Home rss national punjabi2ਰਾਸ਼ਟਰੀ ਖ਼ਬਰਾਂ ‘ਮੈਂ 10 ਸਕਿੰਟ ਦੇ ਫ਼ਰਕ ਨਾਲ ਬਚੀ’, ਨੇਪਾਲ ‘ਚ ਟੀਚਰ ਦੀ ਸਿਆਣਪ...

‘ਮੈਂ 10 ਸਕਿੰਟ ਦੇ ਫ਼ਰਕ ਨਾਲ ਬਚੀ’, ਨੇਪਾਲ ‘ਚ ਟੀਚਰ ਦੀ ਸਿਆਣਪ ਕਾਰਨ ਹੜ੍ਹ ਦੀ ਮਾਰ ਵਿੱਚ ਆਉਣ ਤੋਂ ਇੰਝ ਬਚੇ 900 ਸਕੂਲੀ ਬੱਚੇ

4
0

Source :- BBC PUNJABI

16 ਸਾਲਾ ਯੁਨਿਸ਼ਾ (ਵਿਚਕਾਰ) ਨੇ ਦੱਸਿਆ ਕਿ ਕੁਝ ਸਕਿੰਟਾਂ ਦੀ ਦੇਰੀ ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਲਈ ਜਾਨ ਦਾ ਖ਼ਤਰਾ ਬਣ ਸਕਦੀ ਸੀ

ਪ੍ਰਕਾਸ਼ਿਤ

ਪੜ੍ਹਨ ਦਾ ਸਮਾਂ: 8 ਮਿੰਟ

ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਤੋਂ ਰਿਪੋਰਟਿੰਗ ਕਰ ਰਹੇ ਬੀਬੀਸੀ ਨਿਊਜ਼ ਨੇਪਾਲੀ ਦੇ ਅਸ਼ੋਕ ਦਾਹਾਲ ਅਤੇ ਕਮਲ ਪਰਿਆਰ ਨੇ ਦੱਸਿਆ ਹੈ ਕਿ ਇੱਥੇ ਇੱਕ ਸਕੂਲ ਦੇ ਹੈੱਡ ਟੀਚਰ ਨੇ ਸਮੇਂ ਸਿਰ ਕਰੀਬ 900 ਵਿਦਿਆਰਥੀਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾ ਦਿੱਤਾ।

ਹੈੱਡ ਟੀਚਰ ਰਾਜੇਂਦਰ ਦਵਾਡੀ ਦੇ ਮੁਤਾਬਕ, ਉਨ੍ਹਾਂ ਨੂੰ ਹੜ੍ਹ ਦੇ ਖ਼ਤਰੇ ਬਾਰੇ ਕੁਝ ਹੀ ਮਿੰਟਾਂ ਦੇ ਅੰਦਰ ਵੱਖ-ਵੱਖ ਲੋਕਾਂ ਵੱਲੋਂ ਚਾਰ ਫ਼ੋਨ ਕਾਲਾਂ ਆਈਆਂ ਸਨ। ਇਨ੍ਹਾਂ ਚੇਤਾਵਨੀਆਂ ਤੋਂ ਬਾਅਦ ਉਨ੍ਹਾਂ ਨੇ ਬਿਨਾਂ ਦੇਰ ਕੀਤੇ ਸਕੂਲ ਖਾਲੀ ਕਰਵਾਉਣ ਦਾ ਫ਼ੈਸਲਾ ਕੀਤਾ।

ਰਾਜੇਂਦਰ ਦਵਾਡੀ ਨੁਵਾਕੋਟ ਸਥਿਤ ਤ੍ਰਿਭੁਵਨ ਤ੍ਰਿਸ਼ੂਲੀ ਸੈਕੰਡਰੀ ਸਕੂਲ ਦੇ ਹੈੱਡ ਟੀਚਰ ਹਨ। ਸਕੂਲ ਵਿੱਚ ਕੁੱਲ 1,600 ਤੋਂ ਵੱਧ ਵਿਦਿਆਰਥੀ ਪੜ੍ਹਦੇ ਹਨ।

ਬੱਚਿਆਂ ਨੂੰ ਉੱਚੀ ਅਤੇ ਸੁਰੱਖਿਅਤ ਥਾਂ ਵੱਲ ਲੈਕੇ ਜਾਂਦੇ ਸਮੇਂ ਦਵਾਡੀ ਨੇ ਦੇਖਿਆ ਕਿ ਦਰਿਆ ਤੋਂ ਕਰੀਬ 100 ਮੀਟਰ ਦੂਰ ਸਥਿਤ ਸਕੂਲ ਦਾ ਹੋਸਟਲ ਹੜ੍ਹ ਦੇ ਪਾਣੀ ਵਿੱਚ ਡੁੱਬ ਰਿਹਾ ਸੀ।

‘ਮੈਨੂੰ ਮਾਣ ਹੈ ਕਿ ਅਸੀਂ ਇੰਨੀਆਂ ਸਾਰੀਆਂ ਜਾਨਾਂ ਬਚਾਈਆਂ’

ਕਾਠਮਾਂਡੂ ਵਿੱਚ ਆਪਣੇ ਕਰੀਬੀ ਦੀ ਲਾਸ਼ ਦੀ ਪਛਾਣ ਕਰਨ ਤੋਂ ਬਾਅਦ ਰੋਂਦੀ ਹੋਈ ਇੱਕ ਮਹਿਲਾ

ਤਸਵੀਰ ਸਰੋਤ, Daniel Ceng/Anadolu via Getty Images

ਰਾਜੇਂਦਰ ਦਵਾਡੀ ਨੇ ਕਿਹਾ ਕਿ “ਜੇ ਅਸੀਂ ਤੁਰੰਤ ਫ਼ੈਸਲਾ ਨਾ ਲਿਆ ਹੁੰਦਾ, ਜੇ 10 ਮਿੰਟ ਦੀ ਵੀ ਦੇਰੀ ਹੋ ਜਾਂਦੀ, ਤਾਂ ਅਸੀਂ ਸਾਰੇ, ਜਿਨ੍ਹਾਂ ਵਿੱਚ ਵਿਦਿਆਰਥੀ ਅਤੇ ਮੈਂ ਵੀ ਸ਼ਾਮਲ ਹਾਂ , ਅੱਜ ਤੁਹਾਡੇ ਨਾਲ ਗੱਲ ਕਰਨ ਲਈ ਹੁੰਦੇ ਵੀ ਨਾ।”

ਉਨ੍ਹਾਂ ਨੇ ਅੱਗੇ ਕਿਹਾ, “ਮਾਪੇ ਆ ਕੇ ਮੈਨੂੰ ਕਹਿਣ ਲੱਗੇ ਕਿ ‘ਬਹੁਤ ਭਾਰੀ ਹੜ੍ਹ ਆ ਰਿਹਾ ਹੈ, ਮੈਂ ਆਪਣੀ ਧੀ ਨੂੰ ਲੈਣ ਆਇਆ ਹਾਂ, ਮੈਂ ਉਸ ਨੂੰ ਲੈ ਜਾਵਾਂਗਾ।'”

“ਮਾਪੇ ਬਿਨਾਂ ਕਿਸੇ ਠੋਸ ਕਾਰਨ ਦੇ ਕਾਹਲੀ ਨਹੀਂ ਕਰਦੇ, ਇਸ ਲਈ ਇਹ ਪੱਕਾ ਹੋ ਗਿਆ ਕਿ ਬੱਚਿਆਂ ਨੂੰ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਵਿੱਚ ਮੈਨੂੰ ਇੱਕ ਪਲ ਵੀ ਬਰਬਾਦ ਨਹੀਂ ਕਰਨਾ ਚਾਹੀਦਾ।”

“ਮੈਂ ਫ਼ੈਸਲਾ ਕੀਤਾ ਕਿ ਹੁਣ ਹੋਰ ਦੇਰੀ ਨਹੀਂ ਕਰਨੀ ਚਾਹੀਦੀ। ਭਾਵੇਂ ਹੜ੍ਹ ਨਾ ਵੀ ਆਉਂਦਾ, ਤਾਂ ਵੀ ਇਹ ਸਿਰਫ਼ ਇੱਕ ਦਿਨ ਦੀ ਕਲਾਸ ਦਾ ਹੀ ਤਾਂ ਮਾਮਲਾ ਸੀ।”

“ਮੈਨੂੰ ਮਾਣ ਹੈ ਕਿ ਅਸੀਂ ਇੰਨੀਆਂ ਸਾਰੀਆਂ ਜਾਨਾਂ ਬਚਾਈਆਂ।”

ਦਵਾਡੀ ਨੇ ਦੱਸਿਆ ਕਿ ਪਾਣੀ ਇੰਨੀ ਤੇਜ਼ੀ ਨਾਲ ਆਇਆ ਕਿ ਦਰਿਆ ਤੋਂ ਲਗਭਗ 100 ਮੀਟਰ (328 ਫੁੱਟ) ਦੂਰ ਬਣੀ ਹੋਸਟਲ ਦੀ ਇਮਾਰਤ ਤੁਰੰਤ ਪਾਣੀ ਵਿੱਚ ਡੁੱਬ ਗਈ।

ਚਿੱਕੜ ਭਰੇ ਰਸਤੇ ਤੋਂ ਭੱਜ ਕੇ ਬਚਾਈ ਜਾਨ

ਯੁਨਿਸ਼ਾ

ਇਨ੍ਹਾਂ 900 ਵਿਦਿਆਰਥੀਆਂ ਵਿੱਚੋਂ ਇੱਕ 16 ਸਾਲਾ ਯੁਨਿਸ਼ਾ ਵੀ ਸਨ, ਜੋ ਕਹਿੰਦੇ ਹਨ ਕਿ ਉਹ ਹੜ੍ਹ ਆਉਣ ਤੋਂ ਕੁਝ ਹੀ ਪਲ ਪਹਿਲਾਂ ਉੱਥੋਂ ਨਿੱਕਲ ਸਕੇ।

ਉਨ੍ਹਾਂ ਨੇ ਬੀਬੀਸੀ ਨਾਲ ਗੱਲਬਾਤ ਦੌਰਾਨ ਕਿਹਾ, “ਮੈਂ ਆਪਣੇ ਦੋਸਤਾਂ ਦੇ ਨਾਲ ਸੀ ਅਤੇ ਸਿਰਫ਼ 10 ਸਕਿੰਟ ਦੇ ਫ਼ਰਕ ਨਾਲ ਬਚ ਗਈ। ਕੁਝ ਹੀ ਦੇਰ ਵਿੱਚ ਮੇਰੀਆਂ ਅੱਖਾਂ ਸਾਹਮਣੇ ਬਾਜ਼ਾਰ ਰੁੜ੍ਹ ਗਿਆ।”

ਯੁਨਿਸ਼ਾ ਦੱਸਦੇ ਹਨ ਕਿ ਉਹ ਦੂਜੇ ਵਿਦਿਆਰਥੀਆਂ ਨਾਲ ਸਕੂਲ ਦੇ ਪਿੱਛੇ ਇੱਕ ਤੰਗ ਅਤੇ ਚਿੱਕੜ ਭਰੇ ਰਸਤੇ ਤੋਂ ਭੱਜ ਕੇ ਉੱਪਰ ਵੱਲ ਗਏ।

ਯੁਨਿਸ਼ਾ ਨੇ ਦੱਸਿਆ, “ਹੜ੍ਹ ਆਉਣ ਤੋਂ ਠੀਕ ਪਹਿਲਾਂ, ਅਸੀਂ ਕਲਾਸ ਵਿੱਚ ਪੜ੍ਹਾਈ ਕਰ ਰਹੇ ਸੀ। ਟੀਚਰ ਇੱਕ ਥਾਂ ਇਕੱਠੇ ਹੋਏ ਸਨ ਅਤੇ ਸ਼ੁਰੂ ਵਿੱਚ ਉਨ੍ਹਾਂ ਨੂੰ ਪਤਾ ਹੀ ਨਹੀਂ ਲੱਗਿਆ ਕਿ ਕੀ ਹੋਇਆ ਹੈ। ਪੰਜ ਮਿੰਟ ਬਾਅਦ ਟੀਚਰ ਆਏ ਅਤੇ ਸਾਨੂੰ ਹੜ੍ਹ ਬਾਰੇ ਦੱਸਿਆ ਅਤੇ ਘਰ ਜਾਣ ਲਈ ਕਿਹਾ।”

ਉਸ ਨੇ ਦੱਸਿਆ ਕਿ ਇਸ ਆਫ਼ਤ ਬਾਰੇ ਸੁਣ ਕੇ ਇੱਕ ਵਿਦਿਆਰਥੀ ਬੇਹੋਸ਼ ਹੋ ਗਿਆ, ਪਰ ਕਈਆਂ ਨੇ ਸ਼ੁਰੂ ਵਿੱਚ ਖ਼ਤਰੇ ਨੂੰ ਘੱਟ ਸਮਝਿਆ ਅਤੇ ਉਨ੍ਹਾਂ ਕਲਾਸਮੇਟਸ ਦਾ ਇੰਤਜ਼ਾਰ ਕੀਤਾ ਜੋ ਮੈਥ ਦੀ ਕਲਾਸ ਵਿੱਚ ਸਨ।

ਉਨ੍ਹਾਂ ਕਿਹਾ, “ਮੈਂ ਤੇਜ਼ੀ ਨਾਲ ਚੱਲ ਨਹੀਂ ਪਾ ਰਹੀ ਸੀ ਅਤੇ ਮੇਰੇ ਦੋਸਤਾਂ ਨੇ ਪਹਾੜੀ ‘ਤੇ ਚੜ੍ਹਨ ਵਿੱਚ ਮੇਰੀ ਮਦਦ ਕੀਤੀ। ਅਸੀਂ ਉਸ ਸਮੇਂ ਸੁਰੱਖਿਅਤ ਥਾਵਾਂ ‘ਤੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕੀਤੀ। ਅਸੀਂ ਸਕੂਲ ਦੇ ਪਿਛਲੇ ਹਿੱਸੇ ਵਿੱਚ ਬਣੀ ਇੱਕ ਤੰਗ ਜਿਹੀ ਪੌੜੀ ਰਾਹੀਂ ਬਾਹਰ ਨਿੱਕਲੇ। ਕੁਝ ਹੀ ਦੇਰ ਵਿੱਚ, ਮੇਰੀਆਂ ਅੱਖਾਂ ਸਾਹਮਣੇ ਬਾਜ਼ਾਰ ਰੁੜ੍ਹ ਗਿਆ।”

“ਜੇ ਮੇਰੇ ਜੁੱਤਿਆਂ ਦੀ ਪਕੜ ਚੰਗੀ ਨਾ ਹੁੰਦੀ ਤਾਂ ਮੈਂ ਡਿੱਗ ਜਾਂਦੀ। ਸੁਰੱਖਿਅਤ ਥਾਂ ‘ਤੇ ਪਹੁੰਚਣ ਦੀ ਕੋਸ਼ਿਸ਼ ਵਿੱਚ ਵਿਦਿਆਰਥੀ ਅਤੇ ਹੋਰ ਲੋਕ ਇੱਕ-ਦੂਜੇ ਨੂੰ ਧੱਕੇ ਮਾਰ ਰਹੇ ਸਨ। ਜੋ ਲੋਕ ਦੂਜੇ ਰਸਤੇ ਤੋਂ ਭੱਜਣ ਦੀ ਕੋਸ਼ਿਸ਼ ਕਰ ਰਹੇ ਸਨ, ਪੱਕਾ ਹੈ ਕਿ ਉਹ ਉਹ ਰੁੜ੍ਹ ਗਏ।”

ਵਿਦਿਆਰਥੀ ਅਤੇ ਟੀਚਰ ਸ਼ੁਰੂ ਵਿੱਚ ਸੁਰੱਖਿਅਤ ਰਹਿਣ ਲਈ ਕੁਝ ਸੌ ਮੀਟਰ ਉੱਪਰ ਪਹਾੜੀ ਵੱਲ ਗਏ ਅਤੇ ਫਿਰ ਨੇੜੇ ਦੇ ਇੱਕ ਪਿੰਡ ਵੱਲ ਵਧੇ।

ਸੜਕਾਂ ਟੁੱਟ ਜਾਣ ਅਤੇ ਟਰਾਂਸਪੋਰਟ ਠੱਪ ਹੋ ਜਾਣ ਕਾਰਨ, ਕਈ ਲੋਕ ਦੋ ਰਾਤਾਂ ਤੱਕ ਫਸੇ ਰਹੇ ਅਤੇ ਉਸ ਤੋਂ ਬਾਅਦ ਹੀ ਬਚਾਅ ਦਲ ਉਨ੍ਹਾਂ ਤੱਕ ਪਹੁੰਚ ਸਕਿਆ।

ਤਿੰਨ ਦਿਨ ਬਾਅਦ ਘਰ ਵਾਪਸੀ

ਨੇਪਾਲ ਦੇ ਨੁਵਾਕੋਟ ਜ਼ਿਲ੍ਹੇ ਦੇ ਤ੍ਰਿਸ਼ੂਲੀ ਵਿੱਚ ਅਚਾਨਕ ਆਏ ਹੜ੍ਹ ਤੋਂ ਬਾਅਦ ਚਿੱਕੜ ਨਾਲ ਢਕੇ ਬੈਂਕ ਕੋਲ ਨੋਟ ਇਕੱਠੇ ਕਰਦੇ ਹੋਏ ਕਰਮਚਾਰੀ

ਤਸਵੀਰ ਸਰੋਤ, Arun SANKAR / AFP via Getty Images

ਯੁਨਿਸ਼ਾ ਦਾ ਇੰਟਰਵਿਊ ਉਨ੍ਹਾਂ ਦੀ ਮਾਂ ਸਬੀਨਾ ਸ਼੍ਰੇਸ਼ਠਾ ਦੇ ਨਾਲ ਲਿਆ ਗਿਆ, ਜੋ ਕਹਿੰਦੇ ਹਨ ਕਿ ਹੜ੍ਹ ਦੀ ਖ਼ਬਰ ਸੁਣਨ ਤੋਂ ਬਾਅਦ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਵਿੱਚ ਲੱਗਿਆ ਰਿਹਾ ਅਤੇ ਕਈ ਘੰਟੇ ਬੇਹੱਦ ਪਰੇਸ਼ਾਨੀ ਵਿੱਚ ਬਿਤਾਏ।

ਉਨ੍ਹਾਂ ਨੇ ਬੀਬੀਸੀ ਨੂੰ ਕਿਹਾ, “ਮੈਂ ਘਬਰਾ ਗਈ ਸੀ। ਮੈਂ ਆਪਣੀ ਧੀ ਅਤੇ ਉਸ ਦੇ ਪਿਤਾ ਨੂੰ ਕਈ ਵਾਰ ਫ਼ੋਨ ਕੀਤਾ, ਪਰ ਦੋਵਾਂ ਨਾਲ ਸੰਪਰਕ ਨਹੀਂ ਹੋ ਸਕਿਆ।”

ਉਹ ਦੱਸਦੇ ਹਨ ਕਿ ਉਨ੍ਹਾਂ ਦੇ ਪਤੀ ਯੁਬਰਾਜ ਅਮਾਤਿਆ ਤੁਰੰਤ ਸਕੂਲ ਵੱਲ ਨਿੱਕਲ ਪਏ।

ਯੁਬਰਾਜ ਨੇ ਕਿਹਾ, “ਹੜ੍ਹ ਦੀ ਖ਼ਬਰ ਫੈਲਦੇ ਹੀ ਮੈਂ ਆਪਣੀ ਧੀ ਨੂੰ ਫ਼ੋਨ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਨਾਲ ਸੰਪਰਕ ਨਹੀਂ ਹੋ ਸਕਿਆ, ਉਸ ਵੇਲੇ ਮੈਨੂੰ ਡਰ ਲੱਗਾ।”

“ਕੁਝ ਹੀ ਮਿੰਟਾਂ ਵਿੱਚ ਮੈਂ ਆਪਣੀ ਧੀ ਦੇ ਸਕੂਲ ਵੱਲ ਭੱਜਿਆ ਅਤੇ ਦੇਖਿਆ ਕਿ ਤ੍ਰਿਸ਼ੂਲੀ ਬਾਜ਼ਾਰ ਹੜ੍ਹ ਵਿੱਚ ਪੂਰੀ ਤਰ੍ਹਾਂ ਰੁੜ੍ਹ ਗਿਆ ਸੀ, ਮੈਨੂੰ ਲੱਗਾ ਕਿ ਮੇਰੀ ਧੀ ਹੁਣ ਨਹੀਂ ਰਹੀ। ਮੈਂ ਬਹੁਤ ਘਬਰਾ ਗਿਆ ਸੀ, ਮੈਂ ਆਪਣਾ ਸਕੂਟਰ ਰੋਕਿਆ, ਉੱਥੇ ਹੜ੍ਹ ਦਾ ਪਾਣੀ ਸੀ ਪਰ ਮੈਂ ਆਪਣੀ ਧੀ ਤੋਂ ਬਿਨਾਂ ਵਾਪਸ ਮੁੜਨ ਬਾਰੇ ਸੋਚ ਵੀ ਨਹੀਂ ਸਕਦਾ ਸੀ।”

ਕਰੀਬ ਇੱਕ ਘੰਟੇ ਤੱਕ ਉਨ੍ਹਾਂ ਨੂੰ ਪਤਾ ਨਹੀਂ ਲੱਗਿਆ ਕਿ ਉਹ ਜ਼ਿੰਦਾ ਹੈ ਜਾਂ ਨਹੀਂ ਅਤੇ ਉਹ ਲਗਾਤਾਰ ਉਸ ਨੂੰ ਫ਼ੋਨ ਕਰਦੇ ਰਹੇ, ਪਰ ਸੰਪਰਕ ਨਹੀਂ ਹੋ ਸਕਿਆ। ਫਿਰ ਆਖ਼ਿਰਕਾਰ ਫ਼ੋਨ ਕਨੈਕਟ ਹੋਇਆ ਅਤੇ ਯੁਨਿਸ਼ਾ ਨੇ ਫ਼ੋਨ ਚੁੱਕਿਆ।

ਉਨ੍ਹਾਂ ਨੇ ਕਿਹਾ, “ਆਖ਼ਿਰਕਾਰ, ਮੇਰੀ ਧੀ ਨੇ ਮੇਰਾ ਫ਼ੋਨ ਚੁੱਕਿਆ ਅਤੇ ਮੈਂ ਖੁਦ ਨੂੰ ਰੋਕ ਨਹੀਂ ਸਕਿਆ, ਫੁੱਟ-ਫੁੱਟ ਕੇ ਰੋ ਪਿਆ… ਮੇਰੇ ਨਾਲ ਮੌਜੂਦ ਦੋ ਰਿਸ਼ਤੇਦਾਰ ਵੀ ਰੋਣ ਲੱਗ ਪਏ ਅਤੇ ਮੈਨੂੰ ਗਲੇ ਲਗਾ ਲਿਆ।”

ਉਸ ਪਲ ਨੂੰ ਯਾਦ ਕਰਦੇ ਹੋਏ ਯੁਨਿਸ਼ਾ ਦੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਹਨ।

ਯੁਨਿਸ਼ਾ ਨੇ ਕਿਹਾ, “ਪਹਾੜੀ ਦੀ ਚੋਟੀ ‘ਤੇ ਪਹੁੰਚਣ ਤੋਂ ਬਾਅਦ, ਮੈਨੂੰ ਆਪਣੇ ਪਿਤਾ ਦਾ ਫ਼ੋਨ ਆਇਆ। ਉਹ ਰੋ ਰਹੇ ਸਨ ਅਤੇ ਮੈਂ ਉਸ ਸਮੇਂ ਇੱਕ ਸ਼ਬਦ ਵੀ ਨਹੀਂ ਬੋਲ ਸਕੀ।”

ਜਦੋਂ ਆਖ਼ਿਰਕਾਰ ਯੁਨਿਸ਼ਾ ਨਾਲ ਸੰਪਰਕ ਹੋ ਗਿਆ, ਤਾਂ ਸ਼੍ਰੇਸ਼ਠਾ ਨੂੰ ਕੁਝ ਰਾਹਤ ਮਹਿਸੂਸ ਹੋਈ, ਪਰ ਯੁਨਿਸ਼ਾ ਦੇ ਘਰ ਵਾਪਸ ਆਉਣ ਤੱਕ ਪਰਿਵਾਰ ਦੀ ਚਿੰਤਾ ਬਣੀ ਰਹੀ। ਉਹ ਤਿੰਨ ਦਿਨ ਬਾਅਦ ਘਰ ਵਾਪਸ ਆਏ।

ਕਰੀਬ 800 ਲੋਕਾਂ ਦੇ ਮਾਰੇ ਜਾਣ ਦੀ ਪੁਸ਼ਟੀ, 2500 ਅਜੇ ਵੀ ਲਾਪਤਾ

ਤ੍ਰਿਸ਼ੂਲੀ-3ਏ ਹਾਈਡ੍ਰੋਪਾਵਰ ਪ੍ਰਾਜੈਕਟ ਸਾਈਟ ਦੀ ਸੁਰੰਗ ਵਿੱਚ ਸੁਰਾਖ ਕਰਕੇ ਰੱਸੀ ਦੇ ਸਹਾਰੇ ਹੇਠਾਂ ਉਤਰ ਰਹੇ ਰਾਹਤਕਰਮੀ, ਬਚਾਅ ਕਾਰਜ ਜਾਰੀ ਹੈ

ਤਸਵੀਰ ਸਰੋਤ, Reuters

ਨੇਪਾਲ ਪੁਲਿਸ ਦੇ ਤਾਜ਼ਾ ਅੰਕੜਿਆਂ ਮੁਤਾਬਕ, ਬਰਾਮਦ ਕੀਤੀਆਂ ਗਈਆਂ ਲਾਸ਼ਾਂ ਦੀ ਗਿਣਤੀ ਵਧ ਕੇ 794 ਹੋ ਗਈ ਹੈ। ਇਹ ਅੰਕੜਾ ਸਥਾਨਕ ਸਮੇਂ ਮੁਤਾਬਕ ਐਤਵਾਰ ਸ਼ਾਮ ਕਰੀਬ ਛੇ ਵਜੇ ਤੱਕ ਦਾ ਹੈ।

ਨੇਪਾਲ ਦੀ ਨੈਸ਼ਨਲ ਡਿਜ਼ਾਸਟਰ ਰਿਸਕ ਰਿਡਕਸ਼ਨ ਐਂਡ ਮੈਨੇਜਮੈਂਟ ਅਥਾਰਟੀ (ਐੱਨਡੀਆਰਆਰਐੱਮਏ) ਨੇ ਕਿਹਾ ਕਿ ਬੁੱਧਵਾਰ ਨੂੰ ਆਏ ਤਬਾਹਕੁੰਨ ਹੜ੍ਹ ਕਾਰਨ 781 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 2,502 ਲੋਕ ਅਜੇ ਵੀ ਲਾਪਤਾ ਹਨ।

ਖਦਸ਼ਾ ਹੈ ਕਿ ਲਾਪਤਾ 2,500 ਤੋਂ ਵੱਧ ਲੋਕਾਂ ਵਿੱਚੋਂ ਸੈਂਕੜੇ ਲੋਕ ਉਹ ਹਨ ਜੋ ਨੇਪਾਲ ਦੀਆਂ ਪਣ-ਬਿਜਲੀ ਪ੍ਰਾਜੈਕਟ ਸਾਈਟਾਂ ‘ਤੇ ਕੰਮ ਕਰਨ ਵਾਲੇ ਕਰਮਚਾਰੀ ਹਨ।

ਪਿਛਲੇ ਕੁਝ ਦਿਨਾਂ ਵਿੱਚ ਨੇਪਾਲ ਦੀਆਂ ਕਈ ਏਜੰਸੀਆਂ ਤੋਂ ਜਾਣਕਾਰੀ ਸਾਹਮਣੇ ਆ ਰਹੀ ਹੈ ਅਤੇ ਅਧਿਕਾਰਿਤ ਅੰਕੜੇ ਹਮੇਸ਼ਾ ਇੱਕ-ਦੂਜੇ ਨਾਲ ਮੇਲ ਨਹੀਂ ਖਾਂਦੇ ਹਨ।

ਇਸ ਦੌਰਾਨ ਨੇਪਾਲ ਵਿੱਚ ਪ੍ਰਧਾਨ ਮੰਤਰੀ ਦਫ਼ਤਰ ਦਾ ਕਹਿਣਾ ਹੈ ਕਿ ਤ੍ਰਿਸ਼ੂਲੀ-3ਏ ਹਾਈਡ੍ਰੋਪਾਵਰ ਪ੍ਰਾਜੈਕਟ ਸਾਈਟ ‘ਤੇ ਸੁਰੰਗ ਵਿੱਚ ਬਚਾਅ ਮੁਹਿੰਮ ਤੇਜ਼ ਕਰ ਦਿੱਤੀ ਗਈ ਹੈ, ਜਿਸ ਵਿੱਚ “ਬਲਾਸਟਿੰਗ ਆਪ੍ਰੇਸ਼ਨ” ਵੀ ਸ਼ਾਮਲ ਹਨ।

ਪ੍ਰਧਾਨ ਮੰਤਰੀ ਦਫ਼ਤਰ ਵੱਲੋਂ ਐਕਸ ‘ਤੇ ਇੱਕ ਪੋਸਟ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਬਲਾਂ, ਪੁਲਿਸ ਅਤੇ ਸਿਖਲਾਈ ਪ੍ਰਾਪਤ ਕੁੱਤਿਆਂ ਨਾਲ ਬਚਾਅਕਰਮੀਆਂ ਸਮੇਤ 90 ਲੋਕਾਂ ਦੀ ਇੱਕ ਸਾਂਝੀ ਟੀਮ ਤਾਇਨਾਤ ਕੀਤੀ ਗਈ ਹੈ।

ਇਸ ਤੋਂ ਪਹਿਲਾਂ ਸੁਰੰਗ ਦੀ ਉੱਪਰੀ ਸਤ੍ਹਾ ਵਿੱਚ ਇੱਕ ਸੁਰਾਖ ਬਣਾਇਆ ਗਿਆ ਸੀ, ਜਿਸ ਰਾਹੀਂ ਬਚਾਅਕਰਮੀ ਰੱਸੀਆਂ ਦੇ ਸਹਾਰੇ ਹੇਠਾਂ ਉੱਤਰੇ।

ਪ੍ਰਧਾਨ ਮੰਤਰੀ ਦਫ਼ਤਰ ਨੇ ਦੱਸਿਆ, “ਜਦੋਂ ਉਨ੍ਹਾਂ ਨੇ ਅੰਦਰ ਮੌਜੂਦ ਲੋਕਾਂ ਨੂੰ ਆਵਾਜ਼ ਮਾਰੀ, ਤਾਂ ਉਨ੍ਹਾਂ ਨੂੰ ‘ਅੰਦਰੋਂ ਕੋਈ ਜਵਾਬ ਨਹੀਂ ਮਿਲਿਆ।”

ਭਾਰਤ ਸਮੇਤ ਹੋਰ ਦੇਸ਼ਾਂ ਦੇ ਸੈਂਕੜੇ ਨਾਗਰਿਕ ਲਾਪਤਾ

ਤ੍ਰਿਸ਼ੂਲੀ ਹਾਈਡ੍ਰੋਪਾਵਰ ਪ੍ਰਾਜੈਕਟ ਦੀ ਇੱਕ ਨੁਕਸਾਨੀ ਹੋਈ ਸੁਰੰਗ

ਤਸਵੀਰ ਸਰੋਤ, Ritesh Shukla/Getty Images

ਦੁਨੀਆ ਭਰ ਤੋਂ ਸੈਲਾਨੀ ਨੇਪਾਲ ਦੇ ਪਹਾੜਾਂ ਅਤੇ ਇਸ ਦੀ ਕੁਦਰਤੀ ਸੁੰਦਰਤਾ ਨੂੰ ਦੇਖਣ ਲਈ ਇੱਥੇ ਆਉਂਦੇ ਹਨ। ਇਸ ਦੇ ਨਾਲ ਹੀ ਵੱਡੀ ਗਿਣਤੀ ਵਿੱਚ ਸੈਲਾਨੀ ਨੇਪਾਲ ਦੇ ਧਾਰਮਿਕ ਸਥਾਨਾਂ ‘ਤੇ ਵੀ ਆਉਂਦੇ ਹਨ।

ਬੁੱਧਵਾਰ ਨੂੰ ਆਏ ਹੜ੍ਹ ਤੋਂ ਬਾਅਦ ਨੇਪਾਲ ਵਿੱਚ ਅਜੇ ਵੀ ਵੱਡੀ ਗਿਣਤੀ ਵਿੱਚ ਵਿਦੇਸ਼ੀ ਨਾਗਰਿਕ ਲਾਪਤਾ ਹਨ। ਬੀਬੀਸੀ ਨੇਪਾਲੀ ਸੇਵਾ ਮੁਤਾਬਕ, ਹੜ੍ਹ ਤੋਂ ਬਾਅਦ ਇੱਥੇ ਘੱਟੋ-ਘੱਟ 320 ਭਾਰਤੀ ਨਾਗਰਿਕ ਅਜੇ ਵੀ ਲਾਪਤਾ ਹਨ।

ਇਸ ਦੌਰਾਨ ਭਾਰਤੀ ਵਿਦੇਸ਼ ਮੰਤਰਾਲੇ ਨੇ ਰੈਸਕਿਊ ਕੀਤੇ ਗਏ 149 ਭਾਰਤੀ ਨਾਗਰਿਕਾਂ ਦੀ ਜਾਣਕਾਰੀ ਸਾਂਝੀ ਕੀਤੀ ਹੈ। ਨਾਲ ਹੀ ਦੱਸਿਆ ਹੈ ਕਿ ਇਹ ਜਾਣਕਾਰੀ 30 ਅਗਸਤ, 2026 ਨੂੰ ਸ਼ਾਮ 5:30 ਵਜੇ ਤੱਕ ਦੀ ਹੈ।

ਇਸੇ ਤਰ੍ਹਾਂ, ਚੀਨ ਦੇ ਵਿਦੇਸ਼ ਮੰਤਰਾਲੇ ਮੁਤਾਬਕ, ਨੇਪਾਲ ਵਿੱਚ ਕਰੀਬ 100 ਚੀਨੀ ਨਾਗਰਿਕ ਲਾਪਤਾ ਹਨ।

ਇਸ ਦੇ ਨਾਲ ਹੀ ਅਮਰੀਕਾ ਦੇ 90 ਲੋਕ, ਯੂਕਰੇਨ ਦੇ 62, ਮਲੇਸ਼ੀਆ ਦੇ 51, ਆਸਟ੍ਰੇਲੀਆ ਦੇ 41, ਬ੍ਰਿਟੇਨ ਦੇ 33 ਅਤੇ ਕੈਨੇਡਾ ਦੇ 30 ਲੋਕ ਹੜ੍ਹ ਤੋਂ ਬਾਅਦ ਤੋਂ ਲਾਪਤਾ ਹਨ।

ਇਨ੍ਹਾਂ ਤੋਂ ਇਲਾਵਾ ਵੀ ਦੱਖਣੀ ਕੋਰੀਆ, ਦੱਖਣੀ ਅਫ਼ਰੀਕਾ, ਪੁਰਤਗਾਲ, ਨੀਦਰਲੈਂਡਜ਼ ਅਤੇ ਨਿਊਜ਼ੀਲੈਂਡ ਤੋਂ ਆਏ ਕੁਝ ਲੋਕਾਂ ਨਾਲ ਸੰਪਰਕ ਨਹੀਂ ਹੋ ਸਕਿਆ ਹੈ।

ਬੀਬੀਸੀ ਲਈ ਕਲੈਕਟਿਵ ਨਿਊਜ਼ਰੂਮ ਵੱਲੋਂ ਪ੍ਰਕਾਸ਼ਿਤ

source : BBC PUNJABI