਉੱਚ ਨਾਗਰਿਕ ਸਨਮਾਨ ਨਿਸ਼ਾਨ-ਏ-ਕਾਇਦ-ਏ-ਆਜ਼ਮ ਲਈ ਸਨਮਾਨਿਤ ਕੀਤਾ ਗਿਆ ਹੈ।
ਪਾਕਿਸਤਾਨ ਦੇ ਯੋਜਨਾ ਮੰਤਰੀ ਅਤੇ ਪੁਰਸਕਾਰ ਸਮਿਤੀ ਦੇ ਪ੍ਰਧਾਨ ਅਹਿਸਨ ਇਕਬਾਲ ਨੇ ਆਪਣੀ ਇੱਕ ਐਕਸ ਪੋਸਟ ਵਿਚ ਲਿਖਿਆ, “ਇਹ ਇੱਕ ਅਜਿਹਾ ਰਾਜ਼ ਸੀ ਜਿਸ ਨੂੰ ਕਈ ਇਤਿਹਾਸਕਾਰ ਵੀਹਵੀਂ ਸਦੀ ਦੇ ਸਭ ਤੋਂ ਮਹੱਤਵਪੂਰਨ ਅਤੇ ਇਤਿਹਾਸ ਬਦਲ ਦੇਣ ਵਾਲੇ ਰਾਜ਼ਾਂ ਵਿੱਚ ਗਿਣਦੇ ਹਨ।”
ਉਨ੍ਹਾਂ ਲਿਖਿਆ, ” ਜੇ ਜਿਨਾਹ ਦੀ ਬਿਮਾਰੀ ਦੀ ਜਾਣਕਾਰੀ ਉਨ੍ਹਾਂ ਦੇ ਸਿਆਸੀ ਵਿਰੋਧੀਆਂ ਅਤੇ ਬ੍ਰਿਟਿਸ਼ ਸ਼ਾਸਕਾਂ ਨੂੰ ਮਿਲ ਜਾਂਦੀ ਤਾਂ ਸੰਭਵ ਹੈ ਕਿ ਭਾਰਤ ਦੀ ਵੰਡ ਟਲ ਜਾਂਦੀ ਅਤੇ ਪਾਕਿਸਤਾਨ ਦੀ ਸਥਾਪਨਾ ਵੀ ਖ਼ਤਰੇ ਵਿੱਚ ਪੈ ਜਾਂਦੀ।”
ਜਿਨਾਹ ਦੀ ਵਿਗੜਦੀ ਸਿਹਤ
ਤਸਵੀਰ ਸਰੋਤ, OUP
ਜਿਨਾਹ ਦੀ ਵਿਗੜਦੀ ਸਿਹਤ ਅਤੇ ਉਨ੍ਹਾਂ ਦੇ ਸਰੀਰ ‘ਤੇ ਪੈ ਰਿਹਾ ਦਬਾਅ ਦੁਨੀਆਂ ਦੀਆਂ ਨਜ਼ਰਾਂ ਤੋਂ ਲੁਕਿਆ ਹੋਇਆ ਸੀ।
ਅਕਬਰ ਅਹਿਮਦ ਨੇ ਆਪਣੀ ਪੁਸਤਕ ‘ਜਿਨਾਹ, ਪਾਕਿਸਤਾਨ ਐਂਡ ਇਸਲਾਮਿਕ ਆਈਡੈਂਟਿਟੀ: ਦ ਸਰਚ ਫਾਰ ਸਲਾਦੀਨ’ ਵਿੱਚ ਲਿਖਿਆ ਹੈ, “ਜਿਨਾਹ ਦੇ ਬਿਹਤਰੀਨ ਪਹਿਰਾਵੇ ਅਤੇ ਗਰਮਜੋਸ਼ੀ ਵਾਲੀ ਸ਼ਖਸੀਅਤ ਨੇ ਇਸ ਤੱਥ ਨੂੰ ਲੁਕੋ ਕੇ ਰੱਖਿਆ ਸੀ ਕਿ ਉਨ੍ਹਾਂ ਦੀ ਸਰੀਰਕ ਸਿਹਤ ਚੰਗੀ ਨਹੀਂ ਸੀ।”
“1938 ਤੋਂ ਉਹ ਲਗਾਤਾਰ ਆਪਣੇ ਨਰਵਸ ਸਿਸਟਮ ਅਤੇ ਸਰੀਰਕ ਸ਼ਕਤੀ ‘ਤੇ ਪੈ ਰਹੇ ਦਬਾਅ ਦੀ ਸ਼ਿਕਾਇਤ ਕਰ ਰਹੇ ਸੀ। ਇਸ ਤੋਂ ਬਾਅਦ ਉਹ ਨਿਯਮਿਤ ਰੂਪ ਵਿੱਚ ਬਿਮਾਰ ਹੋਣ ਲੱਗੇ, ਹਾਲਾਂਕਿ ਉਨ੍ਹਾਂ ਦੀ ਬਿਮਾਰੀ ਨੂੰ ਗੁਪਤ ਰੱਖਿਆ ਗਿਆ।”
ਲੇਖਕ ਹੈਕਟਰ ਬੋਲਿਥੋ ਨੇ ਮਈ 1952 ਵਿੱਚ ਬੰਬਈ ਵਿੱਚ ਡਾ.ਪਟੇਲ ਨਾਲ ਮੁਲਾਕਾਤ ਕੀਤੀ।
ਹੈਕਟਰ ਬੋਲਿਥੋ ਆਪਣੀ ਪੁਸਤਕ ‘ਜਿਨਾਹ: ਕ੍ਰਿਏਟਰ ਆਫ ਪਾਕਿਸਤਾਨ’ ਵਿੱਚ ਲਿਖਦੇ ਹਨ ਕਿ ਡਾ.ਪਟੇਲ ਨੇ ਉਨ੍ਹਾਂ ਨੂੰ ਦੱਸਿਆ ਕਿ ਸਤੰਬਰ 1944 ਵਿੱਚ ਜਦੋਂ ਉਨ੍ਹਾਂ ਨੇ ਜਿਨਾਹ ਦੀ ਜਾਂਚ ਕੀਤੀ ਤਾਂ ਉਨ੍ਹਾਂ ਦਾ ਬਲੱਡ ਪ੍ਰੈਸ਼ਰ ਲਗਭਗ 90 ਸੀ।
ਡਾ.ਪਟੇਲ ਨੇ ਦੱਸਿਆ ਸੀ, “ਉਸ ਸਮੇਂ ਉਹ ਪੂਰੀ ਲਗਨ ਨਾਲ ਕੰਮ ਕਰ ਰਹੇ ਸੀ ਪਰ ਬਹੁਤ ਪਤਲੇ ਅਤੇ ਕਮਜ਼ੋਰ ਹੋ ਚੁੱਕੇ ਸੀ। ਉਨ੍ਹਾਂ ਨੇ ਸੀਨੇ ਵਿੱਚ ਦਰਦ ਅਤੇ ਖਾਂਸੀ ਦੀ ਸ਼ਿਕਾਇਤ ਵੀ ਕੀਤੀ। ਉਨ੍ਹਾਂ ਦੇ ਫੇਫੜਿਆਂ ਦੇ ਨਿਚਲੇ ਹਿੱਸੇ ਵਿੱਚ ਨਿਮੋਨੀਆ ਦੇ ਪੂਰੀ ਤਰ੍ਹਾਂ ਖਤਮ ਨਾ ਹੋਣ ਦੇ ਸੰਕੇਤ ਮੌਜੂਦ ਸੀ।”
“ਮੈਂ ਉਨ੍ਹਾਂ ਨੂੰ ਕੈਲਸ਼ੀਅਮ ਦੇ ਇੰਜੈਕਸ਼ਨ, ਤਾਕਤ ਵਧਾਉਣ ਵਾਲੀਆਂ ਦਵਾਈਆਂ ਅਤੇ ਸ਼ੌਰਟ-ਵੇਵ ਡਾਇਆਥਰਮੀ ਇਲਾਜ ਦੀ ਸਲਾਹ ਦਿੱਤੀ। ਖਾਂਸੀ ਖਤਮ ਹੋ ਗਈ ਅਤੇ ਉਹ ਅਰਾਮ ਲਈ ਇੱਕ ਪਹਾੜੀ ਖੇਤਰ ਵਿੱਚ ਚਲੇ ਗਏ। ਜਦੋਂ ਉਹ ਵਾਪਸ ਆਏ ਤਾਂ ਉਨ੍ਹਾਂ ਦਾ ਭਾਰ 18 ਪੌਂਡ ਵਧ ਚੁੱਕਿਆ ਸੀ। ਇਹ ਖ਼ਬਰ ਅਖਬਾਰਾਂ ਵਿੱਚ ਛਪੀ ਅਤੇ ਉਸ ਦੇ ਨਾਲ ਮੇਰਾ ਨਾਮ ਵੀ ਆ ਗਿਆ।”
ਉਨ੍ਹਾਂ ਦੱਸਿਆ, “ਮੈਂ ਮਿਸਟਰ ਜਿਨਾਹ ਦੇ ਕੋਲ ਗਿਆ ਅਤੇ ਕਿਹਾ ਕਿ ਕਿਸੇ ਮੂਰਖ ਨੇ ਇਹ ਖਬਰ ਅਖਬਾਰ ਤੱਕ ਪਹੁੰਚਾ ਦਿੱਤੀ ਹੈ। ਉਨ੍ਹਾਂ ਨੇ ਜਵਾਬ ਦਿੱਤਾ ਕਿ ‘ਉਹ ਮੂਰਖ ਮੈਂ ਹੀ ਸੀ’ ਆਖਿਰ ਮੈਂ ਉਸ ਵਿਅਕਤੀ ਨੂੰ ਧੰਨਵਾਦ ਕਿਉਂ ਨਾ ਕਰਾਂ ਜਿਸ ਨੇ ਮੇਰੀ ਇੰਨੀ ਚੰਗੀ ਸੇਵਾ ਕੀਤੀ?”
ਬਿਮਾਰੀ ਵਧ ਰਹੀ ਸੀ
ਤਸਵੀਰ ਸਰੋਤ, KEYSTONE/GETTY IMAGES
ਅਕਬਰ ਅਹਿਮਦ ਮੁਤਾਬਕ 1945 ਦੇ ਪਹਿਲੇ ਛੇ ਮਹੀਨਿਆਂ ਵਿੱਚ ਵੀ ਉਹ ਜ਼ਿਆਦਾਤਰ ਬਿਮਾਰ ਰਹੇ।
ਉਸੇ ਸਾਲ ਇਸਫਹਾਨੀ ਸੰਗ੍ਰਿਹ ਵਿੱਚ ਸ਼ਾਮਲ ਨੌ ਅਕਤੂਬਰ ਦੇ ਇੱਕ ਪੱਤਰ ਮੁਤਾਬਕ ਉਨ੍ਹਾਂ ਨੇ ਸਵੀਕਾਰ ਕੀਤਾ, ” ਦਬਾਅ ਇੰਨਾ ਜ਼ਿਆਦਾ ਹੈ ਕਿ ਮੈਂ ਮੁਸ਼ਕਲ ਨਾਲ ਇਸ ਨੂੰ ਸਹਿਣ ਕਰ ਪਾਉਂਦਾ ਹੈ।”
“ਉਨ੍ਹਾਂ ਦੇ ਡਾਕਟਰਾਂ, ਡਾ. ਜਲ ਪਟੇਲ ਅਤੇ ਡਾ.ਦਿਨਸ਼ਾ ਮਹਿਤਾ ਨੇ ਉਨ੍ਹਾਂ ਨੂੰ ਅਰਾਮ ਕਰਨ, ਸਿਹਤ ਲਾਭ ਕਰਨ ਅਤੇ ਆਪਣੀ ਕਾਰਜ ਗਤੀ ਕੁਝ ਘੱਟ ਕਰਨ ਲਈ ਮਨਾਉਣ ਦੀ ਕੋਸ਼ਿਸ਼ ਕੀਤੀ। ਪਰ ਪਾਕਿਸਤਾਨ ਲਈ ਸੰਘਰਸ਼ ਸ਼ੁਰੂ ਹੋ ਚੁੱਕਿਆ ਸੀ ਅਤੇ ਜਿਨਾਹ ਕੋਲ ਸਮਾਂ ਤੇਜ਼ੀ ਨਾਲ ਘਟ ਰਿਹਾ ਸੀ।”
ਲੈਰੀ ਕਾਲਿੰਨਸ ਅਤੇ ਡੋਮਿਨਿਕ ਲੈਪੀਅਰ ਨੇ ਲਿਖਿਆ ਹੈ ਕਿ ਜਿਨਾਹ ਪੂਰੀ ਜ਼ਿੰਦਗੀ ਆਪਣੇ ਕਮਜ਼ੋਰ ਫੇਫੜਿਆਂ ਕਾਰਨ ਨਾਜ਼ੁਕ ਸਿਹਤ ਨਾਲ ਜੂਝਦੇ ਰਹੇ ਸੀ।
ਉਨ੍ਹਾਂ ਲਿਖਿਆ, “ਮਈ 1946 ਦੇ ਆਖ਼ਰੀ ਦਿਨਾਂ ਵਿੱਚ ਸ਼ਿਮਲਾ ਵਿੱਚ ਮੁਸਲਿਮ ਲੀਗ ਦੇ ਇਸ ਨੇਤਾ ਨੂੰ ਇੱਕ ਵਾਰ ਫਿਰ ਬ੍ਰੋਂਕਾਇਟਿਸ ਨੇ ਘੇਰ ਲਿਆ। ਜਿਨਾਹ ਦੀ ਵਫ਼ਾਦਾਰ ਭੈਣ ਫਾਤਿਮਾ ਉਨ੍ਹਾਂ ਨੂੰ ਟਰੇਨ ਤੋਂ ਬੰਬਈ ਲੈ ਆਈ। ਪਰ ਯਾਤਰਾ ਦੇ ਦੌਰਾਨ ਉਨ੍ਹਾਂ ਦੀ ਹਾਲਤ ਹੋਰ ਵਿਗੜ ਗਈ। ਫਾਤਿਮਾ ਨੇ ਤੁਰੰਤ ਡਾ.ਪਟੇਲ ਨੂੰ ਬੁਲਾਇਆ ਜਿਨ੍ਹਾਂ ਨੇ ਜਲਦੀ ਸਮਝ ਲਿਆ ਕਿ ਉਨ੍ਹਾਂ ਦੇ ਮਰੀਜ਼ ਦੀ ਸਥਿਤੀ ਬਹੁਤ ਚਿੰਤਾਜਨਕ ਹੈ।”
1970 ਦੇ ਦਹਾਕੇ ਦੀ ਸ਼ੁਰੂਆਤ ਵਿੱਚ, ਜਦੋਂ ਲੈਰੀ ਅਤੇ ਡੋਮਿਨਿਕ ਆਪਣੀ ਪੁਸਤਕ ਲਈ ਖੋਜ ਕਰ ਰਹੇ ਸੀ ਤਾਂ ਡਾ.ਪਟੇਲ ਨੇ ਉਨ੍ਹਾਂ ਨੂੰ ਜਿਨਾਹ ਦੇ ਇਲਾਜ ਦੀ ਸੀਕ੍ਰੇਟ ਫ਼ਾਈਲ ਦਿਖਾਈ ਜਿਸ ‘ਤੇ ਕੇਵਲ ‘ਐਮ.ਏ.ਜਿੰਨਾ’ ਲਿਖਿਆ ਸੀ।
ਉਦੋਂ ਤੱਕ ਜਿੰਨਾ ਦਾ ਐਕਸ ਰੇ ਕਰਨ ਵਾਲੇ ਰੇਡੀਓਲਾਜਿਸਟ ਡਾ.ਜਲ ਡੀਬੂ ਦੀ ਮੌਤ ਹੋ ਚੁੱਕੀ ਸੀ ਇਸ ਲਈ ਲੈਰੀ ਨੇ ਉਨ੍ਹਾਂ ਦੀ ਬੇਟੀ ਹੋਮੀ ਨਾਲ ਸੰਪਰਕ ਕੀਤਾ ਜੋ ਆਪਣੇ ਪਿਤਾ ਦੇ ਕਲੀਨਿਕ ਵਿੱਚ ਕੰਮ ਕਰ ਚੁੱਕੀ ਸੀ। ਹੋਮੀ ਨੇ ਵੀ ਉਹੀ ਵੇਰਵੇ ਦੱਸੇ ਜੋ ਡਾ.ਪਟੇਲ ਨੇ ਦਿੱਤੇ ਸੀ।
ਪਟੇਲ ਅਤੇ ਡੀਬੂ ਦਾ ਨਿਚੋੜ ਸੀ ਕਿ ਬਿਮਾਰੀ ਇੱਕ ਅਜਿਹੇ ਪੜਾਅ ਵਿੱਚ ਪਹੁੰਚ ਚੁੱਕੀ ਸੀ ਜਿਸ ਦਾ ਇਲਾਜ ਸੰਭਵ ਨਹੀਂ ਸੀ।
1975 ਵਿੱਚ ਪ੍ਰਕਾਸ਼ਿਤ ਆਪਣੀ ਪੁਸਤਕ ‘ਫ੍ਰੀਡਮ ਐਟ ਮਿਡਨਾਈਟ’ ਵਿੱਚ ਲੌਰੀ ਅਤੇ ਡੋਮਿਨਿਕ ਨੇ ਪਹਿਲੀ ਵਾਰ ਇਸ ਰਾਜ਼ ਨੂੰ ਦੁਨੀਆਂ ਦੇ ਸਾਹਮਣੇ ਰੱਖਿਆ।
ਕਿਤਾਬ ਮੁਤਾਬਕ, ਡਾ.ਪਟੇਲ ਨੇ ਜਿਨਾਹ ਨੂੰ ਚੇਤਾਵਨੀ ਦਿੱਤੀ ਸੀ ਕਿ ਜੇ ਉਨ੍ਹਾਂ ਨੇ ਬੰਬਈ ਰੇਲਵੇ ਸਟੇਸ਼ਨ ‘ਤੇ ਸਵਾਗਤ ਲਈ ਉਮੜੀ ਭੀੜ ਦਾ ਸਾਹਮਣਾ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਹ ਬੇਹੋਸ਼ ਹੋ ਕੇ ਡਿੱਗ ਸਕਦੇ ਹਨ।
“ਇਸ ਲਈ ਪਟੇਲ ਉਨ੍ਹਾਂ ਨੂੰ ਪਹਿਲਾਂ ਹੀ ਟਰੇਨ ਤੋਂ ਉਤਾਰ ਕੇ ਹਸਪਤਾਲ ਲੈ ਗਏ। ਉਥੇ ਹੀ ਪਟੇਲ ਨੂੰ ਉਸ ਰਾਜ਼ ਦਾ ਪਤਾ ਲੱਗਿਆ ਜੋ ਬਾਅਦ ਵਿੱਚ ਭਾਰਤ ਦਾ ਸਭ ਤੋਂ ਵੱਧ ਸੁਰੱਖਿਅਤ ਰਾਜ਼ ਬਣ ਗਿਆ।”
ਤਸਵੀਰ ਸਰੋਤ, DOUGLAS MILLER/KEYSTONE/GETTY IMAGES
ਦੁਖ ਦੇ ਨਾਲ ਡਾ.ਪਟੇਲ ਨੇ ਆਪਣੇ ਮਿੱਤਰ ਅਤੇ ਮਰੀਜ਼ ਨੂੰ ਉਨ੍ਹਾਂ ਦੀ ਜਾਨਲੇਵਾ ਬਿਮਾਰੀ ਦੀ ਜਾਣਕਾਰੀ ਦਿੱਤੀ।
ਡਾ.ਪਟੇਲ ਮੁਤਾਬਕ, “ਉਨ੍ਹਾਂ ਨੇ ਜਿਨਾਹ ਨੂੰ ਕਿਹਾ ਕਿ ਉਨ੍ਹਾਂ ਦੀ ਸਰੀਰਕ ਸ਼ਕਤੀ ਆਪਣੀ ਅੰਤਿਮ ਸੀਮਾ ਦੇ ਕਰੀਬ ਪਹੁੰਚ ਚੁੱਕੀ ਹੈ। ਜੇ ਉਨ੍ਹਾਂ ਨੇ ਆਪਣੇ ਕੰਮ ਦਾ ਬੋਝ ਕਾਫ਼ੀ ਘੱਟ ਨਾ ਕੀਤਾ, ਜ਼ਿਆਦਾ ਅਰਾਮ ਨਾ ਕੀਤਾ, ਸਿਗਰਟ ਨਹੀਂ ਛੱਡੀ ਅਤੇ ਆਪਣੇ ਸਰੀਰ ‘ਤੇ ਪੈਣ ਵਾਲੇ ਦਬਾਅ ਨੂੰ ਘੱਟ ਨਹੀਂ ਕੀਤਾ ਤਾਂ ਉਨ੍ਹਾਂ ਕੋਲ ਜ਼ਿੰਦਗੀ ਦੇ ਇੱਕ-ਦੋ ਸਾਲ ਤੋਂ ਜ਼ਿਆਦਾ ਨਹੀਂ ਬਚਣਗੇ।”
ਪਟੇਲ ਮੁਤਾਬਕ, “ਇਹ ਕੌੜੀ ਖਬਰ ਸੁਣ ਕੇ ਵੀ ਜਿਨਾਹ ਦੇ ਚਿਹਰੇ ‘ਤੇ ਕੋਈ ਭਾਵ ਨਹੀਂ ਉੱਭਰਿਆ। ਉਨ੍ਹਾਂ ਦੇ ਪੀਲ਼ੇ ਚਿਹਰੇ ‘ਤੇ ਜ਼ਰਾ ਵੀ ਹਲਚਲ ਨਹੀਂ ਹੋਈ। ਉਨ੍ਹਾਂ ਨੇ ਸਾਫ਼ ਸ਼ਬਦਾਂ ਵਿੱਚ ਕਿਹਾ ਕਿ ਕਿਸੇ ਸੈਨੇਟੋਰੀਅਮ ਦੇ ਬਿਸਤਰੇ ‘ਤੇ ਲੇਟਣ ਦੇ ਬਾਵਜੂਦ ਆਪਣੇ ਜੀਵਨ ਦੇ ਸੰਘਰਸ਼ ਨੂੰ ਛੱਡ ਦੇਣ ਦਾ ਪ੍ਰਸ਼ਨ ਹੀ ਨਹੀਂ ਉੱਠਦਾ।”
“ਕਬਰ ਤੋਂ ਬਿਨ੍ਹਾਂ ਕੋਈ ਵੀ ਚੀਜ਼ ਉਨ੍ਹਾਂ ਨੂੰ ਕੰਮ ਤੋਂ ਨਹੀਂ ਹਟਾ ਸਕਦੀ ਸੀ ਜਿਸ ਨੂੰ ਉਨ੍ਹਾਂ ਨੇ ਆਪਣੀ ਜ਼ਿੰਦਗੀ ਦਾ ਮਕਸਦ ਬਣਾ ਲਿਆ ਸੀ, ਯਾਨੀ ਕਿ ਇਤਿਹਾਸ ਦੇ ਇਸ ਨਾਜ਼ੁਕ ਮੋੜ ‘ਤੇ ਭਾਰਤ ਦੇ ਮੁਸਲਮਾਨਾਂ ਦੀ ਅਗਵਾਈ ਕਰਨਾ।”
ਉਨ੍ਹਾਂ ਅੱਗੇ ਕਿਹਾ, “ਜਿਨਾਹ ਜਾਣਦੇ ਸੀ ਕਿ ਜੇ ਉਨ੍ਹਾਂ ਦੇ ਵਿਰੋਧੀਆਂ ਨੂੰ ਇਹ ਪਤਾ ਲੱਗ ਗਿਆ ਕਿ ਉਹ ਮੌਤ ਦੇ ਨੇੜੇ ਹਨ ਤਾਂ ਉਨ੍ਹਾਂ ਦੀ ਪੂਰੀ ਸਿਆਸੀ ਰਣਨੀਤੀ ਬਦਲ ਸਕਦੀ ਹੈ। ਉਹ ਸੰਭਾਵਿਤ ਰੂਪ ਵਿੱਚ, ਜਿਨਾਹ ਦੀ ਮੌਤ ਦਾ ਇੰਤਜ਼ਾਰ ਕਰਨ ਲਗਦੇ ਅਤੇ ਫਿਰ ਮੁਸਲਿਮ ਲੀਗ ਦੀ ਅਗਵਾਈ ਵਿੱਚ ਮੌਜੂਦ ਉਨ੍ਹਾਂ ਤੋਂ ਵੱਧ ਲਚੀਲੇ ਲੋਕਾਂ ਜ਼ਰੀਏ ਉਨ੍ਹਾਂ ਦੇ ਸੁਫਨੇ ਨੂੰ ਬਿਖੇਰਨ ਦੀ ਕੋਸ਼ਿਸ਼ ਕਰਦੇ।”
ਫ੍ਰੀਡਮ ਐਟ ਮਿਡਨਾਈਟ’ ਵਿੱਚ ਲਿਖਿਆ ਹੈ ਕਿ ਹਰ ਦੋ ਹਫਤੇ ਵਿੱਚ ਡਾ.ਪਟੇਲ ਜਿਨਾਹ ਨੂੰ ਗੁਪਤ ਤਰੀਕੇ ਨਾਲ ਕੁਝ ਇੰਜੈਕਸ਼ਨ ਲਗਾਉਂਦੇ ਸੀ ਜਿਨ੍ਹਾਂ ਨਾਲ ਉਨ੍ਹਾਂ ਨੂੰ ਥੋੜ੍ਹੀ ਮਜ਼ਬੂਤੀ ਮਿਲਦੀ ਅਤੇ ਜਿਨਾਹ ਦੁਬਾਰਾ ਤੋਂ ਕੰਮ ਵਿੱਚ ਜੁਟ ਜਾਂਦੇ।
“ਉਨ੍ਹਾਂ ਨੇ ਆਪਣੇ ਡਾਕਟਰ ਦੀ ਸਲਾਹ ਦੀ ਪਾਲ਼ਣਾ ਕਰਨ ਦੀ ਕੋਈ ਗੰਭੀਰ ਕੋਸ਼ਿਸ਼ ਨਹੀਂ ਕੀਤੀ। ਅਸਧਾਰਨ ਸਾਹਸ ਅਤੇ ਦ੍ਰਿੜ ਸੰਕਲਪ ਨਾਲ ਜਿਨਾਹ ਆਪਣੇ ਜੀਵਨ ਦੇ ਮਕਸਦ ਵੱਲ ਹੋਰ ਤੇਜ਼ੀ ਨਾਲ ਵਧਦੇ ਰਹੇ।”
ਅਕਬਰ ਅਹਿਮਦ ਮੁਤਾਬਕ, ਪਾਕਿਸਤਾਨ ਬਣਾਉਣ ਤੱਕ ਜਿਨਾਹ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੀ ਸੀ।
ਉਨ੍ਹਾਂ ਮੁਤਾਬਕ, “ਉਹ ਟੀਬੀ ਤੋਂ ਪੀੜਤ ਸਨ ਅਤੇ ਉਨ੍ਹਾਂ ਦੀ ਭਾਰੀ ਸਿਗਰਟਨੋਸ਼ੀ ਦੀ ਆਦਤ, ਜਿਸ ਵਿੱਚ ਉਹ ਆਪਣੇ ਪਸੰਦੀਦਾ ਬਰਾਂਡ ‘ਕ੍ਰੇਵਨ ਏ’ ਦੀਆਂ ਪ੍ਰਤੀਦਿਨ ਲਗਭਗ ਪੰਜਾਹ ਸਿਗਰਟਾਂ ਪੀਂਦੇ ਸਨ ਅਤੇ ਲਗਾਤਾਰ ਜ਼ਿਆਦਾ ਰੁਝੇਵਿਆਂ ਨੇ ਵੀ ਉਨ੍ਹਾਂ ਦੀ ਸਿਹਤ ‘ਤੇ ਗੰਭੀਰ ਪ੍ਰਭਾਵ ਪਾਇਆ ਸੀ।”
31 ਜੁਲਾਈ 1947 ਨੂੰ ਪਾਕਿਸਤਾਨ ਦੀ ਸਥਾਪਨਾ ਤੋਂ ਕੁਝ ਹਫਤੇ ਪਹਿਲਾਂ ਜਿਨਾਹ ਬੰਬਈ ਦੇ ਅਰਾਮ ਬਾਗ ਕਬਰਸਤਾਨ ਵਿੱਚ ਆਪਣੀ ਪਤਨੀ ਰਤਨਬਾਈ ਦੀ ਕਬਰ ‘ਤੇ ਗਏ ਸੀ। ਉਨ੍ਹਾਂ ਨੂੰ ਪਤਾ ਸੀ ਕਿ ਸੰਭਾਵਨਾ ਹੈ ਕਿ ਉਹ ਫਿਰ ਕਦੇ ਬੰਬਈ ਨਹੀਂ ਆ ਸਕਣਗੇ।
ਪਾਕਿਸਤਾਨ ਬਣਨ ਬਾਅਦ ਜਿਨਾਹ ਇੱਕ ਵਾਰ ਫਿਰ ਰੁੱਝ ਗਏ। ਹਾਲਾਂਕਿ, ਉਨ੍ਹਾਂ ਦੇ ਰੋਜ਼ਾਨਾ ਜੀਵਨ ਅਤੇ ਕਾਰਜ ਵਿਹਾਰ ਵਿਚ ਕੁਝ ਸੁਧਾਰ ਜ਼ਰੂਰ ਆਇਆ।
‘ਮੈਂ ਬਹੁਤ ਥੱਕ ਗਿਆ ਹਾਂ’
ਤਸਵੀਰ ਸਰੋਤ, Getty Images
ਹੈਕਟਰ ਬੋਲਿਥੋ ਨੇ ਲਿਖਿਆ ਹੈ ਕਿ ਫ਼ਰਵਰੀ 1948 ਦੀ ਸ਼ੁਰੂਆਤ ਵਿੱਚ ਪਾਕਿਸਤਾਨ ਦੇ ਸੰਸਥਾਪਕ ਮੁਹੰਮਦ ਅਲੀ ਜਿਨਾਹ ਦੇ ਪੁਰਾਣੇ ਪਾਰਸੀ ਦੋਸਤ ਜਮਸ਼ੇਦ ਨਸਰਵਾਨਜੀ ਇੱਕ ਦਿਨ ਕਰਾਚੀ ਦੇ ਗਵਰਨਮੈਂਟ ਹਾਊਸ ਦੇ ਬਗੀਚੇ ਵਿੱਚ ਉਨ੍ਹਾਂ ਨੂੰ ਖੋਜਦਿਆਂ ਇੱਕ ਬੈਂਚ ਤੱਕ ਪਹੁੰਚੇ, ਜਿੱਥੇ ਉਹ ਅੱਧੀ ਨੀਂਦ ਦੀ ਅਵਸਥਾ ਵਿੱਚ ਬੈਠੇ ਸੀ।
ਜਿਨਾਹ ਨੇ ਅੱਖਾਂ ਖੋਲ੍ਹੀਆਂ ਅਤੇ ਕਿਹਾ, “ਮੈਂ ਬਹੁਤ ਥੱਕ ਗਿਆ ਹਾਂ, ਜਮਸ਼ੇਦ ਬਹੁਤ ਥੱਕ ਗਿਆ ਹਾਂ।”
ਬੋਲਿਥੋ ਮੁਤਾਬਕ, ਪਾਕਿਸਤਾਨ ਬਣਨ ਤੋਂ ਪਹਿਲਾਂ ਉਹ ਹਮੇਸ਼ਾ ਇੰਨੇ ਰੁੱਝੇ ਰਹੇ ਸੀ ਕਿ ਬਾਹਰ ਬੈਠ ਕੇ ਇਸ ਤਰ੍ਹਾਂ ਊਂਘਣ ਦੀ ਕਲਪਨਾ ਵੀ ਉਨ੍ਹਾਂ ਲਈ ਅਸੰਭਵ ਸੀ।
“ਪਰ ਹੁਣ ਵੀ ਕਦੇ-ਕਦੇ ਬਗੀਚੇ ਵਿੱਚ ਬੈਠ ਕੇ ਕੁਝ ਪਲ ਚੁੱਪਚਾਪ ਸੋਚਦੇ ਰਹਿੰਦੇ, ਫਿਰ ਥੋੜ੍ਹੀ ਦੇਰ ਲਈ ਸੌ ਜਾਂਦੇ। ਕਦੇ ਬਗੀਚੇ ਵਿੱਚ ਟਹਿਲਦਿਆਂ ਝੁਕ ਕੇ ਕੋਈ ਫੁੱਲ ਤੋੜ ਲੈਂਦੇ ਅਤੇ ਉਸ ਨੂੰ ਆਪਣੇ ਕੋਟ ‘ਤੇ ਸਜਾ ਲੈਂਦੇ ਸੀ।”
ਬੋਲਿਥੋ ਮੁਤਾਬਕ, ਉਸੇ ਫ਼ਰਵਰੀ ਦੀ ਇੱਕ ਸਵੇਰ ‘ਦ ਸਟੇਟਸਮੈਨ’ ਦੇ ਸਾਬਕਾ ਸੰਪਾਦਕ ਈਯਾਨ ਸਟੀਫਨਜ਼ ਜਿਨਾਹ ਨੂੰ ਮਿਲਣ ਗਏ।
ਉਨ੍ਹਾਂ ਨੇ ਬਾਅਦ ਵਿੱਚ ਲਿਖਿਆ, ” ਉਸ ਸਮੇਂ ਕਿਸੇ ਨੂੰ ਇਹ ਅਹਿਸਾਸ ਨਹੀਂ ਸੀ ਕਿ ਪਾਕਿਸਤਾਨ ਦਾ ਨਿਰਮਾਤਾ ਮੌਤ ਵੱਲ ਵਧ ਰਿਹਾ ਹੈ। ਉਨ੍ਹਾਂ ਦੇ ਫੇਫੜੇ ਟੀਬੀ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕੇ ਸੀ ਜਿਸ ਦੀ ਕਿਸੇ ਨੂੰ ਜਾਣਕਾਰੀ ਨਹੀਂ ਸੀ ਅਤੇ ਜਿਸ ਨੇ ਕੁਝ ਮਹੀਨਿਆਂ ਬਾਅਦ ਉਨ੍ਹਾਂ ਦੀ ਜਾਨ ਲੈ ਲਈ।”
ਮੁਲਾਕਾਤ ਦੇ ਅੰਤ ਵਿਚ ਜਿਨਾਹ ਨੇ ਕਿਹਾ, ” ਲੋਕ ਕਹਿੰਦੇ ਹਨ ਕਿ ਮੈਂ ਬਿਮਾਰ ਰਿਹਾ ਹਾਂ। ਮੈਂ ਬਿਮਾਰ ਨਹੀਂ ਸੀ। ਮੈਂ ਸਿਰਫ਼ ਥੱਕ ਜਾਂਦਾ ਹਾਂ। ਮੈਂ ਹੁਣ ਜਵਾਨ ਨਹੀਂ ਹਾਂ, ਮੇਰੇ ਉੱਤੇ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਹਨ..ਇਸ ਲਈ ਜਦੋਂ ਮੈਂ ਥੱਕ ਜਾਂਦਾ ਹਾਂ, ਤਾਂ ਅਰਾਮ ਕਰਦਾ ਹਾਂ। ਮੈਂ ਆਪਣੇ ਡਾਕਟਰਾਂ ਨੂੰ ਕਹਿੰਦਾ ਹਾਂ ਕਿ ਉਹ ਚਲੇ ਜਾਣ। ਮੈਂ ਨਹੀਂ ਚਾਹੁੰਦਾ ਕਿ ਉਹ ਮੇਰੇ ਆਲੇ ਦੁਆਲੇ ਮੰਡਰਾਉਂਦੇ ਰਹਿਣ।”
ਬੋਲਿਥੋ ਮੁਤਾਬਕ, “ਜਿਨਾਹ ਨੇ ਸਾਢੇ ਤਿੰਨ ਸਾਲ ਪਹਿਲਾਂ ਬੰਬਈ ਦੇ ਡਾਕਟਰਾਂ ਵੱਲੋਂ ਦਿੱਤੀ ਗਈ ਚਿੰਤਾਜਨਕ ਸੂਚਨਾ ਨੂੰ ਆਪਣੇ ਸੀਨੇ ਵਿੱਚ ਇੱਕ ਰਾਜ਼ ਬਣਾ ਕੇ ਸੰਜੋਈ ਰੱਖਿਆ।”
ਜੁਲਾਈ 1948 ਤੱਕ ਜਿਨਾਹ ਦੀ ਫੇਫੜਿਆਂ ਦੀ ਪੁਰਾਣੀ ਬਿਮਾਰੀ ਹੋਰ ਜ਼ਿਆਦਾ ਗੰਭੀਰ ਹੋ ਚੁੱਕੀ ਸੀ। ਇਸ ਲਈ ਉਨ੍ਹਾਂ ਨੂੰ ਬਲੋਚਿਸਤਾਨ ਦੇ ਦੂਰ ਦੁਰਾਡੇ ਪਹਾੜੀ ਥਾਂ ਜ਼ਿਆਰਤ ਲਿਜਾਇਆ ਗਿਆ ਜਿੱਥੇ ਹਵਾ ਮੁਕਾਬਲੇ ਵਿੱਚ ਹਲਕੀ ਸੀ। ਪਰ ਜ਼ਿਆਰਤ ਵਿਚ ਵੀ ਉਨ੍ਹਾਂ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋਇਆ।
ਉਨ੍ਹਾਂ ਦੇ ਡਾਕਟਰ ਇਲਾਹੀ ਬਖਸ਼ ਨੂੰ ਜਿਨਾਹ ਦੇ ਬਲੱਡ ਟੈਸਟ ਅਤੇ ਛਾਤੀ ਦੇ ਐਕਸ ਰੇ ਦੀ ਵਿਸਥਾਰਤ ਜਾਂਚ ਤੋਂ ਬਾਅਦ ਵਿਸ਼ਵਾਸ ਹੋ ਗਿਆ ਕਿ ਉਨ੍ਹਾਂ ਦੀ ਪੁਰਾਣੀ ਫੇਫੜਿਆਂ ਦੀ ਬਿਮਾਰੀ ਇੱਕ ਅਜਿਹੇ ਪੜਾਅ ਵਿੱਚ ਪਹੁੰਚ ਚੁੱਕੀ ਹੈ ਜਿਸ ਦਾ ਕੋਈ ਇਲਾਜ ਸੰਭਵ ਨਹੀਂ ਸੀ।
ਇਨ੍ਹਾਂ ਦਿਨਾਂ ਵਿੱਚ ਜਿਨਾਹ ਦੇ ਕੁਝ ਦੋਸਤ ਉਨ੍ਹਾਂ ਦੇ ਇਲਾਜ ਲਈ ਕੋਸ਼ਿਸ਼ ਕਰ ਰਹੇ ਸੀ।
ਅਣਜਾਣ ਫੋਨ ਕਾਲ
ਤਸਵੀਰ ਸਰੋਤ, Getty Images
ਆਪਣੀ ਕਿਤਾਬ ‘ਟਿਊਬਰਕੁਲੋਸਿਸ: ਦ ਗ੍ਰੇਟੈਸਟ ਸਟੋਰੀ ਨੈਵਰ ਟੋਲਡ’ ਵਿੱਚ ਡਾਕਟਰ ਅਤੇ ਲੇਖਕ ਡਾ.ਫ੍ਰੈਂਕ ਰਿਯਾਨ ਲਿਖਦੇ ਹਨ, “ਮੈਨੂੰ ਵਾਸ਼ਿੰਗਟਨ ਵਿੱਚ ਪਾਕਿਸਤਾਨੀ ਦੂਤਾਵਾਸ ਤੋਂ ਕੁਝ ਰਹੱਸਮਈ ਫੋਨ ਕਾਲ ਆਏ, ਜਿਨ੍ਹਾਂ ਵਿੱਚ ਕਿਹਾ ਗਿਆ ਕਿ ਮੈਨੂੰ ਤਤਕਾਲ ਕਰਾਚੀ, ਪਾਕਿਸਤਾਨ ਆਉਣਾ ਪਵੇਗਾ ਤਾਂਕਿ ਅਜਿਹੇ ਵਿਅਕਤੀ ਦੀ ਜਾਂਚ ਕਰ ਸਕਾਂ ਜਿਸ ਦਾ ਨਾਮ ਅਤੇ ਬਿਮਾਰੀ ਦੋਨੋ ਮੈਨੂੰ ਨਹੀਂ ਦੱਸੇ ਗਏ ਸੀ।”
“ਮਾਮਲਾ ਜਾਨਣ ਅਤੇ ਸਮਝਣ ਦੀਆਂ ਮੇਰੀਆਂ ਸਾਰੀਆਂ ਕੋਸ਼ਿਸ਼ਾਂ ਵਿਅਰਥ ਰਹੀਆਂ। ਕੁਝ ਹੀ ਦਿਨਾਂ ਬਾਅਦ ਮੈਨੂੰ ਫੋਨ ਆਇਆ ਕਿ ਹੁਣ ਮੇਰੀਆਂ ਸੇਵਾਵਾਂ ਦੀ ਲੋੜ ਨਹੀਂ ਰਹੀ, ਕਿਉਂਕਿ ਮਰੀਜ਼ ਦੀ ਮੌਤ ਹੋ ਚੁੱਕੀ ਹੈ।”
ਫ੍ਰੈਂਕ ਰਿਯਾਨ ਨੇ ਲਿਖਿਆ ਕਿ ਦੋ ਤਿੰਨ ਸਾਲ ਬਾਅਦ ਜਦੋਂ ਉਹ ਸੈਨ ਫਰਾਂਸਿਸਕੋ ਜਾ ਚੁੱਕੇ ਸੀ ਤਾਂ ਇੱਕ ਡਾਕਟਰ ਉਨ੍ਹਾਂ ਨੂੰ ਮਿਲ ਆਏ।
“ਉਨ੍ਹਾਂ ਨੇ ਦੱਸਿਆ ਕਿ ਉਹ ਫੋਨ ਕਾਲਾਂ ਪਿੱਛੇ ਉਹੀ ਸੀ ਅਤੇ ਉਹ ਮਰੀਜ਼ ਕੋਈ ਹੋਰ ਨਹੀਂ ਬਲਕਿ ਜਿਨਾਹ ਸਨ। ਉਹ ਜਿਨਾਹ ਦੇ ਨਿੱਜੀ ਡਾਕਟਰ ਰਹਿ ਚੁੱਕੇ ਸੀ। ਹੁਣ ਗੋਪਨੀਅਤਾ ਦਾ ਕਾਰਨ ਵੀ ਸਪਸ਼ਟ ਹੋ ਗਿਆ। ਉਸ ਡਾਕਟਰ ਨੇ ਕੁਝ ਸਾਲ ਪਹਿਲਾਂ ਪਾਸਚਰ ਇੰਸਟੀਚਿਊਟ ਵਿੱਚ ਮੈਨੂੰ ਲੈਕਚਰ ਦਿੰਦਿਆਂ ਸੁਣਿਆ ਸੀ ਅਤੇ ਮੇਰੀਆਂ ਕੁਝ ਪ੍ਰਕਾਸ਼ਿਤ ਰਚਨਾਵਾਂ ਵੀ ਪੜ੍ਹੀਆਂ ਸਨ।”
“ਮੁਹੰਮਦ ਅਲੀ ਜਿਨਾਹ ਫੇਫੜਿਆਂ ਦੀ ਪੁਰਾਣੀ ਟੀਬੀ ਤੋਂ ਪੀੜਤ ਸਨ ਜਿਸ ਦਾ ਪਹਿਲਾ ਇਲਾਜ ਉਨ੍ਹਾਂ ਦੇ ਡਾਕਟਰ ਪਟੇਲ ਨੇ ਜੂਨ 1946 ਵਿੱਚ ਕੀਤਾ ਸੀ।”
ਮਹੱਤਵਪੂਰਨ ਰਹੱਸ
ਤਸਵੀਰ ਸਰੋਤ, Getty Images
‘ਫ੍ਰੀਡਮ ਐਟ ਮਿਡਨਾਈਟ’ ਵਿੱਚ ਲਿਖਿਆ ਹੈ ਕਿ ਜੇ ਅਪ੍ਰੈਲ 1947 ਵਿੱਚ ਲਾਰਡ ਲੂਈ ਮਾਊਂਟਬੇਟਨ, ਜਵਾਹਰ ਲਾਲ ਨਹਿਰੂ ਜਾਂ ਮੋਹਨ ਦਾਸ ਗਾਂਧੀ ਨੂੰ ਇਸ ਸਧਾਰਨ ਰਹੱਸ ਦੀ ਜਾਣਕਾਰੀ ਹੁੰਦੀ ਤਾਂ ਭਾਰਤ ਦਾ ਬਟਵਾਰਾ ਸ਼ਾਇਦ ਟਾਲਿਆ ਜਾ ਸਕਦਾ ਸੀ।
“ਜਿਨਾਹ ਆਪਣੇ ਮੁਸਲਿਮ ਹਮਵਤਨਾਂ ਲਈ ਵੱਖ ਰਾਸ਼ਟਰ ਪ੍ਰਾਪਤ ਕਰਨ ਦੇ ਸੰਕਲਪ ‘ਤੇ ਇੰਨੇ ਦ੍ਰਿੜ ਸੀ ਕਿ ਉਨ੍ਹਾਂ ਨੇ ਆਖਰੀ ਵਾਇਸਰਾਏ ਨੂੰ ਇਸ ਫ਼ੈਸਲੇ ਤੱਕ ਪਹੁੰਚਣ ਲਈ ਮਜਬੂਰ ਕਰ ਦਿੱਤਾ।”
ਡੋਮਿਨਿਕ ਨੇ ਬਾਅਦ ਵਿਚ ਦੱਸਿਆ ਕਿ ਜਦੋਂ ਉਨ੍ਹਾਂ ਨੇ ਇਹ ਰਹੱਸ ਲਾਰਡ ਮਾਊਂਟਬੈਟਨ ਦੇ ਸਾਹਮਣੇ ਰੱਖੇ ਤਾਂ ਉਨ੍ਹਾਂ ਦਾ ਰੰਗ ਉੱਡ ਗਿਆ ਅਤੇ ਉਨ੍ਹਾਂ ਨੇ ਕਿਹਾ ਕਿ ਜੇ ਉਸ ਸਮੇਂ ਜਿਨਾਹ ਦੀ ਬਿਮਾਰੀ ਦੀ ਗੰਭੀਰਤਾ ਦਾ ਪਤਾ ਹੁੰਦਾ ਤਾਂ ਉਨ੍ਹਾਂ ਦੇ ਵਿਚਾਰ ਵਿਚ ਸ਼ਾਇਦ ਪਾਕਿਸਤਾਨ ਹੋਂਦ ਵਿੱਚ ਨਾ ਆਉਂਦਾ
“ਜੇ ਮੈਨੂੰ ਉਸ ਵੇਲੇ ਇਹ ਸਭ ਪਤਾ ਹੁੰਦਾ, ਤਾਂ ਇਤਿਹਾਸ ਦੀ ਦਿਸ਼ਾ ਵੱਖਰੀ ਹੁੰਦੀ। ਮੈਂ ਅਜ਼ਾਦੀ ਦੇਣ ਦਾ ਫ਼ੈਸਲਾ ਕਈ ਮਹੀਨਿਆਂ ਲਈ ਟਾਲ ਦਿੰਦਾ। ਪਾਕਿਸਤਾਨ ਹੋਂਦ ਵਿੱਚ ਨਾ ਆਉਂਦਾ।”
ਉਨ੍ਹਾਂ ਨੇ ਕਿਹਾ, ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ! ਫਿਰ ਡੂੰਘੀ ਹੈਰਾਨੀ ਵਿੱਚ ਓਹ ਗੌਡ ! ਕਹਿੰਦਿਆਂ ਉਨ੍ਹਾਂ ਦਾ ਸਾਹ ਫੁੱਲਣ ਲੱਗਿਆ। ਜਦਕਿ ਉਨ੍ਹਾਂ ਦੀਆ ਆਮ ਤੌਰ ‘ਤੇ ਸ਼ਾਂਤ ਨੀਲੀਆਂ ਅੱਖਾਂ ਤੀਬਰ ਭਾਵਨਾਵਾਂ ਨਾਲ ਸੁੰਗੜ ਗਈਆਂ ਸੀ।
ਕਿਤਾਬ ਮੁਤਾਬਕ, ਇਹ ਰਹੱਸ ਇੰਨੀ ਸਾਵਧਾਨੀ ਨਾਲ ਲੁਕੋ ਕੇ ਰੱਖਿਆ ਗਿਆ ਸੀ ਕਿ ਬ੍ਰਿਟਿਸ਼ ਗੁਪਤਚਰ ਸੇਵਾ ਵੀ ਇਸ ਤੋਂ ਪੂਰੀ ਤਰ੍ਹਾਂ ਅਣਜਾਣ ਸੀ।
ਅਖੀਰ 11 ਸਤੰਬਰ 1948 ਨੂੰ ਫੇਫੜਿਆਂ ਦੀ ਟੀਬੀ ਕਾਰਨ ਜਿਨਾਹ ਦੀ ਮੌਤ ਹੋ ਗਈ।
ਪਾਕਿਸਤਾਨ ਦੇ ਯੋਜਨਾ ਮੰਤਰੀ ਅਤੇ ਪੁਰਸਕਾਰ ਸਮਿਤੀ ਦੇ ਪ੍ਰਧਾਨ ਅਹਿਸਾਨ ਇਕਬਾਲ ਨੇ ਆਪਣੀ ਇੱਕ ਐਕਸ ਪੋਸਟ ਵਿੱਚ ਲਿਖਿਆ ਕਿ ਡਾ.ਜਲ ਰਤਨਜੀ ਪਟੇਲ ਅਤੇ ਡਾ.ਜਲ ਡੀਬੂ ਦੀ ਪੇਸ਼ੇਵਰ ਨਿਸ਼ਠਾ ਨੇ ਭਾਵੇਂ ਹੀ ਅਣਜਾਣੇ ਵਿੱਚ, ਉਨ੍ਹਾਂ ਸਥਿਤੀਆਂ ਨੂੰ ਅਕਾਰ ਦੇਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਜਿਨ੍ਹਾਂ ਨੇ ਪਾਕਿਸਤਾਨ ਦੀ ਸਥਾਪਨਾ ਨੂੰ ਸੰਭਵ ਬਣਾਇਆ।
ਭਾਰਤ ਸਰਕਾਰ ਨੇ ਡਾ.ਜਲ ਰਤਨਜੀ ਪਟੇਲ ਨੂੰ 1962 ਵਿੱਚ ਦੇਸ਼ ਦਾ ਤੀਜਾ ਸਰਵ ਉੱਚ ਨਾਗਰਿਕ ਸਨਮਾਨ ਪਦਮ ਭੂਸ਼ਣ ਦਿੱਤਾ ਸੀ।
ਪਾਕਿਸਤਾਨ ਨੇ ਇਸ ਸਾਲ 14 ਅਗਸਤ ਨੂੰ ਡਾ. ਜਲ ਰਤਨਜੀ ਪਟੇਲ ਅਤੇ ਡਾ.ਜਲ ਡੀਬੂ ਲਈ ਨਿਸ਼ਾਨ-ਏ-ਕਾਇਦ-ਏ-ਆਜ਼ਮ ਸਨਮਾਨ ਦਾ ਐਲਾਨ ਕੀਤਾ ਹੈ, ਇਹ ਸਨਮਾਨ ਅਗਲੇ ਸਾਲ 23 ਮਾਰਚ ਨੂੰ ਇੱਕ ਸਮਾਰੋਹ ਵਿੱਚ ਰਸਮੀ ਤੌਰ ‘ਤੇ ਪ੍ਰਦਾਨ ਕੀਤਾ ਜਾਏਗਾ।
ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ
source : BBC PUNJABI



